ਸਿੱਖਿਆ ਦਾ ਭਗਵਾਂਕਰਨ •ਛਿੰਦਰਪਾਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਆਖਰੀ ਕਿਸ਼ਤ : ਲਡ਼ੀ ਜੋਡ਼ਨ ਲਈ ਦੇਖੋ – ਲਲਕਾਰ 16 ਨਵੰਬਰ 2016) 

ਨਿਰੋਲ ਗੈਰ ਵਿਗਿਆਨਕ ਸਿੱਖਿਆ

ਸਿੱਖਿਆ ਨੂੰ ਪੂਰੀ ਤਰਾਂ ਗੈਰ ਵਿਗਿਆਨਕ ਬਣਾਉਣ ਦੀ ਕਵਾਇਦ ਵੀ ਸੰਘੀਆਂ ਨੇ ਸ਼ੁਰੂ ਕਰ ਦਿੱਤੀ ਹੈ। ਤੱਥ ਸਿੱਧ ਵਿਗਿਆਨਕ ਧਾਰਨਾਵਾਂ ਨੂੰ ਰੱਦ ਕਰਕੇ ਨਵੇਂ ਕਿਸਮ ਦੀਆਂ ਹਾਸੋਹੀਣੀਆਂ ਧਾਰਨਾਵਾਂ ਇਹਨਾਂ ਦੇ ਬਰਕਸ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਜਿਵੇਂ ਪਿੱਛੇ ਜਿਹੇ ਡਾਕਟਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦ ਕਹਿਣਾ ਸੀ ਕਿ ਅਸੀਂ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਾਂ ਤੇ ਲਾਜ਼ਮੀ ਹੀ ਉਹਨਾਂ ਵੇਲਿਆਂ ‘ਚ ਕੋਈ ਸਰਜਨ ਹੁੰਦਾ ਹੋਵੇਗਾ ਜਿਸਨੇ ਗਣੇਸ਼ ਦੀ ਧੜ ਉੱਤੇ ਹਾਥੀ ਦਾ ਸਿਰ ਲਾਇਆ। ਹੋਰ ਸੁਣੋ ਗਹ੍ਰਿ ਮੰਤਰੀ ਰਾਜਨਾਥ ਸਿੰਘ ਨੇ ਤਾਂ ਇਹ ਵੀ ਦਾਅਵਾ ਕਰ ਦਿੱਤਾ ਕਿ ਹੈਜਨਬਰਗ ਦਾ ਅਨਿਸ਼ਚਿਤਤਾ ਦਾ ਸਿਧਾਂਤ ਪੁਰਾਤਨ ਭਾਰਤ ਵਿੱਚ ਪਹਿਲਾਂ ਹੀ ਖੋਜ਼ਿਆ ਜਾ ਚੁੱਕਿਆ ਸੀ। ਸੰਘ ਪ੍ਰੇਮੀ ਭੌਤਿਕ ਵਿਗਿਆਨੀ ਪ੍ਰਿਯ ਨਿਆਂਏਦਰਸ਼ੀ ਨੇ ਪੁਰਾਤਨ ਵੇਲਿਆਂ ‘ਚ ਪ੍ਰਮਾਣੂ ਰਿਐਕਟਰ ਹੋਣ ਦਾ ਦਾਅਵਾ ਕੀਤਾ ਹੈ, ਤੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਮਹਾਂਭਾਰਤ ਦੇ ਯੁੱਧ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੀ ਹੋਈ ਸੀ। ਇਸ ਭੌਤਿਕ ਵਿਗਿਆਨੀ ਦਾ ਕਹਿਣਾ ਹੈ ਕਿ ਸੋਮਨਾਥ ਮੰਦਰ ਦਾ ਪੱਥਰ ਵੀ ਰੇਡਿਓਐਕਟਿਵ ਹੈ। ਇਸਤੋਂ ਬਿਨਾਂ ਸਟੈੱਮ ਸੈੱਲ ਦੀ ਖੋਜ਼ ਵੀ ਭਾਰਤ ‘ਚ ਹੋਣ ਦੇ ਦਾਅਵੇ ਸੰਘੀਆਂ ਵੱਲੋਂ ਕੀਤੇ ਜਾ ਰਹੇ ਹਨ ਤੇ ਅਮਰੀਕਾ ਦੀ ਨਖੇਧੀ ਕੀਤੀ ਜਾ ਰਹੀ ਹੈ ਕਿ ਉਹ ਸਾਰੀ ਖੋਜ਼ ਦਾ ਕ੍ਰੈਡਿਟ ਇਕੱਲਾ ਲੈਣਾ ਚਾਹੁੰਦਾ ਹੈ ਜਦੋਂ ਕਿ ਇਹ ਖੋਜ਼ ਤਾਂ ਪ੍ਰਾਚੀਨ ਭਾਰਤ ‘ਚ ਹੀ ਹੋ ਚੁੱਕੀ ਸੀ। ਟੈਲੀਵਿਜ਼ਨ ਦਾ ਖੋਜ਼ੀ ਵੀ ਭਾਰਤ ਦਾ ਜਾਇਆ ਦੱਸਿਆ ਜਾ ਰਿਹਾ ਹੈ। ਧਰਤੀ ਤੇ ਮਨੁੱਖ ਦੀ ਉਤਪਤੀ 179 ਮਿਲੀਅਨ ਕਰੋੜ, 19 ਲੱਖ, 59 ਹਜ਼ਾਰ ਤੇ 84 ਸਾਲ ਪਹਿਲਾਂ ਹੋਈ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਦੀਆਂ ਹੋਰ ਅਨੇਕਾਂ ਊਲ-ਜਲੂਲ ਗੱਲਾਂ ਪ੍ਰਚਾਰਕੇ ਸਮਾਜ ਤੇ ਵਿਦਿਆਰਥੀਆਂ ਅੰਦਰ ਗੈਰ-ਵਿਗਆਨਕਤਾ ਦੇ ਬੀਜਾਂ ਦਾ ਛੱਟਾ ਦਿੱਤਾ ਜਾ ਰਿਹਾ ਹੈ। ਕਿਉਂਕਿ ਗੈਰ-ਵਿਗਿਆਨਕਤਾ ਤੇ ਅਤਾਰਕਿਕਤਾ ਹੀ ਉਹ ਜ਼ਮੀਨ ਹੈ ਜਿਸ ਤੇ ਫਿਰਕੂ ਪੁਣੇ ਦਾ ਬੂਟਾ ਵਧਦਾ ਫੁਲਦਾ ਹੈ।

ਸਮਾਂਤਰ ਸਿੱਖਿਆ ਦਾ ਫਿਰਕੂ ਢਾਂਚਾ

ਇਸਤੋਂ ਬਿਨਾਂ ਸਿੱਖਿਆ ਦੇ ਭਗਵੇਂਕਰਨ ਦੀ ਪ੍ਰਕਿਰਿਆ ਦੀ ਪੂਰਤੀ ਪਹਿਲਾਂ ਹੀ ਤੇਜ਼ੀ ਨਾਲ਼ ਕਾਫੀ ਲੰਮੇ ਸਮੇਂ ਤੋਂ ਚੱਲ਼ ਰਹੀ ਹੈ। ਆਰ.ਐਸ.ਐਸ. ਦੁਆਰਾ ਚਲਾਏ ਜਾਂਦੇ ਸਕੂਲਾਂ ਵਿੱਚ ਪਹਿਲਾਂ ਹੀ ਬੱਚਿਆਂ ਨੂੰ ਫਿਰਕੂਪੁਣੇ ਦੀਆਂ ਜਹਿਰੀਲੀਆਂ ਖੁਰਾਕਾਂ ਪਿਆਈਆਂ ਜਾ ਰਹੀਆਂ ਹਨ। ਸੰਘ ਦੁਆਰਾ ਚਲਾਈਆਂ ਜਾਂਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਦਾ ਜਾਲ ਪੂਰੇ ਭਾਰਤ ‘ਚ ਫੈਲਿਆ ਹੋਇਆ ਹੈ। ਸ਼ਿਸ਼ੂ ਮੰਦਰ, ਵਿੱਦਿਆ ਭਾਰਤੀ, ਇਕਲ ਵਿਦਿਆਲੇ ਵਰਗੀਆਂ ਅਨੇਕਾਂ ਸੰਸਥਾਵਾਂ ਅੱਡ ਅੱਡ ਨਾਵਾਂ ਹੇਠ ਭਗਵੇਂ ਸੰਘੀ ਬੂਟੇ ਨੂੰ ਖੁਰਾਕ ਦੇ ਰਹੀਆਂ ਹਨ। ਸੰਘੀ ਵਿੱਦਿਅਕ ਸੰਸਥਾਵਾਂ ਵੱਖ ਵੱਖ ਸੂਬਿਆਂ ‘ਚ ਪਹਿਲਾਂ ਹੀ ਸਰਕਾਰੀ ਸਕੂਲਾਂ ਦੇ ਸਮਾਂਤਰ ਚੱਲ ਰਹੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਸੰਘੀਆਂ ਨੇ ਪਹਿਲਾਂ ਉੱਥੇ ਸਰਕਾਰੀ ਸਿੱਖਿਆ ਢਾਂਚੇ ਨੂੰ ਤਹਿਸ ਨਹਿਸ ਕੀਤਾ ਫਿਰ ਪੂਰੇ ਯੂ.ਪੀ ਵਿੱਚ ਸ਼ਿਸ਼ੂ ਮੰਦਰਾਂ ਦੇ ਜਾਲ ਵਿਛਾਏ, ਇਹਨਾਂ ਸ਼ਿਸ਼ੂ ਮੰਦਰਾਂ ਦੀ ਮਾਰ ਧੁਰ ਅੰਦਰ ਦੇ ਪਿੰਡਾਂ ਤੱਕ ਵੀ ਫੈਲੀ ਹੋਈ ਹੈ। ਆਸ ਪਾਸ ਕੋਈ ਵੀ ਸਕੂਲ ਨਾ ਦੇਖ ਮਾਪੇ ਆਪਣੇ ਬੱਚਿਆ ਨੂੰ ਇਹਨਾਂ ਸਕੂਲਾਂ ਵਿੱਚ ਹੀ ਪੜ੍ਹਨ ਭੇਜ ਦਿੰਦੇ ਹਨ। ਇਹਨਾਂ ਸਕੂਲਾਂ ਦੇ ਸਿਲੇਬਸ ਸਰਕਾਰ ਵੱਲੋਂ ਨਹੀਂ ਸਗੋਂ ਆਰ.ਐਸ.ਐਸ. ਵੱਲੋਂ ਨਿਰਧਾਰਿਤ ਕੀਤੇ ਜਾਂਦੇ ਹਨ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਦਿਨੀਂ ਹੋਈਆਂ ਫਿਰਕੂ ਵਾਰਦਾਤਾਂ ਵਿੱਚ ਇਹ ਕਾਰਕ ਨੇ ਵੀ ਕਾਫੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹਨਾਂ ਸੰਸਥਾਵਾਂ ਚੋਂ ਪੜ੍ਹੇ ਵਿਦਿਆਰਥੀ ਫਿਰਕੂ ਤਾਕਤਾਂ ਲਈ ਚੰਗੇ ਹਥਿਆਰ ਸਾਬਤ ਹੁੰਦੇ ਹਨ। ਇਸਤੋਂ ਇਲਾਵਾ ਇੱਕ ਹੋਰ ਸੰਘੀ ਸੰਸਥਾ ਵਿੱਦਿਆਭਾਰਤੀ ਵੀ ਕਾਫੀ ਵੱਡੇ ਪੱਧਰ ਤੇ ਕੰਮ ਕਰਦੀ ਹੈ। ਪੂਰੇ ਦੇਸ਼ ਵਿੱਚ ਖਾਸ ਤੌਰ ਤੇ ਮੱਧਵਰਗੀ ਵਿਦਿਆਰਥੀਆਂ ਨੂੰ ਵਿੱਦਿਆ ਦੇਣ ਲਈ ਵਿੱਦਿਆਭਾਰਤੀ ਨਿੱਜੀ ਸਕੂਲਾਂ ਦਾ ਬਹੁਤ ਵੱਡਾ ਤੰਤਰ ਚਲਾਉਂਦੀ ਹੈ। ਵਿਦਿਆਭਾਰਤੀ ਦੀ ਸਥਾਪਨਾ 1977 ਵਿੱਚ ਕੀਤੀ ਗਈ ਸੀ। ਵਿਦਿਆਭਾਰਤੀ ਕੋਲ਼ ਇਸ ਵੇਲੇ 28,000 ਸਕੂਲ, 32,50,000 ਵਿਦਿਆਰਥੀ, 9300 ਅਧਿਆਪਕ, 15 ਖੋਜ਼ ਕੇਂਦਰ ਸਕੂਲ, 12 ਯੂਨੀਵਰਸਿਟੀਆਂ, 17 ਕਿੱਤਾਮੁਖੀ ਤੇ ਖੋਜ਼ ਸੰਸਥਾਵਾਂ ਹਨ। ਇਹਨਾਂ ਸਕੂਲਾਂ ਦੀਆਂ ਕਿਤਾਬਾਂ ਵਿੱਦਿਆ ਭਾਰਤੀ ਸੰਸਥਾਨ ਛਾਪਦਾ ਹੈ, ਜਿਹਨਾਂ ਨੂੰ 1996 ਵਿੱਚ ਐਨ.ਸੀ .ਈ.ਆਰ.ਟੀ ਧਾਰਮਿਕ ਕੱਟੜਪੰਥੀ ਤੇ ਤੰਗਨਜ਼ਰੀ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਕਿਤਾਬਾਂ ਕਹਿ ਚੁੱਕਾ ਹੈ। ਇਸਤੋਂ ਇਲਾਵਾ ਆਰ.ਐਸ.ਐਸ. ਦੀਆਂ ਹੋਰ ਵਿੱਦਿਆਕ ਸੰਸਥਾਵਾਂ ਵੀ ਅੱਡੋ-ਅੱਡ ਨਾਵਾਂ ਨਾਲ਼ ਫਿਰਕੂਪੁਣੇ ਦੀ ਧੁਖਦੀ ਅੱਗ ਨੂੰ ਫੂਕਾਂ ਮਾਰ ਰਹੀਆਂ ਹਨ। ਜਿਵੇਂ ਵਨਵਾਸੀ ਕਲਿਆਣ ਆਸ਼ਰਮ ਜਿਸ ਵਿੱਚ ਬੱਚਿਆ ਲਈ ਹੋਸਟਲ ਦਾ ਵੀ ਪ੍ਰਬੰਧ ਹੈ। ਇਸਤੋਂ ਬਿਨਾਂ ਸੇਵਾ ਭਾਰਤੀ ਤੇ ਇਕਲ ਵਿੱਦਿਆਲਾ ਫਾਉਂਡੇਸ਼ਨ ਵੀ ਪ੍ਰਾਇਮਰੀ ਤੱਕ ਦੀ ਵਿੱਦਿਆ ਬੱਚਿਆਂ ਨੂੰ ਦਿੰਦੇ ਹਨ-ਜਿਸ ਵਿੱਚ ਪੜ੍ਹਾਈ ਦੇ ਨਾਲ਼ ਨਾਲ਼ ਸੰਸਕ੍ਰਿਤ ਭਾਸ਼ਾ ਤੇ ਪੁਰਾਤਨ ਭਾਰਤੀ ਸੱਭਿਆਚਾਰ ਤੇ ਸ਼ਰੇਆਮ ਫਿਰਕੂ ਵਿਚਾਰਧਾਰਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਬੱਚਿਆਂ ਅੰਦਰ ਹਿੰਦੂਵਾਦੀ ਵਿਚਾਰਾਂ ਦੀ ਪੈਂਠ ਵਾਸਤੇ ਪਹਿਲਾ ਸਰਸਵਤੀ ਸ਼ਿਸ਼ੂ ਕੇਂਦਰ ਬਿਹਾਰ ਵਿੱਚ 1952 ਵਿੱਚ ਗੋਰਖਪੁਰ ‘ਚ ਖੋਲਿਆ ਗਿਆ ਸੀ। ਜਦੋਂ ਇਹਨਾਂ ਸ਼ਿਸ਼ੂ ਕੇਂਦਰਾਂ ਦੀ ਗਿਣਤੀ ਵਧਦੀ ਗਈ ਤਾਂ ਆਲ ਇੰਡੀਆ ਕੋਆਰਡੀਨੇਟਿੰਗ ਕਮੇਟੀ ਵਿੱਦਿਆ ਭਾਰਤੀ ਦਾ ਗਠਨ ਕੀਤਾ ਗਿਆ ਜਿਸਦਾ ਹੈੱਡ ਆਫਿਸ ਦਿੱਲੀ ਵਿੱਚ ਹੈ। ਸੰਘੀਆਂ ਦੁਆਰਾ ਵਿੱਦਿਆ ਭਾਰਤੀ ਆਪਣੇ ਸਿੱਖਿਆ ਮਿਸ਼ਨ ਨੂੰ ਹਿੰਦੂ ਰਾਸ਼ਟਰ ਉਸਾਰੀ ਦੇ ਨਾਂ ਤੇ ਨੌਜ਼ਵਾਨ ਦਿਮਾਗਾਂ ਦੀ ਤਿਆਰੀ ਲਈ ਸਥਾਪਿਤ ਕੀਤਾ ਗਿਆ ਸੀ। ਵਿੱਦਿਆ ਭਾਰਤੀ ਸਕੂਲਾਂ ਨੂੰ ਵੱਡੇ ਵੱਡੇ ਉਦਯੋਗਪਤੀਆਂ ਸਮੇਤ ਵਿਦੇਸ਼ਾਂ ਤੋਂ ਕਾਫੀ ਵੱਡੀ ਆਰਥਕ ਸਹਾਇਤਾ ਮਿਲਦੀ ਹੈ। ਸੰਘੀ ਲਾਣੇ ਦੀਆਂ ਸਿੱਖਿਆ ਸੰਸਥਾਵਾਂ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਮਦਦ ਨਾ ਲੈਣ ਦਾ ਦਾਅਵਾ ਕਰਦੀਆਂ ਹਨ। ਪਰ ਤੱਥ ਅਸਲ ‘ਚ ਕੁਝ ਹੋਰ ਹੀ ਹਨ। ਆਰ.ਐਸ.ਐਸ. ਦੇ ਤਾਣੇ ਬਾਣੇ ਦਾ ਪ੍ਰਸਾਰ ਤੇ ਇਹਦੀਆਂ ਸਿੱਖਿਆ ਸੰਸਥਾਵਾਂ ਦਾ ਪ੍ਰਸਾਰ  ਭਾਜਪਾ ਸਰਕਾਰ ਦੇ ਮੌਕੇ ਹੋਣਾ ਇਹਨਾਂ ਦੇ ਅੰਤਰ ਸਬੰਧਿਤ ਹੋਣ ਦੀ ਗੱਲ ਦਰਸਾਉਂਦਾ ਹੈ। 90 ਦੇ ਦਹਾਕੇ ਤੋਂ ਮਗਰੋਂ ਸ਼ਿਸ਼ੂ ਕੇਂਦਰਾਂ ਦਾ ਕਾਫੀ ਫੈਲਾਅ ਹੋਇਆ ਹੈ। ਇਸਤੋਂ ਇਲਾਵਾ ਵਿਸ਼ਵ ਹਿੰਦੂ ਪ੍ਰੀਸ਼ਦ ਜਰੀਏ ਵੀ ਸੰਘੀ ਦੂਰ ਦੂਰਾਡੇ ਇਲਾਕਿਆਂ ਵਿੱਚ ਆਪਣੇ ਸਕੂਲ ਖੋਲਕੇ ਫਿਰਕੂ ਰੁੱਖ ਦੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਹਨ। ਇਹਨਾਂ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਹਿੰਦੂ ਪ੍ਰਤੀਕਾਂ ਦਾ ਇਸਤੇਮਾਲ ਕਰਨਾ ਆਮ ਹੈ। ਇਹਨਾਂ ਦੀਆਂ ਛੁੱਟੀਆਂ ਦੀ ਨਿਯਮਾਵਲੀ ਵੀ ਆਪਣੀ ਹੈ-ਸਕੂਲਾਂ ਵਿੱਚ ਇਹ ਸ਼ਿਵਾਜੀ, ਜੀਜਾਭਾਈ, ਦੀਨਦਿਆਲ, ਵਿਵੇਕਾਨੰਦ, ਸਾਵਰਕਰ ਦਾ ਜਨਮ ਦਿਨ ਮਨਾਉਂਦੇ ਹਨ। ਇਸਤੋਂ ਬਿਨਾਂ ਸੱਭਿਆਚਰ ਨਾਲ਼ ਜਾਣੂ ਕਰਵਾਉਣ ਦੇ ਨਾਂ ਤੇ ਦੇਸ਼ ਦੇ ਸਮੁੱਚੇ ਇਤਿਹਾਸ, ਭੂਗੋਲ, ਅਸਲ ਸੱਭਿਆਚਾਰ ਨੂੰ ਰੂੜੀਵਾਦੀ ਹੱਦ-ਬੰਨਿਆਂ ‘ਚ ਬੰਨ੍ਹ ਮਾਰਕੇ ਤੋੜਿਆ ਮਰੋੜਿਆ ਜਾਂਦਾ ਹੈ। ਇਤਿਹਾਸ ਸਬੰਧੀ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਮਨਘੜਤ ਝੂਠ ਪੜਾਏ ਜਾਂਦੇ ਹਨ ਜਿਵੇਂ 1528-1914 ਈਸਵੀ ਦੌਰਾਨ ਰਾਮਜਨਮ-ਭੂਮੀ ਤੇ 77 ਹਮਲੇ ਹੋਏ, ਜਿਹਨਾਂ ਵਿੱਚ ਸਾਢੇ ਤਿੰਨ ਲੱਖ ਰਾਮਭਗਤਾਂ ਨੇ ਪਵਿੱਤਰ ਸਥਾਨਾਂ ਦੀ ਰੱਖਿਆ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ। 2 ਨਵੰਬਰ ਨੂੰ ਇਤਿਹਾਸ ਵਿੱਚ ਕਾਲਾ ਦਿਨ ਦੇ ਤੌਰ ਤੇ ਪੜ੍ਹਾਇਆ ਜਾਂਦਾ ਹੈ ਕਿਉਂਕਿ ਉਸ ਦਿਨ ਹਿੰਦੂਆ ਨੂੰ ਬਾਬਰੀ ਮਸਜਿਦ ਤੋੜਨ ਤੋਂ ਰੋਕਿਆ ਗਿਆ ਸੀ। ਸਪੱਸ਼ਟ ਹੀ ਹੈ ਕਿ ਕਿਵੇਂ ਆਪਣੇ ਮਨਸ਼ਿਆਂ ਦੀ ਪੂਰਤੀ ਲਈ ਵਿੱਦਿਆਭਾਰਤੀ ਵਰਗੀਆਂ ਸੰਘੀ ਸੰਸਥਾਵਾਂ ਬੱਚਿਆਂ ਦੇ ਮਨ ਵਿੱਚ ਗਲਤ ਸੂਚਨਾਵਾਂ ਬਿਠਾਕੇ ਦਿਮਾਗਾਂ ਨੂੰ ਫਿਰਕੂ ਰੰਗਤ ਦੇ ਰਹੀਆਂ ਹਨ। ਇਹਨਾਂ ਦੀ ਪੰਜਵੀਂ ਜਮਾਤ ਦੇ ਇੱਕ ਪਾਠ ਇਤਿਹਾਸ ਗਾ ਰਿਹਾ ਹੈ- ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਅੰਦਰੂਨੀ ਵੰਡ ਦੀ ਵਜ੍ਹਾ ਕਰਕੇ ਤੁਰਕ, ਮੰਗੋਲ, ਤੇ ਮੁਗਲਾਂ ਦੇ ਹਮਲਿਆਂ ਲਈ ਥਾਂ ਬਣੀ। ਇਸਤੋਂ ਇਲਾਵਾ ਮੱਧਕਾਲੀਨ ਦੌਰ ਵਿੱਚ ਹਿੰਦੂਤਵ ਦਾ ਸ਼ੰਘਰਸ਼ ਜਾਰੀ ਸੀ, ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਮੇਲ ਹਿੰਦੂਆਂ ਲਈ ਧੋਖੇ ਵਾਂਗ ਹੈ, ਇਸਾਈ ਪਾਦਰੀਆਂ ਨੂੰ ਬਸਤੀਵਾਦ ਦੇ ਵਾਹਕਾਂ ਵਜੋਂ ਪ੍ਰਚਾਰਿਆ ਜਾਂਦਾ ਹੈ,ਸ਼ਿਵਾਜੀ, ਰਾਣਾਪ੍ਰਤਾਪ, ਚੰਦਰਗੁਪਤ ਮੌਰੀਆ, ਭਗਵਾਨ ਰਾਮ, ਕ੍ਰਿਸ਼ਨ, ਦਯਾਨੰਦ ਸਰਸਵਤੀ ਨੂੰ ਹਿੰਦੂ ਰਾਸ਼ਟਰ ਦੇ ਮਹਾਨ ਸੈਨਾਨੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਆਰ.ਐਸ.ਐਸ. ਦੇ ਮੋਢੀ ਗੋਲਵਲਕਰ, ਹੈਡਗੈਵਾਰ ਦੀ ਮਹਾਨਤਾ ਨੂੰ ਤੇ ਹਿੰਦੂ ਏਕਤਾ ਲਈ ਆਰ ਐਸ ਐਸ ਵਰਗੀ ਜਥੇਬੰਦੀ ਦੀ ਜ਼ਰੂਰਤ ਨੂੰ ਲਗਾਤਾਰ ਕੁੱਟ ਕੁੱਟ ਕੇ ਬੱਚਿਆਂ ਦੇ ਦਿਮਾਗਾਂ ‘ਚ ਭਰਿਆ ਜਾਂਦਾ ਹੈ। ਵਿੱਦਿਆ ਭਾਰਤੀ ਦੀਆਂ ਕਰਤੂਤਾਂ ਤੋਂ ਇਹ ਸਪੱਸ਼ਟ ਹੀ ਹੈ ਕਿ ਸ਼ਿਸ਼ੂ ਮੰਦਿਰ ਹਿੰਦੂ ਫਿਰਕੂਪੁਣੇ ਦੀ ਸਿੱਖਿਆ ਸੰਸਥਾ ਹੈ।

ਸਿੱਖਿਆ  ਵਿੱਚ ਇਸ ਤਰ੍ਹਾਂ ਦੇ ਭਗਵੇਂ ਸੁਧਾਰਾਂ ਰਾਹੀਂ ਹਿੰਦੂਵਾਦੀ ਫਿਰਕਾਪ੍ਰਸਤ ਤਾਕਤਾਂ ਦੇਸ਼ ਦੇ ਆਉਣ ਵਾਲੇ ਬਿਹਤਰ ਭਵਿੱਖ ਨੂੰ ਖੋਰਾ ਲਾਉਣਾ ਚਾਹੁੰਦੀਆਂ ਹਨ। ਆਉਣ ਵਾਲ਼ੀਆਂ ਪੀੜੀਆਂ ਅੰਦਰ ਫਿਰਕਾਪ੍ਰਸਤੀ ਤੇ ਧਾਰਮਿਕ ਮੂਲਵਾਦ ਦੇ ਬੀਜ਼ ਬੋਅ ਕੇ ਲੋਕਾਂ ਦੇ ਏਕੇ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ। ਨੌਜ਼ਵਾਨਾਂ ਨੂੰ ਅਖੌਤੀ ਕੌਮੀ ਭਾਵਨਾ, ਅਵਿਗਿਆਨਕਤਾ, ਗੈਰਤਰਕਸ਼ੀਲਤਾ ਅਤੇ ਇਤਿਹਾਸ ਝੂਠ ਦੇ ਖੂਹ ਵਿੱਚ ਸੁੱਟਕੇ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਹੁਕਮਰਾਨਾਂ ਵੱਲੋਂ ਚਲਾਈ ਜਾ ਰਹੀ ਹੈ। ਪਰ ਇਹ ਫਿਰਕੂ ਤਾਕਤਾਂ ਭੁੱਲ ਗਈਆਂ ਹਨ ਕਿ ਇਸ ਦੇਸ਼ ਵਿੱਚ ਫਿਰਕਾਪ੍ਰਸਤੀ ਵਿਰੁੱਧ ਜੁਝਾਰੂ ਲੋਕਾਂ, ਵਿਦਿਆਰਥੀਆਂ, ਨੌਜਵਾਨਾਂ ਦਾ ਸ਼ਹੀਦੇ ਆਜ਼ਮ ਭਗਤ ਸਿੰਘ ਤੋਂ ਲੈਕੇ ਹੁਣ ਤੱਕ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਅੱਜ ਦੀ ਵਿਦਿਆਰਥੀ ਨੌਜਵਾਨ ਲਹਿਰ ਨੂੰ ਉਸ ਮਹਾਨ ਇਤਿਹਾਸ ਤੋਂ ਪ੍ਰੇਰਣਾ ਲੈਂਦੇ ਹੋਏ ਫਿਰਕੂ ਤਾਕਤਾਂ ਨਾਲ ਹਰ ਪੈਰ ਤੇ ਸਿੱਝਣਾ ਪਵੇਗਾ। ਫਿਰਕੂ ਤਾਕਤਾਂ ਵੱਲੋਂ ਪ੍ਰਚਾਰੇ ਜਾਂਦੇ ਝੂਠਾਂ ਦਾ ਜਥੇਬੰਦ ਜਵਾਬ ਦੇਣਾ ਹੋਵੇਗਾ। ਨੌਜਵਾਨ ਵਿਦਿਆਰਥੀ ਲਹਿਰ ਦਾ ਅੱਜ ਇਹ ਅਹਿਮ ਕਾਰਜ ਬਣਦਾ ਹੈ ਕਿ ਅੱਜ ਦੀ ਪੀੜੀ ਨੂੰ ਸਹੀ ਇਤਿਹਾਸ, ਵਿਗਿਆਨ ਨਾਲ਼ ਜੋੜੇ ਤੇ ਸਟੇਟ ਦੇ ਸੈਕੂਲਰ ਖਾਸੇ ਦੀ ਮੰਗ ਕਰਦਿਆਂ ਹਕੂਮਤ ਦੀ ਧਰਮ ਤੇ ਧਰਮ ਦੀ ਹਕੂਮਤ ਵਿੱਚ ਹਰ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਵਿਰੋਧ ਕਰੀਏ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ