ਸ਼ਹੀਦ ਭਗਤ ਸਿੰਘ ਦੇ ਜਨਮ-ਦਿਹਾੜੇ ਨੂੰ ਸਮਰਪਿਤ ਕਰਦਿਆਂ ‘ਨੌਜਵਾਨ ਭਾਰਤ ਸਭਾ’ ਵੱਲੋਂ ਵੱਖ-ਵੱਖ ਥਾਈਂ ਕੀਤੇ ਗਏ ਇਨਕਲਾਬੀ ਪ੍ਰੋਗਰਾਮ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਦੇ 111’ਵੇਂ ਜਨਮ-ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਜ਼ਿਲਿ੍ਹਆਂ ਵਿੱਚ ਪ੍ਰੋਗਰਾਮ ਕੀਤੇ ਗਏ। ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਦੀ ਅੱਜ ਦੇ ਸਮੇਂ ਵਿੱਚ ਲੋੜ ਨੂੰ ਪੇਸ਼ ਕਰਦਿਆਂ ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਪ੍ਰੋਗਰਾਮ ਕੀਤੇ ਗਏ ਜਿਹਨਾਂ ਵਿੱਚ ਨਾਟਕ, ਨੁੱਕੜ ਸਭਾਵਾਂ, ਭਾਸ਼ਣ, ਮਸ਼ਾਲ ਮਾਰਚ, ਪਰਚਾ ਵੰਡਣਾ ਆਦਿ ਸ਼ਾਮਲ ਸਨ। ਇਸ ਮੌਕੇ ’ਤੇ ਨੌਜਵਾਨ ਭਾਰਤ ਸਭਾ ਵੱਲੋਂ ਚਲਾਈ ਜਾ ਰਹੀ ‘ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ’ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨਾਲ਼ ਮਿਲ਼ਕੇ ਪੰਜਾਬ ਦੇ ਅੱਡ-ਅੱਡ ਹਿੱਸਿਆਂ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਅੱਜ ਦੇ ਸਮੇਂ ਵਿੱਚ ਸਰਕਾਰਾਂ ਵੱਲੋਂ ਸਿੱਖਿਆ ਦੀ ਕੀਤੀ ਜਾ ਰਹੀ ਅਣਦੇਖੀ, ਸਰਕਾਰੀ ਸਿੱਖਿਆ ਦਾ ਪਾਇਆ ਜਾ ਰਿਹਾ ਭੋਗ, ਸਿੱਖਿਆ ਦਾ ਨਿੱਜੀਕਰਨ ਕਰਕੇ ਲਗਾਤਾਰ ਇਸ ਦਾ ਮਹਿੰਗੇ ਕੀਤਾ ਜਾਣਾ, ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਨਾ ਮਿਲ਼ਣਾ ਜਿਹੇ ਮੁੱਦੇ ਉਭਾਰੇ ਜਾ ਰਹੇ ਹਨ। ਇਸ ਮੁਹਿੰਮ ਦੀਆਂ ਮੰਗਾਂ ਹੇਠ ਲਿਖੀਆਂ ਹਨ –

1. ਸਰਕਾਰ ਸਭ ਨੂੰ ਮੁਫ਼ਤ ਤੇ ਲਾਜਮੀ ਸਿੱਖਿਆ ਮੁਹੱਈਆ ਕਰਵਾਏ।

2. ਸਿੱਖਿਆ ਦਾ ਨਿੱਜੀਕਰਨ-ਵਪਾਰੀਕਰਨ ਬੰਦ ਕੀਤਾ ਜਾਵੇ।

3.ਦੂਹਰੀ ਵਿੱਦਿਅਕ ਪ੍ਰਣਾਲੀ ਖਤਮ ਕੀਤੀ ਜਾਵੇ, ਸਭ ਲਈ ਇੱਕਸਾਰ ਸਿੱਖਿਆ ਹੋਵੇ।

4. ਹਰ ਨਾਗਰਿਕ ਨੂੰ ਰੁਜ਼ਗਾਰ ਦੀ ਗਰੰਟੀ ਹੋਵੇ ਤੇ ਜਦੋਂ ਤੱਕ ਰੁਜ਼ਗਾਰ ਨਾ ਮਿਲ਼ੇ ਉਦੋਂ ਤੱਕ ਗੁਜ਼ਾਰੇ ਯੋਗ ਭੱਤਾ ਦਿੱਤਾ ਜਾਵੇ।

ਇਸ ਮੁਹਿੰਮ ਨੂੰ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨਾਲ਼ ਜੋੜਦਿਆਂ ਨੌਜਵਾਨ ਭਾਰਤ ਸਭਾ ਵੱਲੋਂ ਵੱਖ-ਵੱਖ ਥਾਵਾਂ ’ਤੇ ਉਹਨਾਂ ਦਾ ਜਨਮ-ਦਿਹਾੜਾ ਮਨਾਇਆ ਗਿਆ।

ਸੰਗਰੂਰ

ਨੌਜਵਾਨ ਭਾਰਤ ਸਭਾ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਚੰਗਾਲੀਵਾਲਾ, ਲੌਂਗੋਵਾਲ, ਸ਼ੇਰੋਂ, ਭੂਮਸੀ, ਕਾਲ ਬਨਜ਼ਾਰਾ ਵਿੱਚ ਇਨਕਲਾਬੀ ਪ੍ਰੋਗਰਾਮ ਕੀਤੇ ਗਏ। ਭੂਮਸੀ ਪਿੰਡ ਵਿੱਚ ਇਸੇ ਸਬੰਧ ਵਿੱਚ 22 ਸਤੰਬਰ ਨੂੰ ਪਹਿਲਾਂ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ’ਚ ਡਾਕਟਰ ਅਮਨ ਹੁੰਦਲ ਨੇ ਮਰੀਜਾਂ ਦਾ ਮੁਫਤ ਮੁਆਇਨਾ ਕੀਤਾ ਤੇ ਦਵਾਈਆਂ ਦਿੱਤੀਆਂ ਸਨ। ਇਸੇ ਦੀ ਲੜੀ ਤਹਿਤ 30 ਸਤੰਬਰ ਨੂੰ ਪਿੰਡ ਵਿੱਚ ਇਨਕਲਾਬੀ ਸ਼ਾਮ ਮਨਾਈ ਗਈ ਜਿਸ ਵਿੱਚ ਪਿੰਡ ਵਿੱਚੋਂ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਲਾਲਕਾਰ ਦੇ ਕਾਰਕੁੰਨ ਜਸਮੀਤ ਨੇ ਭਗਤ ਸਿੰਘ ਦੇ ਜੀਵਨ ਉਦੇਸ਼ ਤੇ ਉਹਨਾਂ ਦੇ ਵਿਚਾਰਾਂ ਦੀ ਅੱਜ ਦੇ ਸਮੇਂ ’ਚ ਪ੍ਰਸੰਗਿਕਤਾ ਬਾਰੇ ਆਪਣੀ ਗੱਲ ਰੱਖੀ। ਪਿੰਡ ਦੇ ਸਕੂਲੀ ਬੱਚਿਆਂ ਤੇ ਨੌਜਵਾਨਾਂ ਵਲੋਂ ਗੀਤ, ਕਵਿਤਾਵਾਂ, ਨਾਟਕ ‘ਬਾਗ਼ ਦਾ ਰਾਖਾ’ ਖੇਡਿਆ ਗਿਆ ਅਤੇ ਮਲਵਈ ਗਿੱਧਾ, ਭਗਤ ਸਿੰਘ ਦੀਆਂ ਵਾਰਾਂ, ਟੱਪੇ, ਗਾਏ ਗਏ।

ਇਸੇ ਤਰ੍ਹਾਂ ਪਿੰਡ ਚੰਗਾਲੀਵਾਲਾ ਵਿੱਚ ਦੋ ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ 27 ਸਤੰਬਰ ਨੂੰ ਪਿੰਡ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਅਤੇ ਨੁੱਕੜ ਸਭਾਵਾਂ ਕੀਤੀਆਂ ਗਈਆਂ । 28 ਸਤੰਬਰ ਨੂੰ ਇਨਕਲਾਬੀ ਸ਼ਾਮ ਵਿੱਚ ਗੀਤ, ਕੋਰਿਓਪ੍ਰਾਫੀ, ਭਾਸ਼ਣ ਅਤੇ ਨਾਟਕ “ਆਖਿਰ ਕਦੋਂ ਤੱਕ” ਖੇਡਿਆ ਗਿਆ। ਪਿੰਡ ਕਾਲ ਬਨਜਾਰਾ ਅਤੇ ਸ਼ੇਰੋਂ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕੀਤੇ ਗਏ। ਪਿੰਡ ਲੌਂਗੋਵਾਲ ਦੇ ਸਰਕਾਰੀ ਸਕੂਲਾਂ (ਲੜਕੇ ਅਤੇ ਲੜਕੀਆਂ ਦੋਹੇਂ) ਵਿੱਚ ਅਜ਼ਾਦੀ ਦੇ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਦੀ ਗੈਲਰੀ ਲਗਾ ਕੇ ਵਿਦਿਆਰਥੀਆਂ ਨੂੰ ਆਪਣੇ ਸ਼ਹੀਦਾਂ ਦੀ ਅਮੀਰ ਵਿਰਾਸਤ ਤੋਂ ਜਾਣੂੰ ਕਰਵਾਇਆ ਗਿਆ ਅਤੇ ਅੱਜ ਦੇ ਸਮੇਂ ’ਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਬਾਰੇ ਦੱਸਿਆ ਗਿਆ ।

ਸਿਰਸਾ

ਨੌਜਵਾਨ ਭਾਰਤ ਸਭਾ ਵੱਲੋਂ ਜ਼ਿਲ੍ਹਾ ਸਿਰਸਾ ਦੇ ਕਈ ਪਿੰਡਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਲਾਂਵਾਲੀ, ਸੰਤ ਨਗਰ, ਸੂਰਤੀਆ, ਜਲਾਲਆਣਾ, ਰੋੜੀ ਵਿਖੇ ਪ੍ਰੋਗਰਾਮ ਕੀਤੇ ਗਏ। ਪਿੰਡ ਰੋੜੀ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ‘ਸਿੱਖਿਆ ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ’ ਤਹਿਤ ਚੇਤਨਾ ਮਾਰਚ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਪਰਚਾ ਵੀ ਵੰਡਿਆ ਗਿਆ। ਇਸੇ ਕੜੀ ਤਹਿਤ ਪਿੰਡ ਸੂਰਤੀਂਆ ਵਿੱਚ 27 ਸਤੰਬਰ ਨੂੰ, ਪਿੰਡ ਜਲਾਲਆਣਾ ਵਿਖੇ 27 ਸਤੰਬਰ ਨੂੰ, ਕਾਲਾਂਵਾਲੀ ਸ਼ਹਿਰ ਵਿੱਚ 28 ਸਤੰਬਰ ਨੂੰ ਅਤੇ ਰਾਣੀਆਂ ਸ਼ਹਿਰ ਵਿੱਚ 30 ਸਤੰਬਰ ਨੂੰ ‘ਚੇਤਨਾ ਮਾਰਚ’ ਕੀਤੇ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨੌਜਵਾਨਾਂ, ਅਧਿਆਪਕਾਂ ਅਤੇ ਹੋਰ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਨਾ ਸਿਰਫ਼ ਸ਼ਹੀਦ ਭਗਤ ਸਿੰਘ ਹੋਰਾਂ ਦੇ ਵਿਚਾਰਾਂ ਅਤੇ ਅੱਜ ਦੇ ਸਮੇਂ ਉਹਨਾਂ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ ਗਈ ਸਗੋਂ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ‘ਸਿੱਖਿਆ ਅਤੇ ਰੁਜ਼ਗਾਰ ਮੁਹਿੰਮ‘ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਨੌਜਵਾਨਾਂ ਨੂੰ ਆਪਣੇ ਇਹਨਾਂ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਚੰਡੀਗੜ੍ਹ

ਚੰਡੀਗੜ੍ਹ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਹੱਲੋਮਾਜਰਾ ਬਸਤੀ ਵਿੱਚ ਮਾਰਚ ਕੱਢਿਆ ਗਿਆ ਅਤੇ ਇੱਕ ਨੁੱਕੜ ਨਾਟਕ ‘ਦੇਸ਼ ਕੋ ਆਗੇ ਬੜਾਓ’ ਖੇਡਿਆ ਗਿਆ। ਇਸ ਮੌਕੇ ਸਭਾ ਵੱਲੋਂ ‘ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ’ ਦਾ ਪਰਚਾ ਵੰਡਕੇ ਅਤੇ ਨੁੱਕੜ ਸਭਾਵਾਂ ਕਰਕੇ ਲੋਕਾਂ ਨੂੰ ਇਸ ਮੁਹਿੰਮ ਤੋਂ ਜਾਣੂੰ ਕਰਵਾਇਆ ਗਿਆ। ਕਈ ਨੌਜਵਾਨਾਂ ਦੀ ਮੈਂਬਰਸ਼ਿਪ ਕੱਟਕੇ ਉਹਨਾਂ ਨੂੰ ਸਭਾ ਨਾਲ਼ ਵੀ ਜੋੜਿਆ ਗਿਆ।

ਕੁਲਾਰਾਂ (ਪਟਿਆਲਾ)

ਪਟਿਆਲਾ ਜਿਲ੍ਹੇ ਦੇ ਪਿੰਡ ਕੁਲਾਰਾਂ ਵਿੱਚ ਨੌਭਾਸ ਵੱਲੋਂ ਇਸ ਦਿਹਾੜੇ ਮੌਕੇ ਪਿੰਡ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਮਿਲਕੇ ਮਸ਼ਾਲ ਮਾਰਚ ਕੱਢਿਆ ਗਿਆ ਅਤੇ ਵੱਖੋਂ-ਵੱਖ ਥਾਵਾਂ ’ਤੇ ਸਭਾਵਾਂ ਕਰਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ।

ਇਸੇ ਤਰ੍ਹਾਂ ਯੂਨੀਵਰਸਿਟੀ ਕਾਲਜ ਜੈਤੋ ਅਤੇ ਪੱਖੋਵਾਲ (ਜਿਲ੍ਹਾ ਲੁਧਿਆਣਾ) ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ਸਿੱਖਿਆ ਅਤੇ ਰੁਜ਼ਗਾਰ ਮੁਹਿੰਮ ਚਲਾਈ ਗਈ ਜਿਸ ਵਿੱਚ ਨੁੱਕੜ ਸਭਾਵਾਂ ਲੋਕਾਂ ਨੂੰ ਇਸ ਮੁਹਿੰਮ ਬਾਰੇ ਦੱਸਿਆ ਗਿਆ ਅਤੇ ਉਹਨਾਂ ਦਰਮਿਆਨ ਪਰਚਾ ਵੰਡਿਆ ਗਿਆ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ