ਸੈਲਫ਼ੀ ਸੱਭਿਆਚਾਰ – ਸਰਮਾਏਦਾਰੀ ਯੁੱਗ ਵਿੱਚ ਬੇਗਾਨਗੀ ਅਤੇ ਵਿਅਕਤੀਵਾਦ ਦਾ ਸਰਵਉੱਚ ਪ੍ਰਗਟਾਵਾ •ਆਨੰਦ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਯੂਨਾਨੀ ਪੁਰਾਤਨ ਕਹਾਣੀਆਂ ਵਿੱਚ ਨਾਰਸਿਸ ਨਾਮੀ ਇੱਕ ਕਾਲਪਨਿਕ ਚਰਿੱਤਰ ਦਾ ਵਰਣਨ ਮਿਲਦਾ ਹੈ ਜੋ ਕਿਸੇ ਹੋਰ ਵਿਅਕਤੀ  ਨਾਲ਼ ਕੋਈ ਪਿਆਰ ਜਾਂ ਲਗਾਅ ਨਹੀਂ ਰੱਖਦਾ ਸੀ ਪਰ ਤਲਾਬ ਵਿੱਚ ਵਿਖੇ ਆਪਣੇ ਹੀ ਪ੍ਰਤੀਬਿੰਬ ਪ੍ਰਤੀ ਉਹ ਇਸ ਕਦਰ ਸੰਮੋਹਿਤ ਹੋ ਗਿਆ ਸੀ ਕਿ ਜਦੋਂ ਉਸਨੂੰ ਇਹ ਅਹਿਸਾਸ ਹੋਇਆ ਕਿ ਉਹ ਦਰਅਸਲ ਇੱਕ ਪ੍ਰਤੀਬਿੰਬ ਹੈ ਤਾਂ ਉਸਨੂੰ ਜੀਣ ਦੀ ਇੱਛਾ ਹੀ ਨਹੀਂ ਰਹਿ ਗਈ ਸੀ। ਅਵਸਾਦ ਵਿੱਚ ਆਕੇ ਉਸਨੇ ਆਤਮਹੱਤਿਆ ਕਰ ਲਈ ਸੀ। ਅੱਜ ਸਰਮਾਏਦਾਰੀ ਨੇ ਮਨੁੱਖ ਨੂੰ ਇੰਨਾ ਬੇਗਾਨਾਗੀਗ੍ਰਸਤ ਅਤੇ ਸਵੈ-ਕੇਂਦਰਤ ਬਣਾ ਦਿੱਤਾ ਹੈ ਕਿ ਨਾਰਸਿਸ ਜਿਵੇਂ ਮਿਥਕ ਚਰਿੱਤਰ ਨਹੀਂ ਸਗੋਂ ਸਾਡੇ ਰੋਜ਼  ਦੇ ਜੀਵਨ ਵਿੱਚ ਦਿਖਣ ਵਾਲ਼ੇ ਯਥਾਰਥ ਦੇ ਚਰਿੱਤਰ ਬਣ ਚੁੱਕੇ ਹਨ। ਸੋਸ਼ਲ ਮੀਡੀਆ ਦੇ ਅਭਾਸੀ ਜਗਤ ਵਿੱਚ ਤਾਂ ਅਜਿਹੇ ਚਰਿੱਤਰ ਅਕਸਰ ਦੇਖਣ ਨੂੰ ਮਿਲਦੇ ਹਨ ਜੋ ਆਪਣੇ ਸਮਾਰਟਫੋਨ ਰਾਹੀਂ ਭਾਂਤ-ਸੁਭਾਂਤੀ ਅਦਾਵਾਂ ਵਿੱਚ ਸੇਲਫੀ (ਖੁਦ ਖਿੱਚੀ ਗਈ ਖੁਦ ਦੀ ਹੀ ਤਸਵੀਰ) ਖਿੱਚਕੇ ਫੇਸਬੁਕ, ਟਵਿਟਰ, ਇੰਸਟਾਗਰਾਮ ਆਦਿ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਆਪਣੇ ਰੂਪ-ਰੰਗ ਅਤੇ ਕਾਇਆ ਦੀ ਤਾਰੀਫ ਹਾਸਲ ਕਰਨ ਖਾਤਰ ਬਿਨ੍ਹਾ ਆਗਿਆ ਦੂਜਿਆਂ ਨੂੰ ਟੈਗ ਕਰਨ ਤੋਂ ਵੀ ਨਹੀਂ ਖੁੰਝਦੇ। ਅੱਜਕੱਲ੍ਹ ਜਨਤਕ ਥਾਵਾਂ ਜਿਵੇਂ ਸੜਕ-ਚੁਰਾਹਿਆਂ, ਪਾਰਕਾਂ, ਬੱਸਾਂ, ਟਰੇਨਾਂ ਆਦਿ ਵਿੱਚ ਤੁਹਾਨੂੰ ਸਾਰੇ ਅਜਿਹੇ ਨਮੂਨੇ ਸੇਲਫੀ ਖਿੱਚਦੇ ਮਿਲ ਜਾਣਗੇ। ਪਿਛਲੇ ਕੁੱਝ ਸਾਲਾਂ ਵਿੱਚ ਸੇਲਫੀ ਦੀ ਇਹ ਨਵਾਂ ਸੱਭਿਆਚਾਰ ਇੱਕ ਛੂਤ-ਰੋਗ ਵਾਂਗ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਸੇਲਫ਼ੀ ਦਾ ਇਹ ਸੱਭਿਆਚਾਰ ਅਜੋਕੇ ਸਰਮਾਏਦਾਰਾ ਸਮਾਜ ਬਾਰੇ ਕਾਫੀ ਕੁੱਝ ਦੱਸਦਾ ਹੈ ਜਿੱਥੇ ਇੱਕ ਪਾਸੇ ਸਵੈ-ਮੋਹਣ, ਸਵੈ-ਕੇਂਦਰਤਾ ਅਤੇ ਸਵਾਰਥੀਪੁਣੇ ਦਾ ਬੋਲਬਾਲਾ ਹੈ ਅਤੇ ਉਥੇ ਹੀ ਦੂਜੇ ਪਾਸੇ ਭਿਆਨਕ ਕੁੰਠਾ ਅਤੇ ਸੰਵੇਦਨਹੀਣਤਾ ਫੈਲੀ ਹੈ। ਕਿਸੇ ਮ੍ਰਿਤਕ ਦੇ ਅੰਤਮ ਸੰਸਕਾਰ ਸਮੇਂ ਸੇਲਫੀ ਖਿੱਚਣ ਜਾਂ ਕਿਸੇ ਡਾਕਟਰ ਦਵਾਰਾ ਗੰਭੀਰ ਹਾਲਤ ਵਿੱਚ ਮਰੀਜ਼ ਦਾ ਇਲਾਜ਼ ਕਰਨ ਵੇਲ਼ੇ ਪਹਿਲਾਂ ਸੇਲਫੀ ਖਿੱਚਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਵਰਗੇ ਵਰਤਾਰੇ ਦਰਅਸਲ ਸਰਮਾਏਦਾਰਾ ਸਮਾਜ ਦੇ ਸੱਭਿਆਚਾਰਕ ਨਿਘਾਰ ਨੂੰ ਹੀ ਦਰਸਾਉਂਦੇ ਹਨ।

ਸੈਲਫ਼ੀ ਦਾ ਇਹ ਸੱਭਿਆਚਾਰ ਦੁਨੀਆ ਭਰ ਵਿੱਚ ਤੇਜੀ ਨਾਲ਼ ਇੱਕ ਸਨਕ ਦਾ ਰੂਪ ਲੈਂਦਾ ਜਾ ਰਿਹਾ ਹੈ। ਇੱਕ ਅਜਿਹੀ ਸਨਕ ਜਿਸਦੇ ਚਲਦੇ ਲੋਕ ਆਪਣੀ ਜਾਨ ਤੱਕ ਗਵਾ ਰਹੇ ਹਨ। ਮਨੋਵਿਗਿਆਨਕਾਂ ਅਨੁਸਾਰ ਸੈਲਫ਼ੀ ਦੀ ਇਸ ਸਨਕ ਦਾ ਅਸਰ ਲੋਕਾਂ ਦੇ ਰਿਸ਼ਤਿਆਂ ਉੱਤੇ ਵੀ ਪੈ ਰਿਹਾ ਹੈ। ਪਿਛਲੇ ਸਾਲ ਇਕੱਲੇ ਸਾਡੇ ਦੇਸ਼ ਵਿੱਚ ਹੀ ਸੇਲਫ਼ੀ ਲੈਣ ਦੇ ਚੱਕਰ ਵਿੱਚ ਘੱਟੋ-ਘੱਟ 27 ਲੋਕਾਂ ਦੀ ਜਾਨ ਗਈ ਜੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਹੈ। ਸੈਲਫੀ ਨਾਲ਼ ਜੁੜੀਆਂ ਮੌਤਾਂ ਦੀਆਂ ਕੁੱਝ ਘਟਨਾਵਾਂ ਇਸ ਪ੍ਰਕਾਰ ਹਨ: ਚਲਦੀ ਟ੍ਰੇਨ ਦੇ ਸਾਹਮਣੇ ਸੈਲਫ਼ੀ ਲੈਣਾ, ਨਦੀ ਵਿੱਚ ਕਿਸ਼ਤੀ ਉੱਤੇ ਸੇਲਫੀ ਲੈਣਾ, ਪਹਾੜੀ ਉੱਤੇ ਸੇਲਫੀ ਲੈਣਾ ਅਤੇ ਉੱਚੀ ਇਮਾਰਤ ਉੱਤੇ ਚੜ੍ਹਕੇ ਸੇਲਫੀ ਲੈਣਾ ਆਦਿ। ਹਾਲ ਹੀ ‘ਚ ਇੱਕ ਜਪਾਨੀ ਯਾਤਰੀ ਤਾਜਮਹਿਲ ਦੀਆਂ ਪੌੜੀਆਂ ਉੱਤੇ ਸੇਲਫੀ ਲੈਣ ਦੇ ਚੱਕਰ ਵਿੱਚ ਡਿੱਗਕੇ ਗੰਭੀਰ ਜਖ਼ਮੀ ਹੋ ਗਿਆ। ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਤਿੰਨ ਲੜਕੀਆਂ ਸੈਲਫੀ ਖਿੱਚਣ ਦੌਰਾਨ ਅਰਬ ਸਾਗਰ ਵਿੱਚ ਰੁੜ ਗਈਆਂ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਮੁੰਦਰ ਵਿੱਚ ਗਿਆ ਇੱਕ ਮੁੰਡਾ ਵੀ ਰੁੜ ਗਿਆ। ਇਸ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਨੂੰ ਮੁੰਬਈ ਦੀਆਂ 12 ਥਾਵਾਂ ਨੂੰ ‘ਨੋ-ਸੇਲਫ਼ੀ ਜ਼ੋਨ’ ਐਲਾਨਣਾ ਪਿਆ। ਦੋ ਸਾਲ ਪਹਿਲਾਂ ਬਰੀਟੇਨ ਵਿੱਚ ਡੈਨੀ ਬੋਮੈਨ ਨਾਮਕ ਇੱਕ ਨੌਜਵਾਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਉਸ ਉੱਤੇ ਸੇਲਫੀ ਖਿੱਚਣ ਦਾ ਭੂਤ ਇਸ ਕਦਰ ਸਵਾਰ ਸੀ ਕਿ ਉਹ ਇੱਕ ਦਿਨ ਵਿੱਚ 10 ਘੰਟੇ ਤੋਂ ਵੀ ਵੱਧ ਸਮਾਂ ਸੈਲਫੀ ਖਿੱਚਣ ਵਿੱਚ ਹੀ ਖਰਚ ਕਰਦਾ ਸੀ ਅਤੇ ਉਸਦੇ ਬਾਅਦ ਵੀ ਜਦੋਂ ਉਹ ਮਨਭਾਉਂਦੀ ਸੇਲਫੀ ਨਹੀਂ ਖਿੱਚ ਸਕਿਆ ਤਾਂ ਇੰਨਾ ਅਵਸਾਦਗ੍ਰਸਤ ਹੋ ਗਿਆ ਕਿ ਉਸਨੇ ਆਤਮਹੱਤਿਆ ਤੱਕ ਦੀ ਕੋਸ਼ਿਸ਼ ਕੀਤੀ। ਸਾਫ਼ ਹੈ ਕਿ ਸੇਲਫੀ ਦੀ ਇਹ ਸਨਕ ਦੁਨੀਆ ਭਰ ਵਿੱਚ ਬੋਮੈਨ ਜਿਹੇ ਸਭ ਨੌਜਵਾਨਾਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾ ਰਹੀ ਹੈ ।

ਹੁਣ ਮਨੋਵਿਗਿਆਨਕ ਵੀ ਇਹ ਕਹਿਣ ਲੱਗੇ ਹਨ ਕਿ ਸੈਲਫੀ ਖਿੱਚਣ ਲਈ ਬਹੁਤ ਜ਼ਿਆਦਾ ਉਤਾਵਲਾਪਨ ਇੱਕ ਮਾਨਸਿਕ ਰੋਗ ਦਾ ਸੂਚਕ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਅਖੀਰ ਪਿਛਲੇ ਕੁੱਝ ਸਾਲਾਂ ਤੋਂਂ ਇਹ ਮਾਨਸਿਕ ਰੋਗ ਇੰਨੀ ਤੇਜ਼ੀ ਨਾਲ਼ ਦੁਨੀਆ ਭਰ ਵਿੱਚ ਕਿਉਂ ਫੈਲ ਰਿਹਾ ਹੈ? ਇਸ ਸਵਾਲ ਦਾ ਜਵਾਬ ਅਸੀਂ ਸਰਮਾਏਦਾਰਾ ਪੈਦਾਵਾਰੀ ਪ੍ਰਣਾਲੀ ਨੂੰ ਸਮਝੇ ਬਿਨਾਂ ਨਹੀਂ ਖੋਜ਼ ਸਕਦੇ। ਅੱਜ ਤੋਂ ਕੋਈ ਡੇਢ ਸਦੀ ਪਹਿਲਾਂ ਮਾਰਕਸ ਨੇ ਆਪਣੀਆਂ ਪ੍ਰਸਿੱਧ ਆਰਥਿਕ ਅਤੇ ਦਾਰਸ਼ਨਿਕ ਪਾਂਡੂਲਿਪੀਆਂ ਵਿੱਚ ਬੇਗਾਨਗੀ (‘ਏਲਿਅਨੇਸ਼ਨ’) ਦੇ ਜਿਸ ਵਰਤਾਰੇ ਦੀ ਵਿਆਖਿਆ ਕੀਤੀ ਸੀ ਉਹ ਸਾਨੂੰ ਅਜੋਕੇ ਦੌਰ ਵਿੱਚ ਸਮਾਜ ਵਿੱਚ ਤੇਜ਼ੀ ਨਾਲ਼ ਫੈਲਦੇ ਜਾ ਰਹੇ ਬੇਗਾਨੇਪਨ ਨੂੰ ਸਮਝਣ ਵਿੱਚ ਬਹੁਤ ਮਦਦ ਕਰਦੀਆਂ ਹਨ। ਉਨ੍ਹਾਂ ਪਾਂਡੂਲਿਪੀਆਂ ਵਿੱਚ ਮਾਰਕਸ ਨੇ ਲਿਖਿਆ ਸੀ ਕਿ ਸਰਮਾਏਦਾਰਾ ਪੈਦਾਵਾਰੀ ਸਬੰਧ ਜਿੱਥੇ ਇੱਕ ਪਾਸੇ ਮਜ਼ਦੂਰ ਦੀ ਬੇਗਾਨਗੀ ਦਾ ਸਿੱਟਾ ਹੁੰਦੇ ਹਨ। ਉਥੇ ਹੀ ਇੱਕ ਵਾਰ ਸਥਾਪਤ ਹੋਣ ਤੋਂ ਬਾਅਦ ਉਹ ਇਸ ਬੇਗਾਨਗੀ ਨੂੰ ਵੱਡੇ ਪੱਧਰ ਉੱਤੇ ਵਧਾਉਂਦੇ ਵੀ ਹਨ। ਮਾਰਕਸ ਨੇ ਬੇਗਾਨਗੀ ਦੇ ਚਾਰ ਪਹਿਲੂਆਂ ਦੀ ਚਰਚਾ ਕੀਤੀ ਸੀ, ਕਿਰਤੀ ਦੀ ਕਿਰਤ ਦੀਆਂ ਪੈਦਾਵਾਰਾਂ ਤੋਂ ਬੇਗਾਨਗੀ, ਕਿਰਤ ਦੀ ਪ੍ਰਕ੍ਰਿਆ ਤੋਂ ਬੇਗਾਨਗੀ, ਕਿਰਤੀ ਦੀ ਹੋਰ ਮਨੁੱਖਾਂ ਤੋਂ ਬੇਗਾਨਗੀ ਅਤੇ ਉਸਦੀ ਮਨੁੱਖੀ ਗੁਣਾਂ ਤੋਂ ਬੇਗਾਨਗੀ। ਇਸ ਬੇਗਾਨਗੀ ਦਾ ਸਿੱਟਾ ਇਹ ਹੁੰਦਾ ਹੈ ਕਿ ਕਿਰਤੀ ਜਿਸ ਅਨੁਪਤ ਵਿੱਚ ਕਦਰ ਪੈਦਾ ਕਰਦਾ ਹੈ ਉਸੇ ਅਨੁਪਾਤ ਵਿੱਚ ਉਸਦੀ ਕਦਰ-ਘਟਾਈ ਹੁੰਦੀ ਜਾਂਦੀ ਹੈ। ਆਧੁਨਿਕ ਸੱਨਅਤੀ ਪੈਦਾਵਾਰ ਨੇ ਵਿਗਿਆਨ ਅਤੇ ਤਕਨੀਕ ਦੀ ਮਦਦ ਨਾਲ਼ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਇਸ ਹੱਦ ਤੱਕ ਵੰਡ ਦਿੱਤਾ ਹੈ ਕਿ ਹਰ ਇੱਕ ਕਿਰਤੀ ਦੇ ਹਿੱਸੇ ਜੋ ਕੰਮ ਆਉਂਦਾ ਹੈ ਉਹ ਬੇਹੱਦ ਨੀਰਸ ਅਤੇ ਅਕਾਊ ਹੁੰਦਾ ਹੈ। ਉਸਦੀ ਸਰੀਰਕ ਅਤੇ ਮਾਨਸਿਕ ਊਰਜਾ ਇੰਝ ਹੀ ਨੀਰਸ ਕੰਮ ਵਿੱਚ ਖਪੀ ਰਹਿੰਦੀ ਹੈ। ਉਹ ਕਾਰਜ ਸਥਾਨ ‘ਤੇ ਆਪਣੀ ਮਰਜ਼ੀ ਨਾਲ਼ ਕੰਮ ਨਹੀਂ ਕਰਦਾ, ਸਗੋਂ ਉਹ ਕੰਮ ਸਿਰਫ਼ ਇਸਲਈ ਕਰਦਾ ਹੈ ਕਿਉਂਕਿ ਉਸਤੋਂ ਉਸਦੀ ਜੀਵਕਾ ਚੱਲਦੀ ਹੈ। ਕੰਮ ਦੇ ਸਥਾਨ ਉੱਤੇ ਉਸਨੂੰ ਸਕੂਨ ਨਹੀਂ ਮਹਿਸੂਸ ਹੁੰਦਾ ਅਤੇ ਜਦੋਂ ਉਸਨੂੰ ਸਕੂਨ ਮਹਿਸੂਸ ਹੁੰਦਾ ਹੈ ਉਸ ਸਮੇਂ ਉਹ ਕੰਮ ਨਹੀਂ ਕਰ ਰਿਹਾ ਹੁੰਦਾ ਹੈ।

ਇਸ ਪ੍ਰਕਾਰ ਸਰਮਾਏਦਾਰਾ ਸਮਾਜ ਵਿੱਚ ਲੋਕ ਮਨੁੱਖੀ ਗੁਣਾਂ ਨਾਲ਼ੋਂ ਟੁੱਟੇ ਹੋਏ ਅਸੰਤੁਸ਼ਟ ਅਤੇ ਬੇਗਾਨਗੀਗ੍ਰਸਤ ਜੀਵਨ ਗੁਜ਼ਾਰਦੇ ਰਹਿੰਦੇ ਹਨ ਅਤੇ ਭਿਆਨਕ ਬੇਗਾਨੇਪਨ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਲਈ ਮਿਹਨਤ ਇੱਕ ਸਿਰਜਣਾਤਮਕ ਕੰਮ ਨਾ ਹੋਕੇ ਬੋਝ ਹੁੰਦਾ ਹੈ। ਉਹ ਪੈਦਾਵਾਰੀ ਸਰਗਰਮੀਆਂ ਵਿੱਚ ਸੰਤੋਖ ਅਤੇ ਖੁਸ਼ੀ ਲੱਭਣ ਦੀ ਥਾਂਵੇਂ ਕੰਮ ਤੋਂ ਬਾਹਰ ਸੰਤੋਖ ਅਤੇ ਖੁਸ਼ੀ ਦੀ ਤਲਾਸ਼ ਕਰਦੇ ਹਨ। ਪੈਦਾਵਾਰ ਦੀ ਸਰਮਾਏਦਾਰਾ ਪ੍ਰਣਾਲੀ ਮਨੁੱਖ ਨੂੰ ਸਮੁੱਚ ਦਾ ਹਿੱਸਾ ਹੋਣ ਦਾ ਅਹਿਸਾਸ ਦਵਾਉਣ ਦੀ ਜਗ੍ਹਾ ਦੂਸਰਿਆਂ ਨਾਲ਼ ਮੁਕਾਬਲਾ ਕਰਦੇ ਪਰਮਾਣਕ ਵਿਅਕਤੀ ਦੇ ਰੂਪ ਵਿੱਚ ਪਹਿਚਾਣ ਦਵਾਉਂਦੀ ਹੈ। ਵਿਅਕਤੀ ਸਮੂਹ ਤੋਂ ਇਸ ਹੱਦ ਤੱਕ ਹਾਰ ਜਾਂਦਾ ਹੈ ਕਿ ਉਹਦੀ ਸਾਰੀ ਕੋਸ਼ਿਸ਼ ‘ਅਸੀ’ ਦੀ ਥਾਵੇਂ ‘ਮੈਂ’ ਲਈ ਹੁੰਦੀ ਹੈ।

ਸਰਮਾਏਦਾਰੀ ਨੇ ਜਿੱਥੇ ਇੱਕ ਪਾਸੇ ਮੁਨਾਫੇ ਦੀ ਅੰਨ੍ਹੀ ਹਵਸ ਕਾਰਨ ਵਿਅਕਤੀ ਨੂੰ ਸਮਾਜ ਨਾਲ਼ੋਂ ਤੋੜਕੇ ਪੂਰੇ ਸਮਾਜ ਵਿੱਚ ਭਿਆਨਕ ਬੇਗਾਨਗੀ ਪੈਦਾ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਉਹ ਸਮਾਜ ਵਿੱਚ ਪਸਰੀ ਇਸ ਬੇਗਾਨਗੀ ਦੀ ਮਾਨਸਿਕਤਾ ਦਾ ਲਾਭ ਚੁੱਕਦੇ ਹੋਏ ਹੋਰ ਵੱਧ ਮੁਨਾਫਾ ਖੱਟਣ ਦੇ ਨਿੱਤ ਨਵੇਂ ਤਰੀਕੇ ਵੀ ਕੱਢਦਾ ਰਹਿੰਦਾ ਹੈ। ਸੋਸ਼ਲ ਮੀਡੀਆ ਸਰਮਾਏਦਾਰੀ ਦੁਆਰਾ 21ਵੀਆਂ ਸਦੀ ਵਿੱਚ ਬੇਗਾਨਗੀਗ੍ਰਸਤ ਜੀਵਨ ਬਿਤਾ ਰਹੇ ਲੋਕਾਂ ਦੇ ਖਾਲੀ ਸਮੇਂ ਤੋਂ ਵੀ ਮੁਨਾਫਾ ਕੁੱਟਣ ਦਾ ਨਵਾਂ ਔਜਾਰ ਹੈ। ਸਮਾਜ ਤੋਂ ਟੁੱਟੇ ਲੋਕਾਂ ਨੂੰ ਸੋਸ਼ਲ ਮੀਡੀਆ ਇੱਕ ਅਭਾਸੀ ਸਮੂਹਿਕਤਾ ਦਾ ਅਹਿਸਾਸ ਕਰਾਉਂਦਾ ਹੈ। ਅਜਿਹੇ ਸਮੇਂ ਵਿੱਚ ਜਦੋਂ ਯਥਾਰਥਕ ਜਗਤ ਵਿੱਚ ਮਿੱਤਰਤਾ, ਪ੍ਰੇਮ, ਪਿਆਰ, ਸੰਵੇਦਨਸ਼ੀਲਤਾ, ਤਰਸ ਆਦਿ ਜਿਹੀਆਂ ਸਹਿਜ ਮਨੁੱਖੀ ਕਦਰਾਂ ਗਾਇਬ ਹੁੰਦੀਆਂ ਜਾ ਰਹੀਆਂ ਹਨ ਤਾਂ ਲੋਕ ਇਹਨਾਂ ਕੁਦਰਤੀ ਭਾਵਨਾਵਾਂ ਦੀ ਇੱਛਾ ਲਈ ਸੋਸ਼ਲ ਮੀਡੀਆ ਦੇ ਅਭਾਸੀ ਜਗਤ ਦੀ ਸ਼ਰਨ ਲੈ ਰਹੇ ਹਨ। ਪੈਦਾਵਾਰ ਦੀ ਦੁਨੀਆ ਤੋਂ ਬਾਹਰ ਸੰਤੋਖ ਅਤੇ ਖੁਸ਼ੀ ਦੀ ਤਲਾਸ਼ ਉਨ੍ਹਾਂ ਨੂੰ ਇੱਕ ਅਭਾਸੀ ਦੁਨੀਆ ਵਿੱਚ ਲੈ ਜਾਂਦੀ ਹੈ ਜਿੱਥੇ ਉਨ੍ਹਾਂ ਨੂੰ ਸੰਤੋਖ ਅਤੇ ਖੁਸ਼ੀ ਤਾਂ ਮਿਲਦੀ ਹੈ ਪਰ ਉਹ ਥੋੜਚਿਰੀ ਅਤੇ ਅਭਾਸੀ ਹੀ ਹੁੰਦੀ ਹੈ ਅਤੇ ਇਸ ਅਭਾਸੀਪਨ ਦਾ ਅਭਾਸ ਹੋਣ ‘ਤੇ ਉਨ੍ਹਾਂ ਦੀ ਬੇਗਾਨਗੀ ਹੋਰ ਵੀ ਜ਼ਿਆਦਾ ਵਧਦੀ ਜਾਂਦੀ ਹੈ। ਪੈਦਾਵਾਰੀ ਖੇਤਰ ਤੋਂ ਬੇਗਾਨਗੀ ਕਾਰਨ ਆਪਣੇ ਅੰਦਰ ਦੇ ਮਨੁੱਖੀ ਸਾਰਤੱਤਾਂ ਦੇ ਘਾਟੇ ਦੀ ਭਰਪਾਈ ਮਨੁੱਖ ਪੈਦਾਵਾਰੀ ਖੇਤਰ ਤੋਂ ਬਾਹਰ ਆਪਣੇ ਬਾਹਰੀ ਰੂਪ-ਰੰਗ ਅਤੇ ਦਿੱਖ ਪ੍ਰਤੀ ਦੂਸਰਿਆਂ ਦੀ ਪ੍ਰਸ਼ੰਸਾ ਅਤੇ ਮਾਨਤਾ ਹਾਸਲ ਕਰਕੇ ਕਰਨਾ ਚਹੁੰਦਾ ਹੈ। ਸੈਲਫੀ ਦੀ ਸਨਕ ਦੇ ਤਾਜ਼ੇ ਵਰਤਾਰੇ ਨੂੰ ਇਸ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ ।

ਪਰ ਜੋ ਗੱਲ ਦਹਾਕਿਆਂ ਪਹਿਲਾਂ ਥਯੋਡੋਰ ਅਡੋਰਨੋ ਨੇ ਆਪਣੇ ਪ੍ਰਸਿੱਧ ਲੇਖ ‘ਖਾਲੀ ਸਮਾਂ’ ਵਿੱਚ ਕਹੀ ਸੀ ਉਹ ਇੱਥੇ ਵੀ ਲਾਗੂ ਹੁੰਦੀ ਹੈ ਮਤਲਬ ਕਿ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਸਦੇ ਦੁਆਰਾ ਆਪਣੇ ਘਰ ਵਿੱਚ ਬੈਠਕੇ ਸੋਸ਼ਲ ਮੀਡੀਆ ਉੱਤੇ ਆਪਣੀ ਸੇਲਫੀ ਅਪਲੋਡ ਕਰਕੇ ਤਸੱਲੀ ਹਾਸਲ ਕਰਨਾ ਪੂਰੀ ਤਰ੍ਹਾਂ ਨਾਲ਼ ਅਜ਼ਾਦ ਅਤੇ ਆਪ-ਮੁਹਾਰੀ ਕਿਰਿਆ ਹੈ ਤਾਂ ਇਹ ਉਸਦਾ ਭੁਲੇਖਾ ਹੈ। ਸੱਚ ਤਾਂ ਇਹ ਹੈ ਕਿ ਸਰਮਾਏਦਾਰੀ ਯੁੱਗ ਦੇ ਸਾਰੇ ਸ਼ੌਕਾਂ(‘ਹਾਬੀ’) ਵਾਂਗਰਾਂ ਸੋਸ਼ਲ ਮੀਡੀਆ ਦੀ ਭੈੜੀ ਆਦਤ ਅਤੇ ਸੈਲਫੀ ਦੀ ਸਨਕ ਵੀ ਮੰਡੀ ਦੀਆਂ ਤਾਕਤਾਂ ਰਾਹੀਂ ਘੜੀ(ਮੈਨਿਉਫੈਕਚਰ) ਗਈ ਹੈ। ਇਹ ਗੱਲ ਕਿਸੇ ਕੋਲ਼ੋਂ ਲੁਕੀ ਨਹੀਂ ਹੈ ਕਿ ਸੋਸ਼ਲ ਮੀਡੀਆ ਆਪਣੇ ਆਪ ਵਿੱਚ ਇੱਕ ਜਬਰਦਸਤ ਮੁਨਾਫਾ ਕਮਉਂਣ ਦਾ ਸਾਧਨ ਹੈ ਜਿਸਦੇ ਨਾਲ਼ ਜੁੜਨ ਲਈ ਕੋਈ ਕੀਮਤ ਤਾਂ ਨਹੀਂ ਦੇਣੀ ਪੈਂਦੀ (ਇੰਟਰਨੇਟ ਕਨੇਕਸ਼ਨ ਦੇ ਖਰਚ ਤੋਂ ਸਿਵਾ) ਪਰ ਸੋਸ਼ਲ ਮੀਡੀਆ ਨਾਲ਼ ਜੁੜੇ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਉਨ੍ਹਾਂ ਦੁਆਰਾ ਪੈਦਾ ਕੀਤੇ ਜਾ ਰਹੇ ਕੰਟੇਂਟ(‘ਟੇਕਸਟ, ਇਮੇਜ, ਵੀਡਿਓ) ਦੀ ਵਰਤੋਂ ਕਰਕੇ ਹੀ ਫੇਸਬੁਕ, ਟਵਿਟਰ, ਇੰਸਟਾਗਰਾਮ ਵਰਗੀਆਂ ਕੰਪਨੀਆਂ ਮਾਰਕੇਟਿੰਗ ਅਤੇ ਇਸ਼ਤਿਹਾਰ ਜਗਤ ਦੀਆਂ ਕੰਪਨੀਆਂ ਕੋਲੋਂ ਅਟੁੱਟ ਮੁਨਾਫਾ ਕਮਉਂਦੀਆਂ ਹਨ। ਸੋਸ਼ਲ ਮੀਡੀਆ ਦੀਆਂ ਦੈਂਤਕਾਰ ਕੰਪਨੀਆਂ ਅਤੇ ਸਮਾਰਟਫੋਨ ਦੀਆਂ ਦੈਂਤਕਾਰ ਕੰਪਨੀਆਂ ਨੇ ਹੀ ਪੂਰੀ ਦੁਨੀਆ ਵਿੱਚ ਸੈਲਫੀ ਵਰਗੀ ਸਨਕ ਨੂੰ ਵੀ ਪੈਦਾ ਕੀਤਾ ਹੈ ਅਤੇ ਲਗਾਤਾਰ ਇਸ ਸਨਕ ਦੀ ਮੁੜ-ਪੈਦਾਵਾਰ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਸਨਕ ਯੋਜਨਾਬੱਧ ਰੂਪ ਵਿੱਚ ਕਿਸ ਹੱਦ ਤੱਕ ਫੈਲਾਈ ਜਾ ਰਹੀ ਹੈ ਇਸਦਾ ਤਾਜ਼ਾ ਪ੍ਰਮਾਣ ਇਸ ਤੋਂ ਮਿਲਦਾ ਹੈ ਕਿ ਇਹਨੀਂ ਦਿਨੀਂ ਬਜ਼ਾਰ ਵਿੱਚ ਸੈਲਫੀ ਖਿੱਚਣ ਦੀਆਂ ਨਵੀਂਆਂ-ਨਵੀਂਆ ਸਮੱਗਰੀਆਂ ਵਿਕ ਰਹੀਆਂ ਹਨ ਜਿਨ੍ਹਾ ਨੂੰ ਸੈਲਫੀ ਸਟਿਕ ਕਿਹਾ ਜਾ ਰਿਹਾ ਹੈ ਜਿਨ੍ਹਾਂ ਰਾਹੀਂ ਤੁਸੀਂ ਬਿਹਤਰ ਸੈਲਫੀ ਖਿੱਚ ਸੱਕਦੇ ਹੋ। ਇਹੀ ਨਹੀਂ ਹੁਣ ਬਜ਼ਾਰ ਵਿੱਚ ਸੇਲਫੀ ਡਰੋਨ ਵੀ ਆਉਣ ਲੱਗੇ ਹਨ ਜੋ ਇੱਕ ਤਰ੍ਹਾਂ ਦੇ ਰੋਬੋਟ ਹੁੰਦੇ ਹਨ ਜਿਨ੍ਹਾਂ ਰਾਹੀਂ ਉਚਾਈ ਤੋਂ ਸੇਲਫੀ ਖਿੱਚੀ ਜਾ ਸਕਦੀ ਹੈ ਜੋ ਹੱਥ ਜਾਂ ਸਟਿਕ ਵਲੋਂ ਖਿੱਚੀ ਗਈ ਸੈਲਫੀ ਤੋਂ ਬਿਹਤਰ ਹੁੰਦੀ ਹੈ। ਸੈਲਫੀ ਸਨਕ ਨੂੰ ਫੈਲਾਣ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਬਹੁਤ ਹੀ ਕੁਸ਼ਲਤਾ ਨਾਲ਼ ਕਲਾਕਾਰਾਂ, ਖਿਡਾਰੀਆਂ, ਸਿਆਸਤਦਾਨਾਂ ਜਾਂ ਸੰਖੇਪ ਵਿੱਚ ਕਹੀਏ ਤਾਂ ‘ਸੈਲਿਬਰਿਟੀਜ਼’ ਦੀ ਰੱਜ ਕੇ ਵਰਤੋਂ ਕੀਤੀ ਗਈ ਹੈ। ਸਾਡੇ ਦੇਸ਼ ਦੇ ਆਤਮਮੁਗਧ ਪ੍ਰਧਾਨਮੰਤਰੀ ਵੀ ਸੈਲਫੀ ਸਨਕ ਲਈ ਦੁਨੀਆ ਭਰ ਵਿੱਚ ਖਾਸੇ ਮਸ਼ਹੂਰ ਹਨ। ਇਹ ਜਨਾਬ ਆਏ ਦਿਨ ਆਪਣੇ ਟਵਿਟਰ ਅਕਾਉਂਟ ਤੋਂ ਤਮਾਮ ਨਾਮੀ-ਗਿਰਾਮੀ ਲੋਕਾਂ ਨਾਲ਼ ਖਿੱਚੀ ਗਈ ਸੇਲਫੀ ਪਾਉਂਦੇ ਰਹਿੰਦੇ ਹਨ। ਇਹ ਸੈਲਫੀ ਉਨ੍ਹਾਂ ਦੇ ਭਗਤਾਂ ਵਿੱਚ ਕਾਫੀ ਚਰਚਿਤ ਵੀ ਹੁੰਦੀਆਂ ਹਨ।

ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਜੋ ਹਾਲਤਾਂ ਸੈਲਫੀ ਵਰਗੀ ਸਵੈਕੇਂਦਰਤ ਸਨਕ ਨੂੰ ਪੈਦਾ ਕਰ ਰਹੀਆਂ ਹਨ, ਉਹੀ ਫਾਸੀਵਾਦੀ ਬਰਬਰਤਾ ਨੂੰ ਵੀ ਖਾਦ-ਪਾਣੀ ਦੇ ਰਹੀਆਂ ਹਨ। ਇਹ ਸਿਰਫ਼ ਸੰਯੋਗ ਨਹੀਂ ਕਿ ਭਾਰਤ ਜਿਹੇ ਮੁਲਕ ਵਿੱਚ ਸੈਲਫੀ ਦੀ ਸਨਕ ਦਾ ਸਭ ਤੋਂ ਵੱਡਾ ਬਰਾਂਡ ਅੰਬੈਸਡਰ ਇੱਕ ਅਜਿਹਾ ਵਿਅਕਤੀ ਹੈ ਜੋ ਅਜੋਕੇ ਦੌਰ ਵਿੱਚ ਫਾਸੀਵਾਦ ਦਾ ਪ੍ਰਤੀਕ ਪੁਰਖ ਵੀ ਬਣ ਚੁੱਕਿਆ ਹੈ। ਦੂਸਰਿਆਂ ਦੇ ਦੁਖਾਂ ਅਤੇ ਤਕਲੀਫਾਂ ਪ੍ਰਤੀ ਸੰਵੇਦਨਹੀਣ ਅਤੇ ਖਾਸਕਰ ਸੋਸ਼ਤ ਤੇ ਲੁਟੀਂਦੀ ਲੋਕਾਈ ਸੰਘਰਸ਼ਸ਼ੀਲ ਜੀਵਨ ਨਾਲ਼ ਕੋਈ ਸਰੋਕਾਰ ਨਹੀਂ ਰੱਖਣ ਵਾਲ਼ੇ ਸਵੈਕੇਂਦਰਤ ਅਤੇ ਆਤਮਮੁਗਧ ਨਿੱਕਬੁਰਜੂਆ ਪ੍ਰਾਣੀ ਹੀ ਫਾਸੀਵਾਦ ਦਾ ਸਮਾਜਕ ਅਧਾਰ ਹੁੰਦੇ ਹਨ। ਨਵਉਦਾਰਵਾਦ ਦੇ ਮੌਜੂਦਾ ਦੌਰ ਵਿੱਚ ਇਹ ਅਧਾਰ ਬਹੁਤ ਫੈਲਿਆ ਹੈ ਅਤੇ ਇਹ ਕਦੇ ਵੀ ਯਕੀਨੋਂ ਬਾਹਰਾ ਨਹੀਂ ਕਿ ਇਸ ਜਮਾਤ ਵਿੱਚ ਮੋਦੀ ਨੂੰ ਲੈ ਕੇ ਜਿੰਨੀ ਸਨਕ ਹੈ ਓਨੀ ਹੀ ਸਨਕ ਸੇਲਫੀ ਨੂੰ ਲੈ ਕੇ ਵੀ ਹੈ। ਅੱਜ ਫਾਸੀਵਾਦ ਤਿਤਲੀ-ਕੱਟ ਮੁੱਛਾਂ ਦੇ ਰੂਪ ਵਿੱਚ ਨਹੀਂ ਆ ਰਿਹਾ ਹੈ, ਉਹ ਆਪਣੇ ਰੂਪਰੰਗ ਅਤੇ ਦਿੱਖ ਪ੍ਰਤੀ ਪਹਿਲਾਂ ਨਾਲ਼ੋ ਕਿਤੇ ਵੱਧ ਚੌਕੰਨਾ ਹੈ, ਜਿੱਥੇ ਪਿਛਲੀ ਸਦੀ ਵਿੱਚ ਫਾਸੀਵਾਦ ਦੇ ਪ੍ਰਤੀਕ ਪੁਰਖ ਨੂੰ ਆਪਣੀ ਪੇਸ਼ਕਾਰੀ ਨੂੰ ਬਿਹਤਰ ਬਣਾਉਣ ਲਈ ਸ਼ੀਸ਼ੇ ਅਤੇ ਫੋਟੋਗਰਾਫਰ ਦੀ ਮਦਦ ਲੈਣੀ ਪੈਂਦੀ ਸੀ, ਇੱਕੀਵੀਂ ਸਦੀ ਵਿੱਚ ਫਾਸੀਵਾਦ ਦਾ ਪ੍ਰਤੀਕ ਪੁਰਖ ਵੱਖ-ਵੱਖ ਅਦਾਵਾਂ ਵਿੱਚ ਆਪਣੇ ਰੂਪ-ਰੰਗ ਅਤੇ ਦਿੱਖ ਨੂੰ ਖ਼ੁਦ ਸੈਲਫੀ ਖਿੱਚਕੇ ਵੇਖ ਸਕਦਾ ਹੈ ਅਤੇ ਉਸਨੂੰ ਅੱਖ ਦੇ ਝਲਕਾਰੇ ਨਾਲ਼ ਹੀ ਆਪਣੇ ਪੈਰੋਕਾਰਾਂ ਵਿੱਚ ਫੈਲਾ ਵੀ ਸਕਦਾ ਹੈ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements