ਸਿੱਖਿਆ ਦਾ ਭਗਵਾਂਕਰਨ •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲਡ਼ੀ ਜੋਡ਼ਨ ਲਈ ਕਲਿਕ ਕਰੋ

ਸੱਭਿਅਤਾ ਨਾਲ ਜਾਣ ਪਹਿਚਾਣ ਦੇ ਨਾਂ ਤੇ ਵਿਦਿਆ ਭਾਰਤੀ ਤੇ ਸ਼ਿਸ਼ੂ ਮੰਦਰਾਂ ਦੇ ਵਿਦਿਆਰਥੀਆਂ ਨੂੰ ਇਤਿਹਾਸ ਦੇ ਝੂਠੇ ਤੱਥ ਪੜਾਏ ਜਾਂਦੇ ਹਨ। ਰਸਸ ਦੇ ਸਿੱਖਿਆ ਨੀਤੀ ਪਰਚੇ ਵਿੱਚ ਇਹ ਝੂਠੇ ਤੱਥ ਸਾਰੇ ਸਕੂਲਾਂ ਚ ਪੜਾਉਣ ਲਈ ਜਰੂਰੀ ਬਨਾਉਣ ਦੀਆਂ ਜੋਰਦਾਰ ਸਿਫਾਰਾਸ਼ਾਂ ਕੀਤੀਆਂ ਗਈਆਂ ਹਨ। ਜਿਵੇਂ ਪਾਠ-ਪੁਸਤਕਾਂ ਵਿੱਚ ਪੜਾਇਆ ਜਾਂਦਾ ਹੈ ਰਾਮਭੂਮੀ ਰਾਮ ਦਾ ਜਨਮ ਸਥਾਨ ਹੈ, ਇਰਾਨ ਸਭ ਤੋਂ ਪਹਿਲਾਂ ਭਾਰਤੀਆਂ(ਆਰੀਅਨਾਂ) ਨੇ ਵਸਾਇਆ ਸੀ, ਹੋਮਰ ਨੇ ਵਾਲਮੀਕੀ ਦੀ ਨਕਲ ਨਾਲ ਇਲੀਅਡ ਦੀ ਰਚਨਾ ਕੀਤੀ ਹੈ, ਯੂਨਾਨੀ ਦਾਰਸ਼ਨਿਕ ਹੇਰਾਡੋਟਸ ਅਤੇ ਅਰਿਸਟੋਫੈਨਸ ਵੇਦਾਂ ਤੋਂ ਪ੍ਰਭਾਵਿਤ ਸਨ, ਅਫਲਾਤੂਨ ਤੇ ਪਾਇਥਾਗੋਰਸ ਮੁਤਬਾਕ ਮਿਸਰ ਦੀਆਂ ਮੁੱਲ ਮਾਨਤਾਵਾਂ ਭਾਰਤੀ ਰੀਤੀ ਰਿਵਾਜਾਂ ਨਾਲ ਜੁੜੀਆਂ ਹੋਈਆਂ ਹਨ, ਅਮਰੀਕੀ ਕਬੀਲਿਆਂ ਦੀ ਭਾਸ਼ਾ ਪੁਰਾਤਨ ਭਾਰਤੀ ਭਾਸ਼ਾਵਾਂ ਤੋਂ ਹੀ ਬਣੀ ਹੈ, ਗਾਂ ਸਾਡਿਆਂ ਸਾਰਿਆਂ ਦੀ ਮਾਂ ਹੈ, ਜਿਸਦੀ ਕੁੱਖ ਵਿੱਚ ਪ੍ਰਮਾਤਮਾ ਦਾ ਵਾਸ ਹੈ, ਅਯੂਰਵੈਦ ਦੁਨੀਆਂ ਦਾ ਪਹਿਲਾ ਸਿਹਤ ਵਿਗਿਆਨ ਹੈ, ਜਿਸਦਾ ਜਨਮ ਭਾਰਤ ਚ ਹੋਇਆ, ਯਸੂ ਮਸੀਹ ਹਿਮਾਲਿਆ ਆਇਆ ਸੀ, ਜਿੱਥੇ ਉਸਨੇ ਹਿੰਦੂ ਧਰਮ ਤੋਂ ਆਪਣੇ ਵਿਚਾਰ ਵਿਕਸਤ ਕੀਤੇ, ਸੰਸਕਾਰ ਸੌਰਬ ਲੜੀ ਤਹਿਤ ਸਤੀ ਪ੍ਰਥਾ ਇੱਕ ਰਾਜਪੂਤ ਰਿਵਾਜ ਹੈ, ਜਿਸ ਤੇ ਸਾਨੂੰ ਮਾਣ ਹੋਣ ਚਾਹੀਦਾ ਹੈ ਵਗੈਰਾ-ਵਗੈਰਾ। ਇਸ ਤਰਾਂ ਦੇ ਨਿਰੋਲ ਝੂਠੇ ਤੱਥ ਜਿਹਨਾਂ ਦਾ ਕੋਈ ਮੂੰਹ-ਸਿਰ ਨਹੀਂ ਹੈ, ਵਿਦਿਆਰਥੀਆਂ ਨੂੰ ਪੜਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਅਖੰਡ ਭਾਰਤ ਦੀਆਂ ਤਸਵੀਰਾਂ ਬਨਾਉਣ ਲਈ ਕਿਹਾ ਜਾੰਦਾ ਹੈ। ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ ਕਿ “ਮੁਸਲਮਾਨ ਗਾਂਵਾਂ ਨੂੰ ਮਾਰਦੇ ਹਨ ਤੇ ਜਿਹੜੇ ਹਿੰਦੂ ਇਹਨਾਂ ਕਸਾਈਆਂ ਨੂੰ ਮਾਰਦੇ ਹਨ ਪੂਜਣਯੋਗ ਹਨ। ਮੁਸਲਮਾਨਾਂ ਨੇ ਦੁਰਗਾ ਤੇ ਭਵਾਨੀ ਨਾਲ ਦੁਰਵਿਵਹਾਰ ਕੀਤਾ।“ ਹਕੀਕਤ ਰਾਏ ਦੇ ਕਿੱਸੇ ਨੂੰ ਝੂਠ ਬਣਾਕੇ ਪੇਸ਼ ਕੀਤਾ ਜਾਂਦਾ ਹੈ ਕਿ ਉਸਨੂੰ ਧੱਕੇ ਨਾਲ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਅਫਗਾਨਿਸਤਾਨ, ਤਿੱਬਤ, ਭੂਟਾਨ, ਮਿਆਂਮਾਰ, ਸ਼੍ਰੀ ਲੰਕਾ, ਪਾਕਿਸਤਾਨ, ਬੰਗਲਾਦੇਸ਼ ਨੂੰ ਅਖੰਡ ਭਾਰਤ ਦੇ ਹਿੱਸੇ ਵਜੋਂ ਹੀ ਪੜਾਇਆ  ਜਾਂਦਾ ਹੈ ਤੇ ਅਖੰਡ ਭਾਰਤ ਦੀ ਉਹੀ ਸ਼ਕਲ ਹਾਸਲ ਕਰਨ ਵਾਸਤੇ ਵਿਦਿਆਰਥੀਆਂ ਨੂੰ ਫਿਰ ਤੋਂ ਉੱਠਣ ਦੀ ਭਾਵਨਾਤਮਕ ਅਪੀਲ ਕੀਤੀ ਜਾਂਦੀ ਹੈ। ਰਾਮਜਨਮਭੂਮੀ ਬਾਰੇ  ਬਹੁਤ ਗਲਤ ਤੱਥ ਪੇਸ਼ ਕਰਕੇ ਵਿਦਿਆਰਥੀਆਂ ਸਾਹਮਣੇ ਪੇਸ਼ ਕੀਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਰਾਮਜਨਮਭੂਮੀ ਤੇ ਹੁਣ ਤੱਕ 78 ਜੰਗਾਂ ਲੜੀਆਂ ਗਈਆਂ ਹਨ। ਜਿੱਥੇ ਤਿੰਨ ਲੱਖ ਪੰਜਾਹ ਹਜਾਰ ਹਿੰਦੂ ਸ਼ਹੀਦ ਹੋਏ ਹਨ। ਵਿਦਿਆਰਥੀਆਂ ਪੇਪਰਾਂ ਦੀ ਤਿਆਰੀ ਵਾਸਤੇ ਇਹ ਸਵਾਲ ਯਾਦ ਕਰਨ ਲਈ ਕਹੇ ਜਾਂਦੇ ਹਨ।

ਹਿੰਦੂ ਮਨੌਤਾਂ ਨੂੰ ਧਰਮ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਜਦੋਂ ਕਿ ਬਾਕੀਆਂ ਸਿੱਖਾਂ, ਇਸਾਈਆਂ ਅਤੇ ਇਸਲਾਮ ਨੂੰ ਫਿਰਕੇ ਕਿਹਾ ਜਾੰਦਾ ਹੈ। ਧਰਮ ਸ਼ਿਖਿੱਆ ਪਾਠ ਵਿੱਚ ਕਿਹਾ ਗਿਆ ਹੈ ਕਿ ਨੌ ਲੱਖ ਸਾਲ ਪਹਿਲਾਂ ਰਾਮ ਨੇ ਇਸ ਪਵਿੱਤਰ ਆਰੀਅਨ ਭੂਮੀ ਤੇ ਪੈਰ ਰੱਖੇ। ਕ੍ਰਿਸ਼ਨ ਨੂੰ ਕੌਮਵਾਦੀ ਦੇ ਤੌਰ ਤੇ ਪੜਾਇਆ ਜਾਂਦਾ ਹੈ। ਪਾਠ ਪੁਸਤਕਾਂ ਵਿੱਚ ਪੜਾਇਆ ਜਾਂਦਾ ਹੈ ਕਿ ਮਨੁੱਖ ਦਾ ਜਨਮ ਸਭ ਤੋਂ ਪਹਿਲਾਂ ਤਿੱਬਤ ਵਿੱਚ ਹੋਇਆ, ਜੋ ਮੂਲ ਤੌਰ ਤੇ ਭਾਰਤ ਦਾ ਹੀ ਹਿੱਸਾ ਹੈ। ਇੱਥੋਂ ਹੀ ਮਨੁੱਖ ਸਾਰੀਆਂ ਥਾਵਾਂ ਤੇ ਫੈਲੇ। 1991 ਵਿੱਚ ਭਾਜਪਾ ਦੀ ਹਕੂਮਤ ਵਾਲੇ ਚਾਰ ਰਾਜਾਂ ਉੱਤਰ ਪ੍ਰਦੇਸ਼, ਮੱਦ ਪ੍ਰਦੇਸ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੈਦਿਕ ਗਣਿਤ ਦੀ ਪੜਾਈ ਸ਼ੁਰੂ ਕਰਵਾਈ ਗਈ ਤੇ ਸਕੂਲਾਂ ਦੇ ਨਾਲ ਨਾਲ ਇੰਜਨੀਅਰਿੰਗ ਤੇ ਤਕਨੀਕੀ ਕਾਲਜਾਂ ਵਿੱਚ ਵੀ ਇਹ ਵਿਸ਼ਾ ਘਸੋੜਨ ਦੀ ਕੋਸ਼ਿਸ਼ ਕੀਤੀ ਗਈ। 1996 ਵਿੱਚ ਐਨ ਸੀ ਈ ਆਰ ਟੀ ਨੇ ਪਾਠ ਪੁਸਤਕਾਂ ਵਿਚਲੇ ਇਹਨਾਂ ਵੈਦਿਕ ਨੁਸਖਿਆਂ ਨੂੰ ਸਿਰੇ ਦੇ ਖਾਰਜ ਕੀਤਾ ਤੇ ਇਹਨਾਂ ਨੂੰ ਪੂਰੇ ਤੌਰ ਤੇ ਸਿੱਖਿਆ ਵਿੱਚੋਂ ਕੱਢਣ ਦੀ ਮੰਗ ਕੀਤੀ।

ਬਾਬਰੀ ਮਸਜਿਦ ਤੇ ਹੋਰ ਪੁਰਾਤਨ ਯਾਦਗਾਰਾਂ ਜਿਹੜੀਆਂ ਮੁਸਲਿਮਾਂ ਨੇ ਬਣਵਾਈਆਂ ਸੀ, ਦੇ ਇਤਿਹਾਸ ਨੂੰ ਤੋੜਨ ਮਰੋੜਨ ਲਈ ਸੰਘੀ ਮਾਰਕਾ ਪੁਰਾਤਤਵ ਵਿਗਿਆਨੀ ਲੱਗੇ ਹੋਏ ਹਨ। ਸੰਘੀ ਇਤਿਹਾਸਕਾਰ ਪੀ ਐਨ ਓਕ ਦਾ ਕਹਿਣਾ ਹੈ ਕਿ ਤਾਜ ਮਹਿਲ ਦਾ ਅਸਲ ਨਾਂ ਤੇਜੋਏ ਮਹੱਲ ਹੈ, ਜਿਸਦਾ ਅਰਥ ਦਾ ਸ਼ਿਵ ਦਾ ਘਰ। ਇਸ ਤਰਾਂ ਇਹ ਅਨੇਕਾਂ ਤੱਥ ਸਿੱਧ ਧਾਰਨਾਵਾੰ ਨੂੰ ਗਲਤ ਸਿੱਧ ਕਰਨ ਵਿੱਚ ਲੱਗੇ ਹੋਏ ਹਨ। ਇਸਤੋਂ ਇਲਾਵਾ ਬਾਬਰੀ ਮਸਜਿਦ, ਸੋਮਨਾਥ ਮੰਦਰ, ਕਾਸ਼ੀ ਵਿਸ਼ਵਨਾਥ ਮੰਦਰ, ਅਯੋਧਿਆ ਬਾਰੇ ਅਨੇਕਾਂ ਗਲਤ ਗੱਲਾਂ ਵਿਦਿਆਰਥੀਆਂ ਦੇ ਦਿਮਾਗਾਂ ਵਿੱਚ ਤੂਸੜੀਆਂ ਜਾਂਦੀਆਂ ਹਨ। ਅਯੋਧਿਆ ਨੂੰ ਹਿੰਦੂ ਸ਼ਹਿਰ ਕਿਹਾ ਜਾਂਦਾ ਹੈ ਤੇ ਪੜਾਇਆ ਜਾਂਦਾ ਹੈ ਕਿ ਇਹ ਰਾਮ ਦੀ ਜਨਮ ਭੂਮੀ ਹੈ ਤੇ ਬਾਬਰੀ ਮਸਜਿਦ ਬਾਬਰ ਨੇ ਰਾਮ ਮੰਦਰ ਨੂੰ ਢਾਹਕੇ ਬਣਾਈ ਸੀ। ਪੁਰਾਤਨ ਭਾਰਤੀ ਸੱਭਿਅਤਾ ਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਦੱਸਿਆ ਜਾੰਦਾ ਹੈ-ਜਿਸਨੂੰ ਸਿੰਧੂ ਸਰਸਵਤੀ ਸੱਭਿਅਤਾ ਦਾ ਨਾਂ ਦਿੱਤਾ ਗਿਆ ਹੈ। ਇਤਿਹਾਸ ਦੀ ਪਰਾਈ ਵਿੱਚ ਸਮੁੱਚੀ ਭਗਤੀ ਲਹਿਰ ਨੂੰ ਮੁਸਲਮਾਨਾਂ ਦੇ ਖਿਲਾਫ ਲਹਿਰ ਬਣਾਕੇ ਪੇਸ਼ ਕੀਤਾ ਜਾਂਦਾ ਹੈ।

ਪਾਠ ਪੁਸਤਕਾਂ ਵਿੱਚ ਮੁਸਲਮਾਨਾਂ ਨੂੰ ਬੇਰਹਿਮ, ਜਿਹੜੇ ਜਿਹਾਦ ਵਾਸਤੇ ਕੁਝ ਵੀ ਕਰ ਸਕਦੇ ਹਨ। ਹਰੇਕ ਚਾਰ ਵਿਆਹ ਕਰਵਾਉਂਦਾ ਹੈ ਤੇ 12-12 ਬੱਚੇ ਪੈਦਾ ਕਰਦਾ ਹੈ। ਇਸ ਤਰਾਂ ਦਾ ਭੱਦਾ ਪ੍ਰਚਾਰ ਕਰਕੇ ਮੁਸਲਮਾਨਾਂ ਪ੍ਰਤੀ ਤੁਅੱਸਬ ਬਣਾਏ ਜਾਂਦੇ ਹਨ। ਸੰਘੀਆਂ ਦੇ ਇਸ ਕੂੜ ਪ੍ਰਚਾਰ ਤੋਂ ਇਸਾਈ ਵੀ ਅਛੂਤੇ ਨਹੀਂ, ਉਹਨਾਂ ਖਿਲਾਫ ਤੁਅੱਸਬ ਬਨਾਉਣ ਦੀਆਂ ਸਾਜਿਸਾਂ ਲਗਾਤਾਰ ਚਲਦੀਆਂ ਰਹਿੰਦੀਆਂ ਹਨ।

ਮਹੱਤਵਪੂਰਨ ਸੰਸਥਾਵਾਂ ਅਤੇ ਕਮੇਟੀਂਆਂ ਤੇ ਕਬਜਾ

ਸੰਘੀ ਆਪਣੇ ਮੰਨਸੂਬਿਆਂ ਦੀ ਪੂਰਤੀ ਲਈ ਜਿੱਥੇ ਇੱਕ ਪਾਸੇ ਸਿਲੇਬਸਾਂ ਚ ਭਗਵੀਂ ਤਬਦੀਲੀ ਕਰ ਰਹੇ ਹਨ। ਉੱਥੇ ਨਾਲ ਨਾਲ ਫਿਰਕੂ ਤਾਕਤਾਂ ਦੁਆਰਾ ਦੇਸ਼ ਦੀਆਂ ਮਹੱਤਵਪੂਰਨ ਨੀਤੀ ਘਾੜੀਆਂ ਸੰਸਥਾਵਾਂ, ਕਮੇਟੀਆਂ, ਯੂਨੀਵਰਸਿਟੀਆਂ ਵਿੱਚ ਆਪਣੇ ਬੰਦੇ ਫਿੱਟ ਕਰਨ ਦੀ ਮੁਹਿੰਮ ਨੇ ਵੀ ਤੇਜੀ ਫੜ ਲਈ ਹੈ। ਇੰਡੀਅਨ ਕਾਊਂਸਲ ਆਫ ਹਿਸਟੋਰੀਕਲ ਰਿਸਰਚ ਵਿੱਚ ਉਹਨਾਂ ਦੀ ਭਰਤੀ ਕੀਤੀ ਗਈ ਹੈ ਜਿਹਨਾਂ ਦਾ ਸਬੰਧ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਹੈ, ਤੇ ਜਿਹਨਾਂ ਨੇ ਅਯੋਧਿਆ ਮੁਹਿੰਮ ਵਿੱਚ ਸੰਘੀਆਂ ਦਾ ਸਾਥ ਦਿੱਤਾ ਸੀ। 12 ਸੈਕੂਲਰ ਤੇ ਕਾਬਲ ਇਤਿਹਾਸਕਾਰਾਂ ਇਸ ਵਿੱਚੋਂ ਬਾਹਰ ਰੱਖਿਆ ਗਿਆ ਹੈ-ਜਿਹਨਾਂ ਵਿੱਚ ਪ੍ਰਫੈਸਰ ਸੁਮੀਤ ਸਰਕਾਰ, ਕੇ ਐਨ ਪਾਨੀਕਰ, ਟੀ ਕੇ ਵੀ ਸੁਬਰਾਮਨੀਅੱਮ ਵਰਗੇ ਇਤਿਹਾਸਕਾਰਾਂ ਨੂੰ ਵੀ ਕਾਊਂਸਲ ਤੋਂ ਬਿਲਕੂਲ ਬਾਹਰ ਕਰ ਦਿੱਤਾ ਹੈ। ਜਿਹਨਾਂ ਨੂੰ ਕਾਊਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ, ਉਹ ਅਯੋਧਿਆ ਮਸਲੇ ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਲ ਹਨ। ਉਹਨਾਂ ਚੋਂ ਇੱਕ ਤਾਂ ਰਸਸ ਦਾ ਪੱਕਾ ਪ੍ਰਚਾਰਕ ਹੈ। ਕਾਊਂਸਲ ਤੇ ਸੰਘੀਆਂ ਦਾ ਕਬਜਾ ਸਪੱਸ਼ਟ ਵਿਖਾਉਂਦਾ ਹੈ ਕਿ ਹੁਣ ਸਰਕਾਰੀ ਫੰਡਿਗ ਰਾਹੀਂ ਸੰਘੀ ਆਪਣੇ ਮੰਨਸੂਬਿਆਂ ਨੂੰ ਪੂਰਾ ਕਰਨਗੇ।

ਇਸਤੋਂ ਇਲਾਵਾ ਇੰਡੀਅਨ ਕਾਊਂਸਲ ਆਫ ਸੋਸ਼ਲ ਸਾਇਂਸ ਰਿਸਰਚ ਵਿੱਚ ਸੰਘੀ ਆਪਣੇ ਇਸੇ ਏਜੰਡੇ ਨੂੰ ਲਾਗੂ ਕਰ ਰਹੇ ਹਨ ਤੇ ਆਪਣੇ ਹਿੰਦੂ ਰਾਸ਼ਟਰ ਦੀ ਸੇਵਾ ਕਰ ਰਹੇ ਹਨ। ਸੰਘੀਆਂ ਵੱਲੋਂ ਆਪਣੇ ਬੌਧਿਕ ਚਾਕਰਾਂ ਲਈ ਵੱਡੇ ਵੱਡੇ ਸਰਕਾਰੀ ਫੰਡ ਮੁਹੱਈਆ ਕਰਵਾ ਰਹੀ ਹੈ। ਫੰਡਾਂ ਨੂੰ ਹਿੰਦੂਵਾਦੀ ਏਜੰਡਿਆਂ ਤਹਿਤ ਸੈਮੀਨਾਰ ਕਰਾਉਣ ਤੇ ਖਰਚ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕਾਊਂਸਲ ਦੇ ਫੰਡਾ ਤੇ ਕਟੌਤੀ ਕੀਤੀ ਜਾ ਰਹੀ ਹੈ। ਨੈਸ਼ਨਲ ਮਿਊਜੀਅਮ ਵਿਚਲੀ ਹੜੱਪਾ ਗੈਲਰੀ ਨੂੰ ਸੰਘੀ ਨੇ ਪੁਰਾਤਨ ਹਿੰਦੂ ਤੋਪਖਾਨਾ ਬਣਾ ਦਿੱਤਾ ਹੈ। ਜਿਸ ਵਿੱਚ ਪੁਰਾਤਨ ਹਥਿਆਰਾਂ ਨੂੰ ਨਵਿਂਆਂ ਦੇ ਰੂਪ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਆਰੀਅਨ ਸਭਿਅਤਾ ਦੇ ਮਾਣ ਵਜੋਂ ਪੇਸ਼ ਕੀਤਾ ਜਾਂਦਾ ਹੈ। ਸਿੰਧੂ ਤੇ ਬ੍ਰਹਮਪੁੱਤਰ ਦੇ ਤਿਉਹਾਰਾਂ ਨੂੰ ਸਰਕਾਰੀ ਤੌਰ ਤੇ ਸਰਕਾਰੀ ਖਰਚੇ ਤੇ ਆਯੋਜਿਤ ਕੀਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਇਹੀ ਉਹ ਧਰਤੀ ਆ ਜਿਥੇ ਆਰੀਅਨ ਪੈਦਾ ਹੋਏ ਸਨ।

ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ, ਸ਼ਿਮਲਾ ਵਿੱਚ ਸੰਘੀ ਹਮਦਰਦ ਚੇਅਰਮੈਨ ਅਤੇ ਹੋਰ ਕਈ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਵਿੱਚ ਕਿਰਤੀ ਜੋਸ਼ੀ ਜੋ ਵੇਦ ਵਿਦਿਆ ਪ੍ਰਤੀਸ਼ਠਾਨ,ਜੋ ਰਸਸ ਨਾਲ ਸਬੰਧਤ ਹੈ, ਦਾ ਮੈਂਬਰ ਹੈ ਅਤੇ ਜੀ ਸੀ ਪਾਂਡੇ ਇੱਕ ਸੰਸਕ੍ਰਿਤ ਸਕਾਲਰ ਹੈ। ਇਸਤੋਂ ਇਲਾਵਾ ਨਹਿਰੂ ਮਿਊਜਿਅਨ ਤੇ ਯਾਦਗਾਰੀ ਲਾਇਬ੍ਰੇਰੀ, ਨੈਸ਼ਨਲ ਮਿਊਜੀਅਮ ਅਤੇ ਬਾਕੀ ਹੋਰ ਮਿਊਜਿਅਮਾਂ ਨੂੰ ਸੰਘੀਆਂ ਨੇ ਆਪਣੇ ਪ੍ਰਚਾਰ ਦਾ ਸੰਦ ਬਣਾ ਲਿਆ ਹੈ। ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਆਲ ਇੰਡੀਆਂ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੇ ਵਿਗਿਆਨ ਤੇ ਤਕਨੀਕ ਦੇ ਸਾਰੇ ਸੰਸ਼ਥਾਨਾਂ ਚ ਸੰਘੀ ਫਿਰਕੂ ਟੋਲੇ ਨੇ ਆਪਣੀ ਪੂਰੀ ਪੈਂਠ ਬਣਾ ਲਈ ਹੈ।

ਹਰੀ ਗੌਤਮ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦਾ ਨਵਾਂ ਸੈਕਟਰੀ ਥਾਪਿਆ ਗਿਆ ਹੈ, ਜਿਸਦੀ ਰਸਸ ਨਾਲ ਬਹੁਤ ਜਿਆਦਾ ਨੇੜਤਾ ਹੈ। ਯੂ ਜੀ ਸੀ ਦੇਸ਼ ਵਿੱਚ ਉੱਚ ਸਿੱਖਿਆ ਦਾ ਮੁੱਢਲਾ ਢਾਂਚਾ ਹੈ। ਯੂ ਜੀ ਸੀ ਦੁਆਰਾ ਜਿੱਥੇ ਇੱਕ ਪਾਸੇ ਸਰਕਾਰ ਦੁਆਰਾ ਯੋਜਨਾਬੱਧ ਤਰੀਕੇ ਨਾਲ ਭਗਵਾਂਕਰਣ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਿੱਖਿਆ ਦਾ ਵਪਾਰੀਕਰਨ, ਨਿਜੀੱਕਰਨ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਸੂਬੇ ਦੀਆਂ ਯੂਨੀਵਰਸਿਟੀਆਂ ਦੇ ਫੰਡਾਂ ਚ ਕੱਟ ਲਾਏ ਜਾ ਰਹੇ ਹਨ। ਯੂਨੀਵਰਸਿਟੀਆਂ ਦੇ ਸੈਕੂਲਰ ਜਾਂ ਸੰਘ ਵਿਰੋਧੀ ਉਪ ਕੁਲਪਤੀਆਂ ਨੂੰ ਲਾਹ ਕੇ ਆਪਣੇ ਹੱਥਠੋਕੇ ਲਗਾਏ ਜਾ ਰਹੇ ਹਨ। ਯੂਨੀਵਰਸਿਟੀਆਂ, ਕਾਲਜਾਂ ਦੇ ਜਮਹੂਰੀ ਮਹੌਲ ਨੂੰ ਸੌੜਾ ਬਣਾਇਆ ਜਾ ਰਿਹਾ ਹੈ। ਜਮਹੂਰੀ ਸਪੇਸ ਲਗਾਤਾਰ ਘਟਦੀ ਜਾ ਰਹੀ ਹੈ। ਦਿੱਲੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੀਆਂ ਤਿੰਨੇ ਯੂਨੀਵਰਸਿਟੀਆਂ ਪੂਰੀ ਤਰਾਂ ਸੰਘੀ ਲਾਣੇ ਦੇ ਇਸ਼ਾਰਿਆਂ ਤੇ ਚੱਲ ਰਹੀਆਂ ਹਨ, ਇੱਥੋਂ ਤੱਕ ਹੋਸਟਲਾਂ ਦੇ ਵਾਰਡਨਾਂ ਦੀਆਂ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਸਕੂਲ ਦਾ ਬੋਰਡ ਦਾ ਮੌਜੂਦਾ ਚੇਅਰਮੈਨ ਡਾ. ਸੀ ਐਲ ਗੁਪਤਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਸਰਗਰਮ ਕਾਰਕੁੰਨ ਰਿਹਾ ਹੈ।

ਅਲੀਗੜ ਮੁਸਲਿਮ ਯੂਨੀਵਰਸਿਟੀ ਵਿੱਚ ਸੰਘੀ ਮਾਰਕਾ ਉਪ ਕੁਲਪਤੀ ਯੂਨੀਵਰਸਿਟੀ ਵਿੱਚ ਜਮਹੂਰੀ ਸਪੇਸ ਦਾ ਘਾਣ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ। ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਤੇ ਪਬੰਦੀਆਂ ਲਗਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਖੱਬੇਪੱਖੀ ਝੁਕਾਅ ਰੱਖਣ ਵਾਲੀਆਂ ਵਿਦਿਆਰਥੀ ਯੂਨੀਅਨਾਂ ਜਾਂ ਅਧਿਆਪਕਾਂ ਨੂੰ ਖਾਸ ਤੌਰ ਤੇ ਦੁਖੀ ਕੀਤਾ ਜਾੰਦਾ ਹੈ। ਜਿੱਥੇ ਘੱਟਗਿਣਤੀ ਹਨ, ਉੱਥੇ ਵੀ ਸੰਘੀ ਨਵੇਂ ਨਵੇਂ ਢੰਗ ਤਰਿਕਿਆਂ ਨਾਲ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਰਹੇ ਹਨ। ਹਰਿਆਣੇ ਦੀ ਸਿੱਖਿਆ ਦੀ ਸਲਾਹਕਾਰ ਕਮੇਟੀ ਚੋਂ ਜਾਣੇ ਮਾਣੇ ਸੈਕੂਲਰ ਚੇਅਰਮੈਨ ਪ੍ਰਫੈਸਰ ਸੁਜਾਨ ਭਾਨ ਨੂੰ ਹਟਾਕੇ ਉਹਨਾਂ ਦੀ ਥਾਂ ਸੰਘ-ਭਗਤ ਨੂੰ ਦਿੱਤੀ ਗਈ ਹੈ। ਨੈਸ਼ਨਲ ਐਲੀਮੈਂਟਰੀ ਐਜੂਕੇਸ਼ਨ ਮਿਸ਼ਨ, ਨੈਸ਼ਨਲ ਇੰਸਟੀਚਿਊਟ ਆਫ ਪਲੈਨਿੰਗ, ਨੈਸ਼ਨਲ ਕਾਊਂਸਲ ਆਫ ਰਿਸਰਚ ਐਂਡ ਟ੍ਰੇਨਿੰਗ ਹਰ ਥਾਂ ਰਸਸ ਨੇ ਅਪਣੇ ਨੁਮਾਇੰਦਿਆਂ ਨੂੰ ਗੱਦੀਆਂ ਤੇ ਬਿਠਾ ਦਿੱਤਾ ਹੈ।

ਸਿਲੇਬਸਾਂ ਨੂੰ ਸੋਧਣ ਵਾਸਤੇ ਰਿਵਿਊ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰੀ ਸਕੂਲ ਦੇ ਫੰਡਾਂ ਨੂੰ ਰਸਸ ਦੇ ਸਕੂਲਾਂ ਵੱਲ ਘੱਲ਼ਿਆ ਜਾ ਰਿਹਾ ਹੈ। ਇਸਦੀ ਵਜਾਹ ਕਰਕੇ ਕਈ ਥਾਈਂ ਸਰਕਾਰੀ ਸਕੂਲ ਬੰਦ ਵੀ ਹੋ ਰਹੇ ਹਨ, ਜਿਸਦਾ ਲਾਹਾ ਲੈਕੈ ਰਸਸ ਦੇ ਸਕੂਲਾਂ ਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਯਾਨਿ ਭਾਜਪਾ ਇੱਕ ਤੀਰ ਨਾਲ ਦੋ ਦੋ ਨਿਸ਼ਾਨੇ ਫੁੰਡ ਰਹੀ ਹੈ। ਇਸਤੋਂ ਇਲਾਵਾ ਸੈਕੂਲਰ ਪਬਲਿਕੇਸ਼ਨਾਂ ਦੇ ਰਹਿੰਦੇ ਬਕਾਏ ਰੋਕ ਲਏ ਗਏ ਹਨ ਤਾਂਕਿ ਉਹ ਅਗਲਾ ਆਡਰ ਨਾ ਭੇਜਣ ਤੇ ਉਸਦੀ ਪੂਰਤੀ ਰਸਸ ਦੇ ਪਬਲੀਕੇਸ਼ਨਾਂ ਦੀਆਂ ਕਿਤਾਬਾਂ ਵਿਦਿਆਰਥੀਆਂ ਤੱਕ ਪਹੁੰਚਾਕੇ ਕੀਤੀ ਜਾਵੇ। ਆਰਕਿਊਲਾਜੀਕਲ ਸਰਵੇ ਆਫ ਇੰਡੀਆ ਜਰੀਏ ਇਹ ਸਿੱਧ ਕਰਨ ਤੇ ਜੋਰ ਲਾਇਆ ਜਾ ਰਿਹਾ ਹੈ ਕਿ ਆਰੀਅਨ ਭਾਰਤ ਦੇ ਮੂਲ ਨਿਵਾਸੀ ਸਨ ਤੇ ਭਾਰਤੀ ਸੱਭਿਅਤਾ ਇੱਕ ਆਰੀਅਨ ਸੱਭਿਅਤਾ ਹੈ। ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ 200 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਰਿਹਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ