ਰਾਜਸੀ ਸਿੱਖਿਆ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੱਜੇ-ਪੱਖੀ ਟਰੇਡ ਯੂਨੀਅਨਿਜ਼ਮ : ਮਜ਼ਦੂਰ ਲਹਿਰ ਵਿਚ ਇਕ ਮੌਕਾਪ੍ਰਸਤ ਰੁਝਾਨ ਜੋ ਆਪਣੇ ਕਾਰਜਾਂ ਨੂੰ ਸਰਮਾਏਦਾਰੀ ਦੇ ਚੌਖਟੇ ਅੰਦਰ ਕੰਮ ਦੀਆਂ ਅਤੇ ਜੀਵਨ ਦੀਆਂ ਚੰਗੇਰੀਆਂ ਹਾਲਤਾਂ ਲਈ ਸੰਗਰਾਮ ਤੱਕ ਸੀਮਤ ਰੱਖਦਾ ਹੈ। 19ਵੀਂ ਸਦੀ ਦੇ ਅੱਧ ਵਿੱਚ ਸੱਜੇ-ਪੱਖੀ ਟਰੇਡ ਯੂਨੀਅਨਿਜ਼ਮ ਮਜ਼ਦੂਰ ਜਮਾਤ ਦੇ ਅੰਦਰ ਕਿਰਤੀ ਅਮੀਰਸ਼ਾਹੀ ਦੇ ਉਭਾਰ ਮਗਰੋਂ ਬਰਤਾਨੀਆਂ ਵਿੱਚ ਹੋਂਦ ਵਿੱਚ ਆਇਆ ਸੀ। ਇਸ ਸਦੀ ਦੇ ਸ਼ੁਰੂ ਸਮਂ ਇਹ ਕਈ ਹੋਰ ਯੂਰਪੀ ਦੇਸਾਂ ਵਿਚ ਅਤੇ ਅਮਰੀਕਾ ਵਿਚ ਫੈਲ ਗਿਆ। ਹੌਲੀ ਹੌਲੀ ਇਹ ਆਪਣੇ ਆਪ ਵਿਚ ਇਕ ਰੁਝਾਨ ਨਾ ਰਹਿ ਗਿਆ ਅਤੇ ਮੌਕਾਪ੍ਰਸਤ-ਸੁਧਾਰਵਾਦੀ ਰੁਝਾਨਾਂ ਵਿੱਚ ਘੁਲਮਿਲ ਗਿਆ।

ਸਦਾਚਾਰ : ਸਮਾਜਕ ਚੇਤਨਾ ਦਾ ਇਕ ਰੂਪ, ਸਮਾਜਕ ਅਤੇ ਪਰਿਵਾਰਕ ਜੀਵਨ ਵਿਚ ਰਵੱਈਏ ਦੇ ਮਿਆਰਾਂ ਅਤੇ ਅਸੂਲਾਂ ਦਾ ਕੁੱਲ-ਜੋੜ। ਇਹ ਲੋਕ ਰਾਇ, ਵਿਸ਼ਵਾਸ਼ਾਂ, ਰਵਾਇਤਾਂ ਅਤੇ ਆਦਤਾਂ ਉੱਤੇ ਆਧਾਰਤ ਹੁੰਦਾ ਹੈ। ਇਹ ਵਿਅਕਤੀ ਦੇ ਅਮਲਾਂ ਵਿੱਚ ਅਤੇ ਕੰਮ, ਪਰਿਵਾਰ, ਸਮੂਹ ਤੇ ਸਮਾਜ ਵੱਲ ਉਹਦੇ ਰਵੱਈਏ ਵਿੱਚ ਪਰਗਟ ਹੁੰਦਾ ਹੈ। ਵੱਖ-ਵੱਖ ਜਮਾਤਾਂ ਦਾ ਇਸ ਬਾਰੇ ਵੱਖਰਾ ਵੱਖਰਾ ਵਿਚਾਰ ਹੁੰਦਾ ਹੈ ਕਿ ਸਦਾਚਾਰਕ ਜਾਂ ਅਸਦਾਚਾਰਕ, ਚੰਗਾ ਜਾਂ ਬੁਰਾ ਕੀ ਹੈ।

ਸਨਅਤੀਕਰਨ : ਵੱਡੇ ਪੈਮਾਨੇ ਦੀ ਸਨਅਤ ਦਾ ਵਿਕਾਸ ਅਤੇ ਸਭ ਤੋਂ ਵੱਧ  ਉਹਦੀਆਂ ਉਹਨਾਂ ਸ਼ਾਖ਼ਾਂ ਦਾ ਵਿਕਾਸ ਜੋ ਪੈਦਾਵਾਰ ਦੇ ਸਾਧਨ ਪੈਦਾ ਕਰਦੀਆਂ ਹਨ। ਸਮਾਜਵਾਦੀ ਸੱਨਅਤੀਕਰਨ ਦਾ ਮੰਤਵ ਦੇਸ ਦੀ ਆਰਥਕ ਸੁਆਧੀਨਤਾ ਪ੍ਰਾਪਤ ਕਰਨਾ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਵਾਧੇ ਵਾਸਤੇ ਤੇ ਦੇਸ ਦੀ ਰੱਖਿਅਕ ਸਮਰੱਥਾ ਪੱਕੇ ਪੈਰੀਂ ਕਰਨ ਵਾਸਤੇ ਕੌਮੀ ਆਰਥਕਤਾ ਦੀਆਂ ਹੋਰ ਸ਼ਾਖ਼ਾਂ ਨੂੰ ਨਵੇਂ ਸਿਰਿਉਂ ਲੈਸ ਕੀਤੇ ਜਾਣ ਲਈ ਆਧਾਰ ਸਥਾਪਤ ਕਰਨਾ ਹੁੰਦਾ ਹੈ। ਸਮਾਜਵਾਦੀ ਦੇਸਾਂ ਵਿੱਚ ਸਨਅਤੀਕਰਨ ਵਿੱਚ ਵਿਗਿਆਨਕ ਅਤੇ ਤਕਨਾਲੋਜੀਕਲ ਇਨਕਲਾਬ, ਜੋ 1950ਵਿਆਂ ਵਿੱਚ ਸ਼ੁਰੂ ਹੋਇਆ ਸੀ, ਅਤੇ ਸਮਾਜਵਾਦ ਦੇ ਲਾਭਾਂ ਨਾਲ ਉਹਦੀਆਂ ਪ੍ਰਾਪਤੀਆਂ ਦੀ ਇਕਮਿਕਤਾ ਵੱਲੋਂ ਸਹਾਇਤਾ ਕੀਤੀ ਜਾਂਦੀ ਹੈ। ਸਰਮਾਏਦਾਰੀ ਅਧੀਨ ਸਨਅਤੀਕਰਨ ਬੁਰਜੁਆਜ਼ੀ ਦੇ ਆਰਥਕ ਤੇ ਰਾਜਨੀਤਿਕ ਗ਼ਲਬੇ ਦੀ ਮਜ਼ਬੂਤੀ ਵੱਲ ਅਤੇ ਸਰਮਾਏਦਾਰੀ ਸਮਾਜ ਦੀਆਂ ਸਾਰੀਆਂ ਵਿਰੋਧਤਾਈਆਂ ਦੇ ਵਿਗਾੜ ਵੱਲ ਲੈ ਜਾਂਦਾ ਹੈ। ਜਿਨ੍ਹਾਂ ਵਿੱਚ ਤਕਨੀਕੀ ਪੱਖੋਂ ਤੇ ਆਰਥਕ ਪੱਖੋਂ ਵਿਕਸਤ ਦੇਸਾਂ ਅਤੇ ਘੱਟ-ਵਿਕਸਤ ਦੇਸਾਂ, ਜੋ ਵੱਡੀਆਂ ਸਾਮਰਾਜਵਾਦੀ ਤਾਕਤਾਂ ਨੂੰ ਕੱਚੇ ਮਾਲ ਦੇਣ ਵਾਲੇ ਦਬੇਲ ਇਲਾਕੇ ਬਣ ਕੇ ਰਹਿ ਜਾਂਦੇ ਹਨ, ਵਿਚਕਾਰਲੀਆਂ ਵਿਰੋਧਤਾਈਆਂ ਵੀ ਸ਼ਾਮਲ ਹਨ। ਸਨਅਤੀਕਰਨ ਨੇਪਰੇ ਚਾੜ੍ਹਨ ਵਿਚ, ਜੋ ਸੱਚੀ ਰਾਜਨੀਤਕ ਅਤੇ ਆਰਥਕ ਸੁਆਧੀਨਤਾ ਦੀ ਪ੍ਰਾਪਤੀ ਵਿੱਚ ਇਕ ਮਹੱਤਵਪੂਰਨ ਅਨਸਰ ਹੁੰਦਾ ਹੈ, ਵਿਕਾਸਸ਼ੀਲ ਦੇਸ: ਨੂੰ ਬੇਗਰਜ਼ ਮਦਦ ਸਮਾਜਵਾਦੀ ਦੇਸਾਂ ਵੱਲੋਂ ਦਿੱਤੀ ਜਾਂਦੀ ਰਹੀ ਹੈ। ਵਿਕਾਸਸ਼ੀਲ ਦੇਸਾਂ ਅਤੇ ਸੰਸਾਰ ਸਮਾਜਵਾਦੀ ਪ੍ਰਣਾਲੀ ਵਿਚਕਾਰ ਆਰਥਕ ਸੰਬੰਧਾਂ ਦਾ ਵਾਧਾ ਵਿਕਾਸਸ਼ੀਲ ਦੇਸਾਂ ਨੂੰ ਬਦੇਸੀ ਸਰਮਾਏ ਉੱਤੇ ਆਪਣੀ ਨਿਰਭਰਤਾ ਖ਼ਤਮ ਕਰਨ ਵਿਚ, ਆਪਣੀ ਦੇਸੀ ਮੰਡੀ ਫੈਲਾਉਣ ਵਿਚ, ਰਾਜਕੀ ਬੱਚਤਾਂ ਵਧਾਉਣ ਵਿਚ, ਆਪਣੇ ਹੀ ਲੋਕਾਂ ਵਿੱਚੋਂ ਹੁਨਰਮੰਦ ਅਮਲਾ ਸਿਖਾਉਣ ਵਿਚ, ਆਰਥਕ ਬਣਤਰਾਂ ਦੀ ਬਹੁਰੂਪਤਾ ਸਹਿਜੇ ਸਹਿਜੇ ਖਤਮ ਕਰਨ ਵਿੱਚ ਅਤੇ ਆਪਣੀਆਂ ਬੁਨਿਆਦੀ ਸਨਅਤਾਂ ਉਸਾਰਨ ਵਿੱਚ ਮੱਦਦ ਦਿੰਦਾ ਹੈ।

ਸੱਭਿਆਚਾਰਕ ਇਨਕਲਾਬ : ਆਮ ਲੋਕਾਂ ਵੱਲੋਂ ਵਿਕਸਤ, ਅਗਾਂਹਵਧੂ ਵਿਚਾਰਧਾਰਾ ਅਤੇ ਸੱਭਿਆਚਾਰ ਪ੍ਰਾਪਤ ਕੀਤੇ ਜਾਣਾ, ਬੀਤੇ ਦੇ ਸੱਭਿਆਚਾਰਕ ਵਿਰਸੇ ਨੂੰ, ਸੰਸਾਰ-ਸੱਭਿਆਚਾਰ ਦੀਆਂ ਸਾਰੀਆਂ ਦੌਲਤਾਂ ਨੂੰ ਅਲੋਚਨਾਤਮਕ ਢੰਗ ਨਾਲ਼ ਗ੍ਰਹਿਣ ਕਰਨ ਦੇ ਅਧਾਰ ‘ਤੇ ਇੱਕ ਨਵੇਂ ਸੱਭਿਆਚਾਰ ਦੀ ਉਸਾਰੀ। ਸੱਭਿਆਚਾਰਕ ਇਨਕਲਾਬ ਸਮਾਜਵਾਦ ਦੀ ਉਸਾਰੀ ਦਾ ਇੱਕ ਬਣਤਰੀ ਅੰਗ ਹੁੰਦਾ ਹੈ।

ਸੱਭਿਆਚਾਰਕ ਇਨਕਲਾਬ ਦੇ ਕਾਰਜ ਅਤੇ ਰੂਪ ਕਿਸੇ ਦੇਸ ਵਿਚ ਪ੍ਰਾਪਤੀ ਕੀਤੇ ਗਏ ਸੱਭਿਆਚਾਰਕ ਵਿਕਾਸ ਦੇ ਦਰਜੇ ਉੱਤੇ ਨਿਰਭਰ ਕਰਦੇ ਹਨ। ਸੱਭਿਆਚਾਰਕ ਤੌਰ ਉੱਤੇ ਪਛੜਿਆ ਹੋਇਆ ਦੇਸ, ਜੋ ਸਮਾਜਵਾਦੀ ਤਬਦੀਲੀਆਂ ਦਾ ਰਾਹ ਫੜਦਾ ਹੈ, ਸਰਬਵਿਆਪਕ ਪੜ੍ਹਤਾ, ਵਿਗਿਆਨ ਤੇ ਸੱਭਿਆਚਾਰ ਦੀ ਤਰੱਕੀ ਅਤੇ ਸਮਾਜਵਾਦ ਦੀ ਭਾਵਨਾ ਵਿਚ ਲੋਕਾਂ ਦੀ ਵਿੱਦਿਆ ਦੀ ਪ੍ਰਾਪਤੀ ਲਈ ਜਨਤਕ ਵਿੱਦਿਆ ਦੀ ਵਿਸਥਾਰਿਤ ਪ੍ਰਣਾਲੀ ਕਾਇਮ ਕਰਦਾ ਹੈ। ਪੁਰਾਣੇ ਬੁਧੀਜੀਵੀ ਤਬਕੇ ਦਾ ਇਕ ਹਿੱਸਾ ਆਪਣੀ ਸੇਵਾ ਸਮਾਜਵਾਦੀ ਉਸਾਰੀ ਪੇਸ਼ ਕਰਦਾ ਹੈ ਅਤੇ ਮਜ਼ਦੂਰਾਂ ਤੇ ਕਿਸਾਨਾਂ ਵਿੱਚੋਂ ਇੱਕ ਨਵਾਂ ਬੁਧੀਜੀਵੀ ਤਬਕਾ ਹੋਂਦ ਵਿੱਚ ਆ ਜਾਂਦਾ ਹੈ।

ਸਮਾਜਕ ਸ਼ਾਵਨਵਾਦ: ਕੌਮਾਤਰੀ ਮਜ਼ਦੂਰ ਲਹਿਰ ਵਿਚ ਇਕ ਮੌਕਾਪ੍ਰਸਤ ਰੁਝਾਨ, ਜੀਹਦੇ ਮੁਦੱਈ ਬੁਰਜੂਆਜ਼ੀ ਦੀਆਂ ਸ਼ਾਵਨਵਾਦੀ ਨੀਤੀਆਂ ਦਾ ਸਮਰਥਨ ਕਰਦੇ ਹਨ। ਸਮਾਜਕ ਸ਼ਾਵਨਵਾਦ ਨੇ ਆਪਣੇ ਆਪ ਨੂੰ ਪਹਿਲੀ ਸੰਸਾਰ ਜੰਗ (1914-1918) ਦੌਰਾਨ ਅਤਿਅੰਤ ਸਪੱਸ਼ਟਤਾ ਨਾਲ ਪਰਗਟ ਕੀਤਾ ਸੀ, ਜਦੋਂ ਦੂਜੀ ਕੌਮਾਂਤਰੀ ਦੇ ਬਹੁਗਿਣਤੀ ਆਗੂਆਂ ਨੇ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਅਸੂਲਾਂ ਨਾਲ ਗ਼ੱਦਾਰੀ ਕੀਤੀ ਅਤੇ ‘ਆਪਣੀ ਮਾਤਭੂਮੀ ਦੀ ਰਾਖੀ ਕਰਨ” ਦੇ ਬਹਾਨੇ ਆਪਣੀਆਂ ਸਰਕਾਰਾਂ ਦੀ ਸਾਮਰਾਜੀ ਨੀਤੀ ਨੂੰ ਆਪਣੀ ਹਮਾਇਤ ਦਿੱਤੀ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements