ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਸ਼ਿਮਲਾ ਵਿਖੇ ਫ਼ਿਲਮ-ਸ਼ੋਅ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੰਘੀ 15 ਮਈ 2016 ਨੂੰ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਸ਼ਿਮਲੇ ਦੇ ਟੂਟੂ ਇਲਾਕੇ ਵਿੱਚ ਚਲਾਈ ਜਾ ਰਹੀ ‘ਸ਼ਹੀਦ ਭਗਤ ਸਿੰਘ ਲਾਇਬ੍ਰੇਰੀ’ ਵਿੱਚ ਇੱਕ ਫ਼ਿਲਮ-ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚਾਰਲੀ ਚੈਪਲਿਨ ਦੀ ਮਸ਼ਹੂਰ ਫ਼ਿਲਮ ‘ਮਾਡਰਨ ਟਾਇਮਸ’ ਦਿਖਾਈ ਗਈ। ਇਸ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਨੌਜਵਾਨ ਸ਼ਾਮਲ ਹੋਏ। ਚੰਡੀਗੜ੍ਹ ਤੋਂ ਪਹੁੰਚੇ ਸਾਥੀ ਅਮਨ ਨੇ ਕਿਹਾ ਕਿ ਚਾਰਲੀ ਚੈਪਲਿਨ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਸਰਮਾਏਦਾਰਾ ਢਾਂਚੇ ਦੇ ਮਨੁੱਖਦੋਖੀ ਕਿਰਦਾਰ ਨੂੰ ਫ਼ਿਲਮੀ ਦ੍ਰਿਸ਼ਾਂ ਜਰੀਏ ਬਾਖੂਬੀ ਪੇਸ਼ ਕਰਦੀ ਹੈ। ਅੱਜ ਜਦੋਂ ਭਾਰਤ ਸਮੇਤ ਪੂਰੇ ਸੰਸਾਰ ਵਿੱਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਖਿਲਾਫ਼ ਕਿਰਤੀ ਲੋਕ ਸੜਕਾਂ ਉੱਤੇ ਹਨ ਤਾਂ ਅਜਿਹੇ ਸਮੇਂ ਵਿੱਚ ਇਹ ਫ਼ਿਲਮ ਓਨੀ ਹੀ ਪ੍ਰਾਸੰਗਿਕ ਹੈ ਜਿੰਨੀ ਕਿ 1936 ਵਿੱਚ ਸੀ। ਇਸ ਤੋਂ ਬਾਅਦ ਸਾਥੀ ਨਮਿਤਾ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਅੱਜ ਜਦੋਂ ਸਰਮਾਏਦਾਰਾ ਮੀਡੀਆ ਜਰੀਏ ਫਿਲਮਾਂ, ਗਾਣਿਆਂ ਦੇ ਰਾਹੀਂ ਇੱਕ ਔਰਤ-ਵਿਰੋਧੀ ਅਤੇ ਪਤਿਤ ਸੱਭਿਆਚਾਰ ਨੌਜਵਾਨਾਂ ਦੇ ਦਰਮਿਆਨ ਫੈਲਾਇਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਇੱਕ ਵਾਰ ਫਿਰ ਤੋਂ ਲੋਕਾਂ ਦੇ ਸਹਿਯੋਗ ਨਾਲ਼ ਚੱਲਣ ਵਾਲ਼ੇ ਬਦਲਵੇਂ ਮੀਡੀਆ ਨੂੰ ਖੜਾ ਕਰਨ ਦੀ ਬੇਹੱਦ ਜਰੂਰਤ ਹੈ। ਸ਼ਿਮਲਾ ਦੇ ਟੂਟੂ ਵਿੱਚ ‘ਸ਼ਹੀਦ ਭਗਤ ਸਿੰਘ ਲਾਇਬ੍ਰੇਰੀ’ ਦੀ ਸਥਾਪਨਾ ਵੀ ਇਸੇ ਮੁਹਿੰਮ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਫ਼ਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਹ ਫ਼ਿਲਮ ਸਾਨੂੰ ਦਿਖਾਉਂਦੀ ਹੈ ਕਿ ਸਰਮਾਏਦਾਰਾ ਢਾਂਚੇ ਦੇ ਅੰਦਰ ਕਿਸ ਤਰਾਂ ਇੱਕ ਜਿਉਂਦਾ-ਜਾਗਦਾ ਇਨਸਾਨ ਵੀ ਮਹਿਜ਼ ਇੱਕ ਮਸ਼ੀਨ ਦੇ ਪੁਰਜ਼ੇ ਵਿੱਚ ਤਬਦੀਲ ਹੋ ਕੇ ਰਹਿ ਜਾਂਦਾ ਹੈ।

ਇਸ ਤੋਂ ਮਗਰੋਂ ਹਾਜ਼ਰ ਹੋਰ ਲੋਕਾਂ ਨੇ ਵੀ ਫ਼ਿਲਮ ਬਾਰੇ ਆਪਣੇ ਵਿਚਾਰ ਰੱਖੇ ਅਤੇ ਨਾਲ਼ ਹੀ ਇਸ ਤਰਾਂ ਦੇ ਪ੍ਰੋਗਰਾਮ ਸਮੇਂ-ਸਮੇਂ ਉੱਤੇ ਸ਼ਿਮਲਾ ਸਮੇਤ ਹਿਮਾਚਲ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਕਰਦੇ ਰਹਿਣ ਦੀ ਗੱਲ ਕਹੀ ਅਤੇ ਇਸ ਕੰਮ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦੀ ਵੀ ਗੱਲ ਕੀਤੀ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements