ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਲੁਧਿਆਣੇ ‘ਚ ਮਜ਼ਦੂਰ ਜਥੇਬੰਦੀਆਂ ਨੇ ਚਲਾਈ ਜਾਤਪਾਤ ਵਿਰੋਧੀ ਮੁਹਿੰਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸ਼ਹੀਦ ਭਗਤ ਸਿੰਘ ਦੇ ਜਨਮ ਦੀ 109ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ’ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ 25 ਤੋਂ 28 ਸਤੰਬਰ ਤੱਕ ਲੁਧਿਆਣੇ ਵਿੱਚ ਜਾਤ-ਪਾਤ ਵਿਰੋਧੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਯੂਨੀਅਨਾਂ ਵੱਲੋਂ ਇੱਕ ਪਰਚਾ ਜਾਰੀ ਕੀਤਾ ਗਿਆ। ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਸਭਾਵਾਂ ਤੇ ਪੈਦਲ ਮਾਰਚ ਆਯੋਜਿਤ ਕੀਤੇ ਗਏ। 28 ਸਤੰਬਰ ਨੂੰ ਮਜ਼ਦੂਰ ਲਾਇਬ੍ਰੇਰੀ, ਤਾਜ਼ਪੁਰ ਰੋਡ, ਲੁਧਿਆਣਾ ਵਿੱਚ ਜਾਤ-ਪਾਤ ਬਾਰੇ ਮੁਨਸ਼ੀ ਪ੍ਰੇਮਚੰਦ ਦੀ ਕਹਾਣੀ ਤੇ ਅਧਾਰਤ ਫਿਲਮ ‘ਸਦਗਤੀ’ (ਹਿੰਦੀ) ਦੀ ਪਰਦਾਪੇਸ਼ੀ ਕੀਤੀ ਗਈ ਤੇ ਵਿਚਾਰ-ਚਰਚਾ ਆਯੋਜਿਤ ਕੀਤੀ ਗਈ। ਮੁਹਿੰਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਲੜ੍ਹਾਈ ਸਿਰਫ ਅੰਗਰੇਜ਼ ਹਕੂਮਤ ਖਿਲਾਫ਼ ਨਹੀਂ ਸੀ ਸਗੋਂ ਮਨੁੱਖ ਹੱਥੋਂ ਮਨੁੱਖ ਦੀ ਹਰ ਤਰ੍ਹਾਂ ਦੀ ਲੁੱਟ ਖਿਲਾਫ਼ ਸੀ। ਅੱਜ ਵੀ ਸਾਡੇ ਸਮਾਜ ਅੰਦਰ ਇਹ ਲੁੱਟ ਜਾਰੀ ਹੈ। ਜਿਸਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਹਰ ਇਨਸਾਫਪਸੰਦ ਵਿਅਕਤੀ ਦੇ ਮੋਢਿਆਂ ‘ਤੇ ਹੈ। ਢਾਈ ਹਜ਼ਾਰ ਸਾਲਾਂ ਤੋਂ ਜਾਰੀ ਜਾਤ-ਪਾਤ ਅੱਜ ਵੀ ਸਾਡੇ ਸਮਾਜ ਦੇ ਪਿੰਡੇ ਨੂੰ ਕੋਹੜ ਵਾਂਗ ਚਿੰਬੜੀ ਹੋਈ ਹੈ। ਅੱਜ ਵੀ ਜਾਤ ਅਧਾਰਿਤ ਕੰਮ ਵੰਡ ਜਾਰੀ ਹੈ, ਗੰਦਗੀ ਸਾਫ਼ ਕਰਨ, ਮੈਲਾ ਢੋਣ ਤੇ ਮਰਦਾਰ ਚੁੱਕਣ ਦਾ ਕੰਮ ਦਲਿਤ ਜਾਤਾਂ ਦੇ ਲੋਕਾਂ ਨੂੰ ਹੀ ਕਰਨਾ ਪੈਂਦਾ ਹੈ। ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣਾ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਉਹਨਾਂ ਦੇ ਵਿਚਾਰਾਂ ਨੂੰ ਅਪਣਾਉਂਦੇ ਹੋਏ ਜਾਤਪਾਤੀ ਤੇ ਹਰ ਤਰ੍ਹਾਂ ਦੇ ਲੁੱਟ, ਜ਼ਬਰ, ਅਨਿਆਂ ਖਿਲਾਫ਼ ਅਵਾਜ਼ ਬੁਲੰਦ ਕਰਕੇ ਹੀ ਸਾਰਥਿਕ ਹੋ ਸਕਦਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ