ਸਾਜਿਸ਼ਾਂ ਦੇ ਸਿਧਾਂਤ ਜਾਂ ਜਮਾਤੀ ਘੋਲ਼? •ਮਾਨਵ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)  

ਪਿਛਲੇ ਕੁੱਝ ਸਾਲਾਂ ਤੋਂ ਲੋਕਾਂ ਦੀ ਸਾਜਿਸ਼ਾਂ ਦੇ ਸਿਧਾਂਤਾਂ (Conspiracy Theories) ਵਿੱਚ ਦਿਲਚਸਪੀ ਕਾਫ਼ੀ ਵਧੀ ਹੈ। ਸੰਸਾਰ ਦੇ ਮਹੱਤਵਪੂਰਨ ਵਰਤਾਰਿਆਂ (ਜਿਵੇਂ ਕਿ ਆਰਥਕ ਸੰਕਟ, ਸੰਸਾਰ-ਜੰਗ ਆਦਿ) ਦੇ ਪਿੱਛੇ ਕੰਮ ਕਰਨ ਵਾਲ਼ੇ ‘ਸਾਜਿਸ਼ੀ’ ਕਾਰਨਾਂ ਦੀ ਪੜਚੋਲ ਦਾ ਦਾਅਵਾ ਕਰਨ ਵਾਲ਼ੇ ਲੇਖਕਾਂ ਵੱਲ਼ੋਂ ਇਹਨਾਂ ਵਿਸ਼ਿਆਂ ਉੱਤੇ ਲਗਾਤਾਰ ਕਿਤਾਬਾਂ, ਲੇਖ ਲਿਖੇ ਜਾ ਰਹੇ ਹਨ ਜੋ ਲੋਕਾਂ ਦੇ ਇੱਕ ਹਿੱਸੇ ਨੂੰ ਕਾਫ਼ੀ ਪ੍ਰਭਾਵਿਤ ਵੀ ਕਰ ਰਹੇ ਹਨ। ਅਮਰੀਕਾ ਵਿੱਚ ਹੋਏ ਇੱਕ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਕਿ 80% ਅਮਰੀਕੀ ਇਹ ਮੰਨਦੇ ਹਨ ਕਿ ਅਮਰੀਕੀ ਸਰਕਾਰ ਵੱਲ਼ੋਂ ਉੱਡਣ-ਤਸ਼ਤਰੀਆਂ (ਯੂ.ਐੱਫ.ਓ) ਬਾਰੇ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ; ਸਾਜਿਸ਼ੀ ਸਿਧਾਂਤਾਂ ਨੂੰ ਅਧਾਰ ਬਣਾ ਕੇ ਅਮਰੀਕੀ ਟੈਲੀਵਿਜ਼ਨ ਲਈ ਬਣਿਆ ਟੀ.ਵੀ ਸੀਰੀਅਲ ਐਕਸ-ਫ਼ਾਈਲਸ (X-Files) ਸੰਸਾਰ ਦੀਆਂ ਵੱਖ-ਵੱਖ ਜੁਬਾਨਾਂ ਵਿੱਚ ਡੱਬ ਹੋ ਕੇ ਬੇਹੱਦ ਮਕਬੂਲ ਹੋ ਚੁੱਕਾ ਹੈ; ਲੋਕਾਂ ਦਾ ਚੋਖ਼ਾ ਹਿੱਸਾ ਇਹ ਮੰਨਦਾ ਹੈ ਕਿ ਅਮਰੀਕਾ ਦੇ ਨਿਊਯਾਰਕ ਵਿੱਚ ਹੋਇਆ 9/11 ਹਮਲਾ ਅਮਰੀਕੀ ਸਰਕਾਰ ਦੀ ਖੁਦ ਦੀ ਕਾਰਵਾਈ ਸੀ, ਅਤੇ ਹੋਰ ਅਜਿਹੀਆਂ ਹੀ ਬਹੁਤੀਆਂ ਵਿਆਖਿਆਵਾਂ ਇਹਨਾਂ ਸਿਧਾਂਤਕਾਰਾਂ ਵੱਲ਼ੋਂ ਪੇਸ਼ ਕੀਤੀਆਂ ਜਾਂਦੀਆਂ ਹਨ . ਪੰਜਾਬੀ ਵਿੱਚ ਵੀ ਡਾ. ਦਲਜੀਤ ਸਿੰਘ ਦੀਆਂ ਕਿਤਾਬਾਂ(ਦੂਜਾ ਪਾਸਾ, ਸੱਚ ਦੀ ਭਾਲ਼) ਨੂੰ ਬੌਧਿਕ  ਹਲ਼ਕਿਆਂ ਵਿੱਚ ਮਕਬੂਲ਼ੀਅਤ ਮਿਲਣਾ ਇਸੇ ਗੱਲ ਦੀ ਤਸਦੀਕ ਕਰਦਾ ਹੈ ਕਿ ਅਜਿਹੇ ਸਿਧਾਂਤਾਂ ਦਾ ਇੱਕ ਅੱਛਾ-ਖਾਸਾ ਪਾਠਕ ਵਰਗ ਹੈ।

ਇਹਨਾਂ ਸਿਧਾਂਤਾਂ ਦੀ ਮਕਬੂਲੀਅਤ 1960 ‘ਵਿਆਂ ਦੇ ਦਹਾਕੇ ਤੋਂ ਉਲੀਕੀ ਜਾ ਸਕਦੀ ਹੈ। ਇਹ ਉਹ ਸਮਾਂ ਸੀ ਜਦੋਂ ਅਮਰੀਕੀ ਅਗਵਾਈ ਹੇਠ ਪੱਛਮੀ ਸਾਮਰਾਜ ਵੀਅਤਨਾਮ ਅਤੇ ਪੂਰਬੀ ਏਸ਼ੀਆ ਦੇ ਹੋਰਨਾਂ ਮੁਲਕਾਂ ਉੱਤੇ ਜਬਰ ਢਾਹ ਰਿਹਾ ਸੀ ਅਤੇ ਇਸ ਖਿਲਾਫ਼ ਪੂਰੇ ਸੰਸਾਰ ਦੇ ਲੋਕਾਂ, ਖਾਸਕਰ ਨੌਜਵਾਨਾਂ, ਵਿੱਚ ਬੇਹੱਦ ਗੁੱਸਾ ਸੀ। ਪਰ ਦੂਸਰੇ ਪਾਸੇ, ਸੋਵੀਅਤ ਯੂਨੀਅਨ ਵੀ ਸਤਾਲਿਨ ਦੀ ਮੌਤ ਤੋਂ ਬਾਅਦ ਸਮਾਜਕ ਸਾਮਰਾਜੀ ਮੁਲਕ ਵਿੱਚ ਵਟ ਚੁੱਕਿਆ ਸੀ ਅਤੇ ਆਪਣੀਆਂ ਵਿਸਤਾਰਵਾਦੀ ਨੀਤੀਆਂ ਦੀ ਝਲ਼ਕ ਚੈਕੋਸਲੋਵਾਕੀਆ, ਹੰਗਰੀ ਵਿੱਚ ਦਿਖਾ ਚੁੱਕਾ ਸੀ। ਨਾਲ਼ ਹੀ ਲੋਕਾਂ ਦੇ ਗੁੱਸੇ ਨੂੰ ਇੱਕ ਇਨਕਲਾਬੀ ਸੇਧ ਦਿੰਦੀਆਂ ਰਹੀਆਂ ਰਵਾਇਤੀ ਕਮਿਊਨਿਸਟ ਪਾਰਟੀਆਂ ਵੀ ਸੋਧਵਾਦੀ ਹੋ ਚੁੱਕੀਆਂ ਸਨ ਅਤੇ ਆਪਣੇ ਮੁਲਕਾਂ ਵਿੱਚ ਉੱਠ ਰਹੀਆਂ ਸਾਮਰਾਜ-ਵਿਰੋਧੀ ਲਹਿਰਾਂ ਨੂੰ ਲੈ ਕੇ ਇਹਨਾਂ ਦਾ ਵਤੀਰਾ ਨਾਂਦਰੂ ਸੀ, ਜਿਵੇਂ ਕਿ ਫਰਾਂਸ ਦੇ 1968 ਦੇ ਅੰਦੋਲਨ ਵੇਲੇ . ਮਜ਼ਦੂਰ ਅੰਦੋਲਨ ਦਾ ਹੇਠਾਂ ਵੱਲ ਨੂੰ ਨਿਘਾਰ ਸ਼ੁਰੂ ਹੋ ਚੁੱਕਾ ਸੀ, ਜੋ ਕਿ ਚੀਨ ਵਿੱਚ ਸੋਧਵਾਦੀ ਪਲਟਾ ਹੋਣ (ਮਾਓ ਦੀ ਮੌਤ ਤੋਂ ਬਾਅਦ) ਅਤੇ ਨਵ-ਉਦਾਰਵਾਦੀ ਯੁੱਗ ਦੇ ਆਰੰਭ ਹੋਣ ਤੋਂ ਬਾਅਦ ਇੱਕ ਫੈਸਲ਼ਾਕੁੰਨ ਕਰਵਟ ਲੈ ਗਿਆ। ਇਸ ਲਈ ਇਸ ਦੌਰ ਵਿੱਚ ਵੱਡੀ ਹੋਈ ਪੀੜ੍ਹੀ ਦੇ ਗੁੱਸੇ ਨੂੰ ਕੋਈ ਸਹੀ ਦਿਸ਼ਾ ਨਾ ਮਿਲ਼ਣ ਕਰਕੇ ਇਹ ਗੁੱਸਾ ਵੱਖੋ-ਵੱਖਰੇ ਅਰਾਜਕ ਢੰਗਾਂ ਰਾਹੀਂ ਨਿੱਕਲ਼ਿਆ, ਜਿਵੇਂ ਕਿ ਇਹਨਾਂ ਦਹਾਕਿਆਂ ਵਿੱਚ ਯੂਰਪ ਦੇ ਕੁੱਝ ਮੁਲਕਾਂ (ਫਰਾਂਸ, ਇਟਲੀ, ਜਰਮਨੀ ਆਦਿ) ਵਿੱਚ ਖੱਬੇ-ਪੱਖੀ ਦਹਿਸ਼ਤਗਰਦੀ ਦੇ ਰੂਪ ਵਿੱਚ। ਨਾਲ ਹੀ, ਮਾਰਕਸਵਾਦ ਦੇ ਨਾਮ ਹੇਠ ਸਰਮਾਏਦਾਰਾ ਪ੍ਰਬੰਧ ਦੀ ਸੁਰੱਖਿਆ ਪੰਕਤੀ ਬਣੀਆਂ ਬੈਠੀਆਂ ਸੋਧਵਾਦੀ ਪਾਰਟੀਆਂ ਤੋਂ ਹੋਈ ਇਸ ਬੇਮੁੱਖਤਾ ਨੇ ਅਨੁਭਵਵਾਦੀ ਢੰਗ ਨਾਲ ਪੂਰੇ ਮਾਰਕਸਵਾਦੀ ਦਰਸ਼ਨ ਨੂੰ ਹੀ ਰੱਦਣ ਦਾ ਰੂਪ ਲਿਆ। ਇਹਨਾਂ ਕਾਰਨਾਂ ਕਰਕੇ ਪੈਦਾ ਹੋਏ ਖਲਾਅ ਦੀ ਜਗ੍ਹਾ ਇਹਨਾਂ ਸਾਜਿਸ਼ ਦੇ ਸਿਧਾਂਤਾਂ ਨੇ ਲਈ।

ਅੱਜ ਦੇ ਸਮੇਂ ਵਿੱਚ ਵੀ ਸਰਮਾਏਦਾਰਾ ਪ੍ਰਬੰਧ ਦੀਆਂ ਵਿਰੋਧਤਾਈਆਂ ਲਗਾਤਾਰ ਤਿੱਖੀਆਂ ਹੋ ਰਹੀਆਂ ਹਨ। ਪਿਛਲੇ ਇੱਕ-ਦੋ ਦਹਾਕਿਆਂ ਤੋਂ ਲੋਕਾਂ ਦੀ ਆਰਥਿਕ ਹਾਲਤ ਲਗਾਤਾਰ ਨਿੱਘਰੀ ਹੈ। ਬੇਰੁਜ਼ਗਾਰੀ ਜਾਂ ਹਰ ਵੇਲ਼ੇ ਲਟਕ ਰਹੀ ਛਾਂਟੀ ਦੀ ਤਲਵਾਰ, ਵਧ ਰਹੇ ਆਰਥਿਕ ਪਾੜੇ ਅਤੇ ਮਹਿੰਗਾਈ ਆਦਿ ਨੇ ਲੋਕਾਂ ਵਿੱਚ ਇੱਕ ਅਸੁਰੱਖਿਆ ਨੂੰ ਜਨਮ ਦਿੱਤਾ ਹੈ। ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਰਹੇ ਹਨ। ਪਹਿਲਾਂ ਇਹ ਹੱਲ ਸ਼ਕਤੀਸ਼ਾਲੀ ਮਜ਼ਦੂਰ ਲਹਿਰ ਸਮਾਜਵਾਦ ਦੇ ਰੂਪ ਵਿੱਚ ਪੇਸ਼ ਕਰਦੀ ਸੀ ਪਰ ਪਿਛਲੇ ਕੁੱਝ ਦਹਾਕਿਆਂ ਤੋਂ ਇਸ ਲਹਿਰ ਵਿੱਚ ਆਇਆ ਖਿੰਡਾਅ ਲੋਕਾਂ ਨੂੰ “ਬਦਲਵੇਂ ਸਿਧਾਂਤਾਂ” ਵੱਲ਼ ਮੋੜ ਰਿਹਾ ਹੈ, ਜਿਹਨਾਂ ਵਿੱਚੋਂ ਸਾਜਿਸ਼ ਦੇ ਸਿਧਾਂਤ ਵੀ ਇੱਕ ਹਨ। ਇਹ ਸਿਧਾਂਤ ਹਰ ਸਮੱਸਿਆ ਦਾ ਪੱਕਿਆ-ਪਕਾਇਆ ਹੱਲ ਪੇਸ਼ ਕਰਦੇ ਹਨ, ਜੋ ਇਸ ਗੱਲ ਉੱਤੇ ਕੇਂਦਰਿਤ ਹੁੰਦਾ ਹੈ ਕਿ ਸੰਸਾਰ ਦੇ ਜਿੰਨੇ ਵੀ ਵਰਤਾਰੇ ਹਨ – ਸੰਸਾਰ ਜੰਗ, ਆਰਥਿਕ ਸੰਕਟ ਅਤੇ ਇਨਕਲਾਬ ਤੱਕ ਵੀ (!) – ਇਹਨਾਂ ਨੂੰ ਅੰਜਾਮ ਦੇਣ ਵਿੱਚ ਕੁੱਝ ਗਿਣੇ-ਚੁਣੇ ਲੋਕਾਂ ਦਾ ਹੱਥ ਹੁੰਦਾ ਹੈ। ਇਹ ਗਿਣੇ-ਚੁਣੇ ਲੋਕ ਬੈਂਕਰ, ਸਗੋਂ ਯਹੂਦੀ ਬੈਂਕਰ ਹਨ (ਰੌਥਚਾਈਲਡ, ਰਾਕਫੈਲਰ ਆਦਿ) ਅਤੇ ਇਹ ਗੁਪਤ ਸੰਸਥਾਵਾਂ ਬਣਾ ਕੇ ਸਮੁੱਚੇ ਸੰਸਾਰ ਉੱਤੇ ਰਾਜ ਕਰਨ ਦੀਆਂ ਇੱਛਾਵਾਂ ਪਾਲਦੇ ਹਨ।

ਵੈਸੇ ਇਹ ਪਹਿਲੀ ਵਾਰ ਨਹੀਂ ਹੈ ਕਿ ਆਰਥਿਕ-ਸਮਾਜਿਕ ਸਮੱਸਿਆਵਾਂ ਲਈ ਕਿਸੇ ਇੱਕ ਖ਼ਾਸ ਸਮੂਹ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਮੱਧ-ਯੁੱਗ ਵਿਚ ਵੀ ਇਸ ਦੀਆਂ ਉਦਾਹਰਣਾਂ ਮਿਲਦੀਆਂ ਹਨ ਕਿ ਕਿਵੇਂ ਜਗੀਰੂ ਰਾਜਸੱਤ੍ਹਾ ਯਹੂਦੀਆਂ, ਟੱਪਰੀਵਾਸੀਆਂ (ਜਿਪਸੀ) ਆਦਿ ਨੂੰ ਖ਼ਾਸ ਸਮੱਸਿਆਵਾਂ ਲਈ ਦੋਸ਼ੀ ਠਹਿਰਾ ਕੇ ਆਪਣੀ ਲੁੱਟ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਸੀ। ਰੂਸ ਵਿੱਚ ਵੀ ਜ਼ਾਰਸ਼ਾਹੀ ਵੱਲੋਂ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਕਰਵਾਏ ਜਾਂਦੇ ਸਨ। ਇੱਥੋਂ ਤੱਕ ਕਿ ਸਾਜਿਸ਼ ਦੇ ਸਿਧਾਂਤਕਾਰਾਂ ਵੱਲੋਂ ਉਲਿਖਤ ਕੀਤਾ ਜਾਂਦਾ ਅਖੌਤੀ ‘ਯਹੂਦੀ ਖਰੜਾ’ ( – ਜਿਸ ਵਿੱਚ ਯਹੂਦੀ ਯੋਜਨਾਕਾਰਾਂ ਨੇ ਸੰਸਾਰ ਨੂੰ ਕੰਟਰੋਲ਼ ਕਰਨ ਲਈ ਅਖੌਤੀ ਯੋਜਨਾ ਪੇਸ਼ ਕੀਤੀ ਹੈ ) ਵੀ ਜਾਰਸ਼ਾਹੀ ਦੀ ਓਖਰਾਨਾ (ਜਾਰਸ਼ਾਹੀ ਖੂਫ਼ੀਆ ਪੁਲਸੀਆ ਤੰਤਰ) ਵੱਲ਼ੋਂ ਜਾਰੀ ਕੀਤਾ ਗਿਆ ਫ਼ਰਜ਼ੀ ਦਸਤਾਵੇਜ਼ ਸੀ  । ਇਸ ਦਸਤਾਵੇਜ਼ ਨੂੰ 1919 ਵਿੱਚ ਜਦੋਂ ਅਮਰੀਕਾ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਤਾਂ ਇਸ ਵਿਚਲੇ ‘ਯਹੂਦੀ’ ਸ਼ਬਦਾ ਨੂੰ ‘ਬਾਲਸ਼ਵਿਕਾਂ’ ਨਾਲ਼ ਬਦਲ ਕੇ ਬਾਜ਼ਾਰ ਵਿੱਚ ਖ਼ੂਬ ਭੁਨਾਇਆ ਗਿਆ। ਇਸੇ ਤਰ੍ਹਾਂ ਯਹੂਦੀ ਵਿਰੋਧ ਨੇ ਨਾਜ਼ੀਆਂ ਹੇਠ ਜੋ ਰੂਪ ਅਖਤਿਆਰ ਕੀਤਾ ਉਹ ਵੀ ਸਭ ਦੇ ਸਾਹਮਣੇ ਹੈ। ਅੱਜ ਵੀ ਜਿਹੜੇ ਸਾਜਿਸ਼ ਦੇ ਸਿਧਾਂਤ ਪੇਸ਼ ਕੀਤੇ ਜਾਂਦੇ ਹਨ, ਉਹਨਾਂ ਵਿੱਚ ਵੀ ਉਹੀ ਯਹੂਦੀ-ਵਿਰੋਧ ਦੀ ਨਸਲੀ ਤੰਦ ਸਾਂਝੀ ਦੇਖ ਸਕਦੇ ਹਾਂ। ਮਿਸਾਲ ਵਜੋਂ, ਅਜਿਹੀਆਂ ਕਈ ਦਸਤਾਵੇਜੀ ਫਿਲਮਾਂ ਵਿੱਚ 9/11 ਦੀ ਘਟਨਾ ਜਾਂ 2008 ਦੇ ਆਰਥਿਕ ਸੰਕਟ ਨੂੰ ਯਹੂਦੀ ਬੈਂਕਰਾਂ ਦੀ ਕਾਰਵਾਈ ਦੱਸਿਆ ਜਾਂਦਾ ਹੈ ।

ਇਹਨਾਂ ਸਿਧਾਂਤਕਾਰਾਂ ਵੱਲ਼ੋਂ ਵੱਖ-ਵੱਖ ਵਰਤਾਰਿਆਂ ਨੂੰ ਸਮਝਣ ਦੇ ਤਰੀਕਾਕਾਰ ਅਤੇ ਪਹੁੰਚ ਬਾਰੇ ਕੁੱਝ ਗੱਲਾਂ ਕਰਨੀਆਂ ਜਰੂਰੀ ਹਨ। ਇਹਨਾਂ ਸਿਧਾਂਤਕਾਰਾਂ ਦੀ ਅਜਿਹੇ ਵਰਤਾਰਿਆਂ ਬਾਰੇ ਪੂਰੀ ਸਮਝ ਵਿੱਚੋਂ ਜਮਾਤੀ ਵਿਸ਼ਲੇਸ਼ਣ ਗਾਇਬ ਹੁੰਦਾ ਹੈ। ਕਿਸੇ ਵਿਅਕਤੀ ਦੀ ਜਮਾਤ ਪੈਦਾਵਾਰ ਦੇ ਸਾਧਨਾਂ ਨਾਲ ਉਸ ਦੇ ਸੰਬੰਧਾਂ ਤੋਂ ਤੈਅ ਹੁੰਦੀ ਹੈ। ਅੱਜ ਦੇ ਸਰਮਾਏਦਾਰਾ ਸਮਾਜ ਵਿੱਚ ਮੁੱਖ ਰੂਪ ਵਿੱਚ ਦੋ ਜਮਾਤਾਂ ਹਨ – ਇੱਕ ਉਹ ਜੋ ਪੈਦਾਵਾਰ ਦੇ ਸਾਧਨਾਂ ਉੱਪਰ ਕਾਬਜ਼ ਹੈ, ਭਾਵ ਸਰਮਾਏਦਾਰਾ ਜਮਾਤ ਅਤੇ ਦੂਸਰੀ ਉਹ ਜੋ ਇਹਨਾਂ ਸਾਧਨਾਂ ਤੋਂ ਵਿਰਵੀ ਹੈ ਅਤੇ ਆਪਣੀ ਕਿਰਤ-ਸ਼ਕਤੀ ਵੇਚ ਕੇ ਜਿਉਂਦੀ ਹੈ, ਭਾਵ ਮਜਦੂਰ ਜਮਾਤ। ਸਰਮਾਏਦਾਰਾ ਪ੍ਰਬੰਧ ਦਾ ਇਹ ਅਸੂਲ ਹੈ ਕਿ ਜੇਕਰ ਸਰਮਾਏਦਾਰ ਮੁਕਾਬਲੇ ਵਿੱਚੋਂ ਬਾਹਰ ਨਹੀਂ ਹੋਣਾ ਚਾਹੁੰਦੇ ਤਾਂ ਉਹਨਾਂ ਨੂੰ ਲਗਾਤਾਰ ਮੁਨਾਫ਼ਾ ਅਤੇ ਪੂੰਜੀ-ਸੰਗ੍ਰਿਹ ਵਧਾਉਂਦੇ ਜਾਣਾ ਹੁੰਦਾ ਹੈ . ਇਸੇ ਮੰਤਵ ਦੀ ਪੂਰਤੀ ਲਈ ਉਹ ਇੱਕ ਅਜਿਹੇ ਪ੍ਰਬੰਧ ਨੂੰ ਲਗਾਤਾਰ ਕਾਇਮ ਰੱਖਦੇ ਹਨ ਜੋ ਇਸ ਨੂੰ ਯਕੀਨੀ ਬਣਾਵੇ ਭਾਵ, ਸਰਮਾਏਦਾਰਾ ਰਾਜਸੱਤ੍ਹਾ ਨੂੰ ਕਾਇਮ ਰੱਖਦੇ ਹਨ ਜੋ ਆਪਣੇ ਥੰਮਾਂ – ਸੰਸਦ, ਅਦਾਲਤਾਂ, ਕਾਨੂੰਨ, ਪੁਲਸੀਆ ਤੰਤਰ ਆਦਿ ਜਰੀਏ ਬਹੁਗਿਣਤੀ ਉੱਪਰ ਭੌਤਿਕ ਕੰਟਰੋਲ ਕਾਇਮ ਕਰਦੀ ਹੈ ਅਤੇ ਮੀਡੀਆ, ਸਿੱਖਿਆ ਤੰਤਰ ਆਦਿ ਜਰੀਏ ਵਿਚਾਰਧਾਰਕ ਗਲਬਾ ਕਾਇਮ ਕਰਦੀ ਹੈ। ਇਸ ਲਈ, ਚਾਹੇ ਵਿਅਕਤੀਗਤ ਸਰਮਾਏਦਾਰ (ਰੌਥਚਾਈਲਡ, ਫੋਰਡ, ਰਾਕਫੈਲਰ ਆਦਿ ) ਬਦਲ ਵੀ ਜਾਣ, ਤਾਂ ਵੀ ਪੂਰੀ ਜਮਾਤ ਇਸੇ ਤਰਾਂ ਹੀ ਪੇਸ਼ ਆ ਸਕਦੀ ਹੈ। ਮਤਲਬ ਇਹ ਕਿ ਸਮੱਸਿਆ ਢਾਂਚਾਗਤ ਹੈ, ਨਾ ਕਿ ਕੁੱਝ ਵਿਅਕਤੀਆਂ ਦੀ ਇੱਛਾ . ਇਹ ਨਹੀਂ ਹੈ ਕਿ ਸਰਮਾਏਦਾਰਾ ਪ੍ਰਬੰਧ ਵਿੱਚ ਸਾਜਸ਼ਾਂ ਹੁੰਦੀਆਂ ਹੀ ਨਹੀਂ। ਇਤਿਹਾਸ ਗਵਾਹ ਹੈ ਕਿ ਲੋਕਾਂ ਨੂੰ ਭਰਮ ਵਿੱਚ ਰੱਖਣ ਅਤੇ ਆਪਣੇ ਹੱਕ ਵਿੱਚ ਰਾਏ ਬਣਾਉਣ ਲਈ ਹਾਕਮ ਜਮਾਤ ਅਜਿਹੀਆਂ ਸਾਜਿਸ਼ਾਂ ਦਾ ਸਹਾਰਾ ਲੈਂਦੀ ਰਹੀ ਹੈ, ਜਿਵੇਂ ਕਿ ਉੱਤਰੀ ਵੀਅਤਨਾਮ ਖਿਲਾਫ਼ ਜੰਗ ਛੇੜਨ ਲਈ ਟੋਂਕਿਨ ਖਾੜੀ ਦਾ ਮਤਾ ਪਾਸ ਕਰਵਾਉਣਾ, ਨਾਜ਼ੀਆਂ ਵੱਲੋਂ ਪੋਲੈਂਡ ਖਿਲਾਫ਼ ਜੰਗ ਛੇੜਨ ਲਈ 1939 ਵਿੱਚ ਸਾਜਿਸ਼ਾਂ ਨੂੰ ਹਵਾ ਦੇਣਾ, ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਵਿੱਚ ਕਮਿਉਨਿਸਟਾਂ ਦੀ ਫੜੋ-ਫੜ੍ਹੀ ਲਈ ਚੱਲਿਆ ਮੈਕਆਰਥੀ ਦੌਰ, ਅਮਰੀਕੀ ਸਰਕਾਰ ਵੱਲੋਂ ਕਿਊਬਾ ਜਿਹੇ ਮੁਲਕਾਂ ਵਿੱਚ ਅਜਿਹੀਆਂ ਸਾਜਿਸ਼ਾਂ ਕਰਨੀਆਂ ਅਤੇ ਆਪਣੇ ਭਾਰਤ ਵਿੱਚ ਆਰ.ਐੱਸ.ਐੱਸ ਜਿਹੀਆਂ ਧਾਰਮਿਕ-ਫਿਰਕੂ ਜਥੇਬੰਦੀਆਂ ਵੱਲ਼ੋਂ ਹਿੰਦੂ-ਮੁਸਲਿਮ ਦੰਗੇ ਕਰਵਾਉਣ ਲਈ ਸਾਜਿਸ਼ਾਂ ਦਾ ਇਸਤੇਮਾਲ਼ ਕਰਨਾ।

ਪਰ ਇੱਥੇ ਜੋ ਮੂਲ ਮਸਲਾ ਸਮਝਣ ਦਾ ਹੈ ਉਹ ਇਹ ਹੈ ਕਿ ਅਜਿਹੀਆਂ ਸਾਜਿਸ਼ਾਂ ਕਰਨ ਵਾਲ਼ੇ ਇੱਕ ਖ਼ਾਸ ਜਮਾਤ ਦੇ ਨੁਮਾਇੰਦੇ ਵਜੋਂ ਇਹ ਸਾਜਿਸ਼ਾਂ ਰਚਦੇ ਹਨ। ਇਸ ਲਈ ਸਾਨੂੰ ਅਜਿਹੀਆਂ ਸਾਜਿਸ਼ਾਂ ਦੇ ਪਿੱਛੇ ਕੁੱਝ ਕੁ ਵਿਅਕਤੀਆਂ ਦੀਆਂ ਸਨਕੀ ਚਾਲਾਂ ‘ਲੱਭਣ’ ਦੀ ਬਜਾਏ, ਇਸ ਮਸਲੇ ਨੂੰ ਜਮਾਤੀ ਪ੍ਰਬੰਧ ਦੇ ਉਸ ਵਡੇਰੇ ਸੰਦਰਭ ਵਿੱਚ ਰੱਖਕੇ ਸਮਝਣਾ ਚਾਹੀਦਾ ਹੈ ਅਤੇ ਯਕੀਨਨ ਇਸ ਸਮਝਦਾਰੀ ਵਿੱਚ ਮਾਰਕਸਵਾਦ ਹੀ ਇੱਕੋ-ਇੱਕ ਬਿਹਤਰ ਸੰਦ ਹੈ ਕਿਉਂਕਿ ਮਾਰਕਸਵਾਦ ਘੱਟਗਿਣਤੀ ਜਮਾਤ ਵੱਲ਼ੋਂ ਬਹੁਗਿਣਤੀ ਲੋਕਾਂ ਦੀ ਕੀਤੀ ਜਾਂਦੀ ਲੁੱਟ ਦੀ ਕਿਸੇ ਸਾਜਿਸ਼ੀ ਸਿਧਾਂਤਾਂ ਜਰੀਏ ਵਿਆਖਿਆ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਇਹ ਪੂਰੇ ਸਰਮਾਏਦਾਰਾ ਢਾਂਚੇ ਅੰਦਰ ਸਰਮਾਏਦਾਰਾਂ ਵੱਲ਼ੋਂ ਬਿਲਕੁਲ ਸਿੱਧੇ ਢੰਗ ਨਾਲ਼ ਕੀਤੀ ਜਾਂਦੀ ਲੁੱਟ ਨੂੰ ਉਜਾਗਰ ਕਰਦਾ ਹੈ।  ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਸਰਮਾਏਦਾਰਾ ਢਾਂਚਾ ਮਜ਼ਦੂਰਾਂ ਵੱਲ਼ੋਂ ਪੈਦਾ ਕੀਤੀ ਵਾਫ਼ਰ-ਕਦਰ ਨੂੰ ਸਰਮਾਏਦਾਰਾਂ ਵੱਲੋਂ ਹੜੱਪਣ ਉੱਤੇ ਟਿਕਿਆ ਹੋਇਆ ਹੈ ਅਤੇ ਇਸ ਪ੍ਰਬੰਧ ਨੂੰ ਚੱਲਦਾ ਰੱਖਣ ਲਈ ਜੇਕਰ ਸਰਮਾਏਦਾਰਾਂ ਨੂੰ ਸਾਜਿਸ਼ਾਂ ਜਰੀਏ ਤਿਕੜਮ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਜਰੂਰ ਕਰਦੇ ਹਨ ਪਰ ਉਹ ਅਜਿਹਾ ਇੱਕ ਜਮਾਤ ਦੇ ਅੰਗ ਵਜੋਂ ਕਰਦੇ ਹਨ। ਇਸ ਲਈ ਮੂਲ ਵਿਰੋਧਤਾਈ ਜਮਾਤੀ ਵਿਰੋਧਤਾਈ ਹੈ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਇਸ ਵਿਰੋਧਤਾਈ ਦੇ ਹੱਲ਼ ਹੋਣ ਨਾਲ਼ ਜੁੜਿਆ ਹੋਇਆ ਹੈ। ਦੂਸਰਾ, ਇਹਨਾਂ ਸਿਧਾਂਤਕਾਰਾਂ ਦੀ ਮਸਲਿਆਂ ਬਾਰੇ ਪਹੁੰਚ ਇੱਕ-ਪਾਸੜ ਹੁੰਦੀ ਹੈ। ਇਹ ਇਹਨਾਂ ਅਖੌਤੀ ਗੁਪਤ ਸੰਸਥਾਵਾਂ ਦਰਮਿਆਨ ਕਿਸੇ ਵੀ ਵਿਰੋਧਤਾਈ ਨੂੰ ਰੱਦ ਕਰਦੇ ਹੋਏ, ਉਹਨਾਂ ਨੂੰ ਸਰਵ-ਸੱਤ੍ਹਾਵਾਦੀ ਬਣਾ ਕੇ ਪੇਸ਼ ਕਰਦੇ ਹਨ। ਇਹਨਾਂ ਸਿਧਾਂਤਕਾਰਾਂ ਮੁਤਾਬਕ, ਇਹਨਾਂ ਗੁਪਤ ਸੰਸਥਾਵਾਂ ਨੇ ਸਭ ਕੁੱਝ ਅਗਾਉਂ ਤੋਂ ਤੈਅ ਕਰ ਰੱਖਿਆ ਹੈ ਅਤੇ ਹੁਣ ਬੱਸ ਉਹਨਾਂ ਨੇ ਸੰਸਾਰ ਸਿਆਸਤ ਵਿੱਚ ਆਪਣੇ ਮੁਹਰੇ ਹਿਲਾ ਕੇ ਆਪਣੀਆਂ ਮੰਸ਼ਾਵਾਂ ਨੂੰ ਅਮਲੀ ਰੂਪ ਹੀ ਦੇਣਾ ਹੈ। ਭਾਵ, ਇਹਨਾਂ ਕੁੱਝ ਕੁ ਲੋਕਾਂ ਕੋਲ਼ ਪੂਰੇ ਸੰਸਾਰ ਦਾ ਰਿਮੋਟ ਕੰਟਰੋਲ ਹੈ ਅਤੇ ਉਹ ਜਦ ਵੀ, ਜਿੱਥੇ ਵੀ, ਜਿਵੇਂ ਵੀ ਚਾਹੁਣ, ਉਸੇ ਅਨੁਸਾਰ ਸੰਸਾਰ ਸਿਆਸਤ ਨੂੰ ਮੋੜਾ ਦੇ ਸਕਦੇ ਹਨ। ਸਿਆਸੀ-ਆਰਥਿਕ ਘਟਨਾਵਾਂ ਬਾਰੇ ਪੇਸ਼ ਕੀਤਾ ਗਿਆ ਅਜਿਹਾ ਅਤਿ-ਸਰਲ ਵਿਚਾਰ, ਹਾਕਮ ਧਿਰਾਂ ਦਰਮਿਆਨ ਮੌਜੂਦ ਕਿਸੇ ਵੀ ਅੰਤਰ-ਵਿਰੋਧਤਾਈ ਨੂੰ ਸਿਰੇ ਤੋਂ ਖਾਰਜ ਕਰਦਾ ਹੈ, ਸਗੋਂ ਉਸ ਨੂੰ ਆਪਣੇ ਵਿਚਾਰ ਏਜੰਡੇ ਉੱਤੇ ਲਿਆਉਂਦਾ ਤੱਕ ਨਹੀਂ। ਇਸੇ ਲਈ ਅਜਿਹੀਆਂ ਵਿਆਖਿਆਵਾਂ ਸੰਸਾਰ ਜੰਗਾਂ ਮਗਰ ਵੀ ਕਿਸੇ ਛੋਟੇ ਜਿਹੇ ਗੁੱਟ ਦੀ ਹੀ ਸਾਜਿਸ਼ ਦੇਖਦੀਆਂ ਹਨ ਨਾ ਕਿ ਇਸ ਨੂੰ ਵੱਖ-ਵੱਖ ਸਾਮਰਾਜੀ ਮੁਲਕਾਂ ਦੀ ਸੰਸਾਰ ਦੇ ਸਾਧਨਾਂ ਦੀ ਮੁੜ-ਵੰਡ ਨੂੰ ਲੈ ਕੇ ਉਪਜੀ ਕਸ਼ਮਕਸ਼ ਦੇ ਵਿਸਫੋਟ ਦੇ ਨਤੀਜੇ ਵਜੋਂ। ਕਿਉਂਕਿ ਅਜਿਹੀ ਵਿਆਖਿਆ ਪੂਰੇ ਸਰਮਾਏਦਾਰਾ ਢਾਂਚੇ ਨੂੰ ਕਟਿਹਰੇ ਵਿੱਚ ਖੜਾ ਕਰੇਗੀ, ਇਸੇ ਲਈ ਅਜਿਹੇ ਸਿਧਾਂਤ ਇਸ ਵਿਆਖਿਆ ਤੋਂ ਕਿਨਾਰਾ ਕਰਦੇ ਹਨ .

ਹੁਣ ਅਸੀਂ ਇਹਨਾਂ ਸਿਧਾਂਤਾਂ ਦੇ ਜਮਾਤੀ-ਚਰਿੱਤਰ ਨੂੰ ਸਮਝਦੇ ਹਾਂ . ਸਰਮਾਏਦਾਰਾ ਵਿਕਾਸ ਦੌਰਾਨ ਛੋਟੀ ਮਾਲਕੀ ਲਗਾਤਾਰ ਪੈਦਾਵਾਰ ਦੇ ਸਾਧਨਾਂ ਤੋਂ ਵਿਰਵੀ ਹੁੰਦੀ ਜਾਂਦੀ ਹੈ। ਇਹ ਮੁਕਾਬਲੇ ਵਿੱਚ ਵੱਡੀ ਮਾਲਕੀ ਦੇ ਅੱਗੇ ਟਿਕ ਨਹੀਂ ਸਕਦੀ। ਇਸ ਦਾ ਛੋਟਾ ਜਿਹਾ ਹਿੱਸਾ ਹੀ ਤਰੱਕੀ ਕਰਕੇ ਵੱਡੇ ਮਾਲਕਾਂ ਦੀ ਤਹਿ ਵਿੱਚ ਪਹੁੰਚਦਾ ਹੈ। ਮੁਕਾਬਲੇ ਵਿੱਚ ਵੱਡੀ ਮਾਲਕੀ ਕੋਲੋਂ ਹਾਰ ਜਾਣ ਦਾ ਇਹ ਡਰ ਹੀ ਛੋਟੀ ਮਾਲਕੀ ਨੂੰ ਵੱਡੀ ਮਾਲਕੀ ਦੇ ਖਿਲਾਫ਼ ਖੜ੍ਹਾ ਕਰਦਾ ਹੈ। ਨਾਲ਼ ਹੀ ਇਹ ਜਮਾਤ ਨਿੱਜੀ ਜਾਇਦਾਦ ਉੱਪਰ ਟਿਕੇ ਇਸ ਪੂਰੇ ਪ੍ਰਬੰਧ ਦੀ ਜੜ੍ਹੋਂ ਤਬਦੀਲੀ ਦੇ ਵੀ ਖਿਲਾਫ਼ ਹੁੰਦੀ ਹੈ ਕਿਉਂਕਿ ਇਸ ਵਿੱਚ ਇਸ ਨੂੰ ਮਾਲਕ ਦੇ ਤੌਰ ‘ਤੇ ਆਪਣੀ ਪੂਰੀ ਹੋਂਦ ਖਤਰੇ ਵਿੱਚ ਨਜ਼ਰ ਆਉਂਦੀ ਹੈ। ਇਸੇ ਲਈ ਆਪਣੀ ਸੁਭਾਵਿਕ ਜਮਾਤੀ ਚੇਤਨਾ ਤੋਂ ਇਹ ਪੂਰੀ ਆਰਥਿਕ-ਸਮਾਜਿਕ ਤਬਦੀਲੀ ਦੀ ਗੱਲ ਕਰਨ ਵਾਲ਼ੇ ਕਮਿਉਨਿਸਟਾਂ ਦੇ ਵੀ ਖਿਲਾਫ਼ ਹੁੰਦੀ ਹੈ। ਇਸੇ ਲਈ ਇਹ ਜਮਾਤ ਸਾਰੀਆਂ ਸਮੱਸਿਆਵਾਂ ਲਈ ਇਹਨਾਂ ਦੋ ਵਿਰੋਧੀ ਤਬਕਿਆਂ – ਵੱਡੀ ਮਾਲਕੀ ਅਤੇ ਕਮਿਉਨਿਸਟਾਂ – ਨੂੰ ਜੁੰਮੇਵਾਰ ਮੰਨਦੀ ਹੈ ਅਤੇ ਇਹਨਾਂ ਦੋਹਾਂ ਤਬਕਿਆਂ ਨੂੰ ਦੋਸ਼ੀ ਠਹਿਰਾਉਣ ਵਾਲ਼ੇ ਸਿਧਾਂਤਾਂ ਲਈ ਜਰਖੇਜ਼ ਭੂਮੀ ਬਣਦੀ ਹੈ। ਇਸ ਲਈ ਇਹ ਸਾਜਿਸ਼ ਦੇ ਸਿਧਾਂਤ ਦੋ ਸਿਰਿਆਂ ਵਿਚਕਾਰ ਘਿਰੀ ਇਸ ਛੋਟੀ ਮਾਲਕੀ ਦੇ ਸਿਧਾਂਤ ਹਨ ਜੋ ਵੱਡੇ ਮਾਲਕ ਬਣਨ ਦਾ ਸੁਪਨਾ ਸਾਕਾਰ ਨਾ ਹੋਣ ਵਿੱਚੋਂ ਪੈਦਾ ਹੋਈ ਨਿਰਾਸ਼ਾ ਅਤੇ ਮਾਲਕੀ-ਵਿਹੂਣੇ ਹੋਣ ਦੇ ਖ਼ਤਰੇ ਵਿੱਚੋਂ ਪੈਦਾ ਹੋਏ ਅਸੰਤੋਸ਼ ਵਿੱਚੋਂ ਪੈਦਾ ਹੁੰਦੇ ਹਨ।

ਇਸੇ ਲਈ ਪਹਿਲੀ ਨਜ਼ਰੇ ਚਾਹੇ ਇਹ ‘ਸਿਧਾਂਤ’ ਰੈਡੀਕਲ ਲੱਗਦੇ ਹਨ ਅਤੇ ਸਰਮਾਏਦਾਰਾ ਢਾਂਚੇ ਅਤੇ ਇਜਾਰੇਦਾਰੀਆਂ ਦੀ ਅਲੋਚਨਾ ਕਰਦੇ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਇਤਿਹਾਸਕ ਤੌਰ ‘ਤੇ ਇਹਨਾਂ ਦਾ ਇਸਤੇਮਾਲ ਪਿਛਾਖੜੀ ਜਮਾਤਾਂ ਹੀ ਕਰਦੀਆਂ ਰਹੀਆਂ ਹਨ। ਜਿਸ ਤਰ੍ਹਾਂ ਜਗੀਰੂ ਦੌਰ ਵੇਲ਼ੇ ਦੀਆਂ ਰਾਜਸੱਤ੍ਹਾਵਾਂ ਆਪਣੇ ਖਿਲਾਫ਼ ਲੋਕਾਂ ਦੇ ਗੁੱਸੇ ਨੂੰ ਕਿਸੇ ਇੱਕ ਧਰਮ ਦੇ ਲੋਕਾਂ (ਜਿਵੇਂ ਕਿ ਯਹੂਦੀਆਂ) ਖਿਲਾਫ਼ ਮੋੜਦੇ ਰਹੇ ਹਨ, ਉਸੇ ਤਰਾਂ ਸਰਮਾਏਦਾਰਾ ਯੁੱਗ ਵਿੱਚ ਮੌਜੂਦਾ ਸਾਜਿਸ਼ਾਂ ਦੇ ਸਿਧਾਂਤ ਲੋਕਾਂ ਦਾ ਗੁੱਸਾ ਪੂਰੇ ਸਰਮਾਏਦਾਰਾ ਢਾਂਚੇ ਵੱਲ਼ ਸੇਧਣ ਦੀ ਬਜਾਏ ਇਸ ਢਾਂਚੇ ਦੇ ਕਿਸੇ ਖਾਸ ਤਬਕੇ (ਬੈਂਕਰਾਂ, ਵਿੱਤੀ ਇਜਾਰੇਦਾਰੀਆਂ) ਜਾਂ ਘੱਟ-ਗਿਣਤੀ ਲੋਕਾਂ (ਯਹੂਦੀਆਂ) ਜਾਂ ਸਰਕਾਰ ਦੇ ਇੱਕ ਹਿੱਸੇ (ਜਿਵੇਂ ਕਿ ਖੁਫ਼ੀਆ ਏਜੰਸੀਆਂ ਆਦਿ) ਵੱਲ ਸੇਧ ਦਿੰਦੀਆਂ ਹਨ। ਇਸ ਤਰਾਂ ਕਰਕੇ ਇਹ ਸਮੱਸਿਆਵਾਂ ਦੇ ਅਸਲ ਕਾਰਨਾਂ ਉੱਤੇ ਪਰਦਾ ਪਾ ਦਿੰਦੇ ਹਨ ਅਤੇ ਮੁਨਾਫ਼ੇ ਉੱਤੇ ਟਿਕੇ ਪੂਰੇ ਢਾਂਚੇ ਲਈ ਸੁਰੱਖਿਆ ਪੰਕਤੀ ਦਾ ਕੰਮ ਕਰਦੇ ਹਨ।

ਵਧੇਰੇ ਸਾਜਿਸ਼ਾਂ ਦੇ ਇਹ ਸਿਧਾਂਤ ਇਹ ਗੱਲ ਅਗਾਊਂ ਮੰਨ ਕੇ ਚੱਲਦੇ ਹਨ ਕਿ ਸਰਮਾਏਦਾਰਾ ਢਾਂਚਾ ਹੀ ਉੱਤਮ ਹੈ, ਲੋੜ ਹੈ ਤਾਂ ਬੱਸ ਇਸ ਨੂੰ ਸੁਧਾਰਨ ਦੀ, ਭਾਵ ‘ਖੁੱਲ੍ਹੇ ਮੁਕਾਬਲੇ’ ਦੇ ਕਿਸੇ ‘ਸੁਨਹਿਰੀ ਯੁੱਗ’ ਵਿੱਚ ਵਾਪਸ ਪਰਤਣ ਦੀ ਜਿੱਥੇ ਅਜੋਕੀਆਂ ਇਜਾਰੇਦਾਰੀਆਂ ਦੀ ਹੋਂਦ ਨਹੀਂ ਹੋਵੇਗੀ। ਇਹ ਸਿਧਾਂਤਕਾਰ ਆਪਣੇ ਜਮਾਤੀ ਬੋਧ ਕਰਕੇ ਇਹ ਵੇਖਣ ਤੋਂ ਅਸਮੱਰਥ ਹਨ ਕਿ ਅਜੋਕੀ ਇਜਾਰੇਦਾਰਾ ਸਰਮਾਏਦਾਰੀ ਉਸ ਖੁੱਲ੍ਹੇ ਮੁਕਾਬਲੇ ਦੀ ਸਰਮਾਏਦਾਰੀ ਦਾ ਹੀ ਤਾਰਕਿਕ ਵਿਕਾਸ ਹੈ ਅਤੇ ਸਮੱਸਿਆਵਾਂ ਦਾ ਹੱਲ ਪਿਛਾਂਅ ਵੱਲ ਵਾਪਸੀ ਨਹੀਂ (ਜੋ ਕਿ ਅਸੰਭਵ ਹੈ) ਸਗੋਂ ਇਸ ਨਿੱਜੀ ਜਾਇਦਾਦ ਉੱਤੇ ਟਿਕੇ ਪੂਰੇ ਢਾਂਚੇ ਨੂੰ ਬਦਲ ਕੇ ਇੱਕ ਅਜਿਹਾ ਢਾਂਚਾ ਕਾਇਮ ਕਰਨ ਵਿੱਚ ਹੈ ਜਿੱਥੇ ਜਾਇਦਾਦ ਸਮਾਜ ਦੀ ਸਾਂਝੀ ਹੋਵੇਗੀ। ਅਜਿਹਾ ਢਾਂਚਾ ਕਾਇਮ ਕਰਨ ਵਿੱਚ ਬੁਨਿਆਦੀ ਭੂਮਿਕਾ ਅੱਜ ਦੀ ਕਰੋੜਾਂ-ਕਰੋੜ ਮਜਦੂਰ ਜਮਾਤ ਦੀ ਹੋਵੇਗੀ ਜਿਸ ਨੂੰ ਜਥੇਬੰਦ ਕਰਨਾ ਹੀ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਅਤੇ ਇਸ ਕਾਰਜ ਵਿੱਚ ਹਕੀਕੀ ਜਮਾਤੀ ਘੋਲ਼ ਨੂੰ ਤਿਲਾਂਜਲੀ ਦੇ ਕੇ ਸਾਜਿਸ਼ ਦੇ ਸਿਧਾਂਤਾਂ ਦੀ ਝੋਲੀ ਜਾ ਬਹਿਣਾ ਇਸ ਵੱਡੇ ਕਾਰਜ ਨੂੰ ਇੱਕ ਇੰਚ ਵੀ ਅਗਾਂਹ ਨਹੀਂ ਵਧਾਉਂਦਾ ਸਗੋਂ ਨੁਕਸਾਨ ਹੀ ਪਹੁੰਚਾਉਂਦਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements