ਸਕੂਲੀ ਕਿਤਾਬਾਂ ਵਿੱਚ ਹਾਵੀ ਪਿੱਤਰੀ ਸੋਚ •ਮਾਨਵ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕੌਮਾਂਤਰੀ ਔਰਤ ਦਿਵਸ ਉੱਤੇ ਯੂਨੇਸਕੋ ਵਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ। ਇਹ ਰਿਪੋਰਟ ਸੰਸਾਰ ਭਰ ਦੀਆਂ ਸਕੂਲੀ ਕਿਤਾਬਾਂ ਦੇ ਅਧਿਐਨ ਮਗਰੋਂ ਜਾਰੀ ਕੀਤੀ ਗਈ ਸੀ, ਜਿਸਦੇ ਅਧਾਰ ਉੱਤੇ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸੰਸਾਰ-ਭਰ ਦੇ ਸਕੂਲੀ ਪਾਠਕ੍ਰਮਾਂ ਵਿੱਚ ਪਿੱਤਰੀ ਸੋਚ ਹਾਵੀ ਹੈ ਅਤੇ ਕਿਸ ਤਰ੍ਹਾਂ ਅਜਿਹੀ ਔਰਤ-ਵਿਰੋਧੀ ਸੋਚ ਕਿਤਾਬਾਂ ਦੇ ਮਾਧਿਅਮ ਰਾਹੀਂ ਬਾਲ-ਮਨਾਂ ਤੱਕ ਵੀ ਪਹੁੰਚਦੀ ਹੈ। ਮਿਸਾਲ ਦੇ ਤੌਰ ਉੱਤੇ ਤੁਰਕੀ ਦੇ ਇੱਕ ਸਕੂਲ ਦੀ ਕਿਤਾਬ ਵਿੱਚ ਲੜਕੀ ਨੂੰ ਆਪਣੇ ਵਿਆਹ ਬਾਰੇ ਕਲਪਨਾ ਕਰਦੇ ਹੋਏ ਦਿਖਾਇਆ ਗਿਆ ਹੈ ਜਦਕਿ ਲੜਕੇ ਨੂੰ ਇੱਕ ਡਾਕਟਰ ਬਣਨ ਦਾ ਸੁਪਨਾ ਲੈਂਦੇ ਹੋਏ। ਭਾਰਤੀ ਕਿਤਾਬਾਂ ਬਾਰੇ ਚਰਚਾ ਕਰਦੇ ਹੋਏ ਇਸ ਰਿਪੋਰਟ ਵਿੱਚ ਵਿਖਾਇਆ ਗਿਆ ਕਿ ਭਾਰਤ ਦੇ ਪ੍ਰਾਇਮਰੀ ਸਕੂਲਾਂ ਵਿੱਚ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਅਤੇ ਸਮਾਜ-ਵਿਗਿਆਨ ਦੀਆਂ ਕਿਤਾਬਾਂ ਵਿੱਚ ਪੇਸ਼ ਉਦਾਹਰਣਾਂ ਵਿੱਚੋਂ ਕੇਵਲ 6% ਅਜਿਹੀਆਂ ਸਨ ਜਿਹਨਾਂ ਵਿੱਚ ਕੇਵਲ ਲੜਕੀ ਪਾਤਰ ਨੂੰ ਦਿਖਾਇਆ ਗਿਆ ਹੋਵੇ ਜਦਕਿ ਮੁੰਡਿਆਂ ਦੇ ਮਾਮਲੇ ਵਿੱਚ ਇਹ ਅੰਕੜਾ 50% ਤੋਂ ਉੱਪਰ ਹੈ। ਨਾਲ ਹੀ, ਇੱਕ ਵੀ ਔਰਤ ਨੂੰ ਇੰਜੀਨੀਅਰ, ਮੈਨੇਜਰ, ਵਪਾਰੀ ਆਦਿ ਦੇ ਤੌਰ ਉੱਤੇ ਪੇਸ਼ ਨਹੀਂ ਕੀਤਾ ਗਿਆ। ਇਰਾਨ ਵਿੱਚ 2012 ਵਿੱਚ ਹੋਏ ਇੱਕ ਸਰਵੇਖਣ ਦੀ ਉਦਾਹਰਣ ਦਿੰਦੇ ਹੋਏ ਦਿਖਾਇਆ ਗਿਆ ਕਿ ਸਕੂਲੀ ਪੁਸਤਕਾਂ ਵਿੱਚ ਪੇਸ਼ ਕਿਰਦਾਰਾਂ ਵਿੱਚੋਂ 80% ਦੇ ਤਕਰੀਬਨ ਮਰਦ ਕਿਰਦਾਰ ਹੁੰਦੇ ਹਨ ਜਦਕਿ ਆਸਟਰੇਲੀਆ ਵਰਗੇ ਆਧੁਨਿਕ ਮੁਲਕ ਲਈ ਵੀ ਇਹ ਅੰਕੜਾ 60% ਦੇ ਕਰੀਬ ਹੈ । ਚੀਨ ਵਿੱਚ ਬੱਚਿਆਂ ਲਈ ਉਪਲੱਬਧ ਸਮਾਜ-ਵਿਗਿਆਨ ਦੀ ਪੁਸਤਕ ਵਿੱਚ “ਸਾਰੇ ਵਿਗਿਆਨੀ ਅਤੇ ਫੌਜੀ ਮਰਦ ਹਨ ਜਦਕਿ ਸਾਰੇ ਅਧਿਆਪਕ ਅਤੇ ਸੇਵਾ ਖੇਤਰ ਦੇ ਕਰਮਚਾਰੀਆਂ ਦਾ ਵੱਡਾ ਹਿੱਸਾ ਔਰਤਾਂ ਹਨ।” ਇਸੇ ਤਰ੍ਹਾਂ ਦਾ ਇੱਕ ਹੋਰ ਅਧਿਐਨ ਅਮਰੀਕਾ ਦੀ ਪ੍ਰੋ. ਰੇ ਬਲੂਮਬਰਗ ਨੇ ਕੀਤਾ ਹੈ। ਉਹਨਾਂ ਨੇ ਵੀ ਸੰਸਾਰ ਦੇ ਵੱਖ-ਵੱਖ ਮੁਲਕਾਂ ਦੇ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਦੇ ਅਧਿਐਨ ਤੋਂ ਬਾਅਦ ਇਹੋ ਜਿਹੇ ਹੀ ਨਤੀਜੇ ਕੱਢੇ ਹਨ। 

ਇਹ ਸਾਰੀਆਂ ਉਦਾਹਰਣਾਂ ਕੀ ਦਿਖਾਉਂਦੀਆਂ ਹਨ? ਇਹ ਸਾਰੇ ਮਾਮਲੇ ਆਰਥਕ ਖੇਤਰ ਵਿੱਚ ਮੌਜੂਦ ਗੈਰ-ਬਰਾਬਰੀ ਨੂੰ ਹੀ ਪੇਸ਼ ਕਰਦੇ ਹਨ। ਇਹ ਗੱਲ ਦਰੁਸਤ ਹੈ ਕਿ ਸਰਮਾਏਦਾਰੀ ਨੇ ਸਸਤੀ ਕਿਰਤੀ-ਸ਼ਕਤੀ ਦੀ ਆਪਣੀ ਲੋੜ ਵਿੱਚੋਂ ਵੱਡੀ ਸੰਖਿਆ ਵਿੱਚ ਔਰਤਾਂ ਨੂੰ ਘਰਾਂ ਤੋਂ ਬਾਹਰ ਲਿਆ ਕੇ ਉਹਨਾਂ ਨੂੰ ਕਾਰਖ਼ਾਨਿਆਂ, ਖੇਤਾਂ ਵਿੱਚ ਮਜ਼ਦੂਰ ਦੇ ਤੌਰ ਉੱਤੇ ਉਹਨਾਂ ਦੀ ਹੋਣੀ ਤੈਅ ਕੀਤੀ ਹੈ। ਇਸ ਮਾਮਲੇ ਵਿੱਚ ਸਰਮਾਏਦਾਰਾ ਪ੍ਰਬੰਧ ਦੀ ਇਹ ਇਤਿਹਾਸਕ ਅਗਾਂਹਵਧੂ ਭੂਮਿਕਾ ਸੀ ਜਿਸ ਨੇ ਉਹ ਅਧਾਰ ਤਿਆਰ ਕੀਤਾ ਜਿੱਥੇ ਔਰਤਾਂ ਦੀ ਕਿਰਤੀ ਆਬਾਦੀ ਮਰਦਾਂ ਦੇ ਬਰਾਬਰ ਖਲੋ ਕੇ ਆਪਣੇ ਹੱਕਾਂ ਲਈ ਲੜ ਸਕੇ। ਪਰ ਕਿਉਂਕਿ ਸਰਮਾਏਦਾਰਾ ਢਾਂਚਾ ਸਮਾਜ ਵਿੱਚ ਮੌਜੂਦ ਕੇਵਲ ਜਮਾਤੀ ਵੰਡ ਨੂੰ ਹੀ ਕਾਇਮ ਰੱਖ ਕੇ ਨਹੀਂ ਚੱਲ ਸਕਦਾ, ਇਸ ਲਈ ਇਹ ਸਮਾਜ ਵਿੱਚ ਮੌਜੂਦ ਹੋਰ ਕਿਸਮ ਦੀਆਂ ਵੰਡਾਂ – ਜਾਤੀ, ਨਸਲੀ, ਖੇਤਰੀ ਆਦਿ – ਨੂੰ ਜਨਮ ਦਿੰਦਾ ਹੈ, ਜਾਂ ਪਹਿਲਾਂ ਤੋਂ ਮੌਜੂਦ ਇਹਨਾਂ ਵੰਡਾਂ ਨੂੰ ਆਪਣੇ ਅਨੁਕੂਲ ਬਣਾ ਕੇ ਇਹਨਾਂ ਦਾ ਇਸਤੇਮਾਲ ਕਰਦਾ ਹੈ। ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਹੇਠਾਂ ਰੱਖ ਕੇ ਵੀ ਸਰਮਾਏਦਾਰੀ ਦਾ ਆਪਣਾ ਹਿੱਤ ਸਾਕਾਰ ਹੁੰਦਾ ਹੈ ਕਿਉਂਜੋ ਇਸ ਤਰ੍ਹਾਂ ਕਰਨ ਨਾਲ ਜਮਾਤੀ ਵੰਡ ਧੁੰਦਲੀ ਪਾਈ ਜਾ ਸਕਦੀ ਹੈ। ਔਰਤਾਂ ਦੀ ਕਿਰਤ ਆਬਾਦੀ ਨੂੰ ਉਹਨਾਂ ਦੇ ਹੀ ਭਾਵੀ ਸੰਗੀਆਂ, ਭਾਵ, ਮਰਦ ਕਿਰਤੀ ਆਬਾਦੀ ਦੇ ਖਿਲਾਫ਼ ਇਸਤੇਮਾਲ ਕੀਤਾ ਜਾ ਸਕਦਾ ਹੈ।

ਦੂਸਰਾ, ਮਰਦਾਂ ਵਿੱਚ ਜਮਾਤੀ ਸਮਾਜ ਦੀ ਕਾਇਮੀ ਤੋਂ ਲੈ ਕੇ ਚੱਲੀ ਆ ਰਹੀ ਪਿੱਤਰੀ ਸੋਚ ਨੂੰ ਵੀ ਥਾਪੜਾ ਦੇ ਕੇ ਮਰਦਾਂ ਨੂੰ ਔਰਤਾਂ ਦੇ ਖਿਲਾਫ਼ ਖੜਾ ਕੀਤਾ ਜਾਂਦਾ ਹੈ। ਇਸੇ ਲਈ ਅਸੀਂ ਦੇਖਦੇ ਹਾਂ ਕਿ ਜਿਹੜਾ ਮਰਦ ਆਪਣੇ ਕਾਰਖਾਨੇ ਜਾਂ ਕੰਮ-ਸਥਾਨ ਉੱਪਰ ਆਪਣੇ ਮਾਲਕ ਦਾ ਗੁਲਾਮ ਹੁੰਦਾ ਹੈ, ਉਹੀ ਘਰ ਵਿੱਚ ਆ ਕੇ ਆਪਣੀ ਪਤਨੀ ਉੱਪਰ ਖ਼ੁਦ ਨੂੰ ਥੋਪਦਾ ਹੈ। ਇਸ ਦਾ ਕੁੱਲ ਫ਼ਾਇਦਾ ਹਾਕਮ ਜਮਾਤਾਂ ਨੂੰ ਹੀ ਹੁੰਦਾ ਹੈ।

ਮੌਜੂਦਾ ਸਕੂਲੀ ਕਿਤਾਬਾਂ ਵੀ ਬੱਚਿਆਂ ਵਿੱਚ ਮੁੱਢ ਤੋਂ ਹੀ ਇਹੋ ਕਦਰਾਂ ਕੀਮਤਾਂ ਨੂੰ ਥੋਪਣ ਦਾ ਯਤਨ ਕਰਦੀਆਂ ਹਨ। ਲੜਕੀਆਂ ਨੂੰ “ਆਗਿਆਕਾਰੀ”, ਮਰਦਾਂ ਦੀ ਸਹਾਇਕ ਮਾਤਰ ਅਤੇ ਸਿਰਫ਼ ਘਰੇਲੂ ਕੰਮਾਂ ਵਿੱਚ ਦਿਲਚਸਪੀ ਲੈਂਦੀਆਂ ਦਿਖਾ ਕੇ ਉਹਨਾਂ ਦੀ ਹੋਣੀ ਬਚਪਨ ਤੋਂ ਹੀ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਨੂੰ ਖ਼ੁਦ ਦੀ ਆਜ਼ਾਦ ਹੋਂਦ ਦਾ ਅਹਿਸਾਸ ਹੀ ਨਹੀਂ ਕਰਵਾਇਆ ਜਾਂਦਾ। ਇਸੇ ਲਈ ਬਲੂਮਬਰਗ ਦਾ ਵੀ ਕਹਿਣਾ ਹੈ, “ਇਹ ਇੱਕ ਛੋਟੀ ਗੱਲ ਲੱਗ ਸਕਦੀ ਹੈ ਪਰ ਕਈ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਜਦੋਂ ਲੜਕੀਆਂ ਖ਼ੁਦ ਨੂੰ ਸਕੂਲੀ ਕਿਤਾਬਾਂ ਦਾ ਹਿੱਸਾ ਨਹੀਂ ਦੇਖਦੀਆਂ ਤਾਂ ਖ਼ੁਦ ਨੂੰ ਕੋਈ ਨਿਵੇਕਲੇ ਕਾਰਜ ਕਰਦੇ ਦੇਖਣ ਦੀਆਂ ਉਹਨਾਂ ਦੀਆਂ ਕਲਪਨਾਵਾਂ ਵੀ ਕਾਫ਼ੀ ਪ੍ਰਭਾਵਿਤ ਹੁੰਦੀਆਂ ਹਨ।”

ਔਰਤਾਂ ਖਿਲਾਫ਼ ਇਸ ਦੂਹਰੀ ਗ਼ੁਲਾਮੀ (ਜਮਾਤੀ ਅਤੇ ਪਿਤਰੀ) ਦਾ ਅੰਤ ਕੇਵਲ ਇੱਕ ਅਜਿਹਾ ਢਾਂਚਾ ਹੀ ਕਰ ਸਕਦਾ ਹੈ ਜਿੱਥੇ ਜ਼ਿਆਦਾਤਰ ਘਰੇਲੂ ਕੰਮਾਂ ਦਾ ਸਮਾਜੀਕਰਨ ਕਰਕੇ ਔਰਤਾਂ ਨੂੰ ਉਹਨਾਂ ਕੰਮਾਂ ਤੋਂ ਮੁਕਤ ਕੀਤਾ ਜਾਵੇ। ਅਜਿਹਾ ਢਾਂਚਾ ਨਿਸ਼ਚੇ ਹੀ ਸਮਾਜਵਾਦੀ ਢਾਂਚਾ ਹੀ ਹੋ ਸਕਦਾ ਹੈ ਅਤੇ ਇਸਦੀ ਮਿਸਾਲ ਸਾਡੇ ਕੋਲ਼ ਸੋਵੀਅਤ ਯੂਨੀਅਨ ਅਤੇ ਸਮਾਜਵਾਦੀ ਚੀਨ (1976 ਤੋਂ ਪਹਿਲਾਂ ਦਾ) ਦੇ ਰੂਪ ਵਿੱਚ ਮੌਜੂਦ ਵੀ ਹੈ। ਇਹਨਾਂ ਮੁਲਕਾਂ ਵਿੱਚ ਸਮਾਜਵਾਦੀ ਇਨਕਲਾਬਾਂ ਤੋਂ ਬਾਅਦ ਵੱਡੇ ਪੈਮਾਨੇ ਉੱਤੇ ਸਾਂਝੀਆਂ ਮੈੱਸਾਂ, ਕੱਪੜਿਆਂ ਦੀ ਧੁਲਾਈ ਲਈ ਸਾਂਝੀਆਂ ਲਾਂਡਰੀਆਂ, ਬੱਚਿਆਂ ਦੇ ਖੇਡਣ ਆਦਿ ਲਈ ਵੱਡੇ ਪੈਮਾਨੇ ਉੱਤੇ ਪਾਰਕਾਂ, ਕ੍ਰੈਚਾਂ ਕਾਇਮ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਹੋਣ ਨਾਲ਼ ਬਹੁਤ ਸਾਰੇ ਘਰ ਦੇ ਕੰਮਾਂ ਉੱਤੇ ਜ਼ਾਇਆ ਹੋਣ ਵਾਲਾ ਸਮਾਂ ਬਚਦਾ ਸੀ ਅਤੇ ਉਹ ਸਮਾਂ ਘਰ ਦੇ ਮੈਂਬਰ, ਖ਼ਾਸਕਰ ਔਰਤਾਂ, ਹੋਰਨਾਂ ਵਧੇਰੇ ਉਪਜਾਊ ਕੰਮਾਂ ਵਿੱਚ ਲਾ ਸਕਦੀਆਂ ਸਨ (ਇਸ ਬਾਰੇ ਵਧੇਰੇ ਵਿਸਤਾਰ ਵਿੱਚ ਜਾਨਣ ਲਈ ਪਾਠਕ ਲਲਕਾਰ ਦਾ ਅਕਤੂਬਰ, 2015 ਦਾ ਅੰਕ ਪੜ੍ਹ ਸਕਦੇ ਹਨ)। ਇਸ ਲਈ ਅੱਜ ਲੋੜ ਹੈ ਕਿ ਔਰਤ ਮੁਕਤੀ ਦਾ ਇਹ ਇਨਕਲਾਬੀ ਵਿਚਾਰ ਘਰ-ਘਰ ਤੱਕ ਲਿਜਾਇਆ ਜਾਵੇ ਅਤੇ ਇਸ ਵਿੱਚ ਅੱਜ ਦੇ ਨੌਜਵਾਨਾਂ ਦੀ ਖ਼ਾਸ ਭੂਮਿਕਾ ਬਣਦੀ ਹੈ ਕਿਉਂਕਿ ਉਹ ਮੁਕਾਬਲਤਨ ਹੋਰਨਾਂ ਤਬਕਿਆਂ ਤੋਂ ਵਧੇਰੇ ਆਜ਼ਾਦ ਹਨ ਅਤੇ ਕੁੱਝ ਕਰ ਜਾਣ ਦੇ ਸੁਪਨੇ ਅਤੇ ਹੌਂਸਲੇ ਰੱਖਦੇ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements