ਸ਼ਹੀਦ ਚੰਦਰ ਸ਼ੇਖਰ ਆਜ਼ਾਦ •ਭਗਵਾਨ ਦਾਸ ਮਹੌਰ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਮਰ ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਜੀਵਨ ਆਮ ਲੋਕਾਂ ਦੇ ਇਨਕਲਾਬੀ ਜਜ਼ਬੇ ਅਤੇ ਉਹਨਾਂ ਇਨਕਲਾਬ ਰਾਹ ‘ਤੇ ਵੱਧਦੇ ਜਾਣ ਦਾ ਪ੍ਰਤੀਕ ਹੋ ਗਿਆ ਹੈ ਤਾਂ ਭਗਤ ਸਿੰਘ ਦੇਸ਼ ਦੇ ਪੜ੍ਹੇ-ਲਿਖੇ ਭਾਵੁਕ ਨੌਜਵਾਨਾਂ ਦੇ ਵਿਕਾਸਸ਼ੀਲ ਇਨਕਲਾਬੀ ਜਜ਼ਬੇ ਦੀ ਚੰਗੀ ਨੁਮਾਇੰਦਗੀ ਕਰਦੇ ਸਨ। ਇਹਨਾਂ ਦੋਨਾਂ ਸ਼ਹੀਦਾਂ ਦਾ ਨਾਂ ਸਾਰੇ ਭਾਰਤ ‘ਚ ਹਥਿਆਰਬੰਦ ਇਨਕਲਾਬ ਦੀਆਂ ਪ੍ਰਵਿਰਤੀਆਂ ਅਤੇ ਯਤਨ ਦਾ ਪ੍ਰਤੀਕ ਹੋ ਗਿਆ ਹੈ। ਭਗਤ ਸਿੰਘ ਅਤੇ ਆਜ਼ਾਦ ਮਗਰੋਂ ਜਲਦੀ ਹੀ ਇਨਕਲਾਬ ਦੇ ਯਤਨ ਦੀ ਇਹ ਅਵਸਥਾ ਹੀ ਖਤਮ ਹੋ ਗਈ ਜਿਸ ਨੂੰ ਆਮ ਤੌਰ ‘ਤੇ ਇਨਕਲਾਬੀ ਦਹਿਸ਼ਤਗਰਦੀ ਕਿਹਾ ਗਿਆ ਹੈ ਅਤੇ ਜਿਹੜੀ ਸੰਸਥਾ ਦੇ ਰੂਪ ‘ਚ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ’ (ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ) ਦੇ ਰੂਪ ‘ਚ ਵਿਕਸਿਤ ਅਤੇ ਖਤਮ ਵੀ ਹੋਈ। ਇਤਿਹਾਸਕ ਵਿਕਾਸ ਦੀ ਦ੍ਰਿਸ਼ਟੀ ਤੋਂ ਇਸ ‘ਚ ਸਿਧਾਂਤਕ ਪ੍ਰਗਤੀ ਦੀ ਗੱਲ ਪੰਡਿਤ ਰਾਮ ਪ੍ਰਸਾਦ ‘ਬਿਸਮਿਲ’ ਆਦਿ ਦੀ ਅਗਵਾਈ ‘ਚ ਹਿੰਦੁਸਤਾਨ ਰਿਪਬਲਿਕਨ ਐਸੋਸਿਏਸ਼ਨ ਮਗਰੋਂ ਐੱਚ.ਐੱਸ.ਆਰ.ਏ ‘ਚ ਇਨਕਲਾਬੀਆਂ ਦਾ ਨਜ਼ਰੀਆ ਸਮਾਜਵਾਦ ਮੁਖੀ ਹੋਣਾ ਸੀ, ਅਤੇ ਸਰਗਰਮੀ ਦੀ ਪ੍ਰਗਤੀਸ਼ੀਲਤਾ ਦੀ ਗੱਲ ਪਾਰਟੀ ਲਈ ਆਰਥਿਕ ਸੰਗ੍ਰਹਿ ਲਈ ਸਧਾਰਣ ਡਕੈਤੀਆਂ ਤੋਂ ਉਤਾਂਹ ਉੱਠ ਕੇ ਅਜਿਹੇ ਦਹਿਸ਼ਤਗਰਦ ਕਾਰਜਾਂ ਦਾ ਹੋਣਾ ਸੀ ਜਿਹਨਾਂ ਦਾ ਟੀਚਾ ਖਾਸ ਕਰਕੇ ਸਰਕਾਰੀ ਸੰਪਤੀ ਸੀ। ਜਥੇਬੰਦਕ ਨਜ਼ਰੀਏ ਤੋਂ ਪ੍ਰਗਤੀਸ਼ੀਲਤਾ ਦੀ ਗੱਲ ਪੁਰਸ਼ਾਂ ਨਾਲ ਔਰਤਾਂ ਦਾ ਵੀ ਗੁਪਤ ਹਥਿਆਰਬੰਦ ਇਨਕਲਾਬੀ ਯਤਨ ‘ਚ ਸਰਗਰਮ ਯੋਗਦਾਨ ਦੇਣਾ ਅਤੇ ਪਾਰਟੀ ਦਾ ਵਧੇਰੇ ਕਰਕੇ ਲੋਕਤੰਤਰਿਕ ਨਿਯਮਨ ਹੋ ਜਾਣਾ ਸੀ। ਪਾਰਟੀ ਦਾ ਸੰਚਾਲਨ ਇਕ ਕੇਂਦਰੀ ਕਮੇਟੀ ਦੇ ਹੱਥ ‘ਚ ਸੀ ਅਤੇ ਪ੍ਰੋਗਰਾਮ ਸਬੰਧੀ ਗੰਭੀਰ ਫੈਸਲੇ ਇਸੇ ਕਮੇਟੀ ਰਾਹੀਂ ਹੁੰਦੇ ਸੀ। ਵਿਅਕਤੀਗਤ ਨੇਤਾਗਿਰੀ ਦੇ ਧਰਾਤਲ ਤੋਂ ਦਲ ਨਿਯਮਨ ਉਤਾਂਹ ਉਠ ਗਿਆ ਸੀ। ਜ਼ਰੂਰ ਹੀ ਦਲ ਦੇ ਪ੍ਰਮੁੱਖ ਲੋਕਾਂ ‘ਚੋਂ ਹੀ ਕੇਂਦਰੀ ਕਮੇਟੀ ਬਣੀ ਸੀ, ਉਸਦੀ ਕੋਈ ਲੋਕਤੰਤਰਿਕ ਚੋਣ ਨਹੀਂ ਹੁੰਦੀ ਸੀ, ਨਾ ਹੋ ਸਕਦੀ ਸੀ, ਫਿਰ ਵੀ ਦਲ ਦੇ ਨਿਸ਼ਚਿਆਂ ‘ਚ ਲੋਕਤੰਤਰਿਕਤਾ ਦਾ ਵੱਧ ਤੋਂ ਵੱਧ ਨਿਯਮਨ ਹੁੰਦਾ ਰਿਹਾ ਸੀ, ਐੱਚ.ਐੱਸ.ਆਰ.ਏ ਦੀ ਕੇਂਦਰੀ ਕਮੇਟੀ ‘ਚ ਜੇਕਰ ਕੋਈ ਕਿਸੇ ਇੱਕ ਨੂੰ ਹੀ ਬੋਧਿਕ ਆਗੂ ਕਹਿਣਾ ਹੋਵੇ ਤਾਂ ਅਮਰ ਸ਼ਹੀਦ ਭਗਤ ਸਿੰਘ ਨੂੰ ਹੀ ਕਹਿ ਸਕਦੇ ਹਾਂ। ਇਸੇ ਰੂਪ ‘ਚ ਇਹ ਦੋਨੋਂ ਅਮਰ ਸ਼ਹੀਦ ਇਨਕਲਾਬ ਦੇ ਯਤਨਾਂ ‘ਚ ਪ੍ਰਗਤੀਸ਼ੀਲਤਾ ਦੇ ਪ੍ਰਤੀਕ ਸਨ।

ਆਜ਼ਾਦ ਦੀ ਪ੍ਰਗਤੀਸ਼ੀਲਤਾ ਨੂੰ ਸਮਝਣ ਲਈ ਸਾਨੂੰ ਇਹ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਮੱਧ ਭਾਰਤ ਦੀ ਛੋਟੀ ਜਿਹੀ ਰਿਆਸਤ ਅਲੀਰਾਜਪੁਰ ਦੇ ਇਕ ਪਿੰਡ ‘ਚ ਇਕ ਕੱਟੜ ਬ੍ਰਾਹਮਣ ਦੇ ਘਰ ਆਜ਼ਾਦ ਦਾ ਜਨਮ ਹੋਇਆ ਜਿਸਨੂੰ ਜੇਕਰ ਜਾਤ-ਪਾਤ, ਛੁਆ-ਛਾਤ ਅਤੇ ਔਰਤਾਂ ਪ੍ਰਤੀ ਤੇਰਵ੍ਹੀ ਸਦੀ ਦੀ ਮਨੋਬਿਰਤੀ ਵਾਲਾ ਕਿਹਾ ਜਾਵੇ ਤਾਂ ਬਹੁਤ ਅਣਉੱਚਿਤ ਨਹੀਂ ਹੋਵੇਗਾ, ਅਤੇ ਫਿਰ ਇਸ ਵਾਤਾਵਰਣ ਤੋਂ ਪ੍ਰਗਤੀ ਕਰਦੇ-ਕਰਦੇ ਉਹ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਭਾਰਤੀ ਇਨਕਲਾਬੀਆਂ ਦੇ ਮੂਹਰਲੀ ਕਤਾਰ ਦੇ ਆਗੂ ਬਣੇ। ਦਸ-ਬਾਰ੍ਹਾਂ ਸਾਲ ਦੀ ਉਮਰ ‘ਚ ਇਕ ਕੱਟੜ ਬ੍ਰਾਹਮਣ ਬਾਲਕ ਦੇ ਰੂਪ ‘ਚ ਸੰਸਕ੍ਰਿਤ ਪੜ੍ਹਨ ਲਈ ਉਹ ਘਰ ਤੋਂ ਭੱਜ ਕੇ ਕਾਸ਼ੀ ਪਹੁੰਚੇ, ਉੱਥੇ ਕੌਮੀਂ ਲਹਿਰ ‘ਚ ਰੰਗੇ, ਸੱਤਿਆਗ੍ਰਹਿ ਕੀਤਾ, ਬੈਂਤਾਂ ਦੀ ਸਜਾ ਪਾਈ, ਫਿਰ ਇਨਕਲਾਬੀਆਂ ‘ਚ ਸ਼ਾਮਿਲ ਹੋਏ। ਅਮਰ ਸ਼ਹੀਦ ਰਾਮਪ੍ਰਸਾਦ ਬਿਸਮਿਲ ਦੀ ਅਗਵਾਈ ‘ਚ ਉਹਨਾਂ ਦੇ ਧਾਰਮਿਕ ਵਿਚਾਰਾਂ ‘ਚ ਆਰੀਆਸਮਾਜੀਪਣ ਆਇਆ ਅਤੇ ਛੁਆਛਾਤ, ਮੂਰਤੀ ਪੂਜਾ ਆਦਿ ਨੂੰ ਉਹ ਬੁਰਾ ਸਮਝਣ ਲੱਗੇ। ਮਗਰੋਂ ਭਗਤ ਸਿੰਘ ਆਦਿ ਦੀ ਸੰਗਤ ‘ਚ ਉਹਨਾਂ ਨੇ ਸਮਾਜਵਾਦਮੁਖੀ ਧਰਮ ਨਿਰਪੇਖ ਨਜ਼ਰੀਏ ਨੂੰ ਹੌਲ਼ੀ-ਹੌਲ਼ੀ ਅਪਣਾਇਆ ਅਤੇ ਭਾਰਤੀ ਸਮਾਜਵਾਦੀ ਪਰਜਾਤੰਤਰ ਸੈਨਾ ਦੇ ਪ੍ਰਧਾਨ ਕਮਾਂਡਰ ਬਣੇ। ਨਿਸ਼ਚੇ ਹੀ ਇਕ ਕੱਟੜ ਬ੍ਰਹਾਮਣਵਾਦੀ ਬਾਲਕ ਤੋਂ ਮੂਹਰਲੀ ਕਤਾਰ ਦੇ ਇਨਕਲਾਬੀ ਅਗਾਂਹਵਧੂ ਨੌਜਵਾਨ ਆਗੂ ਦੇ ਵਿਕਾਸ ਦੀ ਪ੍ਰਗਤੀ ਦੇ ਅਨੇਕਾਂ ਪੱਧਰ ਬਹੁਤ ਥੋੜੇ ਸਮੇਂ ‘ਚ ਆਜ਼ਾਦ ਨੇ ਪਾਰ ਕੀਤੇ। ਔਰਤਾਂ ਦੇ ਸਬੰਧ ‘ਚ ਆਜ਼ਾਦ ਆਪਣੇ ਵਿਅਕਤੀਗਤ ਜੀਵਨ ‘ਚ ਤਾਂ ਸਦਾ ਹੀ ਪੱਕੇ ਬ੍ਰਾਹਮਚਾਰੀ ਜਿਹੇ ਹੀ ਰਹੇ। ਪਹਿਲਾਂ ਉਹ ਪਾਰਟੀ ‘ਚ ਔਰਤਾਂ ਦੇ ਪ੍ਰਵੇਸ਼ ਦੇ ਵਿਰੁੱਧ ਵੀ ਸਨ ਅਤੇ ਇਸ ਲਈ ਸਨ ਕਿ ਉਹਨਾਂ ਦੀ ਲੀਡਰਸ਼ਿਪ ਤੋਂ ਪਹਿਲਾਂ ਇਹੀ ਪਰੰਪਰਾ ਸੀ ਪਰ ਮਗਰੋਂ ਉਹਨਾਂ ਦੀ ਹੀ ਅਗਵਾਈ ‘ਚ ਔਰਤਾਂ ਨੇ ਪਾਰਟੀ ‘ਚ ਕੰਮ ਕੀਤਾ ਅਤੇ ਖੂਬ ਚੰਗੀ ਤਰ੍ਹਾਂ ਕੀਤਾ। ‘ਨਾਰੀ ਨਰਕ ਕੀ ਖਾਨ’ ਵਾਲੀ ਮਨੋਬਿਰਤੀ ਤੋਂ ਨਾਰੀ ਨੂੰ ਇਕ ਸਰਗਰਮ ਇਨਕਲਾਬੀ, ਬਰਾਬਰ ਸਹਿਯੋਗੀ ਦੇ ਰੂਪ ‘ਚ ਮੰਨਣ ਦਰਮਿਆਨ ਦੀਆਂ ਸਾਰੀਆਂ ਮਨੋਦਸ਼ਾਵਾਂ ਆਜ਼ਾਦ ਦੀ ਸਮੇਂ-ਸਮੇਂ ‘ਤੇ ਰਹੀਆਂ ਹੋਣਗੀਆਂ, ਇਹ ਸਪੱਸ਼ਟ ਹੈ। ਅੰਤਮ ਦਿਨਾਂ ‘ਚ ਆਜ਼ਾਦ ਬਹੁਤ ਉਤਸ਼ਾਹ ਨਾਲ਼ ਪਾਰਟੀ ਦੀਆਂ ਸਾਰੀਆਂ ਔਰਤ ਮੈਂਬਰਾਂ ਨੂੰ ਗੋਲ਼ੀ ਚਲਾਉਣਾ, ਨਿਸ਼ਾਨਾ ਲਗਾਉਣਾ, ਆਦਿ ਸਿਖਾਉਂਦੇ ਸਨ, ਪਾਰਟੀ ਨਾਲ਼ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਦੇ ਘਰ ਦੀਆਂ ਔਰਤਾਂ ਨੂੰ ਵੀ ਉਹ ਇਸ ਲਈ ਉਤਸ਼ਾਹਿਤ ਕਰਦੇ ਸਨ ਅਤੇ ਇਨਕਲਾਬੀ ਕਾਰਜਾਂ ‘ਚ ਆਪਣੇ ਪਤੀ ਦਾ ਸਰਗਰਮ ਸਹਿਯੋਗ ਕਰਨ ਲਈ ਉਹਨਾਂ ਨੂੰ ਵਾਰੀ-ਵਾਰੀ ਤਰਾਂ-ਤਰਾਂ ਦੀ ਪ੍ਰੇਰਣਾ ਦਿੰਦੇ ਸਨ। ਔਰਤਾਂ ਨਾਲ ਉਹਨਾਂ ਦਾ ਵਿਵਹਾਰ ਬਹੁਤ ਸਰਲ ਅਤੇ ਅਪਣੱਤ ਭਰਿਆ ਹੁੰਦਾ ਸੀ। ਇਹ ਸਭ ਹੁੰਦੇ ਹੋਏ ਵੀ ਉਹ ਇਸ ਗੱਲ ਦੇ ਘੋਰ ਦੁਸ਼ਮਣ ਹੀ ਸਨ ਕਿ ਕੋਈ ਦਲ ਦਾ ਮੈਂਬਰ ਔਰਤਾਂ ਵੱਲ ਅਣਉੱਚਿਤ ਰੂਪ ਨਾਲ ਖਿੱਚਿਆ ਗਿਆ ਹੋਵੇ। ਕਿਸੇ ਤਰ੍ਹਾਂ ਦੀ ਯੌਨ-ਕਮਜ਼ੋਰੀ ਤਾਂ ਉਹਨਾਂ ਲਈ ਅਸਹਿ ਸੀ। ਪਰ ਪਤੀ-ਪਤਨੀ ਦੋਨੋਂ ਇਨਕਲਾਬੀ ਕਾਰਜ ‘ਚ ਲੱਗਣ, ਇਸ ਤੋਂ ਵੱਧ ਪਿਆਰੀ ਗੱਲ ਉਹਨਾਂ ਲਈ ਹੋਰ ਕੋਈ ਨਹੀਂ ਸੀ। ਦਲ ਨੂੰ ਇਕ ‘ਆਨੰਦਮਠ’ ਹੀ ਉਹ ਨਹੀਂ ਰੱਖਣਾ ਚਾਹੁੰਦੇ ਸਨ ਜਦੋਂ ਕਿ ਇਨਕਲਾਬੀ ਜੀਵਨ ਦੀ ਸ਼ੁਰੂਆਤੀ ਹਾਲਤ ‘ਚ ਉਹਨਾਂ ਨੇ ਅਤੇ ਉਹਨਾਂ ਵਰਗੇ ਹੋਰ ਵੀ ਇਨਕਲਾਬੀਆਂ ਨੂੰ ‘ਆਨੰਦਮਠ’ ਦੇ ਜ਼ਜਬੇ ਨੇ ਬਹੁਤ ਪ੍ਰਭਾਵਿਤ ਕੀਤਾ ਸੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements