ਸਿਆਸੀ ਸ਼ਬਦਾਵਲੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਕ ਅਤੇ ਆਰਥਕ ਬਣਤਰ: ਪੈਦਾਵਾਰ ਦੀ ਇਕ ਨਿਸ਼ਚਿਤ ਵਿਧੀ ਉੱਤੇ ਆ ਆਧਾਰਤ ਸਮਾਜ ਦੇ ਅਗਾਂਵਧੂ ਵਿਕਾਸ ਵਿਚ ਇਕ ਪੜਾਅ, ਜੋ ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰ ਦੇ ਸੰਬੰਧਾਂ ਦੀ ਏਕਤਾ ਪੇਸ਼ ਕਰਦਾ ਹੈ। ਇਤਿਹਾਸ ਵਿਚ ਇਹ ਸਮਾਜਕ-ਆਰਥਕ ਬਣਤਰਾਂ ਲੜੀਵਾਰ ਆਈਆਂ ਹਨ : ਆਦਿਕਾਲੀ -ਕਮਿਊਨੀ ਪ੍ਰਣਾਲੀ, ਗੁਲਾਮ-ਮਾਲਕ ਪ੍ਰਣਾਲੀ, ਜਗੀਰਦਾਰੀ, ਸਰਮਾਏਦਾਰੀ ਅਤੇ ਕਮਿਊਨਿਜ਼ਮ। ਹਰੇਕ ਸਮਾਜਕ-ਆਰਥਕ ਬਣਤਰ ਦਾ ਆਪਣਾ ਹੀ ਰਾਜਨੀਤਕ ਅਤੇ ਵਿਚਾਰਧਾਰਕ ਉਸਾਰ (ਵਿਚਾਰਾਂ, ਜਥੇਬੰਦੀਆਂ ਅਤੇ ਸੰਸਥਾਵਾਂਦੇ ਰੂਪ ਵਿਚ) ਹੁੰਦਾ ਹੈ। ਸਮਾਜਕ-ਆਰਥਕ ਬਣਤਰ ਦਾ ਸੰਕਲਪ, ਜੋ ਪਹਿਲਾਂ-ਪਹਿਲ ਮਾਰਕਸਵਾਦ ਨੇ ਨਿਤਾਰਿਆ ਸੀ, ਇਹ ਗੱਲ ਸੰਭਵ ਬਣਾਉਂਦਾ ਹੈ ਕਿ ਉਹਦੇ ਵਿਕਾਸ ਦੇ ਹਰੇਕ ਪੜਾਅ ਵਿਖੇ ਮਨੁੱਖੀ ਹੋਂਦ ਵਜੋਂ ਘੋਖਿਆ ਜਾਵੇ।

ਸਮਾਜਕ ਹੋਂਦ ਤੇ ਸਮਾਜਕ ਚੇਤਨਾ : ਸਮਾਜ ਦੇ ਜੀਵਨ ਦੇ ਪਦਾਰਥਕ ਅਤੇ ਆਤਮਕ ਪੱਖਾਂ ਦੀ ਵਿਆਖਿਆ ਕਰਨ ਵਾਲੇ ਦਾਰਸ਼ਨਿਕ ਸੰਕਲਪ। ਸਮਾਜਕ ਹੋਂਦ ਪਦਾਰਥਕ ਦੌਲਤ ਦੀ ਅਤੇ ਉਹਨਾਂ ਸੰਬੰਧਾਂ ਦੀ ਪੈਦਾਵਾਰ ਹੁੰਦੀ ਹੈ, ਜਿਨ੍ਹਾਂ ਵਿਚ ਲੋਕ ਅਜਿਹੀ ਪੈਦਾਵਾਰ ਦੌਰਾਨ ਪੈਂਦੇ ਹਨ। ਸਮਾਜਕ ਚੇਤਨਾ ਰਾਜਨੀਤਕ, ਕਨੂੰਨੀ ਤੇ ਸੁਹਜਾਤਮਕ ਵਿਚਾਰ ਤੇ ਖ਼ਿਆਲ ਅਤੇ ਸਦਾਚਾਰ, ਮਜ਼ਹਬ ਆਦਿ ਆਦਿ ਹੁੰਦੀ। ਸਮਾਜਕ ਹੋਂਦ ਸਮਾਜਕ ਚੇਤਨਾ ਦਾ ਨਿਰਣਾ ਕਰਦੀ ਹੈ, ਪਰ ਸਮਾਜਕ ਚੇਤਨਾ ਵੀ ਸਮਾਜ ਦੇ ਇਤਿਹਾਸਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਸਮਾਜਕ ਜਮਾਤਾਂ : ”ਲੋਕਾਂ ਦੇ ਵੱਡੇ ਵੱਡੇ ਗਰੁੱਪ,ਜੋ ਇਕ ਦੂਜੇ ਤੋਂ ਉਸ ਸਥਾਨ ਸਦਕਾ ਜਿਹੜਾ ਉਹਨਾਂ ਨੂੰ ਸਮਾਜਕ ਪੈਦਾਵਾਰ ਦੀ ਇਤਿਹਾਸ ਵੱਲੋਂ ਮਿਥੀ ਗਈ ਪ੍ਰਣਾਲੀ ਵਿੱਚ ਪ੍ਰਾਪਤ ਹੁੰਦਾ ਹੈ, ਪੈਦਾਵਾਰ ਦੇ ਸਾਧਨਾਂ ਨਾਲ (ਬਹੁਤੀਆਂ ਸੂਰਤਾਂ ਵਿਚ ਬੱਝਵੇਂ ਅਤੇ ਕਨੂੰਨ ਵਿਚ ਦਰਜ ਹੈ) ਆਪਣੇ ਸੰਬੰਧਾਂ ਸਦਕਾ, ਕਿਰਤ ਦੀ ਸਮਾਜਕ ਜਥੇਬੰਦੀ ਵਿਚ ਆਪਣੀ ਭੂਮਿਕਾ ਅਤੇ ਨਤੀਜੇ ਵਜੋਂ ਸਮਾਜਕ ਦੌਲਤ ਦੇ ਉਸ ਹਿੱਸੇ ਦੇ, ਜੀਹਨੂੰ ਉਹ ਵਰਤਦੇ ਹਨ, ਆਕਾਰ ਤੇ ਉਹਦੀ ਪ੍ਰਾਪਤੀ ਦੀ ਵਿਧੀ ਸਦਕਾ ਵੱਖਰੇ ਹੁੰਦੇ ਹਨ। ਜਮਾਤਾਂ ਲੋਕਾਂ ਦੇ ਉਹ ਗਰੁੱਪ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਇਕ ਉਹਨਾਂ ਵੱਖ ਵੱਖ ਸਥਾਨਾਂ ਕਾਰਨ, ਜੋ ਉਹਨਾਂ ਨੂੰ ਸਮਾਜਕ ਆਰਥਕਤਾ ਦੀ ਕਿਸੇ ਨਿਸ਼ਚਿਤ ਪ੍ਰਣਾਲੀ ਵਿਚ ਪ੍ਰਾਪਤ ਹੁੰਦੇ ਹਨ, ਦੂਜੇ ਦੀ ਕਿਰਤ ਨੂੰ ਹਥਿਆ ਸਕਦਾ ਹੈ” (ਵਲਾਦੀਮੀਰ ਲੈਨਿਨ, ਸਮੁਚੀਆਂ ਲਿਖਤਾਂ, ਅੰਗਰੇਜ਼ੀ ਛਾਪ, ਸੈਂਚੀ 29, ਪੰਨਾ 421)। ਪਰਿਭਾਸ਼ਾ ਲੈਨਿਨ ਨੇ ਵੈਰ ਭਾਵੀ ਸਮਾਜ ਵਿਚਲੀਆਂ ਜਮਾਤਾਂ ਦੇ ਸੰਬੰਧ ਵਿਚ ਦਿੱਤੀ ਸੀ। ਅਜਿਹੀਆਂ ਜਮਾਤਾਂ ਵਿਚਕਾਰਲੇ ਸੰਬੰਧ ਅਟੱਲ ਤੌਰ ਉੱਤੇ ਜਮਾਤੀ ਸੰਗਰਾਮ ਵੱਲ ਲੈ ਜਾਂਦੇ ਹਨ। ਸਰਮਾਏਦਾਰਾ ਸਮਾਜ ਦੀਆਂ ਮੁੱਖ ਜਮਾਤਾਂ ਸਰਮਾਏਦਾਰ (ਪੈਦਾਵਾਰ ਦੇ ਸਾਧਨਾਂ ਦੇ ਮਾਲਕ) ਅਤੇ ਪ੍ਰੋਲੇਤਾਰੀ (ਪੈਦਾਵਾਰ ਦੇ ਸਾਧਨਾਂ ਤੋਂ ਵਿਰਵੀ ਰੱਖੀ ਗਈ ਤੇ ਸਰਮਾਏਦਾਰਾਂ ਵੱਲੋਂ ਲੁੱਟੀ ਜਾਂਦੀ ਮਜ਼ਦੂਰ ਜਮਾਤ) ਹੁੰਦੀਆਂ ਹਨ। ਬਹੁਤੇ ਸਰਮਾਏਦਾਰ ਦੇਸ਼ਾਂ ਵਿਚ ਨਿਕਬੁਰਜੂਆਜ਼ੀ ਦੀਆਂ ਅਨੇਕ ਪਰਤਾਂ (ਕਿਸਾਨ, ਦਸਤਕਾਰ ਆਦਿ) ਅਤੇ ਕੁਝ ਸਰਮਾਏਦਾਰ ਦੇਸ਼ਾਂ ਵਿੱਚ ਜ਼ਮੀਨੀ ਮਿਲਖਾਂ ਦੇ ਮਾਲਕ, ਜੋ ਬੁਰਜੂਆਜ਼ੀ ਨਾਲ ਵਡੇਰੀ ਹੀ ਵਡੇਰੀ ਹੱਦ ਤਕ ਇਕਮਿਕ ਹੋ ਰਹੇ ਹੁੰਦੇ ਹਨ, ਵੀ ਮਿਲਦੇ ਹਨ। ਸਮਾਜਵਾਦੀ ਸਮਾਜ ਵਿਚ, ਜੋ ਪੈਦਾਵਾਰ ਦੇ ਸਾਧਨਾਂ ਦੀ ਸਮਾਜਕ (ਜਨਤਕ) ਮਾਲਕੀ ਉੱਤੇ ਆਧਾਰਤ ਹੁੰਦਾ ਹੈ, ਦੋ ਮਿੱਤਰ ਜਮਾਤਾਂ-ਮਜ਼ਦੂਰ ਜਮਾਤ ਅਤੇ ਕਿਸਾਨੀ-ਅਤੇ ਇਕ ਸਮਾਜਕ ਪਰਤ ਵਜੋਂ ਬੁੱਧੀਜੀਵੀ ਤਬਕਾ ਹੁੰਦਾ ਹੈ।

ਸਮਾਜਵਾਦ ਅਧੀਨ ਜ਼ਾਤੀ ਜਾਇਦਾਦ :  ਸਮਾਜਵਾਦੀ ਸਮਾਜ ਦੇ ਜੀਆਂ ਦੀਆਂ ਵਿਅਕਤੀਗਤ ਮਲਕੀਅਤਾਂ, ਜੋ ਕਮਾਈ ਹੋਈ ਆਮਦਨ ਤੇ ਬੱਚਤ, ਜ਼ਾਤੀ ਲੋੜਾਂ ਪੂਰੀਆਂ ਕਰਨ ਵਾਲ਼ੀਆਂ ਖ਼ਪਤ ਦੀਆਂ ਵਸਤਾਂ ਅਤੇ ਘਰ ਵਿਚ ਤੇ ਜ਼ਾਤੀ ਵਰਤੋਂ ਲਈ ਜ਼ਮੀਨ ਦੇ ਵਿਅਕਤੀਗਤ ਟੁਕੜੇ ਉੱਤੇ ਵਰਤੇ ਜਾਂਦੇ ਕੁਝ ਪੈਦਾਵਾਰ ਦੇ ਸਾਧਨਾਂ ਦੇ ਰੂਪ ਵਿਚ ਹੁੰਦੇ ਹਨ।

ਸਮਾਜਵਾਦ ਅਧੀਨ ਜ਼ਾਤੀ ਜਾਇਦਾਦ ਦਾ ਸੋਮਾ ਸਮਾਜਕ ਪੱਖੋਂ ਲਾਭਦਾਇਕ ਕਿਰਤ ਵਿੱਚ ਜ਼ਾਤੀ ਭਿਆਲੀ ਹੁੰਦਾ ਹੈ। ਕਿਉਂਕਿ ਪੈਦਾਵਾਰ ਦੇ ਸਾਧਨ (ਫ਼ੈਕਟਰੀਆਂ, ਜ਼ਮੀਨਾਂ, ਬਹੁਤੇ ਮਕਾਨ, ਆਦਿ) ਜਨਤਕ ਜਾਇਦਾਦ ਹੁੰਦੇ ਹਨ, ਜ਼ਾਤੀ ਜਾਇਦਾਦ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਚੋਂਘ ਦਾ ਇਕ ਸਾਧਨ ਨਹੀਂ ਬਣ ਸਕਦੇ ਜ਼ਾਤੀ ਜਾਇਦਾਦ ਰੱਖਣ ਅਤੇ ਵਿਰਸੇ ਵਿਚ ਪ੍ਰਾਪਤ ਕਰਨ ਦਾ ਅਧਿਕਾਰ ਸਮਾਜਵਾਦੀ ਰਾਜ ਤੇ ਕਾਨੂੰਨਾਂ ਵੱਲੋਂ ਸੁਰੱਖਿਅਤ ਕੀਤਾ ਜਾਂਦਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements