ਸਿਆਸੀ ਸ਼ਬਦਾਵਲੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਕ ਖ਼ਪਤ ਦੇ ਫ਼ੰਡ : ਉਹ ਫ਼ੰਡ ਜੋ ਸਮਾਜਵਾਦੀ ਸਮਾਜ ਦੇ ਜੀਆਂ ਦੀਆਂ ਪਦਾਰਥਕ ਅਤੇ ਸੱਭਿਆਚਾਰਕ ਲੋੜਾਂ ਦੀ ਪੂਰਤੀ ਦੇ ਇੱਕ ਸਾਧਨ ਵਜੋਂ ਉਜਰਤਾਂ ਦੇ ਪੂਰਕ ਬਣਦੇ ਹਨ। ਸਮਾਜਕ ਖ਼ਪਤ ਦੇ ਫ਼ੰਡ ਵਸੋਂ ਵਿੱਚ ਨਾਗਰਿਕਾਂ ਵੱਲੋਂ ਕੀਤੇ ਗਏ ਕੰਮ ਦੀ ਮਾਤਰਾ ਅਤੇ ਗੁਣਤਾ ਦਾ ਖ਼ਿਆਲ ਕੀਤੇ ਬਿਨਾਂ ਵੰਡੇ ਜਾਂਦੇ ਹਨ।

ਸਮਾਜਕ ਖ਼ਪਤ ਦੇ ਫੰਡ ਮੋਟੇ ਤੌਰ ਉੱਤੇ ਬਜਟ ਵਿੱਚ ਰੱਖੀਆਂ ਗਈਆ ਰਕਮਾਂ ਤੋਂ ਬਣਦੇ ਹਨ। ਰਾਜਕੀ ਅਦਾਰਿਆਂ ਅਤੇ ਜਥੇਬੰਦੀਆਂ ਵੱਲੋਂ ਵੀ ਆਪਣੇ ਨਫ਼ਿਆਂ ਦਾ ਇੱਕ ਹਿੱਸਾ ਸਮਾਜਕ, ਸੱਭਿਆਚਾਰਕ ਅਤੇ ਮਕਾਨੀ ਉਸਾਰੀ ਦੇ ਫ਼ੰਡ ਕਾਇਮ ਕਰਨ ਲਈ ਵਰਤਿਆਂ ਜਾਂਦਾ ਹੈ। ਸਾਂਝੇ ਫ਼ਾਰਮ ਸੱਭਿਆਚਾਰਕ ਤੇ ਭਾਈਚਾਰਕ ਕਾਰਜਾਂ, ਸਮਾਜਕ ਸਲਾਮਤੀ ਦੀਆਂ ਮੱਦਾਂ ਅਤੇ ਆਪਣੇ ਮੈਂਬਰਾਂ ਨੂੰ ਪਦਾਰਥਕ ਸਹਾਇਤਾ ਵਿੱਚ ਧਨ ਲਾਉਣ ਵਾਸਤੇ ਫ਼ੰਡ ਕਾਇਮ ਕਰਦੇ ਹਨ।

ਸਮਾਜਕ ਖ਼ਪਤ ਦੇ ਫ਼ੰਡਾਂ ਦਾ ਵਡੇਰਾ ਹਿੱਸਾ ਨਾਗਰਿਕਾਂ ਵੱਲੋਂ ਪੈਨਸ਼ਨਾਂ, ਕੰਮ ਕਰਨ ਦੀ ਅਸਥਾਈ ਅਸਮਰੱਥਾ ਦੇ ਭੱਤਿਆਂ (ਜੋ ਪਹਿਲਾਂ ਦੀਆਂ ਉਜਰਤਾਂ ਦੇ 100 ਫ਼ੀਸਦੀ ਤੱਕ ਬਣ ਜਾਂਦੇ ਹਨ), ਅਣਵਿਆਹੀਆਂ ਮਾਂਵਾਂ ਤੇ ਵੱਡੇ ਪਰਿਵਾਰਾਂ ਵਾਲ਼ੀਆਂ ਮਾਂਵਾਂ ਲਈ ਭੱਤਿਆਂ, ਵਿਸੇਸ਼ੀਕ੍ਰਿਤ ਸੈਕੰਡਰੀ ਤੇ ਉਚੇਰੇ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਗਰਾਂਟਾਂ, ਸਲਾਨਾਂ ਛੁੱਟੀਆਂ ਸਮੇਂ (ਉਜਰਤਾਂ ਦੇ ਬਰਾਬਰ) ਅਦਾਇਗੀਆਂ, ਆਦਿ ਆਦਿ ਦੇ ਰੂਪ ਵਿਚ ਪ੍ਰਾਪਤ ਕੀਤਾ ਜਾਂਦਾ ਹੈ। ਸਮਾਜਕ ਖ਼ਪਤ ਦੇ ਫ਼ੰਡਾਂ ਦਾ ਬਾਕੀ ਹਿੱਸਾ ਸਾਰੇ ਪੱਧਰਾਂ ਉੱਤੇ ਮੁਫ਼ਤ ਵਿੱਦਿਆ, ਸਾਰੀਆਂ ਕਿਸਮਾਂ ਦੀਆਂ ਮੁਫ਼ਤ ਡਾਕਟਰੀ ਸੇਵਾਵਾਂ, ਪੂਰਵ-ਸਕੂਲੀ ਸੰਸਥਾਵਾਂ ਵਿੱਚ ਬੱਚਿਆਂ ਦੀ ਸੰਭਾਲ਼ ਤੇ ਪੜ੍ਹਾਈ (ਜਿੱਥੇ ਮਾਪੇ ਕੁੱਲ ਅਸਲ ਖ਼ਰਚ ਦੇ ਤੀਜੇ ਹਿੱਸੇ ਨਾਲ਼ੋਂ ਵੀ ਘੱਟ ਦਿੰਦੇ ਹਨ), ਲਾਇਬ੍ਰੇਰੀਆਂ, ਮਨਪਰਚਾਵਾ ਕੇਂਦਰਾਂ, ਖੇਡਾਂ ਦੀਆਂ ਸਹੂਲਤਾਂ, ਮਕਾਨਾਂ (ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਦਿੱਤਾ ਜਾਂਦਾ ਕਿਰਾਇਆ ਸੰਸਾਰ ਵਿੱਚ ਸਭ ਤੋਂ ਨੀਵਾਂ ਸੀ ਅਤੇ ਪਰਵਾਰ ਦੇ ਬਜਟ ਦਾ ਕੇਵਲ 4-6 ਫ਼ੀਸਦੀ ਹੀ ਬਣਦਾ ਸੀ) ਅਤੇ ਸਿਹਤ ਸਥਾਨਾਂ ਤੇ ਛੁੱਟੀ-ਕੇਂਦਰਾਂ ਵਿਖੇ ਮੁਫ਼ਤ ਜਾਂ ਰਿਆਇਤੀ ਲਾਗਤ ਉੱਤੇ ਰਿਹਾਇਸ਼ ਦੀ ਸ਼ਕਲ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ। ਸਮਾਜਕ ਖ਼ਪਤ ਦੇ ਫ਼ੰਡਾਂ ਵਿੱਚੋਂ ਕੀਤੀ ਜਾਂਦੀ ਕੰਮ ਕਰਨ ਤੋਂ ਅਸਮਰੱਥ ਵਿਅਕਤੀਆਂ ਦੀ ਸੰਭਾਲ਼ ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਦੀ ਆਮਦਨ ਨੂੰ ਬਰਾਬਰ ਦੀ ਬਣਾਉਣ ਵਿੱਚ ਮਦਦ ਕਰਦੀ ਹੈ। ਸਮਾਜਕ ਖ਼ਪਤ ਦੇ ਫ਼ੰਡ ਲਗਾਤਾਰ ਵਧਦੇ ਜਾਂਦੇ ਹਨ ਅਤੇ ਜਿਉਂ-ਜਿਉਂ ਸਮਾਜਵਾਦੀ ਸਮਾਜ ਕਮਿਊਨਿਜ਼ਮ ਵੱਲ ਅੱਗੇ ਵਧਦਾ ਜਾਵੇਗਾ ਨਾਗਰਿਕਾਂ ਦੀਆਂ ਲੋੜਾਂ ਵਡੇਰੀ ਹੀ ਵਡੇਰੀ ਹੱਦ ਤੱਕ ਇਹਨਾਂ ਫ਼ੰਡਾਂ ਵਿੱਚੋਂ ਅਦਾਇਗੀਆਂ ਰਾਹੀਂ ਪੂਰੀਆਂ ਕੀਤੀਆਂ ਜਾਣਗੀਆਂ।  

ਸਮਾਜਵਾਦੀ ਇਕਜੁੱਟਤਾ : ਕਾਮਿਆਂ ਵਿੱਚ ਇਕਮੁੱਠ ਸਮਾਜਵਾਦੀ ਦੇਸ਼ਾਂ ਦੇ ਆਰਥਕ ਜੀਵਨ ਦੇ ਕੌਮਾਂਤਰੀਕਰਨ ਦਾ ਅਮਲ। ਇਹਨੂੰ ਉਹਨਾਂ ਵੱਲੋਂ ਵਿਉਂਤਬੰਦ ਢੰਗ ਨਾਲ਼ ਨੇਮਬੰਦ ਕੀਤਾ ਜਾਂਦਾ ਹੈ। ਇਹ ਉਹਨਾਂ ਦੀਆਂ ਆਰਥਕਤਾਵਾਂ ਦੇ ਇੱਕ ਦੂਜੀ ਦੇ ਹੋਰ ਨੇੜੇ ਹੁੰਦੇ ਜਾਣ ਵਿੱਚ ਅਤੇ ਆਰਥਕਤਾਵਾਂ ਦਾ ਇੱਕ ਅਤਿਅੰਤ ਕਾਰਗਰ ਢਾਂਚਾ ਬਣਾ ਲਏ ਜਾਣ ਵਿੱਚ, ਆਰਥਕ ਵਿਕਾਸ ਦੇ ਉਹਨਾਂ ਦੇ ਪੱਧਰਾਂ ਦੇ ਸਹਿਜੇ ਸਹਿਜੇ ਬਰਾਬਰ ਹੁੰਦੇ ਜਾਣ ਵਿੱਚ, ਸਥਿਰ ਆਰਥਕ ਸਬੰਧਾਂ ਦੀ ਕਾਇਮੀ ਵਿੱਚ, ਵਿਗਿਆਨਕ, ਤਕਨੀਕੀ ਤੇ ਪੈਦਾਵਾਰੀ ਮਿਲ਼ਵਰਤਨ ਵਿੱਚ, ਕਾਮਿਆ ਦੇ ਦੇਸਾਂ ਦੀ ਕੌਮਾਂਤਰੀ ਮੰਡੀ ਦੀ ਦੀ ਮਜ਼ਬੂਤੀ ਵਿੱਚ ਅਤੇ ਜਿਣਸ ਧਨ ਸਬੰਧਾਂ ਦੀ ਪ੍ਰਣਾਲੀ ਦੇ ਵਿਕਾਸ ਤੇ ਉਹਦੀ ਬਿਹਤਰੀ ਵਿੱਚ ਪ੍ਰਗਟ ਹੁੰਦੀ ਹੈ। ਸਮਾਜਵਾਦੀ ਇਕਜੁੱਟਤਾ ਰਾਜਕੀ ਪ੍ਰਭੂਤਾ ਲਈ ਆਪਸੀ ਸਤਿਕਾਰ, ਅੰਦਰਲੇ ਮਾਮਲਿਆਂ ਵਿੱਚ ਗ਼ੈਰਦਖ਼ਲਬਾਜੀ, ਪੂਰੀ ਬਰਾਬਰੀ, ਆਪਸੀ ਲਾਭ ਅਤੇ ਸਾਥੀਆਂ ਵਾਲ਼ੀ ਆਪਸੀ ਸਹਾਇਤਾ ਦੇ ਅਸੂਲਾਂ ਅਨੁਸਾਰ ਵਿਕਸਤ ਹੁੰਦੀ ਹੈ। ਇਹਦਾ ਮੁੱਖ ਮੰਤਵ ਲੋਕਾਂ ਦੇ ਪਦਾਰਥਕ ਤੇ ਸੱਭਿਆਚਾਰਕ ਮਿਆਰ ਉੱਚੇ ਕਰਨਾ ਹੈ। ਇਹਦਾ ਵਿਸ਼ੇਸ਼ ਲੱਛਣ ਸਾਰੇ ਸਮਾਜਵਾਦੀ ਭਾਈਚਾਰੇ ਦੇ ਸਾਂਝੇ ਹਿੱਤਾਂ ਨਾਲ਼ ਕੁੱਲ਼ ਹਿੱਤਾਂ ਦਾ ਇੱਕਜਿੰਦ ਸੁਮੇਲ ਹੈ।

ਸ਼ਾਵਨਵਾਦ : (ਇਲਾਕੇ ਜਿੱਤਣ ਦੀ ਨੈਪੋਲੀਅਨ ਦੀ ਨੀਤੀ ਦੇ ਪ੍ਰਸੰਸ਼ਕ, ਇੱਕ ਫਰਾਂਸੀਸੀ ਸਿਪਾਹੀ ਸ਼ਾਵਨ ਦੇ ਨਾਂ ਤੋਂ ਬਣਿਆ ਸ਼ਬਦ) ਕੌਮੀ ਅਦੁੱਤੀਪੁਣੇ ਦਾ ਪ੍ਰਚਾਰ ਕਰਨਾ, ਇੱਕ ਕੌਮ ਦੇ ਹਿੱਤਾਂ ਨੂੰ ਸਾਰੀਆਂ ਦੂਜੀਆਂ ਕੌਮਾਂ ਦੇ ਹਿੱਤਾਂ ਦੇ ਟਾਕਰੇ ਉੱਤੇ ਰੱਖਣਾ, ਕੌਮੀ ਵੈਰਭਾਵ, ਦੂਜੇ ਲੋਕਾਂ ਤੇ ਦੂਜੀਆਂ ਕੌਮਾਂ ਲਈ ਨਫ਼ਰਤ ਤੇ ਘਿਰਣਾ ਭੜਕਾਉਣਾ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements