ਸ਼੍ਰੀ ਗੁਰਚਰਨ ਨੂਰਪੁਰ ਦੇ ਅਬਾਦੀ ਬਾਰੇ “ਨੂਰੀ ਗਿਆਨ” ਸਬੰਧੀ ਕੁਝ ਗੱਲਾਂ •ਡਾ. ਅੰਮ੍ਰਿਤ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗੁਰਚਰਨ ਨੂਰਪੁਰ ਹੁਰੀਂ ਤਰਕਸ਼ੀਲ ਲਹਿਰ ਨਾਲ਼ ਜੁੜੇ ਹੋਏ ਲੇਖਕ ਹਨ ਜਿੰਨ੍ਹਾਂ ਦੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ, ਮੁੱਦਿਆਂ, ਮਸਲਿਆਂ ਉੱਤੇ ਲੇਖ ਅਕਸਰ ਅਖ਼ਬਾਰਾਂ, ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ। “ਵਧਦੀ ਅਬਾਦੀ ਦੀ ਸਮੱਸਿਆ” ਅਤੇ “ਕਾਰਪੋਰੇਟੀ ਵਿਕਾਸ ਮਾਡਲ” ਉਹਨਾਂ ਦੇ ਮਨਭਾਉਂਦੇ ਵਿਸ਼ੇ ਹਨ। “ਕਾਰਪੋਰੇਟੀ ਵਿਕਾਸ ਮਾਡਲ” ਉੱਤੇ ਉਹਨਾਂ ਦੇ ਅਤੇ ਉਹਨਾਂ ਵਰਗਿਆਂ ਹੋਰਾਂ ਦੇ, “ਚਿੰਤਨ” ਨੂੰ ਕਿਸੇ ਹੋਰ ਲੇਖ ਵਿੱਚ ਮੁਖਾਤਬ ਹੋਵਾਂਗੇ। ਇਸ ਲੇਖ ਵਿੱਚ ਅਸੀਂ ਸਿਰਫ ਉਹਨਾਂ ਦੇ “ਵਧਦੀ ਅਬਾਦੀ” ਸਬੰਧੀ ਚਿੰਤਨ ਤੇ ਚਿੰਤਾ ਬਾਰੇ ਗੱਲ ਕਰਾਂਗੇ। ਭਾਵੇਂਕਿ ਪਹਿਲਾਂ ਵੀ ਉਹਨਾਂ ਦੇ ਤਰਕਾਂ ਅਤੇ ਉਹਨਾਂ ਦੇ ਲਾਣੇ ਦੇ ਹੀ ਲੇਖਕਾਂ, ਨਾਵਲਕਾਰ ਗੁਰਦਿਆਲ ਸਿੰਘ ਤੇ ਜੀਵ ਵਿਗਿਆਨ ਦੇ ਸਾਬਕਾ ਅਧਿਆਪਕ ਸ਼੍ਰੀ ਸੁਰਜੀਤ ਸਿੰਘ ਢਿੱਲ੍ਹੋਂ ਦੇ ਤਰਕਾਂ ਦਾ ਜਵਾਬ ‘ਲਲਕਾਰ’ ਵਿੱਚ ਛਪੇ ਕਈ ਲੇਖਾਂ ਵਿੱਚ ਦਿੱਤਾ ਜਾ ਚੁੱਕਾ ਹੈ, ਪਰ ਸਾਡੇ ਵਿਦਵਾਨ ਸਿਰਫ ਲਿਖਣਾ ਜਾਣਦੇ ਹਨ ਪੜ੍ਹਨਾ ਨਹੀਂ ਅਤੇ ਜੇ ਥੋੜਾ-ਬਹੁਤ ਪੜ੍ਹਦੇ ਹਨ ਤਾਂ ਸਮਝਦੇ ਨਹੀਂ। ਨੂਰਪੁਰ ਹੁਰੀਂ ਅਜੇ ਵੀ ਨਾ ਸਿਰਫ ਆਪਣੀ ਗੱਲ ਨੂੰ ਚਿੰਬੜੇ ਬੈਠੇ ਹਨ, ਸਗੋਂ ਉਹਨਾਂ ਨੇ ‘ਤਰਕਸ਼ੀਲ’ ਰਸਾਲੇ ਦੇ ਮਾਰਚ-ਅਪ੍ਰੈਲ, 2105 ਦੇ ਅੰਕ ਵਿੱਚ ਅਬਾਦੀ ਬਾਰੇ ਆਪਣੇ ਲੇਖ ਵਿੱਚ “ਕੁਤਰਕ” ਨੂੰ ਹੋਰ ਉਚੇਰੇ ਧਰਾਤਲ ਉੱਤੇ ਪਹੁੰਚਾ ਦਿੱਤਾ ਹੈ। ਅਬਾਦੀ ਸਬੰਧੀ ਉਹਨਾਂ ਦੇ ਤਰਕਾਂ ਵਿੱਚ ਕੁਝ ਵੀ ਨਵਾਂ ਨਹੀਂ, ਜਿਸ ਕਰਕੇ ਸਾਨੂੰ ਵੀ ਉਹਨਾਂ ਦੇ ਕੁਤਰਕਾਂ ਦੇ ਜਵਾਬ ਵਿੱਚ ਬਹੁਤੀਆਂ ਗੱਲਾਂ ਦੁਹਰਾਉਣੀਆਂ ਪੈਣਗੀਆਂ ਪਰ ਜਦੋਂ ਕੋਈ ਮੂਰਖਾਪੂਰਨ ਗੱਲਾਂ ਵਾਰ-ਵਾਰ ਲਿਖ ਕੇ ਆਪਣੇ ਵਿਦਵਾਨ ਹੋਣ ਦੇ ਮੀਨਾਰ ਖੜੇ ਕਰਨ ਲੱਗੇ ਤਾਂ ਉਸਦੀ ਮੂਰਖਤਾ ਦੇ ਮੀਨਾਰ ਢਾਹੁਣ ਲਈ ਬੁਨਿਆਦੀ ਗੱਲਾਂ ਦੀ ਦੁਹਰਾਈ ਕਰਨੀ ਕੋਈ ਗਲਤ ਨਹੀਂ। ਪੂਰਾ ਲੇਖ ਇੰਨਾ ਸਤਹੀ ਹੈ ਕਿ ਇਸਦਾ ਜਵਾਬ ਲਿਖਣ ਬਾਰੇ ਸੋਚ ਕੇ ਹੀ ਅਕੇਵਾਂ ਮਹਿਸੂਸ ਹੋਣ ਲੱਗਦਾ ਹੈ, ਪਰ ਅਸੀਂ ਇਹ ਅਕੇਵਾਂ ਝੱਲ ਕੇ ਵੀ ਵਿਗਿਆਨ, ਤਰਕ, ਤੱਥਾਂ ਤੇ ਅੰਕੜਿਆਂ ਦੇ ਛਿੱਟੇ ਮਾਰ ਕੇ ਜਨਾਬ ਨੂਰਪੁਰ ਦੀਆਂ ਅੱਖਾਂ ਉੱਤੇ ਜੰਮੀ ਗਿੱਡ ਲਾਹੁਣ ਦਾ ਯਤਨ ਕਰਾਂਗੇ ਤਾਂ ਕਿ ਉਹ ਆਪਣੀ ਗਿੱਡ ਹੋਰਾਂ ਲੋਕਾਂ ਨੂੰ ਨਾ ਵੰਡ ਸਕਣ। ਅਸੀਂ ਪਹਿਲਾਂ ਉਹਨਾਂ ਦੇ ਮੁੱਖ ਤਰਕਾਂ ਨੂੰ ਦੇਖਾਂਗੇ, ਫਿਰ ਕੁਝ ਹੋਰ ਨੁਕਤਿਆਂ ਉੱਤੇ ਜੋ ਉਹਨਾਂ ਦੇ ਲੇਖ ਵਿੱਚ ਆਏ ਹਨ, ਉਹਨਾਂ ਬਾਰੇ ਵੀ ਗੱਲ ਕਰਾਂਗੇ।

 “ਕੀ ਵਧ ਰਹੀ ਅਬਾਦੀ ਸਮੱਸਿਆ ਨਹੀਂ?” ਸਿਰਲੇਖ ਵਾਲ਼ੇ ਲੇਖ ਵਿੱਚ ਸ਼੍ਰੀ ਨੂਰਪੁਰ ਮਨੁੱਖੀ ਸਮਾਜ ਦੀਆਂ ਸਮੱਸਿਆਵਾਂ ਜਿਵੇਂ ਗਰੀਬੀ, ਭੁੱਖਮਰੀ, ਮਹਿੰਗਾਈ, ਬੇਰੁਜਗਾਰੀ, ਵਾਤਾਵਰਨ ਦੀ ਤਬਾਹੀ, ਆਦਿ (ਇਸ “ਲਿਸਟ” ਵਿੱਚ ਸ਼੍ਰੀਮਾਨ ਨੂਰਪੁਰ ਅਮੀਰੀ ਗਰੀਬੀ ਦਾ ਪਾੜਾ, ਡੇਰਿਆਂ ਦਾ ਫੈਲਣਾ, ਕਿਸਮਤਵਾਦੀ ਫਲਸਫੇ ਦਾ ਪਨਪਣਾ, ਰੱਬ ਵਿੱਚ ਭਰੋਸੇ ਦਾ ਵਧਣਾ, ਅੰਧਵਿਸ਼ਵਾਸ, ਟਰੈਫਿਕ ਜਾਮ ਆਦਿ ਵੀ ਸ਼ਾਮਲ ਕਰ ਲੈਂਦੇ ਹਨ, ਉਹਨਾਂ ਦੀ ਲਿਸਟ ਕਾਫੀ ਵੱਡੀ ਹੈ, ਜੇ ਕੋਈ ਸਮੱਸਿਆ ਸਾਥੋਂ ਇੱਥੇ ਸ਼ਾਮਲ ਕਰਨੋਂ ਰਹਿ ਗਈ ਹੋਵੇ ਤਾਂ ਸਾਨੂੰ ਉਮੀਦ ਹੈ ਕਿ ਨੂਰਪੁਰ ਹੁਰੀਂ ਸਾਨੂੰ ਮੁਆਫ ਕਰਨਗੇ!) ਲਈ ਅਬਾਦੀ ਵਿੱਚ ਵਾਧੇ ਨੂੰ ਇੱਕ ਅਹਿਮ ਕਾਰਨ ਸਿੱਧ ਕਰਨ ਲਈ ਜਿਹੜੀਆਂ ਮੁੱਖ ਦਲੀਲਾਂ ਉਹ ਪੇਸ਼ ਕਰਦੇ ਹਨ, ਉਹ ਇਹ ਹਨ – ਪਹਿਲੀ, “ਹੱਦੋਂ ਬਾਹਲਾ ਵਾਧਾ ਜੀਵਾਂ ਦੀਆਂ ਜਿਉਣ ਹਾਲਤਾਂ ਨੂੰ ਪ੍ਰਭਾਵਿਤ ਕਰਦਾ ਹੈ, ਭਾਵੇਂ ਕੋਈ ਇੱਕ ਹੀ ਤਰ੍ਹਾਂ ਦੀ ਬਨਸਪਤੀ ਹੋਵੇ, ਕੋਈ ਜੀਵ ਜੰਤੂ, ਪਸੂਪੰਛੀ ਜਾਂ ਮਨੁੱਖ ਹੋਣ।” ਇਸਨੂੰ “ਕੁਦਰਤ ਦਾ ਕਨੂੰਨ” ਕਹਿੰਦੇ ਹਨ ਅਤੇ ਇਸ “ਕਨੂੰਨ” ਨੂੰ ਮਨੁੱਖੀ ਸਮਾਜ ਉੱਤੇ ਵੀ ਇੰਨ-ਬਿੰਨ ਲਾਗੂ ਕਰਦੇ ਹਨ। ਦੂਜੀ, ਅਬਾਦੀ ਵਧਣ ਨਾਲ਼ ਲੋੜਾਂ ਨੇ ਵਧਣਾ ਹੁੰਦਾ ਹੈ ਤੇ ਵਧੀਆਂ ਲੋੜਾਂ ਨਾਲ਼ “ਕੁਦਰਤੀ ਵਸੀਲਿਆਂ ਦਾ ਖਾਤਮਾ ਹੁੰਦਾ ਹੈ” ਤੇ “ਵਾਤਾਵਰਨ ਵਿੱਚ ਖਲਲ ਪੈਂਦਾ ਹੈ।”  

ਅਸੀਂ ਪਹਿਲੀ ਦਲੀਲ ਨੂੰ ਦੇਖਦੇ ਹਨ। ਉਹ ਇੱਕ ਬਹੁਤ ਹੀ ਘਸੀ ਹੋਈ ਉਦਾਹਰਨ ਨਾਲ਼ ਆਪਣੀ ਗੱਲ ਕਰਦੇ ਹਨ ਕਿ ਇੱਕ ਟਾਪੂ ਜਿਸ ਤੇ ਸਿਰਫ 200 ਮਨੁੱਖਾਂ ਦੇ ਰਹਿਣ ਦੀ ਵਿਵਸਥਾ ਹੈ, ਉੱਥੇ ਜੇਕਰ 2000 ਲੋਕ ਰਹਿਣ ਲਈ ਆ ਜਾਣ ਤਾਂ ਉਸ ਧਰਤੀ ਦੇ ਹਾਲਾਤ ਕੀ ਹੋਣਗੇ? ਨੂਰਪੁਰ ਜੀਓ, ਮਨੁੱਖ ਬਾਕੀ ਜੀਵਾਂ ਨਾਲ਼ੋਂ ਵੱਖਰਾ ਹੈ (ਹੋ ਸਕਦਾ ਹੈ ਤੁਹਾਨੂੰ ਇਸ ਉੱਤੇ ਯਕੀਨ ਨਾ ਹੋਵੇ!!)। ਆਪਣੇ ਇੱਕ ਪੁਰਾਣੇ ਲੇਖ ਵਿੱਚ ਨੂਰਪੁਰ ਹੁਰਾਂ ਡਾਇਨਾਸੋਰਾਂ ਦੀ ਉਦਾਹਰਨ ਦੇ ਕੇ ਇਹੀ ਗੱਲ ਕੀਤੀ ਸੀ। ਅਸਲ ਵਿੱਚ ਇਹ ਵਿਦਵਾਨ ਇਸ ਜੁਮਲੇ ਦੇ ਸ਼ਿਕਾਰ ਹਨ – “ਮਨੁੱਖ ਬੱਸ ਇੱਕ ਹੋਰ ਜਾਨਵਰ ਹੈ” (Man is just an another animal) ਅਤੇ ਇਹੀ ਇਹਨਾਂ ਵਿਦਵਾਨਾਂ ਦੀ ਦਿੱਕਤ ਹੈ, ਇਹ ਵਿਗਿਆਨ ਦੇ ਕਿਸੇ ਇੱਕ ਖੇਤਰ ਦੀ ਕੱਚਘਰੜ ਜਾਣਕਾਰੀ ਲੈ ਕੇ ਕੁਦਰਤ ਦੇ ਸਾਰੇ ਵਰਤਾਰਿਆਂ, ਸਮੇਤ ਮਨੁੱਖੀ ਸਮਾਜ ਦੇ ਵਰਤਾਰਿਆਂ ਨੂੰ ਇੱਕੋ ਸੂਈ ਦੇ ਨੱਕੇ ਵਿੱਚੋਂ ਲੰਘਾਉਣ ਲੱਗਦੇ ਹਨ। ਪਰ ਮਨੁੱਖ ਜਿੱਥੇ ਕੁਦਰਤ ਦਾ ਇੱਕ ਹਿੱਸਾ ਹੈ, ਉੱਥੇ ਇਹ ਕੁਦਰਤ ਨੂੰ ਪ੍ਰਭਾਵਿਤ ਵੀ ਕਰਦਾ ਹੈ। ਮਨੁੱਖ ਦੀ ਚੇਤਨਾ ਦਾ ਵਿਕਾਸ ਪਸ਼ੂ ਜਗਤ ਨਾਲ਼ੋਂ ਕਿਤੇ ਜ਼ਿਆਦਾ ਹੈ, ਮਨੁੱਖ ਇੱਕ ਪੈਦਾਕਾਰ ਹੈ, ਇਹ ਸੰਦਾਂ ਦਾ ਇਸਤੇਮਾਲ ਕਰਦਾ ਹੈ, ਇਹ ਕੁਦਰਤ ਨੂੰ ਆਪਣੀ ਸੇਵਾ ‘ਚ ਲਾਉਂਦਾ ਹੈ। ਇਹ ਪਸ਼ੂਆਂ ਨੂੰ ਪਾਲਤੂ ਬਣਾ ਕੇ ਪਸ਼ੂ-ਪਾਲਣ ਸ਼ੁਰੂ ਕਰਦਾ ਹੈ, ਖੇਤੀ ਕਰਨੀ ਸ਼ੁਰੂ ਕਰਦਾ ਹੈ ਅਤੇ ਅੱਜ ਦੀ ਆਧੁਨਿਕ ਖੇਤੀ ਤੱਕ ਵਿਕਾਸ ਕਰਦਾ ਹੈ, ਸ਼ਹਿਰ ਵਸਾਉਂਦਾ ਹੈ, ਤਕਨੀਕ ਦਾ ਵਿਕਾਸ ਕਰਦਾ ਹੈ, ਵੱਡੇ-ਵੱਡੇ ਅਜੂਬੇ ਉਸਾਰ ਦਿੰਦਾ ਹੈ, ਗੱਲ ਕੀ ਮਨੁੱਖ ਆਪਣੇ ਪੈਦਾਵਾਰੀ ਅਮਲ ਨੂੰ ਉਚੇਰੇ ਤੋਂ ਉਚੇਰੇ ਧਰਾਤਲ ਉੱਤੇ ਲੈ ਕੇ ਜਾਂਦਾ ਹੈ ਅਤੇ ਇਸੇ ਪੈਦਾਵਾਰ ਦੇ ਵਿਕਾਸ ਕਾਰਨ ਅਬਾਦੀ ਵਿੱਚ ਵਾਧਾ ਹੁੰਦਾ ਹੈ ਜਿਵੇਂ ਕਿ ਅਸੀਂ ਅੱਗੇ ਦੇਖਾਂਗੇ। ਇਸ ਲਈ ਇਹ ਸਮਝਣਾ ਕਿ ਮਨੁੱਖਤਾ ਆਪਣੀ ਅਬਾਦੀ ਨੂੰ ਆਪਣੇ ਵਸੀਲਿਆਂ ਤੋਂ ਵਧਾ ਲਵੇਗੀ, ਇਹ ਪੂਰੇ ਮਸਲੇ ਦੀ ਬੇਹੱਦ ਬਚਗਾਨਾ ਪੇਸ਼ਕਾਰੀ ਹੈ। ਇਹ ਸਮਝਣਾ ਕਿ ਮਨੁੱਖ ਪੂਰੀ ਤਰ੍ਹਾਂ ਕੁਦਰਤ ਦਾ ਗੁਲਾਮ ਹੈ, ਮਨੁੱਖ ਦੀ ਚੇਤਨਾ ਨੂੰ ਬਹੁਤ ਘੱਟ ਕਰਕੇ ਦੇਖਣਾ ਹੈ ਅਤੇ ਮਨੁੱਖ ਬਾਰੇ ਬਹੁਤ ਪੇਤਲੀ (ਪਸ਼ੂ ਜਗਤ ਦੇ ਪੱਧਰ ਦੀ) ਸਮਝ ਰੱਖਣਾ ਹੈ। ਕੋਈ ਸਮਾਂ ਸੀ ਅਕਾਲ ਪੈਂਦੇ ਸਨ, ਪਰ ਅੱਜ ਨਹੀਂ ਪੈਂਦੇ, ਕੋਈ ਸਮਾਂ ਸੀ ਪਲੇਗ ਮਨੁੱਖਤਾ ਦੇ ਇੱਕ ਤਿਹਾਈ ਹਿੱਸੇ ਨੂੰ ਖਤਮ ਕਰ ਦਿੰਦੀ ਸੀ, ਪਰ ਅੱਜ ਇਸ ਦੇ ਫੈਲਣ ਨਾਲ਼ 2-4 ਤੋਂ ਵੱਧ ਮੌਤਾਂ ਨਹੀਂ ਹੁੰਦੀਆਂ। (ਹੁਣ ਤੁਸੀਂ ਕਹੋਗੇ ਕਿ ਮਨੁੱਖ ਅੱਜ ਵੀ ਵੱਡੀ ਗਿਣਤੀ ‘ਚ ਬਿਮਾਰੀਆਂ ਨਾਲ਼ ਮਰਦੇ ਹਨ, ਮੈਂ ਕਹਾਂਗਾ ਵਿਦਵਾਨ ਜੀ ਕੁਝ ਸੋਚਿਆ ਵੀ ਕਰੋ, ਇਹਨਾਂ ਮੌਤਾਂ ਦਾ ਕਾਰਨ ਅਬਾਦੀ ਨਹੀਂ, ਮੈਡੀਕਲ ਵਿਗਿਆਨ ਨੂੰ ਕੁਝ ਲੋਕਾਂ ਵੱਲੋਂ ਨਿੱਜੀ ਮੁਨਾਫੇ ਕੁੱਟਣ ਲਈ ਵਰਤਣਾ ਹੈ)। ਇਸ ਕਰਕੇ ਟਾਪੂਆਂ/ਡਾਇਨਾਸੋਰਾਂ ਦੀਆਂ ਉਦਾਹਰਣਾਂ ਕਿਸੇ ਛੋਟੇ ਬੱਚੇ ਲਈ ਤਾਂ ਵੱਡੀ ਦਲੀਲ ਹੋ ਸਕਦੀ ਹੈ, ਪਰ ਪੜ੍ਹੇ-ਲਿਖੇ ਜਦ ਬੱਚਿਆਂ ਵਰਗੀਆਂ ਗੱਲਾਂ ਕਰਨ ਲੱਗਦੇ ਹਨ ਤਾਂ ਹੈਰਾਨੀ ਹੁੰਦੀ ਹੈ।

ਹੁਣ ਸ਼੍ਰੀਮਾਨ ਨੂਰਪੁਰ ਦੀ ਦੂਜੀ ਦਲੀਲ ਵੱਲ ਆਉਂਦੇ ਹਾਂ ਜਿਸ ਅਨੁਸਾਰ ਵਧਦੀ ਅਬਾਦੀ ਨਾਲ਼ ਲੋੜਾਂ ਵਧਦੀਆਂ ਹਨ, ਇਸ ਕਰਕੇ ਪੈਦਾਵਾਰ ਵਧਾਉਣੀ ਪੈਂਦੀ ਹੈ ਅਤੇ ਪੈਦਾਵਾਰ ਵਧਾਉਣ ਨਾਲ਼ ਕੁਦਰਤੀ ਵਸੀਲਿਆਂ ਦੀ ਬਰਬਾਦੀ ਅਤੇ ਵਾਤਾਵਰਨ ਦੀ ਤਬਾਹੀ ਹੁੰਦੀ ਹੈ। ਪ੍ਰੰਤੂ ਇਸ ਦਲੀਲ ਦਾ ਰਵਾਨਗੀ ਬਿੰਦੂ ਹੀ ਗਲਤ ਹੈ। ਸਰਮਾਏਦਾਰਾ ਢਾਂਚੇ ਵਿੱਚ ਪੈਦਾਵਾਰ ਦਾ ਉਦੇਸ਼ ਮਨੁੱਖਤਾ ਦੀਆਂ ਲੋੜਾਂ ਹੈ ਹੀ ਨਹੀਂ ਹੈ, ਸਗੋਂ ਸਗੋਂ ਫੈਕਟਰੀਆਂ ਤੇ ਜ਼ਮੀਨਾਂ ਦੇ ਮਾਲਕਾਂ ਦਾ ਨਿੱਜੀ ਮੁਨਾਫਾ ਹੈ ਅਤੇ ਪੈਦਾਵਾਰ ਵਧਾਉਣ ਦਾ ਉਦੇਸ਼ ਵੀ ਮੁਨਾਫਾ ਵਧਾਉਣਾ ਹੁੰਦਾ ਹੈ। ਇਹ ਸਿਆਸੀ ਆਰਥਿਕਤਾ ਦਾ ਇੱਕ ਬਹੁਤ ਹੀ ਬੁਨਿਆਦੀ ਜਿਹਾ ਨੁਕਤਾ ਹੈ। ਜੇ ਇਸਦਾ ਨੂਰਪੁਰ ਹੁਰਾਂ ਨੂੰ ਇਸਦਾ ਇਲਮ ਨਹੀਂ ਹੈ, ਤਾਂ ਸਾਡਾ ਇਸ ਵਿੱਚ ਕੋਈ ਕਸੂਰ ਨਹੀਂ ਹੈ, ਉਹ ਸਿਆਸੀ ਆਰਥਿਕਤਾ ਦੀ ਕੋਈ ਬੁਨਿਆਦੀ ਜਿਹੀ ਕਿਤਾਬ ਪੜ੍ਹ ਲੈਣ, ਸਮਝ ਲੱਗ ਜਾਵੇਗੀ। ਦੂਸਰਾ, ਨੂਰਪੁਰ ਹੁਰਾਂ ਦਾ ਇਹ ਤਰਕਸ਼ਾਸ਼ਤਰ ਕਿ ਅਬਾਦੀ ਪਹਿਲਾਂ ਵਧਦੀ ਹੈ, ਉਸਦੇ ਨਤੀਜੇ ਵਜੋਂ ਪੈਦਾਵਾਰ ਵਧਾਉਣੀ ਪੈਂਦੀ ਹੈ, ਇਹ ਅਸਲੀਅਤ ਨੂੰ ਸਿਰ ਪਰਨੇ ਕਰਨਾ ਹੈ। ਮਨੁੱਖਤਾ ਦੀ ਅਬਾਦੀ ਉਦੋਂ ਹੀ ਵਧਦੀ ਹੈ ਜਦੋਂ ਉਸ ਵਧੀ ਅਬਾਦੀ ਨੂੰ ਪਾਲਣ ਲਈ ਮਨੁੱਖਤਾ ਕੋਲ਼ ਪੈਦਾਵਾਰ ਕਰਨ ਦੀ ਸਮਰੱਥਾ ਵਿਕਸਤ ਹੋ ਜਾਂਦੀ ਹੈ। ਮਨੁੱਖਤਾ ਦੀ ਅਬਾਦੀ ਵਿੱਚ ਵਾਧਾ ਜਨਮ ਦਰ ਵਧਣ ਕਰਕੇ ਨਹੀਂ, ਸਗੋਂ ਮੌਤ ਦਰ ਘਟਣ ਕਰਕੇ ਹੁੰਦਾ ਹੈ ਜੋ ਮਨੁੱਖਤਾ ਵੱਲੋਂ ਆਪਣੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਕਰਕੇ ਸੰਭਵ ਹੁੰਦਾ ਹੈ, ਇਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ। ਇਸ ਲਈ ਇਹ ਤਰਕ ਕਿ ਅਬਾਦੀ ਦੀਆਂ ਵਧਦੀਆਂ ਲੋੜਾਂ ਲਈ ਪੈਦਾਵਾਰ ਵਧਾਉਣੀ ਪੈਂਦੀ ਹੈ, ਨਿਰਾ ਬਕਵਾਸ ਹੈ। ਤੀਸਰਾ, ਪੈਦਾਵਾਰ ਦਾ ਇੱਕ ਪੱਖ ਇਹ ਵੀ ਹੈ ਕਿ ਬਹੁਗਿਣਤੀ 80-85% ਲੋਕਾਂ ਨੂੰ ਤਾਂ ਬੁਨਿਆਦੀ ਲੋੜਾਂ ਜਿੰਨਾ ਵੀ ਨਹੀਂ ਮਿਲ਼ਦਾ ਇਸ ਢਾਂਚੇ ਵਿੱਚ, ਉਹਨਾਂ ਨੂੰ ਪੈਦਾਵਾਰ ਵਧਾਉਣ ਲਈ ਦੋਸ਼ ਦੇਈ ਜਾਣਾ ਨੂਰਪੁਰ ਹੁਰਾਂ ਦੀ ਸਮਾਜਕ ਪੋਜ਼ੀਸ਼ਨ ਬਾਰੇ ਕਾਫੀ ਕੁਝ ਦੱਸਦਾ ਹੈ ਅਤੇ ਇਹੀ ਪੋਜ਼ੀਸ਼ਨ ਉਹਨਾਂ ਦੇ ਪੂਰੇ ਲੇਖ ਵਿੱਚ ਬੋਲਦੀ ਹੈ। ਨੂਰਪੁਰ ਹੁਰੀਂ ਸਵੈਟਰ ਦੀ ਉਦਾਹਰਨ ਦੇ ਕੇ ਕਹਿੰਦੇ ਹਨ ਕਿ ਅਬਾਦੀ ਵਧਣ ਨਾਲ਼ ਵਧ ਸਵੈਟਰ ਚਾਹੀਦੇ ਹਨ। ਨੂਰਪੁਰ ਜੀ, ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਧਰਤੀ ਉੱਤੇ ਹੀ ਰਹਿੰਦੇ ਹੋ। ਕਿੰਨੇ ਕੁ ਗਰੀਬ ਲੋਕਾਂ ਨੂੰ ਸਵੈਟਰ ਮਿਲ਼ਦਾ ਹੈ ਪਾਉਣ ਲਈ, ਜਿਹਨਾਂ ਗਰੀਬਾਂ ਨੂੰ ਮਿਲਦਾ ਵੀ ਹੈ ਉਹ ਵੀ ਲੁਧਿਆਣੇ ਦੇ ਜਗਰਾਓਂ ਪੁਲ਼ ਥੱਲੇ ਵਿਕਦੀ ਉਤਾਰ ਖਰੀਦ ਕੇ ਪਾਉਂਦੇ ਹਨ। ਇਹ ਸਵੈਟਰ ਤੇ ਹੋਰ ਕੱਪੜਿਆਂ ਦੇ ਸ਼ੋ-ਰੂਮ ਧਨ-ਪਸ਼ੂਆਂ ਤੇ ਉਹਨਾਂ ਦੇ ਟੁਕੜਿਆਂ ਉੱਤੇ ਪਲਣ ਵਾਲ਼ੇ ਮੱਧਵਰਗੀ ਤਬਕੇ ਲਈ ਹੁੰਦੇ ਹਨ ਜਿਹੜੇ ਕੁਲ਼ ਅਬਾਦੀ ਦਾ 15 ਕੁ ਫੀਸਦੀ ਹਿੱਸਾ ਹੁੰਦੇ ਹਨ। ਜੇ ਇਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾਵੇ ਤਾਂ ਇੱਕ-ਇੱਕ ਬੰਦੇ ਕੋਲ਼ 50-50 ਕਮੀਜ, ਪੈਂਟਾਂ, ਕੋਟ, ਸਵੈਟਰ ਥਿਆਉਣਗੇ (ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਣ!) ਤੇ ਇਹਨਾਂ ਦੀਆਂ ਔਰਤਾਂ ਦੀ ਤਾਂ ਗੱਲ ਹੀ ਛੱਡੋ, ਇਹਨਾਂ ਕੋਲ਼ ਤਾਂ ਕੱਪੜੇ ਖਰੀਦਣ ਤੋਂ ਬਿਨਾਂ ਸ਼ਾਇਦ ਕੋਈ ਕੰਮ ਹੈ ਹੀ ਨਹੀਂ ਧਰਤੀ ਉੱਤੇ। ਜੇ ਨੂਰਪੁਰ ਹੁਰਾਂ ਨੂੰ ਵਾਤਾਵਰਨ ਦੀ ਖਰੀ ਚਿੰਤਾ ਹੈ ਤਾਂ ਉਹ ਇਹਨਾਂ 15% ਲੋਕਾਂ ਦਾ ਇਲਾਜ ਕਰਨ ਲਈ ਕੁਝ ਕਰਨ। ਹੁਣ ਇਸ ਦਲੀਲ ਦੇ ਦੂਜੇ ਹਿੱਸੇ ਵੱਲ ਆਈਏ ਕਿ ਪੈਦਾਵਾਰ ਵਧਣ ਨਾਲ਼ ਲਾਜ਼ਮੀ ਹੀ ਵਾਤਾਵਰਨ ਦੀ ਤਬਾਹੀ ਤੇ ਕੁਦਰਤੀ ਵਸੀਲਿਆਂ ਦੀ ਬਰਬਾਦੀ ਹੁੰਦੀ ਹੈ, ਇਹ ਵੀ ਉੱਕਾ ਹੀ ਮੂਰਖਤਾਪੂਰਨ ਤਰਕ ਹੈ। ਜੇ ਅੱਜ ਪੈਦਾਵਾਰ ਦੇ ਵਧਣ ਨਾਲ ਅਜਿਹਾ ਹੋ ਰਿਹਾ ਦਿਖਾਈ ਦੇ ਰਿਹਾ ਹੈ, ਉਹ ਇਸ ਲਈ ਨਹੀਂ ਕਿ ਅਬਾਦੀ ਦਾ ਇਸ ਵਿੱਚ ਕੋਈ ਦੋਸ਼ ਹੈ, ਨਹੀਂ ਜਨਾਬ, ਇਹ ਤੁਹਾਡੀ ਨਜਰ ਦੀ ਕਮਜ਼ੋਰੀ ਹੈ ਕਿ ਵਿਚਾਰੀ “ਅਬਾਦੀ” ਖਲਨਾਇਕ ਬਣੀ ਹੋਈ ਹੈ। ਅਜਿਹਾ ਪੈਦਾਵਾਰ ਨੂੰ ਜਥੇਬੰਦ ਕਰਨ ਦੇ ਸਰਮਾਏਦਾਰਾ ਢੰਗ ਕਰਕੇ ਹੋ ਰਿਹਾ ਹੈ। ਪੈਦਾਵਾਰ ਨੂੰ ਬਿਨਾਂ ਵਾਤਾਵਰਨ ਦੀ ਤਬਾਹੀ ਤੇ ਕੁਦਰਤੀ ਵਸੀਲਿਆਂ ਦੀ ਬਰਬਾਦੀ ਕੀਤਿਆਂ ਵੀ ਵਧਾਇਆ ਜਾ ਸਕਦਾ ਹੈ ਜੇ ਪੈਦਾਵਾਰ ਨੂੰ ਯੋਜਨਾਬੱਧ ਕੀਤਾ ਜਾਵੇ, ਉਸਨੂੰ ਵਾਤਾਵਰਨ ਨੂੰ ਤਬਾਹ ਕਰਨ ਵਾਲ਼ੀ ਹੋਣ ਦੀ ਥਾਂ ਵਾਤਾਵਰਨ ਨਾਲ਼ ਸੁਰਮੇਲ ਬਿਠਾਉਣ ਵਾਲ਼ੀ ਬਣਾਇਆ ਜਾ ਸਕਦਾ ਹੈ। ਖੇਤੀ ਵਿੱਚ ਅੱਜ ਤੱਕ ਹੋ ਚੁੱਕੇ ਵਿਗਿਆਨਕ ਵਿਕਾਸ (ਜ਼ਾਹਿਰ ਹੈ ਕਿ ਵਿਗਿਆਨਕ ਵਿਕਾਸ ਦੇ ਹੋਰ ਉਚੇਰੇ ਪੱਧਰ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਵੀ ਅਪਾਰ ਹਨ) ਦਾ ਹੀ ਪੂਰਾ ਇਸਤੇਮਾਲ ਕੀਤਾ ਜਾਵੇ ਤਾਂ ਰਸਾਇਣਿਕ ਖਾਦਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਤੇ ਹੋਰ ਮਾਰੂ ਪ੍ਰਭਾਵਾਂ ਨੂੰ ਬਹੁਤ ਹੱਦ ਤੱਕ, ਇੱਥੋਂ ਤੱਕ ਕਿ ਪੂਰੀ ਤਰ੍ਹਾਂ ਨਾਲ਼ ਖਤਮ ਕੀਤਾ ਜਾ ਸਕਦਾ ਹੈ ਅਤੇ ਨਾਲ਼ ਹੀ ਪੈਦਾਵਾਰ ਨੂੰ ਵੀ ਹੋਰ ਵਧਾਇਆ ਜਾ ਸਕਦਾ ਹੈ।

ਫੈਕਟਰੀਆਂ ਦੇ ਮਾਮਲੇ ਵਿੱਚ ਵੀ ਅਜਿਹਾ ਬਿਲਕੁਲ ਸੰਭਵ ਹੈ। ਇਸ ਲਈ ਕਈ ਕਦਮ ਚੁੱਕੇ ਜਾ ਸਕਦੇ ਹਨ। ਪਹਿਲੀ ਗੱਲ ਤਾਂ ਗੈਰ-ਜਰੂਰੀ ਪੈਦਾਵਾਰ ਨੂੰ ਬੰਦ ਕੀਤਾ ਜਾਵੇ, ਮਿਸਾਲ ਵਜੋਂ ਕਾਰਾਂ ਆਦਿ। ਇਸਦੀ ਥਾਂ ਜਨਤਕ ਆਵਾਜਾਈ ਨੂੰ ਬੇਹੱਦ ਵਿਕਸਤ ਕੀਤਾ ਜਾ ਸਕਦਾ ਹੈ। ਲੁਧਿਆਣੇ ਤੋਂ ਚੰਡੀਗੜ੍ਹ ਲਈ ਦਿਨ ਵਿੱਚ ਕੁਝ ਕੁ ਗੱਡੀਆਂ ਹੀ ਬਹੁਤ ਹਨ, ਇਸ ਨਾਲ਼ ਸਫਰ ਦੇ ਖਰਚੇ ਤਾਂ ਘਟਣਗੇ ਹੀ, ਨਾਲ਼ ਹੀ 2-2 ਮਿੰਟ ਬਾਅਦ ਧੂੰਆਂ ਉਡਾਉਂਦੀਆਂ ਬੱਸਾਂ ਤੇ ‘ਕੱਲੇ-‘ਕੱਲੇ ਕਾਰ ਚੱਕੀ ਫਿਰਦੇ ਧਨ-ਪਸ਼ੂਆਂ ਤੋਂ ਅਰਾਮ ਨਾਲ਼ ਖਹਿੜਾ ਛੁਡਾਇਆ ਜਾ ਸਕਦਾ ਹੈ। ਲੋਕਾਂ ਨੂੰ ਜੀਵਨ ਵਿੱਚ ਅਨੁਸ਼ਾਸਨ ਅਪਣਾਉਣ, ਪੈਦਲ ਤੁਰਨ ਤੇ ਸਾਈਕਲ ਚਲਾਉਣ ਲਈ ਪ੍ਰੇਰਤ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ਼ ਨਾ ਸਿਰਫ ਊਰਜਾ ਬਚੇਗੀ, ਸਗੋਂ ਕੁਇੰਟਲ-ਕੁਇੰਟਲ ਦੇ ਢਿੱਡ ਲੈ ਕੇ ਘੁੰਮਣ ਵਾਲ਼ਿਆਂ ਤੋਂ ਧਰਤੀ ਦਾ ਖਹਿੜਾ ਛੁੱਟੇਗਾ ਤੇ ਨੂਰਪੁਰ ਜੀ ਨੂੰ ਬਹੁਤ ਭੈੜੇ ਲੱਗਣ ਵਾਲ਼ੇ ਟਰੈਫਿਕ ਜਾਮ ਵੀ ਦੇਖਣ ਨੂੰ ਨਹੀਂ ਮਿਲਣਗੇ। ਪਰ ਕੀ ਸਰਮਾਏਦਾਰਾ ਢਾਂਚੇ ਵਿੱਚ ਅਜਿਹਾ ਸੰਭਵ ਹੈ, ਉੱਕਾ ਹੀ ਨਹੀਂ ਕਿਉਂਕਿ ਇਸ ਨਾਲ਼ ਕਾਰਾਂ, ਬੱਸਾਂ ਬਣਾਉਣ ਵਾਲ਼ਿਆਂ ਟਾਟਿਆਂ, ਮਹਿੰਦਰਿਆਂ, ਸੁਜ਼ੂਕੀਆਂ ਤੋਂ ਲੈ ਕੇ ਟਰਾਂਸਪੋਰਟਰਾਂ ਤੇ ਕੌਮਾਂਤਰੀ ਪੈਟਰੋਲੀਅਮ ਕੰਪਨੀਆਂ ਤੇ ਖੂਨ ‘ਚੋਂ ਚਰਬੀ, ਸ਼ੂਗਰ ਘਟਾਉਣ ਦੀਆਂ ਦਵਾਈਆਂ ਵੇਚਣ ਵਾਲ਼ੀਆਂ ਦਵਾ-ਕੰਪਨੀਆਂ ਦੇ ਮੁਨਾਫੇ ਜੁੜੇ ਹੋਏ ਹਨ ਅਤੇ ਇਹਨਾਂ ਦੇ ਆਖੇ ਬਿਨਾਂ ਤਾਂ ਸੱਤ੍ਹਾ ਦੇ ਗਲਿਆਰਿਆਂ ਵਿੱਚ ਪੱਤਾ ਤੱਕ ਨਹੀਂ ਹਿੱਲਦਾ। ਦੂਸਰਾ, ਪਥਰਾਟ ਬਾਲਣਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ, ਇੱਕ ਤਾਂ ਇਹਨਾਂ ਊਰਜਾ ਦੇ ਸ੍ਰੋਤਾਂ ਦੀ ਬੇਲੋੜੀ ਵਰਤੋਂ ਘੱਟ ਕਰਕੇ ਤੇ ਦੂਜਾ ਊਰਜਾ ਦੇ ਨਵਿਆਉਣਯੋਗ ਸਾਧਨ ਵਿਕਸਤ ਕਰਕੇ ਜਿੰਨ੍ਹਾਂ ਦਾ ਵਿਕਾਸ ਮੌਜੂਦਾ ਢਾਂਚੇ ਕਰਕੇ ਰੁਕਿਆ ਹੋਇਆ ਹੈ। ਤੀਸਰਾ, ਫੈਕਟਰੀਆਂ ਦੇ ਕੂੜੇ ਨੂੰ ਸੋਧ ਕੇ ਵਾਤਾਵਰਨ ਨੂੰ ਹਾਨੀ ਤੋਂ ਬਚਾਉਣ ਲਈ ਚੋਖਾ ਕੰਮ ਹੋ ਸਕਦਾ ਹੈ ਪਰ ਮੌਜੂਦਾ ਢਾਂਚੇ ਵਿੱਚ ਸਰਮਾਏਦਾਰ ਅਜਿਹਾ ਕਰਨਗੇ ਨਹੀਂ ਕਿਉਂਕਿ ਇਸ ਨਾਲ਼ ਉਹਨਾਂ ਦੇ ਮੁਨਾਫੇ ਥੱਲੇ ਆਉਂਦੇ ਹਨ। ਹਵਾ ਨੂੰ ਸ਼ੁੱਧ ਕਰਨ ਲਈ ਨਵੇਂ ਜੰਗਲ਼ ਖੜੇ ਕੀਤੇ ਜਾ ਸਕਦੇ ਹਨ। ਵਾਤਾਵਰਨ ਦੀ ਸਮੱਸਿਆ ਨੂੰ ਸਮਾਜਵਾਦੀ ਦੇਸ਼ਾਂ ਸੋਵੀਅਤ ਯੂਨੀਅਨ ਤੇ ਚੀਨ ਨੇ ਕਿਵੇਂ ਹੱਲ ਕੀਤਾ ਸੀ, ਇਸਨੂੰ ਪੜ੍ਹਨ ਦੀ ਸਿਫਾਰਸ਼ ਅਸੀਂ ਨੂਰਪੁਰ ਜੀ ਨੂੰ ਕਰਾਂਗੇ। ਪਰ ਇਹ ਸਭ ਕੁਝ ਮੌਜੂਦਾ ਸਰਮਾਏਦਾਰਾ ਢਾਂਚੇ ਵਿੱਚ ਸੰਭਵ ਨਹੀਂ ਹੈ, ਇਸ ਵਾਸਤੇ ਸਰਮਾਏਦਾਰਾ ਪੈਦਾਵਾਰੀ ਢੰਗ ਨੂੰ ਖਤਮ ਕਰਕੇ ਇੱਕ ਨਵਾਂ ਪੈਦਾਵਾਰੀ ਢੰਗ, ਸਮਾਜਵਾਦੀ ਪੈਦਾਵਾਰੀ ਢੰਗ ਸਥਾਪਤ ਕਰਨਾ ਪਵੇਗਾ। ਇਸ ਲਈ ਨੂਰਪੁਰ ਹੁਰਾਂ ਨੂੰ ਜੇ ਸੱਚੀਂ ਵਾਤਾਵਰਨ ਤੇ ਕੁਦਰਤ ਦਾ ਫਿਕਰ ਹੈ ਤਾਂ ਉਹ ਇੱਥੇ ਬੈਠ ਕੇ ਪੱਛਮ ਦੇ “ਮਾਲਥਸਵਾਦੀ” ਤੇ “ਨਵ-ਮਾਲਥਸਵਾਦੀ” ਬੌਧਿਕ ਕੂੜੇ ਨੂੰ ਚੱਟ-ਚੱਟ ਕੇ ਪਾਠਕਾਂ ਅੱਗੇ ਪਰੋਸਣ ਦੀ ਥਾਂ ਸਮਾਜਵਾਦ ਦੀ ਸਥਾਪਨਾ ਲਈ ਮਨੁੱਖਤਾ ਦੇ ਸੰਘਰਸ਼ ਦਾ ਹਿੱਸਾ ਬਣਨ। ਪਰ ਉਹ ਤਾਂ ਸ਼ਹਿਰਾਂ ਵਿੱਚ ਅਬਾਦੀ ਦਾ ਭਾਰ ਵਧਣ, ਜਾਮ ਲੱਗਣ ਨੂੰ ਦੇਖ ਕੇ ਹੈਰਾਨ ਹੋਈ ਜਾਂਦੇ ਹਨ,ਅਖੇ – “ਕੀ ਅਸੀਂ ਇਹਨਾਂ ਤੋਂ ਅੱਖਾਂ ਮੀਟ ਛੱਡੀਏ? ਇਹ ਮੰਨ ਕਿ ਇਹ ਸਾਧਨਾਂ ਦੀ ਕਾਣੀ ਵੰਡ ਕਰਕੇ ਹੈ?” ਬਿਲਕੁਲ, ਨੂਰਪੁਰ ਜੀਓ ਇਹ ਸਾਧਨਾਂ ਦੀ ਕਾਣੀ ਵੰਡ ਕਰਕੇ ਹੀ ਹੈ। ਸਰਮਾਏਦਾਰਾ ਢਾਂਚਾ ਸਭ ਥਾਵਾਂ ਦਾ ਇਕਸਾਰ ਵਿਕਾਸ ਨਹੀਂ ਕਰਦਾ, ਜਿਸ ਕਰਕੇ ਕੁਝ ਥਾਵਾਂ ਜਿਵੇਂ ਸ਼ਹਿਰ, ਅਬਾਦੀ ਦੇ ਕੇਂਦਰ ਬਣ ਜਾਂਦੇ ਹਨ। ਇਸੇ ਤਰ੍ਹਾਂ ਸਰਮਾਏਦਾਰਾ ਢਾਂਚਾ ਸਭਨਾਂ ਲੋਕਾਂ ਦਾ ਵੀ ਇਕਸਾਰ ਵਿਕਾਸ ਨਹੀਂ ਕਰਦਾ ਕਿਉਂਕਿ ਸਭਨਾਂ ਕੋਲ਼ ਸਾਧਨਾਂ ਦੀ ਮਾਲਕੀ ਨਹੀਂ ਹੁੰਦੀ, ਮੁੱਠੀਭਰ ਲੋਕ ਮਾਲਕ ਹੁੰਦੇ ਹਨ ਤੇ ਬਹੁਗਿਣਤੀ ਉਹਨਾਂ ਲਈ ਕੰਮ ਕਰਨ ਵਾਲ਼ੇ ਗੁਲਾਮ ਤੇ ਇਹ ਮੁੱਠੀਭਰ, ਲੁੱਟ ਦੇ ਮਾਲ ਨਾਲ਼ ਆਫਰਿਆ ਮਾਲਕ ਤਬਕਾ ਹੈ ਜਿਹੜਾ ਕਾਰਾਂ ਖਰੀਦ-ਖਰੀਦ ਸੜਕਾਂ ਭਰ ਦਿੰਦਾ ਹੈ ਤੇ ਜਾਮ ਲਾਉਂਦਾ ਹੈ, ਬਹੁਗਿਣਤੀ ਹਮਾਤੜਾਂ ਕੋਲ਼ ਤਾਂ ਸਾਈਕਲ ਹੁੰਦੇ ਹਨ ਜਾਂ ਵੱਧ ਤੋਂ ਵੱਧ ਦੋਪਹੀਆ ਵਾਹਨ। ਤੁਹਾਨੂੰ ਅੱਖਾਂ ਮੀਟਣ ਲਈ ਵੀ ਕੋਈ ਨਹੀਂ ਕਹਿ ਰਿਹਾ, ਸਿਰਫ ਆਪਣੇ ਮੱਧਵਰਗੀ ਟੀਰ ਦਾ ਇਲਾਜ ਕਰਾਕੇ ਮਸਲੇ ਦੇ ਅਸਲ ਕਾਰਨਾਂ ਵੱਲ ਝਾਕਣ ਲਈ ਕਿਹਾ ਜਾ ਰਿਹਾ ਹੈ। ਨੂਰਪੁਰ ਜੀ, ਜੀਵ ਵਿਗਿਆਨ, ਭੌਤਿਕ ਵਿਗਿਆਨ, ਸਮਾਜ ਵਿਗਿਆਨ ਆਦਿ ਵਿਗਿਆਨਾਂ ਵਿੱਚੋਂ ਹਰੇਕ ਦਾ ਆਪਣਾਂ ਇੱਕ ਅਲੱਗ ਦਾਇਰਾ ਹੁੰਦਾ ਹੈ ਅਤੇ ਆਪਣੇ ਅਲੱਗ-ਅਲੱਗ ਨਿਯਮ। ਇਸ ਲਈ ਮਨੁੱਖੀ ਸਮਾਜ ਬਾਰੇ ਫਤਵੇ ਜਾਰੀ ਕਰਨ ਤੋਂ ਪਹਿਲਾਂ ਸਮਾਜ ਵਿਗਿਆਨਾਂ ਦੀ ਬੁਨਿਆਦੀ ਜਾਣਕਾਰੀ ਹਾਸਲ ਕਰੋ ਅਤੇ ਕਾਗਜ਼ਾਂ ਉੱਤੇ ਤਰਸ ਕਰੋ ਕਿਉਂਕਿ ਕਾਗਜ ਬਣਾਉਣ ਲਈ ਰੁੱਖਾਂ ਦੀ ਕਟਾਈ ਹੁੰਦੀ ਹੈ ਤੇ ਮਨੁੱਖੀ ਕਿਰਤ ਖਰਚ ਹੁੰਦੀ ਹੈ ਤੇ ਬਿਨਾਂ ਵਜਾਹ, ਬਿਨਾਂ ਕਿਸੇ ਤੰਤ ਤੋਂ ਐਵੇਂ ਆਪਣਾ ਨਾਂ ਅਖਬਾਰਾਂ-ਰਸਾਲਿਆਂ ਵਿੱਚ ਦੇਖਣ ਲਈ ਲਿਖੀ ਜਾਣਾ ਮਨੁੱਖੀ ਕਿਰਤ ਤੇ ਕੁਦਰਤ ਦੋਵਾਂ ਦੀ ਬਰਬਾਦੀ ਹੈ।

ਅਬਾਦੀ ਵਿੱਚ ਵਾਧੇ ਦੇ ਕਾਰਕਾਂ ਬਾਰੇ ਵੀ ਉਹਨਾਂ ਦੇ ਅਵੱਲੇ ਸਿਧਾਂਤਾਂ ਵੱਲ ਆਉਂਦੇ ਹਾਂ। ਉਹਨਾਂ ਅਨੁਸਾਰ, ਸਰਮਾਏਦਾਰ ਅਬਾਦੀ ਵਿੱਚ ਵਾਧੇ ਨੂੰ ਹੱਲਾਸ਼ੇਰੀ ਦਿੰਦੇ ਹਨ ਤਾਂ ਕਿ ਉਹਨਾਂ ਲਈ ਮੰਡੀ ਪੈਦਾ ਹੋ ਸਕੇ, ਸਿਆਸੀ ਲੀਡਰ ਆਪਣੀਆਂ ਵੋਟਾਂ ਦੀ ਗਿਣਤੀ ਵਧਾਉਣ ਲਈ ਅਬਾਦੀ ਨੂੰ ਵਧਣ ਦਿੰਦੇ ਹਨ ਅਤੇ ਧਾਰਮਿਕ ਨੇਤਾ ਆਪਣੇ-ਆਪਣੇ ਧਰਮਾਂ ਦੀ ਗਿਣਤੀ ਵਧਾਉਣ ਲਈ ਅਬਾਦੀ ਵਧਾਉਣ ਲਈ ਕਹਿੰਦੇ ਹਨ, ਅਤੇ ਲੋਕ (ਜਿੰਨ੍ਹਾਂ ਨੂੰ ਉਹ ਭੀੜ, ਮਿੱਟੀ ਦੇ ਮਾਧੋ, ਦਿਮਾਗੋਂ ਖਾਲੀ, ਬੇਅਕਲ, ਜਾਹਿਲ ਸਮਝਦੇ ਹਨ) ਇਹਨਾਂ ਸਭਨਾਂ ਦੀਆਂ ਸਾਜਿਸ਼ਾਂ ਨੂੰ ਨਹੀਂ ਸਮਝਦੇ ਅਤੇ ਧੜਾਧੜ ਬੱਚੇ ਜੰਮੀ ਜਾਂਦੇ ਹਨ। ਇਸ ਲਈ ਜਨਾਬ ਨੂਰਪੁਰ ਅਨੁਸਾਰ ਬੁੱਧੀਜੀਵੀਆਂ ਨੂੰ ਵਧਦੀ ਅਬਾਦੀ ਦੇ ਦੈਂਤ ਤੋਂ ਮਨੁੱਖਤਾ ਨੂੰ ਬਚਾਉਣ ਲਈ ਅਬਾਦੀ ਘਟਾਉਣ ਲਈ ਲੋਕਾਂ ਅੱਗੇ ਸੱਚਾਈ ਬਿਆਨਣੀ ਚਾਹੀਦੀ ਹੈ ਜੋ ਕਿ ਨੂਰਪੁਰ ਹੁਰਾਂ ਦੀ “ਜੰਗਜੂ” ਟੁਕੜੀ ਕਰ ਰਹੀ ਹੈ, ਭਾਵੇਂ ਕਿ ਇਸ ਲਈ ਉਹਨਾਂ ਨੂੰ ਤਰਕ, ਤੱਥਾਂ, ਅੰਕੜਿਆਂ, ਪਰਿਭਾਸ਼ਾਵਾਂ, ਇੱਥੋਂ ਤੱਕ ਕਿ “ਕਾਮਨਸੈਂਸ” ਦੀ ਆਹੀ-ਤਹੀ ਕਿਉਂ ਨਾ ਕਰਨੀ ਪਵੇ।

ਦੂਜੇ ਪੈਰ੍ਹੇ ਦੇ ਪਹਿਲੇ ਵਾਕ ਤੋਂ ਹੀ ਨੂਰਪੁਰ ਹੁਰੀਂ ਆਪਣੇ ਕੁਤਰਕਾਂ ਦੇ ਮੀਨਾਰ ਦੀ ਨੀਂਹ ਧਰ ਲੈਂਦੇ ਹਨ  “ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਅਬਾਦੀ ਦਾ ਬੇਰੋਕ ਵਾਧਾ ਕੋਈ ਵੱਡੀ ਸਮੱਸਿਆ ਨਹੀਂ ਹੈ।” ਪਹਿਲੀ ਗੱਲ ਤਾਂ ਇਹ ਕਿ ਅਬਾਦੀ ਦਾ ਵਾਧਾ ਬੇਰੋਕ ਹੁੰਦਾ ਹੀ ਨਹੀਂ ਹੈ, ਅਬਾਦੀ ਦੇ ਵਾਧੇ ਦੇ ਆਪਣੇ ਨਿਯਮ ਹਨ, ਉਹਨਾਂ ਨੂੰ ਜਾਣਿਆ ਜਾ ਸਕਦਾ ਹੈ ਅਤੇ ਬਹੁਤ ਹੱਦ ਤੱਕ ਜਾਣਿਆ ਜਾ ਚੁੱਕਾ ਹੈ। ਨੂਰਪੁਰ ਹੁਰੀਂ ਵੀ ਇਹ ਜਾਣ ਸਕਦੇ ਹਨ ਜੇ ਉਹ ਆਪਣੇ ਤੱਤ ਪੱਖੋਂ ਕੰਗਾਲ ਲੇਖਾਂ ਦੀਆਂ ਫੋਟੋਆਂ ਫੇਸਬੁੱਕ ਉੱਤੇ ਚਿਪਕਾਉਣ ਤੇ ਉਹਨਾਂ ਉੱਤੇ ਆਉਂਦੇ “ਲਾਈਕ” ਗਿਣਨ ਨਾਲ਼ੋਂ ਸਮਾਜ ਵਿਗਿਆਨ ਬਾਰੇ ਕੁਝ ਪੜ੍ਹ ਲੈਣ; ਆਪਣੀਆਂ ਪਹਿਲੋਂ ਨਿਰਧਾਰਤ ਅੰਤਰਮੁਖੀ ਧਾਰਨਾਵਾਂ ਨੂੰ ਤੱਜ ਕੇ ਯਥਾਰਥ ਦਾ ਅਧਿਐਨ ਕਰਨ ਤੇ ਤੱਥਾਂ ਤੋਂ ਰਵਾਨਗੀ ਕਰਨ ਦਾ ਢੰਗ ਅਪਣਾਉਣ ਪਰ ਉਹ ਅਜਿਹਾ ਢੰਗ ਅਪਨਾਉਣ ਦੇ ਹੀ ਖਿਲਾਫ ਹਨ। ਉਹਨਾਂ ਦਾ ਢੰਗ ਨਿਰਾਲਾ ਹੈ, ਉਹਨਾਂ ਦਾ ਕਹਿਣਾ ਹੈ  “ਹਰ ਲੇਖਕ ਨੂੰ ਹਰ ਵਰਤਾਰੇ ਨੂੰ ਅੰਕੜਿਆਂ ਦੀ ਦੂਰਬੀਨ ਨਾਲ਼ ਵੇਖਣ ਦੀ ਬਜਾਏ ਆਪਣੇ ਵਿਵੇਕ ਅਤੇ ਤਰਕਸ਼ੀਲ ਸਮਝ ਨਾਲ਼ ਵੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।” ਪਤਾ ਨਹੀਂ ਅਜਿਹੀ ਕਿਹੜੀ ਤਰਕਸ਼ੀਲ ਸਮਝ ਹੈ ਜਿਹੜੀ ਮਨੁੱਖੀ ਚੇਤਨਾ ਤੋਂ ਅਜ਼ਾਦ ਹੋਂਦ ਰੱਖਦੇ ਬਾਹਰਮੁਖੀ ਯਥਾਰਥ ਬਾਰੇ ਤੱਥਾਂ ਤੇ ਅੰਕੜਿਆਂ ਤੋਂ ਬਿਨਾਂ ਕੰਮ ਕਰ ਸਕਦੀ ਹੈ? ਅੰਕੜਿਆਂ ਤੋਂ ਤਾਂ ਸ਼੍ਰੀਮਾਨ ਨੂਰਪੁਰ ਨੂੰ ਖਾਸ ਹੀ ਚਿੜ੍ਹ ਹੈ ਭਾਵੇਂ ਉਹ ਖੁਦ ਅੰਕੜੇ ਦੇਣ ਤੋਂ ਗੁਰੇਜ ਨਹੀਂ ਕਰਦੇ ਤੇ ਉਹਨਾਂ ਵਿੱਚੋਂ ਗਲਤ ਨਤੀਜੇ ਵੀ ਕੱਢਦੇ ਹਨ। ਅਨਾਜ ਗਲਣ-ਸੜਨ ਦੇ ਅੰਕੜੇ ਦੇ ਕੇ ਭੁੱਖਮਰੀ ਦੀ ਵਿਆਖਿਆ ਕਰਨ ਕਿ ਕਿਵੇਂ ਆਰਥਿਕ ਸਾਧਨਾਂ ਦੀ ਕਾਣੀ ਵੰਡ ਭੁੱਖਮਰੀ ਪੈਦਾ ਕਰ ਰਹੀ ਹੈ, ਤੋਂ ਵੀ ਉਹਨਾਂ ਨੂੰ ਇਤਰਾਜ ਹੈ। ਉਹ ਬੜੇ ਮਜਬੂਰ ਜਿਹੇ ਹੋ ਕੇ ਅਸਲੀ ਗੱਲ ਮੰਨ ਤਾਂ ਲੈਂਦੇ ਹਨ ਪਰ ਨਾਲ਼ ਹੀ ਆਪਣੀ “ਅਬਾਦੀ ਵਾਧੇ” ਦੀ ਟੁੱਟੀ ਮਧਾਣੀ ਨੂੰ ਛੱਡਦੇ ਨਹੀਂ “…ਇਹ ਕਿਹਾ ਜਾ ਸਕਦਾ ਹੈ ਭੁੱਖਮਰੀ ਸਾਧਨਾਂ ਦੀ ਕਾਣੀ ਵੰਡ ਕਰਕੇ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕੀ ਅਬਾਦੀ ਦੇ ਵਾਧੇ ਨੂੰ ਜਾਇਜ ਠਹਿਰਾਇਆ ਜਾਵੇ।” ਨੂਰਪੁਰ ਜੀ, ਸਵਾਲ ਅਬਾਦੀ ਵਿੱਚ ਵਾਧੇ ਨੂੰ ਜਾਇਜ਼-ਨਜਾਇਜ਼ ਠਹਿਰਾਉਣ ਦਾ ਨਹੀਂ ਹੈ (ਜੇ ਤੁਹਾਨੂੰ ਕੁਝ ਯਾਦ ਰਹਿੰਦਾ ਹੋਵੇ!), ਸਵਾਲ ਇਹ ਹੈ ਕਿ ਅਬਾਦੀ ਵਿੱਚ ਵਾਧਾ ਮਨੁੱਖੀ ਸਮਾਜ ਦੀਆਂ ਸਮੱਸਿਆਵਾਂ ਦਾ ਕਾਰਨ ਹੈ ਜਾਂ ਨਹੀਂ? ਸਵਾਲ ਇਹ ਹੈ ਕਿ ਕੀ ਅਬਾਦੀ ਵਿੱਚ ਵਾਧਾ ਕੋਈ ਅਜਿਹੀ ਬੁਨਿਆਦੀ ਮੁਸ਼ਕਿਲ ਹੈ ਜਿਸ ਤੋਂ ਮਨੁੱਖਤਾ ਨੂੰ ਨਿਜਾਤ ਪਾਉਣੀ ਚਾਹੀਦੀ ਹੈ?, ਇਸ ਲਈ ਆਪਣੇ ਕੋਲ਼ੋਂ ਗੱਲਾਂ ਘੜ ਕੇ ਦੂਜਿਆਂ ਦੇ ਮੂੰਹ ਨਾ ਪਾਈਆਂ ਜਾਣ। ਖੈਰ, ਤੱਥ ਤੇ ਅੰਕੜੇ ਕਿਸੇ ਵਿਅਕਤੀ ਦੀ ਦਲੀਲ ਦਾ ਹਿੱਸਾ ਹੁੰਦੇ ਹਨ, ਉਹਨਾਂ ਦੇ ਅਧਾਰ ਉੱਤੇ ਹੀ ਕੋਈ ਵਿਅਕਤੀ ਆਪਣੀ ਦਲੀਲ ਨੂੰ ਖੜਾ ਕਰਦਾ ਹੈ, ਅੰਕੜਿਆਂ/ਤੱਥਾਂ ਦੀ ਰੌਸ਼ਨੀ ਵਿੱਚ ਹੀ ਸਿਧਾਂਤ ਘੜੇ ਜਾਂਦੇ ਹਨ। ਹਾਂ, ਜੇ ਉਹਨਾਂ ਨੂੰ ਕੋਈ ਅੰਕੜਾ ਗਲਤ ਢੰਗ ਨਾਲ਼ ਇਕੱਠਾ ਕੀਤਾ ਲੱਗਦਾ ਹੈ ਜਾਂ ਅੰਕੜੇ ਵਿੱਚੋਂ ਗਲਤ ਨਤੀਜਾ ਕੱਢਿਆ ਲੱਗਦਾ ਹੈ ਤਾਂ ਉਹ ਇਸ ਉੱਤੇ ਆਪਣੀ ਗੱਲ ਰੱਖ ਸਕਦੇ ਹਨ, ਪਰ ਤੱਥਾਂ/ਅੰਕੜਿਆਂ ਨੂੰ ਤਿਆਗ ਕੇ “ਆਪਣੇ ਵਿਵੇਕ ਤੇ ਤਰਕਸ਼ੀਲ ਸਮਝ” ਦੀ ਗੱਲ ਕਰਨਾ ਨਿਰੀ ਥੋਥੀ ਗੱਲ ਹੈ। ਗੁਰਚਰਨ ਨੂਰਪੁਰ ਜੀ ਨੂੰ ਸ਼ਾਇਦ ਲੱਗਦਾ ਹੈ ਕਿ “ਤਰਕਸ਼ੀਲਤਾ” ਕੋਈ ਅਜਿਹੀ ਚੀਜ ਹੈ ਜਿਹੜੀ ਮਨੁੱਖੀ ਦਿਮਾਗ ਦੇ ਅੰਦਰੋਂ ਫੁੱਟਦੀ ਹੈ ਪਰ ਮਾਮਲਾ ਅਸਲ ਵਿੱਚ ਉਲਟ ਹੈ। ਨੂਰਪੁਰ ਹੁਰੀਂ ਜੇ ਆਪਣਾ ਇਹ ਸਫਰ ਜਾਰੀ ਰੱਖਦੇ ਹਨ ਤਾਂ ਉਹ ਜਲਦੀ ਹੀ “ਸਿਰਫ ਮੇਰੀ ਹੋਂਦ ਹੈ” (Only 9 exist) ਦੀ ਮੰਜ਼ਿਲ ਤੱਕ ਪਹੁੰਚ ਜਾਣਗੇ ਜੋ ਉਹਨਾਂ ਦੇ “ਤਰਕਸ਼ੀਲ” ਹੋਣ ਦੇ ਬਿਲਕੁਲ ਉਲਟ ਸਿਰੇ ਦਾ ਵਿਚਾਰਵਾਦੀ ਫਲਸਫਾ ਹੈ। ਅਸਲ ਵਿੱਚ ਤਰਕਸ਼ੀਲ ਲਹਿਰ ਦੀਆਂ ਇਤਿਹਾਸਕ ਜੜ੍ਹਾਂ ਅਠਾਰਵੀਂ ਸਦੀ ਦੇ ਫਰਾਂਸੀਸੀ ਪਦਾਰਥਵਾਦ ਵਿੱਚ ਪਈਆਂ ਹਨ, ਜੋ ਕਿ ਮਸ਼ੀਨੀ ਪਦਾਰਥਵਾਦ ਹੈ। ਮਨੁੱਖਤਾ ਮਸ਼ੀਨੀ ਪਦਾਰਥਵਾਦ ਤੋਂ ਅੱਗੇ ਚੱਲ ਕੇ ਦਵੰਦਵਾਦੀ ਪਦਾਰਥਵਾਦ ਤੱਕ ਪਹੁੰਚ ਚੁੱਕੀ ਹੈ ਪਰ ਤਰਕਸ਼ੀਲਤਾ ਅਜੇ ਅਠਾਰਵੀਂ ਸਦੀ ਵਿੱਚ ਹੀ ਖੜੀ ਹੈ। ਇਹ ਕੁਦਰਤੀ ਵਰਤਾਰਿਆਂ ਦੀ ਵਿਆਖਿਆ ਕਰਨ ਵੇਲ਼ੇ ਤਾਂ ਪਦਾਰਥਵਾਦੀ ਪੈਂਤੜਾ ਰੱਖਦੀ ਹੈ ਪਰ ਜਿਉਂ ਹੀ ਮਨੁੱਖੀ ਸਮਾਜ ਬਾਰੇ ਗੱਲ ਕਰਨਾ ਸ਼ੁਰੂ ਹੁੰਦੀ ਹੈ ਤਾਂ ਇਹ ਸਭ ਕੁਝ ਮਨੁੱਖੀ ਦਿਮਾਗ ਵਿੱਚੋਂ ਉਪਜਦਾ ਦੇਖਣ ਲੱਗਦੀ ਹੈ, ਤਰਕਸ਼ੀਲਤਾ ਉਹੀ ਬਣ ਜਾਂਦਾ ਹੈ ਜਿਸਦਾ ਉਹ ਵਿਰੋਧ ਕਰ ਰਹੀ ਹੁੰਦੀ ਹੈ ਭਾਵ ਵਿਚਾਰਵਾਦੀ, ਅਤੇ ਇਹੀ ਵਿਚਾਰਵਾਦ ਧਰਮਾਂ ਦਾ ਸੰਸਾਰ ਨਜ਼ਰੀਆ ਹੈ, ਇਹੀ ਵਿਚਾਰਵਾਦ ਇਤਿਹਾਸ ਦੀਆਂ ਲੁਟੇਰੀਆਂ ਜਮਾਤਾਂ ਦਾ ਸੰਸਾਰ ਨਜ਼ਰੀਆ ਹੁੰਦਾ ਹੈ ਤੇ ਜਦੋਂ ਲੋਕ-ਪੱਖੀ ਕਹਾਉਣ ਵਾਲ਼ੇ ਵਿਦਵਾਨ ਇਸ ਸਮਝ ਦਾ ਪੱਲਾ ਛੱਡਦੇ ਹੀ ਨਹੀਂ ਤਾਂ ਉਹਨਾਂ ਦੀ ਹਾਲਤ ਹਾਸੋਹੀਣੀ ਹੋ ਜਾਂਦੀ ਹੈ। ਇਹੀ ਹਾਲ ਨੂਰਪੁਰ ਹੁਰਾਂ ਦਾ ਹੈ, ਉਹ ਵੀ ਇਸੇ ਸਮਝ ਉੱਤੇ ਖੜੇ ਹਨ, ਤੇ ਬਹੁਤ ਭੱਦੇ ਰੂਪ ਵਿੱਚ ਅਤੇ ਸਿੱਟੇ ਵਜੋਂ ਉਹ ਕੁਤਰਕ ਕਰਨ ਦੀ ਇੰਤਹਾ ਕਰ ਦਿੰਦੇ ਹਨ।

ਅਸੀਂ ਵਾਪਸ ਆਉਂਦੇ ਹਾਂ, ਕੀ ਅਬਾਦੀ ਦਾ ਵਾਧਾ ਬੇਰੋਕ ਹੁੰਦਾ ਹੈ? ਨੂਰਪੁਰ ਹੁਰਾਂ ਨੂੰ ਇਦਾਂ ਹੀ ਲੱਗਦਾ ਹੈ। ਕਿਉਂਕਿ ਤੱਥਾਂ ਤੋਂ ਸ਼ੁਰੂ ਕਰਨ ਭਾਵ ਮਨੁੱਖੀ ਇਤਿਹਾਸ ਵਿੱਚ ਅਬਾਦੀ ਵਾਧੇ ਦੇ ਅੰਕੜੇ ਤੇ ਉਹਨਾਂ ਨੂੰ ਮਨੁੱਖਤਾ ਦੇ ਵਿਕਾਸ ਦੇ ਵੱਖ-ਵੱਖ ਪੜਾਵਾਂ ਨਾਲ਼ ਜੋੜ ਕੇ ਦੇਖਣ ਤੋਂ ਨੂਰਪੁਰ ਹੁਰੀਂ ਇਨਕਾਰੀ ਹਨ, ਇਸ ਲਈ ਉਹਨਾਂ ਨੂੰ ਅਬਾਦੀ ਦਾ ਵਾਧਾ “ਬੇਰੋਕ” ਹੀ ਦਿਖਦਾ ਹੈ। ਉਹ ਜੋ ਕੁਝ ਉੱਪਰੋਂ-ਉੱਪਰੋਂ ਦਿਖਾਈ ਦਿੰਦਾ ਹੈ ਉਸੇ ਨੂੰ ਅਧਾਰ ਬਣਾ ਕੇ ਆਪਣੇ “ਤਰਕਸ਼ੀਲੀ ਜਹਾਜ” ਉਡਾਉਂਦੇ ਹਨ ਪਰ ਜੇ ਸਤਹ ਉੱਤੇ ਦਿਖਦਾ ਸਭ ਕੁਝ ਸੱਚ ਹੀ ਹੁੰਦਾ ਤਾਂ ਫਿਰ ਵਿਗਿਆਨ ਦੀ ਕੋਈ ਲੋੜ ਹੀ ਨਹੀਂ ਸੀ। ਅਬਾਦੀ ਦੇ ਬੇਰੋਕ ਵਾਧੇ ਦੀ ਧਾਰਨਾ ਉੱਕਾ ਹੀ ਗਲਤ ਹੈ, ਇਹ ਗੱਲ ਨਾ ਭਾਰਤ ਦੇ ਸੰਦਰਭ ਵਿੱਚ ਹੀ ਠੀਕ ਹੈ ਅਤੇ ਨਾ ਹੀ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ। ਜੇ ਅਸੀਂ ਮਨੁੱਖਤਾ ਦੇ ਇਤਿਹਾਸ ਵਿੱਚ ਜਾਈਏ ਤਾਂ ਇਹ ਗੱਲ ਸਾਫ ਦਿਖਾਈ ਦਿੰਦੀ ਹੈ ਕਿ ਮਨੁੱਖੀ ਅਬਾਦੀ ਦਾ ਵਾਧਾ ਬੇਰੋਕ ਨਹੀਂ ਹੁੰਦਾ, ਜਿਵੇਂ ਕਿ ਨੂਰਪੁਰ ਹੁਰਾਂ ਦੀ “ਤਰਕਸ਼ੀਲਤਾ” ਉਹਨਾਂ ਨੂੰ ਦੱਸਦੀ ਹੈ। ਅਬਾਦੀ ਹਮੇਸ਼ਾਂ ਹੀ ਇੱਕੋ ਰਫਤਾਰ ਨਾਲ਼ ਨਹੀਂ ਵਧਦੀ ਅਤੇ ਨਾ ਹੀ ਇਹ ਸਦਾ ਵਧਦੀ ਹੀ ਰਹਿੰਦੀ ਹੈ, ਇਹ ਸਥਿਰ ਵੀ ਹੋ ਜਾਂਦੀ ਹੈ ਅਤੇ ਘਟਣ ਵੀ ਲੱਗਦੀ ਹੈ। ਅਬਾਦੀ ਵਿੱਚ ਵਾਧੇ-ਘਾਟੇ ਦਾ ਆਪਣਾ ਇੱਕ ਚੱਕਰ ਹੈ। ਇਸ ਚੱਕਰ ਨੂੰ ਇਦਾਂ ਸਮਝਿਆ ਜਾ ਸਕਦਾ ਹੈ – ਪਹਿਲਾ ਦੌਰ : ਅਬਾਦੀ ਸਥਿਰ ਕਿਉਂਕਿ ਜਨਮ ਦਰ ਉੱਚੀ ਹੁੰਦੀ ਹੈ ਪਰ ਮੌਤ ਦਰ ਵੀ ਉੱਚੀ ਹੁੰਦੀ ਹੈ। ਦੂਜਾ ਦੌਰ : ਤੇਜ ਵਾਧੇ ਦਾ ਦੌਰ ਕਿਉਂਕਿ ਜਨਮ ਦਰ ਉੱਚੀ ਰਹਿੰਦੀ ਹੈ ਪਰ ਮੌਤ ਦਰ ਤੇਜੀ ਨਾਲ਼ ਥੱਲੇ ਆਉਂਦੀ ਹੈ। ਤੀਜਾ ਦੌਰ : ਮੱਠਾ ਵਾਧਾ ਕਿਉਂਕਿ ਜਨਮ ਦਰ ਵੀ ਥੱਲੇ ਆਉਣ ਲੱਗਦੀ ਹੈ ਪਰ ਅਜੇ ਮੌਤ ਦੀ ਦਰ ਤੋਂ ਵੱਧ ਹੁੰਦੀ ਹੈ। ਚੌਥਾ ਦੌਰ : ਅਬਾਦੀ ਫਿਰ ਸਥਿਰ ਕਿਉਂਕਿ ਜਨਮ ਦਰ ਥੱਲੇ ਆ ਜਾਂਦੀ ਹੈ ਤੇ ਮੌਤ ਦੀ ਦਰ ਦੇ ਬਰਾਬਰ ਹੋ ਜਾਂਦੀ ਹੈ। ਪੰਜਵਾਂ ਦੌਰ : ਅਬਾਦੀ ਘਟਣ ਲੱਗਦੀ ਹੈ ਕਿਉਂਕਿ ਮੌਤ ਦਰ ਹੋਰ ਥੱਲੇ ਨਹੀਂ ਜਾਂਦੀ ਪਰ ਜਨਮ ਦਰ ਹੋਰ ਥੱਲੇ ਚਲੀ ਜਾਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਗੀਰਦਾਰੀ ਯੁੱਗ ਤੋਂ ਸਰਮਾਏਦਾਰਾ ਯੁੱਗ ਵਿੱਚ ਤਬਦੀਲੀ ਤੇ ਸਰਮਾਏਦਾਰੀ ਦੇ ਵਿਕਾਸ ਨਾਲ਼ ਮਨੁੱਖੀ ਅਬਾਦੀ ਇਹਨਾਂ ਦੌਰਾਂ ਵਿੱਚੋਂ ਗੁਜ਼ਰਦੀ ਹੈ, ਨਾ ਕਿ “ਬੇਰੋਕ” ਹੁੰਦੀ ਹੈ। ਹੁਣ ਲੱਗਭੱਗ ਬਹੁਤੇ ਦੇਸ਼ ਦੂਜਾ ਦੌਰ ਟੱਪ ਚੁੱਕੇ ਹਨ ਜਾਂ ਨੇੜ ਭਵਿੱਖ ਵਿੱਚ ਟੱਪ ਜਾਣਗੇ। ਕਈ ਦੇਸ਼ ਤੀਜੇ ਦੌਰ ਵਿੱਚ ਹਨ ਜਿਵੇਂ ਕਿ ਭਾਰਤ ਜਿਹੜਾ ਤੀਜੇ ਦੌਰ ਦੇ ਦੂਜੇ ਅੱਧ ਵਿੱਚ ਹੈ। ਭਾਰਤ ਦੀ ਸਾਲਾਨਾ ਵਾਧਾ ਦਰ ਜੋ 1962 ਦੇ ਸਾਲ ‘ਚ 2.2% ਸੀ (ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸਾਲਾਨਾ ਵਾਧਾ ਦਰ ਹੈ) ਪਹਿਲਾਂ ਹੀ 2009 ਚ ਘਟ ਕੇ 1.1% ਰਹਿ ਗਈ ਹੈ। ਬੱਚਾ ਪੈਦਾ ਕਰਨ ਦੇ ਯੋਗ ਔਰਤ ਨੂੰ ਜੰਮਣ ਵਾਲ਼ੇ ਬੱਚਿਆਂ ਦੀ ਦਰ (Total Fertility Rate) ਘਟ ਕੇ 2.5 ਰਹਿ ਗਈ ਹੈ (ਜੇ ਇਹ ਦਰ 2.0 ਹੋ ਜਾਵੇ ਤਾਂ ਅਬਾਦੀ ਲੱਗਭੱਗ ਸਥਿਰ ਮੰਨੀ ਜਾਂਦੀ ਹੈ) ਅਤੇ ਇਹ ਦਰ 2017 ਤੱਕ ਘਟ ਕੇ 2.1 ਰਹਿ ਜਾਣ ਦਾ ਅਨੁਮਾਨ ਹੈ। ਕਈ ਦੇਸ਼ ਚੌਥੇ ਦੌਰ ਵਿੱਚ ਹਨ, ਭਾਰਤ ਦੇ ਕਈ ਸੂਬੇ ਵੀ ਇਸ ਦੌਰ ਵਿੱਚ ਹਨ। ਵਿਕਸਤ ਦੇਸ਼ ਜਿਵੇਂ ਜਰਮਨੀ, ਇਟਲੀ, ਜਾਪਾਨ ਆਦਿ ਪੰਜਵੇਂ ਦੌਰ ਵਿੱਚ ਹਨ। ਅਬਾਦੀ ਦੇ ਇਸ ਚੱਕਰ ਬਾਰੇ ਹੋਰ ਵੀ ਕਈ ਬਰੀਕੀਆਂ ਹਨ ਜਿਹਨਾਂ ਨੂੰ ਫਿਲਹਾਲ ਛੱਡਿਆ ਜਾ ਸਕਦਾ ਹੈ ਪਰ ਇੰਨਾ ਸਪੱਸ਼ਟ ਹੈ ਕਿ ਸੰਸਾਰ ਪੱਧਰ ‘ਤੇ ਅਬਾਦੀ ਦੇ ਵਧਣ ਦੀ ਗਤੀ ਮੱਠੀ ਹੋ ਰਹੀ ਹੈ, ਜਿਸਦੀ ਪੁਸ਼ਟੀ ਸਾਰਣੀ ਤੋਂ ਹੋ ਜਾਂਦੀ ਹੈ:
14

ਪਰ ਸਵਾਲ ਇਹ ਉੱਠਦਾ ਹੈ ਕਿ ਅਬਾਦੀ ਵਾਧੇ-ਘਾਟੇ ਦੀ ਇਸ ਗਤੀ ਦੇ ਪਿੱਛੇ ਕਿਹੜੇ ਕਾਰਕ ਕੰਮ ਕਰਦੇ ਹਨ। ਇਹ ਕਾਰਕ ਹਨ ਮਨੁੱਖ ਦੀਆਂ ਪੈਦਾਵਾਰੀ ਤਾਕਤਾਂ ਦਾ ਵਿਕਾਸ ਤੇ ਉਸ ਨਾਲ਼ ਜੁੜਿਆ ਹੋਇਆ ਮਨੁੱਖ ਦਾ ਸੱਭਿਆਚਾਰਕ ਵਿਕਾਸ। ਮਨੁੱਖੀ ਅਬਾਦੀ ਵਿੱਚ ਵਾਧਾ ਮਨੁੱਖ ਦੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨਾਲ਼ ਜੁੜਿਆ ਹੋਇਆ ਹੈ। ਮਨੁੱਖੀ ਅਬਾਦੀ ਮਨੁੱਖਤਾ ਵੱਲੋਂ ਆਪਣੇ ਲਈ ਪੈਦਾ ਕੀਤੇ ਸਾਧਨਾਂ ਦੇ ਅਨੁਸਾਰ ਹੀ ਵਧਦੀ ਹੈ। ਜਦੋਂ ਵੀ ਪੈਦਾਵਾਰੀ ਤਾਕਤਾਂ ‘ਚ ਗੁਣਾਤਮਕ ਵਿਕਾਸ ਹੋਇਆ ਹੈ ਤਾਂ ਅਬਾਦੀ ਇਕਦਮ ਵਧੀ ਹੈ। ਜਿਵੇਂ ਜਦੋਂ ਮਨੁੱਖ ਨੇ ਮੁੱਢਲੀ ਖੇਤੀ ਸ਼ੁਰੂ ਕੀਤੀ ਤਾਂ ਖੁਰਾਕ ਦੀ ਪੂਰਤੀ ਕਾਫੀ ਨਿਯਮਤ ਹੋ ਗਈ ਤੇ ਨਤੀਜਾ ਸੀ ਅਬਾਦੀ ‘ਚ ਵਾਧਾ। ਬਿਲਕੁਲ ਆਧੁਨਿਕ ਸਮੇਂ ‘ਚ ਵੀ ਅਸੀਂ ਇਹੀ ਵਰਤਾਰਾ ਦੇਖਦੇ ਹਾਂ। ਜਦੋਂ ਜਗੀਰਦਾਰੀ (ਜਗੀਰਦਾਰੀ ਦੇ 1000 ਸਾਲ ਤੋਂ ਵੀ ਵੱਧ ਲੰਮੇ ਪੂਰੇ ਦੌਰ ਵਿੱਚ ਅਬਾਦੀ ਵਾਧੇ ਦੀ ਦਰ 0.05% ਤੱਕ ਹੀ ਰਹੀ ਹੈ) ਦੀ ਥਾਂ ਸਰਮਾਏਦਾਰੀ ਨੇ ਲਈ ਤਾਂ ਅਬਾਦੀ ‘ਚ ਇਕਦਮ ਵਾਧਾ ਹੋਇਆ। ਇੰਗਲੈਂਡ ਇਸਦੀ ਪ੍ਰਤੀਨਿਧ ਉਦਾਹਰਨ ਹੈ ਜਿਸਦੀ ਅਬਾਦੀ 1700-1900 ਦੇ ਵਕਫੇ ‘ਚ ਚਾਰ ਗੁਣਾ ਵਧੀ ਸੀ ਤੇ ਬਿਲਕੁਲ ਇਹੀ ਸਮਾਂ ਸੀ ਜਦੋਂ ਇੰਗਲੈਂਡ ‘ਚ ਸਨਅੱਤੀ ਇਨਕਲਾਬ ਆਇਆ ਤੇ ਸਿਹਤ ਸਹੂਲਤਾਂ ਦਾ, ਸਿੱਖਿਆ ਦਾ ਪਸਾਰ ਹੋਇਆ। ਫਿਰ ਜਿਵੇਂ-ਜਿਵੇਂ ਆਰਥਿਕ ਤੇ ਸਮਾਜਕ ਜੀਵਨ ਦੀ ਸੁਰੱਖਿਆ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਅਤੇ ਸੱਭਿਆਚਾਰਕ ਪੱਧਰ ਉੱਚਾ ਹੋਇਆ, ਅਬਾਦੀ ਦੀ ਵਾਧਾ ਦਰ ਘਟ ਗਈ ਅਤੇ ਹੁਣ ਇੰਗਲੈਂਡ ਦੀ ਅਬਾਦੀ ਲੱਗਭੱਗ ਸਥਿਰ ਹੈ। ਮਨੁੱਖੀ ਇਤਿਹਾਸ ਵਿੱਚ ਸਰਮਾਏਦਾਰੀ ਨੇ ਪੈਦਾਵਾਰੀ ਤਾਕਤਾਂ ਦਾ ਹੁਣ ਤੱਕ ਸਭ ਤੋਂ ਤੇਜ ਤੇ ਮਹਾਨ ਵਿਕਾਸ ਕੀਤਾ ਹੈ, ਜਿਸ ਕਾਰਨ ਜਗੀਰਦਾਰੀ ਦੌਰ ਤੋਂ ਬਾਅਦ ਸਰਮਾਏਦਾਰੀ ਦੇ ਪੂਰੀ ਦੁਨੀਆਂ ਵਿੱਚ ਭਾਰੂ ਆਰਥਿਕ ਢਾਂਚਾ ਬਣ ਜਾਣ ਨਾਲ਼ ਮਨੁੱਖੀ ਅਬਾਦੀ ਵਿੱਚ ਵੀ ਹੁਣ ਤੱਕ ਦਾ ਸਭ ਤੋਂ ਤੇਜ ਵਾਧਾ ਹੋਇਆ ਹੈ। ਜਿਵੇਂ ਜਿਵੇਂ ਸਰਮਾਏਦਾਰੀ ਨੇ ਸਾਰੇ ਸੰਸਾਰ ਨੂੰ ਕਲ਼ਾਵੇ ਵਿੱਚ ਲਿਆ, ਅਬਾਦੀ ਵਿੱਚ ਵਾਧਾ ਸਮੁੱਚੇ ਸੰਸਾਰ ਵਿੱਚ ਦਰਜ ਹੋਣ ਲੱਗਾ।

ਉਪਰੋਕਤ ਚਰਚਾ ਵਿੱਚੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਅਬਾਦੀ ਵਿੱਚ ਵਾਧੇ ਦਾ ਕਾਰਨ ਜਨਮ ਦਰ ਵਧਣਾ ਨਹੀਂ, ਸਗੋਂ ਮੌਤ ਦਰ ਘਟਣਾ ਹੁੰਦਾ ਹੈ ਕਿਉਂਕਿ ਮਨੁੱਖ ਵੱਲੋਂ ਆਪਣੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਜਿਸ ਵਿੱਚ ਖੁਰਾਕ ਦੀ ਉਪਲਬਧਤਾ ਤੋਂ ਲੈ ਕੇ ਵਿਗਿਆਨਕ ਤਕਨੀਕ ਤੇ ਮੈਡੀਕਲ ਖੇਤਰ ਦਾ ਵਿਕਾਸ ਸ਼ਾਮਲ ਹੈ, ਕਰਕੇ ਮੌਤ ਦਰ ਬਹੁਤ ਜਲਦੀ ਥੱਲੇ ਆ ਜਾਂਦੀ ਹੈ ਪਰ ਜਨਮ ਦਰ ਨੂੰ ਥੱਲੇ ਆਉਣ ਵਿੱਚ ਸਮਾਂ ਲੱਗਦਾ ਹੈ। ਮੌਤ ਦਰ ਦਾ ਥੱਲੇ ਆਉਣਾ ਇਹ ਵੀ ਦਿਖਾਉਂਦਾ ਹੈ ਕਿ ਮਨੁੱਖਤਾ ਕੋਲ਼ ਵਧੀ ਹੋਈ ਅਬਾਦੀ ਜੋਗੇ ਸਾਧਨ ਸਨ, ਇਸੇ ਲਈ ਅਬਾਦੀ ਵਧੀ। ਮਨੁੱਖੀ ਵਿਕਾਸ ਨਾਲ਼ ਨਾ ਸਿਰਫ ਜਿੰਨੇ ਬੱਚੇ ਪੈਦਾ ਹੁੰਦੇ ਹਨ, ਉਹਨਾਂ ਵਿੱਚੋਂ ਬਾਲਗ ਉਮਰ ਤੱਕ ਜ਼ਿਆਦਾ ਮਨੁੱਖ ਪਹੁੰਚਣ ਲੱਗਦੇ ਹਨ, ਸਗੋਂ ਇਸ ਨਾਲ਼ ਮਨੁੱਖ ਦੀ ਔਸਤ ਉਮਰ ਵੀ ਲੰਮੀ ਹੋ ਜਾਂਦੀ ਹੈ ਜਿਸ ਕਾਰਨ ਵੀ ਅਬਾਦੀ ਵਧਦੀ ਹੈ। ਇਸ ਤਰ੍ਹਾਂ ਅਬਾਦੀ ‘ਚ ਵਾਧਾ ਤੇ ਹੋਰ ਬਦਲਾਵਾਂ ਦੇ ਕਾਰਨ ਮਨੁੱਖਾਂ ਦੇ ਦਿਮਾਗਾਂ ‘ਚ ਨਹੀਂ ਪਏ ਜਿਵੇਂ ਕਿ ਨੂਰਪੁਰ ਹੁਰੀਂ ਸੋਚਦੇ ਹਨ ਕਿ ਲੋਕੀਂ ਸਰਮਾਏਦਾਰਾਂ, ਧਾਰਮਿਕ ਤੇ ਸਿਆਸੀ ਲੀਡਰਾਂ ਪਿੱਛੇ ਲੱਗ ਕੇ ਬੱਚੇ ਜੰਮਦੇ ਹਨ। ਕਿਸੇ ਵੀ ਸਰਮਾਏਦਾਰ, ਸਿਆਸੀ ਜਾਂ ਧਾਰਮਿਕ ਲੀਡਰ ਦੇ ਕਹਿਣ ‘ਤੇ ਤਾਂ ਕੀ, ਚਾਹੇ “ਰੱਬ” ਵੀ ਆ ਕੇ ਹੱਥ ਜੋੜੇ ਤਾਂ ਵੀ ਲੋਕ 10-10 ਬੱਚੇ ਨਹੀਂ ਜੰਮਣ ਲੱਗੇ ਕਿਉਂਕਿ ਜ਼ਿਆਦਾ ਬੱਚੇ ਜੰਮਣ ਦਾ ਪੜਾਅ, ਸਮਾਜ ਫਿਲਹਾਲ ਪਾਰ ਕਰ ਚੁੱਕਾ ਹੈ ਤੇ ਉਂਝ ਵੀ ਬੱਚੇ ਹੁਣ “ਵਰਦਾਨ” ਨਹੀਂ ਰਹੇ, ਉਹਨਾਂ ਨੂੰ ਪਾਲਣ ਦੇ ਖਰਚੇ ਬਹੁਤ ਵੱਧ ਚੁੱਕੇ ਹਨ। ਭਵਿੱਖ ਵਿੱਚ ਹੋ ਸਕਦਾ ਹੈ ਕਿ ਜਨਮ ਦਰ ਫਿਰ ਕੁਝ ਵਧੇ, ਪਰ ਇਹ ਜ਼ਿਆਦਾ ਨਹੀਂ ਵਧੇਗੀ। ਨੂਰਪੁਰ ਜੀ ਇਸ ਗੱਲੋਂ ਬੇਫਿਕਰ ਹੋ ਕੇ ਸੌਂ ਸਕਦੇ ਹਨ।

ਜਨਾਬ ਨੂਰਪੁਰ ਦਾ ਕੁਤਰਕਾਂ ਦਾ ਮੀਨਾਰ ਇੰਨਾ ਉੱਚਾ ਹੋ ਜਾਂਦਾ ਹੈ ਕਿ ਉਹਨਾਂ ਨੂੰ “ਅੰਧਵਿਸ਼ਵਾਸ” ਜਿਹੇ ਸ਼ਬਦਾਂ ਦਾ ਅਰਥ ਵੀ ਭੁੱਲ ਜਾਂਦਾ ਹੈ; ਉਹ ਲਿਖਦੇ ਹਨ – “… ਕੋਈ ਲੇਖਕ ਆਪਣੇ ਵਿਵੇਕ ਦੀ ਬਜਾਏ ਦੂਜਿਆਂ ਦੀਆਂ ਧਾਰਨਾਵਾਂ ਨੂੰ ਅਧਾਰ ਬਣਾ ਕੇ ਅਬਾਦੀ ਦੇ ਵਾਧੇ ਨੂੰ ਰੱਦ ਕਰਦਾ ਹੈ ਤਾਂ ਇਹ ਇੱਕ ਤਰ੍ਹਾਂ ਦਾ ਅੰਧਵਿਸ਼ਵਾਸ ਹੈ।” ਨੂਰਪੁਰ ਜੀ, ਅੰਧਵਿਸ਼ਵਾਸ ਦੂਜਿਆਂ ਦੀਆਂ ਧਾਰਨਾਵਾਂ ਨੂੰ ਅਧਾਰ ਬਣਾਉਣਾ ਨਹੀਂ ਹੁੰਦਾ, ਸਗੋਂ ਬਿਨਾਂ ਤਰਕ, ਬਿਨਾਂ ਤੱਥ ਦੇ ਕਿਸੇ ਵੀ ਗੱਲ ਨੂੰ ਮੰਨ ਲੈਣਾ ਹੁੰਦਾ ਹੈ ਅਤੇ ਆਪਣੀਆਂ ਤਰਕ ਤੇ ਤੱਥਾਂ ਤੋਂ ਸੱਖਣੀਆਂ ਧਾਰਨਾਵਾਂ ਨੂੰ ਢੀਠ ਬਣਕੇ ਦੁਹਰਾਈ ਜਾਣਾ ਹੁੰਦਾ ਹੈ। ਦੂਜਿਆਂ ਦੀਆਂ ਧਾਰਨਾਵਾਂ ਜੇ ਤੱਥਾਂ ਤੇ ਦਲੀਲ ਦੀ ਰੌਸ਼ਨੀ ਵਿੱਚ ਖਰੀਆਂ ਉੱਤਰਦੀਆਂ ਹਨ ਤਾਂ ਉਹਨਾਂ ਨੂੰ ਆਪਣੀ ਦਲੀਲ ਦਾ ਅਧਾਰ ਬਣਾਉਣਾ ਬਿਲਕੁਲ ਵੀ ਅੰਧਵਿਸ਼ਵਾਸ ਨਹੀਂ ਹੈ, ਸਗੋਂ ਅਜਿਹਾ ਕਰਨਾ ਵਿਗਿਆਨਕ ਖੋਜ ਕਾਰਜ ਦਾ ਇੱਕ ਲਾਜ਼ਮੀ ਹਿੱਸਾ ਹੈ। ਨੂਰਪੁਰ ਹੁਰਾਂ ਦੇ ਇਸ “ਇਲਹਾਮੀ ਕਥਨ” ਦਾ ਅਰਥ ਇਹ ਨਿੱਕਲ਼ਦਾ ਹੈ ਕਿ ਕਿਸੇ ਦਾ ਸਿਰਫ ਆਪਣਾ ਕਥਨ ਹੀ ਤਰਕਸੰਗਤ ਹੁੰਦਾ ਹੈ, ਦੂਜਿਆਂ ਦੀਆਂ ਧਾਰਨਾਵਾਂ ਗੈਰ-ਤਰਕਸੰਗਤ ਹੁੰਦੀਆਂ ਹਨ (ਕਿਉਂਕਿ ਜੇ ਦੂਜਿਆਂ ਦੀਆਂ ਧਾਰਨਾਵਾਂ ਵੀ ਤਰਕਸੰਗਤ ਹੋ ਸਕਦੀਆਂ ਹਨ ਜਾਂ ਹੁੰਦੀਆਂ ਹਨ ਤਾਂ ਉਹਨਾਂ ਨੂੰ ਅਧਾਰ ਬਣਾਉਣਾ, ਆਪਣਾ ਲੈਣਾ ਕਿਸੇ ਵੀ ਤਰ੍ਹਾਂ ਅੰਧਵਿਸ਼ਵਾਸ ਨਹੀਂ ਰਹਿਣਾ) ਅਤੇ ਨੂਰਪੁਰ ਉੱਥੇ ਹੀ ਪਹੁੰਚ ਜਾਂਦੇ ਹਨ ਜਿਸ ਦਾ ਜਿਕਰ ਅਸੀਂ ਸ਼ੁਰੂ ਵਿੱਚ ਕੀਤਾ ਸੀ ਕਿ “ਸਿਰਫ ਮੇਰੀ ਹੋਂਦ ਹੈ।” ਵੈਸੇ ਵੀ ਜਨਾਬ ਨੂਰਪੁਰ ਜੀ, ਅਬਾਦੀ ਦੇ ਵਾਧੇ ਨੂੰ ਕੋਈ ਵੀ ਰੱਦ ਨਹੀਂ ਕਰ ਰਿਹਾ; ਇਹ ਤੁਹਾਨੂੰ ਪਤਾ ਨਹੀਂ ਕਿਸ ਨੇ ਦੱਸਿਆ ਹੈ ਜਾਂ ਤੁਸੀਂ ਕਿੱਥੇ ਪੜ੍ਹ ਲਿਆ ਹੈ, ਸ਼ਾਇਦ “ਲਿਖਣ ਦੇ ਦੌਰਿਆਂ” ਦੌਰਾਨ ਤੁਹਾਨੂੰ “ਅਵਾਜ਼ਾਂ” ਸੁਣਦੀਆਂ ਹਨ ਜਾਂ “ਅਵਾਜ਼ਾਂ” ਸੁਣਕੇ ਲਿਖਣ ਬੈਠ ਜਾਂਦੇ ਹੋ! ਅਬਾਦੀ ਵਿੱਚ ਵਾਧਾ ਰੱਦ ਕਰਨ ਦੀ ਮੂਰਖਤਾ ਕੋਈ ਕਿਵੇਂ ਕਰ ਸਕਦਾ ਹੈ, ਉਹ ਵੀ ਮੁੱਢੋਂ ਰੱਦ ਕਰਨ ਦੀ!! ਇੱਕ ਵਾਰ ਤੁਹਾਨੂੰ ਯਾਦ ਕਰਵਾ ਦਈਏ ਕਿ ਮਸਲਾ ਇਹ ਹੈ ਕਿ ਅਬਾਦੀ ਵਿੱਚ ਵਾਧਾ ਸਾਡੇ ਦੇਸ਼ ਤੇ ਸਮੁੱਚੀ ਦੁਨੀਆਂ ਵਿੱਚ ਪਸਰੀਆਂ ਸਮੱਸਿਆਵਾਂ ਜਿਵੇਂ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਵਾਤਾਵਰਨ ਦੀ ਤਬਾਹੀ, ਅਪਰਾਧ ਆਦਿ ਦਾ ਕਾਰਨ ਹੈ ਜਾਂ ਨਹੀਂ। ਇਸ ਮਸਲੇ ਉੱਤੇ ਨੂਰਪੁਰ ਹੁਰਾਂ ਦਾ ਕਹਿਣਾ ਹੈ ਕਿ ਅਬਾਦੀ ਵਿੱਚ ਵਾਧਾ ਇਹਨਾਂ ਸਮੱਸਿਆਵਾਂ ਦਾ ਇੱਕੋ-ਇੱਕ ਕਾਰਨ ਤਾਂ ਨਹੀਂ, ਪਰ ਇੱਕ ਕਾਰਨ ਤੇ ਅਹਿਮ ਕਾਰਨ ਜਰੂਰ ਹੈ। ਜਦਕਿ ਸਾਡਾ ਕਹਿਣਾ ਹੈ ਕਿ ਅਜਿਹਾ ਉੱਕਾ ਹੀ ਨਹੀਂ ਹੈ, ਅਬਾਦੀ ਵਿੱਚ ਵਾਧੇ ਦਾ ਇਹਨਾਂ ਸਮੱਸਿਆਵਾਂ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਆਪਣੇ ਅੰਧਵਿਸ਼ਵਾਸ ਦੇ ਅਵੱਲੇ “ਅਰਥਾਂ” ਕਾਰਨ ਨੂਰਪੁਰ ਜੀ ਨੂੰ ਇਹ ਸ਼ਿਕਾਇਤ ਹੈ ਕਿ “ਕੁਝ ਕੁ ਵਿਸ਼ਵ ਪ੍ਰਸਿੱਧੀ ਪ੍ਰਾਪਤ ਵਿਦਵਾਨ ਇਸਨੂੰ (ਭਾਵ ਅਬਾਦੀ ਵਿੱਚ ਵਾਧੇ ਨੂੰ) ਸਮੱਸਿਆ ਨਹੀਂ ਮੰਨਦੇ”, ਇੰਨਾ ਕਹਿ ਕੇ ਸਾਰ ਦਿੱਤਾ ਜਾਂਦਾ ਹੈ। ਨੂਰਪੁਰ ਡਰਦੇ-ਡਰਦੇ ਵਿਸ਼ਵ ਪ੍ਰਸਿੱਧ ਵਿਦਵਾਨ ਦਾ ਨਾਮ ਨਹੀਂ ਦੱਸਦੇ, ਖੈਰ ਇਹ ਵਿਦਵਾਨ ਕਾਰਲ ਮਾਰਕਸ ਹਨ ਜਿੰਨ੍ਹਾਂ ਨੇ ਨੂਰਪੁਰ ਹੁਰਾਂ ਦੇ ਗੰਗੋਤਰੀ ਰਿਸ਼ੀ ਮਾਲਥਸ ਦੇ ਅਬਾਦੀ ਸਬੰਧੀ ਉਜੱਡ ਸਿਧਾਂਤ ਦੇ ਤੀਲੇ ਖਿੰਡਾਅ ਦਿੱਤੇ ਸਨ। ਨੂਰਪੁਰ ਜੀ, ਮਾਰਕਸ ਨੇ ਜਾਂ ਕਿਸੇ ਹੋਰ ਵਿਦਵਾਨ ਨੇ ਫਤਵਾ ਜਾਰੀ ਕਰਕੇ ਮਾਲਥਸ ਦੇ ਸਿਧਾਂਤ ਨੂੰ ਨਹੀਂ ਰੱਦਿਆ ਸੀ, ਸਗੋਂ ਤੱਥਾਂ ਤੇ ਦਲੀਲਾਂ ਨਾਲ਼ ਰੱਦਿਆ ਸੀ। ਜੇ ਕੋਈ ਉਹਨਾਂ ਦਾ ਹਵਾਲਾ ਦਿੰਦਾ ਹੈ ਤਾਂ ਉਹ ਉਹਨਾਂ ਦੇ ਦਿੱਤੇ ਤੱਥਾਂ ਤੇ ਦਲੀਲਾਂ ਨਾਲ਼ ਸਹਿਮਤ ਹੈ, ਤੁਹਾਡਾ ਕੰਮ ਇਹ ਹੈ ਕਿ ਤੁਸੀਂ ਉਹਨਾਂ ਤੱਥਾਂ ਤੇ ਦਲੀਲਾਂ ਨੂੰ ਜਾਣੋਂ ਤੇ ਗਲਤ ਸਾਬਤ ਕਰੋਂ। ਇਹ ਗੱਲਾਂ ਭਾਵੇਂ ਬਹੁਤ ਬੁਨਿਆਦੀ, ਲੇਖਣ-ਕਾਰਜ ਵਿੱਚ ਲੱਗੇ ਕਿਸੇ ਵੀ ਵਿਅਕਤੀ ਲਈ ਆਮ ਗਿਆਨ ਦੀਆਂ ਗੱਲਾਂ ਹਨ ਪਰ ਕਿਉਂਕਿ ਸਾਡੇ ਦੇਸ਼ ਵਿੱਚ ਬਹੁਤੇ ਲੇਖਕ ਖੂਹ ਦੇ ਡੱਡੂ ਹਨ, ਇਸ ਲਈ ਇਹਨਾਂ ਆਮ ਗੱਲਾਂ ਨੂੰ ਵੀ ਯਾਦ ਕਰਾਉਣਾ ਪੈ ਰਿਹਾ ਹੈ। ਉਂਝ, ਇੱਕ ਗੱਲ ਇਹ ਵੀ ਹੈ ਕਿ ਨੂਰਪੁਰ ਹੁਰਾਂ ਦੀਆਂ ਦਲੀਲਾਂ ਵੀ ਕੋਈ ਉਹਨਾਂ ਦੀ ਮੌਲਿਕ ਖੋਜ ਨਹੀਂ ਹਨ, ਇਹ ਉਹਨਾਂ ਤੋਂ ਪਹਿਲਾਂ ਹਜ਼ਾਰਾਂ ਵਾਰ ਦੁਹਰਾਈਆਂ ਜਾ ਚੁੱਕੀਆਂ ਹਨ ਤੇ ਓਨੀ ਹੀ ਵਾਰ ਇਹਨਾਂ ਦਾ ਮੱਕੂ ਠੱਪਿਆ ਜਾ ਚੁੱਕਿਆ ਹੈ। ਪਰ ਸਾਡੇ ਬੁੱਧੀਜੀਵੀ ਨੂੰ ਲੱਗਦਾ ਹੈ ਕਿ ਉਹ ਇਹ ਤਰਕ ਦੇਣ ਵਾਲ਼ਾ ਪਹਿਲਾ ਇਤਿਹਾਸਕ ਮਹਾਂਮਾਨਵ ਹੈ। ਸ਼੍ਰੀਮਾਨ ਨੂਰਪੁਰ ਜੀ ਖੁਦ ਤਰਕਾਂ ਸਹਿਤ ਰੱਦੀਆਂ ਜਾ ਚੁੱਕੀਆਂ ਧਾਰਨਾਵਾਂ ਦੀ ਜੁਗਾਲ਼ੀ ਕਰਦੇ ਹਨ ਅਤੇ ਆਪਣੀ ਖੁੱਡ ਵਿੱਚ ਬੈਠ ਕੇ ਦੂਜਿਆਂ ਨੂੰ “ਅੰਧਵਿਸ਼ਵਾਸ” ਦੇ ਅਰਥ ਸਮਝਾਉਂਦੇ ਹਨ।

ਤੀਜੇ ਪੈਰ੍ਹੇ ਦੇ ਸ਼ੁਰੂ ਹੋਣ ਨਾਲ਼ ਹੀ ਨੂਰਪੁਰ ਕੁਤਰਕਾਂ ਦਾ ਉੱਡਣਖਟੋਲਾ ਬਣਾ ਲੈਂਦੇ ਹਨ ਤੇ ਆਪਣੇ ਕੁਤਰਕਾਂ ਦੇ ਮੀਨਾਰ ਤੋਂ ਉਡਾਰੀ ਭਰ ਕੇ ਇੱਕ ਅਜਿਹੇ “ਕੁਤਰਕੀ ਸੰਸਾਰ” ਦੀ ਸੈਰ ਕਰਵਾਉਂਦੇ ਹਨ ਕਿ ਇੱਕ ਵਾਰ ਤਾਂ ਸੈਰ ਕਰਨ ਵਾਲ਼ਾ ਸਿਰ ਦੇ ਵਾਲ਼ ਫੜ ਲੈਂਦਾ ਹੈ। ਉਹ ਕਹਿੰਦੇ ਹਨ – “ਇਹ ਠੀਕ ਹੈ ਕਿ ਬਹੁਤ ਸਾਰੀਆਂ ਸਮਾਜਕ ਸਮੱਸਿਆਵਾਂ ਦੇ ਰਾਜਨੀਤਕ ਕਾਰਨ ਹਨ। ਰਾਜਨੀਤਕ ਵਿਵਸਥਾ ਨੂੰ ਠੀਕ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਇਹ ਸਮਝਦਿਆਂ ਕਿ ਸਮੱਸਿਆਵਾਂ ਕੁਦਰਤੀ ਸਰੋਤਾਂ ਦੀ ਕਾਣੀ ਵੰਡ ਕਰਕੇ ਹਨ। ਇਸ ਲਈ ਅਬਾਦੀ ਦਾ ਵਾਧਾ ਕੋਈ ਫਿਕਰਮੰਦੀ ਵਾਲ਼ੀ ਗੱਲ ਨਹੀਂ ਇਹ ਬੜੀ ਗੈਰ ਜੁੰਮੇਵਾਰਾਨਾ ਗੱਲ ਹੈ।” ਉਹਨਾਂ ਦੇ ਉਪਰੋਕਤ ਕਥਨ ਦਾ ਅਰਥ ਇਹ ਹੈ ਕਿ “ਕੁਦਰਤੀ ਸਰੋਤਾਂ ਦੀ ਕਾਣੀ ਵੰਡ” ਹੀ “ਰਾਜਨੀਤਕ ਵਿਵਸਥਾ” ਹੈ ਪਰ ਸਿਆਸੀ ਆਰਥਿਕਤਾ ਦੀ ਬਹੁਤ ਹੀ ਮੁੱਢਲੀ ਜਾਣਕਾਰੀ ਰੱਖਣ ਵਾਲ਼ਾ ਵੀ ਇਸ ਦੀ ਅਰਥਹੀਣਤਾ ਨੂੰ ਸਮਝ ਸਕਦਾ ਹੈ। ਕੁਦਰਤੀ ਸਰੋਤਾਂ ਦੀ ਕਾਣੀ ਵੰਡ ਸਮਾਜ ਦੇ ਆਰਥਿਕ ਢਾਂਚੇ ਕਰਕੇ ਹੁੰਦੀ ਹੈ, “ਰਾਜਨੀਤਕ ਵਿਵਸਥਾ” ਇਸ ਆਰਥਿਕ ਢਾਂਚੇ ਉੱਤੇ ਉਸਰਦੀ ਹੈ ਤੇ ਇਸਨੂੰ ਬਣਾਈ ਰੱਖਣ ਲਈ ਕੰਮ ਕਰਦੀ ਹੈ। ਭਾਵ ਕਿ ਸਮਾਜਕ ਸਮੱਸਿਆਵਾਂ ਦਾ ਮੂਲ ਕਾਰਨ ਰਾਜਨੀਤਕ ਵਿਵਸਥਾ ਨਹੀਂ, ਸਗੋਂ ਆਰਥਿਕ ਢਾਂਚਾ ਹੈ। ਸਮਾਜਕ ਸਮੱਸਿਆਵਾਂ ਨੂੰ ਠੀਕ ਕਰਨਾ ਤੇ ਰਾਜਨੀਤਕ ਵਿਵਸਥਾ ਨੂੰ ਸੁਧਾਰਨਾ ਆਰਥਿਕ ਢਾਂਚੇ ਨੂੰ ਬਦਲ ਕੇ ਸੰਭਵ ਹੈ। ਪਰ ਨੂਰਪੁਰ ਸਿਆਸੀ ਆਰਥਿਕਤਾ ਦੇ ਵਿਗਿਆਨ ਨੂੰ ਛਿੱਕੇ ਟੰਗ ਕੇ ਤੁਰਦੇ ਹਨ, ਸੁਣੋ – “ਚੀਨ ਵਿੱਚ ਵਿਕਾਸ ਚੰਗੇ ਰਾਜਨੀਤਕ ਢਾਂਚੇ ਅਤੇ ਵਸੋਂ ਤੇ ਕੰਟਰੋਲ ਕਰਕੇ ਸੰਭਵ ਹੋਇਆ ਹੈ ਨਾ ਕਿ ਵਸੋਂ ਦੇ ਵਾਧੇ ਨਾਲ਼।” ਅੱਗੇ ਉਹ ਚੀਨ ਵਿੱਚ ਅਬਾਦੀ ਦੇ ਵਾਧੇ ਨੂੰ ਰੋਕਣ ਲਈ ਸਖਤ ਕਨੂੰਨ ਦਾ ਘਸਿਆ-ਪਿਟਿਆ “ਰਕਾਟ” ਲਾ ਕੇ ਬਹਿ ਜਾਂਦੇ ਹਨ। ਨੂਰਪੁਰ ਜੀਓ, ਕੁਝ ਢੰਗ ਦਾ ਪੜ੍ਹ-ਪੁੜ ਲਿਆ ਕਰੋ, ਜਲੰਧਰ ਦੇ ਅਖ਼ਬਾਰਾਂ ਨੂੰ ਪੜ੍ਹ ਕੇ ਲਿਖਣ ਨਾ ਬੈਠਿਆ ਕਰੋ। ਪਹਿਲੀ ਗੱਲ, ਚੀਨ ਦਾ ਵਿਕਾਸ 1949 ਦੇ ਇਨਕਲਾਬ ਤੋਂ ਬਾਅਦ ਉੱਥੇ ਸਥਾਪਤ ਹੋਏ ਨਵੇਂ ਸਮਾਜਵਾਦੀ ਆਰਥਕ ਢਾਂਚੇ ਕਾਰਨ ਸੰਭਵ ਹੋਇਆ, ਨਵਾਂ ਰਾਜਨੀਤਕ ਢਾਂਚਾ ਨਵੇਂ ਆਰਥਿਕ ਢਾਂਚੇ ਦੀ ਰੱਖਿਆ ਲਈ ਕਾਇਮ ਹੋਇਆ ਸੀ। ਇਸ ਵਿਕਾਸ ਵਿੱਚ ਅਬਾਦੀ ਦਾ ਵਾਧਾ ਰੋਕਣ ਦੀ ਉੱਕਾ ਹੀ ਭੂਮਿਕਾ ਨਹੀਂ ਹੈ। ਦੂਜੀ ਗੱਲ, ਚੀਨ ਵਿੱਚ ਅਬਾਦੀ ਦਾ ਵਾਧਾ ਨਵਾਂ ਆਰਥਿਕ ਢਾਂਚਾ ਸਥਾਪਤ ਹੋਣ ਨਾਲ਼ ਜੋ ਕਿ ਹਰ ਕਿਸੇ ਦੀ ਆਰਥਕ-ਸਮਾਜਕ ਸੁਰੱਖਿਆ ਯਕੀਨੀ ਬਣਾਉਂਦਾ ਸੀ ਤੇ ਜਿਸਨੇ ਚੀਨ ਦੇ ਲੋਕਾਂ ਦਾ ਸੱਭਿਆਚਾਰਕ ਪੱਧਰ ਉੱਚਾ ਚੁੱਕਿਆ, ਕਨੂੰਨ ਬਣਨ ਤੋਂ ਬਹੁਤ ਪਹਿਲਾਂ ਮੱਠਾ ਪੈ ਚੁੱਕਾ ਸੀ। ਪਰ ਨੂਰਪੁਰ ਜੀ ਸਿਰ ਥੱਲੇ, ਪੈਰ ਉਤਾਂਹ ਕਰ ਲੈਂਦੇ ਹਨ ਤੇ ਸੋਚਦੇ ਹਨ ਕਿ ਉਹ ਸਿੱਧੇ ਖੜੇ ਹਨ ਤੇ ਫਿਰ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਿਰ ਪਰਨੇ ਦਿਖਦੀਆਂ ਹਨ।

ਇਹ ਗੱਲ ਕਿ ਚੀਨ ‘ਚ ਅਬਾਦੀ ਵਧਣ ਦੀ ਰਫਤਾਰ “ਇੱਕ ਬੱਚਾ ਜੰਮਣ” ਨੀਤੀ ਨਾਲ਼ ਹੀ ਘਟੀ ਹੈ, ਵੀ ਇੱਕ ਭਰਮ ਹੈ। “ਇੱਕ ਬੱਚੇ ਦੀ ਨੀਤੀ” 1979 ‘ਚ ਦੇਂਗ ਜ਼ਿਓ ਪਿੰਗ ਦੀ ਸੋਧਵਾਦੀ ਜੁੰਡਲ਼ੀ ਨੇ ਲਾਗੂ ਕੀਤੀ ਸੀ। ਪਰ ਇਸ ਨੀਤੀ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਪ੍ਰਤੀ ਔਰਤ ਬੱਚਿਆਂ ਦੀ ਜਨਮ ਦਰ 6 ਤੋਂ ਘੱਟ ਕੇ 2.63 ਰਹਿ ਗਈ ਸੀ ਅਤੇ ਉਸਤੋਂ ਬਾਅਦ “ਇੱਕ ਬੱਚੇ” ਦੀ ਨੀਤੀ ਤਹਿਤ ਇਹ 2009 ਤੱਕ ਘਟ ਕੇ 1.8 (ਕੁਝ ਅਨੁਸਾਰ 1.64) ਹੋ ਗਈ ਹੈ। ਮਾਓ ਜ਼ੇ-ਤੁੰਗ ਕਾਲ (1949-1976) ‘ਚ ਪ੍ਰਤੀ ਔਰਤ ਬੱਚਿਆਂ ਦੀ ਜਨਮ ਦਰ ਘਟਣ ਦਾ ਕਾਰਨ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਣ, ਡਾਕਟਰੀ ਸਹੂਲਤਾਂ ਦੀ ਉਪਲਬਧਤਾ ਵਿਆਪਕ ਹੋਣ ਤੇ ਸੱਭਿਆਚਾਰਕ ਪੱਧਰ ਦਾ ਵਿਕਸਤ ਹੋਣਾ ਸੀ ਅਤੇ ਇਸ ਲਈ ਕਿਸੇ “ਸਖਤ ਕਨੂੰਨ” ਦੀ ਲੋੜ ਨਹੀਂ ਸੀ ਪਈ। ਦੂਜੀ ਗੱਲ ਇਹ ਕਿ ਇਸ ਤਰੀਕੇ ਨਾਲ਼ ਅਬਾਦੀ ਘਟਾਉਣ ਦੇ ਬੁਰੇ ਅਸਰ ਹੁਣ ਸਭ ਦੇ ਸਾਹਮਣੇ ਆ ਰਹੇ ਹਨ। ਚੀਨ ਵਿੱਚ 65 ਸਾਲ ਤੋਂ ਉੱਪਰ ਦੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਕੰਮ ਕਰਨ ਵਾਲ਼ੇ ਉਮਰ ਵਰਗ ਤੇ ਖਾਸ ਤੌਰ ‘ਤੇ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ ਜਿਸ ਨਾਲ਼ ਚੀਨ ਵਿੱਚ ਜਨਸੰਖਿਆ ਅਸੰਤੁਲਨ ਦਾ ਡਰ ਪੈਦਾ ਹੋ ਗਿਆ ਹੈ। ਇਸਨੂੰ 4-2-1 ਵਰਤਾਰਾ ਕਹਿੰਦੇ ਹਨ। ਭਾਵ ਕਿ ਚਾਰ ਮਾਪਿਆਂ ਦੇ ਦੋ ਬੱਚੇ ਤੇ ਫਿਰ ਦੋ ਮਾਪਿਆਂ ਦਾ ਇੱਕ ਬੱਚਾ, ਇਸਦਾ ਸਿੱਟਾ ਇਹ ਨਿੱਕਲ਼ਿਆ ਹੈ ਕਿ ਇੱਕ ਪਾਸੇ ਤਾਂ ਆਪਣੇ ਚਾਰੇ ਮਾਪਿਆਂ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਇੱਕੋ ਜੋੜੇ ‘ਤੇ ਆ ਪਈ ਹੈ, ਦੂਜੇ ਪਾਸੇ ਸਰਕਾਰ ਨੂੰ ਵੀ ਪੈਨਸ਼ਨਾਂ ਤੇ ਬਜ਼ੁਰਗਾਂ ਦੀ ਦੇਖਰੇਖ ਲਈ ਕਿਤੇ ਜ਼ਿਆਦਾ ਤਰੱਦਦ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ, ਇੱਕੋ ਬੱਚਾ ਹੀ ਪੈਦਾ ਕਰਨ ਦੀ ਆਗਿਆ ਹੋਣ ਕਾਰਨ ਮਾਦਾ ਭਰੂਣ ਹੱਤਿਆ ਦੀ ਬੁਰਾਈ ਆ ਪ੍ਰਗਟ ਹੋਈ ਹੈ (ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਪਹਿਲਾਂ ਹੀ ਇਹ ਬੁਰਾਈ ਇੰਨੀ ਭਿਅੰਕਰ ਹੈ, ਇੱਥੇ ਕੀ ਹਾਲ ਹੋਵੇਗਾ ਇਸ ਬਾਰੇ ਸੋਚਣਾ ਹੀ ਦਿਲ-ਕੰਬਾਊ ਹੈ)। ਸਰਮਾਏਦਾਰੀ ਦੇ ਸੰਕਟ ਦੇ ਦੌਰਾਂ ‘ਚ ਜਦੋਂ ਪਾਰਲੀਮਾਨੀ ਤਰੀਕਿਆਂ ਨਾਲ਼ ਸਰਮਾਏਦਾਰੀ ਜਮਾਤ ਲਈ ਹਕੂਮਤ ਕਰਨਾ ਅਸੰਭਵ ਹੁੰਦਾ ਜਾਂਦਾ ਹੈ ਤਾਂ ਅਜਿਹੇ ਸਮੇਂ ‘ਚ ਫਾਸੀਵਾਦੀ ਤਾਕਤਾਂ ਜਮਹੂਰੀਅਤ ਨੂੰ ਖਾਰਜ ਕਰਨ ਲਈ ਹਰ ਸਮੱਸਿਆ ਲਈ “ਸਖਤ ਕਨੂੰਨ” ਨੂੰ ਹੀ ਇੱਕੋ-ਇੱਕ ਹੱਲ ਬਣਾ ਕੇ ਪੇਸ਼ ਕਰਦੇ ਹਨ ਜਿਸਦਾ ਅਸਲ ਮਕਸਦ ਆਮ ਲੋਕਾਂ ਦੇ ਬਚੇ-ਖੁਚੇ ਹੱਕਾਂ ਨੂੰ ਵੀ ਖੋਹ ਲੈਣਾ ਅਤੇ ਸਰਮਾਏਦਾਰੀ ਦੀ ਨੰਗੀ-ਚਿੱਟੀ ਦਹਿਸ਼ਤਗਰਦ ਹਕੂਮਤ ਕਾਇਮ ਕਰਨਾ ਹੁੰਦਾ ਹੈ। ਅਬਾਦੀ ਨੂੰ “ਸਖਤ ਕਨੂੰਨ” ਰਾਹੀਂ ਕੰਟਰੋਲ ਕਰਨ ਦੀਆਂ ਜੜ੍ਹਾਂ ਵੀ ਇਸੇ ਫਾਸੀਵਾਦੀ ਵਿਚਾਰਧਾਰਾ ‘ਚ ਪਈਆਂ ਹਨ ਜਿਸ ਤੋਂ ਸਾਫ ਰੂਪ ‘ਚ ਸ਼੍ਰੀਮਾਨ ਨੂਰਪੁਰ ਵੀ ਪ੍ਰਭਾਵਿਤ ਹੋ ਗਏ ਹਨ।

ਕੁਝ ਹੋਰ ਫੁਟਕਲ ਗੱਲਾਂ; ਅਸੀਂ ਉੱਪਰ ਗੱਲ ਕੀਤੀ ਸੀ ਕਿ ਨੂਰਪੁਰ ਹੁਰੀਂ ਦੂਜਿਆਂ ਨੂੰ “ਅੰਕੜਿਆਂ ਦੀ ਦੂਰਬੀਨ” ਨਾ ਵਰਤਣ ਦੀ ਸਲਾਹ ਦਿੰਦੇ ਹਨ ਪਰ ਉਹ ਖੁਦ ਇਸ ਦੂਰਬੀਨ ਨੂੰ ਵਰਤਣ ਤੋਂ ਪਿੱਛੇ ਨਹੀਂ ਹਨ, ਭਾਵੇਂ ਉਹਨਾਂ ਨੂੰ ਇਹ ਦੂਰਬੀਨ ਫੜਨੀ ਆਉਂਦੀ ਨਹੀਂ। ਮਿਸਾਲ ਵਜੋਂ, ਉਹ ਅਬਾਦੀ ਦੀ ਘਣਤਾ ਦਾ ਅੰਕੜਾ ਦਿੰਦੇ ਹੋਏ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਚੀਨ ਦੀ ਵਸੋਂ ਘਣਤਾ ਭਾਰਤ ਨਾਲ਼ੋਂ ਘੱਟ ਹੈ, ਇਸ ਲਈ ਉਹ ਭਾਰਤ ਨਾਲ਼ੋਂ ਬਿਹਤਰ ਹਾਲਤ ਵਿੱਚ ਹੈ ਅਤੇ ਬੰਗਲਾਦੇਸ਼ ਦੀ ਅਬਾਦੀ ਦੀ ਘਣਤਾ ਵੱਧ ਹੋਣ ਕਰਕੇ ਉੱਥੇ ਦੇ ਹਾਲਾਤ ਭਾਰਤ ਨਾਲ਼ੋਂ ਭੈੜੇ ਹਨ। ਜੇ ਕਿਸੇ ਦੇਸ਼ ਦੀ ਕੁਲ ਅਬਾਦੀ ਤੋਂ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ (ਜਿਵੇਂ ਕਿ ਨੂਰਪੁਰ ਜੀ ਕਹਿੰਦੇ ਹਨ), ਉਸੇ ਤਰ੍ਹਾਂ ਅਬਾਦੀ ਘਣਤਾ ਤੋਂ ਵੀ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਕਿਉਂਕਿ ਕੋਈ ਦੇਸ਼ ਵੱਡਾ ਹੈ ਪਰ ਉੱਥੇ ਮਨੁੱਖਾਂ ਦੇ ਰਹਿਣਯੋਗ ਥਾਂ ਘੱਟ ਹੈ ਤਾਂ ਉਸਦੀ ਅਬਾਦੀ ਦੀ ਘਣਤਾ ਘੱਟ ਜਾਵੇਗੀ। ਚੀਨ ਤੇ ਭਾਰਤ ਵਿਚਾਲੇ ਇਹੀ ਫਰਕ ਅਬਾਦੀ ਦੀ ਘਣਤਾ ਦਾ ਫਰਕ ਹੋਣ ਦਾ ਕਾਰਨ ਹੈ। ਦੂਜੇ ਪਾਸੇ, ਬੰਗਲਾਦੇਸ਼ ਗੰਗਾ ਦੇ ਮੈਦਾਨਾਂ ਵਿੱਚ ਹੀ ਆਉਂਦਾ ਹੈ ਅਤੇ ਜੇ ਅਸੀਂ ਇਸ ਪੂਰੇ ਖਿੱਤੇ (ਜਿਸ ਵਿੱਚ ਭਾਰਤ ਦੇ ਉੱਤਰਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਆਦਿ ਸੂਬੇ ਵੀ ਆਉਂਦੇ ਹਨ) ਦੀ ਅਬਾਦੀ ਘਣਤਾ ਦੇਖੀਏ ਤਾਂ ਇਹ 1000/ਕਿਲੋਮੀਟਰ ਬਣਦੀ ਹੈ, ਪਰ ਭਾਰਤ ਦੇ ਹੋਰਨਾਂ ਕਈ ਇਲਾਕਿਆਂ ਵਸੋਂ ਘਣਤਾ ਘੱਟ ਹੋਣ ਕਰਕੇ ਪੂਰੇ ਦੇਸ਼ ਦੀ ਘਣਤਾ ਥੱਲੇ ਆ ਜਾਂਦੀ ਹੈ ਜਦਕਿ ਬੰਗਲਾਦੇਸ਼ ਵਿੱਚ ਅਜਿਹੇ ਇਲਾਕੇ ਨਾਂਹ ਦੇ ਬਰਾਬਰ ਹਨ। ਨੂਰਪੁਰ ਹੁਰਾਂ ਦੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਮੋਨਾਕੋ ਤੇ ਮਾਲਟਾ ਗਰੀਬ ਦੇਸ਼ ਨਹੀਂ ਹਨ, ਜਿਵੇਂ ਕਿ ਉਹਨਾਂ ਆਪਣੇ ਲੇਖ ਲਿਖਿਆ ਹੈ। ਇੱਕ ਹੋਰ ਅਜੀਬੋ ਗਰੀਬ ਤਰਕ ਇਹ ਹੈ – “ਇਸ ਗੱਲ ਦਾ ਪ੍ਰਚਾਰ ਕਰਕੇ ਕਿ ਅਬਾਦੀ ਕੋਈ ਸਮੱਸਿਆ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ਼ ਦੂਜਿਆਂ ਨੂੰ ਵੱਧ ਜਿੰਨੇ ਮਰਜ਼ੀ ਬੱਚੇ ਪੈਦਾ ਕਰਨ ਦੀ ਨਸੀਹਤ ਹੀ ਹੈ।” ਅਬਾਦੀ ਕੋਈ ਸਮੱਸਿਆ ਨਹੀਂ ਹੈ, ਇਹ ਕਹਿਣ ਜਾਂ ਸਿੱਧ ਕਰਨ ਦਾ ਮਤਲਬ ਲੋਕਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਦੀ ਸਲਾਹ ਨਹੀਂ ਹੈ (ਅਤੇ ਨਾ ਹੀ ਕੋਈ ਅਜਿਹੀ ਸਲਾਹ ਮੰਨਣ ਵਾਲ਼ਾ ਹੈ!), ਸਗੋਂ ਅਜਿਹਾ ਕਰਨਾ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਜਿਵੇਂ ਬੇਰੁਜਗਾਰੀ, ਮਹਿੰਗਾਈ, ਗਰੀਬੀ ਆਦਿ ਦੇ ਅਸਲੀ ਕਾਰਨਾਂ ਤੇ ਹੱਲ ਬਾਰੇ ਦੱਸਣਾ ਅਤੇ ਸਰਮਾਏਦਾਰੀ ਦੇ ਕੌਲੀਚੱਟਾਂ ਦੇ ਗੁੰਮਰਾਹਕੁੰਨ ਤਰਕਾਂ ਨੂੰ ਨੰਗਾ ਕਰਨਾ ਹੈ। ਪੂਰੇ ਲੇਖ ਵਿੱਚ ਉਹ ਕਈ ਥਾਂ ਲਿਖਦੇ ਹਨ ਕਿ “ਇਹ ਠੀਕ ਹੈ ਕਿ ਸਮੱਸਿਆਵਾਂ ਦਾ ਕਾਰਨ ਕਾਣੀ ਵੰਡ ਹੈ, ਪਰ ਫਿਰ ਵੀ ਅਬਾਦੀ ਵੱਡੀ ਸਮੱਸਿਆ ਹੈ।” ਅਸਲ ਗੱਲ ਇਹ ਹੈ ਕਿ ਨੂਰਪੁਰ ਹੁਰਾਂ ਕੋਲ਼ ਕਹਿਣ ਨੂੰ ਕੁਝ ਨਹੀਂ ਹੈ, ਉਹ ਕਾਣੀ ਵੰਡ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਐਵੇਂ ਅੜੀ ਫੜੀ ਬੈਠੇ ਹਨ ਕਿ “ਅਬਾਦੀ ਵੱਡੀ ਸਮੱਸਿਆ ਹੈ।” ਹੁਣ ਅਸੀਂ ਬੱਸ ਕਰਦੇ ਹਾਂ। ਨੂਰਪੁਰ ਹੁਰਾਂ ਦੇ ਲੇਖ ਵਿੱਚ ਕੁਤਰਕਾਂ ਦੀ “ਵਧੀ ਹੋਈ ਅਬਾਦੀ” ਬਿਲਕੁਲ ਇੱਕ ਸਮੱਸਿਆ ਹੈ, ਉਹਨਾਂ ਦੇ ਸਾਰੇ ਕੁਤਰਕਾਂ ਉੱਤੇ ਗੱਲ ਕਰਨਾ, ਜ਼ਾਹਿਰ ਹੈ, ਸਾਡੇ ਵੱਸ ਤੋਂ ਬਾਹਰ ਹੈ ਤੇ ਬੇਲੋੜਾ ਵੀ ਹੈ, ਇਸ ਲਈ ਪਾਠਕ ਵੱਡਾ ਦਿਲ ਕਰਕੇ ਸਾਨੂੰ ਮੁਆਫ ਕਰਨਗੇ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 40, ਜੂਨ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s