ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੀਐਸਯੂ (ਲਲਕਾਰ) ਦੀਆਂ ਸਰਗਰਮੀਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਉਹਨਾਂ ਦੀ ਇਨਕਲਾਬੀ ਵਿਰਾਸਤ ਨੂੰ ਵਿਦਿਆਰਥੀਆਂ ਵਿੱਚ ਲਿਜਾਣ ਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਨਾਲ਼ ਜੋੜਦਿਆਂ ਮਨਾਇਆ ਗਿਆ।

ਪੀਐਸਯੂ(ਲ) ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਕਾਈ ਨੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ‘ਸਿੱਖਿਆ ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ’ ਸ਼ੁਰੂ ਕਰਦਿਆਂ ਮਨਾਇਆ। ਇਸ ਤਹਿਤ ਪੰਜਾਬ ਯੂਨੀਵਰਸਿਟੀ ਵਿੱਚ ਇਨਕਲਾਬੀ ਸ਼ਹੀਦਾਂ ਦੇ ਜੀਵਨ ਸਬੰਧੀ ਪੋਸਟਰਾਂ ਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸਦੇ ਨਾਲ਼ ਹੀ ਵਿਦਿਆਰਥੀਆਂ ਨਾਲ਼ ‘ਸਿੱਖਿਆ ਤੇ ਰੁਜ਼ਾਗਰ ਪ੍ਰਾਪਤੀ ਮੁਹਿੰਮ’ ਦੀ ਲੋੜ ਤੇ ਮਕਸਦ ਬਾਰੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਅੱਜ ਵਿਦਿਆਰਥੀ ਅਤੇ ਨੌਜਵਾਨ ਲਹਿਰ ਦਾ ਕੇਂਦਰੀ ਮੁੱਦਾ “ਸਭ ਲਈ ਮੁਫ਼ਤ-ਲਾਜ਼ਮੀ ਸਿੱਖਿਆ ਅਤੇ ਸਭ ਲਈ ਰੁਜ਼ਗਾਰ ਹੈ”। ਸਰਕਾਰਾਂ ਹਰ ਚੋਣਾਂ ਤੋਂ ਪਹਿਲਾਂ ਰੁਜ਼ਗਾਰ ਦੇ ਵਾਅਦੇ ਕਰਕੇ ਬਾਅਦ ’ਚ ਭੁੱਲ ਜਾਂਦੀਆਂ ਨੇ, ਹਰ ਸਾਲ ਬਜਟ ਦਾ ਵੱਡਾ ਹਿੱਸਾ ਬੁਨਿਆਦੀ ਲੋੜਾਂ ਤੇ ਨਾ ਖਰਚ ਕੇ ਇੱਥੋਂ ਦੇ ਵੱਡੇ-ਵੱਡੇ ਸਰਮਾਏਦਾਰਾਂ ਦੀਆਂ ਜੇਬਾਂ ਵਿੱਚ ਧੱਕ ਦਿੱਤਾ ਜਾਂਦਾ ਹੈ। ਅੱਜ ਲੋੜ ਹੈ ਇਸ ਕੇਂਦਰੀ ਮੁੱਦੇ ਤੇ ਇੱਕ ਵੱਡੀ ਨੌਜਵਾਨ ਵਿਦਿਆਰਥੀ ਲਹਿਰ ਉਸਾਰੀ ਜਾਵੇ। ਇਸਦੇ ਤਹਿਤ ਵਿਦਿਆਰਥੀਆਂ ਦੀ ਦਸਤਖਤੀ ਮੁਹਿੰਮ ਵੀ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਦੀ ਪ੍ਰਦਰਸ਼ਨੀ ਸੈਕਟਰ 11 ਦੇ ਸਰਕਾਰੀ ਕਾਲਜ (ਲੜਕੀਆਂ) ਵਿੱਚ ਵੀ ਲਾਈ ਗਈ ਤੇ ਉੱਥੇ ਵੀ ਵਿਦਿਆਰਥਣਾਂ ਨਾਲ਼ ਸਿੱਖਿਆ ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਬਾਰੇ ਗੱਲਬਾਤ ਕਰਦਿਆਂ ਉਹਨਾਂ ਦੇ ਦਸਤਖਤ ਕਰਵਾਏ ਗਏ।

ਅਕਾਲ ਡਿਗਰੀ ਕਾਲਜ ਮਸਤੂਆਣਾ ਵਿੱਚ 29 ਸਤੰਬਰ ਨੂੰ ਪੀਐਸਯੂ (ਲ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਸ਼ਹੀਦ ਭਗਤ ਸਿੰਘ ਦੀ ਵਿਰਾਸਤ ਅਤੇ ਵਿਦਿਆਰਥੀ’ ਵਿਸ਼ੇ ’ਤੇ ਸੈਮੀਨਾਰ ਕਰਵਿਆ ਗਿਆ ਜਿਸ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਸਕੱਤਰ ਪ੍ਰੋ. ਜਮਗਮੋਹਣ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸਤੋਂ ਪਹਿਲਾਂ ਕਲਾਸਾਂ ਤੇ ਪਾਰਕਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਇਸ ਸਮਾਗਮ ਦਾ ਸੱਦਾ ਦਿੰਦੇ ਹੋਏ ਉਹਨਾਂ ਦੀ ਮੈਂਬਰਸ਼ਿਪ ਵੀ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰੋ. ਜਗਮੋਹਣ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਇਹਨਾਂ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਨਾਲ਼ ਜੂਝਣ ਤੇ ਇਨਕਲਾਬੀ ਲਹਿਰ ਨਾਲ਼ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਗੀਤ ਵੀ ਪੇਸ਼ ਕੀਤੇ ਗਏ। 

ਅੰਮਿ੍ਰਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀਐਸਯੂ (ਲ) ਵੱਲੋਂ 25 ਤੋਂ 27 ਸਤੰਬਰ ਤੱਕ ਤਿੰਨ ਦਿਨਾਂ ਮੁਹਿੰਮ ਚਲਾ ਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨਾਲ਼ ਕਲਾਸਾਂ ਵਿੱਚ ਜਾ ਕੇ ਅੱਜ ਦੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਮਹੱਤਵ ਅਤੇ ਵਿਦਿਆਰਥੀ ਜਥੇਬੰਦੀ ਦੀ ਜਰੂਰਤ ਬਾਰੇ ਗੱਲਬਾਤ ਕੀਤੀ ਗਈ। 27 ਸਤੰਬਰ ਨੂੰ ਦੁਪਿਹਰ 2 ਤੋਂ ਸ਼ਾਮ 5:30 ਵਜੇ ਤੱਕ ਸ਼ਹੀਦਾ ਦੀ ਦਰਸ਼ਨੀ ਗੈਲਰੀ ਅਤੇ ਕਿਤਾਬਾ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਨਾਲ਼ ਹੋਰ ਵੱਧ ਵਿਸਥਾਰ ਵਿੱਚ ਗੱਲ ਕਰਦਿਆਂ ਉਹਨਾਂ ਦੀ ਮੈਂਬਰਸ਼ਿਪ ਵੀ ਕੀਤੀ ਗਈ। 

ਲੁਧਿਆਣਾ ਦੇ ਸਰਕਾਰੀ ਕਾਲਜ ਦੇ ਮੁੰਡਿਆਂ ਦੇ ਹੋਸਟਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੀਐਸਯੂ (ਲ) ਵੱਲੋਂ “ਭਗਤ ਸਿੰਘ ਨੂੰ ਅੱਜ ਦੇ ਸਮੇਂ ’ਚ ਯਾਦ ਕਰਨ ਦੇ ਅਰਥ” ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਵਿਦਿਆਰਥੀਆਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਦੇ ਨਾਲ਼-ਨਾਲ਼ ਅੱਜ ਦੇ ਸਮਾਜ ’ਚ ਉਹਨਾਂ ਦੇ ਵਿਚਾਰਾਂ ਦੀ ਸਾਰਥਿਕਤਾ ਬਾਰੇ ਗੱਲਬਾਤ ਕੀਤੀ ਗਈ। ਇਸ ਚਰਚਾ ਤੋਂ ਬਾਅਦ ਕਈ ਵਿਦਿਆਰਥੀ ਜਥੇਬੰਦੀ ਦੇ ਮੈਂਬਰ ਵੀ ਬਣੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਕੁੜੀਆਂ ਦੇ ਹੋਸਟਲਾਂ ਦੀ ਸਮਾਂਬੰਦੀ ਵਿੱਚ ਹੁੰਦੇ ਲਿੰਗਕ ਵਿਤਕਰੇ ਤੋ ਹੋਰ ਮੰਗਾਂ ਉੱਪਰ ਚੱਲ ਰਹੇ ਸੰਘਰਸ਼ ਦੇ ਨਾਮ ਰਿਹਾ। ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਛੇ ਵਿਦਿਆਰਥੀ ਜਥੇਬੰਦੀਆਂ ਪੀਐਸਯੂ (ਲ), ਐਸਐਫਆਈ, ਡੀਐਸਓ, ਪੀਐਸਯੂ, ਏਆਈਐਸਐਫ ਤੇ ਪੀਆਰਐਸਯੂ ਦੇ ਸਾਂਝੇ ਮੋਰਚੇ ਨੇ 28 ਸਤੰਬਰ ਦੀ ਸ਼ਾਮ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਮਾਰਚ ਕੱਢਿਆ ਜਿਸ ਵਿੱਚ ਬਲਦੀਆਂ ਮਸ਼ਾਲਾਂ ਦੇ ਜਲੌਅ ਤੇ ਇਨਕਲਾਬੀ ਨਾਹਿਰਆਂ ਨਾਲ਼ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਮਾਰਚ ਦੀ ਸਮਾਪਤੀ ਮੌਕੇ ਸਭ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਮੌਜੂਦਾ ਸੰਘਰਸ਼ ਹੀ ਭਗਤ ਸਿੰਘ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ ਤੇ ਉਹਨਾਂ ਦੇ ਜੀਵਨ ਤੇ ਵਿਚਾਰਾਂ ਤੋਂ ਸਿੱਖਦੇ ਹੋਏ ਸਾਨੂੰ ਇਸ ਸੰਘਰਸ਼ ਨੂੰ ਜਿੱਤ ਤੱਕ ਪੁਹੰਚਾਉਣ ਲਈ ਪੂਰਾ ਤਾਣ ਲਾਉਣਾ ਚਾਹੀਦਾ ਹੈ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ