ਢੰਡਾਰੀ ਅਗਵਾ, ਬਲਾਤਕਾਰ ਅਤੇ ਕਤਲ ਕਾਂਡ-2014 ਦੀ ਪੀੜਤ ਸ਼ਹਿਨਾਜ਼ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

10406380_1673009276304882_7922406655348862224_n

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਢੰਡਾਰੀ ਅਗਵਾ, ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ-2014 ਦੀ ਪੀੜਤ ਸ਼ਹਿਨਾਜ਼ ਦੀ ਬਰਸੀ ਮਨਾਉਣ ਲਈ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਲੰਘੀ 20 ਦਸੰਬਰ ਨੂੰ ਢੰਡਾਰੀ, ਲੁਧਿਆਣਾ ਵਿਖੇ ਸ਼ਰਧਾਂਜਲੀ ਸਮਾਗਮ ਅਯੋਜਿਤ ਕੀਤਾ ਗਿਆ। ਪਰਿਵਾਰ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸ਼ਹਿਨਾਜ਼ ਦੀ ਤਸਵੀਰ ‘ਤੇ ਫੁੱਲਾਂ ਦਾ ਹਾਰ ਪਾ ਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕੀਤੀ। ਲੋਕਾਂ ਨੇ ਸ਼ਹਿਨਾਜ਼ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ ਜ਼ਾਰੀ ਰੱਖਣ ਦਾ ਅਹਿਦ ਲਿਆ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਸਿਆਸੀ-ਪੁਲੀਸ-ਪ੍ਰਸ਼ਾਸਨਿਕ ਥਾਪੜੇ ਹੇਠ ਪਲ਼ਣ ਵਾਲ਼ੀ ਗੁੰਡਗਰਦੀ ਨੂੰ ਜੜ੍ਹ ਤੋਂ ਮਿਟਾਉਣ ਲਈ ਲੋਕ ਲਹਿਰ ਉਸਾਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸ਼ਰਧਾਂਜਲੀ ਸਮਾਗਮ ਨੂੰ ਵੱਖ-ਵੱਖ ਲੋਕ ਆਗੂਆਂ ਤੇ ਸ਼ਹਿਨਾਜ਼ ਦੇ ਮਾਪਿਆਂ ਨੇ ਸੰਬੋਧਿਤ ਕੀਤਾ ਅਤੇ ਇਨਕਲਾਬੀ ਸੱਭਿਆਚਾਰਕ ਮੰਚ ‘ਦਸਤਕ’ ਵੱਲੋਂ ਜੂਝਾਰੂ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਜਨਚੇਤਨਾ ਵੱਲ਼ੋਂ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਸ਼ਹਿਨਾਜ਼ ਨੂੰ 4 ਦਸੰਬਰ, 2014 ਨੂੰ ਇੱਕ ਗੁੰਡਾ ਗਿਰੋਹ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਸੀ। ਅੱਠ ਦਸੰਬਰ ਨੂੰ ਉਸਦੀ ਮੌਤ ਹੋ ਗਈ ਸੀ। ਸ਼ਹਿਨਾਜ ਨੂੰ 25 ਅਕਤੂਬਰ ਨੂੰ ਅਗਵਾ ਕਰਕੇ ਦੋ ਦਿਨ ਤੱਕ ਸਮੂਹਕ ਬਲਾਤਕਾਰ ਕੀਤਾ ਸੀ। ਸਿਆਸੀ ਸਰਪ੍ਰਸਤੀ ਹੇਠ ਪਲ਼ਣ ਵਾਲ਼ੇ ਇਸ ਗੁੰਡਾ-ਗਿਰੋਹ ਖਿਲਾਫ਼ ਕਾਰਵਾਈ ਕਰਨ ਵਿੱਚ ਪੁਲੀਸ ਨੇ ਬੇਹੱਦ ਢਿੱਲ ਵਰਤੀ, ਪੀੜਤ ਦੀ ਢੰਗ ਸੁਣਵਾਈ ਨਹੀਂ ਕੀਤੀ ਗਈ, ਰਿਪੋਰਟ ਲਿਖਣ ਅਤੇ ਮੈਡੀਕਲ ਕਰਾਉਣ ਵਿੱਚ ਦੇਰੀ ਕੀਤੀ ਗਈ। ਬਲਾਤਕਾਰ ਅਤੇ ਅਗਵਾ ਕਰਨ ਦੇ ਦੋਸ਼ੀ 18 ਦਿਨ ਬਾਅਦ ਜਮਾਨਤ ਕਰਾਉਣ ਵਿੱਚ ਕਾਮਯਾਬ ਹੋ ਗਏ। ਗੁੰਡਾ ਗਿਰੋਹ ਨੇ ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੂੰ ਕੇਸ ਵਾਪਿਸ ਲੈਣ ਲਈ ਡਰਾਇਆ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। 4 ਦਸੰਬਰ ਨੂੰ ਦਿਨ-ਦਿਹਾੜੇ ਸੱਤ ਗੁੰਡਿਆਂ ਨੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ। 8 ਦਸੰਬਰ 2014 ਦੀ ਰਾਤ ਨੂੰ ਉਸਦੀ ਮੌਤ ਹੋ ਗਈ ਸੀ। ਗੁੰਡਾ ਗੋਰਹ ਦੇ ਇਸ ਕਾਰੇ ਅਤੇ ਗੁੰਡਾ-ਸਿਆਸੀ-ਪੁਲੀਸ ਨਾਪਾਕ ਗੱਠਜੋੜ ਖਿਲਾਫ਼ ਹਜ਼ਾਰਾਂ ਲੋਕਾਂ ਵੱਲ਼ੋਂ ‘ਸੰਘਰਸ਼ ਕਮੇਟੀ’ ਦੀ ਅਗਵਾਈ ਵਿੱਚ ਜੁਝਾਰੂ ਘੋਲ਼ ਲੜਿਆ ਗਿਆ ਸੀ। ਲੋਕ ਘੋਲ਼ ਦੇ ਦਬਾਅ ਹੇਠ ਦੋਸ਼ੀਆਂ ਨੂੰ ਸਜ਼ਾਵਾਂ ਦੀ ਆਸ ਬੱਝੀ ਹੋਈ ਹੈ। ਕਤਲ ਕਾਂਡ ਦੇ ਸੱਤ ਦੋਸ਼ੀ ਜੇਲ੍ਹ ਵਿੱਚ ਹਨ। ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕਰਨ ਵਿੱਚ ਕੀਤੀਆਂ ਗਈਆਂ ਗੜਬੜਾਂ ਕਾਰਨ ਅਗਵਾ ਤੇ ਬਲਾਤਕਾਰ ਦਾ ਇੱਕ ਦੋਸ਼ੀ ਜਮਾਨਤ ‘ਤੇ ਅਜ਼ਾਦ ਘੁੰਮ ਰਿਹਾ ਹੈ। ਇਸ ਖਿਲਾਫ਼ ਹਾਈਕੋਰਟ ਵਿੱਚ ਅਪੀਲ ਕੀਤੀ ਗਈ ਹੈ ਅਤੇ ਉਸਨੂੰ ਵੀ ਜੇਲ੍ਹ ਪਹੁੰਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ; ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ); ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਗਠਿਤ ‘ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ’ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹਿਨਾਜ਼ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ ਔਰਤਾਂ ਅਤੇ ਆਮ ਲੋਕਾਂ ਸਾਹਮਣੇ ਸੰਘਰਸ਼ ਦਾ ਇੱਕ ਪ੍ਰਤੀਕ ਹੈ। ਬਲਾਤਕਾਰ, ਅਗਵਾ, ਛੇੜਛਾੜ ਜਿਹੇ ਜੁਲਮਾਂ ਦਾ ਸ਼ਿਕਾਰ ਜਿਆਦਾਤਰ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਇਹਨਾਂ ਘਟਨਾਵਾਂ ਨੂੰ ਸਮਾਜਕ ਬਦਨਾਮੀ, ਕੁੱਟ-ਮਾਰ, ਜਾਨ ਤੋਂ ਮਾਰੇ ਜਾਣ, ਨਿਆਂ ਮਿਲਣ ਦੀ ਨਾਉਮੀਦੀ ਆਦਿ ਕਾਰਨਾਂ ਕਰਕੇ ਲੁਕਾ ਜਾਂਦੇ ਹਨ। ਪਰ ਬਹਾਦਰ ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੇ ਅਜਿਹਾ ਨਹੀਂ ਕੀਤਾ। ਸ਼ਹਿਨਾਜ਼ ਨੇ ਲੜਾਈ ਲੜੀ ਅਤੇ ਲੜਦੀ-ਲੜਦੀ ਮੌਤ ਨੂੰ ਗਲ਼ੇ ਲਗਾ ਗਈ। ਉਹ ਜੁਲਮ ਅੱਗੇ ਗੋਡੇ ਨਾ ਟੇਕਣ ਦੀ ਮਿਸਾਲ ਕਾਇਮ ਕਰਕੇ ਗਈ ਹੈ। ਬੁਲਾਰਿਆਂ ਨੇ ਸ਼ਹਿਨਾਜ਼ ਦੇ ਸੰਘਰਸ਼ ਨੂੰ ਯਾਦ ਰੱਖਣ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਲੁੱਟ, ਜ਼ਬਰ, ਅਨਿਆਂ ਦਾ ਸ਼ਿਕਾਰ ਸਭਨਾਂ ਲੋਕਾਂ ਨੂੰ ਆਪਣੀ ਰੱਖਿਆ ਲਈ ਇਕਮੁੱਠ ਹੋ ਕੇ ਘੋਲ਼ ਦੇ ਮੈਦਾਨ ਵਿੱਚ ਆਉਣਾ ਪਵੇਗਾ। ਔਰਤਾਂ ਵੀ ਆਪਣੀ ਰੱਖਿਆ ਇਸੇ ਤਰ੍ਹਾਂ ਹੀ ਕਰ ਸਕਦੀਆਂ ਹਨ।

ਸ਼ਰਧਾਂਜਲੀ ਸਮਾਗਮ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ; ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਰਾਜਵਿੰਦਰ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਗੂ ਬਿੰਨੀ; ਨੌਜਵਾਨ ਭਾਰਤ ਸਭਾ ਦੇ ਆਗੂ ਕੁਲਵਿੰਦਰ, ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ ਤੇ ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ ਦੇ ਆਗੂ ਐਡਵੋਕੇਟ ਹਰਪ੍ਰੀਤ ਜੀਰਖ, ਸ਼ਹਿਨਾਜ਼ ਦੇ ਪਿਤਾ ਮੁਹੰੰਮਦ ਇਲੀਆਸ ਆਦਿ ਨੇ ਸੰਬੋਧਿਤ ਕੀਤਾ।

•ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ