ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ 86 ਵੇਂ ਸ਼ਹਾਦਤ ਦਿਵਸ ਮੌਕੇ ਵਿੱਢੀ ‘ਸ਼ਹੀਦ ਯਾਦਗਾਰੀ ਮੁਹਿੰਮ’

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਪੰਜਾਬ ਵਿੱਚ ਅਤੇ ਗੁਆਂਢੀ ਸੂਬੇ ਹਰਿਆਣਾ ਵਿੱਚ ਸਟੂਡੈਂਟ ਐਕਸ਼ਨ ਕਮੇਟੀ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ‘ਤੇ 23 ਮਾਰਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦ ਯਾਦਗਾਰੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਗਿਆ ਸੀ। ਮੁਹਿੰਮ ਦੇ ਤਹਿਤ ਉਪਰੋਕਤ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੀ ਵਿਰਾਸਤ ਨੂੰ ਲੋਕਾਂ ਤੱਕ ਲੈਕੇ ਜਾਣ ਅਤੇ ਅੱਜ ਦੇ ਸਮੇਂ ‘ਚ ਉਹਨਾਂ ਦੇ ਵਿਚਾਰਾਂ ਦੀ ਸਾਰਥਕਤਾ ਨੂੰ ਦੱਸਣ ਲਈ ਪਰਚਾ ਤੇ ਪੋਸਟਰ ਜਾਰੀ ਕੀਤਾ ਗਿਆ। ਮੁਹਿੰਮ ਤਹਿਤ ਵੱਖੋ ਵੱਖਰੇ ਇਲਾਕਿਆਂ ‘ਚ ਵੱਡੀ ਗਿਣਤੀ  ਵਿੱਚ ਪਰਚਾ ਵੰਡਿਆ ਗਿਆ, ਪੋਸਟਰ ਵੰਡਿਆ ਗਿਆ ਤੇ ਹੋਰ ਵੱਖੋ ਵੱਖਰੇ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਗਿਆ।

ਪਟਿਆਲਾ ਜੋਨ- ਨੌਭਾਸ ਇਕਾਈ ਕੁਲਾਰਾਂ ਵੱਲੋਂ ਸਭਾ ਦੁਆਰਾ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਇੱਕ ਜਨਤਕ ਮੀਟਿੰਗ ਸੱਦਕੇ 23 ਮਾਰਚ ਮੌਕੇ ਸਰਗਰਮੀ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਨੌਭਾਸ ਆਗੂ ਹਰਪ੍ਰੀਤ ਸਿੰਘ ਨੇ ਸ਼ਹੀਦਾਂ ਦੀ ਵਿਰਾਸਤ ਦਾ ਅੱਜ ਦੇ ਸਮੇਂ ‘ਚ ਮਹੱਤਵ ਦੱਸਦਿਆਂ ਗੱਲਬਾਤ ਕੀਤੀ। ਇਸ ਤੋਂ ਮਗਰੋਂ 23 ਮਾਰਚ ਨੂੰ ਪਿੰਡ ਵਿੱਚ ਮਘਦੀਆਂ ਮਸ਼ਾਲਾਂ ਲੈਕੇ ਜੋਰਦਾਰ ਨਾਹਰੇ ਮਾਰਦਿਆਂ ਮਸ਼ਾਲ ਮਾਰਚ ਪੂਰੇ ਪਿੰਡ ਵਿੱਚ ਦੀ ਕੱਢਿਆ ਗਿਆ।

23 ਮਾਰਚ ਦੇ ਸ਼ਹਾਦਤ ਦਿਵਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨੁੱਕੜ ਸਭਾਵਾਂ ਕਰਕੇ ਸ਼ਹੀਦ ਭਗਤ ਸਿੰਘ ਉੱਪਰ ਨਾਟਕ ਪੇਸ਼ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਚਾ ਵੰਡਿਆ ਗਿਆ। ਇਸਦੇ ਨਾਲ਼ ਹੀ ਕੁੱਝ ਕਲਾਸਾਂ ਵਿੱਚ ਵਿਦਿਆਰਥੀਆਂ ਨਾਲ਼ ਮੀਟਿੰਗਾਂ ਕਰਕੇ ਅੱਜ ਦੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਮਹੱਤਵ ਵਿਸ਼ੇ ਉੱਪਰ ਚਰਚਾ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਜੀਵਨ ਤੇ ਵਿਚਾਰਾਂ ਸਬੰਧੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। 28 ਮਾਰਚ ਨੂੰ ਯੂਨੀਵਰਸਿਟੀ ਵਿੱਚ “ਮੋਦੀ ਦੇ ਭਾਰਤ ਵਿੱਚ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨ ਦੇ ਅਰਥ” ‘ਤੇ ਇੱਕ ਸੈਮੀਨਾਰ ਦਾ ਵੀ ਅਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਨੌਭਾਸ ਦੇ ਸੂਬਾ ਕਮੇਟੀ ਮੈਂਬਰ ਛਿੰਦਰਪਾਲ ਨੇ ਉਪਰੋਕਤ ਮਸਲੇ ਤੇ ਵਿਚਾਰ ਰੱਖੇ।

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹਾਦਤ ਦਿਵਸ ਮੌਕੇ 26 ਮਾਰਚ ਨੂੰ ਨੌਭਾਸ ਇਕਾਈ ਪਿੰਡ ਨਮੋਲ(ਸੰਗਰੂਰ) ਵੱਲੋਂ ਵਿਚਾਰ-ਗੋਸ਼ਟੀ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਮੁੱਖ ਬੁਲਾਰੇ ਵਜੋਂ ਨੌਭਾਸ ਆਗੂ ਛਿੰਦਰਪਾਲ ਨੇ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਰਾਸਤ ਤੇ ਅਜੋਕੇ ਸਮੇਂ ਚ ਉਸਦੀ ਸਾਰਥਕਤਾ ਬਾਰੇ ਗੱਲ ਕੀਤੀ।

ਲੁਧਿਆਣਾ ਜੋਨ- ਨੌਭਾਸ ਇਕਾਈ ਉੱਚੀ ਦੌਦ (ਮਲੇਰਕੋਟਲਾ) ਵੱਲੋਂ ਸ਼ਹੀਦਾਂ ਨੂੰ ਸਮਰਪਿਤ ਵਿਚਾਰ-ਚਰਚਾ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਬੁਲਾਰੇ ਵਜੋਂ ਨੌਭਾਸ ਦੇ ਸੂਬਾ ਕਮੇਟੀ ਮੈਂਬਰ ਅਜੇਪਾਲ ਨੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵਿਰਾਸਤ ਦਾ ਅੱਜ ਦੇ ਸਮੇਂ ਵਿੱਚ ਮਹੱਤਵ ਤੇ ਗੱਲਬਾਤ ਕੀਤੀ ਤੇ ਨੌਜਵਾਨਾਂ ਨੂੰ ਸ਼ਹੀਦਾਂ ਦੇ ਵਿਚਾਰਾਂ ਨੂੰ ਅੱਗੇ ਲਿਜਾਣ, ਉਹਨਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।

ਲੁਧਿਆਣਾ ਦੇ ਖਾਲਸਾ ਕਾਲਜ, ਆਈ.ਟੀ.ਆਈ(ਕੁਡੀਆਂ), ਆਈਟੀਆਈ(ਮੁੰਡੇ), ਸਰਕਾਰੀ ਕਾਲਜ (ਕੁਡੀਆਂ), ਏਮ.ਏਸ.ਟੀ ਸੈਂਟਰ, ਸੁਨੇਤ ਪਿੰਡ ਤੇ ਲੁਧਿਆਣਾ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹਾਦਤ ਦਿਵਸ (23 ਮਾਰਚ) ਨੂੰ ਸਮਰਪਤ ਅਭਿਆਨ ਤਹਿਤ ਇਨਕਲਾਬੀ ਗੀਤਾਂ, ਕਵਿਤਾ, ਕਿਤਾਬਾਂ ਤੇ ਪਰਚੇ ਰਾਹੀਂ ਵਿਦਿਆਰਥੀਆਂ ਤੱਕ ਨੌਭਾਸ ਤੇ ਪੀਐਸਯੂ (ਲਲਕਾਰ) ਵੱਲ਼ੋਂ ਸਾਂਝੇ ਤੌਰ ਤੇ ਸ਼ਹੀਦਾਂ ਦਾ ਸਨੇਹਾ ਪਹੁੰਚਾਇਆ ਗਿਆ।

ਪਿੰਡ ਪੱਖੋਵਾਲ ਵਿਖੇ ਨੌਭਾਸ ਦੀ ਇਲਾਕਾ ਇਕਾਈ ਪਖੋਵਾਲ ਵਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਨਾਟਕ ਤੇ ਗੀਤਾਂ ਦੇ ਪਰੋਗਰਾਮ ਦਾ ਅਯੋਜਨ ਕੀਤਾ ਗਿਆ। ਨੌਭਾਸ ਇਕਾਈ ਜੁੜਾਹਾਂ ਵੱਲੋਂ ਪਿੰਡ ਜੁੜਾਹਾਂ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਾਰਚ ਦਾ ਅਯੋਜਨ ਕੀਤਾ ਗਿਆ।

ਨੌਜਵਾਨ ਭਾਰਤ ਸਭਾ ਦੀ ਇਲਾਕਾ ਇਕਾਈ ਪਖੋਵਾਲ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਣਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਮੋਟਰਸਾਇਕਲ ਮਾਰਚ ਦਾ ਅਯੋਜਨ ਕੀਤਾ ਗਿਆ। ਇਸ ਮੋਟਰਸਾਇਕਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨਾਂ ਤੇ ਆਮ ਲੋਕਾਂ ਨੇ ਹਿੱਸਾ ਲਿਆ। ਮਾਰਚ ਦੌਰਾਨ ਹੱਥਾਂ ਵਿੱਚ ਸਭਾ ਦੇ ਝੰਡੇ ਫੜਕੇ ਤੇ ਗੂੰਜਦੀਆਂ ਹੋਈਆਂ ਅਵਾਜਾਂ ਵਿੱਚ ਇਨਕਲਾਬੀ ਨਾਹਰੇ ਲਗਾ ਕੇ ਨੌਜਵਾਨਾਂ ਨੇ ਸ਼ਹੀਦਾਂ ਦੇ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾਇਆ। ਮਾਰਚ ਦੌਰਾਨ ਵੱਖ ਵੱਖ ਪੜਾਵਾਂ ਤੇ ਨੌਭਾਸ ਦੇ ਆਗੂਆਂ ਨੇ ਪਿੰਡਾਂ ‘ਚ ਸੰਬੋਧਨ ਕੀਤਾ ਤੇ ਲੋਕਾਂ ਨੂੰ ਸ਼ਹੀਦਾਂ ਦੇ ਦੱਸੇ ਰਾਹ ਤੇ ਤੁਰਨ ਲਈ ਅਤੇ ਸਮਾਜ ਵਿਚਲੇ ਲੁੱਟ, ਅਨਿਆਂ ਵਿਰੁੱਧ ਇੱਕਜੁੱਟ ਹੋਕੇ ਲੜਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਨੌਭਾਸ ਵੱਲੋਂ ਪੱਖੋਵਾਲ ਪਿੰਡ ਸਮੇਤ ਆਲੇ ਦੁਆਲੇ ਦੇ ਪਿੰਡਾਂ ਟੂਸੇ, ਫੱਲੇਵਾਲ ਤੇ ਬੁਰਜ ਲਿਟਾਂ ਇਨਕਲਾਬੀ ਗੀਤਾਂ ਤੇ ਨਾਟਕਾਂ ਦਾ ਪਰੋਗਰਾਮ ਕੀਤਾ ਗਿਆ ਤੇ ਇਨਕਲਾਬੀ ਗੀਤਾਂ ਤੇ ਨਾਟਕਾਂ ਰਾਹੀਂ ਸ਼ਹੀਦਾਂ ਦੀ ਵਿਰਾਸਤ ਨੂੰ ਲੋਕਾਂ ਤੱਕ ਲਿਜਾਣ ਦਾ ਯਤਨ ਕੀਤਾ ਗਿਆ।

ਮੰਡੀ ਗੋਬਿੰਦਗੜ-ਖੰਨਾ- ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹਾਦਤ ਦਿਵਸ ਮੌਕੇ 23 ਮਾਰਚ ਨੂੰ ਨੌਜਵਾਨ ਭਾਰਤ ਸਭਾ ਵੱਲੋਂ ਮੰਡੀ ਗੋਬਿੰਦਗੜ-ਖੰਨਾ ਇਲਾਕੇ ਦੇ ਅਲੌਡ, ਬੁੱਲੇਪੁਰ, ਗਲਵੱਟੀ, ਸਲਾਣਾ, ਘੁਟੀਂਡ, ਕਰਾਲ ਮਾਜਰਾ, ਹਿੰਮਤ ਗੜ, ਫੈਜੂਲਾਪੁਰ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪਰਚਾ ਵੰਡਿਆ ਗਿਆ ਅਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ।

ਮਾਛੀਵਾੜਾ- ਨੌਜਵਾਨ ਭਾਰਤ ਸਭਾ ਤੇ ਲੋਕ ਏਕਤਾ ਕਮੇਟੀ ਮਾਛੀਵਾੜਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 86ਵੇਂ ਸ਼ਹਾਦਤ ਵਰੇ ਨੂੰ ਸਮਰਪਿਤ ਇੰਦਰਾ ਕਲੋਨੀ ਮਾਛੀਵਾੜਾ ਵਿਖੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਇਲਾਕੇ ਵਿੱਚ ਮਸ਼ਾਲ ਮਾਰਚ ਕੱਢ ਕੇ ਕੀਤੀ ਗਈ। ਇਸ ਤੋਂ ਬਾਅਦ ਇਨਕਲਾਬੀ ਗੀਤ ਅਤੇ ਨਾਟਕਾਂ ‘ਇਨਕਲਾਬ ਜ਼ਿੰਦਾਬਾਦ’ ਤੇ ‘ਇੱਕ ਮਜ਼ਦੂਰ ਦੀ ਮੌਤ’ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਜਿਸ ਲੁੱਟ ਰਹਿਤ ਸਮਾਜ ਬਣਾਉਣ ਲਈ ਕੁਰਬਾਨੀ ਕੀਤੀ ਸੀ ਉਹ ਸਮਾਜ ਅਜੇ ਤੱਕ ਨਹੀਂ ਬਣਿਆ। ਉਹਨਾਂ ਦਾ ਅਧੂਰਾ ਕਾਜ਼ ਨੇਪਰੇ ਚਾੜਣ ਲਈ ਆਮ ਲੋਕਾਂ ਨੂੰ ਆਪਣੀ ਇਕਜੁੱਟਤਾ ਕਾਇਮ ਕਰਨ ਦੀ ਲੋੜ ਹੈ।

ਚੰਡੀਗੜ ਜੋਨ- 23 ਮਾਰਚ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਮੁਹਿੰਮ ਤਹਿਤ ਡੀ.ਏ.ਵੀ ਕਾਲਜ, ਚੰਡੀਗੜ ਵਿੱਚ ਕਲਾਸਾਂ ਵਿੱਚ ਪ੍ਰਚਾਰ ਕੀਤਾ ਗਿਆ ਜਿਸ ਤਹਿਤ ਪਰਚਾ ਵੰਡਿਆ ਗਿਆ ਅਤੇ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ ‘ਚ ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ। 21 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਯੂ.ਆਈ.ਈ.ਟੀ ਅਤੇ ਈਵਨਿੰਗ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਜਿਸ ਤਹਿਤ ਨੁੱਕੜ ਨਾਟਕ ‘ਹਵਾਈ ਗੋਲੇ’ ਅਤੇ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਲਾਈ ਗਈ ਪੋਸਟਰ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ ਅਤੇ ਵਿਦਿਆਰਥੀਆਂ ਨੇ ਇਨਕਲਾਬੀ ਸਾਹਿਤ ਖਰੀਦਣ ਵਿੱਚ ਵੀ ਗਹਿਰੀ ਦਿਲਚਸਪੀ ਦਿਖਾਈ। ਪ੍ਰੋਗਰਾਮ ਦੇ ਅੰਤ ਵਿੱਚ ਮਸ਼ਾਲ ਮਾਰਚ ਵੀ ਕੱਢਿਆ ਗਿਆ।

ਬਠਿੰਡਾ ਜੋਨ- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 86ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਭਾਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਨੌਭਾਸ ਦੀਆਂ ਮਾਨਸਾ, ਬਠਿੰਡਾ ਅਤੇ ਫਰੀਦਕੋਟ ਜਿਲੇ ਦੀਆਂ ਇਕਾਈਆਂ ਵੱਲੋਂ ਵੱਡੇ ਪੱਧਰ ‘ਤੇ ਪਰਚਾ ਤੇ ਪੋਸਟਰ ਵੰਡਿਆ ਗਿਆ। ਜੋਨ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰਚਾਰ ਮੁਹਿੰਮਾਂ ਚਲਾਈਆਂ ਗਈਆਂ। ਪਿੰਡਾਂ ਵਿੱਚ ਨੁੱਕੜ ਸਭਾਵਾਂ ਦਾ ਅਯੋਜਨ ਕਰਕੇ ਲੋਕਾਂ ਨੂੰ ਸ਼ਹੀਦਾਂ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਗਿਆ। ਇਸੇ ਮੁਹਿੰਮ ਤਹਿਤ ਨੌਭਾਸ ਇਕਾਈ ਜੋਗਾ, ਅਕਲੀਆ, ਜਿਲਾ ਮਾਨਸਾ ਵੱਲੋਂ ਪ੍ਰਚਾਰ ਮੁਹਿੰਮ ਚਲਾਈ ਗਈ ਅਤੇ ਇਕਾਈ ਭਗਤੂਆਣਾ (ਜਿਲਾ ਫਰੀਦਕੋਟ) ਵੱਲੋਂ ਪਿੰਡ ਵਿੱਚ ਮਸ਼ਾਲ ਮਾਰਚ ਕੀਤਾ ਗਿਆ। ਇਕਾਈ ਰੋੜੀਕਪੂਰਾ ਅਤੇ ਭਾਈਕਾ ਵਾੜਾ (ਜਿਲਾ ਫਰੀਦਕੋਟ) ਵੱਲ਼ੋਂ ਪਿੰਡ ਸਮੇਤ ਨਾਲ਼ ਲਗਦੇ ਪਿੰਡਾਂ ਵਿੱਚ ਪਰਚਾ ਵੰਡਕੇ ਨੁੱਕੜ ਸਭਾਵਾਂ ਦਾ ਅਯੋਜਨ ਕੀਤਾ ਗਿਆ। ਮਾਰਚ ਤੋਂ ਪਹਿਲਾਂ ਪਿੰਡ ਵਿੱਚ ਨੁੱਕੜ ਮੀਟਿੰਗਾਂ ਕਰਕੇ ਇਨਕਲਾਬੀ ਸ਼ਹੀਦਾਂ ਦੀ ਵਿਰਾਸਤ ਅਤੇ ਅੱਜ ਦੇ ਸਮੇਂ ਦੀਆਂ ਹਾਲਤਾਂ ਤੇ ਰੌਸ਼ਨੀ ਪਾਉੰਦਾ ਪਰਚਾ ਵੰਡਿਆ ਗਿਆ ਤੇ ਪੋਸਟਰ ਲਾਏ ਗਏ। ਸ਼ਾਮ ਨੂੰ ਹੋਏ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਮਾਰਚ ਤੋਂ ਪਹਿਲਾਂ ਇਨਕਲਾਬੀ ਗੀਤ ਪੇਸ਼ ਕੀਤੇ ਗਏ ਅਤੇ ਫਿਰ ਜੋਸ਼ੀਲੇ ਨਾਅਰਿਆਂ ਨਾਲ਼ ਪਿੰਡ ਦੇ ਪੰਚਾਇਤ ਘਰ ਤੋਂ ਚੱਲ ਕੇ ਵੱਖ ਵੱਖ ਗਲੀਆਂ ਵਿੱਚ ਇਹ ਮਾਰਚ ਕੱਢਿਆ ਗਿਆ। ਮਾਨਸਾ ਜਿਲਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਮੇਤ ਆਈਟੀਆਈ, ਬੁਢਲਾਡਾ ਅਤੇ ਜਿਲੇ ਦੀਆਂ ਬਾਕੀ ਵਿੱਦਿਅਕ ਸੰਸਥਾਵਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪਰਚਾ ਵੰਡਕੇ ਵਿਦਿਆਰਥੀਆਂ ਨਾਲ਼ ਮੀਟਿੰਗਾਂ ਦਾ ਅਯੋਜਨ ਕੀਤਾ ਗਿਆ। ਪੀਐਸਯੂ (ਲਲਕਾਰ) ਵੱਲੋਂ ਬਠਿੰਡਾ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਪਰਚਾ ਵੰਡਕੇ ਪ੍ਰਚਾਰ ਮੁਹਿੰਮ ਚਲਾਈ ਗਈ।

ਸਿਰਸਾ ਜੋਨ- ਨੌਭਾਸ ਸਿਰਸਾ ਵੱਲੋਂ ਪੂਰੇ ਮਾਰਚ ਮਹੀਨੇ ਤਹਿਤ ਚਲਾਏ ਜਾ ਰਹੇ ਸ਼ਹੀਦ ਯਾਦਗਾਰੀ ਅਭਿਆਨ ਦੌਰਾਨ ਜਿਲਾ ਦੇ ਕਈ ਸ਼ਹਿਰਾਂ ਅਤੇ ਲਗਭਗ 50 ਤੋਂ ਵੱਧ ਪਿੰਡਾਂ ਵਿਚ ਪਰਚਾ ਵੰਡਿਆ ਗਿਆ ਤੇ ਪੋਸਟਰ ਲਗਾਏ ਗਏ। ਬਣੀ, ਸੰਤੋਖਪੁਰਾ, ਦਮਦਮਾ, ਹਰੀਪੁਰਾ, ਸੰਤ-ਨਗਰ, ਜੀਵਨ-ਨਗਰ, ਨਕੋੜਾ, ਭੜੋਲਿਆਂਵਾਲੀ, ਬਾਲਾਸਰ ਆਦਿ ਪਿੰਡਾਂ ਵਿੱਚ ਨੁੱਕੜ ਸਭਾਵਾਂ, ਸਕੂਲਾਂ ਵਿੱਚ ਸਭਾਵਾਂ ਕਰਕੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਤੋਂ ਜਾਣੂੰ ਕਰਵਾਇਆ ਗਿਆ। ਇਸੇ ਅਭਿਆਨ ਤਹਿਤ ਨੌਭਾਸ ਵੱਲੋਂ ਸਿਰਸਾ ਜਿਲਾ ਵਿੱਚ ਨਕੋੜਾ, ਰੋੜੀ, ਦਮਦਮਾ, ਓਢਾਂ, ਅਤੇ ਕਾਲਾਂਵਾਲੀ ਵਿਖੇ ਜਨਤਕ ਲਾਇਬ੍ਰੇਰੀਆਂ ਦੀ ਸਥਾਪਨਾਂ ਕੀਤੀ ਗਈ। 23 ਮਾਰਚ ਨੂੰ ਨਕੋੜਾ ਵਿਖੇ ‘ਸ਼ਹੀਦ ਭਗਤ ਸਿੰਘ ਜਨਤਕ ਲਾਇਬ੍ਰੇਰੀ’ ਦਾ ਉਦਘਾਟਨ ਕੀਤਾ ਗਿਆ ਜਿੱਥੇ ਡਾ. ਕੁਲਦੀਪ ਤਲਵੰਡੀ ਸਾਬੋ ਨੇਂ ‘ਮਨੁੱਖੀ ਜੀਵਨ ਵਿੱਚ ਕਿਤਾਬਾਂ ਦੇ ਮਹੱਤਵ’ ਤੇ ਗੱਲ ਕੀਤੀ। ਨੌਜਵਾਨਾਂ ਵੱਲੋਂ ਇਨਕਲਾਬੀ ਗੀਤ ਗਾਏ ਗਏ ਪਿੰਡ ਵਿੱਚ ਇੱਕ ਵਿਸ਼ਾਲ ਪੈਦਲ ਮਾਰਚ ਕੱਢਿਆ ਗਿਆ। ਨੌਭਾਸ ਦੇ ਨਕੋੜਾ ਇਕਾਈ ਦੇ ਸਕੱਤਰ ਸਾਥੀ ਦਿਲਬਾਗ ਨੇਂ ਲਾਇਬ੍ਰੇਰੀ ਨੂੰ ਪਿੰਡ ਵਿੱਚ ਇਕ ਬਦਲਵੇਂ ਸਿੱਖਿਆ-ਸੱਭਿਆਚਾਰ ਦੇ ਕੇਂਦਰ ਵਜੋਂ ਸਥਾਪਤ ਕਰਨ ਦੇ ਮਕਸਦ ਤਹਿਤ ਭਵਿੱਖੀ ਯੋਜਨਾਂਵਾਂ ਬਾਰੇ ਦੱਸਿਆ। 23 ਮਾਰਚ ਨੂੰ ਹੀ ਰੋੜੀ ਵਿਖੇ ‘ਸ਼ਹੀਦ ਭਗਤ ਸਿੰਘ ਲਾਇਬ੍ਰੇਰੀ’ ਦਾ ਉਦਘਾਟਨ ਕੀਤਾ ਗਿਆ, ਜਿਸ ਵਿੱਚ ਮੁੱਖ ਵਕਤਾ ਵਜੋਂ ਕਾ. ਕਸ਼ਮੀਰ ਦਮਦਮਾ ਨੇਂ ‘ਕਿਤਾਬਾਂ ਦੇ ਮਹੱਤਵ ਅਤੇ ਨੌਜਵਾਨਾਂ ਸਾਹਮਣੇ ਮੌਜੂਦ ਚੁਨੌਤੀਆਂ’ ਤੇ ਵਿਸਥਾਰ ਵਿੱਚ ਗੱਲ ਰੱਖੀ ਅਤੇ ਪ੍ਰੋਗ੍ਰਾਮ ਦੇ ਅੰਤ ਵਿੱਚ ਪਿੰਡ ਵਿੱਚ ਇਨਕਲਾਬੀ ਮਾਰਚ ਕੀਤਾ ਗਿਆ। ਨੌਭਾਸ ਵੱਲੋਂ ਰਾਣੀਆਂ ਵਿਖੇ 23 ਮਾਰਚ ਨੂੰ ਪੈਦਲ ਸ਼ਹੀਦ ਯਾਦਗਾਰੀ ਮਾਰਚ ਕਰਕੇ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਰਚਾ ਵੰਡਿਆ ਗਿਆ ਅਤੇ ਸ਼ਹੀਦ ਭਗਤ ਸਿੰਘ ਚੋਂਕ ਵਿਖੇ ਜਨਸਭਾ ਕਰਕੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਅੱਜ ਦੇ ਸਮੇਂ ਉਹਨਾਂ ਦੀ ਪ੍ਰਸੰਗਿਕਤਾ ਤੋਂ ਜਾਣੂੰ ਕਰਾਇਆ ਗਿਆ।

ਇਸਤੋਂ ਇਲਾਵਾ ਸਟੂਡੈਂਟ ਐਕਸ਼ਨ ਕਮੇਟੀ ਵੱਲੋਂ ਸਿਰਸਾ ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਪਰਚਾ ਵੰਡਿਆ ਗਿਆ ਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ। ਡਾ. ਬੀ.ਆਰ.ਅੰਬੇਡਕਰ ਕਾਲਜ, ਡੱਬਵਾਲੀ ਵਿੱਚ ਸਟੂਡੈਂਟ ਐਕਸ਼ਨ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਅਧਾਰਿਤ ਗੌਹਰ ਰਜਾ ਦੀ ਦਸਤਾਵੇਜ਼ੀ ਫਿਲਮ ‘ਇਨਕਲਾਬ’ ਵਿਖਾਈ ਗਈ ਤੇ ਵਿਚਾਰ ਚਰਚਾ ਕੀਤੀ ਗਈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਸੰਯੁਕਤ ਅੰਕ 4-5, 1 ਤੋਂ 15 ਅਤੇ 16 ਤੋਂ 30 ਅਪ੍ਰੈਲ, 2017 ਵਿੱਚ ਪ੍ਰਕਾਸ਼ਤ

Advertisements