ਸਿੱਖਿਆ ਦਾ ਭਗਵਾਂਕਰਨ •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 16 ਅਕਤੂਬਰ 2016)

ਮੱਧਕਾਲ ਦੇ ਇਤਿਹਾਸ ਦੀ ਤੋੜ-ਭੰਨ

ਹੁਣ ਮੱਧਕਾਲ, ਭਾਵ 11ਵੀਂ-12 ਸਦੀ ਤੋਂ 18ਵੀਂ ਸਦੀ ਤੱਕ, ਦੇ ਇਤਿਹਾਸ ਦੀ ਚਰਚਾ ਵੱਲ ਆਉਂਦੇ ਹਾਂ। ਇਸ ਦੌਰ ਦੀ ਫਿਰਕੂ ਸੰਘੀ ਵਿਆਖਿਆ ਦਾ ਨਿਚੋੜ ਇਹ ਹੈ ਕਿ ਮੁਸਲਮਾਨਾਂ ਨੇ ਭਾਰਤ ਉੱਤੇ ਹਮਲਾ ਕੀਤਾ, ਇੱਥੋਂ ਦੀ ਹਿੰਦੂ ਸੱਭਿਅਤਾ ਨੂੰ ਤਬਾਹ ਕੀਤਾ ਅਤੇ ਭਾਰਤੀਆਂ ਨੂੰ ਗੁਲਾਮ ਬਣਾ ਲਿਆ। ਇਸ ਲਈ ਮੁਸਲਮਾਨਾਂ ਨਾਲ਼ ਨਫਰਤ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਦੇਸ਼ੀ ਹੋਣ ਕਾਰਨ ਉਹਨਾਂ ਨੂੰ ਭਾਰਤ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਇਹਨਾਂ ਦੀ ਹਾਲਤ ਬੜੀ ਹਾਸੋਹੀਣੀ ਤੇ ਤਰਸਯੋਗ ਹੋ ਜਾਂਦੀ ਹੈ। ਦੂਜਿਆਂ ਨੂੰ ਮੈਕਾਲੇ ਦੇ ਚੇਲੇ ਕਹਿਣ ਵਾਲ਼ੇ ਸੰਘੀ ਖੁਦ ਜੇਮਜ਼ ਮਿੱਲ ਅਤੇ ਮੈਕਸ ਮੁੱਲਰ ਦੇ ਪੋਤੜੇ ਧੋਂਦੇ ਹਨ। ਯਾਦ ਰਹੇ ਇਹ ਜੇਮਜ਼ ਮਿੱਲ ਉਹੀ ਇਤਿਹਾਸਕਾਰ ਹੈ ਜਿਸਨੇ ਬਸਤੀਵਾਦੀ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਰਤ ਦੇ ਇਤਿਹਾਸ ਨੂੰ ਫਿਰਕੂ ਰੰਗਤ ਦਿੱਤੀ ਸੀ। ਉਸਨੇ ਅੰਗਰੇਜਾਂ ਦੇ ਬਸਤੀਵਾਦੀ ਹਿੱਤਾਂ ਲਈ ਭਾਰਤ ਦੇ ਇਤਿਹਾਸ ਨੂੰ ਤਿੰਨ ਦੌਰਾਂ ਵਿੱਚ ਵੰਡਿਆਂ  ਹਿੰਦੂ ਕਾਲ, ਮੁਸਲਿਮ ਕਾਲ ਅਤੇ ਬਰਤਾਵਨੀ ਕਾਲ। ਮਤਲਬ ਉਸਨੇ ਪਹਿਲੇ ਦੌਰਾਂ ਨੂੰ ਧਰਮ ਦੇ ਨਾਮ ‘ਤੇ ਵੰਡ ਕੇ ਇਸਨੂੰ ਫਿਰਕੂ ਰੰਗਤ ਦਿੱਤੀ ਤੇ ਮੁੜ ਆਪਣੇ ਵੇਲ਼ੇ ਦੇ ਇਤਿਹਾਸ ਨੂੰ ਈਸਾਈ ਕਾਲ ਕਹਿਣ ਦੀ ਥਾਂ ਬਰਤਾਵਨੀ ਦੌਰ ਕਿਹਾ। ਇਸ ਤਰਾਂ ਉਸਨੇ ਇੱਕ ਤੀਰ ਨਾਲ਼ ਕਈ ਨਿਸ਼ਾਨੇ ਲਾਏ, ਇੱਕ ਤਾਂ ਇਸ ਤਰਾਂ ਭਾਰਤੀ ਲੋਕਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਵੰਡ ਦਿੱਤਾ, ਦੂਜਾ ਆਪਣੀ ਪਛਾਣ ਧਰਮ ਤੋਂ ਹਟ ਕੇ ਬਰਤਾਨਵੀਆਂ ਵਜੋਂ ਕਰਵਾਈ ਜੋ ਪਹਿਲੀਆਂ ਦੋਵਾਂ ਧਾਰਮਿਕ ਪਛਾਣਾਂ ਨਾਲ਼ ਟਕਰਾਉਂਦੀ ਨਹੀਂ ਸੀ, ਜਦਕਿ ਈਸਾਈ ਪਛਾਣ ਲਾਜ਼ਮੀ ਹੀ ਹਿੰਦੂ ਤੇ ਮੁਸਲਿਮ ਧਰਮ ਦੇ ਹਿੱਤਾਂ ਦੇ ਵਿਰੁੱਧ ਤੀਜੀ ਧਿਰ ਵਜੋਂ ਖੜਨੀ ਸੀ। ਤੀਜਾ, ਕਿਉਂਕਿ ਮੁਸਲਾਮਨਾਂ ਨੇ ਹਮਲਾ ਕਰਕੇ ”ਹਿੰਦੂ ਸੱਭਿਆਤਾ” ਨੂੰ ਗੁਲਾਮ ਬਣਾਈ ਰੱਖਿਆ, ਤਬਾਹ ਕੀਤਾ ਇਸ ਲਈ ਅੰਗਰੇਜ ਤਾਂ ਹਿੰਦੂਆਂ ਨੂੰ ”ਬਚਾਉਣ” ਲਈ ਆਏ ਹਨ ਨਾ ਕਿ ਭਾਰਤ ਉੱਤੇ ਰਾਜ ਕਰਨ। ਮੁੜ ਇਸੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ‘ਤੇ ਚਲਦਿਆਂ ਉਹਨਾਂ ਨੇ ਲਗਭਗ 200 ਸਾਲ ਭਾਰਤ ‘ਤੇ ਰਾਜ ਕੀਤਾ। ਅੰਗਰੇਜਾਂ ਵੱਲੋਂ ਭਾਰਤੀ ਇਤਿਹਾਸ ਦੀ ਕੀਤੀ ਇਹ ਫਿਰਕੂ ਵੰਡ ਰਾਸ਼ਟਰੀ ਸਵੈਸੇਵਕ ਸੰਘ ਦੇ ਫਿਰਕੂ ਏਜੰਡੇ ਦੇ ਪੂਰੀ ਮੇਚ ਆਉਂਦੀ ਹੈ, ਉਹਨਾਂ ਨੇ ਇਸ ਵੰਡ ਨੂੰ ਬਿਨਾਂ ਕਿਸੇ ਹੀਲ-ਹੁੱਜਤ ਦੇ ਪ੍ਰਵਾਨ ਕਰ ਲਿਆ ਤੇ ਇਸੇ ਦੇ ਅਧਾਰ ‘ਤੇ ਉਹ ਅੱਜ ਭਾਰਤ ਦੀ ਅਤੀਤ ਦਾ ਜਿਕਰ ਕਰਦੇ ਹਨ। ਐਵੇਂ ਤਾਂ ਨਹੀਂ 9 ਜੂਨ, 2014 ਨੂੰ ਮੋਦੀ ਭਾਸ਼ਣ ਵਿੱਚ ਕਿਹਾ ਕਿ ”1200 ਸਾਲ ਦੀ ਗੁਲਾਮੀ ਭਾਰਤ ਨੂੰ ਪ੍ਰੇਸ਼ਾਨ ਕਰ ਰਹੀ ਹੈ।” ਭਾਵ ਅੰਗੇਰਜਾਂ ਦੇ 200 ਸਾਲਾਂ ਤੋਂ ਪਹਿਲਾਂ ਭਾਰਤ 1000 ਸਾਲ ਮੁਸਲਮਾਨਾਂ ਦਾ ਗੁਲਾਮ ਰਿਹਾ।

ਮੱਧਕਾਲ ਦੇ ਮੁਸਲਮਾਨ ਰਾਜਿਆਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ, ਉਹਨਾਂ ਨੂੰ ਹਮਲਾਵਰ, ਅੱਤਿਆਚਾਰੀ, ਭਾਰਤ ਨੂੰ ਗੁਲਾਮ ਬਣਾਉਣ ਵਾਲ਼ੇ ਦਿਖਾਉਣ ਵਿੱਚ ਸੰਘੀਆਂ ਅੱਗੇ ਇੱਕ ਰੁਕਾਵਟ ਇਹ ਵੀ ਸੀ ਕਿ ਉਹਨਾਂ ਰਾਜਿਆਂ ਦੇ ਦੌਰ ਵਿੱਚ ਕਲਾ, ਸਾਹਿਤ, ਇਮਾਰਤਸਾਜ਼ੀ ਤੇ ਅਨੇਕਾਂ ਸੂਖਮ ਕਲਾਵਾਂ ਦਾ ਵਿਕਾਸ ਹੋਇਆ ਸੀ ਜਿਸ ਤੋਂ ਇਨਕਾਰ ਕਰਨਾ ਕਿਸੇ ਵੀ ਸਧਾਰਨ ਬੁੱਧੀ ਵਾਲ਼ੇ ਮਨੁੱਖ ਲਈ ਅਸੰਭਵ ਹੈ। ਪਰ ਸੰਘੀਆਂ ਦੇ ਫਿਰਕੂ ਦਿਮਾਗਾਂ ਨੇ ਇਹਦਾ ਵੀ ਰਾਹ ਕੱਢ ਲਿਆ। 1960 ਵਿੱਚ ਸੰਘੀਆਂ ਦੇ ਪਰਸ਼ੋਤਮ ਨਗੇਸ਼ ਓਕ ਸਮੇਤ ਇੱਕ ਜੁੰਡਲੀ ਨੇ ‘ਭਾਰਤੀ ਇਤਿਹਾਸ ਮੁੜ-ਲੇਖਣ ਸੰਸਥਾ’ ਬਣਾਈ। ਇਸ ਸੰਸਥਾ ਨੂੰ ਇਹ ਇਲਾਹੀ ਗਿਆਨ ਪ੍ਰਾਪਤ ਹੋਇਆ ਕਿ ਮੱਧਕਾਲ ਦੀਆਂ ਸਾਰੀਆਂ ਅਹਿਮ ਇਮਾਰਤਾਂ ਜਿਵੇਂ ਲਾਲ ਕਿਲਾ, ਕੁਤਬ ਮੀਨਾਰ, ਤਾਜ ਮਹਿਲ ਆਦਿ ਅਸਲ ਵਿੱਚ ਹਿੰਦੂ ਰਾਜਿਆਂ ਵੱਲੋਂ ਬਣਾਈਆਂ ਗਈਆਂ ਸਨ ਤੇ ਮੁਸਲਮਾਨ ਰਾਜਿਆਂ ਨੇ ਉਹਨਾਂ ‘ਤੇ ਕਬਜਾ ਕਰ ਲਿਆ ਸੀ। ਇਹਨਾਂ ਦੀਆਂ ਕਿਤਾਬਾਂ ਸੰਘ ਵੱਲੋਂ ਦੇਸ਼ ਪੱਧਰ ‘ਤੇ ਪ੍ਰਕਾਸ਼ਿਤ ਕਰਵਾ ਕੇ ਛਪਵਾਈਆਂ ਗਈਆਂ ਤੇ ਕਈ ਥਾਈਂ ਸਕੂਲਾਂ ਦੇ ਸਿਲੇਬਸ ਵਿੱਚ ਵੀ ਇਹੋ ਗੱਲ ਪੜਾਉਣੀ ਸ਼ੁਰੂ ਕੀਤੀ ਗਈ। ਮਗਰੋਂ ਸੰਘੀਆਂ ਨੇ ਇਹਨਾਂ ਮਹਾਨ ਖੋਜਾਂ ਉੱਪਰ ਆਪਣੀ ਖੋਖਲ਼ੀਆਂ ਤੇ ਜੰਗਾਲੀਆਂ ਅਮਰੀਕੀ ਮੋਹਰਾਂ ਵੀ ਲਵਾਈਆਂ। 1989 ਵਿੱਚ ਭਾਰਤੀ ਅਖਬਾਰਾਂ ਵਿੱਚ ਇਹ ਛਪਿਆ ਕਿ ਅਮਰੀਕਾ ਦੇ ਇੱਕ ਸਕਾਲਰ ਨੇ ਦਾਅਵਾ ਕੀਤਾ ਹੈ ਕਿ ਤਾਜ ਮਹਿਲ ਦੇ ਦਰਵਾਜ਼ਿਆਂ ਦੀ ਕਾਰਬਨ ਡੇਟਿੰਗ (ਪੁਰਾਤਨ ਵਸਤਾਂ ਦੀ ਉਮਰ ਜਾਨਣ ਦੀ ਵਿਧੀ) ਰਾਹੀਂ ਇਹ ਪਤਾ ਲੱਗਿਆ ਹੈ ਕਿ ਇਹ ਸ਼ਾਹਜਹਾਂ ਤੋਂ 200 ਸਾਲ ਪਹਿਲਾਂ ਦੇ ਹਨ, ਭਾਵ ਕਿਸੇ ਹਿੰਦੂ ਰਾਜੇ ਵੱਲੋਂ ਬਣਾਏ ਗਏ ਹਨ।

ਸੰਘੀਆਂ ਦਾ ਇੱਕ ਹੋਰ ਅਹਿਮ “ਇਤਿਹਾਸਕਾਰ” ਕੇ. ਐਸ. ਲਾਲ ਹੈ। ਇਸ “ਮਹਾਨ ਇਤਿਹਾਸਕਾਰ” ਦੀ ਪਹਿਲੀ ਅਹਿਮ ਪੁਸਤਕ ‘ਮੱਧਕਾਲੀ ਭਾਰਤ ਵਿੱਚ ਮੁਸਲਿਮ ਅਬਾਦੀ ਵਿੱਚ ਵਾਧਾ’ 1973 ਵਿੱਚ ਛਪੀ ਸੀ ਜਿਸ ਵਿੱਚ ਉਸਦੇ ਫਿਰਕੂ ਦਿਮਾਗ ਨੇ (ਕਿਉਂਕਿ ਇਸਦਾ ਲਿਖਤੀ, ਸਾਹਿਤਕ ਜਾਂ ਕੋਈ ਹੋਰ ਸਬੂਤ ਅਜੇ ਤੱਕ ਨਹੀਂ ਹੈ) ਇਹ ਖੋਜ ਕੀਤੀ ਕਿ 1200 ਤੋਂ 1500 ਈਸਵੀ ਵਿੱਚ 12 ਤੋਂ 19 ਕਰੋੜ ਹਿੰਦੂਆਂ ਦਾ ਕਤਲ ਹੋਇਆ। ਧਿਆਨ ਰਹੇ ਕਿ ਨਾ ਤਾਂ ਉਸ ਵੇਲੇ ਕੋਈ ਜਨਗਣਨਾ ਹੁੰਦੀ ਸੀ ਅਤੇ ਨਾ ਹੀ ਉਸ ਦੌਰ ਦੀ ਕਿਸੇ ਵੀ ਵਸੋਂ ਦੀ ਗਿਣਤੀ ਅਤੇ ਇੰਨੇ ਵੱਡੇ ਕਤਲੇਆਮ ਦਾ ਕੋਈ ਇਤਿਹਾਸਕ ਸ੍ਰੋਤ ਅੱਜ ਤੱਕ ਸਾਹਮਣੇ ਆਇਆ ਹੈ। ਇਹ ਵੀ ਦੇਖਣ ਵਾਲ਼ੀ ਗੱਲ ਹੈ ਕਿ 1947 ਤੱਕ ਭਾਰਤ ਦੀ ਕੁੱਲ ਅਬਾਦੀ 33 ਕਰੋੜ ਸੀ, ਇਸ ਗਿਣਤੀ ਅਤੇ ਅਬਾਦੀ ਦੇ ਵਧਣ ਦੀ ਗਤੀ ਦੀ ਸਮਝ ਦੇ ਅਧਾਰ ‘ਤੇ ਸਹਿਜੇ ਹੀ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ 700-800 ਸਾਲ ਪਹਿਲਾਂ ਕੁੱਲ ਅਬਾਦੀ 10-20 ਕਰੋੜ ਦੇ ਲਗਭਗ ਹੋਵੇਗੀ। ਇਸ ਕਰਕੇ ਵੀ “ਕਤਲ ਕੀਤੇ ਹਿੰਦੂਆਂ” ਦੀ ਗਿਣਤੀ ਦੀ ਭਰੋਸੇਯੋਗਤਾ ਸ਼ੱਕੀ ਹੈ। ਇਸ ਕਿਤਾਬ ਮਗਰੋਂ ਉਹ ਸੰਘੀਆਂ ਦਾ ਮਾਨਤਾ ਪ੍ਰਾਪਤ ਇਤਿਹਾਸਕਾਰ ਬਣ ਗਿਆ ਤੇ ਮਗਰੋਂ ਉਸਨੂੰ ਮੱਧਕਾਲ ਦੇ ਇਤਿਹਾਸ ਸੰਬਧੀ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲ਼ਦੀਆਂ ਕਈ ਕਿਤਾਬਾਂ ਦਾ “ਇਲਹਾਮ” ਹੋਇਆ।

ਅਧੁਨਿਕ ਭਾਰਤ ਦਾ ਇਤਿਹਾਸ

ਉੱਚ ਸਿੱਖਿਆ ਦੇ ਇਤਿਹਾਸ ਭਾਗ ਵਿੱਚ 190 ਪੇਜ ਅਧੁਨਿਕ ਭਾਰਤ ਦਾ ਇਤਿਹਾਸ ਦੱਸਦੇ ਹਨ। ਉਸ ਵਿੱਚੋਂ ਸਿਰਫ 20 ਪੰਨੇ ਕੌਮੀ ਮੁਕਤੀ ਲਹਿਰ ਬਾਰੇ ਹਨ, ਜਿਨਾਂ ਵਿੱਚੋਂ ਤਿੰਨ ਪੰਨੇ ਡਾ. ਹੈਡਗੇਵਾਰ ਦੇ ਲੇਖੇ ਲਾਏ ਹੋਏ ਹਨ। ਸਾਰੇ ਮਹਾਨ ਕੌਮੀ ਮੁਕਤੀ ਲਹਿਰ ਦੇ ਯੋਧਿਆਂ ਨੂੰ ਚਲੰਤ ਵਿੱਚ ਪੇਸ਼ਕੀਤਾ ਹੈ। ਜਿਨਾਹ ਨੂੰ ਖਲਨਾਇਕ ਦੇ ਤੌਰ ਤੇ ਪੇਸ਼ ਕੀਤਾ ਹੈ। 60 ਪੰਨੇ ਈਸਟ ਇੰਡੀਆ ਦੇ ਦੇਸ਼ ਚ ਆਉਣ ਤੇ ਸਥਾਪਤ ਹੋਣ ਬਾਰੇ ਲਿਖੇ ਗਏ ਹਨ। ਪੂਰੇ ਭਾਗ ਵਿੱਚ ਲੋਕ ਲਹਿਰਾਂ ਦਾ ਕਿਤੇ ਕੋਈ ਜਿਕਰ ਨਹੀਂ ਹੈ। ਪੂਰੀ ਦੀ ਪੂਰੀ ਕਿਤਾਬ ਤੱਥਾਤਮਕ ਤੇ ਗੰਭੀਰ ਗਲਤੀਆਂ ਨਾਲ ਭਰੀ ਪਈ ਹੈ। ਇਸ ਕਿਤਾਬ ਵਿੱਚ ਮੁਸਲਮਾਨਾਂ ਨੂੰ ਵੰਡ ਵਾਸਤੇ ਜਿੰਮੇਵਾਰ ਦੱਸਿਆ ਗਿਆ ਹੈ। ਰਸਸ ਨੂੰ ਅਜਾਦੀ ਦੀ ਲਹਿਰ ਦੇ ਕੇਂਦਰੀ ਕੋਰ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਤੇ ਡਾ.ਕੇਸ਼ਵਰਾਉ ਤੇ ਡਾ. ਹੈਡਗੇਵਾਰ ਨੂੰ ਕੌਮੀ ਮੁਕਤੀ ਲਹਿਰ ਦੇ ਸਭ ਤੋਂ ਉੱਚੇ ਲੀਡਰਾਂ ਦੇ ਤੌਰ ਤੇ ਵਿਖਾਇਆ ਗਿਆ ਹੈ ਤੇ ਕਈ ਕੌਮੀ ਮੁਕਤੀ ਲਹਿਰ ਦੇ ਆਗੂਆਂ ਤੋਂ ਰਸਸ ਦੀਆਂ ਤਰੀਫਾਂ ਦੇ ਪੁਲ ਧੱਕੇ ਨਾਲ ਬੰਨਾਏ ਗਏ ਹਨ। ਹੈਡਗੇਵਾਰ ਨੂੰ ਬੰਗਾਲ ਦੀ ਵੰਡ ਲਈ ਚੱਲੀ ਲਹਿਰ ਦਾ ਵੀ ਆਗੂ ਦੱਸਿਆ ਗਿਆ ਹੈ।

ਵਿਦਿਅਕ ਸੰਸਥਾਵਾਂ ਵਿੱਚ ਅਜਾਦੀ ਤੇ ਸੈਕੂਲਰ ਸਭਿਆਚਾਰ ਦੇ ਪ੍ਰਗਟਾਵੇ ਤੇ ਹਮਲਾ

ਭਾਜਪਾ ਦੀ ਸੰਘੀ ਮਾਰਕਾ ਸਰਕਾਰ ਨੇ ਵਿਦਿਅਕ ਸੰਸਥਾਵਾਂ ਤੋਂ ਵਿਦੇਸ਼ਾਂ ਚ ਹੋਣ ਵਾਲੇ ਸੈਮੀਨਾਰਾਂ ਵਿੱਚ ਸ਼ਾਮਲ ਹੋਣ ਦੇ ਤੇ ਵਿਦੇਸ਼ਾਂ ਤੋਂ ਕਿਸੇ ਵੀ ਬੁੱਧੀਜੀਵੀ ਨੂੰ ਕਿਸੇ ਸੈਮੀਨਾਰ ਉੱਤੇ ਸੱਦਣ ਦੇ ਹੱਕ ਵੀ ਖੋਹ ਲਏ ਹਨ। ਸਰਕਾਰ ਮੁਤਾਬਕ ਇਹ ਕੌਮੀ ਸੁਰੱਖਿਆ- ਦਾ ਮਸਲਾ ਹੈ, ਜਿਸਨੂੰ ਸਰਕਾਰ ਹੀ ਤੈਅ ਕਰੇਗੀ। ਅਸਲ ਚ ਸੰਘੀ ਫਿਰਕੂ ਤਾਕਤਾਂ ਆਪਣੀ ਕਿਸੇ ਵੀ ਤਰਾਂ ਦੀ ਅਲੋਚਨਾ ਤੋਂ ਡਰਦੀਆਂ ਹਨ ਤੇ ਇਸ ਕਰਕੇ ਕਿਸੇ ਵੀ ਤਰਾਂ ਦੀ ਜਮਹੂਰੀ ਸਪੇਸ ਨੂੰ ਬਿਲਕੁਲ ਖਤਮ ਕਰ ਦੇਣਾ ਚਾਹੁੰਦੀਆਂ ਹਨ। ਨਿਰੋਲ ਫਾਸੀਵਾਦੀ ਤਰੀਕਾਕਾਰ ਨਾਲ ਅਤਿ ਗੁਪਤ-ਪੱਤਰ (25022/40/97) ਸਰਕੂਲਰ ਰਾਹੀਂ ਨਿਰਦੇਸ਼ ਭੇਜਿਆ ਗਿਆ ਕਿ ਕੋਈ ਵੀ ਵਿਦੇਸ਼ੀ ਸਕਾਲਰ-ਕਿਸੇ ਕਿਸਮ ਦੀ ਸਿਆਸੀ, ਅਰਧ ਸਿਆਸੀ, ਫਿਰਕੂ ਜਾਂ ਧਾਰਮਿਕ ਕਿਸਮ ਦੀ ਕਿਸੇ ਵੀ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਵੇਗਾ-। ਯੂਨੀਵਰਸਿਟੀਆਂ ਵੱਲੋਂ ਇਸੇ ਤਰਾਂ ਦੇ ਮੁੱਦਿਆਂ ਕਰਵਾਈਆਂ ਜਾਂਦੀਆਂ ਕਾਨਫਰੰਸਾਂ-ਜੋ ਮਨੁੱਖੀ ਅਧਿਕਾਰਾਂ ਜਾਂ ਕਿਸੇ ਸੰਵੇਦਨਸ਼ੀਲ ਤਕਨੀਕੀ ਮਸਲੇ ਬਾਰੇ ਹੋਣ ਜਿਨਾਂ ਦਾ ਇਸਤੇਮਾਲ ਕਿਸੇ ਖਾਸ ਵਿਚਾਰਧਾਰਾ ਦੇ ਪ੍ਰਚਾਰ ਵਾਸਤੇ ਕੀਤਾ ਜਾ ਸਕੇ…ਭਾਵੇਂ ਉਹ ਲੋਕਲ ਪੱਧਰ ਦਾ ਹੋਵੇ ਜਾਂ ਕੌਮੀ ਪੱਧਰ ਦਾ।ਵਿਦੇਸ਼ੀ ਸਕਾਲਰਾਂ ਨੂੰ ਸੱਦਣ ਤੋਂ ਪਰਹੇਜ ਕੀਤਾ ਜਾਵੇ। ਕਿਸੇ ਬਾਹਰੀ ਸਕਾਲਰ ਨੂੰ ਸੱਦਾ ਦੇਣਾ ਵਰਜਿਤ ਹੈ ਤੇ ਕਿਸ ਸਕਾਲਰ ਨੂੰ ਬਾਹਰ ਭੇਜਣਾ ਤੇ ਕਿਸਨੂੰ ਸੱਦਣਾ ਇਹ ਸਰਕਾਰ ਤੈਅ ਕਰੇਗੀ। (ਟਾਇਮਜ ਆਫ ਇੰਡੀਆ ਜੂਨ, 15, 2001)

ਸਰਕਾਰ ਦੀ ਇਸ ਨੀਤੀ ਦਾ ਜਦੋਂ ਵਿਰੋਧ ਹੋਇਆ ਤਾਂ ਉਹਨਾਂ ਇਹ ਬੰਦਸ਼ਾਂ ਨੂੰ ਸ਼੍ਰੀ ਲੰਕਾ, ਪਾਕਿਸਤਾਨ, ਚੀਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੱਕ ਸੀਮਤ ਕਰ ਦਿੱਤਾ। ਇਸਤੋਂ ਇਲਾਵਾ ਐਨ ਸੀ ਈ ਆਰ ਟੀ ਜਿਸ ਪੁਰਾਣੇ ਸਰਕੂਲਰ (8 (2 ) 1964) ਨੂੰ ਮੰਨਦੀ ਹੈ, ਉਸ ਮੁਤਾਬਕ ਸਟਾਫ ਦਾ ਕੋਈ ਸਰਕਾਰੀ ਨੌਕਰ ਸਰਕਾਰ ਦੀ ਇਜਾਜਤ ਤੋਂ ਬਿਨਾਂ ਕੋਈ ਕਿਤਾਬ ਜਾਂ ਕੋਈ ਲੇਖ ਨਹੀਂ ਛਾਪ ਸਕਦਾ(ਟਾਇਮਜ ਆਫ ਇੰਡੀਆ, ਜੁਲਾਈ 8,2001)।

ਔਰਤ ਵਿਰੋਧੀ ਕਦਰਾਂ ਕੀਮਤਾਂ ਦਾ ਪ੍ਰਚਾਰ

ਰਸਸ ਦਾ ਔਰਤਾਂ ਤੇ ਪਰਿਵਾਰ ਬਾਰੇ ਨਜਰੀਆ ਉਹਨਾਂ ਦੁਆਰਾ ਪੜਾਈਆਂ ਜਾਂਦੀਆਂ ਪਾਠ ਪੁਸਤਕਾਂ ਚੋਂ ਪ੍ਰਤੱਖ ਝਲਕਦਾ ਹੈ। ਵੱਖ ਵੱਖ ਸਟੇਟਮੈਂਟਾਂ ਰਾਹੀਂ ਜਿਵੇਂ ਸਮਾਜਿਕ ਵਿਗਿਆਨ ਦੇ ਪਾਠਾਂ ਚੋਂ ਤੇ ਨੈਤਿਕ ਵਿਗਿਆਨ ਦੀ ਸਿੱਖਿਆ ਲੜੀ, ਸਾਰੀ ਦੀ ਸਾਰੀ  ਘੋਰ ਔਰਤ ਵਿਰੋਧੀ ਤੇ ਪਛੜੀਆਂ ਕਦਰਾਂ ਕੀਮਤਾਂ ਦਾ ਪੁਲੰਦਾ ਹੈ, ਜੋ ਸਾਡੇ ਸਮਾਜ ਚ ਸਤੀ ਪ੍ਰਥਾ, ਬਾਲ ਵਿਆਹ ਤੇ ਔਰਤਾਂ ਦੇ ਮਸਲੇ ਚ ਚਲਦੀਆਂ ਪਛੜੀਆਂ ਧਾਰਨਾਵਾਂ ਨੂੰ ਸਹੀ ਕਹਿੰਦੀ ਹੈ। ਧਰਮ ਤੇ ਰਿਵਾਜ ਦੇ ਨਾਂ ਤੇ ਔਰਤਾਂ ਦੀ ਦੋਮ ਦਰਜੇ ਦੀ ਹਾਲਤ ਨੂੰ ਸਹੀ ਕਿਹਾ ਜਾਂਦਾ ਹੈ ਤੇ ਔਰਤਾਂ ਦੇ ਘਰ ਅੰਦਰ ਰਹਿਣ ਨੂੰ ਸਹੀ ਦੱਸਿਆ ਜਾਂਦਾ ਹੈ ਤਾਂਕਿ ਮਰਦਾਂ ਤੇ ਸਮਾਜ ਦਾ ਇੱਜਤ ਮਾਣ ਬਚ ਸਕੇ। ਬਾਲ ਵਿਆਹ, ਜਾਤੀਵਾਦ, ਸਤੀ, ਵਿਧਵਾ ਵਿਆਹ ਦੀ ਮਨਾਹੀ ਨੂੰ  ਹਿੰਦੂ ਰੀਤੀ ਰਿਵਾਜ ਦੇ ਹਿਸਾਬ ਨਾਲ ਸਹੀ ਕਿਹਾ ਜਾੰਦਾ ਹੈ। ਬ੍ਰਾਹਮਣਵਾਦ ਮਾਨਤਾਵਾਂ ਨੂੰ ਕੁਦਰਤੀ ਤੌਰ ਤੇ ਸਹੀ ਦੱਸਿਆ ਗਿਆ ਹੈ ਤੇ ਮਨੂੰ ਦੇ ਸਿਧਾਂਤਾਂ ਨੂੰ ਸਮਾਜ ਵਾਸਤੇ ਚੰਗਾ ਦੱਸਿਆ ਜਾਂਦਾ ਹੈ। ਫਿਰਕੂ ਫਾਸੀਵਾਦੀ ਤਾਕਤਾਂ ਦੁਆਰਾ ਵਿਦਿਆਰਥੀਆਂ ਨੂੰ ਪੜਾਈਆਂ ਜਾਂਦੀਆਂ ਪਾਠ ਪੁਸਤਕਾਂ ਵਿੱਚ ਔਰਤਾਂ ਨੂੰ ਸਿਰਫ ਬੱਚੇ ਪੈਦਾ ਕਰਨ ਵਾਲੀਆਂ ਤੇ ਉਹਨਾਂ ਨੂੰ ਪੋਸ਼ਣ ਦੇਣ ਵਾਲੀਆਂ ਦੇ ਤੌਰ ਤੇ ਹੀ ਲਿਖਿਆ ਜਾਂਦਾ ਹੈ। ਔਰਤਾਂ ਵਾਸਤੇ ਸੀਤਾ ਤੇ ਸਾਵਿਤਰੀ ਨੂੰ ਰੋਲ ਮਾਡਲ ਦੇ ਤੌਰ ਤੇ ਉਭਾਰਿਆ ਜਾਂਦਾ ਹੈ, ਜੋ ਆਦਰਸ਼ ਪਤਨੀਆਂ ਸਨ। ਔਰਤਾਂ ਨੂੰ ਘਰ ਦੀ ਸਾਂਭ ਸੰਭਾਲ ਕਾਬਲ ਢੰਗ ਨਾਲ਼ ਕਰਨੀ ਸਿੱਖਣੀ ਚਾਹੀਦੀ ਹੈ। (ਚੱਲਦਾ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements