ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਜੋੜਨਾ ਜਰੂਰੀ ਹੈ •ਲੁ ਤਿੰਗ-ਈ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਮਾਜਵਾਦੀ ਚੀਨ ਵਿੱਚ ਸਿੱਖਿਆ ਨੂੰ ਨਾ ਸਿਰਫ ਸਭ ਲਈ ਮੁਫਤ ਕੀਤਾ ਗਿਆ ਸਗੋਂ ਇਸਨੂੰ ਰੋਜ਼ਾਨਾ ਜ਼ਿੰਦਗੀ ਨਾਲ਼ ਜੋੜਨ ਲਈ ਕਈ ਉਪਰਾਲੇ ਵੀ ਕੀਤੇ ਗਏ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਵੇਲ਼ੇ ਦੀ ਇਹ ਅਹਿਮ ਲਿਖਤ ਅਸੀਂ ‘ਲਲਕਾਰ’ ਦੇ ਪਾਠਕਾਂ ਲਈ ਲੜੀਵਾਰ ਸ਼ੁਰੂ ਕਰ ਰਹੇ ਹਾਂ। – ਸੰਪਾਦਕ

ਇਸ ਸਾਲ ਦੇ ਸ਼ੁਰੂ ਤੋਂ ਹੀ ਸਾਡੇ ਦੇਸ਼ ‘ਚ ਸਿੱਖਿਆ ਦਾ ਵਿਕਾਸ ਬਹੁਤ ਤੇਜ਼ੀ ਨਾਲ਼ ਹੋ ਰਿਹਾ ਹੈ। ਸੂਬਾ ਅੰਕੜਾ ਬਿਉਰੋ ਦੁਆਰਾ ਇਕੱਠੇ ਕੀਤੇ ਜੂਨ ਦੇ ਅੰਤ ਤੱਕ ਦੇ ਅੰਕੜਿਆਂ ਤੋਂ, ਜੋ ਹਾਲੇ ਅਧੂਰੇ ਹਨ, ਪਤਾ ਲਗਦਾ ਹੈ ਕਿ 1,240 ਕਾਉਂਟਿਆਂ (ਚੀਨ ਵਿੱਚ ਜ਼ਿਲਾ ਬਰਾਬਰ ਦੀ ਪ੍ਰਸ਼ਾਸਨਿਕ ਇਕਾਈ-ਅਨੁ) ਵਿੱਚ ਸਰਵ-ਵਿਆਪੀ ਪ੍ਰਾਇਮਰੀ ਸਕੂਲ ਸਿੱਖਿਆ1 ਦਾ ਪ੍ਰਬੰਧ ਹੋ ਗਿਆ ਹੈ; 68,000 ਮਿਡਲ ਸਕੂਲਾਂ ਦਾ ਸੰਚਾਲਨ ਲੋਕ ਖੁਦ ਕਰ ਰਹੇ ਹਨ; 400 ਤੋਂ ਜ਼ਿਆਦਾ ਉੱਚ ਸਿੱਖਿਆ ਸੰਸਥਾਵਾਂ ਹੁਣੇ ਹੀ ਸਥਾਨਕ ਹਕੂਮਤ ਦੁਆਰਾ ਕਾਇਮ ਕੀਤੀਆਂ ਗਈਆਂ ਹਨ; ਲੱਗਭਗ 9 ਕਰੋੜ ਜਾਂ ਉਸ ਤੋਂ ਵੀ ਜ਼ਿਆਦਾ ਲੋਕ ਸਾਖ਼ਰਤਾ ਕੋਰਸ ਪੂਰੇ ਕਰ ਰਹੇ ਹਨ ਅਤੇ 444 ਕਾਉਂਟੀਆਂ ਵਿੱਚ ਨਿਰਅੱਖਰਤਾ  ਮੁੱਖ ਰੂਪ ‘ਚ ਮਿਟਾ ਦਿੱਤੀ ਗਈ ਹੈ। ਦੋਸ਼ ਨਿਵਾਰਣ ਲਹਿਰ ਅਤੇ ਸਰਮਾਏਦਾਰਾ ਸੱਜੇਪੱਖੀਆਂ ਖਿਲਾਫ ਘੋਲ਼ ਵਿੱਚ ਜੋ ਜਿੱਤ ਹਾਸਲ ਹੋਈ, ਉਸ ਨਾਲ਼ ਸਾਡੇ ਦੇਸ਼ ਵਿੱਚ ਸੱਨਅਤ ਅਤੇ ਖੇਤੀ ਵਿੱਚ ਲੰਬੀਆਂ ਪੁਲਾਂਘਾ ਪੁੱਟਣ ਦਾ ਮੌਕਾ ਮਿਲ਼ਿਆ ਹੈ। ਇਸ ਲੰਬੀ ਪੁਲਾਂਗ ਨਾਲ਼ ਤਕਨੀਕ ਅਤੇ ਸੱਭਿਆਚਾਰਕ ਇਨਕਲਾਬ ਵਿੱਚ ਇੱਕ ਉਭਾਰ ਪੈਦਾ ਹੋ ਗਿਆ ਹੈ। ਸਿੱਖਿਆ ‘ਚ ਜੋ ਮਹਾਨ ਵਿਕਾਸ ਹੋਇਆ ਹੈ, ਉਹ ਸੱਭਿਆਚਾਰਕ ਇਨਕਲਾਬ ਦੇ ਮਹਾਨ ਉਭਾਰ ਦਾ ਇੱਕ ਪ੍ਰਤੀਕ ਹੈ।

ਪਿਛਲੇ ਸਾਲ ਦੇ ਅੰਤ ਵਿੱਚ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਚੁੱਕੇ ਗਏ ਦੋ ਕਦਮਾਂ ਨੇ ਸਿੱਖਿਆ ਦੇ ਵਿਕਾਸ ਨੂੰ ਹੋਰ ਅੱਗੇ ਵਧਾਇਆ। ਇੱਕ ਸੀ ਅਧਿਐਨ ਦੇ ਨਾਲ਼-ਨਾਲ਼ ਸਰੀਰਕ ਕਿਰਤ ਕਰਨ ਦਾ ਸਿਧਾਂਤ ਸਾਰੇ ਸਕੂਲਾਂ ‘ਚ ਲਾਗੂ ਕਰਨਾ। ਦੂਸਰਾ ਸੀ ਖੇਤੀ ਮਿਡਲ ਸਕੂਲਾਂ ਦੀ ਸਥਾਪਨਾ ਕਰਨੀ। ਅਧਿਐਨ ਦੇ ਨਲ਼-ਨਾਲ਼ ਸਰੀਰਕ ਕਿਰਤ ਕਰਨ ਨਾਲ਼ ਸਧਾਰਨ ਸਕੂਲ-ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਜੋੜਨ ਦੀ ਸ਼ੁਰੂਆਤ ਹੋ ਜਾਂਦੀ ਹੈ।  ਇਸ ਨਾਲ਼ ਸਕੂਲਾਂ ਵਿੱਚ ਸਰੀਰਕ ਕਿਰਤ ਨੂੰ ਹੀਣ ਸਮਝਣ ਦੀ ਯੁਗਾਂ ਪੁਰਾਣੀ ਰਵਾਇਤ ਟੁੱਟਦੀ ਹੈ, ਸਕੂਲਾਂ ਦਾ ਵਾਤਾਵਰਣ ਬਦਲ ਜਾਂਦਾ ਹੈ ਅਤੇ ਸਮਾਜਿਕ ਵਾਤਾਵਰਣ ‘ਤੇ ਇਸਦਾ ਬਹੁਤ ਚੰਗਾ ਅਸਰ ਪੈਦਾ ਹੈ। ਖੇਤੀ ਮਿਡਲ ਸਕੂਲ ਤਕਨੀਕੀ ਸਕੂਲ ਹੈ, ਜਿਹਨਾਂ ਨੂੰ ਲੋਕਾਂ ਨੇ ਖੁਦ ਕੁਝ-ਕੰਮ ਅਤੇ ਕੁਝ-ਪੜਾਈ ਦੇ ਅਧਾਰ ‘ਤੇ ਸਥਾਪਿਤ ਕੀਤਾ ਹੈ। ਇਸ ਤਰਾਂ ਦੇ ਸਕੂਲਾਂ ‘ਤੋਂ ਵਿਦਿਆਰਥੀਆਂ ਦੀ ਆਪਣੀ ਪੜਾਈ ਜਾਰੀ ਰੱਖਣ ਦੀ ਇੱਛਾ ਪੂਰੀ ਹੁੰਦੀ ਹੈ ਅਤੇ ਖੇਤੀ ਤਕਨੀਸ਼ੀਅਨ ਵੀ ਤਿਆਰ ਹੁੰਦੇ ਹਨ। ਇਹਨਾਂ ਨੂੰ ਕਾਇਮ ਕਰਨਾ ਮੁਕਾਬਲਤਨ ਸੌਖਾ ਹੈ ਅਤੇ ਉਹ ਸਾਡੀ ਅੱਜ ਦੀ ਅਮਲੀ ਜਰੂਰਤ ਨੂੰ ਪੂਰਾ ਕਰਦੇ ਹਨ। ਭਾਵੇਂ ਇਹਨਾਂ ਨੂੰ ਰਾਜ ਤੋਂ ਕੋਈ ਆਰਥਿਕ ਮਦਦ ਨਹੀਂ ਮਿਲ਼ਦੀ, ਪਰ ਫਿਰ ਵੀ ਉਹ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਆਰਥਿਕ ਬੋਝ ਨੂੰ ਘੱਟ ਕਰ ਦਿੰਦੇ ਹਨ। ਇਸ ਲਈ ਸਮੇਂ ਤੋਂ ਉਹਨਾ ਨੂੰ ਹੱਲਾਸ਼ੇਰੀ ਦਿੱਤੀ ਗਈ, ਉਸ ਸਮੇਂ ਤੋਂ ਹੀ ਉਹ ਬਾਂਸ ਦੀਆਂ ਕਰੁੰਬਲਾਂ ਵਾਂਗ ਜਨਮ ਲੈ ਰਹੇ ਹਨ ਅਤੇ ਕੁਝ ਹੀ ਮਹੀਨਿਆਂ ‘ਚ ਉਹਨਾਂ ਦੀ ਗਿਣਤੀ ਦਹਿ ਹਜ਼ਾਰਾਂ ਤੱਕ ਪਹੁੰਚ ਗਈ ਹੈ। ਕਿਉਂਕਿ ਪ੍ਰਾਇਮਰੀ ਪਾਸ ਹੁਣ ਇਸ ਫਿਕਰ ਤੋਂ ਮੁਕਤ ਹੋ ਗਏ ਹਨ ਕਿ ਉਹਨਾਂ ਨੂੰ ਅੱਗੇ ਪੜਨ ਦਾ ਮੌਕਾ ਮਿਲ਼ੇਗਾ ਜਾਂ ਨਹੀਂ, ਇਸ ਲਈ ਲੋਕਾਂ ਦੁਆਰਾ ਸਥਾਪਿਤ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਬਹੁਤੇ ਸੂਬਿਆਂ, ਖੁਦ ਮੁਖ਼ਤਿਆਰ ਸੂਬਿਆਂ ਅਤੇ ਸ਼ਹਿਜਾਂ ‘ਚ ਪ੍ਰਾਇਮਰੀ ਸਕੂਲ ਸਿੱਖਿਆ ਬਹੁਤ ਤੇਜ਼ੀ ਨਾਲ਼ ਸਰਵ-ਵਿਆਪੀ ਹੋ ਗਈ ਹੈ। ਪੈਦਾਵਾਰ ਦੀਆਂ ਵਧਦੀਆਂ ਹੋਈਆਂ ਲੋੜਾਂ ਨੂੰ ਪੂਰਾ ਕਰਨ ਲਈ ਪ੍ਰੌੜ ਸਿੱਖਿਆ ‘ਚ ਵੀ ਵਿਕਾਸ ਹੋਇਆ ਹੈ, ਸਾਖ਼ਰਤਾ ਲਹਿਰ ਆਪਣੇ ਪੂਰੇ ਜੋਬਨ ‘ਤੇ ਹੈ, ਅਤੇ ਸਭ ਤਰਾਂ ਦੇ ਛੁੱਟੀ ਸਮੇਂ ਚੱਲਣ ਵਾਲ਼ੇ ਆਮ ਕੰਮ ਅਤੇ ਬਹੁ-ਤਕਨੀਕੀ ਸਕੂਲ ਕਾਇਮ ਹੋ ਗਏ ਹਨ, ਸੱਭਿਆਚਾਰਕ ਇਨਕਲਾਬ ਦਾ ਇਹ ਮਹਾਨ ਉਭਾਰ ਪਿੰਡ ਤੋਂ ਸ਼ਹਿਰਾਂ ‘ਚ ਫੈਲ ਗਿਆ ਹੈ, ਜਿੱਥੇ ਇੱਕ ਦੂਸਰੀ ਹੀ ਧਾਰਾ ਵਹਿ ਰਹੀ ਹੈ- ਸਕੂਲ ਕਾਰਖਾਨੇ ਕਾਇਮ ਕਰ ਰਹੇ ਹਨ ਅਤੇ ਕਾਰਖਾਨੇ ਸਕੂਲ ਦੀ ਸਥਾਪਨਾ ਕਰ ਰਹੇ ਹਨ।

ਸਕੂਲ ਸਿੱਖਿਆ ਅਤੇ ਪੈਦਾਵਾਰ ਕਿਰਤ ਦੇ ਇਸ ਮੇਲ਼ ਨੇ ਸਕੂਲ ਸਿਲੇਬਸ ਨੂੰ ਸੁਧਾਰਨ ਅਤੇ ਸਕੂਲ ਪ੍ਰਬੰਧ ਬਦਲਣ ਦੀ ਕੋਸ਼ਿਸ਼ ਅਤੇ ਅਧਿਆਪਕ ਮੰਡਲ ਦੀ ਰਚਨਾ ਵਿੱਚ ਬਦਲਾਅ ਕਰਨ ਆਦਿ ਦੀ ਲਹਿਰ ਨੂੰ ਜਨਮ ਦਿੱਤਾ ਹੈ। ਸਾਡਾ ਸਿੱਖਿਆ ਕਾਰਜ ਸੈਂਕੜੇ ਹੋਏ ਖਿੜਦੇ ਹੋਏ ਫੁੱਲਾਂ ਵਾਂਗ ਹੈ, ਉਹ “ਸਰਪਟ ਚਾਲ ਨਾਲ਼ ਅੱਗੇ ਵਧਦੇ ਹੋਏ ਦਸ ਹਜ਼ਾਰ ਘੋੜਿਆਂ” ਵਾਂਗ ਹੈ। ਸਿੱਖਿਆ ਹੁਣ ਮਾਹਿਰਾਂ ਅਤੇ ਕੋਰੇ ਸਿਧਾਂਤਵਾਦ ਇੱਕੋ-ਇੱਕ ਜ਼ਬਤ ਦੀਆਂ ਹੱਦਾਂ ਨੂੰ ਤੋੜ ਰਹੀ ਹੈ, ਜਿਸ ਨਾਲ਼ ਕਿ ਉਹ ਹੁਣ ਸਾਰੀ ਕਮਿਊਨਿਸਟ ਪਾਰਟੀ ਅਤੇ ਲੋਕਾਈ ਦਾ ਕੰਮ ਬਣ ਜਾਵੇ ਅਤੇ ਸਾਡੇ ਦੇਸ਼ ਦੀ ਹਾਲਤ ਦੇ ਅਨੁਸਾਰੀ ਸਮਾਜਵਾਦੀ ਸਿੱਖਿਆ ਦਾ ਰੂਪ ਲੈ ਲਵੇ। ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਇਹ ਕਾਇਆਪਲਟੀ ਹੁੰਦੀ ਰਹੀ ਹੈ। “ਸਿੱਖਿਆ ਦੇ ਖੇਤਰ ‘ਚ, ਜ਼ਿਆਦਾ ਤੋਂ ਜ਼ਿਆਦਾ, ਜਲਦੀ ਤੋਂ ਜਲਦੀ, ਚੰਗੇ ਤੋਂ ਚੰਗਾ ਅਤੇ ਘੱਟ ਤੋਂ ਘੱਟ ਖਰਚ ਵਿੱਚ ਨਤੀਜਾ ਹਾਸਲ ਕਰਨ ਦਾ ਸਿਧਾਂਤ ਲਾਗੂ ਨਹੀਂ ਕੀਤਾ ਜਾ ਸਖ਼ਦਾ”, “’ਸਧਾਰਨ ਆਦਮੀ’ ਮਾਹਿਰਾਂ ਦੀ ਅਗਵਾਈ ਨਹੀਂ ਕਰ ਸਕਦੇ”, “ਕਮਿਊਨਿਸਟ ਪਾਰਟੀ ਦੀਆਂ ਕਮੇਟੀਆਂ ਸਿੱਖਿਆ ਸਬੰਧੀ ਗੱਲਾਂ ਨਹੀਂ ਸਮਝਦੀਆਂ”, “ਆਮ ਲੋਕਾਈ ਸਿੱਖਿਆ ਬਾਰੇ ਕੁਝ ਨਹੀਂ ਜਾਣਦੀ”- ਇਸ ਤਰਾਂ ਦੀਆਂ ਘਟੀਆਂ ਗੱਲਾਂ ਦੀਆਂ ਧੱਜੀਆਂ ਪੂਰੀ ਤਰਾਂ ਉਡਾਈਆਂ ਜਾ ਰਹੀਆਂ ਹਨ।

ਸਾਡੇ ਰਾਜ ‘ਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੈ। ਸਾਡਾ ਰਾਜ ਸਮਾਜਵਾਦੀ ਰਾਜ ਹੈ। ਸਾਡੀ ਸਿੱਖਿਆ ਸਰਮਾਏਦਾਰਾ ਨਹੀਂ ਹੈ, ਸਗੋਂ ਸਮਾਜਵਾਦੀ ਸਿੱਖਿਆ ਹੈ। ਕਮਿਊਨਿਸਟ ਪਾਰਟੀ ਦੀ ਅਗਵਾਈ ਤੋਂ ਬਿਨਾਂ ਅਸੀਂ ਸਮਾਜਵਾਦੀ ਸਿੱਖਿਆ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸਮਾਜਵਾਦੀ ਸਿੱਖਿਆ ਪੁਰਾਣੇ ਸਮਾਜ ਦੀ ਕਾਇਆਪਲਟੀ ਕਰਨ ਅਤੇ ਨਵੇਂ ਸਮਾਜ ਦੀ ਉਸਾਰੀ ਕਰਨ ਦੇ ਤਾਕਤਵਰ  ਸਾਧਨਾਂ ‘ਚੋਂ ਇੱਕ ਹੈ। ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਉਸਾਰੀ ਦਾ ਮਕਸਦ ਹੈ ਸਾਰੀਆਂ ਲੋਟੂ ਜਮਾਤਾਂ ਅਤੇ ਲੁੱਟ ਦੇ ਸਾਰੇ ਪ੍ਰਬੰਧਾਂ ਨੂੰ, ਉਹਨਾ ਦੀ ਰਹਿੰਦ-ਖੂੰਹਦ ਸਮੇਤ, ਤਬਾਹ ਕਰਨਾ ਅਤੇ ਇੱਕ ਅਜਿਹੇ ਕਮਿਊਨਿਸਟ ਸਮਾਜ ਦੀ ਉਸਾਰੀ ਕਰਨੀ ਜਿਸ ਵਿੱਚ “ਹਰੇਕ ਤੋਂ ਉਸਦੀ ਸਮਰੱਥਾ ਅਨੁਸਾਰ ਕੰਮ ਲਿਆ ਜਾਵੇਗਾ ਅਤੇ ਹਰੇਕ ਨੂੰ ਉਸਦੀ ਜਰੂਰਤ ਅਨੁਸਾਰ ਦਿੱਤਾ ਜਾਵੇਗਾ” ਅਤੇ ਜਿਸ ਵਿੱਚ ਸ਼ਹਿਰ ਅਤੇ ਪਿੰਡ ਵਿੱਚ ਅਤੇ ਮਾਨਸਿਕ ਅਤੇ ਸਰੀਰਕ ਕਿਰਤ ਵਿੱਚ ਫਰਕ ਮਿਟਾ ਦਿੱਤਾ ਜਾਵੇਗਾ। ਸਮਾਜਵਾਦੀ ਸਿੱਖਿਆ ਦਾ ਬਿਲਕੁਲ ਇਹ ਹੀ ਮਕਸਦ ਹੈ। ਅਜਿਹੀ ਸਿੱਖਿਆ ਦੀ ਅਗਵਾਈ ਸਿਰਫ ਮਜ਼ਦੂਰ ਜਮਾਤ ਦੀ ਸਿਆਸੀ ਪਾਰਟੀ ਮਤਲਬ ਕਮਿਊਨਿਸਟ ਪਾਰਟੀ ਹੀ ਕਰ ਸਕਦੀ ਹੈ, ਸਰਮਾਏਦਾਰ ਜਮਾਤ ਅਜਿਹੀ ਸਿੱਖਿਆ ਦੀ ਅਗਵਾਈ ਕਰਨ ਯੋਗ ਨਹੀਂ ਹੈ। ਸਿਰਫ ਕਮਿਊਨਿਸਟ ਪਾਰਟੀ ਦੀ ਹੀ ਅਗਵਾਈ ਵਿੱਚ, ਸਿੱਖਿਆ ਉਹ ਨਵਾਂ ਰੂਪ ਧਾਰਨ ਕਰ ਸਕਦੀ ਹੈ, ਜੋ ਅੱਜ ਉਸ ਨੇ ਧਾਰਨ ਕਰ ਲਿਆ ਹੈ।

ਪਿਛਲੇ ਕੁਝ ਸਾਲਾਂ ‘ਚ ਸਿੱਖਿਆ ਨੀਤੀ ਬਾਰੇ ਬੜੀਆਂ ਲੰਬੀਆਂ ਬਹਿਸਾਂ ਹੋਈਆਂ ਹਨ। ਇਸ ਸਾਲ, ਅਪ੍ਰੈਲ ਅਤੇ ਜੂਨ ਦੇ ਮਹੀਨੇ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੁਆਰਾ ਆਯੋਜਤ ਸਿੱਖਿਆ ਕਾਰਜ ਸਬੰਧੀ ਇੱਕ ਇਜਲਾਸ ਵਿੱਚ ਬਹੁਤ ਸਾਰੀਆਂ ਸਿਧਾਂਤਕ ਅਤੇ ਅਮਲੀ ਸਮੱਸਿਆਵਾਂ ਹੱਲ ਕੀਤੀਆਂ ਗਈਆਂ।

ਚੀਨ ਦੀ ਕਮਿਊਨਿਸਟ ਪਾਰਟੀ ਦੀ ਸਿੱਖਿਆ ਨੀਤੀ ਹਮੇਸ਼ਾ ਤੋਂ ਇਹ ਹੀ ਰਹੀ ਹੈ ਕਿ ਸਿੱਖਿਆ ਨੂੰ ਮਜ਼ਦੂਰ ਜਮਾਤ ਦੀ ਸਿਆਸਤ ਦੀ ਸੇਵਾ ਕਰਨੀ ਚਾਹੀਦੀ ਅਤੇ ਉਸ ਨੂੰ ਪੈਦਾਵਾਰਰੀ ਕਿਰਤ ਨਾਲ਼ ਜੋੜਨਾ ਚਾਹੀਦਾ। ਇਸ ਨੀਤੀ ਨੂੰ ਨੂੰ ਲਾਗੂ ਕਰਨ ਲਈ ਸਿੱਖਿਆ ਦਾ ਸੰਚਾਲਨ ਕਮਿਊਨਿਸਟ ਪਾਰਟੀ ਨੂੰ ਕਰਨਾ ਪਵੇਗਾ। ਸਰਮਾਏਦਾਰਾ ਸਿੱਖਿਆ ਨੀਤੀ ਇਸ ਤੋਂ ਬਿਲਕੁਲ ਉਲਟ ਹੈ। ਸਰਮਾਏਦਾਰਾ ਸਿੱਖਿਆ ਦਾ ਸੰਚਾਲਨ ਸਰਮਾਏਦਾਰਾ ਸਿਆਸਤਦਾਨ ਕਰਦੇ ਹਨ; ਉਹ ਸਰਮਾਏਦਾਰਾ ਸਿਆਸਤ ਦੀ ਸੇਵਾ ਕਰਦੀ ਹੈ, ਉਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨਾਲ਼ ਮੇਲ ਨਹੀਂ ਖਾਂਦੀ। ਸਮਾਜਵਾਦੀ ਢਾਂਚੇ ਵਿੱਚ ਸਰਮਾਏਦਾਰਾਂ ਨੂੰ ਸਿੱਧੇ ਅਤੇ ਸ਼ਰੇ•ਆਮ ਇਹ ਵਕਾਲਤ ਕਰਨ ਦੀ ਹਿੰਮਤ ਨੂੰ ਪੈਂਦੀ ਕਿ ਸਿੱਖਿਆ ਦਾ ਸੰਚਾਲਨ ਸਰਮਾਏਦਾਰਾ ਸਿਆਸਤਦਾਨਾਂ ਨੂੰ ਕਰਨਾ ਚਾਹੀਦਾ ਅਤੇ ਉਸ ਨੂੰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਖਿਲਾਫ ਇੱਕ ਸਾਧਨ ਬਣਾਉਣਾ ਚਾਹੀਦਾ। ਇਸ ਨਾਲ਼ ਸਿਰਫ ਅਜਿਹੀਆਂ ਪਖੰਡੀ ਅਤੇ ਚਲਾਕ ਧਾਰਨਾਵਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਕਿ “ਸਿੱਖਿਆ ਦਾ ਸੰਚਾਲਨ ਮਾਹਿਰਾਂ ਨੂੰ ਕਰਨਾ ਚਾਹੀਦਾ” ਅਤੇ “ਸਿੱਖਿਆ ਸਿੱਖਿਆ ਲਈ”, ਜਿਸ ਦਾ ਉਦੇਸ਼ ਹੈ ਸਿੱਖਿਆ ਨੂੰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਸੇਵਾ ਕਰਨ ਤੋਂ ਰੋਕਣਾ। ਇਸ ਲਈ ਸਾਡੇ ਸਮਾਜਵਾਦੀ ਦੇਸ਼ ਵਿੱਚ, ਸਰਮਾਏਦਾਰਾਂ ਦੁਆਰਾ ਦੱਸੀ ਗਈ ਸਿੱਖਿਆ ਨੀਤੀ ਇਹਨਾਂ ਪ੍ਰਸਤਾਵਨਾਵਾਂ ਵਿੱਚ ਸ਼ਾਮਲ ਹਨ, “ਸਿੱਖਿਆ ਸਿੱਖਿਆ ਲਈ”, “ਦਿਮਾਗੀ ਕੰਮ ਅਤੇ ਸਰੀਰਕ ਕੰਮ ਅਲੱਗ-ਅਲੱਗ ਹਨ” ਅਤੇ “ਸਿੱਖਿਆ ਦਾ ਸੰਚਾਲਨ ਮਾਹਿਰਾਂ ਨੂੰ ਕਰਨਾ ਚਾਹੀਦਾ”।

ਸਿੱਖਿਆ ਸਭ ਤੋਂ ਪਹਿਲਾਂ ਗਿਆਨ ਦਾ ਲੈਣ-ਦੇਣ ਹੈ। ਪਰ ਗਿਆਨ ਕੀ ਹੈ? ਗਿਆਨ ਦੇ ਲੈਣ-ਦੇਣ ਦਾ ਉਦੇਸ਼ ਕੀ ਹੈ? ਅਸੀਂ ਕਮਿਊਨਿਸਟ ਇਹਨਾਂ ਸਵਾਲਾਂ ਦੀ ਵਿਆਖਿਆ ਸਰਮਾਏਦਾਰਾਂ ਤੋਂ ਵੱਖਰੀ ਕਰਦੇ ਹਾਂ। ਜ਼ਿਆਦਾਤਰ ਸਰਮਾਏਦਾਰਾ ਅਧਿਆਪਕਾਂ ਦਾ ਮਤ ਹੈ ਕਿ ਸਿਰਫ ਕਿਤਾਬੀ ਗਿਆਨ ਹੀ ਹਕੀਕਤ ‘ਚ ਗਿਆਨ ਹੈ ਅਤੇ ਅਮਲੀ ਤਜ਼ਰਬੇ ਨੂੰ ਗਿਆਨ ਨਹੀਂ ਮੰਨਿਆ ਜਾ ਸਕਦਾ। ਇਸ ਲਈ ਉਸਦਾ ਮੰਨਣਾ ਹੈ ਕਿ ਸਿੱਖਿਆ ਦਾ ਮਤਲਬ ਹੈ ਕਿਤਾਬਾਂ ਪੜਨਾ, ਆਦਮੀ ਜਿੰਨੀਆਂ ਜ਼ਿਆਦਾ ਕਿਤਾਬਾਂ ਪੜਦਾ ਹੈ, ਓਨਾ ਹੀ ਜ਼ਿਆਦਾ ਉਸਦਾ ਗਿਆਨ ਹੁੰਦਾ ਹੈ ਅਤੇ ਜਿਹਨਾਂ ਲੋਕਾਂ ਦਾ ਕਿਤਾਬੀ ਗਿਆਨ ਜ਼ਿਆਦਾ ਹੈ, ਉਹ ਜ਼ਿਆਦਾ ਉੱਚੀ ਜਮਾਤ ਦੇ ਹਨ, ਜਿੱਥੋਂ ਤੱਕ ਪੈਦਾਵਾਰੀ ਕਿਰਤ, ਖਾਸ ਤੌਰ ‘ਤੇ, ਸਰੀਰਕ ਕਿਰਤ ਅਤੇ ਸਰੀਰਕ ਕਿਰਤੀਆਂ ਦਾ ਸਵਾਲ ਹੈ, ਉਹ ਸਮਝਦੇ ਹਨ ਕਿ ਇਸ ਸਭ ਉਹਨਾ ਤੋਂ ਹੇਠਲੇ ਦਰਜੇ ਦੇ ਲੋਕਾਂ ਦਾ ਕੰਮ ਹੈ, ਇੱਕ “ਹਨੇਰੀ ਗਲੀ” ਵਾਂਗ ਹੈ। ਕੁਝ ਦੂਸਰੇ ਸਰਮਾਏਦਾਰਾ ਅਧਿਆਪਕ ਇਹ ਕਹਿੰਦੇ ਹਨ ਕਿ ਸਿੱਖਿਆ ਹੀ ਜੀਵਨ ਹੈ ਅਤੇ ਜੀਵਨ ਹੀ ਸਿੱਖਿਆ ਹੈ। ਉਹ ਜੀਵਨ ਨੂੰ ਜਮਾਤੀ ਸੰਘਰਸ਼ ਅਤੇ ਪੈਦਾਵਾਰ ਲਈ ਸੰਘਰਸ਼ ਦੇ ਰੂਪ ਵਿੱਚ ਨਹੀਂ ਦੇਖਦੇ ਅਤੇ ਨਾ ਹੀ ਉਹ ਸਿਧਾਂਤ ਦੀ ਅਹਿਮੀਅਤ ‘ਤੇ ਜੋਰ ਦਿੰਦੇ ਹਨ। ਇਸ ਲਈ ਅੰਤ ਵਿੱਚ ਉਹ ਸਿੱਖਿਆ ਨੂੰ ਖਤਮ ਕਰ ਦੇਣ ਦੀ ਗੱਲ ਕਰਦੇ ਹਨ। ਇਹ ਦੋਵੇਂ ਤਰਾਂ ਦੇ ਸਰਮਾਏਦਾਰਾ ਵਿਚਾਰ, ਭਾਵੇਂ ਕਿ ਇੱਕ ਦੂਸਰੇ ਦੇ ਬਿਲਕੁਲ ਉਲਟ ਲੱਗਦੇ ਹਨ, ਪਰ ਫਿਰ ਵੀ ਉਹ ਇੱਕ ਹੀ ਜੜ ਤੋਂ ਉਪਜੇ ਹਨ। ਉਹਨਾਂ ਦਾ ਮਤਲਬ ਇਹ ਹੈ ਕਿ ਮਨੁੱਖੀ ਜਾਤੀ ਵਿੱਚ ਕੋਈ ਜਮਾਤੀ ਫਰਕ ਨਹੀਂ ਹੈ ਅਤੇ ਸਿੱਖਿਆ ਵਿਗਿਆਨ ਦੀ ਇੱਕ ਅਜਿਹੀ ਸ਼ਾਖ਼ਾ ਹੈ ਜੋ ਸਾਰੀਆਂ ਜਮਾਤਾਂ ਤੋਂ ਉੱਪਰ ਹੈ। ਅਸੀਂ ਕਮਿਊਨਿਸਟ ਇਸ ਸਵਾਲ ਨੂੰ ਵੱਖਰੇ ਨਜ਼ਰੀਏ ਨਾਲ਼ ਦੇਖਦੇ ਹਾਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements