ਸਿੱਖਿਆ ਦਾ ਭਗਵਾਂਕਰਨ •ਛਿੰਦਰਪਾਲ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਭੁਮਿਕਾ

ਮਈ 2014 ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਾਂ ਕਹਿਏ ਰਾਸ਼ਟਰੀ ਸਵੈਸੇਵਕ ਸੰਘ ਦੇ ਦਿੱਲੀ ਦੇ ਤਖਤ ਉੱਤੇ ਬਿਰਾਜਮਾਨ ਹੋਣ ਤੋਂ ਮਗਰੋਂ ਦੇਸ਼ ਅੰਦਰ ਹਿੰਦੂ ਫਿਰਕੂ ਫਾਸੀਵਾਦ ਦੀ ਤਾਕਤ ਵਿੱਚ ਗੁਣਾਤਮਕ ਵਾਧਾ ਹੋਇਆ ਹੈ। ਇਸਨੇ ਦੇਸ਼ ਦੇ ਧਾਰਮਿਕ ਘੱਟਗਿਣਤੀਆਂ(ਖਾਸਕਰ ਮੁਸਲਮਾਨਾਂ, ਇਸਾਈਆਂ ਲਈ) ਕਿਰਤੀ ਜਮਾਤਾਂ, ਵਿਦਿਆਰਥੀਆਂ-ਨੌਜਵਾਨਾਂ ਤੇ ਔਰਤਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਹਿੰਦੂਵਾਦੀ ਫਿਰਕੂ ਤਾਕਤਾਂ ਵੱਲੋਂ ਦੇਸ਼ ਦੇ ਆਰਥਕ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਆਦਿ ਜਿੰਦਗੀ ਦੇ ਹਰ ਖੇਤਰ ਵਿੱਚ ਧਡੱਲੇਦਾਰ ਘੁਸਪੈਠ ਕੀਤੀ ਜਾ ਰਹੀ ਹੈ। ਦੇਸ਼ ਚ ਫਿਰਕੂ ਫਾਸੀਵਾਦ ਦਾ ਉਭਾਰ ਦੇਸ਼-ਦੁਨੀਆ ਦੇ ਆਰਥਕ ਸੰਕਟ ਨਾਲ ਹੀ ਜੁਡਿਆ ਹੋਇਆ ਹੈ। ਅੱਜ ਸੰਸਾਰ ਸਰਮਾਏਦਾਰੀ ਆਰਥਕ ਸੰਕਟ ਨਾਲ ਜੂਝ ਰਹੀ ਹੈ। ਸਮੁੱਚਾ ਸੰਸਾਰ ਇਸਦੀ ਚਪੇਟ ਵਿੱਚ ਆਇਆ ਹੋਇਆ ਹੈ, ਭਾਰਤ ਜੋ ਸੰਸਾਰ ਸਰਮਾਏਦਾਰੀ ਦਾ ਹੀ ਅੰਗ ਹੈ, ਇਸ ਕਰਕੇ ਅੱਜ ਦੀਆਂ ਹਾਕਮ ਜਮਾਤਾਂ ਦੀ ਇਹ ਅਣਸਰਦੀ ਲੋਡ ਹੈ ਕਿ ਮਹੌਲ ਨੂੰ ਫਿਰਕੂ ਰੰਗਤ ਦੇਕੇ ਸਰਮਾਏਦਾਰੀ ਦੇ ਇਤਿਹਾਸ (ਜਰਮਨੀ, ਇਟਲੀ, ਜਪਾਨ ਵਿੱਚ) ਨੂੰ ਇੱਕ ਵਾਰ ਫਿਰ ਤੋਂ ਦੁਹਰਾਇਆ ਜਾਵੇ। ਸਮਾਜਿਕ ਵਿਗਿਆਨ ਦੇ ਨਿਯਮ ਸਾਨੂੰ ਇਹ ਦੱਸਦੇ ਹਨ ਕਿ ਆਰਥਕ ਸੰਕਟ ਸਰਮਾਏਦਾਰੀ ਦਾ ਲਾਜਮੀ ਗੁਣ ਹਨ। ਜਿਵੇਂ ਜਿਵੇਂ ਸਰਮਾਏਦਾਰੀ  ਦਾ ਵਿਕਾਸ ਹੁੰਦਾ ਜਾਂਦਾ ਹੈ, ਜਿਵੇੰ ਜਿਵੇਂ ਇਹ ਇਤਿਹਾਸ ਦੇ ਰੰਗ ਮੰਚ ਤੇ ਅੱਗੇ ਵਧਦੀ ਹੈ ਤਾਂ ਆਪਣਾ ਜਮਹੂਰੀ, ਬਰਾਬਰੀ, ਅਜਾਦੀ ਤੇ ਨਿਆਂ ਵਾਲਾ ਨਕਾਬ ਲਾਕੇ ਪਰਾਂ ਸੁੱਟ ਦਿੰਦੀ ਹੈ ਤੇ ਨੰਗੀ-ਚਿੱਟੀ ਤਾਨਾਸ਼ਾਹ ਤਾਕਤ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਅੱਜ ਜੋ ਹੋ ਰਿਹਾ ਹੈ ਇਸੇ ਗੱਲ ਦੇ ਸੱਚ ਹੋਣ ਦੀ ਸ਼ਾਹਦੀ ਭਰਦਾ ਹੈ। ਰਾਜਸੱਤਾ ਜੋ ਸਰਮਾਏਦਾਰੀ ਵਿੱਚ ਸਰਮਾਏਦਾਰਾਂ ਦੀ ਮੈਨੇਜਿੰਗ ਕਮੇਟੀ ਤੋਂ ਬਿਨਾਂ ਕੁਝ ਨਹੀਂ ਹੁੰਦੀ, ਆਪਣੇ ਮਾਲਕਾਂ ਦੇ ਮੁਨਾਫੇ ਵਾਸਤੇ ਆਰਥਕ ਸੰਕਟ ਨਾਲ ਨਜਿੱਠਣ ਲਈ ਉਸਨੂੰ ਆਪਣੇ ਅਸਲੀ ਰੂਪ ਵਿੱਚ ਸਾਹਮਣੇ ਆਉਣਾ ਪੈਂਦਾ ਹੈ। ਸਾਡੇ ਦੇਸ਼ ਹਿੰਦੂਤਵੀ ਫਿਰਕਾਪ੍ਰਸਤਾਂ ਦਾ ਸਾਡੇ ਹਾਕਮਾਂ ਦੇ ਤੌਰ ਤੇ ਸਾਡੇ ਸਿਰਾਂ ਤੇ ਕਾਬਜ ਹੋਣਾ ਅਸਲ ਚ ਦੇਸ਼ ਦੇ ਸਰਮਾਏਦਾਰਾਂ ਦੀ ਲੋਡ ਹੈ। ਆਰਥਕ ਸੰਕਟ ਦੇ ਚੱਲਦਿਆਂ ਉਹਨਾਂ ਨੂੰ ਕਿਸੇ ਧਡੱਲੇਦਾਰ ਲੱਠਮਾਰ ਸੱਤਾ ਦੀ ਲੋਡ ਹੁੰਦੀ ਹੈ, ਜੋ ਦੇਸ਼ ਵਿੱਚ ਫਿਰਕੂ ਫਾਸੀਵਾਦੀ ਸੱਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਫਾਸੀਵਾਦ ਨਿੱਘਰ ਰਹੀ ਸਰਮਾਏਦਾਰੀ ਹੁੰਦਾ ਹੈ। ਸੰਕਟ ਦੇ ਇਸ ਦੌਰ ਵਿੱਚ ਹਾਕਮ ਜਮਾਤਾਂ ਆਪਣੇ ਇਸ ਸੰਕਟ ਦੇ ਸਾਰੇ ਬੋਝ ਨੂੰ ਲਗਾਤਾਰ ਦੇਸ਼ ਦੇ ਕਿਰਤੀਆਂ, ਵਿਦਿਆਰਥੀ-ਨੌਜਵਾਨਾਂ ਤੇ ਲੱਦਣ ਜਾ ਰਹੀਆਂ ਹਨ। ਦੇਸ਼ ਚ 1990 ਤੋਂ ਹੀ ਚੱਲ ਰਹੀਆਂ ਨਿੱਜੀਕਰਨ-ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਨੂੰ ਮੋਦੀ ਦੇ ਰਾਜ ਵਿੱਚ ਜਰਬਾਂ ਦਿੱਤੀਆਂ ਜਾ ਰਹੀਆਂ ਹਨ। ਨਵੇਂ ਹਾਕਮਾਂ ਵੱਲੋਂ ਦੇਸ਼ੀ ਤੇ ਵਿਦੇਸ਼ੀ ਸਰਮਾਏਦਾਰਾਂ ਨੂੰ ਦੋਵੇਂ ਹੱਥੀਂ ਦੇਸ਼ ਨੂੰ ਲੁੱਟਣ ਦੀਆਂ ਖੁੱਲਾਂ ਦਿੱਤੀਆਂ ਜਾ ਰਹੀਆਂ ਹਨ। ਪਬਲਿਕ ਸੈਕਟਰ ਤੋਂ ਲੈਕੇ ਕੁਦਰਤੀ ਸ੍ਰੋਤ-ਸੰਸਾਧਨ ਸਰਮਾਏਦਾਰਾਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਲੋਕਾਂ ਦੁਆਰਾ ਲਡਕੇ ਹਾਸਲ ਕੀਤੇ ਸੰਵਿਧਾਨਿਕ ਹੱਕਾਂ-ਕਨੂੰਨਾਂ ਤੇ ਵੀ ਕੁਹਾਡਾ ਵਾਹਿਆ ਜਾ ਰਿਹਾ ਹੈ। ਕੁੱਲ ਮਿਲਾਕੇ ਕਹੀਏ ਸਰਮਾਏਦਾਰਾਂ ਦੇ ਮੁਨਾਫੇ ਦੇ ਰਾਹ ਵਿੱਚ ਰੋਡਾ ਬਣਦੀ ਹਰੇਕ ਸ਼ੈਅ ਨੂੰ ਹਟਾਇਆ ਜਾ ਰਿਹਾ ਹੈ। ਹਰ ਢੰਗ ਤਰੀਕੇ ਨਾਲ ਲੋਕਾਂ ਤੇ ਆਰਥਕ ਹੱਲਾ ਦਿਨੋਂ ਦਿਨ ਹੋਰ ਤੀਬਰ ਹੋਰ ਤੇਜ ਹੁੰਦਾ ਜਾਂਦਾ ਹੈ। ਐਸੇ ਵੇਲੇ ਲੋਕਾਂ ਨਾਲ ਇੱਕ ਪਾਸੇ ਐਨਾ ਧੱਕਾ ਹੁੰਦਾ ਰਹੇ ਤੇ ਲੋਕੀਂ ਸਭ ਕੁਝ ਚੁੱਪ ਚਾਪ ਸਹਿੰਦੇ ਰਹਿਣ, ਇਹ ਕਦੇ ਵੀ ਇਤਿਹਾਸਕ ਤੌਰ ਤੇ ਸੰਭਵ ਨਹੀਂ। ਲੋਕਾਂ ਦੀ ਉੱਠਣ ਵਾਲੀਆਂ ਭਵਿੱਖੀ ਲੋਕ-ਲਹਿਰਾਂ ਨੂੰ ਰੋਕਣ ਲਈ ਹਾਕਮਾਂ ਵੱਲੋਂ ਹਰ ਹੀਲੇ ਕੀਤੇ ਜਾ ਰਹੇ ਹਨ। ਭਾਜਪਾ ਦੇ ਰੂਪ ਵਿੱਚ ਰਾਸ਼ਟਰੀ ਸਵੈਸੇਵਕ ਸੰਘ ਦੇ ਸਿਆਸੀ ਵਿੰਗ ਦੇ ਸੱਤਾ ਤੇ ਕਾਬਜ ਹੋਣ ਨਾਲ ਦੇਸ਼ ਚ ਵਸਦੀਆਂ ਘੱਟਗਿਣਤੀਆਂ ਤੇ ਹਮਲੇ ਤੇਜ ਹੋ ਗਏ ਹਨ। ਕੱਟਡਪੰਥੀ ਹਿੰਦੂ ਤਾਕਤਾਂ ਦੀ ਸਮਾਜ ਦੇ ਹਰੇਕ ਤਬਕੇ, ਹਰੇਕ ਖਿੱਤੇ ਚ ਧਡੱਲੇਦਾਰ ਪੈਂਠ ਕਿਤੇ ਜਿਆਦਾ ਵਧ ਗਈ ਹੈ। ਦੇਸ਼ ਚ ਵਸਦੀਆਂ ਘੱਟਗਿਣਤੀਆਂ ਖਾਸ ਤੌਰ ਤੇ ਮੁਸਲਮਾਨਾਂ ਅਤੇ ਇਸਾਈਆਂ ਨੂੰ ਹਿੰਦੂ ਫਿਰਕੂ ਤਾਕਤਾਂ ਆਪਣਾ ਪਹਿਲਾ ਨਿਸ਼ਾਨਾ ਬਣਾ ਰਹੀਆਂ ਹਨ। ਥਾਂ-ਥਾਂ ਮਸਜਿਦਾਂ ਗਿਰਜਿਆਂ ਤੇ ਯੋਜਨਾਬੱਧ ਹਮਲੇ ਜਥੇਬੰਦ ਕੀਤੇ ਜਾ ਰਹੇ ਹਨ। ਦੰਗੇ ਭਡਕਾਉਣ ਦੀਆਂ ਸਾਜਿਸ਼ਾਂ ਚੱਲ ਰਹੀਆਂ ਹਨ। ਧਾਰਮਿਕ ਘੱਟਗਿਣਤੀਆਂ ਤੇ ਤਰਾਂ ਤਰਾਂ ਪਬੰਦੀਆ ਮਡੀਆਂ ਜਾ ਰਹੀਆਂ ਹਨ। ਫਿਰਕੂ ਤਾਕਤਾਂ ਜੋ ਹਾਕਮਾਂ ਦੇ ਰੂਪ ਚ ਗੱਦੀਆਂ ਤੇ ਬਿਰਾਜਮਾਨ ਹਨ, ਸਮੁੱਚੇ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਲਈ ਆਪਣਾ ਪੂਰਾ ਤਾਣ ਲਾ ਰਹੇ ਹਨ। ਲੋਕਾਂ ਨੂੰ ਪਾਡੋ ਤੇ ਰਾਜ ਕਰੋ ਦੀ ਸਿਆਸਤ ਹੇਠ ਵੰਡਿਆ ਜਾ ਰਿਹਾ ਹੈ। ਕਿਰਤੀਆਂ-ਵਿਦਿਆਰਥੀਆਂ-ਨੌਜਵਾਨਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਕੇ ਆਪਸੀ ਧਾਰਮਿਕ ਲਡਾਈ ਨੂੰ ਉਹਨਾਂ ਲਈ ਮੁੱਖ ਮੁੱਦਾ ਬਣਾਇਆ ਜਾ ਰਿਹਾ ਹੈ। ਪੂਰੇ ਦੇਸ਼ ਨੂੰ ਫਿਰਕੂ ਹਨੇਰੀ ਨਾਲ ਕੱਜਕੇ ਲੋਕਾਂ ਦੇ ਏਕੇ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆ ਜਾ ਰਹੀਆਂ ਹਨ।

ਵਿਦਿਆਰਥੀ ਨੌਜਵਾਨ, ਜੋ ਕਿਸੇ ਵੀ ਸਮਾਜ ਦੀ ਰੀਡ ਹੁੰਦੇ ਹਨ, ਨੂੰ ਖੋਰਾ ਲਾਉਣ ਲਈ ਹਿੰਦੂਵਾਦੀ ਕੱਟਡਪੰਥੀ ਤਾਕਤਾਂ ਨੇ ਆਪਣੀਆਂ ਕੋਸ਼ਿਸ਼ਾਂ ਅਰੰਭ ਦਿੱਤੀਆਂ ਹਨ। ਆਪਣੇ ਫਿਰਕੂ ਮੰਨਸੂਬਿਆਂ ਤੇ ਫੁੱਲ ਚਡਾਉਣ ਲਈ ਫਿਰਕੂ ਤਾਕਤਾਂ ਨੇ ਬਾਕੀ ਹੋਰ ਸਾਰੇ ਖੇਤਰਾਂ ਦੇ ਨਾਲ ਨਾਲ ਸਿੱਖਿਆ ਨੂੰ ਭਗਵੀਂ ਰੰਗਤ ਦੇਣ ਦੀ ਕਵਾਇਦ ਸ਼ੁਰੂ ਕਰਨ ਦਿੱਤੀ ਹੈ। ਸਿੱਖਿਆ ਜੋ ਕਿਸੇ ਵੀ ਸਮਾਜ ਵਿੱਚ ਹਾਕਮ ਜਮਾਤਾਂ ਦੀ ਵਿਚਾਰਧਾਰਾ ਨੂੰ ਹੀ ਅੱਗੇ ਫੈਲਾਉਂਦੀ ਹੈ ਤੇ ਆਉਣ ਵਾਲੀਆਂ ਪੀਡੀਆਂ ਵਿੱਚ ਯਥਾਸਥਿਤੀ ਨੂੰ ਹੂਬਹੂ ਬਣਾਈ ਰੱਖਣ ਲਈ ਉਹਨਾਂ ਦਰਮਿਆਨ ਇੱਕ ਆਮ ਰਾਇ ਬਣਾਉਂਦੀ ਹੈ। ਸਿੱਖਿਆ ਫਿਰਕਾਪ੍ਰਸਤੀ ਜਿਹੀਆਂ ਗੈਰ-ਮਨੁੱਖੀ ਲਾਹਨਤਾਂ ਨੂੰ ਪ੍ਰਚਾਰਨ ਦਾ ਸਾਧਨ ਵੀ ਬਣ ਗਈ ਹੈ। ਭਾਰਤ ਦਾ ਸੰਘੀ ਲਾਣਾ ਸਕੂਲਾਂ ਦੀ ਆਪਣੀ ਇੱਕ ਵੱਡੀ ਚੇਨ ਰਾਹੀਂ ਮਾਸੂਮ ਬੱਚਿਆਂ ਤੇ ਵਿਦਿਆਰਥੀਆਂ ਦੇ ਮਨਾਂ ‘ਚ ਵੀ ਫਿਰਕੂ ਜ਼ਹਿਰ ਭਰ ਰਿਹਾ ਹੈ। ਬਾਕੀ ਧਰਮਾਂ ਵਾਲੇ ਵੀ ਪਿੱਛੇ ਨਹੀਂ ਹਨ, ਉਹ ਵੀ ਆਪਣੇ ‘ਘੱਟਗਿਣਤੀ’ ਸਕੂਲ ਤੇ ਮਦਰੱਸੇ ਖੋਲ੍ਹ ਕੇ ਇਸ ਭਰਾਮਾਰੂ ਜੰਗ ‘ਚ ਘਿਉ ਪਾਉਣ ਦਾ ਕੰਮ ਕਰਦੇ ਹੋਏ ਸੰਘੀ ਲਾਣੇ ਦਾ ਪੂਰਾ ਸਾਥ ਦੇ ਰਹੇ ਹਨ। ਹਿੰਦੂ ਕੱਟਡਪੰਥੀ ਹਾਕਮ ਇਸਨੂੰ ਇੱਕ ਜਬਰਦਸਤ ਹਥਿਆਰ ਮੰਨਦੇ ਹਨ ਤੇ ਇਸੇ ਕਰਕੇ ਸੱਤਾ ਵਿੱਚ ਆਉਂਦਿਆ ਹੀ ਉਹਨਾਂ ਤਰਾਂ ਤਰਾਂ ਦੇ ਸ਼ੋਸ਼ੇ ਛੱਡਕੇ ਸਿੱਖਿਆ ਵਿੱਚ ਸੁਧਾਰ ਕਰਨ ਦੀਆਂ ਕਾਰਵਾਈਆਂ ਲੀਹੇ ਪਾ ਦਿੱਤੀਆਂ ਹਨ, ਸਿੱਖਿਆ ਨੂੰ ਭਗਵੀਂ ਸਿਆਹੀ ਨਾਲ ਲਿਖਣ ਦੇ ਮੁੱਢ ਬੱਝ ਗਏ ਹਨ। ਸਿੱਖਿਆ ਜਰੀਏ ਲੋਕਾਂ ਨੂੰ ਫਿਰਕੂ ਲੀਹਾਂ ਤੇ ਵੰਡਣ ਤੇ ਆਉਣ ਵਾਲੀਆਂ ਪੀਡੀਆਂ ਦੇ ਦਿਮਾਗਾਂ ਨੂੰ ਗੰਧਲਾ ਕਰਨ ਦੀ ਸੰਘੀਆਂ ਦੀ ਪੂਰੀ ਦੀ ਪੂਰੀ ਯੋਜਨਾ ਦਾ ਹਿੱਸਾ ਹੈ। ਸਿੱਖਿਆ ਦਾ ਭਗਵਾਂਕਰਣ ਵੀ ਹਿੰਦੂਵਾਦੀ ਫਿਰਕੂ ਤਾਕਤਾਂ (ਰਾਸ਼ਟਰੀ ਸਵੈਸੇਵਕ ਸੰਘ ਜਾਂ ਭਾਜਪਾ) ਦੇ ਸਿਆਸੀ ਇਰਾਦਿਆਂ ਦੀ ਪੂਰਤੀ ਦਾ ਹੀ ਇੱਕ ਅੰਗ ਹਨ।

ਮਨੁੱਖੀ ਸ੍ਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਆਉਂਦਿਆ ਹੀ ਭਾਜਪਾ ਦੇ ਪਿਛਲੇ ਕਾਰਜਕਾਲ ਦੌਰਾਨ ਦੇ ਮੁਰਲੀ ਮਨੋਹਰ ਜੋਸ਼ੀ ਦੀਆਂ ਛੱਡੀਆਂ ਪੈਡਾਂ ਨੂੰ ਅੱਗੇ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿੱਖਿਆ ਸਿਲੇਬਸਾਂ ਦਾ ਵੱਧ ਭਾਰਤੀਕਰਨ, ਵੱਧ ਕੌਮੀਕਰਮ ਤੇ ਵੱਧ ਅਧਿਆਤਮੀਕਰਣ ਦੀ ਮੁਹਿੰਮ ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਸੰਘੀ ਸੁਰ ਤੇ ਸ਼ੁਰੂ ਕਰ ਦਿੱਤੀ ਹੈ। ਖੋਜ ਅਤੇ ਟ੍ਰੇਨਿੰਗ ਕੌਮੀ ਸਿੱਖਿਆ ਸੰਸਥਾ (ਐਨ ਸੀ ਈ ਆਰ ਟੀ) ਦੇ ਸਿਲੇਬਸਾਂ ਚ ਤਬਦੀਲੀ ਦੇ ਮੁੱਢ ਬੰਨ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਨੈਤਿਕ ਤੌਰ ਤੇ ਸਿੱਖਿਅਤ ਕਰਨ ਤੇ ਉਹਨਾਂ ਨੂੰ ਪੁਰਾਤਨ ਭਾਰਤੀ ਇਤਿਹਾਸਕ (ਸਿਰਫ ਧਾਰਮਿਕ) ਗੌਰਵ ਨਾਲ ਨੂਡਨ ਦੀਆਂ ਸਰਗਰਮੀਆਂ ਵਿਦਿਅਕ ਕੇਂਦਰਾਂ ਵਿੱਚ ਜੋਰ ਫਡਨ ਲੱਗੀਆਂ ਹਨ। ਸਿੱਖਿਆ ਦੇ ਭਗਵੇਂਕਰਨ ਲਈ ਸੰਘੀਆਂ ਨੇ ਕਮਰਕੱਸੇ ਬੰਨ ਲਏ ਹਨ। ਮਨੁੱਖੀ ਸ੍ਰੋਤ ਤੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਇਹਨਾਂ ਫਿਰਕੂ ਟੋਲਿਆਂ ਦੇ ਸੁਰ ਵਿੱਚ ਸੁਰ ਮਿਲਾਉਂਦਿਆਂ ਕਿਹਾ ਹੈ ਕਿ ਭਾਰਤੀ ਸਿੱਖਿਆ ਦਾ ਦੇਸ਼ੀਕਰਨ ਹੋਣਾ ਚਾਹੀਦਾ। ਅਜੋਕੀ ਸਿੱਖਿਆ ਉੱਤੇ ਪੱਛਮੀ ਤੇ ਖੱਬੇਪੱਖੀ ਪ੍ਰਭਾਵ ਜਿਆਦਾ ਹੈ, ਇਸ ਕਰਕੇ 2015 ਵਿੱਚ ਬਿਲਕੁਲ ਨਵੇਂ ਕਿਸਮ ਦੀ ਵਿਦਿਆ ਦਿੱਤੀ ਜਾਵੇਗੀ। ਸਮ੍ਰਿਤੀ ਇਰਾਨੀ ਸੰਘੀ ਖਵਾਜੇ ਦੀ ਡੱਡ ਹੈ ਤੇ ਨਵੇਂ ਕਿਸਮ ਦੀ ਵਿਦਿਆ ਤੋਂ ਉਸਦਾ ਭਾਵ ਫਿਰਕੂ, ਗੈਰ ਵਿਗਿਆਨਕ, ਪਛਡੀਆਂ ਕਦਰਾਂ-ਕੀਮਤਾਂ ਵਾਲੀ ਵਿਦਿਆ ਤੋਂ ਬਿਨਾਂ ਹੋਰ ਕੁਝ ਨਹੀਂ। ਪੁਰਾਤਨ ਭਾਰਤੀ ਸੱਭਿਅਤਾ ਤੇ ਵਿਰਾਸਤ ਨੂੰ ਬਚਾਉਣ ਦੇ ਨਾਂ ਫਿਰਕੂ ਪਿਛਾਖਡੀ ਤਾਕਤਾਂ ਸਮੁੱਚੀ ਸਿੱਖਿਆ ਪ੍ਰਣਾਲੀ ਨੂੰ ਹੀ ਭਗਵੇਂ ਰੰਗ ਵਿੱਚ ਰੰਗਣ ਲਈ ਤਾਣ ਲਾ ਰਹੀਆਂ ਹਨ। ਰੋਸ਼ਨ ਨੌਜਵਾਨ ਦਿਮਾਗਾਂ ਨੂੰ ਮੂਲਵਾਦੀ ਕਦਰਾਂ ਕੀਮਤਾਂ, ਕੱਚੇ ਪਿੱਲੇ ਝੂਠਾਂ, ਤੋਡੇ ਮਰੋਡੇ ਤੱਥਾਂ ਤੇ ਮਨਘਡਤ ਇਤਿਹਾਸ ਨਾਲ ਗ੍ਰਸਤ ਕਰਨ ਦੀ ਮੁਹਿੰਮ ਇਹਨਾਂ ਸਿੱਖਿਆ ਸੁਧਾਰਾਂ ਜਰੀਏ ਚਲਾਈ ਜਾ ਰਹੀ ਹੈ। ਭਾਵੇਂ ਸਾਡਾ ਕਹਿਣਾ ਇਹ ਬਿਲਕੁਲ ਇਹ ਨਹੀਂ ਹੈ ਕਿ ਸਿੱਖਿਆ ਵਿੱਚ ਪਹਿਲਾਂ ਜੋ ਕੁਝ ਚੱਲ਼ ਰਿਹਾ ਹੈ, ਸਭ ਠੀਕ ਠਾਕ ਹੈ। ਪਰ ਫਿਰ ਵੀ ਮੌਜੂਦਾ ਸਿੱਖਿਆ ਢਾਂਚੇ ਚੋਂ ਰਹਿੰਦੀਆਂ-ਖੂੰਹਦੀਆਂ ਲੋਕ-ਪੱਖੀ , ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਦਰਕਿਨਾਰ ਕਰਕੇ ਸਮੁੱਚੇ ਸਿੱਖਿਆ ਢਾਂਚੇ ਨੂੰ ਫਿਰਕੂ ਰੰਗਤ ਦੇਣਾ ਲੋਕਾਂ ਦੇ ਸੰਵਿਧਾਨਿਕ ਤੇ ਜਮਹੂਰੀ ਹੱਕਾਂ ਤੇ ਡਾਕਾ ਹੈ ਤੇ ਅੱਜ ਦੀ ਵਿਦਿਆਰਥੀ ਨੌਜਵਾਨ ਲਹਿਰ ਦੇ ਭਖਵੇਂ ਤੇ ਚਿੰਤਾਜਨਕ ਮਸਲਿਆਂ ਚੋਂ ਇੱਕ ਮਸਲਾ ਹੈ।

ਸਿੱਖਿਆ ਦਾ ਭਗਵਾਂਕਰਨ

ਰਾਸ਼ਟਰੀ ਸਵੈਸੇਵਕ ਸੰਘ, ਜੋ ਕਿ ਹਿੰਦੂਤਵੀ ਕੱਟਡਪੰਥੀ ਜਥੇਬੰਦੀ ਹੈ, ਭਾਜਪਾ ਇਸਦਾ ਸਿਆਸੀ ਵਿੰਗ ਹੈ ਤੇ ਭਾਜਪਾ ਕਿਸੇ ਵੀ ਰੂਪ ਵਿੱਚ ਸੰਘ ਤੋਂ ਜੁਦਾ ਜਾਂ ਉੱਪਰ ਨਹੀਂ। ਭਾਜਪਾ ਦੀਆਂ ਸਾਰੀਆਂ ਨੀਤੀਆਂ ਸੰਘੀ ਏਜੰਡੇ ਉੱਤੇ ਹੀ ਫੁੱਲ ਭੇਂਟ ਕਰਦੀਆਂ ਹਨ। ਰਾਸ਼ਟਰੀ ਸਵੈਸੇਵਕ ਸੰਘ ਦਾ ਸਿੱਖਿਆ ਤੇ ਸੱਭਿਆਚਾਰ ਦੇ ਭਗਵੇਂਕਰਨ ਦਾ ਏਜੰਡਾ ਕੋਈ ਨਵਾਂ ਬਿਲਕੁਲ ਨਹੀਂ। ਇਹਨਾਂ ਦੀਆਂ ਫਿਰਕੂ ਕਾਰਸਤਾਨੀਆਂ ਦਾ ਇਤਿਹਾਸ ਭਾਰਤੀ ਸੱਤਾ ਤੋਂ ਵੀ ਪੁਰਾਣਾ ਹੈ ਤੇ ਸੰਘੀਆਂ ਵੱਲੋਂ ਫਿਰਕੂ ਤਰਜ ਤੇ ਚਲਾਈਆਂ ਜਾਂਦੀਆਂ ਵਿਦਿਅਕ ਸੰਸਥਾਵਾਂ ਕਾਫੀ ਲੰਮੇ ਸਮੇਂ ਤੋਂ ਵਧ ਫੁੱਲ ਰਹੀਆਂ ਹਨ ਤੇ ਉਸ ਵੇਲੇ ਤੋਂ ਵਧ ਫੁੱਲ਼ ਰਹੀਆਂ ਹਨ ਜਦੋਂ ਰਾਸ਼ਟਰੀ ਸਵੈਸੇਵਕ ਸੰਘ ਵਰਜਿਤ ਸੀ। ਪਿਛਲੇ ਦੋ ਤਿੰਨ ਸਾਲਾਂ ਤੋਂ ਰਸਸ ਦਾ ਕੰਟਰੋਲ ਦੇਸ਼ ਦੀਆਂ ਸੱਭਿਆਚਾਰਕ ਤੇ ਵਿਦਿਅਕ ਸੰਸਥਾਵਾਂ ਤੇ ਕਾਫੀ ਜਿਆਦਾ ਵਧਿਆ ਹੈ। ਭਾਜਪਾ ਦੇ ਕੇਂਦਰ ਚ ਆਉਣ ਨਾਲ ਸਾਰੇ ਸਰਕਾਰੀ ਸ੍ਰੋਤ ਅਸਿੱਧੇ ਤੌਰ ਤੇ ਰਸਸ ਦੇ ਹੱਥ ਵਿੱਚ ਆ ਗਏ ਹਨ, ਜਿਹਨਾਂ ਦੀ ਵਰਤੋਂ ਉਹ ਆਪਣੇ ਹਿੰਦੂਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਕਰ ਰਹੇ ਹਨ। ਸਰਕਾਰੀ ਫੰਡਾਂ ਦਾ ਖਰਚ ਸਿੱਖਿਆ ਵਿੱਚ ਹੋ ਰਹੀਆਂ ਫਿਰਕੂ ਤਬਦੀਲੀਆਂ ਤੇ ਹੋ ਰਿਹਾ ਹੈ। ਸਿੱਖਿਆ ਸੱਭਿਆਚਾਰ ਦਾ ਕੋਈ ਵੀ ਖੇਤਰ ਹਿੰਦੂ ਫਿਰਕਾਪ੍ਰਸਤ ਤਾਕਤਾਂ, ਜਿਸਦੀ ਨੁਮਾਇੰਦਗੀ ਰਸਸ ਕਰਦੀ ਹੈ, ਦੀ ਪਹੁੰਚ ਤੋਂ ਬਾਹਰਾ ਨਹੀਂ ਰਿਹਾ।

ਸਿੱਖਿਆ ਦਾ ਭਾਰਤੀਕਰਨ ਤੇ ਅਧਿਆਤਮੀਕਰਨ ਕਰਨ ਦੇ ਨਾਂ ਤੇ ਸਿੱਖਿਆ ਜਰੀਏ ਧਾਰਮਿਕ ਨਜਰੀਏ ਤੋਂ ਨੌਜਵਾਨਾਂ ਨੂੰ ਫਿਰਕੂ ਲੀਹਾਂ ਤੇ ਵੰਡਿਆ ਜਾ ਰਿਹਾ ਹੈ। ਤੱਥਾਂ ਨੂੰ ਤੋਡ ਮਰੋਡ ਕੇ ਨਵੀਂ ਤਰਾੰ ਦਾ ਫਿਰਕੂ ਇਤਿਹਾਸ ਵਿਦਿਆਰਥੀਆਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਸਮੱਸਿਆ ਦੀਆਂ ਜਡਾਂ ਮਦਰੱਸਿਆਂ ਦੇ ਪਡਾਉਣ ਦੇ ਢੰਗ ਵਿੱਚ ਛੁਪੀਆਂ ਹੋਈਆਂ ਹਨ। ਇਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰਾਂ ਦੀ ਸਿੱਖਿਆ ਭਾਜਪਾ ਦੀ ਸਰਕਾਰ ਚਾਹੁੰਦੀ ਹੈ। ਸਮੱਸਿਆ ਦਾ ਕਾਰਨ ਇੱਕ ਧਰਮ-ਵਿਸ਼ੇਸ਼ ਨੂੰ ਦੱਸਿਆ ਜਾਂਦਾ ਹੈ। ਸੰਘੀ ਮਾਰਕਾ ਪੁਸਤਕਾਂ ਜਰੀਏ ਤੇ ਹਜਾਰਾਂ ਸੰਘ ਸਮਰਪਿਤ ਅਧਿਆਪਕਾਂ ਜਰੀਏ ਲੱਖਾਂ ਵਿਦਿਆਰਥੀਆਂ ਦੇ ਦਿਮਾਗਾਂ ਚ ਘੱਟਗਿਣਤੀਆਂ ਪ੍ਰਤੀ ਤੁਅੱਸਬ ਭਰੇ ਜਾਂਦੇ ਹਨ। ਸਕੂਲੀ ਸਿਲੇਬਸਾਂ ਚ ਸੰਸਕ੍ਰਿਤ, ਉਪਨਿਸ਼ਦ ਤੇ ਵੈਦਾਂ ਦੀ ਪਡਾਈ ਨੂੰ ਸਕੂਲਾਂ ਵਿੱਚ ਲਾਜਮੀ ਬਨਾਉਣ ਦੀ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ, ਤੇ ਸਿੱਖਿਆ ਦੇ ਧਰਮ-ਨਿਰਪੱਖ(ਸੈਕੂਲਰ) ਖਾਸੇ ਨੂੰ ਖੂੰਝੇ ਲਾਇਆ ਜਾ ਰਿਹਾ ਹੈ।

ਸਿਲੇਬਸਾਂ ਚ ਤਬਦੀਲੀ

ਸਿੱਖਿਆ ਦੇ ਭਗਵੇਂਕਰਨ ਦੀ ਮੁਹਿੰਮ ਤਹਿਤ ਹਿੰਦੂ ਫਿਰਕਾਪ੍ਰਸਤ ਤਾਕਤਾਂ ਸਕੂਲਾਂ ਦੇ ਸਿਲੇਬਸਾਂ ਚ ਮੁੱਢੋਂ-ਸੁੱਢੋਂ ਤਬਦੀਲੀਆਂ ਕਰ ਰਹੀਆਂ ਹਨ ਤੇ ਕਈ ਥਾਈਂ ਤਾਂ ਸਿੱਖਿਆ ਦਾ ਭਗਵਾਂਕਰਨ ਪਹਿਲਾਂ ਹੀ ਨੇਪਰੇ ਚਾੜ ਦਿੱਤਾ ਗਿਆ ਹੈ। ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੋਂ ਸਰਕਾਰੀ ਸਕੂਲਾਂ ਵਿੱਚ ਸਰਸਵਤੀ ਵੰਦਨਾ ਅਤੇ ਬੰਦੇ ਮਾਤਰਮ ਵਰਗੇ ਹਿੰਦੂ ਗਾਣਾਂ ਨੂੰ ਜਰੂਰੀ ਬਣਾ ਦਿੱਤਾ ਗਿਆ ਹੈ। ਸਕੂਲਾਂ ਕਾਲਜਾਂ ਦੇ ਸਮਾਰਕਾਂ, ਪਾਰਕਾਂ, ਲੈਬਾਂ ਦੇ ਨਾਂ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਤੇ ਰੱਖੇ ਜਾ ਰਹੇ ਹਨ। ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚਾਂ ਜਰੀਏ ਕਲਾਸ ਰੂਮਾਂ ਤੋਂ ਬਾਹਰ ਵੀ ਵਿਦਿਆਰਥੀਆਂ ਅੰਦਰ ਨਫਰਤ ਦੇ ਬੀਅ ਬੋਏ ਜਾ ਰਹੇ ਹਨ। ਇਤਿਹਾਸ ਦੀ ਪਡਾਈ ਵਿੱਚ ਕਾਰਗਿਲ ਦੀ ਜੰਗ ਨੂੰ ਖਾਸ ਤੌਰ ਤੇ ਉਭਰਕੇ ਪਡਾਇਆ ਜਾੰਦਾ ਹੈ। ਫਿਰਕੂ ਇਤਿਹਾਸ ਲੇਖਣ ਭਾਵੇਂ ਭਾਰਤ ਵਿੱਚ ਕਾਫੀ ਪੁਰਾਣਾ ਹੈ ਪਰ ਹੁਣ ਇਸਦੀ ਵਰਤੋਂ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣ ਲਈ ਦੱਬਕੇ ਹੋ ਰਹੀ ਹੈ-ਇਸਦਾ ਪ੍ਰਗਟਾਵਾ ਸੰਘੀ ਮਾਰਕਾ ਸਕੂਲੀ ਕਿਤਾਬਾਂ ਵਿੱਚ ਕਾਫੀ ਹੋ ਰਿਹਾ ਹੈ। ਕੁਲੈਕਟਿਵ ਮੈਮਰੀ ਦੇ ਅਧਾਰ ਤੇ ਹਿੰਦੂ ਇਤਿਹਾਸ ਨੂੰ ਦੁਬਾਰਾ ਲਿਖਣ ਦੇ ਪ੍ਰਜੈਕਟ ਚੱਲ ਰਹੇ ਹਨ, ਜੋ ਨਿਰੋਲ ਗੈਰ ਵਿਗਿਆਨਕ ਹੈ ਤੇ ਜਿਸਦਾ ਸੱਚ ਨਾਲ ਕੋਈ ਵਾਸਤਾ ਨਹੀਂ। ਸਿੱਖਿਆ ਚ ਇਸ ਤਰਾੰ ਦੇ ਸੁਧਾਰਾਂ ਜਰੀਏ ਸੰਘੀਆਂ ਨੂੰ ਕਾਫੀ ਵੱਚੀ ਕਾਮਯਾਬੀ ਮਿਲੇਗੀ, ਜਿਸ ਜਰੀਏ ਉਹ ਨੌਜਵਾਨ ਦਿਮਾਗਾਂ ਨੂੰ ਦੂਸ਼ਿਤ ਕਰ ਸਕਣ।

1996 ਵਿੱਚ ਐਨ ਸੀ ਈ ਆਰ ਟੀ ਵੱਲੋਂ ਸਕੂਲਾਂ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਦੀ ਸਮੀਖਿਆ ਲਈ ਇੱਕ ਕਮਿਸ਼ਨ ਬਣਾਇਆ ਗਿਆ। ਇਸ ਵਿੱਚ ਵਿਦਿਆ ਭਾਰਤੀ ਸਕੂਲਾਂ ਦੁਆਰਾ ਪਡਾਈਆਂ ਜਾਂਦੀਆਂ ਪਾਠ-ਪੁਸਤਕਾਂ ਨੂੰ ਵੀ ਸ਼ਾਮਲ ਕੀਤਾ ਗਿਆ। ਕਮਿਸ਼ਨ ਦਾ ਕਹਿਣਾ ਸੀ ਕਿ ਵਿਦਿਆ ਭਾਰਤੀ ਦੁਆਰਾ ਬੱਚਿਆਂ ਨੂੰ ਪਡਾਈਆਂ ਜਾਂਦੀਆਂ ਕਿਤਾਬਾਂ ਊਚ ਨੀਚ ਨੂੰ ਉਤਸ਼ਾਹ ਦਿੰਦੀਆਂ ਹਨ ਅਤੇ ਧਾਰਮਿਕ ਰੋਮਾਂਸਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਇਸਤੋਂ ਇਲਾਵਾ ਵੀ ਘੱਟਗਿਣਤੀਆਂ ਦੇ ਵਿਰੋਧ ਚ ਵਰਜਿਤ ਗੱਲਾਂ, ਜੋ ਫਿਰਕਾਪ੍ਰਸਤੀ ਤੇ ਧਾਰਮਿਕ ਸੰਕੀਰਣਤਾ ਨੂੰ ਅੱਗੇ ਵਧਾਉਂਦੀਆੰ ਹਨ, ਕਿਤਾਬਾਂ ਜਰੀਏ ਪਡਾਈਆਂ ਜਾਂਦੀਆਂ ਹਨ। ਐਨ ਸੀ ਈ ਆਰ ਟੀ ਦਾ ਉਸ ਵੇਲੇ ਮੰਨਣਾ ਸੀ ਕਿ ਇਹ ਸੰਕੀਰਣ ਨਜਰੀਏ ਵਾਲੀਆਂ ਕਿਤਾਬਾਂ ਭਾਰਤ ਦੇ 6000 ਅਜਿਹੇ ਸਕੂਲਾਂ ਵਿੱਚ40000ਅਧਿਆਪਕਾਂ ਦੁਆਰਾ 12 ਲੱਖ ਵਿਦਿਆਰਥੀਆਂ ਨੂੰ ਪਡਾਈਆਂ ਜਾਂਦੀਆਂ ਹਨ। ਅੱਜ ਵਿਦਿਆ ਭਾਰਤੀ ਤੇ ਸ਼ਿਸ਼ੂ ਮੰਦਰਾਂ, ਜੋ ਰਸਸ ਦੁਆਰਾ ਹੀ ਸੰਚਾਲਿਤ ਵਿਦਿਅਕ ਸੰਸਥਾਵਾਂ ਹਨ, ਦੀ ਗਿਣਤੀ 20000 ਤੋਂ ਵੀ ਜਿਆਦਾ ਹੈ ਜਿੱਥੇ ਇਹ ਸਿਲੇਬਸ ਪਡਾਇਆ ਜਾਂਦਾ ਹੈ। ਇੱਥੋਂ ਤੱਕ ਕਿ ਭਾਜਪਾ ਦੇ ਰਾਜ ਵਾਲੇ ਸੂਬਿਆ ਚ ਵੀ ਇਹੀ ਪਾਠ ਪੁਸਤਕਾੰ ਸਰਕਾਰੀ ਸਕੂਲਾਂ ਵਿੱਚ ਪਡਾਈਆਂ ਜਾਂਦੀਆਂ ਹਨ। ਸੱਤਾ ਤੇ ਕਾਬਜ ਹੋਕ ਭਾਜਪਾਈਆਂ ਵੱਲੋਂ ਸਮੁੱਚੀ ਸਿੱਖਿਆ ਤੰਤਰ ਵਿੱਚ ਹੀ ਫਿਰਕੂ ਜਹਿਰ ਦੇ ਘਰਾਲ ਵਗਾਏ ਜਾ ਰਹੇ ਹਨ।

ਸਿਆਸੀ ਵਿਗਿਆਨ ਦੀਆਂ ਕਿਤਾਬਾਂ ਵਿੱਚ ਵੀ ਭਾਰਤੀ ਦੇ ਸਿਆਸੀ ਵਿਚਾਰਾਂ ਤੇ ਕੌਮਵਾਦ ਨੂੰ ਹਿੰਦੂਵਾਦ ਵਜੋਂ ਹੀ ਪੇਸ਼ ਕੀਤਾ ਜਾ ਰਿਹਾ ਹੈ। ਇਹ ਸਿੱਧ ਕੀਤਾ ਜਾ ਰਿਹਾ ਹੈ ਕਿ ਭਾਰਤੀ ਕੌਮਵਾਦ ਦੀ ਕੇਂਦਰੀ ਕੋਰ ਹਿੰਦੂ ਧਰਮ ਹੀ ਸੀ ਤੇ ਹਿੰਦੂ ਧਰਮ ਨੇ ਹੀ ਸਮੁੱਚ ਦੇਸ਼ ਨੂੰ ਏਕੇ ਵਿੱਛ ਬੰਨੀ ਰੱਖਿਆ। ਕੌਮੀ ਮੁਕਤੀ ਲਹਿਰਾਂ ਚ ਹਿੱਸਾ ਲੈਣ ਵਾਲਿਆਂ ਦੀਆਂ ਉਹਨਾਂ ਗੱਲਾਂ ਨੂੰ ਉਭਾਰਿਆ ਜਾ ਰਿਹਾ ਹੈ, ਜਿਸ ਵਿੱਚ ਉਹ ਹਿੰਦੂ ਧਰਮ ਦੇ ਮਾਡਾ ਮੋਟਾ ਨੇਡੇ ਨਜਰੀਂ ਪੈਂਦੇ ਹਨ। ਘੱਟਗਿਣਤੀਆਂ ਨੂੰ ਇਸ ਵਿੱਚ ਕੋਈ ਥਾਂ ਹਾਸਲ ਨਹੀਂ ਹੈ, ਸਿਵਾਏ ਇਸਦੇ ਕਿ ਉਹ ਮਹੌਲ ਖਰਾਬ ਕਰਨ ਵਾਲੇ, ਕੌਮੀ ਏਕਤਾ ਨੂੰ ਖੋਰਾ ਲਾਉਣ ਵਾਲੇ, ਫੁੱਟ ਪਾਉਣ ਵਾਲੇ ਸਨ। ਜਿਨਾਹ ਤੇ ਮੁਸਲਿਮ ਲੀਗ ਨੂੰ ਕੌਮੀ ਮੁਕਤੀ ਲਹਿਰ ਵੇਲੇ ਫਿਰਕਾਪ੍ਰਸਤਾਂ ਦੇ ਪ੍ਰਤੀਨਿਧ ਕਿਹਾ, ਜਿਨਾਂ ਦੀਆਂ ਫਿਰਕੂ ਮੰਗਾਂ ਕਰਕੇ ਅਜਾਦੀ ਤੋਂ ਮਗਰੋਂ ਦੰਗੇ ਭਡਕੇ। ਪਾਠ ਪੁਸਤਕਾਂ ਵਿੱਚ ਇਸ ਗੱਲ਼ ਦੇ ਹਵਾਲੇ ਥਾਂ ਥਾਂ ਦਿੱਤੇ ਜਾਂਦੇ ਹਨ ਕਿ ਮੁਸਲਿਮਾਂ ਨੂੰ ਫੰਡ ਅਰਬ ਮੁਲਕਾਂ ਤੋਂ ਆਉਂਦਾ ਸੀ ਅਤੇ ਹੈ। ਸੰਵਿਧਾਨ ਵਿੱਚ ਉਰਦੂ ਭਾਸ਼ਾ ਦੀ ਰਿਜਰਵੇਸ਼ਨ, ਅਲੀਗੜ ਮੁਸਲਿਮ ਯੂਨੀਵਰਸਿਟੀ ਦਾ ਮੁਸਲਿਮ ਘੱਟਗਿਣਤੀ ਖਾਸਾ ਤੇ ਮੁਸਲਿਮ ਕਨੂੰਨਾਂ ਨੂੰ ਸਕੂਲਾਂ ਵਿੱਚ ਫਿਰਕੂ ਨਜਰੀਏ ਤੋਂ ਪੜਾਇਆ ਜਾਂਦਾ ਹੈ।

ਗਿਆਰਵੀਂ ਜਮਾਤ ਦੀ ਸਿਆਸੀ ਵਿਗਿਆਨ ਦੀ ਕਿਤਾਬ ਦੇ ਪਾਠ “ਭਾਰਤ ਦੇ ਸਿਆਸੀ ਚਿੰਤਕ” ਵਿੱਚ ਦੀਨ ਦਿਆਲ ਉਪਾਧਿਆਏ ਦਾ ਇੱਕ ਪਾਠ ਜੋਡਿਆ ਗਿਆ ਹੈ। ਇਸ ਪਾਠ ਵਿੱਚ ਦੱਸਿਆ ਗਿਆ ਹੈ ਕਿ ਦੀਨ ਦਿਆਲ ਦੇ ਮਨ ਵਿੱਚ”ਭਾਰਤ ਦੇ ਪੁਰਾਤਨ ਅਤੇ ਉੱਚ ਸੱਭਿਅਤਾ” ਲਈ ਦਿਲ ਵਿੱਚ ਬਹੁਤ ਸਨਮਾਨ ਸੀ। ਉਹਨਾਂ ਨੇ ਇੱਕ ਆਦਰਸ਼ ਧਾਰਮਿਕ-ਰਾਜ ਦੀ ਕਲਪਨਾ ਕੀਤੀ ਸੀ ਤੇ ਜਿਸਦੀ ਭਾਰਤ ਦਾ ਸੰਵਿਧਾਨ ਬਨਾਉਣ ਵੇਲੇ ਘੋਰ ਉਲੰਘਣਾ ਕੀਤੀ ਗਈ ਤੇ ਉਹਨਾਂ ਦੀਆਂ ਕੁਦਰਤੀ ਤੇ ਕੌਮੀ ਭਾਵਨਾਵਾਂ ਨੂੰ ਅਣਦੇਖਿਆ ਕੀਤਾ ਗਿਆ। 20 ਪੇਜਾਂ ਦੇ ਇੱਕ ਹਿੱਸੇ ਵਿੱਚ ਦੀਨ ਦਿਆਲ ਦੀ ਅਖੰਡ ਭਾਰਤ ਦੀ ਧਾਰਨਾ ਨੂੰ ਉਭਾਰਿਆ ਗਿਆ ਹੈ, ਜਿਸ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਵੀ ਭਾਰਤ ਦਾ ਹਿੱਸਾ ਦੱਸਿਆ ਗਿਆ ਹੈ। ਸਿਆਸੀ ਚਿੰਤਕਾਂ ਦੇ ਇਸ ਪਾਠ ਵਿੱਚ ਸਿਰਫ ਉਹਨਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ ਜੋ ਹਿੰਦੂ ਕੱਟੜਪੰਥੀ ਜਾਂ ਫਿਰ ਰਸਸ ਨਾਲ ਕਿਸੇ ਤਰਾਂ ਦੀ ਨੇੜਤਾ ਰੱਖਦੇ ਹੋਣ, ਘੱਟਗਿਣਤੀਆਂ ਨਾਲ ਸਬੰਧਤ ਚਿੰਤਕਾਂ ਦਾ ਇਸ ਵਿੱਚ ਕੋਈ ਜਿਕਰ ਨਹੀਂ।

ਇਸੇ ਪਾਠ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਧਰਮਾਂ ਨੂੰ ਮੰਨਣ ਵਾਲੇ ਇਸ ਦੇਸ਼ ਵਿੱਚ ਆਪਣੇ ਵਿਸ਼ਵਾਸ਼ਾਂ ਨੂੰ ਫੈਲਾਉਣ ਵਾਸਤੇ ਆਏ, ਪਰ ਉਹਨਾਂ ਨੂੰ ਸਾਡੇ ਮਹਾਨ ਸੱਭਿਆਚਾਰ ਅੱਗੇ ਝੁਕਣਾ ਪਿਆ। ਇੱਥੇ ਇਸਲਾਮ ਦੀ ਲਹਿਰ ਆਈ, ਇਸਾਈਆਂ ਨੇ ਇੱਥੇ ਪੂਰਾ ਤਾਣ ਲਾ ਦਿੱਤਾ ਪਰ ਉਹ ਭਾਰਤ ਨੂੰ ਇਸਾਈ ਬਨਾਉਣ ਵਿੱਚ ਸਫਲ ਨਾ ਹੋ ਸਕੇ, ਇੱਥੋਂ ਤੱਕ ਕਿ ਕਮਿਊਨਿਸਟ ਵੀ ਭਾਰਤ ਦੇ ਸੱਭਿਆਚਾਰ ਨੂੰ ਬਦਲਣ ਵਿੱਚ ਕਾਮਯਾਬ ਨਾ ਹੋ ਸਕੇ, ਕਿਉਂਕਿ ਸਾਡਾ ਸੱਭਿਆਚਾਰ ਸੰਸਾਰ ਦਾ ਸਭ ਤੋਂ ਉੱਤਮ ਸੱਭਿਆਚਾਰ ਹੈ(ਪੰਨਾ 250)। ਇਸਾਈਆਂ ਤੇ ਮੁਸਲਮਾਨਾਂ ਨੂੰ ਘੁਸਪੈਠੀਏ ਦੱਸਕੇ ਉਹਨਾਂ ਨੂੰ ਹਿੰਦੂ ਧਰਮ ਨੂੰ ਖੋਰਾ ਲਾਉਣ ਵਾਲੇ ਤੇ ਦੇਸ਼ ਦੇ ਏਕਤਾ ਨੂੰ ਭੰਗ ਕਰਨ ਵਾਲਿਆਂ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਇਸ ਤਰਾਂ ਦੇ ਤੁਅੱਸਬ ਘੱਟਗਿਣਤੀਆਂ ਪ੍ਰਤੀ ਪਾਠ ਪੁਸਤਕਾਂ ਵਿੱਚ ਥਾਂ ਥਾਂ ਭਰੇ ਪਏ ਹਨ। ਗੈਰ ਧਰਮੀ ਸੱਤਾ ਨੂੰ ਦੁੱਖਾਂ ਦਾ ਘਰ ਦੱਸਕੇ ਧਰਮ ਦੀ ਸਿਆਸਤ ਤੇ ਸਿਆਸਤ ਦੀ ਧਰਮ ਚ ਦਖਲਅੰਦਾਜੀ ਨੂੰ ਜਾਇਜ ਸਿੱਧ ਕਰਨ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ ਹਨ।  ਪੁਰਾਤਨ ਵੈਦਿਕ ਕਾਲ ਦੇ ਸੋਹਲੇ ਗਾਉਂਦਿਆਂ ਸਵਾਮੀ ਦਯਾਨੰਦ ਸਰਸਵਤੀ ਨੂੰ ਹਿੰਦੂ ਪੁਨਰਉੱਥਾਨ ਅਤੇ ਵੈਦਿਕ ਸੱਭਿਆਚਾਰ ਦੇ ਪ੍ਰਚਾਰਕ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਗਿਆਰਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਇਸੇ ਪਾਠ ਪੁਸਤਕ ਵਿੱਚ ਕੇਰਲਾ ਵਿਚਲੀ ਫਿਰਕਾਪ੍ਰਸਤੀ ਦਾ ਕਾਰਨ ਕਾਂਗਰਸ ਤੇ ਖੱਬੇਪੱਖੀਆਂ ਨੂੰ ਦੱਸਿਆ ਗਿਆ ਹੈ। (ਪੰਨਾ140) ਇਸਤੋਂ ਇਲਾਵਾ ਜਾਤ-ਪ੍ਰਥਾ ਨੂੰ ਚੰਗੇ ਵਰਤਾਰੇ ਦੇ ਤੌਰ ਤੇ ਪੇਸ਼ ਕਰਦਿਆਂ ਮਾਰਲੇ ਮਿੰਟੋ ਸੁਧਾਰਾਂ ਦੀ ਨਿੰਦਿਆ ਕੀਤੀ ਗਈ ਹੈ ਕਿ ਮਾਰਲੇ ਮਿੰਟੋ ਸੁਧਾਰਾਂ ਨੇ ਜਾਤ-ਪ੍ਰਥਾ ਨੂੰ ਢਾਹ ਲਾਈ ਹੈ। ਇਸਦੀ ਵਜਾ ਨਾਲ ਲੋਕਾਂ ਦੀ ਇੱਕ ਦੂਜੇ ਦੇ ਕਿੱਤਿਆਂ ਚ ਦਖਲਅੰਦਾਜੀ ਵਧੀ ਹੈ, ਤੇ ਬੇਰੁਜਗਾਰੀ ਵੱਡੇ ਪੱਧਰ ਤੇ ਫੈਲੀ ਹੈ। ਇਸਤੋਂ ਇਲਾਵਾ ਮੁਸਲਮਾਨਾਂ ਨੂੰ ਮਹੱਤਤਾ ਦੇਣਾ ਬਹੁਤ ਜਿਆਦਾ ਖਤਰਨਾਕ ਦੱਸਿਆ ਗਿਆ ਹੈ।(          ),   11, )

ਸਮਾਜਿਕ ਸ਼ਾਸਤਰ ਵੀ ਸੰਘੀ ਲਾਣੇ ਲਈ ਆਪਣੀਆਂ ਪਛੜੀਆਂ ਕਦਰਾਂ ਕੀਮਤਾਂ ਨੂੰ ਸਹੀ ਸਿੱਧ ਕਰਨ ਤੇ ਇਸਾਈ, ਮੁਸਲਿਮ ਧਰਮ ਨੂੰ ਬਾਹਰੀ ਧਰਮ ਸਿੱਧ ਕਰਨ ਤੇ ਇਹਨਾਂ ਤੋਂ ਦੇਸ਼ ਦੀ ਰੱਖਿਆ ਕਰਨ ਤੇ ਪੁਰਾਤਨ ਹਿੰਦੂ ਗੌਰਵ ਨੂੰ ਪ੍ਰਚਰਾਨ ਦਾ ਇੱਕ ਸਾਧਨ ਬਣਿਆ ਹੋਇਆ ਹੈ। ਸ਼ੰਕਰਾਚਾਰਿਯਾ ਨੂੰ ਮਹਾਨ ਹਿੰਦੂਵਾਦੀ ਉੱਥਾਨਵਾਦੀ ਨਾਇਕ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਜਿਸਨੇ ਦੇਸ਼ ਦੇ ਚਾਰੇ ਪਾਸੇ ਆਪਣੇ ਮੱਠ ਬਣਾਕੇ ਦੇਸ਼ ਨੂੰ ਏਕਤਾ ਪ੍ਰਦਾਨ ਕੀਤੀ।(ਪੰਨਾ 93, ਜਮਾਤ 4) ਅੱਜ ਦੇ ਭਾਰਤੀ ਸੱਭਿਆਚਾਰ ਨੂੰ ਆਰਿਅਨ ਸੱਭਿਅਤਾ ਦੀ ਸਿਰਜਣਾ ਦੱਸਿਆ ਜਾਂਦਾ ਹੈ। ਆਰੀਆ ਸ਼ਬਦ ਸੰਸਕ੍ਰਿਤ ਦਾ ਸ਼ਬਦ ਹੈ, ਜਿਸਦਾ ਅਰਥ ਸਭ ਤੋਂ ਉੱਤਮ ਜੀਵ। ਵੇਦਾਂ ਤੋਂ ਸਾਨੂੰ ਆਰੀਅਨ ਸੱਭਿਅਤਾ ਬਾਰੇ ਪਤਾ ਲੱਗਦਾ ਹੈ। ਇਸ ਕਰਕੇ ਇਹ ਵੈਦਿਕ ਸੱਭਿਅਤਾ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। (ਸਮਾਜਿਕ ਗਿਆਨ, ਜਮਾਤ 6)

ਹਿੰਦੂ ਮੁੱਲ-ਮਾਨਤਾਵਾਂ ਨੂੰ ਚੰਗੀਆਂ ਤੇ ਹੋਰਾਂ ਧਰਮਾਂ ਦੀਆਂ ਮਾਨਤਾਵਾਂ ਨੂੰ ਹੀਣੀਆਂ ਕਰਕੇ ਪੇਸ਼ ਕੀਤਾ ਜਾਂਦਾ ਹੈ। ਜਿਵੇਂ “ਘੱਟਗਿਣਤੀਆਂ ਦੇ ਤਿਉਹਾਰਾਂ ਨੂੰ ਸਿਰਫ ਉਸ ਨਾਲ ਸਬੰਧਤ ਧਰਮ ਦੇ ਲੋਕ ਹੀ ਮਨਾਉਂਦੇ ਹਨ, ਜਦੋਂ ਕਿ ਹਿੰਦੂ ਤਿਉਹਾਰ ਦੇ ਵਿੱਚ ਸਮੁੱਚਾ ਸਮਾਜ ਸ਼ਾਮਲ ਹੁੰਦਾ ਹੈ।“ (ਪਾਠ 11, ਜਮਾਤ 3)

ਮੁਸਲਿਮ ਲੀਗ 1906 ਵਿੱਚ ਮੁਸਲਮਾਨਾਂ ਦੀ ਹਿਤਾਂ ਦੀ ਰਾਖੀ ਲਈ ਅੰਗਰੇਜ ਹਕੂਮਤ ਨੇ ਬਣਾਈ।(ਸਮਾਜਿਕ ਗਿਆਨ, ਪੰਨਾ 118, ਜਮਾਤ 5)

ਮੁਸਲਮਾਨ ਘੁਸਪੈਠੀਆਂ ਨੇ ਹਿੰਦੂ ਔਰਤਾਂ ਨਾਲ ਵਿਆਹ ਕਰਵਾਉਣੇ ਸੁਰੂ ਕਰ ਦਿੱਤੇ। ਇਸ ਹਾਲਤ ਤੋਂ ਬਚਣ ਲਈ ਤੇ ਆਪਣੇ ਧਰਮ ਤੇ ਸੱਭਿਅਤਾ ਦੀ ਰਾਖੀ ਲਈ ਹਿੰਦੂਆਂ ਨੂੰ ਵਿਆਹ ਦੇ ਨਿਯਮਾਂ ਨੂੰ ਸਖਤ ਬਨਾਉਣ ਵਾਸਤੇ ਮਜਬੂਰ ਹੋਣਾ ਪਿਆ।(ਪੰਨਾ 107, ਜਮਾਤ 12)

ਇੱਕ ਜਾਤ ਦੇ ਲੋਕਾਂ ਨੂੰ ਆਪਣੀ ਜਾਤ ਵਿੱਚ ਹੀ ਵਿਆਹ ਕਰਵਾਉਣਾ ਚਾਹੀਦਾ ਹੈ। ਇਸ ਨਾਲ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਹੈ ਤੇ ਅਸ਼ੁੱਧੀਆਂ ਦੂਜੇ ਲੋਕਾਂ ਦੇ ਖੂਨ ਵਿੱਚ ਦਾਖਲ ਨਹੀਂ ਹੁੰਦੀਆਂ।(ਪੰਨਾ 168)

ਉਪਰੋਕਤ ਤੋਂ ਸਪੱਸਟ ਹੁੰਦਾ ਹੈ ਕਿਸ ਤਰਾਂ ਇਸ ਦੀਆਂ ਧਾਰਨਾਵਾਂ ਵਿਦਿਆਰਥੀਆਂ ਅੱਗੇ ਪੇਸ਼ ਕਰਕੇ ਘੱਟਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਵਿਦੇਸ਼ੀ ਘੁਸਪੈਠੀਏ, ਹਿੰਦੂ ਧਰਮ ਲਈ ਖਤਰਾ ਦੱਸ਼ਿਆ ਜਾਂਦਾ ਹੈ ਤੇ ਹਿੰਦੂ ਧਰਮ ਨੂੰ ਸੁੱਧ ਆਰੀਅਨ ਧਰਮ ਮੰਨਕੇ ਖੁਦ ਨੂੰ ਸਰਵੋਤਮ ਐਲਾਨਿਆ ਜਾਂਦਾਹੈ। ਸਮਾਜਿਕ ਸ਼ਾਸ਼ਤਰ ਦੀਆਂ ਕਿਤਾਬਾਂ ਵਿੱਚ ਬਾਲ ਵਿਆਹ ਨੂੰ ਜਾਇਜ ਠਹਿਰਾਇਆ ਜਾਂਦਾ ਹੈ ਤੇ ਇਸ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਇਸ ਨਾਲ ਨੌਜਵਾਨ ਮੁੰਡੇ ਕੁੜੀਆਂ ਵੱਡੀ ਉਮਰ ਦੇ ਵਿਗੜਾਂ ਤੋਂ ਬਚ ਜਾਂਦੇ ਹਨ ਤੇ ਉਹਨਾਂ ਅੰਦਰ ਕਿਸੇ ਕਿਸਮ ਦਾ ਨੈਤਿਕ ਨਿਘਰ ਨਹੀਂ ਆਉਂਦਾ।

ਰਾਜਸਥਾਨ ਤੇ ਉੱਤਰ ਪ੍ਰਦੇਸ਼ ਬੋਰਡ ਦੀਆਂ 9ਵੀਂ, 10ਵੀਂ, 11ਵੀਂ, 12 ਵੀਂ ਜਮਾਤ ਦੀਆਂ ਵਿਆਕਰਣ ਤੇ ਸਾਹਿਤ ਦੀਆਂ ਕਿਤਾਬਾਂ ਵਿੱਚ ਰਸਸ ਵਿਚਾਰਧਾਰਾ ਦੇ ਪੈਂਤੜੇ ਨਾਲ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹਨਾਂ ਕਿਤਾਬਾਂ ਵਿੱਚੋਂ ਸੰਯੁਕਤ ਸੱਭਿਆਚਾਰਕ ਵਿਰਾਸਤ ਤੇ ਭਾਸ਼ਾ ਬਿਲਕੁਲ ਗਾਇਬ ਹੈ। ਸਿਰਫ ਹਿੰਦੂ ਭਾਸ਼ਾ ਤੇ ਸਾਹਿਤ ਨੂੰ ਹੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ, ਹੋਰਨਾਂ ਧਰਮਾਂ ਦੀ ਕੋਈ ਵੀ ਰਚਨਾ ਇਸ ਵਿੱਚ ਸ਼ਾਮਲ ਨਹੀਂ। ਨੌਵੀਂ ਜਮਾਤ ਦੀ ਕਿਤਾਬ”ਸਾਹਿਤਿਕ ਲਿਖਤਾਂ ਤੇ ਕਵਿਤਾਵਾਂ ਦਾ ਸੰਗਹ੍ਰਿ” ਵਿੱਚ ਚਾਰ ਨਵੇਂ ਅਧਿਆਏ ਜੋੜੇ ਗਏ ਹਨ। ਜਿਸਦੇ ਲੇਖਕ ਆਰ ਐਸ ਐਸ ਨਾਲ ਜੁੜੇ ਹੋਏ ਹਨ। ਊਰਦੂ ਨੂੰ ਵੱਖਰੀ ਭਾਸ਼ਾ ਦੇ ਤੌਰ ਤੇ ਨਹੀਂ ਮੰਨਿਆ ਜਾਂਦਾ- ਇਸਨੂੰ ਹਿੰਦੀ ਭਾਸ਼ਾ ਨੂੰ ਕਿਸੇ ਹੋਰ ਲਿੱਪੀ ਵਿੱਚ ਲਿਖਿਆ ਜਾਣਾ ਕਿਹਾ ਜਾਂਦਾ ਹੈ। ਵਿਆਕਰਣ ਵਿੱਚ ਪੜਾਇਆ ਜਾਂਦਾ ਹੈ ਕਿ ਜਿਹਨਾਂ ਸ਼ਬਦਾਂ ਦੀਆਂ ਜੜਾਂ ਅਰਬੀ, ਫਾਰਸੀ, ਅੰਗਰੇਜੀ, ਉਰਦੂ ਨਾਲ ਜੁੜੀਆਂ ਹੋਈਆਂ ਹਨ, ਉਹਨਾਂ ਨੂੰ ਵਿਦੇਸ਼ੀ ਸ਼ਬਦ ਕਹਿੰਦੇ ਹਨ-ਜਿਵੇਂ ਟੇਬਲ, ਸਕੂਲ, ਟ੍ਰੇਨ, ਕਾਲਜ, ਬਜਾਰ, ਸਟੇਸ਼ਨ ਆਦਿ ਸ਼ਬਦ। ਇਹ ਸ਼ਬਦ ਭਾਰਤੀ ਭਾਸ਼ਾਵਾਂ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਹਨ ਤੇ ਅੱਜ ਇਹਨਾਂ ਵਿਦੇਸ਼ੀ ਸ਼ਬਦਾਂ ਤੋਂ ਮੁਕਤ ਹੋਣ ਦੀ ਲੋੜ ਹੈ।

ਸੱਭਿਆਚਾਰ ਗਿਆਨ ਦੇ ਨਾਂ ਵਿਦਿਆ ਭਾਰਤੀ ਤੇ ਭਾਜਪਾ ਹਕੂਮਤ ਵਾਲੇ ਸੂਬਿਆ ਵਿੱਚ ਛੇ ਵਿਸ਼ਿਆ ਨੂੰ ਪੜਾਈ ਵਿਚ ਲਾਜਮੀ  ਸ਼ਾਮਲ ਕੀਤਾ ਗਿਆ ਹੈ-ਸਰੀਰਿਕ ਸਿੱਖਿਆ, ਯੋਗਾ, ਸੰਗੀਤ, ਸੰਸਕ੍ਰਿਤ,ਨੈਤਿਕ ਤੇ ਅਧਿਆਤਮਿਕ ਸਿੱਖਿਆ।ਇਸ ਗਿਆਨ ਦਾ ਨਿਰੋਲ ਮਕਸਦ ਨੈਤਿਕ ਸਿੱਖਿਆ ਜਰੀਏ ਪਛੜੀਆਂ ਕਦਰਾਂ ਕੀਮਤਾੰ, ਘੱਟਗਿਣਤੀਆਂ ਪ੍ਰਤੀ ਤੁਅੱਸਬ ਵਿਦਿਆਰਥੀਆਂ ਦੇ ਦਿਮਾਗਾਂ ਵਿੱਚ ਭਰਨਾ ਹੈ। “ਸਦਾਚਾਰ ਦੀਆਂ ਗੱਲਾਂ” ਤੇ “ਸੰਸਕਾਰ ਸੌਰਭ” ਦੇ ਕੋਰਸਾਂ ਦੇ ਨਾਂ ਤੇ ਰਸਸ ਦੀ ਵਿਚਾਰਧਾਰਾ ਨੂੰ ਵਿਦਿਆਰਥੀ ਮਨਾਂ ਵਿੱਚ ਤੂੜਿਆ ਜਾ ਰਿਹਾ ਹੈ। ਵਿਦਿਆਭਾਰਤੀ ਦੀਆਂ ਪੁਸਤਕਾਂ ਵਿੱਚ ਧਰਮ ਦੀ ਰਾਖੀ ਲਈ ਹਿੰਸਾ ਤੇ ਬਦਲਾਖੋਰੀ ਚੰਗੀ ਚੀਜ ਵਜੋਂ ਪੇਸ਼ ਕੀਤਾ ਜਾਂਦਾ ਹੈ ਤੇ ਘੱਟਗਿਣਤੀ ਪ੍ਰਤੀ ਨਫਰਤ ਤੇ ਅਪਮਾਨ ਤੇ ਧਰਮ ਦੇ ਰੱਖਿਆ ਦੇ ਨਾਂ ਤੇ ਕਿਸੇ ਨੂੰ ਮਾਰਨ ਨੂੰ ਸਹੀ ਕਿਹਾ ਜਾੰਦਾ ਹੈ। ਮੁਸਲਮਾਨਾਂ ਨੂੰ ਇਹਨਾੰ ਕਿਤਾਬਾਂ ਵਿੱਚ ਬੇਰਹਿਮ ਵਿਖਾਇਆ ਜਾਂਦਾ ਹੈ ਤੇ ਉਹਨਾਂ ਵਿਰੋਧੀ ਕਿਸੇ ਵੀ ਕਾਰੇ ਨੂੰ ਕੁਰਬਾਨੀ, ਨਾਇਕਤਵ ਤੇ ਸ਼ਹਾਦਤ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਭਾਰਤੀ ਸਮਾਜ ਦੇ ਸਭ ਤੋਂ ਪਛੜੇ ਰੀਤੀ ਰਿਵਾਜਾਂ ਨੂੰ ਸਹੀ ਸਿੱਧ ਕੀਤਾ ਜਂਦਾ ਹੈ, ਤੇ ਇਸਨੂੰ ਆਤਮ ਸਨਮਾਨ ਦੇ ਮਸਲੇ ਵਜੋਂ ਪੇਸ਼ ਕੀਤਾ ਜਾੰਦਾ ਹੈ। ਵਿਦਿਆਰਥੀਆਂ ਨੂੰ ਘੁਸਪੈਠੀਆਂ(ਮੁਸਲਮਾਨਾਂ, ਇਸਾਈਆਂ,ਪਾਰਸੀਆਂ) ਦੁਆਰਾ ਧਰਮ ਪਰਿਵਰਤਨ ਤੇ ਮੰਦਰਾਂ ਨੂੰ ਤੋੜਨ ਦੀਆਂ ਅਨੇਕਾਂ ਕਲਪਿਤ ਕਹਾਣੀਆਂ ਪੜਾਈਆਂ ਜਾਂਦੀਆਂ ਹਨ। ਰਾਸ਼ਟਰੀ ਸਵੈਸੇਵਕ ਸੰਘ ਦੇ ਲੀਡਰਾਂ ਤੇ ਸਬੰਧਤਾਂ ਨੂੰ ਅਜਾਦੀ ਦੇ ਪਰਵਾਨੇ ਬਣਾਕੇ ਪੇਸ਼ ਕੀਤਾ ਜਾਂਦਾ, ਜਿਹਨਾਂ ਅਥਾਹ ਕੁਰਬਾਨੀਆਂ ਕੀਤੀਆਂ ਤੇ ਬਾਕੀਆਂ ਦਾ ਰੋਲ ਅਜਾਦੀ ਦੀ ਲੜਾਈ ਵੀ ਬਿਲਕੁਲ ਵੀ ਨਹੀਂ। ਇਤਿਹਾਸ ਨੂੰ ਤੋੜਿਆ ਮਰੋੜਿਆ ਜਾਂਦਾ ਹੈ ਤੇ ਦੇਸ਼ ਦੀ ਵੰਡ ਦਾ ਇੱਕ ਕਾਰਨ ਇਸਾਈ ਮਿਸ਼ਨਰੀਆਂ ਦੀਆਂ ਸਾਜਿਸ਼ਾਂ ਨੂੰ ਦੱਸਿਆ ਜਾਂਦਾ ਹੈ, ਜਿਹਨਾੰ ਨੇ ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਬਿਹਾਰ, ਕੇਰਲਾ ਅਤੇ ਦੇਸ਼ ਦੇ ਹੋਰ ਕਈ ਹਿੱਸਿਆ ਵਿੱਚ ਦੇਸ਼ ਦੀ ਏਕਤਾ ਨੂੰ ਢਾਹ ਲਾਈ। ਨਵੰਬਰ 1990 ਬਾਬਰੀ ਮਸਜਿਦ ਢਾਹੁਣ ਦੀ ਘਟਨਾ ਨੂੰ ਵਾਰ ਵਾਰ ਤਸਵੀਰਾਂ ਸਹਿਤ ਬਹੁਤ ਦੀ ਭਾਵਨਾਤਮਕ ਢੰਗ ਨਾਲ ਵਿਦਿਆਰਥੀਆਂ ਨੂੰ ਪੜਾਇਆ ਜਾਂਦਾ ਹੈ। ਸਾਰੀਆਂ ਕਿਤਾਬਾਂ ਵਿੱਚ ਇੰਡੀਆ ਸ਼ਬਦ ਦੇ ਥਾਂ ਤੇ ਭਾਰਤ ਦੀ ਵਰਤੋਂ ਕੀਤੀ ਜਾਂਦੀ ਹੈ।

(ਅਗਲੇ ਅੰਕ ਵਿੱਚ ਜ਼ਾਰੀ)

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 59, 16 ਅਗਸਤ 2016 ਵਿੱਚ ਪ੍ਰਕਾਸ਼ਤ