ਸ਼ਹੀਦ ਚੰਦਰ ਸ਼ੇਖਰ ਅਜ਼ਾਦ ਨੂੰ ਸਮਰਪਿਤ ਵਿਚਾਰ-ਚਰਚਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

27 ਫਰਵਰੀ ਨੂੰ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੇ ਸ਼ਹੀਦੀ ਦਿਨ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਜਿਲਾ ਸਿਰਸਾ ਦੇ ਪਿੰਡ ਭੜੋਲਿਆਂਵਾਲੀ ਵਿਖੇ 1 ਮਾਰਚ 2017 (ਬੁੱਧਵਾਰ) ਨੂੰ ‘ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੀ ਇਨਕਲਾਬੀ ਵਿਰਾਸਤ ਅਤੇ ਮੌਜੂਦਾ ਸਮੇਂ ‘ਚ ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਥੀ ਅਮਨ ਨੇ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੇ ਜੀਵਨ ਬਾਰੇ ਨੌਜਵਾਨਾਂ ਨੂੰ ਦੱਸਿਆ ਕਿ ਅਜ਼ਾਦ ਦਾ ਜਨਮ ਬੇਹੱਦ ਗਰੀਬੀ, ਅਨਪੜਤਾ ਅਤੇ ਧਾਰਮਿਕ ਕਟੜਤਾ ਦੇ ਮਾਹੌਲ ਵਿਚ ਹੋਇਆ ਅਤੇ ਕਿਸ ਤਰਾਂ ਆਪਣੇ ਸਮੇਂ ਦੇ ਸਿਆਸੀ ਘੋਲ਼ਾਂ ਅਤੇ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਸਿੱਖਦੇ ਹੋਏ ਉਹ ਇੱਕ ਦ੍ਰਿੜ, ਵਿਚਾਰਵਾਨ ਇਨਕਲਾਬੀ ਬਣੇ। ਅੱਜ ਵੀ ਸਾਡੇ ਦੇਸ਼ ਵਿਚ ਬੇਹੱਦ ਗਰੀਬੀ ਅਤੇ ਧਾਰਮਿਕ ਕੱਟੜਤਾ ਦਾ ਮਾਹੌਲ ਹੈ, ਆਪਣੇ ਇਨਕਲਾਬੀ ਆਦਰਸ਼ਾਂ ਵੱਲ਼ ਅੱਗੇ ਵਧਣ ਲਈ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦਾ ਜੀਵਨ ਸੰਘਰਸ਼ ਅੱਜ ਵੀ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਇਸ ਤੋਂ ਬਾਅਦ ਨੌਜਵਾਨਾਂ ਨਾਲ਼ ਮੌਜੂਦਾ ਸਮੱਸਿਆਵਾਂ ‘ਤੇ ਗੱਲ ਕੀਤੀ ਗਈ ਕਿ ਕਿਸ ਤਰਾਂ ਦੇਸ਼ ਵਿਚ ਲਗਾਤਾਰ ਅਮੀਰ ਗਰੀਬ ਵਿਚ ਪਾੜਾ ਵਧ ਰਿਹਾ ਹੈ, ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ, ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ, ਕੁਝ ਕੁ ਲੋਕਾਂ ਦੇ ਮੁਨਾਫ਼ੇ ਲਈ ਬਹੁਗਿਣਤੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕ ਦਿੱਤਾ ਗਿਆ ਹੈ, ਜਾਤ-ਪਾਤੀ ਮਾਨਸਿਕਤਾ, ਪੋਰਨੋਗ੍ਰਾਫੀ-ਔਰਤ ਵਿਰੋਧੀ ਮਾਨਸਿਕਤਾ ਦੇ ਪ੍ਰਚਾਰ-ਪ੍ਰਸਾਰ ਵਿੱਚ ਮੌਜੂਦਾ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡਿਆ ਕੋਈ ਕਸਰ ਨਹੀਂ ਛੱਡ ਰਿਹਾ। ਇਹਨਾਂ ਸਾਰੀਆਂ ਸਮੱਸਿਆਵਾਂ ਖਿਲਾਫ਼ ਲੜਦੇ ਹੋਏ ਇੱਕ ਬਿਹਤਰ ਸਮਾਜਕ ਪ੍ਰਬੰਧ ਦੀ ਉਸਾਰੀ ਲਈ ਜਥੇਬੰਦ ਹੋ ਕੇ ਅੱਗੇ ਵਧਣਾ ਹੀ ਸ਼ਹੀਦ ਚੰਦਰਸ਼ੇਖਰ ਅਜ਼ਾਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਰੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਅਧੂਰੇ ਸੁਫਨਿਆਂ ਨੂੰ ਪੂਰਾ ਕਰਨ ਲਈ ਅੱਗੇ ਆਉਣ ਤੇ ਨੌਭਾਸ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ ਗਿਆ।    

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ