ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਜੋੜਨਾ ਜਰੂਰੀ ਹੈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ‘ਲਲਕਾਰ’ ਅੰਕ 17, 16-31 ਅਕਤੂਬਰ, 2017)

ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਮਿਲਾਉਣ, ਸਿਧਾਂਤ ‘ਤੇ ਅਮਲ ਸ਼ੁਰੂ ਕਰਨ ਨਾਲ਼, ਸਕੂਲਾਂ ਦੇ ਆਪਣੇ ਕਾਰਖਾਨੇ ਅਤੇ ਫਾਰਮ ਕਾਇਮ ਕਰਨ ਨਾਲ਼ ਅਤੇ ਕਾਰਖਾਨਿਆਂ ਅਤੇ ਖੇਤੀ ਸਹਿਕਾਰੀ ਫਾਰਮਾਂ ਦੇ ਵੱਡੇ ਪੱਧਰ ‘ਤੇ ਆਪਣੇ ਸਕੂਲ ਖੋਲਣ ਨਾਲ਼, ਇੱਕ ਅਜਿਹੀ ਸ਼ਾਨਦਾਰ ਹਾਲਤ ਪੈਦਾ ਹੋ ਰਹੀ ਹੈ ਜਿਸ ਵਿੱਚ ਕਿ ਵਿਦਿਆਰਥੀ ਹੋਣ ਦੇ ਨਾਲ਼-ਨਾਲ਼ ਮਜ਼ਦੂਰ ਅਤੇ ਕਿਸਾਨ ਵੀ ਹਨ ਅਤੇ ਮਜ਼ਦੂਰ ਅਤੇ ਕਿਸਾਨ ਹੋਣ ਦੇ ਨਾਲ਼-ਨਾਲ਼ ਵਿਦਿਆਰਥੀ ਵੀ ਹਨ। ਇਸ ਵਿੱਚ ਵੀ ਕਮਿਊਨਿਸਟ ਸਮਾਜ ਦੇ ਅੰਕੁਰ ਮੌਜੂਦ ਹਨ। ਇਹ ਕਲਪਣਾ ਕੀਤੀ ਜਾ ਸਕਦੀ ਹੈ ਕਿ ਜਦ ਚੀਨ ਕਮਿਊਨਿਜ਼ਮ ਵਿੱਚ ਦਾਖਲ ਹੋਵੇਗਾ ਤਾਂ ਸਾਡੀਆਂ ਬੁਨਿਆਦੀ ਸਮਾਜਿਕ ਜਥੇਬੰਦੀਆਂ ਬਹੁਤੀਆਂ ਕਮਿਊਨਿਸਟ ਕਮਿਊਨ ਹੋਣਗੀਆਂ। ਕੁੱਝ ਛੌਟਾਂ ਤੋਂ ਬਿਨਾਂ ਹਰ ਬੁਨਿਆਦੀ ਇਕਾਈ ਵਿੱਚ ਮਜ਼ਦੂਰ, ਕਿਸਾਨ, ਵਪਾਰੀ, ਵਿਦਿਆਰਥੀ ਅਤੇ ਮਲੀਸ਼ੀਆ ਹੋਵੇਗੀ। ਸਿੱਖਿਆ ਦੇ ਖੇਤਰ ਵਿੱਚ ਹਰੇਕ ਬੁਨਿਆਦੀ ਇਕਾਈ ਕੋਲ ਆਪਣੇ ਪ੍ਰਾਇਮਰੀ ਅਤੇ ਸਕੈਂਡਰੀ ਸਕੂਲ ਹੋਣਗੇ ਅਤੇ ਉੱਚ-ਸਿੱਖਆ ਸੰਸਥਾਵਾਂ ਹੋਣਗੀਆਂ। ਇਸਦੇ ਨਾਲ਼-ਨਾਲ਼ ਹਰ ਵਿਅਕਤੀ ਕੋਲ, ਚਾਹੇ ਉਹ ਮਜ਼ਦੂਰ ਹੋਵੇ ਜਾਂ ਬੁੱਧੀਜੀਵੀ, ਸਿੱਖਿਆ ਹਾਸਲ ਕਰਨ ਲਈ ਲੋੜੀਂਦਾ ਸਮਾਂ ਹੋਵੇਗਾ। ਏਂਗਲਜ਼ ਨੇ “ਘਰਾਂ ਦੀ ਸਮੱਸਿਆ” ਵਿੱਚ ਇਸ ਹਾਲਤ ਦੀ ਪਹਿਲਾ ਹੀ ਕਲਪਣਾ ਕਰ ਲਈ ਸੀ। ਉਹਨਾਂ ਨੇ ਕਿਹਾ, “ਠੀਕ ਇਸੇ ਸੱਨਅਤੀ ਇਨਕਲਾਬ ਕਾਰਨ ਮਨੁੱਖੀ ਕਿਰਤ ਦੀ ਪੈਦਾਵਾਰੀ ਤਾਕਤ ਏਨੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ ਕਿ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਸੰਭਾਵਨਾ ਮੌਜੂਦ ਹੈ ਕਿ ਜੇਕਰ ਸਾਰੇ ਲੋਕਾਂ ਵਿੱਚ ਕਿਰਤ ਦੀ ਢੁਕਵੀਂ ਵੰਡ ਕੀਤੀ ਜਾਵੇ ਤਾਂ ਨਾ ਸਿਰਫ ਸਮਾਜ ਵਿੱਚ ਸਾਰੇ ਲੋਕਾਂ ਨੂੰ ਭਰਪੂਰ ਖਪਤ ਲਈ ਅਤੇ ਇੱਕ ਬਹੁਤ ਵੱਡੀ ਮਾਤਰਾ ਵਿੱਚ ਸੁਰੱਖਿਅਤ ਫੰਡ ਜਮਾਂ ਕਰਨ ਲਈ ਕਾਫੀ ਪੈਦਾਵਾਰ ਹੋਵੇਗੀ, ਸਗੋਂ ਹਰ ਇੱਕ ਵਿਅਕਤੀ ਨੂੰ ਕਾਫੀ ਵਿਹਲ ਵੀ ਮਿਲ਼ ਸਕੇਗੀ ਜਿਸ ਨਾਲ਼ ਕਿ ਇਤਿਹਾਸ ਤੋਂ ਵਿਰਾਸਤ ਦੇ ਰੂਪ ਵਿੱਚ ਹਾਸਲ ਸੱਭਿਆਚਾਰ ਵਿੱਚ- ਵਿਗਿਆਨ, ਕਲਾ, ਸਮੂਹਿਕ ਜੀਵਨ ਦੇ ਰੂਪਾਂ- ਜੋ ਕੁਝ ਅਸਲ ‘ਚ ਸੁਰੱਖਿਅਤ ਰੱਖਣ ਯੋਗ ਹੋਵੇ, ਉਸ ਨੂੰ ਨਾ ਸਿਰਫ ਸੁਰੱਖਿਅਤ ਰੱਖਿਆ ਜਾਵੇ ਸਗੋਂ ਉਸ ‘ਤੋਂ ਹਾਕਮ ਜਮਾਤ ਦੀ ਇਜਾਰੇਦਾਰੀ ਖ਼ਤਮ ਕਰਕੇ ਉਸ ਨੂੰ ਸਾਰੇ ਸਮਾਜ ਦੀ ਆਮ ਜਾਇਦਾਦ ਬਣਾ ਦਿੱਤਾ ਜਾਵੇ।” ਇਸ ਆਦਰਸ਼ ਨੂੰ ਹਾਸਲ ਕਰਨ ਲਈ ਸਾਡੇ ਸਿੱਖਿਆ ਕਾਰਜ ਨੂੰ ਮਾਨਸਿਕ ਕਿਰਤ ਅਤੇ ਸਰੀਰਕ ਕਿਰਤ ਨੂੰ ਅਲੱਗ ਕਰਨ ਦੀ ਦਿਸ਼ਾ ਵਿੱਚ ਨਹੀਂ ਸਗੋਂ ਉਸ ਨੂੰ ਮਾਨਸਿਕ ਕਿਰਤ ਨੂੰ ਸਰੀਰਕ ਕਿਰਤ ਨਾਲ਼ ਅਤੇ ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਮਿਲਾਉਣ ਦੀ ਦਿਸ਼ਾ ਵਿੱਚ ਵਧਣਾ ਚਾਹੀਦਾ।

ਸਰਮਾਏਦਾਰਾ ਸਿੱਖਿਆ-ਸ਼ਾਸਤਰੀਆਂ ਦੀ ਨਜ਼ਰ ‘ਚ ਸਿੱਖਿਆ ਦਾ ਵਿਕਾਸ ਜ਼ਿਆਦਾ ਤੋਂ ਜ਼ਿਆਦਾ, ਜਲਦੀ ਤੋਂ ਜਲਦੀ, ਚੰਗੇ ਤੋਂ ਚੰਗੇ ਅਤੇ ਘੱਟ ਤੋਂ ਘੱਟ ਖਰਚ ਵਿੱਚ ਹੋਣਾ ਅਸੰਭਵ ਹੈ। ਪਰ ਇਸ ਸਾਲ ਦੇ ਸ਼ੁਰੂ ‘ਚ ਹੀ ਸਿੱਖਿਆ ਕਾਰਜ ਵਿੱਚ ਵਿਆਪਕ ਵਿਕਾਸ ਹੋਇਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਿੱਖਿਆ ਕਾਰਜ ਵਿੱਚ ਜਨਤਕ-ਲੀਹ ਨੂੰ ਅਮਲ ‘ਚ ਲਿਆਉਣ ਨਾਲ਼ ਸਿੱਖਿਆ ਦਾ ਵਿਕਾਸ ਜ਼ਿਆਦਾ ਤੋਂ ਜ਼ਿਆਦਾ, ਜਲਦੀ ਤੋਂ ਜਲਦੀ- ਚੰਗੇ ਤੋਂ ਚੰਗੇ ਅਤੇ ਘੱਟ ਤੋਂ ਘੱਟ ਖਰਚ ਵਿੱਚ ਹੋ ਸਕਦਾ ਹੈ। ਸਕੂਲਾਂ ਦੀ ਸਥਾਪਨਾ ਲਈ ਆਮ ਲੋਕਾਂ ‘ਚ ਪਹਿਲਕਦਮੀ ਦੀ ਭਾਵਨਾ ਜਗਾਉਣ ਦਾ ਇੱਕ ਮਹੱਤਵਪੂਰਨ ਤਰੀਕਾ ਇਹ ਹੈ ਕਿ ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਜੋੜਿਆ ਜਾਵੇ ਅਤੇ ਉਸ ਨੂੰ ਕਿਸਾਨ ਮਜ਼ਦੂਰਾਂ ਦੇ ਹਾਰਦਿਕ ਸਵਾਗਤ ਦਾ ਵਿਸ਼ਾ ਬਣਾਇਆ ਜਾਵੇ। ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਜਨਤਕ-ਲੀਹ ਨੂੰ ਅਮਲ ‘ਚ ਲਿਆਕੇ ਸਕੂਲ ਚਲਾਉਣ ਦੇ ਸਿਧਾਂਤ ਇਹ ਹਨ : ਪਹਿਲਾ, ਏਕਤਾ ਨੂੰ ਭਿੰਨਤਾਵਾਂ ਨਾਲ਼ ਮਿਲਾਉਣਾ। ਸਿਖਲਾਈ ਦਾ ਉਦੇਸ਼ ਏਕੀਕਿਰਤ ਹੈ, ਯਾਨੀ ਸਮਾਜਵਾਦੀ ਵਿਚਾਰ ਰੱਖਣ ਵਾਲ਼ੇ ਸਿੱਖਿਅਤ ਮਜ਼ਦੂਰਾਂ ਨੂੰ ਸਿੱਖਿਅਤ ਕਰਨਾ। ਕੇਂਦਰੀ ਜਾਂ ਸਥਾਨਕ ਅਧਿਕਾਰੀ, ਕਾਰਖਾਨੇ ਅਤੇ ਖਾਣਾ, ਸੱਨਅਤ-ਧੰਦੇ ਅਤੇ ਖੇਤੀ ਸਹਿਕਾਰੀ ਫਾਰਮ ਸਕੂਲ ਚਲਾ ਸਕਦੇ ਹਨ ਅਤੇ ਇਹਨਾਂ ਸਕੂਲਾਂ ਦੇ ਭਿੰਨ-ਭਿੰਨ ਰੂਪ ਹੋ ਸਕਦੇ ਹਨ। ਉਹ ਪੂਰੇ ਸਮੇਂ ਦੇ ਸਕੂਲ ਹੋ ਸਕੇਦ ਹਨ ਜਾਂ ਕੁਝ-ਕੰਮ ਅਤੇ ਕੁਝ-ਪੜਾਈ ਅਤੇ ਛੁੱਟੀ ਸਮੇਂ ਵਾਲ਼ੇ ਸਕੂਲ ਹੋ ਸਕਦੇ ਹਨ। ਉਹ ਫੀਸ ਲੈਣ ਵਾਲ਼ੇ ਸਕੂਲ ਹੋ ਸਕਦੇ ਹਨ ਜਾਂ ਮੁਫਤ ਪੜਾਈ ਵਾਲ਼ੇ ਸਕੂਲ ਹੋ ਸਕਦੇ ਹਨ। ਜਿਵੇਂ ਜਿਵੇਂ ਪੈਦਾਵਾਰ ‘ਚ ਜ਼ਿਆਦਾ ਤੋਂ ਜ਼ਿਆਦਾ ਵਿਕਾਸ ਹੁੰਦਾ ਜਾਵੇਗਾ ਅਤੇ ਕੰਮ ਕਰਨ ਦੇ ਘੰਟੇ ਘੱਟ ਕੀਤੇ ਜਾ ਸਕਣਗੇ, ਤਾਂ ਮੌਜੂਦਾ ਛੁੱਟੀ ਸਮੇਂ ਵਾਲ਼ੇ ਸਕੂਲ ਵੀ ਕੁਝ-ਕੰਮ ਅਤੇ ਕੁਝ-ਪੜਾਈ ਵਾਲ਼ੇ ਸਕੂਲ ਵਾਂਗ ਹੋ ਜਾਣਗੇ। ਜਦ ਪੈਦਾਵਾਰ ‘ਚ ਹੋਰ ਜ਼ਿਆਦਾ ਵਿਕਾਸ ਹੋਵੇਗਾ ਅਤੇ ਸਾਂਝੇ ਇਕੱਤਰੀਕਰਨ ‘ਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਤਾਂ ਫੀਸ ਲੈਣ ਵਾਲ਼ੇ ਸਕੂਲ ਵੀ ਮੁਫਤ ਪੜਾਈ ਵਾਲ਼ੇ ਸਕੂਲ ਹੋ ਜਾਣਗੇ।

ਦੂਸਰਾ, ਸਿੱਖਿਆ ਦੇ ਵਿਆਪਕ ਪ੍ਰਸਾਰ ਨੂੰ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਨਾਲ਼ ਮਿਲਾਉਣਾ। ਲੋਕ ਪ੍ਰਚਾਰ ਦੇ ਅਧਾਰ ‘ਤੇ ਸਿੱਖਿਆ ਦਾ ਪੱਧਰ ਉੱਪਰ ਚੁੱਕਣਾ ਚਾਹੀਦਾ ਅਤੇ ਲੋਕ ਪ੍ਰਚਾਰ ਦੀ ਰਹਿਨੁਮਾਈ ਇਸ ਤਰਾਂ ਕਰਨੀ ਚਾਹੀਦੀ ਕਿ ਸਿੱਖਿਆ ਦਾ ਪੱਧਰ ਉੱਪਰ ਉੱਠ ਸਕੇ। ਕੁਝ ਪੂਰੇ ਸਮੇਂ ਵਾਲ਼ੇ ਸਕੂਲ, ਕੁਝ-ਪੜਾਈ ਅਤੇ ਕੁਝ-ਕੰਮ ਵਾਲ਼ੇ ਸਕੂਲ ਅਤੇ ਛੁੱਟੀ ਸਮੇਂ ਵਾਲ਼ੇ ਸਕੂਲ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ ਅਤੇ ਨਾਲ਼-ਨਾਲ਼ ਕੁਝ-ਪੜਾਈ ਅਤੇ ਕੁਝ-ਕੰਮ ਅਤੇ ਛੁੱਟੀ ਸਮੇਂ ਦੇ ਕੋਰਸਾਂ ਰਾਹੀਂ ਸਿੱਖਿਆ ਦਾ ਵਿਆਪਕ ਪੱਧਰ ‘ਤੇ ਲੋਕ ਪ੍ਰਚਾਰ ਵੀ ਕਰਦੇ ਹਨ। ਸਿੱਖਿਆ ਦਾ ਲੋਕ ਪ੍ਰਚਾਰ ਕਰਨ ਵਾਲ਼ੇ ਸਕੂਲ ਕਿਉਂਕਿ ਕੁਝ-ਪੜਾਈ ਅਤੇ ਕੁਝ ਕੰਮ ਵਾਲ਼ੇ ਸਕੂਲ ਹਨ, ਇਸ ਲਈ ਉਹ ਆਪਣੇ ਖਰਚ ਦਾ ਪੂਰਾ ਹਿੱਸਾ ਜਾਂ ਇੱਕ ਵੱਡਾ ਹਿੱਸਾ ਖੁਦ ਝੱਲ ਸਕਦੇ ਹਨ ਅਤੇ ਉਹ “ਹਰ ਯੋਗ ਵਿਅਕਤੀ ਪੜ ਸਕਦੇ ਹਨ” ਦੇ ਸਿਧਾਂਤ ਅਨੁਸਾਰ ਸਥਾਨਕ ਅਧਿਆਪਕ ਵੀ ਲੱਭ ਸਕਦੇ ਹਨ। ਬਾਅਦ ਵਿੱਚ ਸਰਕਾਰ ਦੀ ਸਹਾਇਤਾ ਨਾਲ਼ ਉਹ ਹੌਲ਼ੀ-ਹੌਲ਼ੀ ਪਾਠਕ੍ਰਮ, ਸਾਜ-ਸਮਾਨ ਅਤੇ ਅਧਿਆਪਕ ਮੰਡਲ ਨੂੰ ਪੂਰਾ ਕਰਕੇ ਵਿਕਾਸ ਕਰ ਸਕਦੇ ਹਨ। ਜਿਹਨਾਂ ਸਕੂਲਾਂ ਵਿੱਚ ਕਿਰਤ ਦਾ ਕੋਰਸ ਨਹੀਂ ਹੈ ਉੱਥੇ ਕਿਰਤ ਦੇ ਕੋਰਸ ਖੋਲਣ ‘ਤੇ ਜੋਰ ਦੇਣਾ ਚਾਹੀਦਾ ਅਤੇ ਜਿਹਨਾਂ ਸਕੂਲਾਂ ਵਿੱਚ ਬੁਨਿਆਦੀ ਕੋਰਸ ਨਹੀਂ ਹਨ ਉੱਥੇ ਬੁਨਿਆਦੀ ਕੋਰਸ ਖੋਲਣ ‘ਤੇ ਜੋਰ ਦੇਣਾ ਚਾਹੀਦਾ ਤਾਂ ਕਿ ਦੋਵੇਂ ਤਰਾਂ ਦੇ ਸਕੂਲ ਆਪਣੀਆਂ-ਆਪਣੀਆਂ ਕਮੀਆਂ ਪੂਰੀਆਂ ਕਰਦਿਆਂ ਹੋਇਆਂ ਵਿਕਾਸ ਕਰ ਸਕਣ ਅਤੇ ਸਿਧਾਂਤ ਨੂੰ ਅਮਲ ਨਾਲ਼ ਮਿਲਾਉਣ ਦੀ ਨੀਤੀ ਨੂੰ ਹੋਰ ਚੰਗੀ ਤਰਾਂ ਅਮਲ ‘ਚ ਲਿਆ ਸਕਣ।

ਤੀਸਰਾ, ਚਹੁੰਮੁਖੀ ਯੋਜਨਾ ਨੂੰ ਵਿਕੇਂਦਰੀਕਰਨ ਨਾਲ਼ ਮਿਲਾਉਣਾ ਅਤੇ ਜ਼ਿਆਦਾ ਤੋਂ ਜ਼ਿਆਦਾ, ਜਲਦੀ ਤੋਂ ਜਲਦੀ, ਚੰਗੇ ਤੋਂ ਚੰਗੇ ਅਤੇ ਘੱਟ ਤੋਂ ਘੱਟ ਖਰਚ ਵਿੱਚ ਸਿੱਖਿਆ ਦਾ ਵਿਕਾਸ ਕਰਨ ਲਈ ਕੇਂਦਰੀ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਸਥਾਨਕ ਸ਼ਾਸਨ ਦੋਨਾਂ ਵਿੱਚ ਹੀ ਅਤੇ ਆਮ ਲੋਕਾਂ ਵਿੱਚ ਪਹਿਲਕਦਮੀ ਦੀ ਭਾਵਨਾ ਜਗਾਉਣਾ। ਸਿੱਖਿਆ ਕਾਰਜ ਦੀ ਯੋਜਨਾ ਬਣਾਉਣ ‘ਚ। ਪਾਰਟੀ ਕਮੇਟੀਆਂ ਦੀ ਰਹਿਨੁਮਾਈ ਵਿੱਚ ਕੇਂਦਰੀ ਅਤੇ ਸਥਾਨਕ ਅਧਿਕਾਰੀ ਸਿੱਖਿਆ ਦਾ ਜਿੰਨਾ ਹੋ ਸਕੇ ਤੇਜ਼ ਵਿਕਾਸ ਕਰ ਸਕਦੇ ਹਨ ਅਤੇ ਨਾਲ਼ ਹੀ ਉਹ ਸਿੱਖਿਆ ਦੇ ਇਸ ਵਿਕਾਸ ਨੂੰ ਪੈਦਾਵਾਰ ਦੇ ਵਿਕਾਸ ਵਿੱਚ ਰੁਕਾਵਟ ਨਾ ਬਣਕੇ, ਲਾਭਕਾਰੀ ਬਣ ਸਕਦੇ ਹਨ।

ਚੌਥਾ, ਸਕੂਲਾਂ ਵਿੱਚ ਸਿਆਸੀ, ਵਿਭਾਗੀ, ਸਿੱਖਿਆ ਅਤੇ ਖੋਜ ਕਾਰਜਾਂ ਵਿੱਚ ਜਨਤਕ-ਲੀਹ ਲਾਗੂ ਕਰਨ। ਇਸ ਤਰਾਂ ਦੇ ਸਾਰੇ ਕਾਰਜਾਂ ਵਿੱਚ ਇਹ ਜਰੂਰੀ ਹੈ ਕਿ ਪਾਰਟੀ ਕਮੇਟੀਆਂ ਦੀ ਰਹਿਨੁਮਾਈ ਵਿੱਚ ਸ਼ਰੇਆਮ ਅਤੇ ਅਜ਼ਾਦ ਰੂਪ ‘ਚ ਵਿਚਾਰ ਪ੍ਰਗਟ ਕਰਨ ਦਾ ਤਰੀਕਾ, ਪੋਸਟਰਾਂ ਦਾ ਤਰੀਕਾ ਅਤੇ “ਤਿੰਨ ਮੇਲਾਂ” ਦਾ ਤਰੀਕਾ ਅਪਣਾਇਆ ਜਾਏ (ਉਦਾਹਰਣ ਲਈ, ਅਧਿਆਪਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇਣ ਲਈ, ਪਾਰਟੀ ਕੇਮਟੀ ਦੀ ਅਗਵਾਈ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕੋਸ਼ਿਸ਼ ਨੂੰ ਮਿਲਾਉਣ ਦਾ ਤਰੀਕਾ ਅਪਣਾਇਆ ਜਾ ਸਕਦਾ ਹੈ ਅਤੇ ਅਧਿਆਪਨ-ਕਾਰਜ ਵਿੱਚ, ਪਾਰਟੀ ਕਮੇਟੀ ਦੀ ਅਗਵਾਈ ਵਿੱਚ, ਖਾਸ ਖੇਤਰਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ਼ ਅਮਲੀ ਤਜ਼ਰਬੇ ਵਾਲ਼ੇ ਲੋਕਾਂ ਨੂੰ ਲੈਕਚਰ ਦੇਣ ਲਈ ਸੱਦਾ ਦੇਣ ਦਾ ਤਰੀਕਾ ਅਪਣਾਇਆ ਜਾ ਸਕਦਾ ਹੈ), ਅਤੇ ਅਗਵਾਈ ਅਤੇ ਸਧਾਰਨ ਮੁਲਾਜ਼ਮਾਂ ਵਿਚਕਾਰ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ, ਪੁਰਾਣੇ ਨਿਆਂ-ਵਿਰੁੱਧ ਸਬੰਧਾਂ ਨੂੰ ਬਦਲ ਕੇ, ਬਰਾਬਰੀ ਦੇ ਜਮਹੂਰੀ ਸਬੰਧ ਕਾਇਮ ਕੀਤੇ ਜਾਣ। ਤਜ਼ਰਬੇ ਤੋਂ ਸਿੱਧ ਹੋਇਆ ਹੈ ਕਿ ਜਿੱਥੇ ਇਹ ਤਰੀਕੇ ਅਪਣਾਏ ਗਏ ਹਨ, ਉੱਥੇ ਹੈਰਾਨੀਜਨਕ ਸਫਲਤਾਵਾਂ ਹਾਸਲ ਹੋਈਆਂ ਹਨ।

ਸਿੱਖਿਆ ਅਤੇ ਕਿਰਤ ਦੇ ਮੇਲ਼ ਨੂੰ ਅਮਲ ‘ਚ ਲਿਆਉਣ ਤੋਂ ਪਹਿਲਾਂ, ਇੱਕ ਸੰਘਰਸ਼ ਚਲਾਉਣਾ ਪਵੇਗਾ ਅਤੇ ਇਹ ਸੰਘਰਸ਼ ਲਮਕਵਾਂ ਹੋਵੇਗਾ। ਕਿਉਂ? ਕਿਉਂਕਿ ਇਹ ਇੱਕ ਅਜਿਹਾ ਇਨਕਲਾਬ ਹੈ, ਜਿਸ ਨਾਲ਼ ਸਿੱਖਿਆ ਕਾਰਜ ਦੀ ਹਜ਼ਾਰਾਂ ਸਾਲ ਪੁਰਾਣੀ ਰਵਾਇਤ ਟੁੱਟ ਜਾਵੇਗੀ। ਹਜ਼ਾਰਾਂ ਸਾਲ ਤੱਕ ਮਾਨਸਿਕ ਕਿਰਤ ਨੂੰ ਸਰੀਰਕ ਕਿਰਤ ਤੋਂ ਅਲੱਗ ਰੱਖਣ ਦਾ ਸਿਧਾਂਤ ਸਿੱਖਿਆ ਕਾਰਜ ‘ਤੇ ਹਾਵੀ ਰਿਹਾ ਹੈ। ਇਤਿਹਾਸ ਵਿੱਚ, ਸਾਰੀਆਂ ਹਾਕਮ ਜਮਾਤਾਂ ਨੇ ਇਸ ਸਿਧਾਂਤ ਦਾ ਸਖ਼ਤੀ ਨਾਲ਼ ਪਾਲਣ ਕੀਤਾ ਹੈ। ਦੋ ਹਜ਼ਾਰ ਸਾਲ ਤੋਂ ਵੀ ਪਹਿਲਾਂ, ਕਨਫੂਸ਼ਿਅਸ (ਖੁਢ-ਚ) ਨੇ ਸਿੱਖਿਆ ਨੂੰ ਪੈਦਾਵਾਰੀ ਕਿਰਤ ਨਾਲ਼ ਮਿਲਾਉਣ ਦਾ ਵਿਰੋਧ ਕੀਤਾ ਸੀ। ਜਦ ਫਾਨ-ਛ17 ਨੇ ਅਰਦਾਸ ਕੀਤੀ ਕਿ “ਮੈਨੂੰ ਖੇਤੀਬਾੜੀ ਦਾ ਕੰਮ ਸਿਖਾਇਆ ਜਾਵੇ” ਅਤੇ (ਖੁਢ-ਚ) ਨੇ ਉਸਨੂੰ ਬਿਨਾਂ ਕਿਸੇ ਵੱਡੀ ਚਾਹਤ ਵਾਲ਼ਾ ਇੱਕ “ਮਾਮੂਲੀ ਆਦਮੀ” ਕਹਿ ਕੇ ਨਜ਼ਰਅੰਦਾਜ ਕੀਤਾ। ਮੇਨਸ਼ਿਅਮ (ਮਢ-ਚ)  ਨੇ ਇਹ ਕਹਿ ਕੇ ਛਵੀ ਸ਼ਾਂਢ18 ਦਾ ਵਿਰੋਧ ਕੀਤਾ: “ਜੋ ਲੋਕ ਆਪਣੇ ਦਿਮਾਗ ਵਿੱਚ ਕਿਰਤ ਕਰਦੇ  ਹਨ, ਉਹ ਦੂਸਰਿਆਂ ‘ਤੇ ਹਕੂਮਤ ਕਰਦੇ ਹਨ; ਜੋ ਲੋਕ ਆਪਣੀ ਸਰੀਰਕ ਤਾਕਤ ਨਾਲ਼ ਕਿਰਤ ਕਰਦੇ ਹਨ, ਉਹਨਾਂ ‘ਤੇ ਦੂਸਰੇ ਲੋਕ ਹਕੂਮਤ ਕਰਦੇ ਹਨ, ਜਿਹਨਾਂ ਲੋਕਾਂ ‘ਤੇ ਦੂਸਰਿਆਂ ਦੁਆਰਾ ਹਕੂਮਤ ਕੀਤੀ ਜਾਂਦੀ ਹੈ, ਉਹ ਉਹਨਾਂ ਦਾ ਪੋਸ਼ਣ ਕਰਦੇ ਹਨ। ਇਹ ਇੱਕ ਅਜਿਹਾ ਸਿਧਾਂਤ ਹੈ ਜਿਸ ਨੂੰ ਸਰਵਵਿਆਪਕ ਮਾਨਤਾ ਪ੍ਰਾਪਤ ਹੈ” ਇਸ ਸਵਾਲ ‘ਤੇ ਸਰਮਾਏਦਾਰਾ ਸਿੱਖਿਆ ਕਨਫੂਸ਼ਿਅਸ (ਖੁਢ-ਚ) ਅਤੇ ਮੇਨਸ਼ਿਅਮ (ਮਢ-ਚ) ਨਾਲ਼ ਪੂਰੀ ਤਰਾਂ ਸਹਿਮਤ ਹੈ। ਸਭ ਤੋਂ ਪੂਰਾਤਨ ਕਾਲ ਵਿੱਚ, ਸਿੱਖਿਆ ਸਰੀਰਕ ਕਿਰਤ ਨਾਲ਼ ਜੁੜੀ ਹੋਈ ਸੀ; ਪਰ ਜਮਾਤੀ ਸਮਾਜ ਵਿੱਚ ਉਸਨੂੰ ਉਸ ਤੋਂ ਅਲੱਗ ਕਰ ਦਿੱਤਾ ਗਿਆ। ਹੁਣ ਇਸ ਸਬੰਧ ਨੂੰ ਫਿਰ ਤੋਂ ਜੋੜਿਆ ਜਾਵੇਗਾ।

(ਅਗਲੇ ਅੰਕ ‘ਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 18, 1 ਤੋਂ 15 ਨਵੰਬਰ 2017 ਵਿੱਚ ਪ੍ਰਕਾਸ਼ਿਤ