ਸ਼ਹੀਦ ਭਗਤ ਸਿੰਘ ਦੀ 108 ਜਨਮ ਵਰ੍ਹੇਗੰਢ ‘ਤੇ ਲੁਧਿਆਣਾ ‘ਚ ਮੁਹਿੰਮ ਚਲਾਈ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਸਭਾਵਾਂ ਤੇ ਪੈਦਲ ਮਾਰਚ, 28 ਸਤੰਬਰ ਨੂੰ ਫ਼ਿਲਮ ਸ਼ੋਅ ਦਾ ਆਯੋਜਨ

ਸ਼ਹੀਦ ਭਗਤ ਸਿੰਘ ਦੇ ਜਨਮ ਦੀ 108 ਵੀਂ ਵਰ੍ਹੇਗੰਢ ਮੌਕੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਲੁਧਿਆਣਾ ਵਿਖੇ 25 ਤੋਂ 28 ਸਤੰਬਰ ਪੈਦਲ ਮਾਰਚ ਅਤੇ ਨੁੱਕੜ ਸਭਾਵਾਂ ਦਾ ਆਯੋਜਨ ਕੀਤਾ ਗਿਆ। ਇਸ ਸਰਗਰਮੀ ਦੌਰਾਨ ਇੱਕ ਪਰਚਾ ਵੀ ਵੰਡਿਆ ਗਿਆ। 28 ਸਤੰਬਰ ਨੂੰ ਈ.ਡਬਲਿਊ.ਐਸ. ਕਲੋਨੀ ਵਿੱਚ ਹਾਵਰਡ ਫਾਸਟ ਦੇ ਪ੍ਰਸਿੱਧ ਨਾਵਲ ‘ਸਪਾਰਟਕਸ’ ‘ਤੇ ਅਧਾਰਿਤ ਫ਼ਿਲਮ ‘ਸਪਾਰਟਕਸ’ ( 1960, ਨਿਰਦੇਸ਼ਕ – ਸਟੈਨਲੀ ਕੁਬਰਿਕ) ਵਿਖਾਈ ਗਈ।

ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨਾਲ਼ ਸ਼ਹੀਦ ਭਗਤ ਸਿੰਘ ਦੇ ਵਿਚਾਰ ਸਾਂਝੇ ਕੀਤੇ ਗਏ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਕੋਈ ਰਸਮ ਪੂਰੀ ਨਹੀਂ ਹੈ। ਅੱਜ ਦੇਸ਼ ਦੇ ਮਜ਼ਦੂਰਾਂ, ਕਿਰਤੀਆਂ ਤੇ ਨੌਜਵਾਨਾਂ ਨੂੰ ਜਿਨ੍ਹਾਂ ਭਿਅੰਕਰ ਹਾਲਤਾਂ ਵਿੱਚੋਂ ਲੰਘਣਾ ਪੈ ਰਿਹਾ ਹੈ ਉਸ ਵਿੱਚ ਭਗਤ ਸਿੰਘ ਨੂੰ ਯਾਦ ਕਰਨਾ ਬੇਹੱਦ ਜ਼ਰੂਰੀ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਲੜਾਈ ਸਿਰਫ਼ ਵਿਦੇਸ਼ੀ ਲੁਟੇਰਿਆਂ ਖਿਲਾਫ਼ ਨਹੀਂ ਸਗੋਂ ਦੇਸੀ ਲੁਟੇਰੀਆਂ ਜਮਾਤਾਂ ਖਿਲਾਫ਼ ਵੀ ਸੀ। ਅੱਜ ਇਨਕਲਾਬੀ ਸ਼ਹੀਦਾਂ ਦੇ ਮਹਾਨ ਜੀਵਨ ਤੋਂ ਪ੍ਰੇਰਣਾ ਲੈਣੀ ਹੋਵੇਗੀ, ਉਹਨਾਂ ਦੇ ਵਿਚਾਰਾਂ ਤੋਂ ਰਾਹ ਦਰਸਾਵਾ ਹਾਸਿਲ ਕਰਨਾ ਹੋਵੇਗਾ ਅਤੇ ਇਨਕਲਾਬੀ ਸੋਚ ਨੂੰ ਵਿਸ਼ਾਲ ਲੋਕਾਈ ਤੱਕ ਲੈ ਕੇ ਜਾਣਾ ਹੋਵੇਗਾ।

ਬੁਲਾਰਿਆਂ ਨੇ ਕਿਹਾ ਕਿ ਸਾਰੇ ਤਰ੍ਹਾਂ ਦੇ ਧਾਰਮਿਕ ਕੱਟੜਪੰਥੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਪੱਬਾਂ ਭਾਰ ਹਨ। ਹਿੰਦੂਤਵੀ ਕੱਟੜਪੰਥੀ ਅੱਜ ਸਭ ਤੋਂ ਖ਼ਤਰਨਾਕ ਲੋਕ ਦੁਸ਼ਮਣ ਫ਼ਿਰਕੂ ਤਾਕਤਾਂ ਹਨ। ਫ਼ਿਰਕੂ ਤਾਕਤਾਂ ਦੀ ਨੀਤੀ ”ਫੁੱਟ ਪਾਓ, ਰਾਜ ਕਰੋ” ਦੀ ਨੀਤੀ ਹੈ। ਉਹਨਾਂ ਦਾ ਮਕਸਦ ਲੋਕਾਂ ਦੀ ਲੁੱਟ-ਖਸੁੱਟ ਜ਼ਾਰੀ ਰੱਖਣਾ ਹੈ, ਲੋਕ ਘੋਲ਼ਾਂ ਨੂੰ ਕੁੱਚਲਣਾ ਹੈ, ਸਰਮਾਏਦਾਰਾ ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ। ਬੁਲਾਰਿਆਂ ਨੇ ਲੋਕਾਂ ਹਾਕਮਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਨੂੰ ਪਛਾਣਨ ਅਤੇ ਨਾਕਾਮ ਕਰਨ ਦਾ ਸੱਦਾ ਦਿੱਤਾ। 

– ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements