ਸਿੱਖਿਆ ਦਾ ਭਗਵਾਂਕਰਨ (ਤੀਜੀ ਕਿਸ਼ਤ) •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਤਿਹਾਸ ਨੂੰ ਤੋੜਨਾ ਮਰੋੜਨਾ

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਹਿੰਦੂ ਫਿਰਕੂ ਤਾਕਤਾਂ ਵੱਲੋਂ ਭਾਰਤ ਦੇ ਇਤਿਹਾਸ ਸਬੰਧੀ ਖੋਜ ਪੜਤਾਲ ਕਰਨ ਲਈ ਬਣੀ ਸੰਸਥਾ ‘ਭਾਰਤੀ ਇਤਿਹਾਸ ਖੋਜ ਕੇਂਦਰ’ ਦਾ ਸੁਦਰਸ਼ਨ ਰਾਓ ਨੂੰ ਮੁਖੀ ਬਣਾਏ ਜਾਣ ਮਗਰੋਂ ਇਤਿਹਾਸ ਨਾਲ਼ ਛੇੜ-ਛਾੜ ਕੀਤੇ ਜਾਣ, ਇਸਨੂੰ ਤੋੜੇ-ਮਰੋੜੇ ਜਾਣ ਅਤੇ ਇਤਿਹਾਸ ਨੂੰ ਫਿਰਕੂ ਰੰਗਤ ਦਿੱਤੇ ਜਾਣ ਦੀ ਚਰਚਾ ਫੇਰ ਨਵੇਂ ਸਿਰਿਓਂ ਸ਼ੁਰੂ ਹੋ ਗਈ ਹੈ। ਫਿਰਕੂ, ਫਾਸੀਵਾਦੀ ਤਾਕਤਾਂ ਹਮੇਸ਼ਾ ਮੌਕਾ ਮਿਲਣ ‘ਤੇ ਇਤਿਹਾਸ ਨੂੰ ਆਪਣੀ ਕਲਮ ਨਾਲ਼ ਲਿਖਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਸਹਿਜੇ ਹੀ ਸਵਾਲ ਉੱਠਦਾ ਹੈ ਕਿ ਆਖਰ ਉਹਨਾਂ ਵੱਲੋਂ ਇਤਿਹਾਸ ਨੂੰ ਇਸ ਤਰ੍ਹਾਂ ਮੁੜ ਲਿਖੇ ਜਾਣ ਦਾ ਕਾਰਨ ਕੀ ਹੈ ਅਤੇ ਇਤਿਹਾਸ ਵਿੱਚੋਂ ਉਹ ਕਿਸ ਚੀਜ਼ ਤੋਂ ਡਰਦੀਆਂ ਹਨ ਤੇ ਇਸਨੂੰ ਇਸ ਤਰ੍ਹਾਂ ਵਿਗਾੜਨ ਦੀ ਕੋਸ਼ਿਸ਼ ਕਰਦੀਆਂ ਹਨ। ਇਸਦਾ ਕਾਰਨ ਇਹ ਹੈ ਕਿ ਹਰ ਤਰ੍ਹਾਂ ਦੀ ਫਾਸੀਵਾਦੀ ਲਹਿਰ, ਫਾਸੀਵਾਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਅਤੇ ਇਸਨੂੰ ਲੋਕਾਂ ਦੇ ਮਨਾਂ ‘ਚ ਭਰਨ ਨਾਲ਼ ਹੀ ਖੜੀ ਹੁੰਦੀ ਹੈ। ਲੋਕਾਂ ਦੇ ਮਨਾਂ ਵਿੱਚ ਪਲ਼ਦੀ ਇਹ ਫਾਸੀਵਾਦੀ ਵਿਚਾਰਧਾਰਾ ਹੀ ਖਾਸ ਮੌਕਿਆਂ ਉੱਤੇ ਦੰਗਿਆਂ, ਕਤਲੇਆਮ ਅਤੇ ਫਿਰਕੂ ਫਸਾਦਾਂ ਆਦਿ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਹਰ ਤਰ੍ਹਾਂ ਦੀ ਫਾਸੀਵਾਦੀ ਵਿਚਾਰਧਾਰਾ ਦਾ ਕੇਂਦਰੀ ਧੁਰਾ ਹੀ ਕਿਸੇ ਖਾਸ ਨਸਲ, ਫਿਰਕੇ, ਧਰਮ, ਕੌਮ ਆਦਿ ਦੇ ਅੰਨ੍ਹੇ ਗੁਣਗਾਣ, ਦੂਜਿਆਂ ਨਾਲ਼ੋਂ ਉੱਤਮ ਹੋਣ ਤੇ ਦੂਜਿਆਂ ਵਿਰੁੱਧ ਨਫਰਤ ਫੈਲਾਉਣਾ ਹੁੰਦਾ ਹੈ। ਇਹ ਆਪਣੀ ਬੀਤੇ ਦੀ ਕਿਸੇ ਮਹਾਨ ਵਿਰਾਸਤ ਦਾ (ਜਿਸਦੀ ਕਦੇ ਹੋਂਦ ਨਹੀਂ ਰਹੀ ਹੁੰਦੀ) ਦਾ ਝੂਠਾ ਗੁਣਗਾਣ ਕਰਦੀਆਂ ਹਨ, ਇਹਦੇ ਤਬਾਹ, ਕਮਜ਼ੋਰ ਹੋਣ ਲਈ ਦੂਜੇ ਲੋਕ ਸਮੂਹਾਂ ਨੂੰ ਕਸੂਰਵਾਰ ਦੱਸਦੀਆਂ ਹਨ ਅਤੇ ਆਪਣੀ ਕਬਰਾਂ ਵਿੱਚ ਦੱਬੀ ਪਈ ਉਸ ਵਿਰਾਸਤ ਨੂੰ ਮੁੜ ਜਿਉਂਦਿਆਂ ਕਰਨ ਦਾ ਹੇਰਵਾ ਜਗਾਉਂਦੀਆਂ ਹਨ। ਜਰਮਨੀ ਵਿੱਚ ਨਸਲਵਾਦੀ ਨਫਰਤ ਅਤੇ ਆਰੀਆਂ ਦੀ ਉੱਤਮਤਾ ਨੂੰ ਲੋਕਾਂ ਦੇ ਮਨਾਂ ਵਿੱਚ ਭਰਨ ਅਤੇ ਗੈਰ-ਆਰੀਆਂ ਵਿਰੁੱਧ ਨਫਰਤ ਫੈਲਾਉਣ ਲਈ ਜਿਸ ਤਰ੍ਹਾਂ ਹਿਟਲਰ ਅਧੀਨ ਨਾਜ਼ੀਆਂ ਨੇ ਪੂਰੇ ਜਰਮਨੀ ਵਿੱਚ ਸਿੱਖਿਆ ਦੇ ਸਿਲੇਬਸਾਂ ਨੂੰ ਸੋਧਿਆ, ਇਤਿਹਾਸ ਨੂੰ ਨਵੇਂ ਸਿਰਿਓਂ ਲਿਖਿਆ ਤੇ ਵਿਗਿਆਨਕ ਕਿਤਾਬਾਂ ਜਲ਼ਾਈਆਂ ਉਹੀ ਕੰਮ ਭਾਰਤ ਵਿੱਚ ਨਾਜ਼ੀਆਂ ਦੇ ਭਾਰਤੀ ਚੇਲੇ ਕਰ ਰਹੇ ਹਨ

ਜਿੱਥੇ ਤੱਕ ਇਤਿਹਾਸ ਉੱਤੇ ਹਮਲੇ ਦਾ ਸਵਾਲ ਹੈ ਤਾਂ ਫਿਰਕੂ ਸੰਘੀ ਲਾਣਾ ਇਤਿਹਾਸ ਉੱਤੇ ਦੋ ਢੰਗਾਂ ਨਾਲ਼ ਹਮਲਾ ਕਰਦਾ ਹੈ। ਇੱਕ ਤਾਂ ਜਦੋਂ ਕਦੇ ਵੀ ਇਸਦਾ ਸਿਆਸੀ ਵਿੰਗ ਭਾਜਪਾ ਕੇਂਦਰ ਜਾਂ ਕਿਸੇ ਸੂਬੇ ਵਿੱਚ ਸੱਤਾ ਵਿੱਚ ਆਉਂਦਾ ਹੈ ਤਾਂ ਇਤਿਹਾਸ ਅਤੇ ਸਿੱਖਿਆ ਨਾਲ਼ ਜੁੜੀਆਂ ਸੰਸਥਾਵਾਂ ਉੱਤੇ ਆਪਣੇ ਨੁਮਾਇੰਦਿਆਂ ਨੂੰ ਬਿਠਾ ਕੇ ਇਹ ਇਤਿਹਾਸ ਨੂੰ ਆਪਣੇ ਢੰਗ ਨਾਲ਼ ਲਿਖਦੇ ਹਨ, ਉਸਨੂੰ ਫਿਰਕੂ ਰੰਗਤ ਦਿੰਦੇ ਹਨ। ਦੂਜਾ ਹਮਲਾ ਕਿਤੇ ਵਧੇਰੇ ਵਿਆਪਕ ਤੇ ਕਿਤੇ ਵਧੇਰੇ ਵੱਡਾ ਹੈ। ਸੰਘ ਕੋਲ਼ ਆਪਣੇ ਵਿਗਿਆਨੀਆਂ, ਇਤਿਹਾਸਕਾਰਾਂ, ਖੋਜ ਸੰਸਥਾਵਾਂ, ਸਿੱਖਿਆ ਸੰਸਥਾਵਾਂ ਤੋਂ ਲੈ ਕੇ ਪ੍ਰਚਾਰਕਾਂ, ਧਾਰਮਿਕ ਪੋਥੀਆਂ, ਪ੍ਰਕਾਸ਼ਨਾਂ, ਪੁਜ਼ਾਰੀਆਂ, ਸ਼ਾਖਾਵਾਂ ਆਦਿ ਦਾ ਬਹੁਤ ਵੱਡਾ ਜਾਲ਼ ਹੈ ਜੋ ਹਰ ਪਲ ਸੰਘੀਆਂ ਦੀ ਫਿਰਕੂ ਲਾਗ ਵਾਲ਼ੇ ਝੂਠੇ, ਮਨਘੜਤ ਤੇ ਗੈਰ-ਵਿਗਿਆਨਕ ਇਤਿਹਾਸ ਨੂੰ ਲੋਕਾਂ ਦੇ ਮਨਾਂ ਵਿੱਚ ਭਰਦਾ ਰਹਿੰਦਾ ਹੈ।

ਕੇਂਦਰੀ ਸੰਸਥਾਵਾਂ ਰਾਹੀਂ ਇਤਿਹਾਸ ਉੱਤੇ ਹਮਲਾ ਕਰਨ ਦੀ ਸ਼ੁਰੂਆਤ ਪਹਿਲੀ ਵਾਰ 1977 ਵਿੱਚ ਹੋਈ ਜਦੋਂ ਜਨ ਸੰਘ (ਜਿਸ ਵਿੱਚੋਂ ਅੱਗੇ ਜਾ ਕੇ ਭਾਜਪਾ ਬਣੀ) ਅਤੇ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਬਣੀ। ਰਲ਼ੇ-ਮਿਲ਼ੇ ਰੂਪ ਵਿੱਚ ਪਹਿਲੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਸੰਘੀਆਂ ਨੇ ਇਤਿਹਾਸ ‘ਤੇ ਹੱਲਾ ਬੋਲ ਦਿੱਤਾ। ਇਹ ਹਮਲਾ ਸਿੱਖਿਆ ਨਾਲ਼ ਜੁੜੀ ਸੰਸਥਾ ਐਨਸੀਈਆਰਟੀ (ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ) ਵਿੱਚ ਆਪਣੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ ਸਿਲੇਬਸ ਨੂੰ “ਸੋਧਣ” ਅਤੇ “ਸਮੇਂ ਦੇ ਹਾਣੀ ਬਣਾਉਣ” ਦੇ ਬਹਾਨੇ ਕਿਤਾਬਾਂ, ਖਾਸ ਕਰਕੇ ਇਤਿਹਾਸ ਦੀਆਂ ਕਿਤਾਬਾਂ, ਨੂੰ ਸੋਧਣ ਦੀ ਕੋਸ਼ਿਸ਼ ਦੇ ਰੂਪ ਵਿੱਚ ਸਾਹਮਣੇ ਆਇਆ। ਇਸ ਤਹਿਤ ਇਤਿਹਾਸਕਾਰ ਡੀ.ਐਨ. ਝਾਅ ਦੀ ਕਿਤਾਬ ‘ਪੁਰਾਤਨ ਭਾਰਤ’ ਸਮੇਤ ਕੁੱਝ ਕਿਤਾਬਾਂ ਨੂੰ ਸਿੱਖਿਆ ਵਿਭਾਗ ਨੇ ਐਨਸੀਈਆਰਟੀ ਦੇ ਸਿਲੇਬਸ ਵਿੱਚੋਂ ਕਢਵਾ ਦਿੱਤਾ। ਇਹਦੇ ਲਈ ਨਾ ਕਿਤਾਬਾਂ ਦੀ ਛਾਣਬੀਣ ਕੀਤੀ ਗਈ, ਨਾ ਕੋਈ ਜਾਂਚ ਕਮੇਟੀ ਬਣਾਈ ਗਈ ਅਤੇ ਨਾ ਹੀ ਕਿਤਾਬਾਂ ਲਿਖਣ ਵਾਲ਼ੇ ਇਤਿਹਾਸਕਾਰਾਂ ਤੋਂ ਪੁੱਛ-ਪੜਤਾਲ ਕੀਤੀ ਗਈ। ਉਦੋਂ ਇਸ ਸੰਸਥਾ ਦੇ ਮੈਂਬਰਾਂ ਅਤੇ ਲੋਕਾਂ ਦੇ ਵਿਰੋਧ ਕਾਰਨ ਇਹ ਹਮਲਾ ਬਹੁਤਾ ਵਿਆਪਕ ਨਾ ਹੋ ਸਕਿਆ ਤੇ ਜਲਦੀ ਹੀ ਪਛਾੜ ਦਿੱਤਾ ਗਿਆ।

ਫਿਰ 1998-2004 ਵਿੱਚ ਭਾਜਪਾ ਦੀ ਅਗਵਾਈ ਵਾਲ਼ੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਬਣੀ ਤਾਂ ਪਹਿਲਾਂ ਨਾਲ਼ੋਂ ਵੀ ਵੱਡੇ ਪੱਧਰ ‘ਤੇ ਇਤਿਹਾਸ ਨੂੰ ਕਾਣਾ ਕਰਨ ਦੀ ਮੁਹਿੰਮ ਵਿੱਢੀ ਗਈ। ਫਿਰਕੂ ਸੋਚ ਨਾਲ਼ ਨੱਕੋ-ਨੱਕ ਭਰੇ ਮੁਰਲੀ ਮਨੋਹਰ ਜੋਸ਼ੀ ਨੂੰ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਬਣਾਇਆ ਗਿਆ। ਮੁਰਲੀ ਮਨੋਹਰ ਜੋਸ਼ੀ ਦੇ ਮੰਤਰੀ ਬਣਨ ਮਗਰੋਂ ਮਨੁੱਖੀ ਸ੍ਰੋਤ ਵਿਕਾਸ ਮਹਿਕਮੇ ਅਧੀਨ ਆਉਂਦੀਆਂ ਸੰਸਥਾਵਾਂ ਉੱਪਰ ਵੀ ਸੰਘੀ ਟਿੱਡੇ ਗੁਟਕਣ ਲਾਏ ਗਏ। ‘ਭਾਰਤੀ ਇਤਿਹਾਸ ਖੋਜ ਕੇਂਦਰ’ ਉੱਤੇ ਸੰਘੀ ਇਤਿਹਾਸਕਾਰ ਕੇ.ਐਸ. ਲਾਲ ਨੂੰ ਥਾਪਿਆ ਗਿਆ ਜੋ ਮੱਧਕਾਲੀ ਦੌਰ ਸਬੰਧੀ ਮੁਲਮਾਨਾਂ ਖਿਲਾਫ ਝੂਠਾਂ ਦੀਆਂ ਪੰਡਾਂ ਛਾਪਣ ਕਾਰਨ ਸੰਘੀਆਂ ਦਾ ਚਹੇਤਾ ਇਤਿਹਾਸਕਾਰ ਹੈ। ‘ਐਨਸੀਈਆਰਟੀ’ ਦਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਦੇ ਚੇਲੇ ਜੇ.ਐੱਸ.ਰਾਜਪੂਤ ਨੂੰ ਥਾਪਿਆ ਗਿਆ। ਸੰਘੀਆਂ ਦੀ ਫਿਰਕੂ ਸਿੱਖਿਆ ਨੀਤੀ ਦੇ ਦਿਮਾਗ ਦੀਨਾਨਾਥ ਬੱਤਰਾ ਨੂੰ ਐਨਸੀਈਆਰਟੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ‘ਇੰਡੀਅਨ ਕਾਂਉਸਲ ਆਫ ਸੋਸ਼ਲ ਸਾਇੰਸ ਰਿਸਰਚ’ ਦਾ ਮੁਖੀ ਐੱਮ. ਐੱਲ ਸੋਂਧੀ ਨੂੰ ਬਣਾਇਆ ਗਿਆ ਜੋ ਨਾ ਸਿਰਫ ਸੰਘ ਦਾ ਬਹੁਤ ਨੇੜਲਾ ਬੰਦਾ ਸੀ ਸਗੋਂ ਭਾਜਪਾ ਵੱਲੋਂ ਰਾਜ ਸਭਾ ਦਾ ਮੈਂਬਰ ਵੀ ਰਹਿ ਚੁੱਕਾ ਸੀ। ਆਪਣੇ ਅਹੁਦਿਆਂ ‘ਤੇ ਬਿਰਾਜਮਾਨ ਹੁੰਦਿਆਂ ਹੀ ਇਹਨਾਂ ਨੇ ਆਪਣੇ ਫਿਰਕੂ ਮਨਸ਼ੇ ਜ਼ਾਹਿਰ ਕਰਨੇ ਸ਼ੁਰੂ ਕਰ ਦਿੱਤੇ। ਐਨਸੀਈਆਰਟੀ ਦੇ ਪ੍ਰਧਾਨ ਬਣਾਏ ਗਏ ਜੇ.ਐੱਸ. ਰਾਜਪੂਤ ਨੇ ਬਿਆਨ ਦਾਗਿਆ ਕਿ “ਪਿਛਲੇ ਕਈ ਦਹਾਕਿਆਂ ਤੱਕ ਐਨਸੀਈਆਰਟੀ ਉੱਤੇ, ਖਾਸ ਕਰਕੇ ਇਤਿਹਾਸ ਦੀਆਂ ਕਿਤਾਬਾਂ ਉੱਤੇ, ਤੰਗਨਜ਼ਰੀ ਵਾਲ਼ੇ ਇਤਿਹਾਸਕਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਕਬਜ਼ਾ ਕਰੀ ਰੱਖਿਆ ਹੈ।” ਇਸ ਮਗਰੋਂ ਵਿਗਿਆਨਕ ਇਤਿਹਾਸ ਨੂੰ ਸਿਲੇਬਸਾਂ ਵਿੱਚੋਂ ਛਾਂਗਣਾ ਅਤੇ ਸੰਘੀਆਂ ਦੇ ਮੇਚ ਆਉਂਦਾ ਫਿਰਕੂ ਇਤਿਹਾਸ ਸਿਲੇਬਸਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਜੇ.ਐੱਸ. ਰਾਜਪੂਤ, ਦੀਨਾ ਨਾਥ ਬੱਤਰਾ ਅਤੇ ਸੰਘ ਦੇ ਬੁਲਾਰੇ ਅਤੁਲ ਰਾਵਤ ਨੇ ਇਹ “ਪੁਸ਼ਟੀ” ਕੀਤੀ ਕਿ ਕਈ ਕਿਤਾਬਾਂ ਪੁਰਾਣੀਆਂ ਪੈ ਚੁੱਕੀਆਂ ਹਨ, ਸਿਲੇਬਸ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ। ਇਤਿਹਾਸ ਨੂੰ “ਸਮੇਂ ਦਾ ਹਾਣੀ” ਬਣਾਉਣ ਲਈ ਨਾ ਕੋਈ ਬਕਾਇਦਾ ਜਾਂਚ ਕਮੇਟੀ ਬਣਾਈ ਗਈ, ਨਾ ਹੀ ਪਹਿਲਾਂ ਦੀ ਤਰ੍ਹਾਂ ਲੇਖਕਾਂ ਨੂੰ ਪੁਰਾਣੀ ਪਈ ਜਾਣਕਾਰੀ ਮੁੜ ਸੋਧਣ ਲਈ ਕਿਹਾ ਗਿਆ ਅਤੇ ਇਹ ਫੈਸਲਾ (ਕਿ ਜਾਣਕਾਰੀ ਪੁਰਾਣੀ/ਗਲਤ ਹੈ) ਵੀ ਕਿਸੇ ਮਾਹਰ ਇਤਿਹਾਸਕਾਰਾਂ ਦੀ ਕਮੇਟੀ ਦੁਆਰਾ ਨਹੀਂ ਲਿਆ ਗਿਆ। “ਧਾਰਮਿਕ ਭਾਵਨਾਵਾਂ ਨੂੰ ਠੇਸ” ਦੇ ਬਹਾਨੇ ਹਿੰਦੂ ਮਿੱਥਕਾਂ ਦਾ ਪਾਜ ਉਘੇੜਨ ਵਾਲ਼ੀ ਸਮੱਗਰੀ ਨੂੰ ਬਾਹਰ ਕੱਢ ਕੇ ਮਿੱਥਕ ਗਾਥਾਵਾਂ ਤੇ ਮਨਘੜਤ ਇਤਿਹਾਸ ਨੂੰ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ। ਇੰਨਾ ਹੀ ਨਹੀਂ ਇਹਨਾਂ “ਸੋਧਾਂ” ਲਈ ਮੁਰਲੀ ਮਨੋਹਰ ਜੋਸ਼ੀ ਨੇ ਇਹ ਬਿਆਨ ਵੀ ਦਿੱਤਾ ਕਿ ਸਿਲੇਬਸਾਂ ਨੂੰ ਸੋਧਣ ਲਈ ਧਾਰਮਿਕ ਮਾਹਿਰਾਂ ਦਾ ਇੱਕ ਪੈਨਲ ਵੀ ਬਿਠਾਇਆ ਜਾਵੇਗਾ ਜੋ ਸਿਲੇਬਸ ਤੋਂ ਇਹ ਤੈਅ ਕਰੇਗਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤਾਂ ਨਹੀਂ ਪੁੱਜ ਰਹੀ। ਮਤਲਬ “ਭਾਵਨਾਵਾਂ ਨੂੰ ਠੇਸ” ਦੇ ਪੁਰਾਣੇ ਤੇ ਪ੍ਰਸਿੱਧ ਬਹਾਨੇ ਹੇਠ ਵਿਗਿਆਨ ਤੇ ਤਰਕਸ਼ੀਲਤਾ ਨੂੰ ਛਿੱਕੇ ਟੰਗਿਆ ਗਿਆ।

ਇਸੇ ਦੌਰਾਨ ਭਾਰਤੀ ਇਤਿਹਾਸ ਖੋਜ ਕੇਂਦਰ ਵੱਲੋਂ ਕੇ ਐਨ ਪਨੀਕਰ ਅਤੇ ਸੁਮਿਤ ਸਰਕਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਜੈਕਟ ‘ਟੂਵਰਡ ਫਰੀਡਮ’ (ਅਜ਼ਾਦੀ ਵੱਲ) ਨੂੰ ਬੰਦ ਕਰਵਾ ਦਿੱਤਾ ਗਿਆ ਜਿਸ ਵਿੱਚ 1937-1947 ਤੱਕ ਦੇ ਇਤਿਹਾਸ ਦੀ ਪੜਤਾਲ ਸੀ। ਇਹ ਪ੍ਰੋਜੈਕਟ ਹੋਰ ਅਹਿਮ ਜਾਣਕਾਰੀਆਂ ਦੇ ਨਾਲ਼-ਨਾਲ਼ ਇਸ ਗੱਲ ਦੇ ਵੀ ਅਹਿਮ ਸਬੂਤ ਮੁਹੱਈਆ ਕਰਵਾਉਂਦਾ ਸੀ ਕਿ ਸੰਘ ਅਤੇ ਹੋਰ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੀ ਅਜ਼ਾਦੀ ਦੀ ਲਹਿਰ ਵਿੱਚ ਕੋਈ ਭੂਮਿਕਾ ਨਹੀਂ ਸੀ, ਸਗੋਂ ਇਹਨਾਂ ਦੀ ਕੌਮੀ-ਕੌਮਾਂਤਰੀ ਪੱਧਰ ‘ਤੇ ਭੰਡੀ ਵੀ ਹੋਈ ਸੀ।

ਇਸ ਤਰ੍ਹਾਂ ਨਾ ਸਿਰਫ ਰੋਮਿਲ਼ਾ ਥਾਪਰ, ਬਿਪਨ ਚੰਦਰਾ, ਆਰ. ਐਸ. ਸ਼ਰਮਾ, ਡੀ. ਐਨ ਝਾਅ ਅਤੇ ਅਰਜੁਨ ਦੇਵ ਜਿਹੇ ਇਤਿਹਾਸਕਾਰਾਂ ਦੀਆਂ ਤਰਕਸੰਗਤ ਲਿਖਤਾਂ ਨੂੰ ਕਿਤਾਬਾਂ ਵਿੱਚੋਂ ਕੱਢਿਆ ਗਿਆ ਸਗੋਂ ਸੰਘ ਨਾਲ਼ ਜੁੜੀਆਂ ਆਰੀਆ ਸਮਾਜ ਜਿਹੀਆਂ ਸੰਸਥਾਵਾਂ ਨੇ ਰੋਮਿਲਾ ਥਾਪਰ, ਆਰ. ਐਸ. ਸ਼ਰਮਾ, ਅਤੇ ਅਰਜੁਨ ਦੇਵ ਵਰਗਿਆਂ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ। ਮੁਰਲੀ ਮਨੋਹਰ ਜੋਸ਼ੀ ਨੇ ਇੱਕ ਵਾਰ ਫੇਰ ਇਹ ਕਹਿ ਕੇ ਆਪਣੀ ਫਿਰਕੂ ਸੋਚ ਜ਼ਾਹਿਰ ਕੀਤੀ ਕਿ ਇਹ ਇਤਿਹਾਸਕਾਰ “ਦੇਸ਼ ਦੀ ਸੱਭਿਆਚਾਰਕ ਅਜ਼ਾਦੀ ਖਿਲਾਫ ਜੰਗ ਛੇੜ ਰਹੇ ਹਨ”। ਇਸ ਤਰਾਂ 1998-2004 ਵਿੱਚ ਸਾਂਝੀ ਸਰਕਾਰ ਵਿੱਚ ਸਰਕਾਰੀ ਸੰਸਥਾਵਾਂ ‘ਤੇ ਕਾਬਜ਼ ਹੋ ਕੇ ਸੰਘੀਆਂ ਨੇ ਇਤਿਹਾਸ ਉੱਤੇ 1977 ਨਾਲ਼ੋਂ ਵੱਡਾ ਹੱਲਾ ਬੋਲਿਆ।

ਹੁਣ 2014 ਵਿੱਚ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਸੰਘੀ ਗਿਰਝਾਂ ਨੇ ਫਿਰ ਤੋਂ ਇਤਿਹਾਸ ਤੇ ਸਿੱਖਿਆ ‘ਤੇ ਪਹਿਲਾਂ ਨਾਲ਼ੋਂ ਵੀ ਵੱਡਾ ਹੱਲਾ ਬੋਲ ਦਿੱਤਾ ਹੈ। ਪਹਿਲਾਂ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਉੱਪਰ ਸਮ੍ਰਿਤੀ ਇਰਾਨੀ ਨੂੰ ਬਿਠਾਇਆ ਗਿਆ, ਜੋ ਅਸਲ ਵਿੱਚ ਇੱਕ ਮਖੌਟਾ ਹੈ, ਉਸ ਪਿੱਛੇ ਕੰਮ ਸੰਘ ਦਾ ਫਿਰਕੂ ਦਿਮਾਗ ਹੀ ਕਰ ਰਿਹਾ ਹੈ। ਇਹਨਾਂ ਨੇ ਸਿਲੇਬਸਾਂ ਨੂੰ “ਵਧੇਰੇ ਭਾਰਤੀ, ਵਧੇਰੇ ਕੌਮੀ ਤੇ ਵਧੇਰੇ ਅਧਿਆਤਮਕ” ਬਣਾਉਣ ਦੇ ਨਾਮ ਉੱਤੇ ਸੋਧਾ ਲਾ ਕੇ ਫਿਰਕੂ ਤੇ ਗੈਰ-ਵਿਗਿਆਨਕ ਰੰਗਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸੁਦਰਸ਼ਨ ਰਾਓ ਸੰਘੀਆਂ ਦੇ ਫਿਰਕੂ ਇਤਿਹਾਸ ਘੜਨ ਵਾਲ਼ੇ ਵਿੰਗ ‘ਕੁੱਲ ਭਾਰਤੀ ਇਤਿਹਾਸ ਸੰਕਲਨ ਯੋਜਨਾ’ ਦਾ ਆਂਧਰਾ ਪ੍ਰਦੇਸ਼ ਸ਼ਾਖ਼ਾ ਦਾ ਮੁਖੀ ਰਹਿ ਚੁੱਕਾ ਹੈ। 2007 ਵਿੱਚ ਉਹ ਜਾਤੀ-ਪ੍ਰਥਾ ਸਬੰਧੀ ਆਪਣੇ ਇੱਕ ਲੇਖ ਕਾਰਨ ਵਿਵਾਦ ਵਿੱਚ ਰਿਹਾ ਜਿਸ ਵਿੱਚ ਉਸਨੇ ਕਿਹਾ ਕਿ “ਜਾਤੀਪ੍ਰਥਾ ਬਹੁਤ ਪੁਰਾਤਨ ਦੌਰ ਤੋਂ ਹੀ ਬੜੇ ਵਧੀਆ ਢੰਗ ਨਾਲ਼ ਕੰਮ ਕਰਦੀ ਆਈ ਹੈ ਤੇ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲ਼ਦੀ।” ਹੁਣ ਇਸ ਸੰਸਥਾ ਦੇ ਪ੍ਰਧਾਨ ਦੀ ਕੁਰਸੀ ‘ਤੇ ਬਿਰਾਜ਼ਮਾਨ ਹੁੰਦਿਆਂ ਹੀ ਸੁਦਰਸ਼ਨ ਰਾਓ ਨੇ ਇਤਿਹਾਸ ਨੂੰ ਭਗਵੇਂ ਰੰਗ ਵਿੱਚ ਰੰਗਣ ਦੀਆਂ ਕਵਾਇਦਾਂ ਸ਼ੁਰੂ ਕਰ ਦਿੱਤੀਆਂ ਹਨ। ਆਪਣਾ ਭਗਵਾਂ ਰੰਗ ਤਾਂ ਉਸਨੇ ਇਹ ਕਹਿੰਦਿਆਂ ਹੀ ਦਿਖਾ ਦਿੱਤਾ ਕਿ ਜਿੱਥੇ ਬਾਬਰੀ ਮਸਜ਼ਿਦ ਸੀ ਉੱਥੇ ਪਹਿਲਾਂ ਰਾਮ ਮੰਦਰ ਹੁੰਦਾ ਸੀ। ਅੱਗੇ ਉਸਨੇ ਦਾਅਵਾ ਕੀਤਾ ਹੈ ਕਿ ਮਹਾਂਭਾਰਤ ਅਤੇ ਰਮਾਇਣ ਵਰਗੇ ਗ੍ਰੰਥ ਸੱਚੀਆਂ ਘਟਨਾਵਾਂ ‘ਤੇ ਅਧਾਰਤ ਹਨ ਅਤੇ ਹੁਣ ਇਹਨਾਂ ਦੀ ਇਤਿਹਾਸਕਤਾ ਨੂੰ ਸਿੱਧ ਕਰਨ ਅਤੇ ਉੁਹਨਾਂ ਨਾਲ਼ ਜੁੜੀਆਂ ਘਟਨਾਵਾਂ ਅਤੇ ਤਰੀਖ਼ਾਂ ਨੂੰ ਸਾਬਤ ਕਰਨ ਦੀ ਮੁਹਿੰਮ ਵਿੱਢੀ ਜਾਵੇਗੀ। ਇਸ ਸੰਸਥਾ ਵੱਲੋਂ ਜੋ ਇੱਕ ਹੋਰ ਅਹਿਮ ਯੋਜਨਾ ਹੱਥ ਵਿੱਚ ਲਈ ਜਾ ਰਹੀ ਹੈ ਉਹ ਹੈ 1933 ਤੋਂ 64 ਤੱਕ ਦੇ ਇਤਿਹਾਸ ਨੂੰ ਮੁੜ ਪੜਤਾਲਣਾ। ਇਹਦਾ ਉਦੇਸ਼ ਸਾਫ ਹੈ ਕਿ ਅਜ਼ਾਦੀ ਦੀ ਲੜਾਈ ਦਾ ਇਤਿਹਾਸ ਜੋ ਸੰਘੀਆਂ ਦੀ ਗੱਦਾਰੀ ਤੇ ਅੰਗਰੇਜ਼ਪ੍ਰਸਤੀ ਕਾਰਨ ਉਹਨਾਂ ਦੇ ਗਲ਼ ਵਿੱਚ ਅੜਦਾ ਹੈ, ਨੂੰ ਮੁੜ ਸੰਘੀਆਂ ਦੇ ਗੁਣਗਾਣ ਕਰਦਿਆਂ ਤੇ ਉਹਨਾਂ ਨੂੰ ਨਾਇਕ ਬਣਾ ਕੇ ਪੇਸ਼ ਕਰਦਿਆਂ ਲਿਖਿਆ ਜਾਵੇਗਾ ਅਤੇ ਨਾਲ਼ ਹੀ ਇਸ ਦੌਰ ਵਿੱਚ ਭਾਰਤੀ ਇਤਿਹਾਸ ਨੂੰ ਵਿਗਿਆਨਕ ਢੰਗ ਨਾਲ਼ ਲਿਖੇ ਜਾਣ ਉੱਤੇ ਹਮਲਾ ਕੀਤਾ ਜਾਵੇਗਾ। ਸੁਦਰਸ਼ਨ ਰਾਓ ਮੁਤਾਬਕ ਹੁਣ ‘ਕਲੈਕਟਿਵ ਮੈਮਰੀ’ ਨੂੰ ਇਤਿਹਾਸ ਲੇਖਣ ਲਈ ਪਹਿਲ ਦਿੱਤੀ ਜਾਵੇਗੀ। ਮਤਲਬ ਹੁਣ ਇਤਿਹਾਸ ਦੇ ਵਿਗਿਆਨਕ ਸੋਮਿਆਂ ਦੀ ਥਾਂ ਹੁਣ ਦੰਦ-ਕਥਾਵਾਂ, ਗਾਥਾਵਾਂ ਦੇ ਅਧਾਰ ‘ਤੇ ਇਤਿਹਾਸ ਲਿਖਿਆ ਜਾਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements