ਸਿੱਖਿਆ ਦਾ ਭਗਵਾਂਕਰਨ •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤੀ ਇਤਿਹਾਸ ਖੋਜ ਕੇਂਦਰ ਦੀ ਮੌਜੂਦਾ ਕਮੇਟੀ ਦਾ ਕਰਾਜਕਾਲ 22 ਦਸੰਬਰ 2014 ਨੂੰ ਖਤਮ ਹੋ ਚੁੱਕਾ ਹੈ । ਪਹਿਲਾਂ ਹੀ ਸੁਦਰਸ਼ਨ ਰਾਓ ਨੂੰ ਇਸਦਾ ਆਗੂ ਬਣਾ ਚੁੱਕਿਆ ਸੰਘ ਹੁਣ ਬਾਕੀ ਮੈਂਬਰ ਵਿੱਚ ਆਪਣਿਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਵਿੱਚ ਹੈ। ਨਵੇਂ ਪੇਸ਼ ਕੀਤੇ ਜਾ ਰਹੇ ਪੈਨਲ ਵਿੱਚ 3 ਮੈਂਬਰ ਸੰਘ ਨਾਲ਼ ਨੇੜਿਓਂ ਜੁੜੇ ਹੋਏ ਹਨ ਜਿਨ੍ਹਾਂ ਵਿੱਚ ਨਰਾਇਣ ਰਾਓ (ਸੰਘ ਦੇ ਇਤਿਹਾਸ ਵਿਭਾਗ ਦਾ ਮੀਤ ਪ੍ਰਧਾਨ, ਜੋ ਇਹ ਮੰਨਦਾ ਹੈ ਕਿ ਵੇਦ ਤੇ ਪੁਰਾਣ ਇਤਿਹਾਸਕ ਤੌਰ ‘ਤੇ ਸਹੀ ਹਨ), ਈਸ਼ਵਰ ਸ਼ਰਨ ਵਿਸ਼ਵਕਰਮਾ (ਸੰਘੀਆਂ ਦੀ ਭਾਰਤੀ ਇਤਿਹਾਸ ਸੰਕਲਨ ਯੋਜਨਾ ਦਾ ਜਨਰਲ ਸਕੱਤਰ) ਅਤੇ ਨਿਖਲੇਸ਼ ਗੁਹਾ (ਬੰਗਾਲ ਵਿੰਗ ਦਾ ਪ੍ਰਧਾਨ, ਜੋ ਬੰਗਾਲ ਵਿੱਚ ”ਹਿੰਦੂਤਵ” ਦੇ ਅੰਸ਼ ਲੱਭ ਕੇ ਇੱਥੇ ਵੀ ਫਿਰਕੂ ਜ਼ਹਿਰ ਭਰਨਾ ਚਾਹੁੰਦਾ ਹੈ) ਸ਼ਾਮਲ ਹਨ। ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ਦੇ ਇਤਿਹਾਸ ਨੂੰ ਵਿਗਿਆਨ ਲੀਹਾਂ, ਵਿਧੀਆਂ ਤੇ ਸੋਮਿਆਂ ਦੇ ਅਧਾਰ ‘ਤੇ ਘੋਖਣ ਵਾਲ਼ੇ ਇੱਕ ਵੀ ਇਤਿਹਾਸਕਾਰ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤਰਾਂ ਇਹ ਸੰਸਥਾ ਹੁਣ ਪੂਰੀ ਤਰਾਂ ਸੰਘੀਆਂ ਦਾ ਖਿਡੌਣਾ ਬਣਨ ਜਾ ਰਹੀ ਹੈ।

ਇਸੇ ਤਰਾਂ ਐਨਸੀਈਆਰਟੀ ਦੇ ਸਿੱਖਿਆ ਨੀਤੀ ਸਬੰਧੀ ਨਵੇਂ ਦਸਤਾਵੇਜ਼ ਉੱਪਰ ਜ਼ੋਰਾਂ ਨਾਲ਼ ਕੰਮ ਚੱਲ ਰਿਹਾ ਹੈ ਜਿਸ ਵਿੱਚ 2015 ਦੌਰਾਨ ਸਿਲੇਬਸਾਂ ਵਿੱਚ ਕੀਤੀਆਂ ਜਾਣ ਵਾਲ਼ੀਆਂ ਸੋਧਾਂ ਨੂੰ ਵਿਚਾਰਿਆ ਜਾਵੇਗਾ। ਸਾਫ ਹੀ ਹੈ ਇਕ ਇਹਨਾਂ ਸੋਧਾਂ ਵਿੱਚ ਵੀ ਵਿਗਿਆਨਕ ਇਤਿਹਾਸ ਨੂੰ ਕੱਢਣ ਤੇ ਮਨਘੜਤ ਫਿਰਕੂ ਇਤਿਹਾਸ ਨੂੰ ਮੁੜ ਸ਼ਾਮਲ ਕੀਤਾ ਜਾਵੇਗਾ। ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਦਾ ਮੁਖੀ ਬਾਲ ਮੁਕੰਦ ਪਾਂਡੇ ਤਾਂ ਇੱਥੋਂ ਤੱਕ ਕਹਿ ਚੁੱਕਾ ਹੈ ਕਿ ਇਸ ਮੀਟਿੰਗ ਵਿੱਚ ਰਮਾਇਣ ਤੇ ਮਹਾਂਭਾਰਤ ਨੂੰ ਮਿੱਥ ਦੱਸਣ ਵਾਲ਼ੇ ਕਿਸੇ ਇਤਿਹਾਸਕਾਰ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਹ ਸਭ ਸਿਰਫ ਸ਼ੁਰੂਆਤ ਹੈ, ਆਉਂਦੇ ਦਿਨਾਂ ਵਿੱਚ ਇਹ ਹਮਲਾ ਹੋਰ ਵੱਡੇ ਪੱਧਰ ‘ਤੇ ਹੋਣਾ ਹੈ। ‘ਭਾਰਤੀ ਇਤਿਹਾਸ ਖੋਜ ਕੇਂਦਰ’, ‘ਐਨਸੀਈਆਰਟੀ’, ‘ਆਈਸੀਐਸਐਸ’ ਤੋਂ ਬਾਅਦ ਇਹ ਸਭ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਉੱਚ ਪੱਧਰ ਦੀ ਸਿੱਖਿਆ ਅਤੇ ਖੋਜ ਸੰਸਥਾਵਾਂ ਵਿੱਚ ਹੋਣਾ ਹੈ।

ਭਾਰਤ ਦੇ ਵੱਖੋ-ਵੱਖ ਸੂਬਿਆਂ ਵਿੱਚ ਜਿੱਥੇ ਵੀ ਭਾਜਪਾ ਦੀ ਸਰਕਾਰ ਰਹੀ ਹੈ ਉੱਥੇ ਤਾਂ ਇਹ ਸਭ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਗੁਜਰਾਤ, ਰਾਜਸਥਾਨ, ਉੱਤਰਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਕਈ ਸਿੱਖਿਆ ਸੰਸਥਾਵਾਂ ਵਿੱਚ ਸੰਘੀ ਮਾਰਕਾ ਫਿਰਕੂ ਵਿਗਿਆਨ ਤੇ ਇਤਿਹਾਸ ਪੜਾਇਆ ਜਾਂਦਾ ਹੈ। ਹਜ਼ਾਰਾਂ ਸਕੂਲਾਂ ਵਿੱਚ ਕਰੋੜਾਂ ਬੱਚਿਆ ਨੂੰ ਦੀਨਾਨਾਥ ਬੱਤਰਾ ਵਰਗਿਆਂ ਦੀਆਂ ਕਿਤਾਬਾਂ ਪੜਾਈਆਂ ਜਾ ਰਹੀਆਂ ਹਨ। ਹੁਣ ਹਰਿਆਣਾ ਵਿੱਚ ਵੀ ਭਾਜਪਾ ਦੀ ਸਰਕਾਰ ਬਣਨ ਮਗਰੋਂ ਸੰਘੀ ਪ੍ਰਚਾਰਕ ਰਾਮ ਸ਼ੰਕਰ ਕਥੇਰੀਆ ਹਰਿਆਣਾ ਦਾ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਬਣਿਆ ਹੈ ਅਤੇ ਸੰਘ ਦੀ ਫਿਰਕੁ ਸਿੱਖਿਆ ਨੀਤੀ ਦਾ ਦਿਮਾਗ਼ ਦੀਨਾਨਾਥ ਬੱਤਰਾ ਹਰਿਆਣਾ ਦਾ ਸਿੱਖਿਆ ਸਲਾਹਕਾਰ ਹੈ। ਇਹ ਦੋਵੇਂ ਨਾਮ ਹੀ ਬਹੁਤ ਸਪੱਸ਼ਟ ਕਰ ਦਿੰਦੇ ਹਨ ਕਿ ਹਰਿਆਣਾ ਵਿੱਚ ਅੱਗੇ ਇਤਿਹਾਸ ਦੀ ਪੜਾਈ ਦਾ ਕੀ ਬਣੇਗਾ।

ਹੁਣ ਅਸੀਂ ਸੰਘੀਆਂ ਵੱਲੋਂ ਇਤਿਹਾਸ ਨੂੰ ਭਗਵੀਂ ਸਿਆਹੀ ਨਾਲ਼ ਲਿਖਣ ਦੇ ਦੂਜੇ ਢੰਗ ਵੱਲ ਆਉਂਦੇ ਹਾਂ ਜਿਸਦੀ ਮਾਰ ਪਹਿਲੇ ਨਾਲ਼ੋਂ ਵਧੇਰੇ ਵਿਆਪਕ ਤੇ ਵਧੇਰੇ ਖਤਰਨਾਕ ਹੈ। ਉਹ ਹੈ ਸੰਘ ਦੀਆਂ ਸੰਸਥਾਵਾਂ, ਜਥੇਬੰਦੀਆਂ, ਪ੍ਰਚਾਰਕਾਂ ਤੇ ਪ੍ਰਚਾਰ ਤੰਤਰ ਦਾ ਇੱਕ ਬਹੁਤ ਵਿਆਪਕ ਜਾਲ਼ ਜੋ ਭਾਜਪਾ ਦੇ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਵੀ ਕੰਮ ਕਰਦਾ ਰਹਿੰਦਾ ਹੈ। ਜੇ ਪਹਿਲਾਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਸਭ ਤੋਂ ਮੁੱਖ ‘ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ’ ਹੈ ਜਿਸ ਵਿੱਚ 500 ਦੇ ਕਰੀਬ ਪ੍ਰੋਫੈਸਰ ਕੰਮ ਕਰਦੇ ਹਨ ਅਤੇ 1984 ਵਿੱਚ ਸਥਾਪਤ ਕੀਤੇ ਜਾਣ ਮਗਰੋਂ ਇਸਦੀਆਂ ਸੈਂਕੜੇ ਕਿਤਾਬਾਂ ਛਪ ਚੁੱਕੀਆਂ ਹਨ। ਬਾਲ ਮੁਕੰਦ ਪਾਂਡੇ ਇਹ ਆਗੂ ਹੈ। ਇਹ ਸੰਸਥਾ ਇਤਿਹਾਸ ਦੇ ਨਾਮ ਉੱਤੇ ਝੂਠੀਆਂ, ਮਨਘੜਤ ਤੇ ਫਿਰਕੂ ਜਹਿਰ ਨਾਲ਼ ਭਰੀਆਂ ਕਹਾਣੀਆਂ ਜੰਮਣ ਦਾ ਕੰਮ ਕਰਦੀ ਹੈ ਜੋ ਸੰਘ ਦੇ ਬਾਕੀ ਪ੍ਰਚਾਰ ਤੰਤਰ ਲਈ ਸ੍ਰੋਤ ਸਮੱਗਰੀ ਬਣਦੀ ਹੈ। ਇਸ ਤਰਾਂ ‘ਇੰਡੀਆ ਪਾਲਿਸੀ ਫਾਉਂਡੇਸ਼ਨ’ ਤੇ ਇਹਦਾ ਆਗੂ ਰਕੇਸ਼ ਸਿਨਹਾ ਵੀ ਸੰਘ ਦੇ ਹੀ ਹਨ। ਰਕੇਸ਼ ਸਿਨਹਾ ਇਹ ਦਾਅਵਾ ਕਰਦਾ ਹੈ ਕਿ ਭਾਰਤ ਵਿਚਲਾ ਮਾਰਕਸਵਾਦੀ ਇਤਿਹਾਸ ਲੇਖਣ ਬਸਤੀਵਾਦੀ ਨੀਤੀ ਦਾ ਇੱਕ ਹਿੱਸਾ ਹੈ ਜੋ ਭਾਰਤ ਦੀ ਫਿਰਕੂ ਵਿਆਖਿਆ ਕਰਦਾ ਹੈ। ਇਹ ਰਕੇਸ਼ ਸਿਨਹਾ ਖੁਦ ਇਸ ਵੇਲ਼ੇ ਇੱਕ ਕਿਤਾਬ ‘ਤੇ ਕੰਮ ਕਰ ਰਿਹਾ ਹੈ ਜਿਸ ਵਿੱਚ ਉਹ ਭਾਰਤੀ ਦੀ ਅਜ਼ਾਦੀ ਦੀ ਲੜਾਈ ਵਿੱਚ ਸੰਘੀਆਂ ਦੀ ਭੂਮਿਕਾ ਦਿਖਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਸ ਤਰਾਂ ਸੰਘ ਪੁਜਾਰੀਆਂ, ਪ੍ਰਚਾਰਕਾਂ, ਧਾਰਮਿਕ ਗੁਰੂਆਂ, ਧਾਰਮਿਕ ਗਾਥਾਵਾਂ, ਅਖਬਾਰਾਂ, ਮੈਗਜੀਨਾਂ, ਟੀਵੀ ਚੈਨਲ਼ਾਂ ਰਾਹੀਂ ਆਪਣਾ ਫਿਰਕੂ ਰੰਗਤ ਦਿੱਤਾ ਇਤਿਹਾਸ ਲੋਕਾਂ ਮਨਾਂ ਵਿੱਚ ਭਰਦਾ ਰਹਿੰਦਾ ਹੈ। ਇਸਦੇ ਅਨੇਕਾਂ ਪ੍ਰਕਾਸ਼ਨ ਹਨ ਜੋ ਲੱਖਾਂ ਦੀ ਗਿਣਤੀ ਵਿੱਚ ਬਹੁਤ ਘੱਟ ਕੀਮਤ ਉੱਤੇ ਜਾਂ ਮੁਫਤ ਕਿਤਾਬਾਂ ਛਾਪ ਕੇ ਵੰਡਦੇ ਰਹਿੰਦੇ ਹਨ।

ਭਾਰਤ ਵਿੱਚ ਵਿਗਿਆਨਕ ਇਤਿਹਾਸ ਲੇਖਣ ਦੀ ਸ਼ੁਰੂਆਤ 40ਵਿਆਂ-50ਵਿਆਂ ਵਿੱਚ ਦਮੋਦਰ ਧਰਮਾਨੰਦ ਕੋਸੰਬੀ ਨੇ ਕੀਤੀ। ਉਸ ਮਗਰੋਂ ਰਾਮ ਸ਼ਰਨ ਸ਼ਰਮਾ, ਇਰਫਾਨ ਹਬੀਬ, ਰੋਮਿਲਾ ਥਾਪਰ, ਸੁਵੀਰਾ ਜੈਸਵਾਸ, ਡੀ.ਐਨ. ਝਾਅ, ਸੁਮਿਤ ਸਰਕਾਰ ਜਿਹੇ ਇਤਿਹਾਸਕਾਰਾਂ ਨੇ ਇਸਨੂੰ ਹੋਰ ਨਵੀਆਂ ਉਚਾਈਆਂ ‘ਤੇ ਪੁਹੰਚਾਇਆ। ਫਿਰਕੂ ਸੰਘੀਆਂ ਦਾ ਇਤਿਹਾਸ ਉੱਪਰ ਮੁੱਖ ਹਮਲਾ ਅਜਿਹੇ ਇਤਿਹਾਸਕਾਰਾਂ ਦੀ ਲੇਖਣੀ ‘ਤੇ ਹੀ ਹੁੰਦਾ ਹੈ, ਚਾਹੇ ਇਹ ਹਮਲਾ ਸਿਲੇਬਸਾਂ ਨੂੰ ਸੋਧਣ ਦੇ ਰੂਪ ਵਿੱਚ ਹੋਵੇ ਜਾਂ ਫਿਰ ਵੱਖ-ਵੱਖ ਮੰਚਾਂ ਤੋਂ ਸੰਘੀਆਂ ਦੇ ਬਿਆਨਾਂ ਦੇ ਰੂਪ ਵਿੱਚ ਸਾਹਮਣੇ ਆਵੇ। ਸੰਘੀਆਂ ਦੇ ਝੁੰਡ ਵਿੱਚੋਂ ਕੋਈ ਇਹਨਾਂ ਨੂੰ “ਮਾਰਕਸ ਤੇ ਮੈਕਾਲੇ ਦੇ ਚੇਲੇ” ਕਹਿ ਕੇ ਭੰਡਦਾ ਹੈ ਤੇ ਕੋਈ ਇਹਨਾਂ ਦੇ ਪੂਰੇ ਇਤਿਹਾਸ ਲੇਖਣ ਨੂੰ ਹੀ “ਬਸਤੀਵਾਦੀ ਨੀਤੀ ਦੀ ਸਾਜਿਸ਼” ਐਲਾਨ ਦਿੰਦਾ ਹੈ। ਭਾਗਵਤ, ਸੁਦਰਸ਼ਨ ਰਾਓ, ਦੀਨਾਨਾਥ ਬੱਤਰਾ ਜਿਹੇ ਸੰਘੀ ਇਹਨਾਂ ਇਤਿਹਾਸਕਾਰਾਂ ਉੱਪਰ ਆਪਣੇ ਖੋਖਲੇ ਬਿਆਨਾਂ ਦੇ ਤੀਰ ਦਾਗ਼ਦੇ ਰਹਿੰਦੇ ਹਨ। ਪਿੱਛੇ ਜਿਹੇ ਸੁਬਰਮਨੀਅਮ ਸਵਾਮੀ ਨੇ ਵੀ ‘ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ’ ਦੁਆਰਾ ਕਰਵਾਏ ਸੈਮੀਨਾਰ ਵਿੱਚ ਕਿਹਾ ਕਿ “ਮਾਰਕਸਵਾਦੀ, ਮੁਸਲਿਮ ਅਤੇ ਪੱਛਮੀ ਇਤਿਹਾਸਕਾਰਾਂ ਦੀਆਂ ਕਿਤਾਬਾਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ।”

ਹੁਣ ਇਹ ਗੱਲ ਕਰਦੇ ਹਾਂ ਕਿ ਇਤਿਹਾਸ ਦੇ ਨਾਮ ਉੱਤੇ ਇਹ ਸੰਘੀ ਕਿਹੜਾ ਭਗਵਾਂ ਜ਼ਹਿਰ ਪਰੋਸਦੇ ਹਨ। ਉਂਝ ਤਾਂ ਇਤਿਹਾਸ ਦੇ ਨਾਮ ‘ਤੇ ਸੰਘੀਆਂ ਨੇ ਇੰਨਾ ਕੂੜਾ ਇਕੱਠਾ ਕੀਤਾ ਤੇ ਲੋਕਾਂ ਦੇ ਦਿਮਾਗਾਂ ਵਿੱਚ ਤੁੰਨਿਆ ਹੋਇਆ ਹੈ ਕਿ ਉਸ ਉੱਪਰ ਅਨੇਕਾਂ ਵੱਡੇ ਗ੍ਰੰਥ ਲਿਖੇ ਜਾ ਸਕਦੇ ਹਨ। ਪਰ ਅਸੀਂ ਆਪਣੀ ਗੱਲ ਨੂੰ ਕੁੱਝ ਅਹਿਮ ਨੁਕਤਿਆਂ ਸਬੰਧੀ ਸੰਘੀਆਂ ਦੇ ਝੂਠਾਂ ਅਤੇ ਉਹਨਾਂ ਦੀਆਂ ਅਸਲ ਸੱਚਾਈਆਂ ਬਾਰੇ ਕੁੱਝ ਸੰਖੇਪ ਤੱਕ ਸੀਮਤ ਰੱਖਾਂਗੇ। ਇਸ ਵਿੱਚ ਮੁੱਖ ਦੋ ਨੁਕਤੇ ਹਨ। ਪਹਿਲਾ ਹੈ ਪੁਰਾਤਨ ਭਾਰਤ ਦਾ ਇਤਿਹਾਸ ਜਿਸ ਰਾਹੀਂ ਅਖੌਤੀ ਹਿੰਦੂ ਕੌਮ ਦੀ ਉੱਤਮਤਾ, ਮਹਾਨਤਾ ਪੇਸ਼ ਕਰਕੇ ਅੰਨੇ ਕੌਮਵਾਦ ਦੀ ਜ਼ਮੀਨ ਤਿਆਰ ਕੀਤੀ ਜਾਂਦੀ ਹੈ। ਦੂਜਾ ਹੈ ਮੱਧ ਕਾਲ ਦਾ ਇਤਿਹਾਸ ਜਿਸ ਵਿੱਚ ਮੁਸਲਿਮ ਰਾਜਿਆਂ ਨੂੰ ਵਿਦੇਸ਼ੀ, ਧਾੜਵੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਇਸਦੇ ਅਧਾਰ ‘ਤੇ ਮੁਸਲਮਾਨਾਂ ਖਿਲਾਫ ਨਫਰਤ ਪੈਦਾ ਕੀਤੀ ਜਾਂਦੀ ਹੈ।

ਪੁਰਾਤਨ ਭਾਰਤ ਦੇ ਇਤਿਹਾਸ ਨੂੰ ਫਿਰਕੂ ਰੰਗਤ

ਜਿੱਥੋਂ ਤੱਕ ਪੁਰਾਤਨ ਭਾਰਤ ਦੇ ਇਤਿਹਾਸ ਦਾ ਸਵਾਲ ਹੈ ਤਾਂ ਉਸ ਵਿੱਚ ਜਿਨਾਂ ਨੁਕਤਿਆਂ ਨੂੰ ਸੰਘੀ ਪ੍ਰਚਾਰਦੇ ਹਨ ਉਹਨਾਂ ਵਿੱਚ ਤਿੰਨ ਅਹਿਮ ਨੁਕਤੇ ਹਨ। ਪਹਿਲਾ ਆਰੀਆ ਨਸਲ ਬਾਰੇ ਹੈ ਕਿ ਸੱਚੀਓਂ ਹੀ ਆਰੀਆ ਜਿਹੀ ਕੋਈ ਖਾਸ ਨਸਲ ਹੈ ਜੋ ਬਾਕੀਆਂ ਨਾਲ਼ੋਂ ਉੱਤਮ ਤੇ ਮਹਾਨ ਹੈ ਅਤੇ ਉਹ ਭਾਰਤ ਵਿੱਚ ਪੈਦਾ ਹੋਈ ਤੇ ਸੰਸਾਰ ਵਿੱਚ ਫੈਲ ਗਈ। ਹਿੰਦੂ ਸ਼ੁੱਧ ਆਰੀਆ ਨਸਲ ਵਿੱਚੋਂ ਹਨ ਤੇ ਬਾਕੀ ਵਿਦੇਸ਼ੀ (ਮੁਸਲਿਮ ਤੇ ਈਸਾਈ) ਗੈਰ-ਆਰੀਆ ਹਨ। ਦੂਜਾ ਇਹ ਕਿ ਵੈਦਿਕ ਯੁੱਗ ਦੀ ਹਿੰਦੂ ਸੱਭਿਅਤਾ ਸੰਸਾਰ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਵੱਧ ਵਿਕਸਤ ਹੈ ਅਤੇ ਸੰਸਾਰ ਸੱਭਿਅਤਾ, ਵਿਗਿਆਨ ਦੀਆਂ ਮਹਾਨ ਪ੍ਰਾਪਤੀ ਭਾਰਤ ਵਿੱਚ ਹੀ ਪੈਦਾ ਹੋਈਆਂ ਹਨ। ਤੀਜਾ ਇਹ ਕਿ ਸੰਘ ਮਹਾਂਭਾਰਤ ਅਤੇ ਰਮਾਇਣ ਜਿਹੇ ਗ੍ਰੰਥਾਂ ਵਿਚਲੀਆਂ ਕਹਾਣੀਆਂ ਨੂੰ ਅਸਲ ਘਟਾਨਾਵਾਂ ਦੀ ਹੂ-ਬ-ਹੂ ਪੇਸ਼ਕਾਰੀ ਮੰਨਦੇ ਹਨ। ਹੁਣ ਤਾਂ ਸੁਦਰਸ਼ਨ ਰਾਓ ਦੀ ਅਗਵਾਈ ਵਿੱਚ ਭਾਰਤੀ ਇਤਿਹਾਸ ਖੋਜ ਕੇਂਦਰ ਵੀ ਇਹਨਾਂ ਦੇ ਦੌਰ ਦਾ ਸਹੀ ਸਮਾਂ ਪਤਾ ਕਰਨ ਦੇ “ਖੋਜ ਕਾਰਜ” ਲਈ ਪੱਬਾਂ ਭਾਰ ਹੋਇਆ ਬੈਠਾ ਹੈ। ਇਸੇ ਤਰਾਂ 3000 ਸਾਲ ਪੁਰਾਣੇ ਰਿਗਵੇਦ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਲਗਭਗ 7,000 ਸਾਲ ਪੁਰਾਣਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਤਾਂਬਾ 3700 ਈ.ਪੂ. ਵਿੱਚ ਵਰਤਿਆ ਜਾਂਦਾ ਸੀ ਅਤੇ ਪਹਿਲੀ ਲੇਖਣ ਵਿਧੀ 3500 ਈ.ਪੂ. ਵਿੱਚ ਭਾਰਤ ਵਿੱਚ ਖੋਜੀ ਗਈ। ਮਹਾਂਭਾਰਤ ਦੀ ਜੰਗ 3100 ਈ.ਪੂ. ਵਿੱਚ ਹੋਈ। ਵੈਦਿਕ ਯੁੱਗ ਦੇ ਭਾਰਤ ਵਿੱਚ “ਵਿਗਿਆਨਕ” ਖੋਜਾਂ ਦੇ ਇੰਨੇ ਝੂਠ ਬੋਲੇ ਜਾਂਦੇ ਹਨ ਕਿ ਖੁਦ ਝੂਠ ਵੀ ਸ਼ਰਮਾ ਜਾਵੇ। ਮਿਸਾਲ ਵਜੋਂ ਵੈਦਿਕ ਯੁੱਗ ਵਿੱਚ ਉੱਡਣੇ ਰਥ, ਬਿਨਾਂ ਘੋੜਿਆਂ ਤੋਂ ਚਲਦੇ ਰਥ, ਅਗਨ ਬਾਣ, ਸਟੈਮ ਸੈੱਲ ਅਤੇ ਸਰਜਰੀ ਆਦਿ ਮੌਜੂਦ ਹੋਣ ਦੇ ਬਹੁਤ ਹੀ ਹਾਸੋਹੀਣੇ ਦਾਅਵੇ ਸੰਘੀ “ਇਤਿਹਾਸਕਾਰਾਂ” ਤੇ “ਵਿਗਿਆਨੀਆਂ” ਵੱਲੋਂ ਕੀਤੇ ਜਾਂਦੇ ਹਨ।

18ਵੀਂ-19ਵੀਂ ਸਦੀ ਵਿੱਚ ਕੁੱਝ ਵਿਗਿਆਨੀਆਂ, ਇਤਿਹਾਸਕਾਰਾਂ ਨੇ ਯੂਰਪੀ ਅਤੇ ਕੁੱਝ ਭਾਰਤੀ ਭਾਸ਼ਾਵਾਂ ਵਿੱਚ ਸਾਂਝ ਨੂੰ ਦੇਖਦਿਆਂ ਇਹ ਨਤੀਜਾ ਕੱਢਿਆ ਕਿ ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲ਼ੇ ਲੋਕ ਇੱਕ ਲੋਕ ਸਮੂਹ ਤੋਂ ਨਿੱਕਲ਼ੇ ਹੋਏ ਹਨ ਜਿਸਨੂੰ ਆਰੀਆ ਦਾ ਨਾਮ ਦਿੱਤਾ ਗਿਆ। ਇਸ ਤਰਾਂ ਆਰੀਆ ਇੱਕ ਵੱਖਰਾ ਲੋਕ-ਸਮੂਹ ਸੀ ਪਰ ਇਹ ਕੋਈ ਵੱਖਰੀ ਨਸਲ ਨਹੀਂ ਸੀ ਜੋ ਦੂਜਿਆਂ ਨਾਲ਼ੋਂ ਉ’ਤਮ ਤੇ ਮਹਾਨ ਹੋਵੇ। 19ਵੀਂ ਸਦੀ ਵਿੱਚ ਮੈਕਸ ਮੁੱਲਰ ਜਿਹੇ ਇਤਿਹਾਸਕਾਰਾਂ ਨੇ ਆਰੀਆ ਨੂੰ ਨਸਲ ਬਣਾ ਕੇ ਪੇਸ਼ ਕਰਨਾ ਸ਼ੁਰੂ ਕੀਤਾ ਜੋ ਮੁੜ ਫਾਸੀਵਾਦੀ ਤਾਕਤਾਂ ਲਈ ਇੱਕ ਅਹਿਮ ਹਥਿਆਰ ਬਣ ਗਿਆ। ਇਟਲੀ ਵਿੱਚ ਮੁਸੋਲਿਨੀ, ਜਰਮਨੀ ਵਿੱਚ ਨਾਜ਼ੀਆਂ ਨੇ ਇਸੇ ਨੂੰ ਵਰਤਿਆ ਤੇ ਹੁਣ ਭਾਰਤ ਵਿੱਚ ਸੰਘੀ ਲਾਣਾ ਵੀ ਇਸਨੂੰ ਵਰਤ ਰਿਹਾ ਹੈ। ਇਸੇ ਤਰ੍ਹਾਂ ਦੇ ਵੇਦਾਂ, ਗ੍ਰੰਥਾਂ ਤੇ “ਵਿਗਿਆਨਕ” ਖੋਜਾਂ ਦਾ ਦੌਰ ਵੀ ਝੂਠਾਂ ਦੀ ਪੰਡ ਹੀ ਹੈ। ਹੁਣ ਤੱਕ ਉਪਲਬਧ ਵਿਗਿਆਨਕ ਸਬੂਤਾਂ ਮੁਤਾਬਕ ਵੈਦਿਕ ਕਾਲ ਦਾ ਸਮਾਂ ਲਗਭਗ 1800 ਈ.ਪੂ. ਤੋਂ 500ਈ.ਪੂ. ਹੈ। ਸਾਰੇ ਮੁੱਖ ਵੇਦ, ਗ੍ਰੰਥ ਇਸੇ ਦੌਰ ਵਿੱਚ ਰਚੇ ਗਏ ਹਨ, ਇਸੇ ਲਈ ਇਸਨੂੰ ਵੈਦਿਕ ਯੁੱਗ ਕਿਹਾ ਜਾਂਦਾ ਹੈ। ਇਸ ਤਰਾਂ ਰਿਗਵੇਦ ਸਮੇਤ ਸਭ ਵੇਦ, ਗ੍ਰੰਥ 3500 ਸਾਲ ਤੋਂ ਵੱਧ ਪੁਰਾਣੇ ਨਹੀਂ ਹਨ, ਜਦਕਿ ਸੰਘੀ ਇਹਨਾਂ ਨੂੰ 6,000-10,000 ਸਾਲ ਪੁਰਾਣੇ ਦੱਸਦੇ ਹਨ। ਸੰਘੀ ਵੱਲੋਂ “ਸਭ ਤੋਂ ਪਹਿਲਾਂ” ਕੀਤੀਆਂ “ਖੋਜਾਂ” ਦਾ ਝੂਠ ਵੀ ਇਹਨਾਂ ਵੇਦਾਂ ‘ਚ ਆਉਂਦੇ ਹਵਾਲਿਆਂ ਦੇ ਅਧਾਰ ‘ਤੇ ਬੋਲਿਆ ਜਾਂਦਾ ਹੈ। ਜੇ ਇਹ ਵੇਦ ਹੀ ਇੰਨੇ ਪੁਰਾਣੇ ਨਹੀਂ ਹਨ ਤਾਂ ਇਹਨਾਂ ਵਿਚਲੀਆਂ “ਖੋਜਾਂ” ਵੀ ਓਨੀਆਂ ਪੁਰਾਣੀਆਂ ਨਹੀਂ ਹਨ। ਇਸੇ ਤਰਾਂ ਰਮਾਇਣ ਤੇ ਮਹਾਂਭਾਰਤ ਲਿਖੇ ਜਾਣ ਦਾ ਸਮਾਂ ਵੀ 400ਈ.ਪੂ. ਤੋਂ 500 ਈ. ਦੇ ਵਿਚਕਾਰ ਹੈ। ਇਹ ਉਸ ਦੌਰ ਦਾ ਸਾਹਿਤ ਹੈ ਜਦੋਂ ਭਾਰਤੀ ਸਮਾਜ ਕਬੀਲਾਈ ਸਮਾਜ ਤੋਂ ਜਮਾਤੀ ਸਮਾਜ ਵੱਲ ਵਧ ਰਿਹਾ ਸੀ। ਇਸ ਵਿਚਲੀਆਂ ਮਿੱਥਕ ਕਹਾਣੀਆਂ, ਘਟਨਾਵਾਂ ਵਿੱਚ ਤਾਂ ਸੱਚਾਈ ਨਹੀਂ ਹੈ ਪਰ ਇਹ ਉਸ ਦੌਰ ਦੇ ਸਮਾਜਿਕ ਜੀਵਨ ਦੇ ਅਨੇਕਾਂ ਪ੍ਰਗਟਾਵੇ ਅਲੰਕ੍ਰਿਤ ਤੇ ਸਾਹਿਤਕ ਰੂਪ ਵਿੱਚ ਪ੍ਰਗਟ ਹੋਏ ਹਨ ਜੋ ਅੱਜ ਉਸ ਦੌਰ ਨੂੰ ਸਮਝਣ ਲਈ ਅਹਿਮ ਅਧਿਐਨ ਸਮੱਗਰੀ ਮੁਹੱਈਆ ਕਰਵਾਉਂਦੇ ਹਨ। ਪਰ ਸੰਘੀ ਇਹਨਾਂ ਨੂੰ ਹੂ-ਬ-ਹੂ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰਾਂ ਪੁਰਾਤਨ ਭਾਰਤ ਦਾ ਭਗਵੇਂ ਰੰਗ ਦਾ ਇਤਿਹਾਸ ਆਪਣੇ ਗੁਣਗਾਣ ਰਾਹੀਂ ਅੰਨੇ ਕੌਮਵਾਦ ਦੀ ਜ਼ਮੀਨ ਤਿਆਰ ਕਰਨ, ਮਿੱਥਕ ਕਥਾਵਾਂ ਰਾਹੀਂ ਲੋਕਾਂ ਦੇ ਤਰਕਸ਼ੀਲ, ਅਲੋਚਨਾਤਮਕ ਚਿੰਤਨ ਨੂੰ ਖਤਮ ਕਰਨ ਦੀ ਸਾਜਿਸ਼ ਹੈ।

ਪੁਰਾਤਨ ਭਾਰਤ ਦੇ ਇਤਿਹਾਸ ਵਿੱਚ ਸੰਘ ਜਿਹੜੇ ਹੋਰ ਤੱਥ ਲੁਕਾਉਣਾ ਚਾਹੁੰਦਾ ਹੈ ਉਹ ਹਨ ਪੁਰਾਤਨ ਹਿੰਦੂ ਸਮਾਜ ਵਿੱਚ ਮੌਜੂਦ ਜਾਤੀਪ੍ਰਥਾ ਕੇ ਛੂਤਛਾਤ ਦਾ ਜਾਬਰ ਤੇ ਮਨੁੱਖ ਦੋਖੀ ਖਾਸਾ। ਸੰਘੀ ਇਸ ਗੱਲੋਂ ਇਨਕਾਰ ਕਰਦੇ ਹੋਏ ਇਹ ਕਹਿੰਦੇ ਹਨ ਕਿ ਜਾਤ-ਪਾਤ ਬੜੇ ਵਧੀਆਂ ਢੰਗ ਨਾਲ਼ ਕੰਮ ਕਰਦੀ ਰਹੀ ਹੈ। ਇਸੇ ਤਰਾਂ ਇਹ ਵੈਦਿਗ ਯੁੱਗ ਵਿੱਚ ਹਿੰਦੂਆਂ ਦੁਆਰਾ ਗਾਂ ਦਾ ਮਾਸ ਖਾਧੇ ਜਾਣਾ ਦੇ ਤੱਥ ਨੂੰ ਵੀ ਲੁਕੋਂਦੇ ਹਨ ਜਿਸਦੇ ਹਵਾਲੇ ਖੁਦ ਵੇਦਾਂ, ਗ੍ਰੰਥਾਂ ਵਿੱਚ ਵੀ ਮਿਲ਼ਦੇ ਹਨ। ਇਹਦਾ ਕਾਰਨ ਇਹ ਹੈ ਕਿ ਅੱਜ ਸੰਘੀਆਂ ਲਈ ਗਾਂ ਫਿਰਕੂ ਸਿਆਸਤ ਦਾ ਅਹਿਮ ਹਥਿਆਰ ਬਣੀ ਹੋਈ ਹੈ।  (ਚੱਲਦਾ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements