ਸਿੱਟਾ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ‘ਲਲਕਾਰ’ ਅੰਕ 7, 1-15 ਮਈ, 2017)

ਮਨੁੱਖ ਅਤੇ ਉਸਦੇ ਸਮਾਜਿਕ ਵਿਕਾਸ ਦੇ ਪਦਾਰਥਵਾਦੀ ਸੰਕਲਪ ਤੋਂ ਅਸੀਂ ਕੀ ਸਿੱਟਾ ਕੱਢਦੇ ਹਾਂ?

(1) ਜਿਸ ਯੁੱਗ ‘ਚ ਅਸੀਂ ਰਹਿੰਦੇ ਹਾਂ, ਉਹ ਅਜਿਹਾ ਯੁੱਗ ਹੈ ਜਿਸ ‘ਚ ਮਨੁੱਖਤਾ ਹੋਂਦ ਦੀਆਂ ਸੱਚੀਆਂ ਮਨੁੱਖੀ ਦਸ਼ਾਵਾਂ ਦੀ ਪ੍ਰਾਪਤੀ ਲਈ ਅੰਤਿਮ ਰੂਪ ਨਾਲ਼ ਫੈਸਲਾਕੁਨ ਪੁਲਾਂਗਾਂ ਪੁੱਟ ਰਹੀ ਹੈ। ਇਤਿਹਾਸਕ ਪਦਾਰਥਵਾਦ ਹੈਰਾਨੀਜਨਕ ਪਰਿਪੇਖ ਨੂੰ, ਜੋ ਵਰਤਮਾਨ ਪੀੜ ਅੱਗੇ ਪੱਸਰੇ ਹੋਏ ਹਨ, ਪ੍ਰਕਾਸ਼ਿਤ ਕਰਦਾ ਹੈ।

ਮੁੱਢ-ਕਦੀਮੀ ਕਮਿਊਨਿਜ਼ਮ ਦੇ ਪਹਿਲੇ ਪੜਾਅ ਤੋਂ ਬਾਅਦ ਹੁਣ ਤੱਕ ਸਮਾਜ ਕਿਰਤੀ ਲੋਕਾਂ ਦੀ ਲੁੱਟ ‘ਤੇ ਅਧਾਰਿਤ ਰਿਹਾ ਹੈ। ਕੁਝ ਲੋਕਾਂ ਦੀ ਜਾਇਦਾਦ ਅਤੇ ਬਹੁਤਿਆਂ ਦੀ ਗ਼ਰੀਬੀ ਵਿਚਾਲੇ ਤਿੱਖਾ ਫ਼ਰਕ ਕਾਇਮ ਰਿਹਾ। ਪਦਾਰਥਕ ਪੈਦਾਵਾਰ ਦਾ ਮਹਾਨ ਵਿਕਾਸ, ਜਿਸਨੇ ਜਾਇਦਾਦ ਪੈਦਾ ਕੀਤੀ ਹੈ, ਕੇਵਲ ਪੈਦਾਕਾਰਾਂ ਨੂੰ ਲਗਾਤਾਰ ਵੱਧਦੀ ਹੋਈ ਲੁੱਟ ਦੀ ਕੀਮਤ ‘ਤੇ ਹਾਸਲ ਹੋਇਆ ਹੈ। ਵਿਸ਼ਾਲ ਬਹੁ-ਗਿਣਤੀ ਦੇ ਸੱਭਿਆਚਾਰ ਦਾ, ਜਿਸਦੀ ਰਚਨਾ ਉਸਦੀ ਕਿਰਤ ਤੋਂ ਹੀ ਸੰਭਵ ਹੋਈ, ਆਨੰਦ ਲੈਣ ਤੋਂ ਵਾਂਝਾ ਕਰ ਦਿੱਤਾ ਗਿਆ। ਜਮਾਤ ਵਿਰੁੱਧ ਜਮਾਤ ਦੀ ਅਤੇ ਲੋਕਾਂ ਵਿਰੁੱਧ ਲੋਕਾਂ ਦੀ ਲਗਾਤਾਰ ਜੰਗ ਚੱਲਦੀ ਰਹੀ ਹੈ।

ਸਮਾਜਿਕ ਹੋਂਦ ਦੀਆਂ ਅਜਿਹੀਆਂ ਦਸ਼ਾਵਾਂ ਨਾਲ਼ ਮਨੁੱਖਤਾ ਸਮਾਜ ਦੇ ਨਵੇਂ ਪ੍ਰਬੰਧ ਦੀ ਰਚਨਾ ਕਰਨ ਲਈ ਉੱਠ ਕੇ ਖੜੀ ਹੋ ਰਹੀ ਹੈ, ਜਿਸ ‘ਚ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਦਾ ਖ਼ਾਤਮਾ ਹੋ ਜਾਂਦਾ ਹੈ, ਜਿਸ ‘ਚ ਸਮਾਜਿਕ ਪੈਦਾਵਾਰ ਸਮਾਜ ਦੇ ਸਾਰੇ ਮੈਂਬਰਾਂ ਦੀਆਂ ਲਗਾਤਾਰ ਵੱਧਦੀਆਂ ਹੋਈਆਂ ਪਦਾਰਥਕ ਅਤੇ ਸੱਭਿਆਚਾਰਕ ਲੋੜਾਂ ਦੀ ਸੰਤੁਸ਼ਟੀ ਦੇ ਉਦੇਸ਼ ਦੇ ਮਤਹਿਤ ਹੁੰਦੀ ਹੈ, ਅਤੇ ਜਿਸ ‘ਚ ਸਮਾਜ ਦਾ ਵਿਕਾਸ ਘੋਲ਼ਾਂ ਅਤੇ ਉੱਥਲਾਂ-ਪੁੱਥਲਾਂ ਰਾਹੀਂ ਨਹੀਂ ਹੁੰਦਾ, ਸਗੋਂ ਤਰਕ ਸੰਗਤ ਯੋਜਨਾ ਅਨੁਸਾਰ ਸੁਚੇਤਨ ਨਿਯਮ ਨਾਲ਼ ਕੰਟਰੌਲ ਹੁੰਦਾ ਹੈ।

ਇਹ ਸਭ ਕੁਝ ਇਸ ਲਈ ਲਾਜ਼ਮੀ ਹੋ ਗਿਆ ਹੈ ਕਿ ਸਮਾਜਿਕ ਪੈਦਾਵਾਰ ਦੀਆਂ ਨਵੀਂਆਂ ਤਾਕਤਾਂ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਅਤੇ ਪੈਦਾਵਾਰਾਂ ਦੇ ਨਿੱਜੀ ਉਪਭੋਗ ਨਾਲ਼ ਤਾਲਮੇਲ ਨਹੀਂ ਬਣਾ ਸਕਦੀਆਂ। ਉਹਨਾਂ ਨੂੰ ਕੇਵਲ ਸਮਾਜਿਕ ਮਾਲਕੀ ਅਤੇ ਸਮਾਜਿਕ ਉਪਭੋਗ ਦੇ ਆਧਾਰ ‘ਤੇ ਹੀ ਵਰਤੋਂ ‘ਚ ਲਿਆਂਦਾ ਅਤੇ ਵਿਕਸਿਤ ਕੀਤਾ ਜਾ ਸਕਦਾ ਹੈ।

ਆਧੁਨਿਕ ਵਿਗਿਆਨ ਅਤੇ ਤਕਨੀਕ ਮਨੁੱਖੀ ਇਤਿਹਾਸ ‘ਚ ਪਹਿਲੀ ਵਾਰ ਇਹ ਸੰਭਵ ਕਰ ਰਹੇ ਹਨ ਕਿ ਹਰੇਕ ਵਿਅਕਤੀ ਉੱਚੇ ਅਤੇ ਉੱਨਤ ਜੀਵਨ-ਪੱਧਰ ਦਾ ਆਨੰਦ ਮਾਣ ਸਕੇ, ਅਤੇ ਹਰੇਕ ਵਿਅਕਤੀ ਵੇਹਲੇ ਵਕਤ, ਸਿੱਖਿਆ ਅਤੇ ਸੱਭਿਆਚਾਰ ਦਾ ਆਨੰਦ ਲੈ ਸਕੇ। ਇਸ ਸੰਭਾਵਨਾ ਨੂੰ ਸਾਕਾਰ ਕਰਨ ਲਈ ਸਮਾਜ ਨੂੰ ਸੰਪੂਰਨ ਪੈਦਾਵਾਰ ਦਾ ਕੰਟਰੌਲ ਲਾਜ਼ਮੀ ਰੂਪ ਨਾਲ਼ ਆਪਣੇ ਹੱਥ ‘ਚ ਲੈਣਾ ਚਾਹੀਦਾ ਹੈ ਅਤੇ ਸੰਪੂਰਨ ਸਮਾਜ ਦੀਆਂ ਲੋੜਾਂ ਦੀ ਸੰਤੁਸ਼ਟੀ ਲਈ ਉਸਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ।

ਇਸਦਾ ਅਰਥ ਹੈ ਕਿ ਹਰੇਕ ਵਿਅਕਤੀ ਜੀਵਨ ਦੀਆਂ ਬੁਨਿਆਦੀ ਲੋੜਾਂ ਚੰਗੇ ਘਰ, ਭੋਜਨ ਅਤੇ ਸਿਹਤ-ਸੰਭਾਲ ਦਾ ਬਿਨਾਂ ਸ਼ੱਕ ਉਪਭੋਗ ਕਰ ਸਕੇਗਾ। ਉੱਚ ਤਕਨੀਕ ਦੁਆਰਾ ਅਕਾਊ ਅਤੇ ਔਖਾ ਕੰਮ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਸਾਰੇ ਲੋਕ ਰਚਨਾਤਮਕ ਢੰਗ ਨਾਲ਼ ਕੰਮ ਕਰਨ ਲਈ ਅਜ਼ਾਦ ਹੋਣਗੇ। ਕੰਮ ਬੋਝ ਬਣਕੇ ਨਹੀਂ ਰਹੇਗਾ ਸਗੋਂ ਜੀਵਨ ਦੀ ਜ਼ਰੂਰਤ, ਮਾਣ ਅਤੇ ਆਨੰਦ ਦਾ ਵਿਸ਼ਾ ਬਣ ਜਾਵੇਗਾ। ਆਰਾਮ ਅਤੇ ਵੇਹਲੇ ਵਕਤ, ਸਿੱਖਿਆ ਅਤੇ ਸੱਭਿਆਚਾਰਕ ਜੀਵਨ ਦਾ ਸਾਰੇ ਆਨੰਦ ਲੈਣਗੇ। ਸਾਰੇ ਲੋਕ ਆਪਣੀਆਂ ਯੋਗਤਾਵਾਂ ਵਧਾਉਣ ਅਤੇ ਵੰਨ-ਸੁਵੰਨੀਆਂ ਯੋਗਤਾਵਾਂ ਵਿਕਸਿਤ ਕਰਨ ਲਈ ਆਜ਼ਾਦ ਹੋਣਗੇ। ਅਜਿਹੀਆਂ ਹਨ ਹੋਂਦ ਦੀਆਂ ਸੱਚੀਆਂ ਮਨੁੱਖੀ ਦਸ਼ਾਵਾਂ, ਜਿਹਨਾਂ ਨੂੰ ਸਥਾਪਿਤ ਕਰਨਾ ਸਮਾਜਵਾਦ ਦਾ ਉਦੇਸ਼ ਹੈ।

(2) ਸਮਾਜਵਾਦ ਆਧੁਨਿਕ ਸਮਾਜ ‘ਚ ਸਰਾਮਏਦਾਰ ਜਮਾਤ ਖ਼ਿਲਾਫ਼ ਘੋਲ਼ ‘ਚ ਕੇਵਲ ਇਨਕਲਾਬੀ ਜਮਾਤ, ਮਜ਼ਦੂਰ ਜਮਾਤ ਦੀ ਸਰਗਰਮੀ ਰਾਹੀਂ ਸਥਾਪਿਤ ਕੀਤਾ ਜਾ ਸਕਦਾ ਹੈ।

ਸਮਾਜਵਾਦ ਜਮਾਤੀ-ਸਹਿਯੋਗ ਦੇ ਅਧਾਰ ‘ਤੇ ਧੀਮੀ ਗਤੀ ਰਾਹੀਂ ਤਬਦੀਲੀ ਦੁਆਰਾ ਸਥਾਪਿਤ ਕਰਨਾ ਸੰਭਵ ਨਹੀਂ, ਕਿਉਂਕਿ ਸਰਾਮਏਦਾਰ ਜਮਾਤ ਆਪਣੀ ਹੋਂਦ ਦੀਆਂ ਦਸ਼ਾਵਾਂ ਕਾਰਨ ਸਮਾਜਵਾਦ, ਜੋ ਉਸਨੂੰ ਉਸਦੀ ਸੱਤਾ ਅਤੇ ਮੁਨਾਫੇ ਤੋਂ ਵਾਂਝਾ ਕਰ ਦੇਵੇਗਾ, ਦੀ ਸਥਾਪਨਾ ਦਾ ਅੰਤ ਤੱਕ ਟਾਕਰਾ ਕਰਨ ਲਈ ਮਜ਼ਬੂਰ ਹੁੰਦੀ ਹੈ। ਇਸਦੇ ਉਲਟ ਸਮਾਜਵਾਦ ਸਰਮਾਏਦਾਰਾ ਲੁੱਟ ਤੋਂ ਅਜ਼ਾਦੀ ਲਈ ਕੇਵਲ ਮਜ਼ਦੂਰ ਜਮਾਤ ਦੇ ਘੋਲ਼ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਮਜ਼ਦੂਰ ਜਮਾਤ ਖੁਦ ਨੂੰ ਸਰਮਾਏਦਾਰਾ ਲੁੱਟ ਤੋਂ ਅਜ਼ਾਦ ਕਰਕੇ ਸਮਾਜ ਨੂੰ ਪੂਰੀ ‘ਤੇ ਸਾਰੀ ਲੁੱਟ ਤੋਂ ਅਜ਼ਾਦ ਕਰੇਗੀ।

ਸਮਾਜਵਾਦ ਦੀ ਪ੍ਰਾਪਤੀ ਲਈ ਮਜ਼ਦੂਰ ਜਮਾਤ ਨੂੰ, ਸਰਮਾਏਦਾਰਾ ਹਕੂਮਤ ਖ਼ਤਮ ਕਰਨ ਅਤੇ ਸਾਰੇ ਕਿਰਤੀ ਲੋਕਾਂ ਦੇ ਸਹਿਯੋਗ ਨਾਲ਼ ਮਜ਼ਦੂਰ ਜਮਾਤ ਦੀ ਹਕੂਮਤ ‘ਤੇ ਅਧਾਰਿਤ ਨਵੇਂ ਜਮਹੂਰੀ ਰਾਜ ਦੀ ਸਥਾਪਨਾ ਲਈ ਘੋਲ਼ ‘ਚ ਲਾਜ਼ਮੀ ਰੂਪ ਨਾਲ਼ ਆਪਣੀਆਂ ਸਾਰੀਆਂ ਸਫਾਂ ਨੂੰ ਇੱਕ ਜੁੱਟ ਅਤੇ ਸਾਰੇ ਕਿਰਤੀ ਲੋਕਾਂ ਦੀ ਅਗਵਾਈ ਕਰਨੀ ਹੋਵੇਗੀ। ਉਸ ਤੋਂ ਬਾਅਦ ਲੋਕਾਂ ਦੇ ਰਾਜ ਦਾ ਫ਼ਰਜ਼ ਸਾਬਕਾ ਜ਼ਾਬਰਾਂ ਦੇ ਟਾਕਰੇ ਨੂੰ ਹਰਾਉਣਾ ਅਤੇ ਹੌਲ਼ੀ-ਹੌਲ਼ੀ ਸਮਾਜਵਾਦ ਦੀ ਉਸਾਰੀ ਕਰਨਾ ਹੋਵੇਗਾ।

(3) ਸਰਮਾਏਦਾਰੀ ਨੂੰ ਹਰਾਉਣ ਅਤੇ ਸਮਾਜਵਾਦ ਦੀ ਉਸਾਰੀ ਕਰਨ ਲਈ ਮਜ਼ਦੂਰ ਜਮਾਤ ਦੀ ਆਪਣੀ ਸਿਆਸੀ ਪਾਰਟੀ, ਵਿਗਿਆਨਕ ਸਮਾਜਵਾਦੀ ਸਿਧਾਂਤ ਨਾਲ਼ ਲੈਸ ਅਤੇ ਉਸਦੀ ਵਰਤੋਂ ਕਰਨ ‘ਚ ਯੋਗ, ਕਮਿਊਨਿਸਟ ਪਾਰਟੀ ਹੋਣੀ ਚਾਹੀਦੀ ਹੈ।

“ਇਨਕਲਾਬੀ ਸਿਧਾਂਤ ਬਿਨਾਂ ਕੋਈ ਇਨਕਲਾਬੀ ਲਹਿਰ ਨਹੀਂ ਹੋ ਸਕਦੀ… ਹਰਾਵਲ ਦਸਤੇ ਦੀ ਭੂਮਿਕਾ ਕੇਵਲ ਉਹੀ ਪਾਰਟੀ ਨਿਭਾਅ ਸਕਦੀ ਹੈ ਜੋ ਉੱਨਤ ਸਿਧਾਂਤ ਦੀ ਰਹਿਨੁਮਾਈ ‘ਚ ਚੱਲਦੀ ਹੈ।”1

ਸਰਮਾਏਦਾਰੀ ਖ਼ਿਲਾਫ਼ ਮਜ਼ਦੂਰ ਜਮਾਤ ਦੇ ਘੋਲ਼ ‘ਚ ਆਪ-ਮੁਹਾਰੀ ਲਹਿਰ ਵੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ, ਜੋ ਆਰਥਿਕ ਅਤੇ ਸਿਆਸੀ ਘਟਨਾਵਾਂ ਦੇ ਦਬਾਅ ਵਜੋਂ ਉੱਭਰਦੀ ਹੈ। ਪਰ ਲੋਕਾਂ ਦੀ ਇਹ ਆਪ-ਮੁਹਾਰੀ ਲਹਿਰ ਇਸ ਤਰਾਂ ਨਿਰਦੇਸ਼ਿਤ, ਜਥੇਬੰਦ ਅਤੇ ਸੰਚਾਲਿਤ ਕੀਤੀ ਜਾਣੀ ਚਾਹੀਦੀ ਹੈ ਦੂਜੇ ਸ਼ਬਦਾਂ ‘ਚ ਉਸਨੂੰ ਸੁਚੇਤਨ ਲਹਿਰ ਬਣਾਇਆ ਜਾਣਾ ਚਾਹੀਦਾ ਹੈ, ਜੋ ਆਪਣੀਆਂ ਫੌਰੀ ਮੰਗਾਂ, ਉਦੇਸ਼ਾਂ ਅਤੇ ਸਮਾਜਵਾਦ ਦੇ ਇਨਕਲਾਬੀ ਉਦੇਸ਼ ਦੇ ਵਿਸ਼ੇ ਸਬੰਧੀ ਸੁਚੇਤ ਰਹੇ। ਨਹੀਂ ਤਾਂ ਉਸਦੀ ਹਾਰ ਅਟੱਲ ਹੋ ਜਾਂਦੀ ਹੈ, ਜਾਂ ਉਹ ਮਰ ਮੁੱਕ ਜਾਂਦੀ ਹੈ, ਜਾਂ ਸਰਮਾਏਦਾਰਾਂ ਨੂੰ ਪ੍ਰਵਾਨ ਦਿਸ਼ਾਵਾਂ ‘ਚ ਮੁੜ ਜਾਂਦੀ ਹੈ। ਮਤਲਬ ਇਹ ਹੈ ਕਿ ਪਾਰਟੀ ਆਪ-ਮੁਹਾਰੀ ਲਹਿਰ ‘ਤੇ ਕਦੇ ਭਰੋਸਾ ਨਹੀਂ ਕਰ ਸਕਦੀ, ਪਰ ਇਸਦੇ ਉਲਟ ਉਸਨੂੰ ਲੋਕ-ਲਹਿਰ ਚਲਾਉਣ, ਜਥੇਬੰਦ ਕਰਨ ਅਤੇ ਉਸਨੂੰ ਸਮਾਜਵਾਦੀ ਸਿਧਾਂਤ ਨਾਲ਼ ਲੈਸ ਕਰਨ ਦਾ ਕੰਮ ਕਰਨਾ ਚਾਹੀਦਾ ਹੈ।

ਲੋਕ-ਘੋਲ਼ਾਂ ਦੇ ਤਜ਼ਰਬੇ ਰਾਹੀਂ ਮਜ਼ਦੂਰ ਮਾਲਕਾਂ ਦੇ ਹਿੱਤਾਂ ਨਾਲ਼ ਉਹਨਾਂ ਦੇ ਆਪਣੇ ਹਿੱਤਾਂ ਦੇ ਵਿਰੋਧ ਅਤੇ ਜਥੇਬੰਦ ਹੋਣ ਦੀ ਲੋੜ ਸਬੰਧੀ ਸੁਚੇਤ ਹੋਣ ਲੱਗਦੇ ਹਨ। ਪਰ ਇਹ ਚੇਤਨਾ ਕੇਵਲ ਸਿਧਾਂਤ, ਵਿਗਿਆਨ ਦੀ ਮਦਦ ਨਾਲ਼ ਹੀ ਸਮਾਜਵਾਦੀ ਚੇਤਨਾ ਬਣ ਸਕਦੀ ਹੈ। ਕੇਵਲ ਸਮਾਜਵਾਦੀ ਸਿਧਾਂਤ ਦੀ ਮਦਦ ਨਾਲ਼ ਹੀ ਮਜ਼ਦੂਰ ਨਾ ਕੇਵਲ ਬੇਹਤਰ ਉਜ਼ਰਤ ਲਈ ਘੋਲ਼ ਕਰਨ ਦੀ, ਸਗੋਂ ਉਜ਼ਰਤ-ਪ੍ਰਣਾਲੀ ਨੂੰ ਖ਼ਤਮ ਕਰਨ ਦੀ ਲੋੜ ਦੇਖ ਸਕਦੇ ਹਨ ਅਤੇ ਇਹ ਸਮਝ ਸਕਦੇ ਹਨ ਕਿ ਇਸ ਘੋਲ਼ ਨੂੰ ਜਿੱਤ ਤੱਕ ਕਿਵੇਂ ਪਹੁੰਚਾਇਆ ਜਾਵੇ। ਇਸ ਤਰਾਂ ਜਿਵੇਂ ਮਾਰਕਸ ਅਤੇ ਏਂਗਲਜ਼ ਨੇ ਸਿਖਾਇਆ ਕਿ ਸਮਾਜਵਾਦ ਲਈ ਘੋਲ਼ ਛੇੜਣ ਦੀ ਗਰਜ ਨਾਲ਼ ਜੋ ਸਭ ਤੋਂ ਵੱਧ ਲਾਜ਼ਮੀ ਸ਼ਰਤ ਹੈ, ਉਹ ਹੈ ਮਜ਼ਦੂਰ ਜਮਾਤ ਦੀ ਵਿਸ਼ਾਲ ਲਹਿਰ ਨਾਲ਼ ਵਿਗਿਆਨਕ ਸਮਾਜਵਾਦ ਦਾ ਮੇਲ।

(4) ਅੱਜ ਮਾਰਕਸਵਾਦ-ਲੈਨਿਨਵਾਦ ਦੇ ਵਿਗਿਆਨਕ ਸਮਾਜਵਾਦੀ ਸਿਧਾਂਤ ਦੀ ਪਰਖ ਹੋ ਚੁੱਕੀ ਹੈ, ਉਸਨੂੰ ਕਸੌਟੀ ‘ਤੇ ਪਰਖਿਆ ਜਾ ਚੁੱਕਾ ਹੈ ਅਤੇ ਇਸਨੇ ਅਭਿਆਸ ‘ਚ ਆਪਣੀ ਸੱਚਾਈ ਸਿੱਧ ਕਰ ਦਿੱਤੀ ਹੈ। ਇਸ ਦੁਆਰਾ ਪ੍ਰੇਰਿਤ ਅਤੇ ਨਿਰਦੇਸ਼ਿਤ ਹੋ ਕੇ ਸੋਵੀਅਤ ਸੰਘ ‘ਚ ਸਮਾਜਵਾਦੀ ਉਸਾਰੀ ਹੋਈ ਹੈ ਅਤੇ ਭਵਿੱਖੀ ਕਮਿਊਨਿਸਟ ਸਮਾਜ ਦਾ ਸਰੂਪ ਸਪੱਸ਼ਟ ਹੋ ਰਿਹਾ ਹੈ। ਸ਼ਾਂਤੀਪੂਰਨ ਉਸਾਰੀ ਦੇ ਮਹਾਨ ਕੰਮ ਚੱਲ ਰਹੇ ਹਨ, ਮਨੁੱਖ ਕੁਦਰਤ ਨੂੰ ਮੁੜ ਘੜ ਰਿਹਾ ਹੈ ਅਤੇ ਨਵੇਂ ਸਮਾਜਵਾਦੀ ਲੋਕ ਕਿਸੇ ਹੋਰ ਲੋਕਾਂ, ਜੋ ਅੱਜ ਤੋਂ ਪਹਿਲਾਂ ਧਰਤੀ ‘ਤੇ ਚੱਲੇ ਹੋਣਗੇ, ਦੀ ਤੁਲਨਾ ‘ਚ ਜ਼ਿਆਦਾ ਮਾਣ ਮੱਤੇ ਅਤੇ ਅਜ਼ਾਦ ਹੋ ਕੇ ਕੰਮ ‘ਚ ਜੁਟੇ ਹੋਏ ਹਨ। ਯੂਰੋਪ ਅਤੇ ਏਸ਼ਿਆ ‘ਚ ਲੱਖਾਂ ਲੋਕਾਂ ਨੇ ਆਮ ਲੋਕਾਂ ਦੀ ਜਮਹੂਰੀਅਤ ਸਥਾਪਿਤ ਕਰ ਲਈ ਹੈ ਅਤੇ ਉਹ ਸਮਾਜਵਾਦ ਵੱਲ ਵੱਧ ਰਹੇ ਹਨ। ਇੱਕ ਨਵਾਂ ਸੰਸਾਰ ਹੋਂਦ ‘ਚ ਆ ਚੁੱਕਾ ਹੈ, ਜਿਸਨੂੰ ਅੱਗੇ ਵਧਣ ਤੋਂ ਰੋਕਣ ‘ਚ ਪੁਰਾਣੇ ਜਮਾਨੇ ਦੀਆਂ ਤਾਕਤਾਂ ਪੂਰੀ ਤਰਾਂ ਨਸੱਤੀਆਂ ਹੋ ਰਹੀਆਂ ਹਨ।

ਮਰਨਾਊ ਸਰਮਾਏਦਾਰਾ ਸੰਸਾਰ, ਜੋ ਹੱਲ ਤੋਂ ਪਰਾਂ ਸੰਕਟਾਂ ਅਤੇ ਘੋਲ਼ਾਂ ਨਾਲ਼ ਜ਼ਰ ਜ਼ਰ ਹੋ ਚੁੱਕਾ ਹੈ, ਬਿਲਕੁਲ ਦੂਜੇ ਤਰਾਂ ਦਾ ਹੈ। ਇਸ ‘ਚ ਹਾਕਮ ਅਜਾਰੇਦਾਰ ਜਮਾਤ ਲੋਕਾਂ ਦੇ ਪੱਧਰ ਨੂੰ ਧੱਕੇ ਨਾਲ਼ ਹੇਠ ਸੁੱਟ ਕੇ, ਲੋਕਾਂ ਨੂੰ ਧੋਖਾ ਦੇ ਕੇ ਅਤੇ ਉਹਨਾਂ ਦੀ ਅਜ਼ਾਦੀ ਨੂੰ ਕੁਚਲ ਕੇ, ਹਥਿਆਰਾਂ ਦੇ ਜ਼ਖੀਰੇ ਵਧਾਅ ਕੇ ਅਤੇ ਜਿੱਤ ਲਈ ਹਮਲਾਵਰ ਯੁੱਧਾਂ ਦੀ ਤਿਆਰੀ ਕਰਕੇ, ਅਤੇ ਯੁੱਧ ਛੇੜ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਆਪਣੇ ਮੁਨਾਫ਼ੇ ਵਧਾਉਣ ਦੇ ਯਤਨ ਕਰਦੇ ਹਨ। ਉਹ ਭਵਿੱਖ ਲਈ ਆਪਣੀਆਂ ਆਸਾਂ ਐਟਮ ਬੰਬ, ਨਾਪਾਮ ਬੰਬ ਅਤੇ ਬੈਕਟੀਰਿਆ ਵਾਲ਼ੇ ਹਥਿਆਰਾਂ ‘ਤੇ ਲਾਈ ਬੈਠੀ ਹੈ। ਵਿਸ਼ਾਲ ਵਿਨਾਸ਼ ਦਾ ਸਾਧਨ ਉਹਨਾਂ ਦੀ ਅੰਤਿਮ ਪ੍ਰਾਪਤੀ ਹੈ।

ਇਸ ਤਰਾਂ ਸਾਡਾ ਅੰਤਿਮ ਸਿੱਟਾ ਸਪੱਸ਼ਟ ਹੈ। ਪੂਰੇ ਸੰਸਾਰ ‘ਚ ਆਮ ਸ਼ਾਤੀ ਕਾਇਮ ਕਰਨ ਲਈ ਇਕੱਠੇ ਹੋ ਸਕਦੇ ਹਾਂ, ਅਤੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸਾਨੂੰ ਉਹਨਾਂ ਦੇਸ਼ਾਂ ਨਾਲ਼ ਸਹਿਯੋਗ ਦਾ ਯਤਨ ਕਰਨਾ ਚਾਹੀਦਾ ਹੈ, ਜੋ ਪਹਿਲਾਂ ਤੋਂ ਹੀ ਸਮਾਜਵਾਦ ਦੀ ਉਸਾਰੀ ਕਰ ਰਹੇ ਹਨ; ਉਹਨਾਂ ਦੀਆਂ ਪ੍ਰਾਪਤੀਆਂ ਦੀ ਹਿਫ਼ਾਜਤ ਕਰਨੀ ਚਾਹੀਦੀ ਹੈ। ਸਾਨੂੰ ਖੁਦ ਆਪਣੇ ਦੇਸ਼ ‘ਚੋਂ ਸਰਮਾਏਦਾਰੀ ਦੇ ਖ਼ਾਤਮੇ ਅਤੇ ਸਮਾਜਵਾਦ ਦੀ ਸਥਾਪਨਾ ਲਈ ਕੰਮ ਕਰਨਾ ਚਾਹੀਦਾ ਹੈ।

ਟਿੱਪਣੀਆਂ

1. ਲੈਨਿਨ : ਵੱਟ ਇਜ਼ ਟੂ ਬੀ ਡੱਨ, ਪਾਠ 1 ਡੀ.

 ਸਮਾਪਤ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements