ਸ਼ਹਿਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਸੰਗੀਤਕਾਰ ਦੀਆਂ ਕਾਲ਼ੀਆਂ ਅੱਖਾਂ ਸਨ ਤੇ ਉਹ ਦੂਰ ਵੇਖਦਾ ਹੋਇਆ ਬੜੀ ਨਰਮੀ ਨਾਲ਼ ਬੋਲ ਰਿਹਾ ਸੀ। ”ਇਹ ਨੇ ਜੋ ਮੈਂ ਸੰਗੀਤ ਰਾਹੀਂ ਪ੍ਰਗਟ ਕਰਨਾ ਚਾਹੁੰਦਾ ਹਾਂ।” ਉਸ ਨੇ ਕਿਹਾ।

”ਇੱਕ ਮੁੰਡਾ ਵੱਡੇ ਸ਼ਹਿਰ ਨੂੰ ਜਾਣ ਵਾਲੀ ਸੜਕ ‘ਤੇ ਸਹਿਜੇ ਸਹਿਜੇ ਤੁਰ ਰਿਹਾ ਹੈ। ਉਹ ਸ਼ਹਿਰ ਪੱਥਰਾਂ ਦੇ ਉਘੜ ਦੁਘੜੇ ਢੇਰ ਵਾਂਗ ਉਸ ਦੇ ਸਾਹਮਣੇ ਪਸਰਿਆ ਹੋਇਆ ਹੈ ਤੇ ਧਰਤੀ ਨਾਲ ਚਿੰਬਿੜਆ ਹੋਇਆ ਕਰਾਹ ਰਿਹਾ ਹੈ, ਬੜਬੜਾ ਰਿਹਾ ਹੈ। ਦੂਰੋਂ ਇੰਜ ਲੱਗਦਾ ਹੈ ਕਿ ਅੱਗ ਨੇ ਉਸ ਨੂੰ ਤਬਾਹ ਕਰ ਸੁੱਟਿਆ ਹੈ ਕਿਉਂਕਿ ਡੁੱਬ ਰਹੇ ਸੂਰਜ ਦੀ ਭਿਆਨਕ ਲਾਟ ਅਜੇ ਵੀ ਉਸ ‘ਚੋਂ ਉੱਭਰ ਰਹੀ ਹੈ ਤੇ ਗਿਰਜਿਆਂ ਦੀਆਂ ਸਲੀਬਾਂ ਤੇ ਮਿਨਾਰ ਝਿਲਮਿਲਾ ਰਹੇ ਹਨ।

”ਕਾਲੇ ਬੱਦਲਾਂ ਦੇ ਸਿਰੇ ਵੀ ਜਲਲ਼ਦੇ ਹੋਏ ਦਿਸ ਰਹੇ ਹਨ, ਵੱਡੀਆਂ ਵੱਡੀਆਂ ਇਮਾਰਤਾਂ ਦੇ ਨੋਕਦਾਰ ਹਿੱਸੇ ਅਸਮਾਨ ਦੀਆਂ ਲਾਲ ਟਾਕੀਆਂ ਦੇ ਸਾਹਮਣੇ ਉੱਕਰੇ ਹੋਏ ਹਨ ਤੇ ਕਿਤੇ ਕਿਤੇ ਬਾਰੀਆਂ ਦੇ ਕੱਚ ਪਾਟੇ ਹੋਏ ਜ਼ਖ਼ਮਾਂ ਵਾਂਗ ਚਮਕ ਰਹੇ ਹਨ। ਇੰਜ ਜਾਪਦਾ ਏ ਕਿ ਸੁੱਖ-ਪ੍ਰਾਪਤੀ ਲਈ ਇੱਕਸਾਰ ਸੰਘਰਸ਼ ਦੀ ਥਾਂ—ਉਹ ਉੱਜੜਿਆ ਹੋਇਆ ਪੀੜਤ ਸ਼ਹਿਰ, ਜਿਵੇਂ ਖ਼ੂਨ ਵਗਣ ਕਰਕੇ ਮਰ ਰਿਹਾ ਹੈ ਤੇ ਉਸ ‘ਚੋਂ ਗਰਮ, ਪੀਲਾ ਜਿਹਾ ਗਲ-ਘੋਟੂ ਧੂੰਆਂ ਉਠ ਰਿਹਾ ਹੈ।

”ਮਟਕ ਚਾਨਣੇ ਵਿੱਚ ਉਹ ਮੁੰਡਾ ਲੰਮੀ ਭੂਰੀ ਸੜਕ ‘ਤੇ ਤੁਰ ਰਿਹਾ ਹੈ ਜੋ ਸ਼ਹਿਰ ਦੀ ਇਕ ਵੱਖੀ ਵਿੱਚ ਕਿਸੇ ਤਲਵਾਰ ਵਾਂਗ ਖੁੱਭੀ ਹੋਈ ਲਗਦੀ ਹੈ ਤੇ ਜਾਪਦਾ ਹੈ ਕਿ ਇਹ ਕਿਸੇ ਅਣਦਿਸਦੇ ਤਗੜੇ ਹੱਥ ਦਾ ਕੰਮ ਹੈ ਜਿਸ ਦਾ ਵਾਰ ਕਦੇ ਆਪਣੇ ਨਿਸ਼ਾਨੇ ਤੋਂ ਨਹੀਂ ਖੁੰਝਦਾ। ਜੋ ਸ਼ਾਂਤ ਤੇ ਆਸ ਭਰੀ ਧਰਤੀ ਉੱਤੇ ਕਾਲ਼ੀਆਂ ਸ਼ਕਲਾਂ ਵਿਚ ਚੁੱਪਚਾਪ ਅਹਿਲ ਖੜੋਤੇ ਦਿਸ ਰਹੇ ਹਨ।

”ਅਸਮਾਨ ਬੱਦਲਾਂ ਨਾਲ਼ ਢੱਕਿਆ ਹੋਇਆ ਹੈ, ਤਾਰੇ ਕਿਤੇ ਵਿਖਾਈ ਨਹੀਂ ਦਿੰਦੇ ਤੇ ਨਾ ਹੀ ਕਿਤੇ ਕੋਈ ਛਾਂ ਦਿਸਦੀ ਹੈ। ਢਲਦੀ ਹੋਈ ਸੰਝ ਉਦਾਸ ਹੈ ਤੇ ਨੀਂਦ ਵਿਚ ਡੁੱਬੇ ਹੋਏ ਖੇਤਾਂ ਦੀ ਥੱਕੀ ਹੋਈ ਚੁੱਪ ਵਿੱਚ ਉਸ ਮੁੰਡੇ ਦੇ ਕਦਮਾਂ ਦੀ ਮੱਧਮ ਅਵਾਜ਼ ਅਸਪਸ਼ਟ ਜਿਹੀ ਸੁਣਾਈ ਦੇ ਰਹੀ ਹੈ।

”ਮੁੰਡਾ ਅੱਗੇ ਵਧ ਰਿਹਾ ਹੈ ਤੇ ਰਾਤ ਪੋਲੇ ਪੈਰੀਂ ਆਕੇ ਆਪਣੇ ਕਾਲ਼ੇ ਪਰਦੇ ਵਿਚ ਉਨ੍ਹਾਂ ਲੰਮੀਆਂ ਦੂਰੀਆਂ ਨੂੰ ਲੁਕੋ ਲੈਂਦੀ ਹੈ, ਜਿੱਥੋਂ ਉਹ ਆਇਆ ਹੈ।

”ਨਿਰਮਾਣਤਾ ਨਾਲ਼ ਧਰਤੀ ਦਾ ਸਹਾਰਾ ਲਈ ਇੱਕੜ ਦੁੱਕੜ ਖੜੋਤੇ ਲਾਲ ਤੇ ਚਿੱਟੇ ਮਕਾਨਾਂ, ਪਹਾੜੀਆਂ ਅਤੇ ਏਧਰ ਓਧਰ ਦਿਸ ਰਹੇ ਬਾਗ਼ਾਂ, ਬਿਰਛਾਂ ਤੇ ਚਿਮਨੀਆਂ ਨੂੰ ਸੰਝ ਆਪਣੀ ਨਿੱਘੀ ਬੁੱਕਲ ਵਿੱਚ ਸਮਾ ਲੈਂਦੀ ਹੈ। ਰਾਤ ਦੇ ਹਨੇਰੇ ਵਿੱਚ ਡੁੱਬਿਆ ਹੋਇਆ ਸਾਰਾ ਸੰਸਾਰ ਕਾਲਾ ਰੂਪ ਧਾਰਨ ਕਰ ਲੈਂਦਾ ਹੈ ਤੇ ਫੇਰ ਦਿਸਣੋਂ ਹਟ ਜਾਂਦਾ ਹੈ, ਜਿਵੇਂ ਉਸ ਡੰਡੇ ਵਾਲੇ ਛੋਟੇ ਜਿਹੇ ਮੁੰਡੇ ਤੋਂ ਡਰ ਕੇ ਆਪਣੇ ਆਪ ਨੂੰ ਲੁਕੋ ਰਿਹਾ ਹੋਵੇ ਜਾਂ ਲੁਕਣ ਮੀਚੀ ਖੇਡ ਰਿਹਾ ਸੀ।

”ਉਹ ਚੁੱਪ ਚੁਪੀਤਾ ਅੱਗੇ ਵਧ ਰਿਹਾ ਹੈ, ਸਹਿਜੇ ਸਹਿਜੇ ਕਦਮ ਚੁਕ ਰਿਹਾ ਹੈ, ਉਸ ਦੀਆਂ ਅੱਖਾਂ ਇੱਕਸਾਰ ਸਾਹਮਣੇ ਸ਼ਹਿਰ ‘ਤੇ ਟਿੱਕੀਆਂ ਹੋਈਆਂ ਹਨ, ਜਿਵੇਂ ਉਹ ਆਪਣੇ ਨਾਲ਼ ਕੋਈ ਅਹਿਮ ਸ਼ੈਅ ਲੈ ਜਾ ਰਿਹਾ ਜਿਸ ਲਈ ਕਿ ਸ਼ਹਿਰ ਵਾਲੇ ਚਿਰਾਂ ਤੋਂ ਉਡੀਕ ਰਹੇ ਹਨ। ਤੇ ਉਸ ਸ਼ਹਿਰ ਦੀਆਂ ਨੀਲੀਆਂ, ਲਾਲ ਤੇ ਪੀਲੀਆਂ ਬੱਤੀਆਂ ਟਿਮਟਿਮਾਉਂਦੀਆਂ ਹੋਈਆਂ ਉਸ ਨੂੰ ਜੀ ਆਇਆਂ ਕਹਿ ਰਹੀਆਂ ਹਨ।

”ਸੂਰਜ ਡੁੱਬ ਗਿਆ ਹੈ। ਸਲੀਬਾਂ, ਤੇ ਮਿਨਾਰ ਪੰਘਰ ਕੇ ਗ਼ਾਇਬ ਹੋ ਗਏ ਹਨ। ਹੁਣ ਸ਼ਹਿਰ ਸੁੰਗੜਿਆ ਹੋਇਆ, ਨਿੱਕਚੂ ਜਿਹਾ ਤੇ ਚੁੱਪ ਚੁਪੀਤੀ ਧਰਤੀ ਨਾਲ਼ ਹੋਰ ਵੀ ਚਿੰਬੜਿਆ ਹੋਇਆ ਲੱਗ ਰਿਹਾ ਹੈ। ”ਸ਼ਹਿਰ ਦੇ ਉੱਪਰ ਇਕ ਦੁੱਧ ਚਿੱਟਾ ਬੱਦਲ ਦਿਸਦਾ ਹੈ ਤੇ ਇੱਕ ਦੂਜੇ ਨਾਲ਼ ਲੱਗ ਕੇ ਖੜੋਤੇ ਮਕਾਨਾਂ ਦੇ ਜਾਲ ਉੱਤੇ ਚਮਕਦੀ ਹੋਈ ਪੀਲੇ ਰੰਗ ਦੀ ਧੁੰਧ ਛਾ ਜਾਂਦੀ ਹੈ। ਹੁਣ ਸ਼ਹਿਰ ਅੱਗ ਨਾਲ਼ ਤਬਾਹ ਹੋਇਆ ਲਹੂ ਲਿੱਬੜਿਆ ਨਹੀਂ ਦਿਸਦਾ। ਹੁਣ ਉਸ ਦੀਆਂ ਛੱਤਾਂ ਅਤੇ ਕੰਧਾਂ ਦੀ ਵਿੰਗੀ ਟੇਢੀ ਪਾਲ ਉੱਤੇ ਇੱਕ ਰਹੱਸ ਤੇ ਅਪੂਰਨਤਾ ਜਿਹੀ ਮਹਿਸੂਸ ਹੁੰਦੀ ਹੈ। ਇੰਜ ਜਾਪਦਾ ਹੈ ਕਿ ਜਿਸ ਨੇ ਮਨੁੱਖਾਂ ਦੇ ਰਹਿਣ ਲਈ ਇਸ ਵੱਡੇ ਸ਼ਹਿਰ ਨੂੰ ਬਣਾਉਣਾ ਸ਼ੁਰੂ ਕੀਤਾ ਸੀ, ਉਹ ਥੱਕ ਟੁੱਟ ਕੇ ਅਰਾਮ ਕਰਨ ਚਲਾ ਗਿਆ ਹੋਵੇ ਜਾਂ ਸ਼ਾਇਦ ਸ਼ੁਰੂ ਕੀਤੇ ਗਏ ਕੰਮ ਵਿਚ ਅਸਫ਼ਲ ਹੋਕੇ ਉਹ ਦੂਰ ਚਲਾ ਗਿਆ ਹੋਵੇ ਜਾਂ ਯਕੀਨ ਗਵਾ ਕੇ ਮਰ ਗਿਆ ਹੋਵੇ।

”ਪਰ ਸ਼ਹਿਰ ਜੀ ਰਿਹਾ ਹੈ। ਆਪਣੇ ਮਾਣ ਮੱਤੇ ਸੁਹਪਣ ਸਦਕਾ ਉੱਪਰ ਉੱਠਕੇ ਅਸਮਾਨ ਨੂੰ ਛੋਹਣ ਦੀ ਇਕ ਟੀਸ ਭਰੀ ਸੱਧਰ ਹੈ ਉਸ ਦੇ ਦਿਲ ਵਿੱਚ। ਖ਼ੁਸ਼ੀ ਦੀ ਚਾਹ ਸੁਪਨੇ ਵਿੱਚ ਉਸ ਦੇ ਅੰਦਰੋਂ ਕਰਾਹ ਉੱਠਦੀ ਹੈ, ਜਿਊਣ ਦੀ ਭਰਪੂਰ ਖ਼ਾਹਿਸ਼ ਵਿੱਚ ਉਹ ਹਿੱਲਦਾ ਹੈ ਤੇ ਉਸ ਦੇ ਚਫੇਰੇ ਖੇਤਾਂ ਦੀ ਡੂੰਘੀ ਚੁੱਪ ਵਿੱਚ ਝਰਨਿਆਂ ਦੀ ਨਿੰਮ੍ਹੀ ਕਲ-ਕਲ ਦੀ ਅਵਾਜ਼ ਸੁਣਾਈ ਦਿੰਦੀ ਹੈ ਜਦਕਿ ਅਸਮਾਨ ਦਾ ਕਾਲ਼ਾ ਕੌਲ ਨਿੰਮ੍ਹੇ ਤੇ ਉਦਾਸ ਜਿਹੇ ਚਾਨਣ ਵਿੱਚ ਹੋਰ-ਹੋਰ ਭਰਦਾ ਜਾਂਦਾ ਹੈ।

”ਮੁੰਡਾ ਰੁਕਦਾ ਹੈ, ਸਿਰ ਨੂੰ ਪਿਛਾਂਹ ਵੱਲ ਸੁੱਟਦਾ ਹੈ ਤੇ ਟਿਕਵੀਂ ਤੇ ਬਹਾਦਰਾਨਾ ਨਜ਼ਰ ਨਾਲ ਦੂਰ ਸਾਹਮਣੇ ਵੇਖਦਾ ਹੋਇਆ ਤੋਰ ਤਿੱਖੀ ਕਰ ਲੈਂਦਾ ਹੈ।

”ਉਸ ਦੇ ਪਿੱਛੇ ਤੁਰਦੀ ਹੋਈ ਰਾਤ ਇੱਕ ਮਾਂ ਦੀ ਨਰਮ ਅਵਾਜ਼ ਵਿਚ ਹੌਲ਼ੀ ਜਿਹੀ ਕਹਿੰਦੀ ਹੈ—

”ਅਗਾਂਹ ਵਧ ਬੱਚੇ! ਸਮਾਂ ਹੋ ਚੁੱਕਾ ਏ! ਉਹ ਤੈਨੂੰ ਉਡੀਕ ਰਹੇ ਹਨ!”

…….”ਪਰ, ਸੱਚ ਇਹ ਵੇ ਕਿ ਅਜਿਹੇ ਸੰਗੀਤ ਨੂੰ ਰਚਣਾ ਅਸੰਭਵ ਹੈ।” —ਅੰਤ ਉਸ ਨੌਜਵਾਨ ਸੰਗੀਤਕਾਰ ਨੇ ਉਦਾਸ ਮੁਸਕ੍ਰਾਹਟ ਨਾਲ਼ ਕਿਹਾ।

ਫੇਰ ਹੱਥ ਜੋੜ ਕੇ ਬੜੀ ਨਰਮੀ ਤੇ ਪੀੜ ਨਾਲ਼ ਉਹ ਬੋਲਿਆ-

”ਰੱਬਾ! ਉਸ ਨੂੰ ਓਥੇ ਕੀ ਲੱਭੇਗਾ?”

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements