ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ “ਜਿਉਣ ਦੀ ਕਲਾ” : ਗੈਰ-ਕਨੂੰਨੀ ਸਮਾਗਮ ਅੱਗੇ ਵਿਛੀਆਂ ਕੇਂਦਰ ਤੇ ਦਿੱਲੀ ਦੀਆਂ ਸਰਕਾਰਾਂ •ਗੁਰਪ੍ਰੀਤ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਦੇ ਇਤਿਹਾਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਭਾਰਤ ਗੁਰੂਆਂ-ਪੀਰਾਂ ਦਾ ਦੇਸ਼ ਹੈ, ਇਸ ਗੱਲ ਨਾਲ਼ ਸਹਿਮਤ ਹੋਣਾ ਔਖਾ ਹੈ, ਪਰ ਅੱਜ ਦੇ ਭਾਰਤ ਬਾਰੇ ਇਹ ਕਥਨ ਨਾਲ਼ ਜਰੂਰ ਸਹਿਮਤ ਹੋਇਆ ਜਾ ਸਕਦਾ ਹੈ ਕਿ ਭਾਰਤ ਬਾਬਿਆਂ-ਸਾਧਾਂ ਦਾ ਦੇਸ਼ ਹੈ। ਪਿੰਡਾਂ, ਸ਼ਹਿਰਾਂ ਦੀਆਂ ਗਰੀਬ ਬਸਤੀਆਂ ਤੋਂ ਲੈ ਕੇ ਆਲੀਸ਼ਾਨ ਮਹਿਲਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਖੋ-ਵੱਖ ਤਬਕਿਆਂ ਲਈ ਇੱਥੇ ਭਾਂਤ-ਭਾਂਤ ਦੇ ਬਾਬੇ ਮੌਜੂਦ ਹਨ। ਆਪਣੇ ਸਮਾਜਕ ਅਧਾਰ ਮੁਤਾਬਕ ਇਹਨਾਂ ਬਾਬਿਆਂ ਦੀ ਪ੍ਰਸਿੱਧੀ ਤੇ ਜਾਇਦਾਦ ਵੀ ਓਨੀ ਹੀ ਵੱਡੀ-ਛੋਟੀ ਹੁੰਦੀ ਜਾਂਦੀ ਹੈ। ਭਾਰਤ ਦੇ ਖਾਂਦੇ-ਪੀਂਦੇ ਮੱਧਵਰਗ ਤੇ ਉੱਚ-ਮੱਧਵਰਗ ਦੇ ਆਪਣੇ ਹੀ ਬਾਬੇ, ਸਾਧ, ਧਰਮ ਗੁਰੂ ਹਨ ਜਿਨ੍ਹਾਂ ਵਿੱਚ ਓਸ਼ੋ, ਰਾਮਦੇਵ, ਸਾਈਂ ਬਾਬਾ, ਨਿਰਮਲ ਬਾਬਾ ਆਦਿ ਜਿਹੇ ਨਾਮ ਗਿਣਾਏ ਜਾ ਸਕਦੇ ਹਨ। ਭਾਰਤ ਵਿੱਚ ਪਿਛਲੇ ਕੁੱਝ ਦਹਾਕਿਆਂ ਤੋਂ ਸਮਾਜ ਦੇ ਉੱਚ ਤਬਕਿਆਂ ਵਿੱਚ ਅਧਾਰ ਬਣਾਉਣ ਵਾਲੇ ਇਹਨਾਂ ਨਵੀਂ ਕਿਸਮ ਦੇ ਬਾਬਿਆਂ ਤੇ ਪੰਥਾਂ ਦੇ ਪੈਦਾ ਹੋਣ ਦੇ ਕਾਰਨਾਂ, ਇਹਨਾਂ ਦੇ ਪੰਥ ਦਾ ਸਨਾਤਨੀ ਧਰਮਾਂ ਤੋਂ ਇੱਕ ਵੱਖਰਾ ਰੂਪ ਅਖਤਿਆਰ ਕਰਨਾ, ਇਹਨਾਂ ਦੇ ਪੰਥ ਦਾ ਨਿਰੋਲ ਧਾਰਮਿਕ ਸਰਗਰਮੀਆਂ ਤੋਂ ਅੱਗੇ ਲੰਘ ਕੇ ਇੱਕ ਕਾਰੋਬਾਰ ਵਿੱਚ ਬਦਲਣਾ ਤੇ ਸੱਤ੍ਹਾ ਵੱਲੋਂ ਇਹਨਾਂ ਨੂੰ ਪੂਰੀ ਸ਼ਹਿ ਮਿਲਣ ਦਾ ਸਮੁੱਚਾ ਵਰਤਾਰਾ ਵੀ ਆਪਣੇ ਆਪ ਵਿੱਚ ਇੱਕ ਦਿਲਚਸਪ ਚਰਚਾ ਦਾ ਵਿਸ਼ਾ ਹੈ ਜਿਸ ਨੂੰ ਅਸੀਂ ਭਵਿੱਖ ਵਿੱਚ ਕਦੇ ਵੱਖਰੇ ਲੇਖ ਵਿੱਚ ਵਿਚਾਰਾਂਗੇ। ਸਾਡੇ ਹੱਥਲੇ ਲੇਖ ਦਾ ਵਿਸ਼ਾ ਇਹਨਾਂ ਵਿੱਚੋਂ ਇੱਕ ਬਾਬੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੋ ‘ਆਰਟ ਆਫ ਲਿਵਿੰਗ’ (ਜਿਉਣ ਦੀ ਕਲਾ) ਨਾਮ ਦਾ ਪੰਥ ਬਨਾਮ ਫਾਉਂਡੇਸ਼ਨ ਬਨਾਮ ਕੰਪਨੀ ਚਲਾਉਂਦਾ ਹੈ, ਨਾਲ਼ ਜੁੜਿਆ ਹੋਇਆ ਹੈ। ਸ਼੍ਰੀ ਸ਼੍ਰੀ ਰਵੀ ਸ਼ੰਕਰ ਉੱਚੀ ਪਹੁੰਚ ਵਾਲੇ ਉਹਨਾਂ ਬਾਬਿਆਂ ਵਿੱਚੋਂ ਹੈ ਜੋ ਮੀਡੀਆ, ਅਖਬਾਰਾਂ, ਰਸਾਲਿਆਂ ਵਿੱਚ ਛਾਏ ਰਹਿੰਦੇ ਹਨ। ਮਾਰਚ ਮਹੀਨੇ ਇਹ ਬਾਬਾ ਆਪਣੇ ਇੱਕ ਵੱਡੇ ਸਮਾਗਮ ਤੇ ਇਸ ਸਮਾਗਮ ਲਈ ਕਨੂੰਨਾਂ, ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਤੇ ਮੌਜੂਦਾ ਸੱਤ੍ਹਾ ਦੇ ਇਸ ਬਾਬੇ ਨਾਲ਼ ਘਿਉ-ਖਿਚੜੀ ਹੋਣ ਦੇ ਮਾਮਲੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ।

ਰਵੀ ਸ਼ੰਕਰ ਦੇ ‘ਆਰਟ ਆਫ ਲਿਵਿੰਗ’ ਵੱਲੋਂ ਆਪਣੀ ਸਥਾਪਨਾ ਦੇ 35 ਸਾਲ ਪੂਰੇ ਹੋਣ ਮੌਕੇ ‘ਕੌਮਾਂਤਰੀ ਸੱਭਿਆਚਾਰਕ ਸਮਾਗਮ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 155 ਦੇਸ਼ਾਂ ਤੋਂ 35000 ਕਲਾਕਾਰਾਂ ਸਮੇਤ ਅੰਦਾਜਨ 30 ਲੱਖ ਲੋਕ ਪੁੱਜੇ। ਇਹ ਸਮਾਗਮ 11 ਤੋਂ 13 ਮਾਰਚ ਨੂੰ ਦਿੱਲੀ ਵਿਖੇ ਯਮੁਨਾ ਨਦੀ ਕੰਢੇ ਲਗਭਗ 1000 ਏਕੜ ਦੇ ਪੰਡਾਲ ਵਿੱਚ ਚੱਲਿਆ। ਇਸ ਸਮਾਗਮ ਦੇ ਚਰਚਾ ਵਿੱਚ ਰਹਿਣ ਦਾ ਕਾਰਨ ਇਹ ਸੀ ਕਿ ਇੱਕ ਸਰਕਾਰੀ ਸੰਸਥਾ ‘ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ)’ ਨੇ ਯਮੁਨਾ ਨਦੀ ਵਿੱਚ ਵਧ ਰਹੇ ਪ੍ਰਦੂਸ਼ਣ ਤੇ ਇਸਦੇ ਹੋ ਰਹੇ ਨੁਕਸਾਨ ਕਾਰਨ ਪਿਛਲੇ ਸਾਲ ਯਮੁਨਾ ਕੰਢੇ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਨ ਉੱਪਰ ਪਬੰਦੀ ਲਾ ਦਿੱਤੀ ਸੀ। ਇਸ ਪਬੰਦੀ ਮੁਤਾਬਕ ਤਾਂ ਇੱਥੇ ਕੋਈ ਸਰਕਾਰੀ ਪ੍ਰੋਗਰਾਮ ਵੀ ਨਹੀਂ ਹੋ ਸਕਦਾ ਸੀ ਪਰ ਇੱਕ ਬਾਬੇ ਦੀ ਨਿੱਜੀ ਕੰਪਨੀ ਨੇ ਬਿਨਾਂ ਕਿਸੇ ਰੋਕ-ਟੋਕ ਦੇ ਆਪਣਾ ਸਮਾਗਮ ਕੀਤਾ। ਇਸ ਸਮਾਗਮ ਦੀ ਪਹਿਲਾਂ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਨਾ ਤਾਂ ਕੇਂਦਰ ਸਰਕਾਰ, ਨਾ ਦਿੱਲੀ ਸਰਕਾਰ ਨੇ ਇਸਦਾ ਕੋਈ ਵਿਰੋਧ ਕੀਤਾ, ਨਾ ਕੋਈ ਦਖ਼ਲ-ਅੰਦਾਜੀ ਸਗੋਂ ਖੁਦ ਇਸ ਸਮਾਗਮ ਵਿੱਚ ਬਾਬੇ ਅੱਗੇ ਵਿਛੇ ਦਿਸੇ। ਐਨਜੀਟੀ ਨੇ ਇਸ ਸਮਾਗਮ ਉੱਪਰ ਰੋਕ ਲਾਉਣ, ਇਸ ਸਬੰਧੀ ਦਿੱਲੀ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਮਦਦ ਲਈ ਆਖਣ ਦੀ ਥਾਂ ਪਹਿਲਾਂ ਤਾਂ ਯਮੁਨਾ ਕੰਢੇ ਇਸ ਤਰ੍ਹਾਂ ਗੈਰ-ਕਨੂੰਨੀ ਸਮਾਗਮ ਕਰਨ ਤੇ ਇੱਥੇ ਪ੍ਰਦੂਸ਼ਣ, ਕਚਰਾ ਫੈਲਾਉਣ ਕਾਰਨ ਆਰਟ ਆਫ ਲਿਵਿੰਗ ਨੂੰ 120 ਕਰੋੜ ਦਾ ਜੁਰਮਾਨਾ ਕੀਤਾ। ਇਹ ਜੁਰਮਾਨਾ ਇਹ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਰਨਾ ਸੀ। ਪਰ ਬਾਅਦ ਵਿੱਚ ਇਹ ਜੁਰਮਾਨਾ ਘਟਾ ਕੇ 5 ਕਰੋੜ ਕਰ ਦਿੱਤਾ ਗਿਆ ਤੇ ਅਗਲੇ ਦਿਨ ਅਖਬਾਰਾਂ ਵਿੱਚ ਬਾਬੇ ਦੀ ਧਮਕੀ ਛਪੀ ਕਿ ਮੈਂ ਜੁਰਮਾਨਾ ਨਹੀਂ ਦਿੰਦਾ ਭਾਵੇਂ ਜੇਲ੍ਹ ਭੇਜ ਦਿਉ। ਐਨਜੀਟੀ ਨੇ ਮਸੋਸਦੇ ਹੋਏ ਬਿਆਨ ਦਿੱਤਾ ਕਿ “ਜਦੋਂ ਉਨ੍ਹਾਂ ਦੇ ਰੁਤਬੇ ਵਰਗਾ ਵਿਅਕਤੀ ਅਜਿਹੇ ਬਿਆਨ ਦਿੰਦਾ ਹੈ ਤਾਂ ਇਸ ਨਾਲ਼ ਕਾਨੂੰਨ ਨੂੰ ਸੱਟ ਲਗਦੀ ਹੈ।” ਫੇਰ ਬਾਬੇ ਨੂੰ ਜੁਰਮਾਨਾ ਭਰਨ ਲਈ ਤਿੰਨ ਹਫ਼ਤਿਆਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਜੋ ਹਾਲੇ ਤੱਕ ਭਰਿਆ ਨਹੀਂ ਗਿਆ ਹੈ। ਜਦੋਂ ਇਸ ਗੈਰ-ਕਨੂੰਨੀ ਸਮਾਗਮ ਦਾ ਵਿਰੋਧ ਕਰਨ ਵਾਲ਼ਿਆਂ ਵੱਲੋਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਤਾਂ ਸੁਪਰੀਪ ਕੋਰਟ ਨੇ ਇਹ ਆਖ ਕੇ ਇਸ ਅਪੀਲ ‘ਤੇ ਕੋਈ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਕਿ ‘ਇਹ ਤਾਂ ਜੀ ਐਨਜੀਟੀ ਦਾ ਮਸਲਾ, ਜਿਵੇਂ ਉਹ ਕਰਦੇ ਨੇ ਕਰਨ ਦਿਉ।’

ਇੱਥੇ ਹੀ ਬੱਸ ਨਹੀਂ ਸਗੋਂ ਕੇਂਦਰ ਤੇ ਦਿੱਲੀ ਦੀਆਂ ਸਰਕਾਰਾਂ ਇੱਕ-ਦੂਜੇ ਤੋਂ ਅੱਗੇ ਲੰਘ ਕੇ ਇਸ ਸਮਾਗਮ ਦੇ ਮੰਚਾਂ ‘ਤੇ ਸਜਣ ਲਈ ਕਾਹਲੀਆਂ ਦਿਸੀਆਂ। ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਤੇ ਇਸ ਸਮਾਗਮ ਨੂੰ “ਸੱਭਿਆਚਾਰਕ ਕੁੰਭ ਮੇਲਾ” ਆਖ ਦਿੱਤਾ। ਦੇਸ਼ ਦੇ ਰਾਸ਼ਟਰਪਤੀ ਨੇ ਵੀ ਇਸ ਸਮਾਗਮ ਲਈ ਆਪਣੀਆਂ ਸ਼ੁਭ ਇੱਛਾਵਾਂ ਭੇਜੀਆਂ। ਮੋਦੀ ਤੋਂ ਬਿਨਾਂ ਭਾਜਪਾ ਦਾ ਹੋਰ ਵੀ ਬਹੁਤ ਸਾਰਾ ਲਾਮ ਲਸ਼ਕਰ ਇਸ ਸਮਾਗਮ ਵਿੱਚ ਪੁੱਜਿਆ ਜਿਨ੍ਹਾਂ ਵਿੱਚ ਅਰੁਨ ਜੇਟਲੀ, ਸੁਰੇਸ਼ ਪ੍ਰਭੂ ਤੇ ਅਮਿਤ ਸ਼ਾਹ ਵਰਗੇ ਅਹਿਮ ਨਾਮ ਗਿਣਾਏ ਜਾ ਸਕਦੇ ਹਨ। ਦੇਸ਼ ਦੇ ਕਈ ਸੂਬਿਆਂ ਦੇ ਮੰਤਰੀ ਵੀ ਇਸ ਸਮਾਗਮ ਵਿੱਚ ਪੱਜੇ ਹੋਏ ਸਨ। ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਖੁਦ ਇਸ ਸਮਾਗਮ ਲਈ 2.5 ਕਰੋੜ ਰੁਪਏ ਦੀ “ਮਦਦ” ਵੀ ਦਿੱਤੀ।

ਹਰ ਵੇਲੇ ਕਨੂੰਨ, ਸੰਵਿਧਾਨ ਦੀਆਂ ਧਾਹਾਂ ਮਾਰਨ ਵਾਲੇ ਸ਼੍ਰੀਮਾਨ ਕੇਜਰੀਵਾਲ ਵੀ ਗੈਰ-ਕਨੂੰਨੀ ਢੰਗ ਨਾਲ਼ ਆਯੋਜਿਤ ਕੀਤੇ ਤੇ ਯਮੁਨਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਸ ਸਮਾਗਮ ਉੱਪਰ ਰਵੀ ਸ਼ੰਕਰ ਦੀ “ਸੁਦਰਸ਼ਨ ਕਿਰਿਆ” ਦੀ ਕਿਰਪਾ ਤੇ ਪਿਆਰ, ਸ਼ਾਂਤੀ ਦੇ ਸੁਨੇਹੇ ਅੱਗੇ ਸਭ ਕਨੂੰਨਾਂ, ਨਿਯਮਾਂ ਨੂੰ ਭੁੱਲਦੇ ਹੋਏ ਠੰਢੇ ਪਏ ਦਿਸੇ। ਪਹਿਲਾਂ ਤਾਂ ਉਹਨਾਂ ਇਸ ਸਮਾਗਮ ਉੱਪਰ ਚੁੱਪ ਵੱਟੀ ਰੱਖੀ, ਫੇਰ ਇਸਦੀ ਹਮਾਇਤ ਕੀਤੀ ਤੇ ਫੇਰ ਪ੍ਰੋਗਰਾਮ ਵਿੱਚ ਵੀ ਪੁੱਜ ਗਏ। ਇਸ ਤਰ੍ਹਾਂ ਐਨਜੀਟੀ ਦੇ ਫੈਸਲੇ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਜਿਸ ਦਿੱਲੀ ਸਰਕਾਰ ਉੱਪਰ ਸਭ ਤੋਂ ਵੱਧ ਸੀ ਉਹ ਦਿੱਲੀ ਸਰਕਾਰ ਇਸ ਸਮਾਗਮ ਦਾ ਕੋਈ ਵਿਰੋਧ ਕਰਨ ਦੀ ਥਾਂ ਖੁਦ ਬਾਬੇ ਦੇ ਚਰਨਾਂ ਵਿੱਚ ਵਿਛ ਗਈ। ਸਮਾਗਮ ਵਿੱਚ ਆਖਰੀ ਦਿਨ ਪੁੱਜੇ ਕੇਜਰੀਵਾਲ ਨੇ ਰੱਜ ਕੇ ਬਾਬੇ ਦਾ ਗੁਣਗਾਣ ਕੀਤਾ ਤੇ ਇੱਥੋਂ ਤੱਕ ਕਿਹਾ ਕਿ ਯਮੁਨਾ ਵਿੱਚ ਪਏ ਗੰਦ ਨੂੰ ਦਿੱਲੀ ਸਰਕਾਰ ਸਾਫ਼ ਕਰੇਗੀ। ਉਸਨੇ ਇਹ ਤਜਵੀਜ਼ ਵੀ ਪੇਸ਼ ਕੀਤੀ ਕਿ ਕੇਂਦਰ ਤੇ ਦਿੱਲੀ ਸਰਕਾਰ ਨੂੰ ਮਿਲ ਕੇ ਇਹ ਸਫ਼ਾਈ ਕਰਨੀ ਚਾਹੀਦੀ ਹੈ।

ਜਿਸ ਬਾਬੇ ਨੇ ਸਰਕਾਰ, ਪ੍ਰਸ਼ਾਸ਼ਨ ਨੂੰ ਟਿੱਚ ਨਾ ਜਾਣਿਆ ਉਸਨੇ ਅਨੇਕਾਂ ਗਰੀਬ ਪਰਿਵਾਰਾਂ ਦੇ ਮੂਹੋਂ ਬੁਰਕੀਆਂ ਵੀ ਖੋਹ ਲਈਆਂ। ਦਿੱਲੀ ਡਿਵੈਲਪਮੈਂਟ ਅਥਾਰਿਟੀ ਵੱਲੋਂ ਯਮਨਾ ਕੰਢੇ ਰਹਿੰਦੇ ਲੋਕਾਂ ਨੂੰ ਜਮੀਨ ਠੇਕੇ ‘ਤੇ ਦਿੱਤੀ ਜਾਂਦੀ ਹੈ ਜੋ ਉੱਥੇ ਸਬਜ਼ੀਆਂ ਉਗਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਆਰਟ ਆਫ ਲਿਵਿੰਗ ਦੇ ਇਸ ਸਮਾਗਮ ਵਿੱਚ ਆਉਣ ਵਾਲੇ ਵੱਡੇ ਬੰਦਿਆਂ ਦੀਆਂ ਵੱਡੀਆਂ ਗੱਡੀਆਂ ਲਈ 6 ਫੁੱਟ ਚੌੜੇ ਰਾਹ ਨੂੰ 30 ਫੁੱਟ ਚੌੜਾ ਕਰਨ ਦੀ ਲੋੜ ਪਈ ਤਾਂ ਇਹਨਾਂ ਲੋਕਾਂ ਤੋਂ ਇਹ ਜ਼ਮੀਨ ਜਬਰੀ ਲੈ ਲਈ ਗਈ ਤੇ ਉਹਨਾਂ ਦੀ ਖੜੀ ਫਸਲ ਬਰਬਾਦ ਕਰਕੇ ਉਸਨੂੰ ਰੋੜਿਆਂ, ਪੱਥਰਾਂ ਤੇ ਇੱਟਾਂ ਨਾਲ਼ ਪੱਧਰੇ ਰਾਹ ਵਿੱਚ ਬਦਲ ਦਿੱਤਾ ਗਿਆ। ਇਹ ਕਿਸਾਨ ਇਸ ਗੱਲੋਂ ਬੋਲਣ ਤੋਂ ਡਰਦੇ ਹਨ ਕਿ ਦਿੱਲੀ ਵਿਕਾਸ ਵਿਭਾਗ ਇਹਨਾਂ ਤੋਂ ਇਹ ਜ਼ਮੀਨ ਵਾਪਸ ਲੈ ਲਵੇਗਾ। ਕਰੀਬ 80 ਕਿਸਾਨਾਂ ਦੀ ਜ਼ਮੀਨ ਖੋਹੀ ਗਈ ਤੇ ਉਹਨਾਂ ਨੂੰ ਮੁਆਵਜ਼ੇ ਦੇ ਨਾਮ ‘ਤੇ ਲਗਭਗ 4000 ਰੁਪਏ ਪ੍ਰਤੀ ਬਿੱਘਾ ਦਿੱਤੇ ਗਏ ਜਿਨ੍ਹਾਂ ਨਾਲ਼ ਉਹਨਾਂ ਦੇ ਜ਼ਮੀਨ ਦਾ ਕਿਰਾਇਆ ਅਤੇ ਫਸਲ ਦੀ ਬਿਜਾਈ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ। ਇਹਨਾਂ ਕਿਸਾਨਾਂ ਨੇ ਇਸ ਜ਼ਮੀਨ ਦਾ 6000 ਤੋਂ 10000 ਰੁਪਏ ਪ੍ਰਤੀ ਬਿੱਘਾ ਠੇਕਾ ਵੀ ਦਿੱਲੀ ਵਿਕਾਸ ਵਿਭਾਗ ਨੂੰ ਦੇਣਾ ਹੈ। ਇਹ ਸਾਰੇ ਛੋਟੇ ਕਿਸਾਨ ਹਨ। ਸਮਾਗਮ ਖਤਮ ਹੋਣ ਮਗਰੋਂ ਉਹਨਾਂ ਸਿਰ ਇਸ ਜ਼ਮੀਨ ਵਿੱਚ ਗੱਡੇ ਪੱਥਰ ਅਤੇ ਇੱਟਾਂ ਪੁੱਟਣ ਤੇ ਇਸਨੂੰ ਮੁੜ ਖੇਤੀ ਯੋਗ ਬਣਾਉਣ ਦਾ ਬੋਝ ਵੀ ਆ ਪਿਆ ਹੈ। ਇਸ ਜ਼ਮੀਨ ਦੀ ਉੱਪਰਲੀ ਉਪਜਾਊ ਪਰਤ ਤਬਾਹ ਹੋ ਚੁੱਕੀ ਹੈ। ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਜ਼ਮੀਨ ਨੂੰ ਮੁੜ ਵਾਹੀ ਯੋਗ ਬਣਾਉਣ ਲਈ 2 ਸਾਲ ਲੱਗ ਜਾਣਗੇ। ਲੋਕਾਂ ਦੇ ਦੁੱਖ-ਤਕਲੀਫ਼ਾਂ ਦੂਰ ਕਰਦਾ ਤੇ ਪਿਆਰ, ਸ਼ਾਂਤੀ ਦੇ ਸੁਨੇਹੇ ਦੇਣ ਵਾਲਾ ਬਾਬਾ ਆਪਣੀ ਕਲਾਕਾਰੀ ਵਿਖਾ ਕੇ ਇੱਥੋਂ ਰੁਖਸਤ ਹੋ ਚੁੱਕਾ ਹੈ ਤੇ ਇਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਵਧਾਉਂਦਾ ਹੋਇਆ ਇਹਨਾਂ ਅੰਦਰ ਨਫ਼ਰਤ ਤੇ ਗੁੱਸਾ ਜਗਾ ਗਿਆ ਹੈ। ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਕਿਸੇ ਹੋਰ ਬਾਬੇ ਦੇ ਸਮਾਗਮ ਵਿੱਚ ਬਾਜ਼ੀਗਿਰੀ ਵਿਖਾਉਣ ਲਈ ਜਾ ਚੁੱਕੀਆਂ ਹਨ, ਪ੍ਰਸ਼ਾਸ਼ਨ ਮੁੜ ਆਪਣੀ ਨੀਂਦ ਸੌਂ ਚੁੱਕਾ ਹੈ ਤੇ ਨਤੀਜਾ ਇਹਨਾਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ।

ਹੋਰ ਚਰਚਾ ਤੋਂ ਪਹਿਲਾਂ ਥੋੜਾ ਇਸ ਸ਼੍ਰੀ ਸ਼੍ਰੀ ਰਵੀ ਸ਼ੰਕਰ ਬਾਰੇ ਵੀ ਸੰਖੇਪ ‘ਚ ਜਾਣ ਲਈਏ। ਰਵੀ ਸ਼ੰਕਰ ਆਧੁਨਿਕ ਕਿਸਮ ਦਾ ਬਾਬਾ ਹੈ ਜੋ ਯੋਗਾ, ਮੈਡੀਟੇਸ਼ਨ ਅਤੇ ਸ਼ਾਂਤੀ, ਪਿਆਰ ਆਦਿ ਦੇ ਉਪਦੇਸ਼ ਦਿੰਦਾ ਹੈ ਤੇ ਨਾਲ਼-ਨਾਲ਼ ਕਈ ਤਰ੍ਹਾਂ ਦੀਆਂ ਵਸਤਾਂ ਵੀ ਵੇਚਦਾ ਹੈ। ਅਸਲ ਵਿੱਚ ਉਸਦਾ ‘ਆਰਟ ਆਫ ਲਿਵਿੰਗ’ ਨਾਂ ਦਾ ਵੱਡਾ ਕਾਰੋਬਾਰ ਹੈ ਜਿਸਦੀਆਂ ਹੋਰ ਕਈ ਨਾਮਾਂ ਹੇਠ ਸ਼ਾਖਾਵਾਂ ਹਨ ਤੇ ਇਹ ਵੱਖੋ-ਵੱਖਰੇ ਨਾਮਾਂ ਹੇਠ ਕਈ ਤਰ੍ਹਾਂ ਦੇ ਮੈਡੀਟੇਸ਼ਨ ਆਦਿ ਜਿਹੇ ਕੋਰਸ ਕਰਵਾਉਂਦਾ ਹੈ। ਇਸਦਾ 155 ਦੇ ਕਰੀਬ ਦੇਸ਼ਾਂ ਵਿੱਚ ਕਾਰੋਬਾਰ ਹੈ। ਇਸਦੇ ਅੰਦਾਜਨ 3 ਕਰੋੜ ਮੈਂਬਰ/ਭਗਤ ਹਨ ਤੇ ਹਜ਼ਾਰਾਂ ਦੇ ਗਿਣਤੀ ਵਿੱਚ ਕਾਮੇ/ਚੇਲੇ ਹਨ। ਇਸਦਾ ਕੁੱਲ ਕਾਰੋਬਾਰ ਅਰਬਾਂ ਰੁਪਏ ਦਾ ਹੈ ਜਿਸਦਾ ਕੁੱਲ ਵੇਰਵਾ ਨਹੀਂ ਮਿਲਦਾ। ਇਸਦਾ ਬੰਗਲੌਰ ਵਿੱਚ ਵੱਡਾ ਆਧੁਨਿਕ ਸਹੂਲਤਾਂ ਵਾਲਾ ਤੇ ਆਲੀਸ਼ਾਨ ਡੇਰਾ ਹੈ ਜਿਸ ਲਈ ਸੂਬਾ ਸਰਕਾਰ ਨੇ 99 ਸਾਲ ਲਈ ਜ਼ਮੀਨ ਲੀਜ਼ ‘ਤੇ ਦਿੱਤੀ ਹੋਈ ਹੈ। ਇਸਦੇ ਸ਼ਰਧਾਲੂਆਂ ਵਿੱਚ ਖਾਂਦਾ ਪੀਂਦਾ ਮੱਧਵਰਗ, ਖਾਸ ਕਰਕੇ ਵਪਾਰੀ, ਛੋਟੇ-ਵੱਡੇ ਕਾਰੋਬਾਰੀ, ਨਿਆਂਇਕ ਤੇ ਸਿਵਲ ਸਰਵਿਸ ਦੇ ਵੱਡੇ ਅਫ਼ਸਰ, ਆਈਟੀ ਸੈਕਟਰ ਦੇ ਮੁਲਾਜ਼ਮ, ਇੰਜਨੀਅਰ, ਡਾਕਟਰ ਤੇ ਸਿਆਸੀ ਲੀਡਰ ਆਦਿ ਜਿਹੇ ਤਬਕੇ ਹਨ। ਆਰਟ ਆਫ ਲਿਵਿੰਗ ਵੱਲੋਂ ਵੱਖੋ-ਵੱਖਰੇ ਨਾਮਾਂ ਹੇਠ ਅਨੇਕਾਂ “ਅਧਿਆਤਮਕ ਕੋਰਸ” ਕਰਵਾਏ ਜਾਂਦੇ ਹਨ ਜਿਨ੍ਹਾਂ ਦੀ ਮੋਟੀ ਫੀਸ ਵਸੂਲੀ ਜਾਂਦੀ ਹੈ। ਇਹਨਾਂ ਕੋਰਸਾਂ ਦੀ ਪਹੁੰਚ ਇੰਜਨਿਅਰਿੰਗ ਕਾਲਜਾਂ ਤੇ ਹੋਰ ਉੱਚ ਵਿੱਦਿਅਕ ਅਦਾਰਿਆਂ ਤੱਕ ਵੀ ਹੈ। ਓਰੈਕਲ, ਸਨ, ਮਾਈਕ੍ਰੋਸਿਸਟਮ, ਸੀਸੋ ਸਿਸਟਮ ਜਿਹੀਆਂ ਅਨੇਕਾਂ ਕੰਪਨੀਆਂ ਵੀ ਇਹਨਾਂ ਦਾ ਸੈਮੀਨਾਰ ਕਰਵਾਉਂਦੀਆਂ ਹਨ। ਇਹਨਾਂ ਸੈਮੀਨਾਰਾਂ ਦੀ ਫੀਸ ਆਮ ਤੌਰ ‘ਤੇ ਪ੍ਰਤੀ ਮੈਂਬਰ ਹਜ਼ਾਰਾਂ ਰੁਪਏ ਹੁੰਦੀ ਹੈ। ਇਹਨਾਂ ਸੈਮੀਨਾਰਾਂ ਵਿੱਚ ਇਹਨਾਂ ਕੰਪਨੀਆਂ ਦੇ ਕਾਮਿਆਂ ਨੂੰ ਪਿਆਰ, ਸ਼ਾਂਤੀ ਤੇ ਭਾਈਚਾਰੇ ਨਾਲ਼ ਕੰਮ ਕਰਨ ਤੇ ਤਣਾਅ ਮੁਕਤ ਰਹਿਣ ਦੇ ਨੁਸਖੇ ਦੱਸੇ ਜਾਂਦੇ ਹਨ। ਇਹਦੇ ਨਾਲ਼-ਨਾਲ਼ ਹੋਰਨਾਂ ਆਧੁਨਿਕ ਬਾਬਿਆਂ ਵਾਂਗ ਇਹ “ਲੋਕ ਭਲਾਈ” ਤੇ “ਚੈਰਿਟੀ” ਜਿਹੀਆਂ ਅਨੇਕਾਂ “ਦਾਨ-ਪੁੰਨ” ਦੀਆਂ ਸਰਗਰਮੀਆਂ ਵੀ ਕਰਦਾ ਹੈ ਜਿਨ੍ਹਾਂ ਦੇ ਨਾਮ ਹੇਠ ਵੱਡੇ ਧਨਾਢਾਂ, ਕੰਪਨੀਆਂ ਤੋਂ ਮੋਟੇ ਫੰਡ ਵਸੂਲੇ ਜਾਂਦੇ ਹਨ, ਆਪਣੀ ਕੁੱਲ ਜਾਇਦਾਦ ਲੁਕਾਈ ਜਾਂਦੀ ਹੈ, ਕਾਲ਼ੇ ਧਨ ਨੂੰ ਚਿੱਟਾ ਕੀਤਾ ਜਾਂਦਾ ਹੈ ਤੇ ਨਾਲ਼-ਨਾਲ਼ ਲੋਕਾਂ ਵਿੱਚ ਇੱਕ ਭਲੇ-ਪੁਰਖ ਦੀ ਪਛਾਣ ਵੀ ਬਣਾਈ ਜਾਂਦੀ ਹੈ।

ਰਵੀ ਸ਼ੰਕਰ ਦੀ ਉਪਰੋਕਤ ਜਨਮ-ਕੁੰਡਲੀ ਤੋਂ ਇਹ ਤਾਂ ਸਾਫ਼ ਹੋ ਹੀ ਗਿਆ ਹੈ ਕਿ ਉਹ ਧਨਾਢ ਅਬਾਦੀ ਦਾ ਬਾਬਾ ਹੈ ਜਿਸਦਾ ਬਹੁਗਿਣਤੀ ਗਰੀਬ ਅਬਾਦੀ ਦੀ ਜ਼ਿੰਦਗੀ, ਉਹਨਾਂ ਦੇ ਹਿਤਾਂ ਨਾਲ਼ ਕੁੱਝ ਵੀ ਲੈਣਾ-ਦੇਣਾ ਨਹੀਂ ਹੈ। ਇਹ ਵੀ ਚਰਚਾ ਕਰਨੀ ਬਣਦੀ ਹੈ ਕਿ ਉਸਨੇ ਕੁੱਝ ਸਾਲ ਪਹਿਲਾਂ ਰਾਸ਼ਟਰੀ ਸਵੈਸੇਵਕ ਸੰਘ ਦੇ ਇੱਕ ਸਕੂਲ ਦੇ ਸਮਾਗਮ ਦੌਰਾਨ ਕਿਹਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲ਼ੇ ਬੱਚੇ ਨਕਸਲੀ ਬਣਦੇ ਹਨ ਇਸ ਲਈ ਸਰਕਾਰ ਨੂੰ ਸਰਕਾਰੀ ਸਕੂਲ ਬੰਦ ਕਰ ਦੇਣੇ ਚਾਹੀਦੇ ਹਨ। ਇਸ ਬਿਆਨ ਤੋਂ ਵੀ ਇਹ ਸਾਫ਼ ਹੁੰਦਾ ਹੈ ਕਿ ਉਹ ਗਰੀਬਾਂ ਨਾਲ਼ ਆਪਣੇ ਧਨਾਢ ਸ਼ਰਧਾਲੂਆਂ ਵਾਂਗ ਹੀ ਨਫ਼ਰਤ ਕਰਦਾ ਹੈ। ਦੂਜਾ, ਉਸਦਾ ਇਹ ਬਿਆਨ ਆਪਣੇ ਸਮਾਜਿਕ ਅਧਾਰ ਵਾਲ਼ੀ ਧਨਾਢ ਜਮਾਤ ਦੇ ਸਿਆਸੀ ਹਿੱਤਾਂ ਦੀ ਵੀ ਤਰਜਮਾਨੀ ਕਰਦਾ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਸਰਕਾਰੀ ਸਕੂਲਾਂ, ਹਸਪਤਾਲਾਂ ਆਦਿ ‘ਤੇ ਖਰਚੀ ਜਾਂਦੀ ਮਾਮੂਲੀ ਜਿਹੀ ਰਾਸ਼ੀ ਵੀ ਹਜ਼ਮ ਨਹੀਂ ਹੁੰਦੀ ਜਾਂਦੀ। ਤੀਜੀ ਅਹਿਮ ਗੱਲ ਇਹ ਹੈ ਕਿ ਭਾਵੇਂ ਇਸ ਕਿਸਮ ਦੇ ਬਾਬੇ ਆਪਣੇ ਡੇਰਿਆਂ ਨੂੰ ਸਭ ਧਰਮਾਂ ਲਈ ਖੁੱਲ੍ਹੇ ਤੇ ਆਪਣੇ ਵਿਚਾਰਾਂ ਨੂੰ ਧਰਮ ਨਿਰਪੱਖ ਤੇ ਮਨੁੱਖਤਾ ਦੇ ਹਿੱਤਾਂ ਦਾ ਬਣਾ ਕੇ ਪੇਸ਼ ਕਰਦੇ ਹਨ ਪਰ ਅਸਲ ਵਿੱਚ ਹਿੰਦੂਤਵ ਦੇ ਹੀ ਸੁਧਰੇ ਹੋਏ ਰੂਪ ਹਨ। ਰਾਸ਼ਟਰੀ ਸਵੈਸੇਵਕ ਸੰਘ ਦੇ ਵਿੱਦਿਆ ਭਾਰਤੀ, ਏਕਲ ਵਿਦਿਆਲਿਆ ਮੰਦਰ ਜਿਹੇ ਸਕੂਲ ਖੁਦ ਲੱਖਾਂ ਬੱਚਿਆਂ ਦੇ ਦਿਮਾਗਾਂ ਵਿੱਚ ਫਿਰਕੂ ਜ਼ਹਿਰ ਭਰਦੇ ਹਨ ਜਿਨ੍ਹਾਂ ਦਾ ਇਹ ਬਾਬਾ ਬਹੁਤ ਗੁਣਗਾਣ ਕਰਦਾ ਹੈ। ਇਹੋ ਗੱਲ ਇਸਦੇ ਰਾਮ ਮੰਦਰ ਅਤੇ ਕਸ਼ਮੀਰ ਦੇ ਮਸਲੇ ਸਬੰਧੀ ਉਸਦੇ ਪੈਂਤੜੇ ਤੋਂ ਵੀ ਸਾਫ਼ ਹੁੰਦੀ ਹੈ। ਪਰ ਇੰਨਾ ਜਰੂਰ ਹੈ ਕਿ ਰਵੀ ਸ਼ੰਕਰ ਮਾਰਕਾ ਬਾਬੇ ਕਦੇ ਵੀ ਸੰਘ ਵਾਂਗ ਖੁੱਲ੍ਹੇਆਮ ਫਿਰਕੂ ਜ਼ਹਿਰ ਉਗਲ਼ਣ ‘ਤੇ ਨਹੀਂ ਆਉਂਦੇ। ਉਹ ਨਰਮ ਭਾਸ਼ਾ ਵਿੱਚ ਉੱਚ ਮੱਧਵਰਗ ਦੀ ਅਬਾਦੀ ਨੂੰ ਹਿੰਦੂਤਵ ਦੇ ਏਜੰਡੇ ਨਾਲ਼ ਜੋੜੀ ਰੱਖਣ ਦਾ ਕੰਮ ਕਰਦੇ ਹਨ।

ਖੈਰ, ਮੁੜ ਦਿੱਲੀ ਵਿੱਚ ਹੋਏ ਸਮਾਗਮ ਵੱਲ ਪਰਤਦੇ ਹਾਂ। ਰਵੀ ਸ਼ੰਕਰ ਦੀ ਇਸ ਧੱਕੇਸ਼ਾਹੀ ਤੋਂ ਸਾਫ਼ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਧਰਮਾਂ, ਅੰਧ-ਵਿਸ਼ਵਾਸ਼ਾਂ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ। ਵੱਡੇ ਧਰਮ-ਗੁਰੂਆਂ, ਬਾਬਿਆਂ ਅੱਗੇ ਕਨੂੰਨੀ, ਸਿਆਸੀ ਢਾਂਚਾ ਵੀ ਬੇਵੱਸ ਨਜਰ ਆਉਂਦਾ ਹੈ। ਇਹਨਾਂ ਲਈ ਨਿਯਮਾਂ-ਕਨੂੰਨਾਂ ਦਾ ਕੋਈ ਬਹੁਤ ਮਤਲਬ ਨਹੀਂ ਹੈ। ਅਸਲ ਵਿੱਚ ਇਹ ਬਾਬੇ, ਧਰਮ-ਗੁਰੂ ਆਦਿ ਮੌਜੂਦਾ ਲੋਕ ਵਿਰੋਧੀ ਢਾਂਚੇ ਦਾ ਅਹਿਮ ਅੰਗ ਹਨ ਜੋ ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ ਵਿੱਚ ਲਾਈ ਰੱਖਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਲੁੱਟ, ਜਬਰ ਖਿਲਾਫ਼ ਜਥੇਬੰਦ ਰੂਪ ਵਿੱਚ ਲੜਨ ਤੋਂ ਰੋਕਦੇ ਹਨ। ਇਹ ਉਹਨਾਂ ਦੀ ਸਿਆਸੀ ਚੇਤਨਾ ਨੂੰ ਖੁੰਢਿਆਂ ਬਣਾਈ ਰੱਖਣ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਇਹ ਬਾਬੇ ਲੁੱਟ ਤੇ ਮੁਨਾਫ਼ੇ ‘ਤੇ ਟਿਕੇ ਇਸ ਢਾਂਚੇ ਦੇ ਸੇਵਕ ਹਨ ਜਿਸ ਕਰਕੇ ਇਹਨਾਂ ਵਿਰੁੱਧ ਜਲਦੀ ਕੋਈ ਕਨੂੰਨੀ ਕਾਰਵਾਈ ਵੀ ਨਹੀਂ ਹੁੰਦੀ। ਇਸ ਢਾਂਚੇ ਨੂੰ ਇਹਨਾਂ ਦੀ ਦੂਜੀ ਲੋੜ ਇਹ ਹੈ ਕਿ ਸਭ ਵੋਟ ਪਾਰਟੀਆਂ ਵੀ ਧਰਮ-ਨਿਰਪੱਖਤਾ ਦੀ ਥਾਂ ਆਪਣੀ ਸੱਤ੍ਹਾ ਦੀ ਮਜਬੂਤੀ ਲਈ ਧਰਮ ਦਾ ਵੱਡਾ ਸਹਾਰਾ ਲੈਂਦੀਆਂ ਹਨ। ਲੋਕਾਂ ਦੇ ਧਾਰਮਿਕ ਵਿਸ਼ਵਾਸ਼ਾਂ ਨਾਲ਼ ਖੁਦ ਨੂੰ ਜੋੜ ਕੇ ਇਹ ਆਪਣਾ ਵੋਟ ਬੈਂਕ ਮਜਬੂਤ ਕਰਦੀਆਂ ਹਨ। ਜਿੱਥੇ ਭਾਜਪਾ ਦਾ ਹਿੰਦੂਤਵ ਦਾ ਫਿਰਕੂ ਏਜੰਡਾ ਤਾਂ ਕਿਸੇ ਤੋਂ ਲੁਕਿਆ ਨਹੀਂ ਹੋਇਆ, ਉੱਥੇ ਕੇਜਰੀਵਾਲ ਵੀ ਧਰਮ ਦੇ ਮਾਮਲੇ ਵਿੱਚ ਪਿੱਛੇ ਨਹੀਂ ਹੈ। ਕੁੱਝ ਮਹੀਨੇ ਪਹਿਲਾਂ ਦਿੱਲੀ ਵਿੱਚ ਹੋਏ ਨਿੰਰੰਕਾਰੀ ਸਾਧ ਦੇ ਸਮਾਗਮ ਵਿੱਚ ਵੀ ਕੇਜਰੀਵਾਲ ਨੇ ਸ਼ਿਰਕਤ ਕਰਦਿਆਂ ਆਖਿਆ ਸੀ ਕਿ ਸਾਡੀ ਤਾਂ ਸਰਕਾਰ ਹੀ ਤੁਹਾਡੀ ਕਿਰਪਾ ਨਾਲ਼ ਬਣੀ ਹੈ ਅਤੇ ਉਹਦੇ ਸਮਾਗਮਾਂ ਲਈ ਵੱਡੀ ਜ਼ਮੀਨ ਦਾ ਪ੍ਰਬੰਧ ਕਰਨ ਦਾ ਵੀ ਵਾਅਦਾ ਕੀਤਾ ਸੀ। ਪੰਜਾਬ ਵਿੱਚ 2017 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਧਾ ਸੁਆਮੀ ਬਿਆਸ ਦੇ ਡੇਰੇ ਵਿੱਚ ਵੀ ਸਭ ਨਾਂ ਪ੍ਰਮੁੱਖ ਪਾਰਟੀਆਂ ਦੇ ਵੱਡੇ ਆਗੂਆਂ ਦੇ ਗੇੜੇ ਸ਼ੁਰੂ ਹੋ ਗਏ ਹਨ।

ਭਾਰਤ ਵਿੱਚ ਰਵੀ ਸ਼ੰਕਰ ਤੋਂ ਬਿਨਾਂ ਆਸਾਰਾਮ, ਨਿੱਤਿਆਨੰਦ, ਸੰਤ ਰਾਮਪਾਲ, ਸਾਈਂ ਬਾਬਾ ਜਿਹੇ ਅਨੇਕਾਂ ਧਰਮ ਗੁਰੂ, ਬਾਬੇ ਆਦਿ ਹਨ ਜਿਨ੍ਹਾਂ ਦੀ ਠੱਗੀ, ਫ਼ਰੇਬ, ਅਪਰਾਧ ਤੇ ਅਨੇਕਾਂ ਗੈਰ-ਕਨੂੰਨੀ ਸਰਗਰਮੀਆਂ ਬਹੁਤੀਆਂ ਲੁਕੀਆਂ ਹੋਈਆਂ ਨਹੀਂ ਹਨ। ਨਾਲ਼ ਹੀ ਸੱਤ੍ਹਾ ਦੇ ਇਹਨਾਂ ਨਾਲ਼ ਗੱਠਜੋੜ, ਇਹਨਾਂ ਨੂੰ ਰਿਆਇਤਾਂ, ਮਦਦਾਂ ਵੀ ਸਭ ਦੇ ਸਾਹਮਣੇ ਹਨ। ਸੱਤ੍ਹਾ ਤੇ ਧਰਮਾਂ ਦਾ ਇਹ ਗੱਠਜੋੜ ਲੋਕਾਂ ਨੂੰ ਮੂਰਖ ਬਣਾਈ ਰੱਖਣ, ਉਹਨਾਂ ਨੂੰ ਲੁੱਟਣ, ਕੁੱਟਣ ਦਾ ਵੱਡਾ ਸਾਧਨ ਹੈ। ਭਾਰਤ ਵਿੱਚ ਇਸ ਲੋਟੂ ਢਾਂਚੇ ਦੀ ਇਨਕਲਾਬੀ ਤਬਦੀਲੀ ਦੀ ਲੜਾਈ ਵਿੱਚ ਇਸ ਗੱਠਜੋੜ ਉੱਪਰ ਸੱਟ ਮਾਰੇ ਜਾਣ ਦੀ ਲੋੜ ਹੈ ਜੋ ਲੋਕਾਂ ਨੂੰ ਕਮਜ਼ੋਰ ਕਰਨ ਤੇ ਲੁਟੇਰਿਆਂ ਦੀ ਸੱਤ੍ਹਾ ਨੂੰ ਮਜਬੂਤ ਬਣਾਉਣ ਦਾ ਇੱਕ ਸਾਧਨ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 51, 1 ਅਪ੍ਰੈਲ 2016

 

Advertisements