ਸ਼ਹੀਦ ਪਤੀ ਦੀ ਲਾਸ਼ •ਅਰਜਨ ਸਿੰਘ ‘ਗੜਗੱਜ’

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਦਾ ਇਤਿਹਾਸ ਇਸਤਰੀ ਜਾਤੀ ਦੀਆਂ ਬਹਾਦਰੀਆਂ ਤੇ ਕਾਰਨਾਮਿਆਂ ਨਾਲ ਭਰਪੂਰ ਹੈ। ਮੈਂ ਹੇਠਾਂ ਉਸ ਇਸਤਰੀ ਦੀ ਕਹਾਣੀ ਲਿਖ ਰਿਹਾ ਹਾਂ ਜਿਸ ਦਾ ਸਬੰਧ ਹਿੰਦ ਵਿਚ ਅਜ਼ਾਦੀ ਦੀ ਮਸ਼ਾਲ ਜਗਾਉਣ ਵਾਲੇ ਜੱਲ੍ਹਿਆਂ ਵਾਲੇ ਬਾਗ਼ (ਅੰਮ੍ਰਿਤਸਰ) ਦੀ ਪ੍ਰਸਿੱਧ ਗੋਲੀ-ਕਾਂਢ ਘਟਨਾ ਨਾਲ਼ ਹੈ। ਉਸ ਦੀ ਕਹਾਣੀ ਜਿਸ ਨੇ ਖ਼ੁਦ ਆਪਣੇ ਪਤੀਦੇਵ ਨੂੰ ਬਲੀਦਾਨ ਵਾਸਤੇ ਭੇਜਿਆ ਸੀ। ਉਸ ਦੀ ਕਹਾਣੀ ਜਿਸ ਨੇ ਖ਼ੁਦ ਆਪਣੇ ਪਤੀਦੇਵ ਨੂੰ ਬਲੀਦਾਨ ਵਾਸਤੇ ਭੇਜਿਆ ਸੀ। ਉਸ ਦੀ ਕਹਾਣੀ ਜਿਹੜੀ ਆਪਣੇ ਬੱਚੇ ਨੂੰ ਪੇਟ ਵਿੱਚ ਛੁਪਾਈ ਖ਼ੂਨ ਦੀਆਂ ਨਦੀਆਂ ਨੂੰ ਪਾਰ ਕਰਦੀ ਹੋਈ ਆਪਣੇ ਪਤੀ ਦੀ ਲਾਸ਼ ਨੂੰ ਢੂੰਡ ਕੇ ਘਰ ਲਿਆਈ ਸੀ। ਉਸ ਦੀ ਕਹਾਣੀ ਜਿਸ ਨੇ ਆਪਣੇ ਬੱਚਿਆਂ ਨੂੰ ਤੰਗ ਹੁੰਦੇ ਤਾਂ ਵੇਖਿਆ, ਪਰ ਅੰਗਰੇਜ਼ ਸਰਕਾਰ ਵੱਲੋਂ ਪੇਸ਼ ਕੀਤਾ ਹੋਇਆ ਪੰਝੀ ਹਜ਼ਾਰ ਰੁਪਏ ਦਾ ਮੁਆਵਜ਼ਾ ਇਸ ਲਈ ਠੁਕਰਾ ਦਿੱਤਾ ਸੀ ਕਿ ਭਾਰਤੀ ਨਾਰੀ ਆਪਣੇ ਪਤੀ ਦੀ ਕੀਮਤ ਲੈ ਕੇ ਦੇਸ਼ ਨੂੰ ਦਾਗ਼ ਨਹੀਂ ਲਾਉਣਾ ਚਾਹੰਦੀ।

ਪਤਾ ਜੇ! ਇਹ ਨਾਰੀ ਕੌਣ ਸੀ? ਇਹ ਸੀ ਜੱਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ ਸ੍ਰੀ ਭਾਗ ਮੱਲ ਭਾਟੀਆ ਦੀ ਪਤਨੀ ਸ਼੍ਰੀਮਤੀ ਅਤਰ ਕੌਰ।

41 ਸਾਲ ਪਹਿਲਾਂ ਵੈਸਾਖੀ ਵਾਲੇ ਦਿਨ – 13 ਅਪ੍ਰੈਲ, 1919 ਨੂੰ – ਅੰਮ੍ਰਿਤਸਰ ਸ਼ਹਿਰ ਦੇ ਸਾਰੇ ਬਜ਼ਾਰ ਬੰਦ ਸਨ, ਲੋਕ ਐਧਰ ਓਧਰ ਫਿਰ ਰਹੇ ਸਨ। ਸ਼ਾਇਦ ਆਪਣੇ ਆਪ ਨੂੰ ਅਜ਼ਾਦ ਸਮਝ ਰਹੇ ਸਨ, ਪਰ ਇਹ ਗੱਲ ਕਿਸੇ ਦੀ ਸਮਝ ਨਹੀਂ ਆ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ। ਕਿਹੜਾ ਪ੍ਰੋਗਰਾਮ ਅਪਣਾਇਆ ਜਾਵੇ। ਢੋਲ ਵਾਲਾ ਮੁਨਾਦੀ ਕਰ ਰਿਹਾ ਸੀ ”ਅੱਜ ਸ਼ਾਮ ਦੇ 4 ਵਜੇ ਜੱਲ੍ਹਿਆਂ ਵਾਲੇ ਬਾਗ਼ ਵਿੱਚ ਇੱਕ ਭਾਰੀ ਪਬਲਿਕ ਜਲਸਾ ਹੋਵੇਗਾ ਜਿਸ ਵਿੱਚ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ।”

2

ਸ੍ਰੀ ਭਾਗ ਮੱਲ ਭਾਟੀਆ ਕੁਝ ਸੌਂ ਕੇ ਉੱਠੇ ਸਨ। ਉਨ੍ਹਾਂ ਆਪਣੀ ਪਤਨੀ ਤੋਂ ਸੱਤ ਸੌ ਰੁਪਏ ਲਏ ਤਾਂ ਕਿ ਉਹ ਵਪਾਰੀ ਦਾ ਹੁਦਾਰ ਲਾਹ ਸਕਣ। ਨਾਲ ਹੀ ਕਿਹਾ : ”ਮੈਂ ਜੱਲ੍ਹਿਆਂ ਵਾਲੇ ਬਾਗ਼ ਦੇ ਜਲਸੇ ‘ਚੋਂ ਹੋ ਕੇ ਮੁੜਾਂਗਾ।”

ਘਰ ਘਰ ਅੱਜ ਇਹ ਚਰਚਾ ਜਾਰੀ ਸੀ ਕਿ ਅੱਜ ਗੋਲੀ ਜ਼ਰੂਰ ਚੱਲੇਗੀ। ਦਿਨ ਦੇ ਚਾਰ ਹੀ ਵੱਜੇ ਹੋਣਗੇ ਕਿ ਸੱਚਮੁੱਚ ਬਾਗ਼ ਵਿੱਚੋਂ ਠਾਹ-ਠਾਹ ਦੀਆਂ ਅਵਾਜ਼ਾਂ ਆਉਣ ਲੱਗ ਪਈਆਂ। ਗਲੀ ਵਿੱਚ ਸਭ ਲੋਕ ਇਕੱਠੇ ਹੋ ਗਏ। ਸ਼੍ਰੀ ਭਾਗ ਮੱਲ ਦੀ ਗਲੀ ਜੱਲ੍ਹਿਆਂ ਵਾਲੇ ਬਾਗ਼ ਦੇ ਨਾਲ਼ ਹੀ ਲੱਗਦੀ ਸੀ। ਉਨ੍ਹਾਂ ਦੀ ਗਲੀ ਵਾਲੇ ਬੂਟਾ ਰਾਮ ਤੇ ਸ੍ਰੀ ਸੁੰਦਰ ਦਾਸ ਨੇ ਸ੍ਰੀ ਭਾਗ ਮੱਲ ਦੀ ਪਤਨੀ ਨੂੰ ਜੱਲ੍ਹਿਆਂ ਵਾਲੇ ਬਾਗ਼ ਵਿੱਚ ਗੋਲੀ ਚੱਲਣ ਦੀ ਖ਼ਬਰ ਆਣ ਦਿੱਤੀ। ਉਨ੍ਹਾਂ ਦੇ ਆਪਣੇ ਕੱਪੜੇ ਵੀ ਲਹੂ ਨਾਲ਼ ਲਿੱਬੜੇ ਹੋਏ ਸਨ।

ਸ਼੍ਰੀਮਤੀ ਅਤਰ ਕੌਰ ਇਕਦਮ ਜੱਲ੍ਹਿਆਂ ਵਾਲੇ ਬਾਗ਼ ਨੂੰ ਉੱਠ ਤੁਰੀ। ਬਜ਼ਾਰ ਵਿੱਚ ਲੋਕ ਐਉਂ ਦੌੜੇ ਆ ਰਹੇ ਸਨ ਜਿਵੇਂ ਖ਼ੂਨ ਦੀਆਂ ਹੋਲੀਆਂ ਖੇਡ ਕੇ ਆ ਰਹੇ ਹੋਣ।

”ਕਿਉਂ ਮਰਨ ਜਾ ਰਹੀ ਏਂ? ਵੇਖਦੀ ਨਹੀਂ ਲੋਕ ਕਿਵੇਂ ਲਹੂ ਵਿਚ ਲਥ ਪਥ ਹੋਏ ਭੱਜੇ ਆ ਰਹੇ ਹਨ” ਕਹਿ ਕੇ ਸਾਹਮਣਿਉਂ ਆ ਰਹੇ ਕਈ ਪੁਰਸ਼ਾਂ ਨੇ ਅਤਰ ਕੌਰ ਨੂੰ ਜੱਲ੍ਹਿਆਂ ਵਾਲੇ ਬਾਗ਼ ਵੱਲ ਜਾਣੋਂ ਰੋਕਣ ਦੇ ਯਤਨ ਕੀਤੇ, ਕੋਈ ਵੀ ਕਾਮਯਾਬ ਨਾ ਹੋਇਆ। ਪਰ ਜਿਸ ਦੀ ਦੁਨੀਆਂ ਹੀ ਉੱਜੜਣ ਵਾਲੀ ਸੀ ਉਸ ਨੂੰ ਇਹ ਡਰ ਕਿੱਥੇ ਸਮਝ ਵਿਚ ਆ ਸਕਦਾ ਸੀ। ਅਤਰ ਕੌਰ ਦੌੜਦੀ ਗਈ ਤੇ ਜੱਲ੍ਹਿਆਂ ਵਾਲੇ ਬਾਗ਼ ਵਿੱਚ ਜਾ ਦਾਖ਼ਲ ਹੋਈ।

3

ਬਾਗ਼ ਵਿੱਚ ਨਰਕ ਦਾ ਦ੍ਰਿਸ਼ ਸੀ। ਅਤਰ ਕੌਰ ਨੇ ਡਿੱਠਾ ਸੈਂਕੜੇ ਫੱਟੜ ਤੜਫ਼ ਰਹੇ ਸਨ। ਕੋਈ ਬੇਹੋਸ਼ ਪਿਆ ਸੀ ਤੇ ਕੋਈ ਪਾਣੀ ਮੰਗ ਰਿਹਾ ਸੀ। ਕੋਈ ‘ਹਾਏ ਮਰ ਗਿਆ’, ‘ਹਾਏ ਮਰ ਗਿਆ’ ਦੀ ਪੁਕਾਰ ਕਰ ਰਿਹਾ ਸੀ। ਬਹੁਤ ਸਾਰੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਹੱਥ ਪੈਰ ਮਾਰ ਰਹੇ ਸਨ ਤੇ ਦਮ ਤੋੜ ਰਹੇ ਸਨ। ਅਤਰ ਕੌਰ ਭਰੀਆਂ ਹੋਈਆਂ ਅੱਖਾਂ ਨਾਲ਼ ਸਭ ਕੁੱਝ ਵੇਂਹਦੀ ਤੁਰੀ ਗਈ ਤੇ ਅੱਗੇ ਵਧਦੀ ਗਈ। ਪਤੀਦੇਵ ਦੀ ਭਾਲ ਵਿੱਚ ਲਹੂ ਭਰੀਆਂ ਲਾਸ਼ਾਂ ਵਿੱਚ ਦੀ ਗੁਜ਼ਰਦੀ ਗਈ।

ਲੋਕ ਘਰਾਂ ਨੂੰ ਵਾਪਸ ਜਾ ਰਹੇ ਸਨ ਕਿਉਂਕਿ ਮਾਰਸ਼ਲ ਲਾਅ ਲੱਗ ਚੁੱਕਾ ਸੀ ਤੇ ਰਾਤ ਦੇ ਅੱਠ ਵਜੇ ਤੋਂ ਬਾਅਦ ਘਰ ਤੋਂ ਬਾਹਰ ਦਿੱਸਣ ਵਾਲੇ ਨੂੰ ਹਾਕਮਾਂ ਨੇ ਗੋਲੀ ਨਾਲ਼ ਉਡਾ ਦੇਣ ਦਾ ਐਲਾਨ ਕਰ ਦਿੱਤਾ ਸੀ।

ਅਤਰ ਕੌਰ ਨੇ ਇਕ ਹੋਰ ਦੇਵੀ ਰਤਨ ਦੇਈ ਅਤੇ ਇਕ ਮਿਸ਼ਰ ਪਾਣੀ ਪਿਲਾਉਣ ਵਾਲਾ ਹੀ ਜਲ੍ਹਿਆਂ ਵਾਲੇ ਬਾਗ਼ ਵਿਚ ਰਹਿ ਗਏ ਸਨ।

ਅਤਰ ਕੌਰ ਪਤੀ ਦੀ ਤਲਾਸ਼ ਕਰਦੀ ਕਰਦੀ ਖ਼ੂਹ ਕੋਲ ਚਲੀ ਗਈ, ਜਿਹੜਾ ਉਹਨੀਂ ਦਿਨੀਂ ਵਰਾਨ ਤੇ ਧਰਤੀ ਦੇ ਬਰੋਬਰ ਸੀ। ਉਸ ਵੇਲੇ ਉਸ ਖੂਹ ਦੇ ਚਾਰੇ ਪਾਸੇ ਕੁਝ ਨਹੀਂ ਹੁੰਦਾ ਸੀ। ਇਹ ਉਹੋ ਖੂਹ ਹੈ ਜਿਹੜਾ ਅੱਜ ਜੱਲ੍ਹਿਆਂ ਵਾਲੇ ਬਾਗ਼ ਵਿੱਚ ਟੂਟੀਆਂ, ਗੁਸਲਖ਼ਾਨਿਆਂ ਆਦਿ ਨਾਲ ਉਸਰਿਆ ਹੋਇਆ ਹੈ। ਖੂਹ ਵਿਚ ਐਨੀਆਂ ਲਾਸ਼ਾਂ ਡਿੱਗ ਪਈਆਂ ਸਨ ਕਿ ਖੂਹ ਦਾ ਪਾਣੀ ਉੱਪਰ ਆ ਗਿਆ ਸੀ ਕੋਈ ਲਾਸ਼ ਹੇਠ ਚਲੀ ਜਾਂਦੀ ਤੇ ਕੋਈ ਉੱਪਰ ਆ ਜਾਂਦੀ। ਅਤਰ ਕੌਰ ਉੱਥੇ ਵੀ ਆਪਣੇ ਪਤੀਦੇਵ ਨੂੰ ਨਾ ਲੱਭ ਸਕੀ।

ਇਕ ਪਾਸੇ ਉਸ ਨੇ ਦੇਖਿਆ ਕਿ ਛੇ ਪੁਰਸ਼ ਤੇ ਚਾਰ ਬੱਚੇ ਇਕੱਠੇ ਮਰੇ ਪਏ ਸਨ। ਤਿੰਨਾਂ ਪੁਰਸ਼ਾਂ ਦੇ ਕੋਟ ਇੱਕੋ ਜਿਹੇ ਸਨ। ਸ਼ਾਇਦ ਉਹ ਇਕੋ ਪਰਿਵਾਰ ਦੇ ਜੀਅ ਹੀ ਹੋਣ। ਇਕ ਦਾ ਪੈਰ ਇੱਕ ਬੱਚੇ ਦੇ ਮੂੰਹ ‘ਤੇ ਪਿਆ ਹੋਇਆ ਸੀ। ਅਤਰ ਕੌਰ ਨੇ ਉਸ ਦਾ ਪੈਰ ਬੱਚੇ ਦੇ ਮੂੰਹ ਤੋਂ ਹਟਾਇਆ। ਬੱਚੇ ਦਾ ਮੂੰਹ ਖੁੱਲਾ ਸੀ ਤੇ ਮਾੜਾ ਮਾੜਾ ਸਾਹ ਆ ਰਿਹਾ ਸੀ। ਬੱਚਾ ਬੁੱਲਾਂ ਉੱਤੇ ਜ਼ਬਾਨ ਫੇਰ ਰਿਹਾ ਸੀ। ਇਹ ਵੇਖ ਕੇ ਅਤਰ ਕੌਰ ਦੇ ਅੱਥਰੂ ਹੋਰ ਵੀ ਜ਼ੋਰ ਦੇ ਵਗਣੇ ਸ਼ੁਰੂ ਹੋ ਗਏ ਤੇ ਉਸੇ ਪਲ ਬੱਚੇ ਨੇ ਜਾਨ ਦੇ ਦਿੱਤੀ।

ਅਤਰ ਕੌਰ ਦੇ ਪੇਟ ਵਿੱਚ ਉਸ ਵੇਲੇ ਛੇਆਂ ਮਹੀਨਿਆਂ ਦਾ ਬੱਚਾ ਸੀ। ਉਹ ਬਦਨਸੀਬ ਬੱਚਾ ਜਿਸ ਨੂੰ ਆਪਣੇ ਪਿਤਾ ਦੇ ਦਰਸ਼ਨ ਵੀ ਨਸੀਬ ਨਾ ਹੋਏ ਅਤੇ ਜਿਹੜਾ ਪਿੱਛੋਂ ਕੌਮੀ ਲਹਿਰ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ, ਉਸ ਦਾ ਨਾਮ ਸੋਹਣ ਲਾਲ ਭਾਟੀਆ ਹੈ।

ਅਤਰ ਕੌਰ ਇੱਕ ਅਜੇਹੀ ਥਾਂ ਪੁੱਜੀ ਜਿੱਥੇ ਉਸ ਨੂੰ ਲਾਸ਼ਾਂ ਦੇ ਉੱਤੋਂ ਦੀ ਲੰਘਣਾ ਪਿਆ। ਪਹਿਲਾਂ ਉਹ ਹਿੰਮਤ ਕਰਕੇ ਅੱਗੇ ਵਧੀ, ਪਰ ਫੇਰ ਬੇਸੁਧ ਹੋ ਕੇ ਡਿੱਗ ਪਈ। ਥੋੜ੍ਹੇ ਚਿਰ ਉਪਰੰਤ ਹੋਸ਼ ਆਈ ਤਾਂ ਡਿੱਠਾ ਕਿ ਉਸ ਦੀ ਧੌਣ ਤੇ ਬਾਹਵਾਂ ਕਿਸੇ ਲਹੂ ਨਾਲ਼ ਗੜੁੱਚ ਹੋ ਗਈਆਂ ਸਨ। ਅਤਰ ਕੌਰ ਜੀ ਦਾ ਕਹਿਣਾ ਹੈ ਕਿ ਜਿਥੇ ਉਹ ਖ਼ੂਨ ਲੱਗਾ ਗਰਮੀਆਂ ਦੇ ਮੌਸਮ ਵਿੱਚ ਉੱਥੇ ਅਜੇ ਵੀ ਜਖ਼ਮ ਹੋ ਜਾਂਦੇ ਹਨ।

ਹਨੇਰਾ ਕਾਫ਼ੀ ਹੋ ਚੁੱਕਾ ਸੀ ਤੇ ਤੜਫਦੀਆਂ ਲਾਸ਼ਾਂ ਠੰਡੀਆਂ ਪੈ ਚੁੱਕੀਆਂ ਸਨ। ਲੋਕਾਂ ਦਾ ਆਉਣ ਜਾਣ ਬੰਦ ਹੋ ਚੁੱਕਾ ਸੀ ਕਿਉਂਕਿ ਕੋਈ ਵੀ ਮਰਨਾ ਨਹੀਂ ਚਾਹੁੰਦਾ ਸੀ।

4

ਅਤਰ ਕੌਰ ਸੋਚ ਰਹੀ ਸੀ ਕਿ ਉਹ ਪਤੀ ਨੂੰ ਕਿੱਥੇ ਢੂੰਡੇ। ਇਸ ਸੋਚ ਵਿੱਚ ਕੁਝ ਹੀ ਕਦਮ ਅੱਗੇ ਗਈ ਸੀ ਕਿ ਸ੍ਰੀ ਭਾਗ ਮੱਲ ਭਾਟੀਆ ਬਾਗ਼ ਦੀ ਕੰਧ, ਜਿਹੜੀ ਕੰਬੋਆਂ ਵਾਲੀ ਗਲੀ ਨਾਲ਼ ਲੱਗਦੀ ਹੈ, ਦੇ ਸਹਾਰੇ ਛਾਤੀ ਤਾਣੀ ਪਏ ਸਨ। ਦੋਵੇਂ ਲੱਤਾਂ ਛਾਨਣੀ ਛਾਨਣੀ ਹੋ ਚੁੱਕੀਆਂ ਸਨ। ਇੱਕ ਕੰਨ ਵੀ ਉੱਡ ਗਿਆ ਸੀ। ਅੱਖਾਂ ਖੁੱਲੀਆਂ ਸਨ ਜਿਵੇਂ ਕਿਸੇ ਦਾ ਰਾਹ ਵੇਖ ਰਹੀਆਂ ਹੋਣ। ਅਤਰ ਕੌਰ ਨੇ ਨਿਉਂ ਕੇ ਪਤੀ ਦੇ ਚਰਨ ਛੋਹੇ, ਪਰ ਉਹ ਠੰਡੇ ਹੋ ਚੁੱਕੇ ਸਨ।

ਅਤਰ ਕੌਰ ਪਤੀ ਦੀ ਲਾਸ਼ ਨੂੰ ਘਰ ਲੈ ਆਈ। ਸ਼ਹਿਰ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਤਰ ਕੌਰ ਕਿੰਨੀ ਬਹਾਦਰ ਹੈ ਕਿ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਲਾਸ਼ਾਂ ਦੇ ਢੇਰਾਂ ਚੋਂ ਪਤੀ ਦੀ ਲਾਸ਼ ਲੱਭ ਲਿਆਈ ਹੈ।

5

ਪੰਜ ਛੇ ਮਹੀਨੇ ਪਿੱਛੋਂ ਕੁਝ ਸਰਕਾਰੀ ਅਫ਼ਸਰ ਅਤਰ ਕੌਰ ਨੂੰ ਮਿਲੇ, ਉਨ੍ਹਾਂ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ : ”ਭੈਣ! ਇਹ ਬੱਚੇ ਤੇਰੇ ਹਨ?”

”ਜੀ ਹਾਂ” ਅਤਰ ਕੌਰ ਨੇ ਉੱਤਰ ਦਿੱਤਾ।

”ਤੁਹਾਨੂੰ ਇਨ੍ਹਾਂ ‘ਤੇ ਤਰਸ ਨਹੀਂ ਆਉਂਦਾ?” ਅਫ਼ਸਰਾਂ ਨੇ ਮੁੜ ਕਿਹਾ।

”ਕੀ ਮਤਲਬ?” ਅਤਰ ਕੌਰ ਨੇ ਦਰਿਆਫ਼ਤ ਕੀਤਾ।

”ਇਨ੍ਹਾਂ ਦੇ ਲੀੜੇ ਕੱਪੜੇ ਤੋਂ ਹੀ ਜਾਪਦਾ ਹੈ ਕਿ ਇਹ ਤੰਗ ਰਹਿੰਦੇ ਹੋਣਗੇ?” ਇਕ ਅਫ਼ਸਰ ਨੇ ਜੁਆਬ ਦਿੱਤਾ।

”ਫੇਰ ਕੀ ਕਰਾਂ?” ਅਤਰ ਕੌਰ ਨੇ ਜਾਨਣਾ ਚਾਹਿਆ।

ਸਰਕਾਰੀ ਹਾਕਮ – ”ਅੰਗਰੇਜ਼ੀ ਸਰਕਾਰ ਨੇ ਇਨ੍ਹਾਂ ਬੱਚਿਆਂ ਲਈ ਪੰਝੀ ਹਜ਼ਾਰ ਰੁਪਏ ਦਾ ਮੁਆਵਜ਼ਾ ਘੱਲਿਆ ਹੈ, ਉਹ ਲੈ ਕੇ ਗੁਜ਼ਾਰਾ ਕਰੋ।”

”ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸ਼ਹੀਦ ਪਤੀ ਦੀ ਕੀਮਤ ਵੱਟ ਕੇ ਆਪਣੇ ਬੱਚਿਆਂ ਦੇ ਮੂੰਹ ਨੂੰ ਕਾਲਖ਼ ਲੁਆ ਲਵਾਂ? ਅਤੇ ਆਪਣੇ ਦੇਸ਼ ਦੇ ਇਤਿਹਾਸ ਨੂੰ ਝੂਠਾ ਬਣਾ ਦਿਆਂ? ਮੈਨੂੰ ਤਾਂ ਉਸ ਵੇਲੇ ਸ਼ਾਂਤੀ ਹੋਵੇਗੀ ਜਦੋਂ ਜੱਲ੍ਹਿਆਂ ਵਾਲੇ ਬਾਗ਼ ਵਿੱਚ ਗੋਲੀ ਚਲਾਉਣ ਵਾਲੇ ਅੰਗਰੇਜ਼ ਹਾਕਮ ਜਨਰਲ ਡਾਇਰ ਦੀ ਪਤਨੀ ਡਾਇਰ ਦੀ ਲਾਸ਼ ਨੂੰ ਆਪਣੀ ਗੋਦੀ ਵਿਚ ਲੈ ਕੇ ਕਹੇਗੀ : ਮੇਰੇ ਬੱਚਿਓ ਤੁਹਾਡਾ ਪਿਤਾ ਇਸ ਸੰਸਾਰ ਵਿੱਚ ਨਹੀਂ ਰਿਹਾ” ਅਤਰ ਕੌਰ ਨੇ ਅਣਖੀਲਾ ਜਵਾਬ ਦੇ ਕੇ ਭਾਰਤੀ ਨਾਰੀ ਦਾ ਮਾਣ ਰੱਖ ਲਿਆ।

ਫ਼ਰਵਰੀ 1956 ਨੂੰ ਅੰਮ੍ਰਿਤਸਰ ਕਾਂਗਰਸ ਸੈਸ਼ਨ ਸਮੇਂ ਮੌਲਾਨਾ ਅਬਦੁਲ ਕਲਾਮ ਅਜ਼ਾਦ ਤੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਹਾਇਤਾ ਪੇਸ਼ ਕਰਨ ‘ਤੇ ਵੀ ਅਤਰ ਕੌਰ ਨੇ ਕਿਹਾ :

”ਮੈਂ ਸਿਰਫ਼ ਦੇਸ਼ ਨੂੰ ਅੱਗੇ ਵਧਦਾ ਵੇਖਣਾ ਚਾਹੁੰਦੀ ਹਾਂ ਇਹੋ ਮੇਰੀ ਤੇ ਮੇਰੇ ਬੱਚਿਆਂ ਦੀ ਵੱਡੀ ਸਹਾਇਤਾ ਹੈ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 24, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ