ਸਿਆਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਦਰ-ਘਟਾਈ: ਕਿਸੇ ਕੌਮੀ ਸਿੱਕੇ ਦੇ ਸੋਨੇ ਦੇ ਅੰਸ਼ ਨੂੰ ਸਰਕਾਰੀ ਤੌਰ ਉੱਤੇ ਘਟਾ ਦਿੱਤਾ ਜਾਣਾ ਅਤੇ ਉਹਦੀ ਖ਼ਰੀਦ ਸ਼ਕਤੀ ਵਿੱਚ ਕਟੌਤੀ ਦੇ ਨਤੀਜੇ ਵਜੋਂ ਬਦੇਸੀ ਸਿੱਕਿਆਂ ਦੇ ਸੰਬੰਧ ਵਿੱਚ ਉਹਦੀ ਵਟਾਂਦਰਾ-ਦਰ ਦਾ ਉਸੇ ਅਨੁਸਾਰ ਨੀਵੀਂ ਹੋ ਜਾਣਾ। ਇਹ ਨੋਟ-ਪਸਾਰੇ ਅਤੇ ਸਿੱਕੇ ਦੇ ਸੰਕਟ ਦੇ ਸਮਿਆਂ ਵਿੱਚ ਮਾਇਕ ਗੇੜ ਨੂੰ ਸਥਿਰ ਬਣਾਉਣ ਦੇ ਵਿਚਾਰ ਦੇ ਨਾਮ ‘ਤੇ ਕੀਤੀ ਜਾਂਦੀ ਹੈ। ਪਰ ਇਹ ਖਪਤ ਦੀਆਂ ਵਸਤਾਂ ਦੀਆਂ ਪਰਚੂਨ ਕੀਮਤਾਂ ਵਿੱਚ ਵਾਧਾ ਕਰ ਦਿੰਦੀ ਹੈ ਅਤੇ ਇਸ ਲਈ ਕਿਰਤੀ ਲੋਕਾਂ ਦੀਆਂ ਅਸਲ ਉਜਰਤਾਂ ਘਟਾ ਦਿੰਦੀ ਹੈ।

“ਕਮਿਊਨਿਸਟ ਮੈਨੀਫੈਸਟੋ”: ਵਿਗਿਆਨਕ ਕਮਿਊਨਿਜ਼ਮ ਦਾ ਪਹਿਲਾ ਪ੍ਰੋਗਰਾਮੀ ਦਸਤਾਵੇਜ਼। ਇਹ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਨੇ ਦਸੰਬਰ 1847-ਜਨਵਰੀ 1848 ਵਿੱਚ ਕਮਿਊਨਿਸਟ ਲੀਗ ਦੇ ਪ੍ਰੋਗਰਾਮ ਵਜੋਂ ਲਿਖਿਆ ਸੀ। ਇਹਨੇ ਸਰਮਾਏ ਦੀ ਹਕੂਮਤ ਨੂੰ ਇਨਕਲਾਬੀ ਢੰਗ ਨਾਲ ਉਲਟਾਏ ਜਾਣ ਦੀ, ਮਜ਼ਦੂਰ ਜਮਾਤ ਵਲੋਂ ਸਿਆਸੀ ਸੱਤ੍ਹਾ ਆਪਣੇ ਹੱਥ ਵਿੱਚ ਲੈ ਲਏ ਜਾਣ ਦੀ ਅਤੇ ਕਮਿਊਨਿਜ਼ਮ ਦੀ ਉਸਾਰੀ ਦੀ ਅਟੱਲਤਾ ਵਿਗਿਆਨਕ ਢੰਗ ਨਾਲ਼ ਸਿੱਧ ਕੀਤੀ। ਇਹਨੇ ਕਮਿਊਨਿਸਟਾਂ ਦੇ ਮਾਨਵੀ ਮੰਤਵ ਮਿਥੇ ਅਤੇ ਵਿਆਹ, ਸਦਾਚਾਰ, ਜਾਇਦਾਦ, ਦੇਸ਼ਭਗਤੀ ਆਦਿ ਦੇ ਬੁਰਜੂਆ ਸੰਕਲਪਾਂ ਦਾ ਜਮਾਤੀ ਲੱਛਣ ਦਰਸਾਇਆ। ਇਹਦੀ ਸਮਾਪਤੀ ਇਸ ਨਾਅਰੇ ਨਾਲ਼ ਕੀਤੀ : “ਸਾਰੇ ਦੇਸਾਂ ਦੇ ਮਜ਼ਦੂਰੋ, ਇਕ ਹੋ ਜਾਉ!”

ਕਮਿਊਨਿਸਟ ਲੀਗ: ਪਹਿਲੀ ਕੌਮਾਂਤਰੀ ਦੀ ਅਗਵਾਨੂੰ, ਪ੍ਰੋਲੇਤਾਰੀ ਦੀ ਪਹਿਲੀ ਕੌਮਾਂਤਰੀ ਕਮਿਊਨਿਸਟ ਜਥੇਬੰਦੀ (1847-1852), ਜੀਹਦੇ ਮੋਢੀ ਅਤੇ ਆਗੂ ਕਾਰਲ ਮਾਰਕਸ (1818-1883) ਅਤੇ ਫਰੈਡਰਿਕ ਏਂਗਲਜ਼ (1820-1895) ਸਨ।

ਕਿਸਾਨੀ: ਇਕ ਸਮਾਜਕ ਜਮਾਤ ਜੀਹਦੇ ਮੈਂਬਰ ਆਪਣੀ ਜਾਤੀ ਕਿਰਤ ਰਾਹੀਂ ਜ਼ਰਾਇਤੀ ਵਸਤਾਂ ਪੈਦਾ ਕਰਦੇ ਹਨ। ਉਹ ਨਿੱਜੀ ਮਾਲਕੀ ਵਾਲੇ ਜਾਂ ਸਹਿਕਾਰੀ (ਜਨਤਕ ਮਾਲਕੀ ਵਾਲੇ) ਪੈਦਾਵਾਰ ਦੇ ਸਾਧਨ ਵਰਤਦੇ ਹਨ। ਕਿਸਾਨੀ ਆਦਿਕਾਲੀ ਕਮਿਊਨ ਪ੍ਰਣਾਲੀ ਦੀ ਖੈ ਸਮੇਂ ਇੱਕ ਸਮਾਜਕ ਜਮਾਤ ਵਜੋਂ ਹੋਂਦ ਵਿੱਚ ਆਈ ਸੀ ਅਤੇ ਕਮਿਊਨਿਜ਼ਮ ਦੀ ਉਸਾਰੀ ਤੱਕ ਕਾਇਮ ਰਹੇਗੀ, ਜਦੋਂ ਸਨਅਤੀ ਤੇ ਜ਼ਰਾਇਤੀ ਕਿਰਤ ਵਿਚਕਾਰਲੇ ਫ਼ਰਕ ਸਮਾਜਕ ਪੈਦਾਵਾਰ ਦੀ ਜਥੇਬੰਦੀ ਦੇ ਉੱਚੇ ਪੱਧਰ ਕਾਰਨ ਅਲੋਪ ਹੋ ਜਾਣਗੇ। ਸਰਮਾਏਦਾਰੀ ਅਧੀਨ ਕਿਸਾਨਾਂ ਦੇ ਤਿੰਨ ਗਰੁੱਪ ਨਿਖੇੜ ਕੇ ਦੇਖੇ ਜਾ ਸਕਦੇ ਹਨ: ਪ੍ਰੋਲੇਤਾਰੀ ਅਤੇ ਅਰਧ-ਪ੍ਰੋਲੇਤਾਰੀ ਕਿਸਾਨ (ਖੇਤ ਮਜ਼ਦੂਰ ਅਤੇ ਗਰੀਬ ਕਿਸਾਨ ਜਿਨ੍ਹਾਂ ਨੂੰ ਸਰਮਾਏਦਾਰੀ ਅਤੇ ਵੱਡੇ ਜ਼ਮੀਨ-ਮਾਲਕ ਲੁੱਟਦੇ ਹਨ), ਦਰਮਿਆਨੇ ਕਿਸਾਨ ਅਤੇ ਪੇਂਡੂ ਬੁਰਜੂਆਜ਼ੀ। ਕਿਰਤੀ ਲੋਕਾਂ ਵਜੋਂ ਕਿਸਾਨ ਇਜਾਰੇਦਾਰੀ ਦੇ ਗਲਬੇ ਵਿਰੁੱਧ ਅਤੇ ਸਮਾਜਵਾਦ ਲਈ ਉਹਦੇ ਸੰਗਰਾਮ ਵਿੱਚ ਮਜ਼ਦੂਰ ਜਮਾਤ ਦੇ ਸਭ ਤੋਂ ਨੇੜਲੇ ਇਤਿਹਾਦੀ ਹੁੰਦੇ ਹਨ। ਬਸਤੀਆਂ ਵਿੱਚ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕਿਸਾਨੀ ਕੌਮੀ ਮੁਕਤੀ ਲਹਿਰ ਦੀ ਗਿਣਤੀ ਦੇ ਪੱਖੋਂ ਸਭ ਤੋਂ ਤਕੜੀ ਚਾਲਕ ਸ਼ਕਤੀ ਹੁੰਦੀ ਸੀ।

ਸਮਾਜਵਾਦ-ਅਧੀਨ ਕਿਸਾਨ ਵਿਅਕਤੀਗਤ ਜਿਣਸੀ ਪੈਦਾਕਾਰ ਤੋਂ ਸਾਂਝੇ ਤੌਰ ‘ਤੇ ਚਲਾਏ ਜਾਂਦੇ, ਜਨਤਕ ਮਾਲਕੀ ਵਾਲ਼ੇ ਜ਼ਰਾਇਤੀ ਅਦਾਰੇ ਦਾ ਮੈਂਬਰ ਬਣ ਜਾਂਦਾ ਹੈ, ਜਿੱਥੇ ਮਸ਼ੀਨਾਂ, ਬਿਜਲੀ ਅਤੇ ਰਸਾਇਣਾਂ ਦੀ ਵਿਸ਼ਾਲ ਵਰਤੋਂ ਕੀਤੀ ਜਾਂਦੀ ਹੈ;  ਕਿਸਾਨੀ ਕੰਮ ਦੀਆਂ ਤੇ ਜੀਵਨ ਦੀਆਂ ਹਾਲਤਾਂ ਦੇ ਪੱਖੋਂ ਮਜ਼ਦੂਰ ਜਮਾਤ ਦੇ ਵਧੇਰੇ ਤੋਂ ਵਧੇਰੇ ਨੇੜੇ ਹੁੰਦੀ ਜਾਂਦੀ ਹੈ ਅਤੇ ਅੰਤ ਨੂੰ ਉਹ ਮਜ਼ਦੂਰਾਂ ਤੇ ਬੁੱਧੀਜੀਵੀਆਂ ਸਮੇਤ ਕਮਿਊਨਿਸਟ ਸਮਾਜ ਦੇ ਕਿਰਤੀ ਲੋਕਾਂ ਦੇ ਇੱਕ ਹੀ ਭਾਈਚਾਰੇ ਵਿੱਚ ਇਕਮਿਕ ਹੋ ਜਾਵੇਗੀ।

ਕਿਰਤ ਅਮੀਰਸ਼ਾਹੀ: ਮਜ਼ਦੂਰ ਜਮਾਤ ਦੀ ਉਹ ਸਿਖ਼ਰਲੀ ਪਰਤ, ਜੀਹਨੂੰ ਬੁਰਜੁਆਜ਼ੀ ਵਲੋਂ ਮਜ਼ਦੂਰਾਂ ਨੂੰ ਪਾੜੇ ਜਾਣ ਅਤੇ ਉਹਨਾਂ ਵਿੱਚ ਬੁਰਜੂਆ ਪ੍ਰਭਾਵ ਫੈਲਾਏ ਜਾਣ ਦੇ ਮੰਤਵ ਨਾਲ਼ ਇਜਾਰੇਦਾਰ ਮਹਾਂ-ਮੁਨਾਫ਼ਿਆਂ ਦੇ ਇੱਕ ਹਿੱਸੇ ਦੀ ਬੁਰਕੀ ਸੁੱਟ ਦਿੱਤੀ ਜਾਂਦੀ ਹੈ। ਅੱਜ ਵਿਕਸਤ ਸਰਮਾਏਦਾਰਾ ਦੇਸ਼ਾਂ ਵਿੱਚ ਅਤਿਅੰਤ ਹੁਨਰਮੰਦ ਮਜ਼ਦੂਰਾਂ ਦੇ ਕਾਫ਼ੀ ਵੱਡੇ ਹਿੱਸੇ ਇਜਾਰੇਦਾਰੀਆਂ ਵਿਰੁੱਧ ਸੰਗਰਾਮ ਵਿੱਚ ਸਰਗਰਮ ਹਿੱਸਾ ਲੈਦੇ ਹਨ।

ਕੁਦਰਤੀ ਆਰਥਕਤਾ: ਗੁਜ਼ਾਰੇ-ਜੋਗੀ ਆਰਥਕਤਾ, ਜੀਹਦੇ ਵਿੱਚ ਪੈਦਾਵਾਰ ਵਿਕਰੀ ਲਈ ਨਹੀਂ ਹੁੰਦੀ, ਸਗੋਂ ਕੇਵਲ ਵਿਅਕਤੀ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਹੁੰਦੀ ਹੈ।

ਕੂ ਕਲਕਸ ਕਲਾਂ: ਅਮਰੀਕਾ ਦੀ ਇੱਕ ਨਸਲਵਾਦੀ ਦਹਿਸ਼ਤਵਾਦੀ ਜਥੇਬੰਦੀ। ਇਹ 1865 ਵਿੱਚ ਕਾਇਮ ਕੀਤੀ ਗਈ ਸੀ ਅਤੇ ਮੁੱਢਲੇ 1870ਵਿਆਂ ਵਿੱਚ ਇਸ ‘ਤੇ ਸਰਕਾਰੀ ਤੌਰ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਤਾਂ ਵੀ ਇਹ ਕਾਲ਼ੀ ਵਸੋਂ ਨੂੰ ਦਹਿਸ਼ਤ ਦਾ ਨਿਸ਼ਾਨਾ ਬਣਾਉਂਦੀ ਰਹਿੰਦੀ ਹੈ।

ਕੇਂਦਰੀ ਸੂਹੀਆ ਏਜੰਸੀ (ਸੀ ਆਈ ਏ): ਦੇਸ਼ ਅੰਦਰ ਅਤੇ ਬਦੇਸ਼ਾਂ ਅੰਦਰ ਸਿਆਸੀ, ਆਰਥਕ ਅਤੇ ਫੌਜੀ ਸੂਚਨਾ ਇਕੱਤਰ ਕਰਨ ਦਾ ਕੰਮ ਜਥੇਬੰਦ ਕਰਨ ਲਈ ਅਮਰੀਕਾ ਵਿੱਚ 1947 ਵਿੱਚ ਕਾਇਮ ਕੀਤੀ ਗਈ ਇੱਕ ਸਿਆਸੀ ਸੰਸਥਾ। ਸੀ ਆਈ ਏ ਦੂਜੇ ਦੇਸ਼ਾਂ ਅੰਦਰ ਪਿਛੇਖਿੱਚੂ ਸਿਆਸੀ ਸਾਜ਼ਿਸ਼ਾਂ ਤੇ ਰਾਜ-ਪਲਟਿਆਂ ਦੀ ਜਥੇਬੰਦੀ ਵਿੱਚ ਅਤੇ ਇਜਾਰੇਦਾਰ ਸਰਮਾਇਆ ਦੇ ਹਿੱਤਾਂ ਦੀ ਸੇਵਾ ਕਰਨ ਵਾਲ਼ੀਆਂ ਪਿੱਛੇਖਿੱਚੂ ਸਿਆਸੀ ਹਕੂਮਤਾਂ ਸਥਾਪਤ ਕੀਤੇ ਜਾਣ ਵਿੱਚ ਸਰਗਰਮੀ ਨਾਲ਼ ਹਿੱਸਾ ਲੈਂਦੀ ਹੈ।

ਕੌਮ: ਜਗੀਰੂ ਫੁੱਟ ਉੱਤੇ ਕਾਬੂ ਪਾਏ ਜਾਣ ਅਤੇ ਸਰਮਾਏਦਾਰੀ ਸਬੰਧ ਵਿਕਸਤ ਕੀਤੇ ਜਾਣ ਦੇ ਦੌਰ ਵਿੱਚ ਪੈਦਾ ਹੋਇਆ ਲੋਕਾਂ ਦਾ ਇੱਕ ਇਤਿਹਾਸਕ ਤੌਰ ਉੱਤੇ ਬਣਿਆ ਭਾਈਚਾਰਾ। ਕੌਮ ਦੀ ਵਿਸ਼ੇਸ਼ਤਾ ਇਲਾਕੇ ਦੀ, ਆਰਥਕ ਜੀਵਨ ਦੀ, ਭਾਸ਼ਾ ਦੀ ਅਤੇ ਕੌਮੀ ਲੱਛਣ ਤੇ ਸੱਭਿਆਚਾਰ ਦੇ ਕੁਝ ਗੁਣਾਂ ਦੀ ਸਾਂਝ ਹੁੰਦੀ ਹੈ। ਪਰ ਅਜਿਹੀ ਸਾਂਝ ਜਮਾਤੀ ਵਿਰੋਧਤਾਈਆਂ ਦਾ ਅਤੇ ਕੌਮ ਦੇ ਅੰਦਰ ਸੰਗਰਾਮ ਦਾ ਅੰਤ ਨਹੀਂ ਕਰ ਦਿੰਦੀ।

ਕੌਮਵਾਦ: ਬੁਰਜੂਆ ਤੇ ਨਿੱਕ-ਬੁਰਜੂਆ ਵਿਚਾਰਧਾਰਾ ਅਤੇ ਕੌਮੀ ਸਵਾਲ ਦੇ ਸੰਬੰਧ ਵਿੱਚ ਨੀਤੀ। ਕੌਮਵਾਦ ਕੌਮ ਨੂੰ ਇਤਿਹਾਸ ਤੋਂ ਬਾਹਰ ਮੌਜੂਦ ਤੇ ਜਮਾਤਾਂ ਤੋਂ ਉੱਚੀ ਉੱਠੀ ਹੋਈ ਸਮਾਜਕ ਭਾਈਚਾਰੇ ਦੀ ਪ੍ਰਮੁੱਖ ਸ਼ਕਲ ਵਜੋਂ, ਮਿਲਦੇ-ਜੁਲਦੇ ਬੁਨਿਆਦੀ ਹਿੱਤਾਂ ਵਾਲੀ, ਜੋ ਉਸ ਵਿੱਚ ਸ਼ਾਮਲ ਸਾਰੀਆਂ ਸਮਾਜਕ ਪਰਤਾਂ ਦੇ ਸਾਂਝੇ ਹੋਣ, ਇੱਕ ਇਕਜਿੰਦ ਹੋਂਦ ਵਜੋਂ ਸਮਝਦਾ ਹੈ। ਪ੍ਰਮੁੱਖਤਾ ਤੇ ਅਦੁੱਤੀਪੁਣੇ ਦੇ ਵਿਚਾਰ ਹੁੰਦੇ ਹਨ, ਜਿਨ੍ਹਾ ਦਾ ਵਡੇਰਾ ਜਾਂ ਛੁਟੇਰਾ ਵਿਕਾਸ ਇਤਿਹਾਸਕ ਹਾਲਤਾਂ ਉੱਤੇ ਅਤੇ ਸਬੰਧਿਤ ਕੌਮ ਦੇ ਦੂਜੀਆਂ ਕੌਮਾਂ ਨਾਲ਼ ਸਬੰਧਾਂ ਉੱਤੇ ਨਿਰਭਰ ਕਰਦਾ ਹੈ। ਕੌਮਵਾਦ ਨੂੰ ਅਕਸਰ ਹੀ ਪਿੱਛੇਖਿੱਚੂ ਹਲਕਿਆਂ ਵੱਲੋਂ ਕਿਰਤੀ ਲੋਕਾਂ ਦੀ ਜਮਾਤੀ ਚੇਤਨਾ ਨੂੰ ਮੱਠਾ ਪਾਉਣ ਲਈ ਵਰਤਿਆ ਜਾਂਦਾ ਹੈ। ਕੌਮੀ ਅਣਬਣ ਆਪਣੇ ਜਮਾਤੀ ਹਿੱਤਾਂ ਲਈ ਉਹਨਾਂ ਦੇ ਸੰਗਰਾਮ ਨੂੰ ਪਤਲਾ ਪਾਉਂਦੀ ਹੈ। ਪਰ ਕੌਮੀ ਮੁਕਤੀ ਲਹਿਰ ਦੇ ਇੱਕ ਵਿਸ਼ੇਸ਼ ਪੜਾਅ ਮੌਕੇ ਮਜ਼ਲੂਮ ਕੌਮ ਦੇ ਕੌਮਵਾਦ ਨੇ ਕੌਮੀ ਸੁਰਜੀਤੀ ਦੇ ਇੱਕ ਪ੍ਰੋਗਰਾਮ ਵਜੋਂ, ਸਾਮਰਾਜਵਾਦ ਵਿਰੁੱਧ ਅਤੇ ਸਿਆਸੀ ਤੇ ਆਰਥਕ ਅਜ਼ਾਦੀ ਲਈ ਸੰਗਰਾਮ ਦੇ ਇੱਕ ਪਰਚਮ ਵਜੋਂ ਕੰਮ ਦਿੱਤਾ।  

ਕੌਮੀ ਆਮਦਨ ਪਦਾਰਥਕ ਪੈਦਾਵਾਰ ਦੀਆਂ ਸ਼ਾਖਾਵਾਂ ਵਲੋਂ ਇੱਕ ਸਾਲ ਵਿੱਚ ਵਧਾਈ ਗਈ ਕਦਰ ਜਾਂ ਸਲਾਨਾ ਕੁੱਲ ਸਮਾਜਕ ਪੈਦਾਵਾਰ ਦਾ ਉਹ ਹਿੱਸਾ ਜੋ ਖ਼ਰਚ ਹੋਏ ਪੈਦਾਵਾਰ ਦੇ ਸਾਧਨਾਂ ਦੀ ਪੂਰਤੀ ਮਗਰੋਂ ਬਚ ਰਹਿੰਦਾ ਹੈ।

ਕੌਮੀਕਰਨ: ਜ਼ਮੀਨ, ਸਨਅਤ, ਟਰਾਂਸਪੋਰਟ, ਬੈਂਕਿੰਗ ਆਦਿ ਨੂੰ ਨਿੱਜੀ ਮਾਲਕੀ ਵਿੱਚੋਂ ਲੈ ਕੇ ਜਨਤਕ (ਰਾਜਕੀ) ਮਾਲਕੀ ਵਿੱਚ ਦੇ ਦੇਣਾ। ਕੌਮੀਕਰਨ ਦਾ ਉਸ ਜਮਾਤ ਦੀ, ਜੀਹਦੇ ਹਿੱਤ ਦੀ ਇਹ ਸੇਵਾ ਕਰਦਾ ਹੈ, ਪਛਾਣ ਉੱਤੇ ਅਤੇ ਉਸ ਇਤਿਹਾਸਕ ਜੁੱਗ, ਜੀਹਦੇ ਵਿੱਚ ਇਹ ਕੀਤਾ ਜਾਂਦਾ ਹੈ, ਉੱਤੇ ਨਿਰਭਰ ਕਰਦਿਆਂ ਵੱਖਰਾ-ਵੱਖਰਾ ਸਮਾਜਕ, ਆਰਥਕ ਅਤੇ ਸਿਆਸੀ ਤੱਤ ਹੁੰਦਾ ਹੈ।

ਸਮਾਜਵਾਦੀ ਕੌਮੀਕਰਨ ਸਮਾਜਵਾਦੀ ਰਾਜ ਵਲੋਂ ਨਿੱਜੀ ਮਾਲਕੀ ਵਾਲ਼ੀਆਂ ਜ਼ਮੀਨਾਂ, ਫ਼ੈਕਟਰੀਆਂ, ਖਾਣਾਂ, ਬੈਂਕਾਂ, ਟਰਾਂਸਪੋਰਟ ਤੇ ਸੰਚਾਰ ਦੇ ਸਾਧਨਾਂ ਅਤੇ ਹੋਰ ਪੈਦਾਵਾਰ ਦੇ ਸਾਧਨਾਂ ਨੂੰ ਲੈ ਲਏ ਜਾਣਾ ਅਤੇ ਉਹਨਾਂ ਨੂੰ ਰਾਜਕੀ, ਜਨਤਕ ਜਾਇਦਾਦ ਵਿੱਚ ਪਲਟ ਦੇਣਾ ਹੁੰਦਾ ਹੈ, ਜਿਸ ਨਾਲ਼ ਕਿਰਤੀ ਲੋਕਾਂ ਦੀ ਲੁੱਟਚੋਂਘ ਦੀ ਸੰਭਾਵਨਾ ਰੱਦ ਹੋ ਜਾਂਦੀ ਹੈ।

ਸਰਮਾਏਦਾਰੀ ਕੌਮੀਕਰਨ, ਨੇਮ ਵਜੋਂ, ਨਿੱਜੀ ਮਾਲਕੀ ਵਾਲੇ ਅਦਾਰਿਆਂ ਦੇ ਇੱਕ ਹਿੱਸੇ ਨੂੰ ਰਾਜ ਦੇ ਪੱਖ ਵਿੱਚ ਅਤੇ ਮੁਆਵਜ਼ੇ ਦੀ ਅਦਾਇਗੀ ਨਾਲ਼ ਲੈ ਲਏ ਜਾਣਾ ਹੁੰਦਾ ਹੈ। ਇਸ ਸੂਰਤ ਵਿੱਚ ਸਰਮਾਏਦਾਰਾਂ ਵੱਲੋਂ ਕਿਰਤੀਆਂ ਦੀ ਲੁੱਟਚੋਂਘ ਦਾ ਸਥਾਨ ਸਰਮਾਏਦਾਰੀ ਰਾਜ ਵੱਲੋਂ ਉਹਨਾਂ ਦੀ ਲੁੱਟਚੋਂਘ ਲੈ ਲੈਂਦੀ ਹੈ।

ਕੌਮੀ ਮੁਕਤੀ ਇਨਕਲਾਬ: ਕੌਮੀ ਮੁਕਤੀ ਲਹਿਰ ਵਿੱਚੋਂ ਪੈਦਾ ਹੋਣ ਵਾਲ਼ਾ ਇਨਕਲਾਬ। ਇਹਦਾ ਮੰਤਵ ਬਦੇਸ਼ੀ ਗਲਬੇ ਨੂੰ ਤਬਾਹ ਕਰਨਾ ਅਤੇ ਕੌਮੀ ਅਜ਼ਾਦੀ ਜਿੱਤਣਾ, ਕੌਮੀ ਬਸਤੀਵਾਦੀ ਜ਼ਬਰ ਅਤੇ ਲੁੱਟਚੋਂਘ ਦਾ ਅੰਤ ਕਰਨਾ, ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਨੂੰ ਲਾਗੂ ਕਰਨਾ ਅਤੇ ਕੌਮੀ ਰਾਜ ਦੀ ਸਥਾਪਨਾ ਕਰਨਾ ਹੁੰਦਾ ਹੈ।

ਕੌਮੀ ਰਾਜਾਂ ਦੀ ਕਾਇਮੀ ਨਾਲ਼ ਕੌਮੀ ਮੁਕਤੀ ਇਨਕਲਾਬ ਇੱਕ ਨਵੇਂ ਪੜਾਅ ਵਿੱਚ, ਆਰਥਕ ਅਜ਼ਾਦੀ ਲਈ ਸੰਗਰਾਮ ਦੇ ਪੜਾਅ ਵਿੱਚ ਦਾਖਲ ਹੋ ਜਾਂਦਾ ਹੈ।

ਕੌਮਾਂਤਰੀ: ਮਜ਼ਦੂਰ ਜਮਾਤ ਦੀ ਇੱਕ ਕੌਮਾਂਤਰੀ ਸਭਾ। ਇਹਦੀਆਂ ਉਦਾਹਰਣਾਂ ਹਨ, ਪਹਿਲੀ ਕੌਮਾਂਤਰੀ (ਕੌਮਾਂਤਰੀ ਮਜ਼ਦੂਰ ਸਭਾ, (1864-1876), ਦੂਸਰੀ ਕੌਮਾਂਤਰੀ (1889-1914), ਜੀਹਨੇ ਸੋਸ਼ਲਿਸਟ ਪਾਰਟੀਆਂ ਨੂੰ ਇੱਕਮੁੱਠ ਕੀਤਾ, ਅਤੇ ਤੀਜੀ (ਕਮਿਊਨਿਸਟ) ਕੌਮਾਂਤਰੀ (1919-1943), ਜੀਹਨੇ ਕਮਿਊਨਿਸਟ ਪਾਰਟੀਆਂ ਨੂੰ ਇਕਮੁੱਠ ਕੀਤਾ।

ਕੌਮਾਂ ਦਾ ਸਵੈ-ਨਿਰਣੇ ਦਾ ਅਧਿਕਾਰ: ਲੈਨਿਨਵਾਦੀ ਕੌਮੀ ਮੁਕਤੀ ਦਾ ਇੱਕ ਅਸੂਲ ਜੋ ਸਾਰੀਆਂ ਕੌਮਾਂ ਦੀ ਪ੍ਰਭੂਤਾ ਅਤੇ ਬਰਾਬਰੀ ਦੀ ਮਾਨਤਾ ਉੱਤੇ ਅਧਾਰਤ ਹੈ। ਇਸ ਅਨੁਸਾਰ ਕੌਮਾਂ ਆਪਣੇ ਰਾਜਤਵ ਦਾ ਸਵਾਲ ਅਜ਼ਾਦ ਤੌਰ ਉੱਤੇ ਨਜਿੱਠਦੀਆਂ ਹਨ। ਕੌਮਾਂ ਨੂੰ ਸਵੈ-ਸਰਕਾਰ ਦਾ, ਦੂਜੀਆਂ ਕੌਮਾਂ ਦੀ ਫ਼ੈਡਰੇਸ਼ਨ ਵਿੱਚ ਸ਼ਾਮਲ ਹੋ ਜਾਣ ਦਾ ਜਾਂ ਉਸ ਨਾਲੋਂ ਵੱਖ ਹੋ ਜਾਣ ਦਾ, ਆਪਣਾ ਹੀ ਕੌਮੀ ਰਾਜ ਬਣਾ ਲੈਣ ਦਾ ਅਧਿਕਾਰ ਹੁੰਦਾ ਹੈ। ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਕੌਮਾਂ ਦੇ ਸਵੈ-ਨਿਰਣੇ ਦਾ ਅਧਿਕਾਰ ਘਰੇਲੂ ਰਾਜਕੀ ਸੰਬੰਧਾਂ ਦਾ ਇੱਕ ਸੰਵਿਧਾਨਕ ਨੇਮ ਅਤੇ ਸੋਵੀਅਤ ਰਾਜ ਦੀ ਬਦੇਸ਼ ਨੀਤੀ ਦਾ ਇੱਕ ਅਸੂਲ ਸੀ।

ਕੰਮ ਦਾ ਅਧਿਕਾਰ: ਉਹ ਅਧਿਕਾਰ ਜੋ ਸਮਾਜਵਾਦੀ ਰਾਜ ਆਪਣੇ ਨਾਗਰਿਕਾਂ ਨੂੰ ਰੁਜ਼ਗਾਰ ਦੀ ਅਤੇ ਅਦਾਇਗੀ ਦੀ ਪ੍ਰਾਪਤੀ ਸੰਬੰਧੀ ਦਿੰਦਾ ਹੈ। ਇਹ ਅਦਾਇਗੀ ਕੀਤੇ ਗਏ ਕੰਮ ਦੀ ਮਾਤਰਾ ਤੇ ਗੁਣਤਾ ਅਨੁਸਾਰ ਹੁੰਦੀ ਹੈ, ਪਰ ਸਰਕਾਰ ਵਲੋਂ ਸਥਾਪਤ ਕੀਤੀ ਗਈ ਘੱਟ-ਤੋਂ-ਘੱਟ ਮਾਤਰਾ ਨਾਲ਼ੋਂਂ ਘੱਟ ਨਹੀਂ ਹੁੰਦੀ। ਇਸ ਅਧਿਕਾਰ ਵਿੱਚ ਆਪਣਾ ਪੇਸ਼ਾ ਜਾਂ ਧੰਦਾ, ਆਪਣੀਆਂ ਰੁਚੀਆਂ, ਯੋਗਤਾਵਾਂ, ਸਿਖਲਾਈ ਤੇ ਵਿੱਦਿਆ ਅਨੁਸਾਰ, ਸਮਾਜ ਦੀਆਂ ਲੋੜਾਂ ਨੂੰ ਵਾਜਬ ਧਿਆਨ ਵਿੱਚ ਰੱਖਦਿਆਂ, ਕਿੱਤੇ ਜਾਂ ਕੰਮ ਦੀ ਕਿਸਮ ਚੁਣਨ ਦਾ ਅਧਿਕਾਰ ਸ਼ਾਮਲ ਹੈ।

ਸੋਵੀਅਤ ਯੂਨੀਅਨ ਵਿਚ, ਕੌਮੀ ਆਰਥਕਤਾ ਦੀ ਸਮਾਜਵਾਦੀ ਜਥੇਬੰਦੀ ਦੇ, ਪੈਦਾਵਾਰੀ ਸ਼ਕਤੀਆਂ ਦੇ ਲਗਾਤਾਰ ਵਾਧੇ ਦੇ ਅਤੇ ਆਰਥਕ ਸੰਕਟਾਂ ਦੇ ਖਾਤਮੇਂ ਦੇ ਨਤੀਜੇ ਵਜੋਂ ਬੇਰੁਜ਼ਗਾਰੀ 1930 ਦੇ ਅੰਤ ਤੱਕ ਸਦਾ ਵਾਸਤੇ ਖ਼ਤਮ ਕਰ ਦਿੱਤੀ ਗਈ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 50, 16 ਮਾਰਚ 2016 ਵਿਚ ਪਰ੍ਕਾਸ਼ਤ

Advertisements