ਸ਼ਹੀਦ ਭਗਤ ਸਿੰਘ ਸਬੰਧੀ ਪੁੱਛਗਿੱਛ (ਚੌਥੀ ਕਿਸ਼ਤ) •ਅਰਜਨ ਸਿੰਘ ਗੜਗੱਜ

12

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੇਰਾ ਜਮਾਤੀ ਹਵਾਲਦਾਰ

ਤੀਜੇ ਦਿਨ ਸਵੇਰੇ ਕੋਤਵਾਲੀ ਵਿੱਚ1 ਆਪਣੀ ਕੋਠੀ ਵਿੱਚੋਂ ਨਿੱਕਲਣ ਤੋਂ ਪਹਿਲਾਂ ਮੇਰੇ ਕੰਨੀਂ ਅਵਾਜ਼ ਪਈ, ‘ਇਥੇ ਮੇਰਾ ਜਮਾਤੀ ਹੈ।’ ਮੈਂ ਹੈਰਾਨ ਹੋਇਆ ਕਿ ਕੀ ਗੱਲ ਹੈ। ਅਵਾਜ਼ ਵੀ ਪਛਾਣ ਰਿਹਾ ਸਾਂ। ਇੰਨੇ ਨੂੰ ਉਹ ਮੇਰਾ ਜਮਾਤੀ ਜਿਸ ਦਾ ਨਾਮ ਸ. ਬਲਵੰਤ ਸਿੰਘ ਸੀ, ਕੋਠੜੀ ਦੇ ਸਾਹਮਣੇ ਆਣ ਖਲੋਤਾ।

ਮੈਂ ਇਸ ਨੂੰ ਪਛਾਣ ਲਿਆ ਕਿਉਂਕਿ ਚੌਥੀ, ਪੰਜਵੀਂ ਜਮਾਤ ਵਿੱਚ ਮੇਰੇ ਨਾਲ਼ ਇਹ ਪੜ੍ਹਦਾ ਹੁੰਦਾ ਸੀ ਅਤੇ ਪੜ੍ਹਾਈ ਵਿਚ ਇੰਨਾ ਕਮਜ਼ੋਰ ਹੁੰਦਾ ਸੀ ਕਿ ਇਸ ਨੂੰ ਮਾਰ ਹੀ ਪੈਂਦੀ ਰਹਿੰਦੀ ਸੀ। ਮੇਰੇ ਕੋਲ਼ ਘਰ ਪੜ੍ਹਨ ਆਉਂਦਾ ਹੁੰਦਾ ਸੀ। ਇਹ ਸ. ਮਿੱਤ ਸਿੰਘ ਥਾਣੇਦਾਰ ਦਾ ਲੜਕਾ ਸੀ ਤੇ ਸਾਡੇ ਤਰਨ ਤਾਰਨ ਤੋਂ ਕੋਈ ਡੇਢ ਕੁ ਮੀਲ ਦੀ ਵਿੱਥ ‘ਤੇ ਕਾਜ਼ੀ ਕੋਟ ਦਾ ਰਹਿਣ ਵਾਲ਼ਾ ਸੀ।

ਸ. ਬਲਵੰਤ ਸਿੰਘ ਨੇ ਮੈਨੂੰ ਕਿਹਾ ਕਿ ਤੁਹਾਨੂੰ ਸਬ ਜੇਲ ਅੰਮ੍ਰਿਤਸਰ ਵਿੱਚ ਮੈਂ ਲਿਜਾਣਾ ਹੈ। ਇਹ ਕਹਿ ਕੇ ਸਿਪਾਹੀ ਨੂੰ ਉਸ ਨੇ ਕਿਹਾ ਕਿ ਹੱਥਕੜੀ ਲਗਾਓ ਅਤੇ ਆਪ ਉਹਲੇ ਹੋ ਗਿਆ। ਸਿਪਾਹੀ ਨੇ ਵੀ ਉਹਲੇ ਹੋ ਕੇ ਪੁੱਛਿਆ ਕਿ ਇੱਕ ਹੱਥ ਨੂੰ ਹੱਥਕੜੀ ਲਾਵਾਂ, ਬਲਵੰਤ ਸਿੰਘ ਨੇ ਕਿਹਾ, ”ਨਹੀਂ ਦੋਹਾਂ ਹੱਥਾਂ ਨੂੰ ਹੱਥਕੜੀ ਲਾਉਣੀ ਹੈ” ਮੈਂ ਇਹ ਅਵਾਜ਼ ਸੁਣ ਰਿਹਾ ਸਾਂ ਤੇ ਉੱਚੀ ਅਵਾਜ਼ ਵਿੱਚ ਕਿਹਾ “ਭਾਵੇਂ ਪੈਰਾਂ ਨੂੰ ਵੀ ਲਗਵਾ ਲੈ, ਹੱਥਕੜੀ ਦੀ ਕੀ ਗੱਲ ਹੈ।” ਇਸ ਦਾ ਉਸ ਨੇ ਕੋਈ ਉੱਤਰ ਨਾ ਦਿੱਤਾ। ਹਾਲਾਂਕਿ ਉਸ ਵੇਲ਼ੇ ਆਮ ਤੌਰ ‘ਤੇ ਰਾਜਸੀ ਕੈਦੀਆਂ ਨੂੰ ਹੱਥਕੜੀ ਨਹੀਂ ਲਗਾਈ ਜਾਂਦੀ ਸੀ, ਫੇਰ ਦਫਾ (ਓ) ਵਾਲ਼ਿਆਂ ਨੂੰ ਲੱਗਦੀ ਹੀ ਨਹੀਂ ਸੀ।

ਖੈਰ! ਮੈਨੂੰ ਸੀਖਾਂ ਦੇ ਅੰਦਰ ਹੀ ਦੋਹਾਂ ਹੱਥਾਂ ਨੂੰ ਹੱਥਕੜੀ ਲਗਾਈ ਗਈ ਅਤੇ ਕੋਠੜੀ ‘ਚੋਂ ਬਾਹਰ ਕੱਢਿਆ ਗਿਆ। ਉੱਥੋਂ ਪੈਦਲ ਹੀ ਸ. ਬਲਵੰਤ ਸਿੰਘ ਨੇ ਮੈਨੂੰ ਹੋਰ ਪੁਲਿਸ ਨਾਲ਼ ਲੈ ਕੇ ਕਚਹਿਰੀ ਵੱਲ ਤੋਰ ਲਿਆ। ਮੇਰੇ ਮਿੱਤਰ ਸ. ਤਾਰਾ ਸਿੰਘ ਜੀ ਮੌਜੀ ਤੇ ਗਿਆਨੀ ਸੇਵਾ ਸਿੰਘ ਨੌਸ਼ਹਿਰਾ ਪੰਨੂਆਂ ਵਾਲ਼ੇ, ਜੋ ਉਸ ਵੇਲ਼ੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਗਿਆਨੀ ਟ੍ਰੇਨਿੰਗ ਕਲਾਸ ਵਿੱਚ ਦਾਖ਼ਲ ਸਨ, ਕੋਤਵਾਲੀ ਦੇ ਸਾਹਮਣੇ ਹੀ ਮਿਲ਼ ਪਏ। ਉਹ ਮੈਨੂੰ ਕੁਝ ਖਾਣ ਨੂੰ ਦੇਣਾ ਚਾਹੁਣ, ਪਰ ਬਲਵੰਤ ਸਿੰਘ ਨੇ ਨਾ ਲੈਣ ਦਿੱਤਾ।

ਭਗਤ ਸਿੰਘ ਸਬੰਧੀ ਪੁੱਛਗਿੱਛ

ਮੈਨੂੰ ਸਿੱਧਾ ਡਿਪਟੀ ਕਮਿਸ਼ਨਰ ਦੀ ਕੋਠੀ ਲਿਜਾਇਆ ਗਿਆ। ਉੱਥੇ ਮੇਰੀ ਹੱਥਕੜੀ ਲੱਗੀ ਰਹੀ, ਪਰ ਪਿਲਸ ਦਾ ਕੋਈ ਆਦਮੀ ਵੀ ਅੰਦਰ ਨਾ ਗਿਆ, ਮੈਨੂੰ ‘ਕੱਲਿਆਂ ਨੂੰ ਹੀ ਡਿਪਟੀ ਕਮਿਸ਼ਨਰ ਦੀ ਕੋਠੀ ਦੇ ਅੰਦਰ ਲਿਜਾਇਆ ਗਿਆ। ਉਸ ਵੇਲ਼ੇ ਕੋਠੀ ਵਿੱਚ ਕੇਵਲ ਡਿਪਟੀ ਕਮਿਸ਼ਨਰ ਖੁਦ ਅਤੇ ਸ. ਸੰਤ ਸਿੰਘ ਪਬਲਿਕ ਪ੍ਰਾਸੀਕਿਊਟਰ ਮੌਜੂਦ ਸਨ। ਮੈਨੂੰ ਉਹਨਾਂ ਕਈ ਸਵਾਲ ਕੀਤੇ ਤੇ ਕਿਹਾ ਕਿ ਜੇ ਇਹ ਦੱਸ ਦਏਂ ਤਾਂ ਛੱਡ ਦਿੱਤਾ ਜਾਵੇਗਾ ਨਹੀਂ ਤਾਂ ਸੋਲ਼ਾਂ ਸਾਲ ਕੈਦ ਹੋਵੇਗੀ।

ਉਹ ਸਵਾਲ ਇਸ ਤਰ੍ਹਾਂ ਦੇ ਸਨ ਕਿ ਭਗਤ ਸਿੰਘ ਕਿੱਥੇ ਹੈ? ਕਿਰਤੀ ਅਖ਼ਬਾਰ ਨੂੰ ਪੈਸੇ ਕਿੱਥੋਂ ਆਉਂਦੇ ਹਨ? ਕਿੰਨਾ ਛਪਦਾ ਹੈ, ਮਜ਼ਮੂਨ ਕੌਣ-ਕੌਣ ਲਿਖਦਾ ਹੈ, ਇਤਿਆਦ। ਮੈਂ ਇਹਨਾਂ ਗੱਲਾਂ ਦਾ ਕੋਈ ਉੱਤਰ ਨਾ ਦਿੱਤਾ ਤੇ ਕਿਹਾ ਕਿ ਮੇਰੇ ਸਬੰਧੀ ਕੋਈ ਗੱਲ ਪੁੱਛੋ। ਮੈਨੂੰ ਧਮਕੀਆਂ ਦੇ ਕੇ ਕਿਹਾ ਕਿ ਤੂੰ ਬਹੁਤ ਸਾਲ ਕੈਦ ਹੋਵੇਗਾ, ਮੈਂ ਕਿਹਾ ਕੋਈ ਫ਼ਿਕਰ ਨਹੀਂ।

ਇੱਥੋਂ ਕੱਢ ਕੇ ਮੈਨੂੰ ਮੇਰੇ ਜਮਾਤੀ ਬਲਵੰਤ ਸਿੰਘ ਨੇ ਅੰਮ੍ਰਿਤਸਰ ਸਬ ਜੇਲ੍ਹ ਵਿੱਚ ਪੁਚਾ ਦਿੱਤਾ। ਉਸ ਵੇਲ਼ੇ ਸਾਰੇ ਪੰਜਾਬ ਵਿੱਚ ਦੋ ਚਾਰ ਹੀ ਗ੍ਰਿਫ਼ਤਾਰੀਆਂ ਹੋਈਆਂ ਸਨ, ਕਿਉਂਕਿ ਕੋਈ ਮੂਵਮੈਂਟ ਨਹੀਂ ਸੀ। ਅੰਮ੍ਰਿਤਸਰ ਜੇਲ੍ਹ ਵਿੱਚ ਤਾਂ ਮੇਰੇ ਸਿਵਾ ਇੱਕ ਵੀ ਰਾਜਸੀ ਕੈਦੀ ਨਹੀਂ ਸੀ।

ਪ੍ਰੋਟੈਸਟ ਦੇ ਜਲਸੇ

ਅੰਮ੍ਰਿਤਸਰ ਵਿਖੇ ਜ਼ਲ੍ਹਿਆਂ ਵਾਲ਼ੇ ਬਾਗ ਵਿੱਚ, ਲਾਹੌਰ, ਤਰਨ ਤਾਰਨ ਆਦਿ ਥਾਈਂ ਮੇਰੀ ਗ੍ਰਿਫ਼ਤਾਰੀ ਵਿਰੁੱਧ ਕਾਂਗਰਸ ਤੇ ਨੌਜਵਾਨ ਭਾਰਤ ਸਭਾ ਵੱਲੋਂ ਪ੍ਰੋਟੈਸਟ ਦੇ ਜਲਸੇ ਹੋਏ।

ਮੇਰੇ ਉੱਤੇ 124 (ਓ) ਦੇ ਦੋ ਮੁਕੱਦਮੇ ਚਲਾਏ ਗਏ। 124 (ਓ) ਦਾ ਭਾਵ ਇਹ ਹੈ ਕਿ ਮੁਲਜ਼ਮ ਨੇ ਉਸ ਸਰਕਾਰ ਵਿਰੁੱਧ ਜੋ ਕਿ ਕਨੂੰਨ ਦਵਾਰਾ ਸਥਾਪਤ ਹੋਈ ਹੈ, ਬਗ਼ਾਵਤ ਫੈਲਾਉਣ ਦਾ ਜੁਰਮ ਕੀਤਾ ਹੈ।

ਡਾ. ਕਿਚਲੂ ਨੇ ਮੇਰੀ ਜ਼ਮਾਨਤ ਦੀ ਦਰਖ਼ਾਸਤ ਦਿੱਤੀ, ਪਰ ਨਾ-ਮਨਜੂਰ ਕਰ ਦਿੱਤੀ ਗਈ। ਇਸ ਦਾ ਇਹ ਕਾਰਨ ਸੀ ਕਿ ਉਹਨੀਂ ਦਿਨੀਂ ਹੀ ਲਾਹੌਰ ਵਿਖੇ ਸ. ਸੋਹਨ ਸਿੰਘ ਜੀ ਜੋਸ਼ ਦੀ ਪ੍ਰਧਾਨਗੀ ਹੇਠ ਪੰਜਾਬ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਹੋ ਰਹੀ ਸੀ।

ਜ਼ਮਾਨਤ ਤੇ ਰਿਹਾਈ

ਇਹਨਾਂ ਦਿਨਾਂ ਵਿਚ ਕਾਮਰੇਡ ਸੋਹਨ ਸਿੰਘ ਜੀ ਜੋਸ਼ ਮੈਨੂੰ ਜੇਲ੍ਹ ਵਿੱਚ ਮਿਲਣ ਲਈ ਆਏ ਅਤੇ ਮੈਂ ਵੇਖਿਆ ਕਿ ਉਹਨਾਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਸਨ। ਉਹ ਇਸ ਲਈ ਕਿ ਮੈਨੂੰ ਅੰਦਰ ਬੈਠਿਆਂ ਵੇਖ ਕੇ ਉਹ ਹਮਦਰਦੀ ਵਿੱਚ ਬਿਹਬਲ ਹੋ ਗਏ ਸਨ। ਉਹਨਾਂ ਮੈਨੂੰ ਕਿਹਾ ਕਿ ਇਹ ਨਾ ਸਮਝੀਂ ਕਿ ਮੈਂ ਤੈਨੂੰ ਭੁੱਲ ਗਿਆ ਹਾਂ ਤੇ ਮਿਲਣ ਨਹੀਂ ਆਇਆ ਸਗੋਂ ਕੰਮਾਂ ਦੇ ਰੁਝੇਵੇਂ ਤੂੰ ਆਪ ਹੀ ਜਾਣਦਾ ਏਂ।

ਮੈਂ ਵੀ ਸਮਝਦਾ ਸਾਂ ਕਿ ਇੱਕ ਪਾਸੇ ਤਾਂ ‘ਕਿਰਤੀ’ ਨੂੰ ਐਡਿਟ ਕਰਨ ਦਾ ਕੰਮ ਦੂਜੇ ਪਾਸੇ ਨੌਜਵਾਨ ਭਾਰਤ ਸਭਾ ਪੰਜਾਬ ਦੀ ਕਾਨਫਰੰਸ ਲਈ ਪ੍ਰਧਾਨਗੀ ਐਡਰੈੱਸ ਲਿਖਣਾ ਅਤੇ ਹੋਰ ਵੀ ਬਾਹਰ ਅੰਦਰ ਫਿਰਨ ਦਾ ਕੰਮ ਖ਼ਾਸਾ ਸੀ। ਪਰ ਜੋਸ਼ ਸਾਹਿਬ ਦੀ ਉਹ ਹਮਦਰਦੀ ਮੇਰੇ ਦਿਲ ਵਿਚ ਅੱਜ ਤੱਕ ਉੱਕਰੀ ਪਈ ਹੈ।

ਜਦ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਖਤਮ ਹੋ ਗਈ ਤਾਂ ਡਾਕਟਰ ਕਿਚਲੂ ਨੇ ਫੇਰ ਜ਼ਮਾਨਤ ਦੀ ਦਰਖ਼ਾਸਤ ਦਿੱਤੀ ਤੇ ਉਸ ਉੱਤੇ ਬਹਿਸ ਕੀਤੀ ਤਾਂ 1 ਮਾਰਚ, 1929 ਨੂੰ ਦਸ ਹਜ਼ਾਰ ਰੁਪਏ ਦੀ ਜ਼ਮਾਨਤ ਉੱਤੇ ਮੈਨੂੰ ਰਿਹਾਅ ਕਰ ਦਿੱਤਾ ਗਿਆ। ਉਸ ਦਿਨ ਵੀ ਸ਼ਾਮ ਦੇ ਛੇ ਵਜੇ ਤੱਕ ਜਦ ਤੱਕ ਰਿਹਾਅ ਨਹੀਂ ਹੋਇਆ, ਸ. ਸੋਹਣ ਸਿੰਘ ਜੋਸ਼, ਗਿਆਨੀ ਸੇਵਾ ਸਿੰਘ ਜੀ ਨੁਸਹਿਰਾ, ਸ. ਮੂਲ ਸਿੰਘ ਕਿਰਪਾਨ ਬਹਾਦਰ ਜੇਲ੍ਹ ਦੇ ਦਰਵਾਜ਼ੇ ਅੱਗੇ ਖੜ੍ਹੇ ਰਹੇ। ਮੈਂ ਰਿਹਾਅ ਹੋ ਕੇ ਗਿਆਨੀ ਸੇਵਾ ਸਿੰਘ ਜੀ ਨਾਲ਼ ਖ਼ਾਲਸਾ ਕਾਲਜ ਰਾਤ ਜਾ ਰਿਹਾ।

***

ਨੋਟ
1. ਯਾਦ ਰਹੇ ਕਿ ਕੋਤਵਾਲੀ ਵਿੱਚ ਮੁਲਜ਼ਮ ਦੀ ਪਗੜੀ ਤੇ ਜੁੱਤੀ ਕੋਠੀ ਤੋਂ ਬਾਹਰ ਰੱਖ ਲੈਂਦੇ ਹਨ। ਸ਼ਾਇਦ ਇਹ ਖਿਆਲ ਹੁੰਦਾ ਹੈ ਕਿ ਮੁਲਜ਼ਮ ਫਾਹਾ ਲੈ ਕੇ ਨਾ ਮਰੇ? ਮੈਂ ਦੋਵੇਂ ਚੀਜ਼ਾਂ ਰੱਖਣੋਂ ਇਨਕਾਰ ਕਰ ਦਿੱਤਾ ਸੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements