ਸੰਵੇਦਨਸ਼ੀਲ ਰੂਹਾਂ ਨੂੰ ਝੰਜੋੜਦਾ ਸ਼ਿਮਲਾ ਦਾ ਖੌਫਨਾਕ ਗੁਡੀਆ ਬਲਾਤਕਾਰ ਤੇ ਕਤਲ ਕਾਂਡ •ਸ਼੍ਰਿਸ਼ਟੀ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਮੈਂ ਹਮੇਸ਼ਾ ਉਸਨੂੰ ਜਾਨਵਰਾਂ ਤੋਂ ਬਚਣ ਦੀ ਚਿਤਾਵਨੀ ਦਿੰਦਾ ਰਿਹਾ, ਪਰ ਕਾਸ਼ ਮੈਂ ਉਸਨੂੰ ਉਹਨਾਂ ਮਨੁੱਖਾਂ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੁੰਦੀ ਜੋ ਜਾਨਵਰਾਂ ਤੋਂ ਵੀ ਵੱਧ ਖਤਰਨਾਕ ਹਨ।”

ਇਹ ਬੋਲ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸ਼ਹਿਰ ਤੋਂ 55 ਕਿਲੋਮੀਟਰ ਦੂਰ ਕੋਟਖਾਈ ਦੇ ਪਿੰਡ ਹਲਾਨਾ ਦੀ ਸਮੂਹਿਕ ਬਲਾਤਕਾਰ ਤੇ ਕਤਲ ਦਾ ਸ਼ਿਕਾਰ ਹੋਈ ਕੁੜੀ ਦੇ ਪਿਤਾ ਦੇ ਹਨ। 16 ਸਾਲਾਂ ਦੀ ਇਹ ਨਾਬਾਲਿਗ ਕੁੜੀ 4 ਜੁਲਾਈ ਨੂੰ ਆਮ ਵਾਂਗ ਹੀ ਆਪਣੇ ਸਕੂਲ ਲਈ ਗਈ ਪਰ ਘਰ ਵਾਪਸ ਨਾ ਅੱਪੜੀ। ਦੋ ਦਿਨ ਬਾਅਦ 6 ਜੁਲਾਈ ਨੂੰ ਉਸਦੀ ਲਾਸ਼ ਜੰਗਲ ‘ਚ ਮਿਲ਼ੀ। ਉਸਦੇ ਸਰੀਰ ‘ਤੇ ਦਰਦਨਾਕ ਤਸੀਹਿਆਂ ਦੇ ਨਿਸ਼ਾਨ, ਵੱਢੇ ਹੋਏ ਹੱਥ-ਪੈਰ ਉਸ ਨਾਲ਼ ਹੋਈ ਦਰਿੰਦਗੀ ਦੇ ਖੌਫਨਾਕ ਸੱਚ ਨੂੰ ਦਰਸਾਉਂਦੇ ਸਨ। ਸਮਾਜ ਵੱਲੋਂ ਪਰੋਸੀ ਜਾਂਦੀ ਔਰਤ ਵਿਰੋਧੀ ਮਾਨਸਿਕਤਾ ਦੀ ਬਲੀ ਚੜੀ ਇਸ ਕੁੜੀ ਦੇ ਦਰਦ ਦੀ ਚੋਭ ਨੇ ਸ਼ਿਮਲਾ ਦੇ ਸਥਾਨਕ ਲੋਕਾਂ ਦੇ ਦਿਲਾਂ ਨੂੰ ਹਲੂਣ ਕੇ ਰੱਖ ਦਿੱਤਾ ਤੇ ਬੇਚੈਨੀ ਦਾ ਮਹੌਲ ਪੈਦਾ ਕਰ ਦਿੱਤਾ।

ਉਸ ਦਿਨ ਤੋਂ ਸ਼ਿਮਲਾ ਦੇ ਆਮ ਲੋਕ, ਵਿਦਿਆਰਥੀ, ਨੌਜਵਾਨ, ਔਰਤਾਂ ਤੇ ਬੱਚੇ ਹਜਾਰਾਂ ਦੀ ਗਿਣਤੀ ਵਿੱਚ ਸੜਕਾਂ ‘ਤੇ ਉੱਤਰ ਆਏ ਅਤੇ ‘ਗੁਡੀਆ’ (ਉਸ ਕੁੜੀ ਨੂੰ ਲੜ ਰਹੇ ਲੋਕਾਂ ਵੱਲੋਂ ਦਿੱਤਾ ਨਾਮ) ਦੇ ਕਾਤਲਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕਰ ਰਹੇ ਹਨ।

ਕੁੱਝ ਜਨਤਕ ਜਥੇਬੰਦੀਆਂ, ਪਰ ਮੁੱਖ ਤੌਰ ‘ਤੇ ਆਮ ਲੋਕਾਂ ਦੇ ਆਪ ਮੁਹਾਰੇ ਵਿਰੋਧ ਦੇ ਦਬਾਅ ਹੇਠ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 6 ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪਰ ਹਮੇਸ਼ਾ ਦੀ ਤਰਾਂ ਆਪਣੇ ਚਰਿੱਤਰ ਤੋਂ ਮਜ਼ਬੂਰ ਇਸ ਔਰਤ ਵਿਰੋਧੀ ਢਾਂਚੇ ਦੇ ਸੇਵਾਦਾਰਾਂ ਨੇ ਤੱਥਾਂ ਨਾਲ਼ ਛੇੜਛਾੜ ਕਰਕੇ ਅਸਲੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੁਲਿਸ ਨੇ ਸੇਬਾਂ ਦੇ ਬਾਗਾਂ ‘ਚ ਕੰਮ ਕਰਦੇ ਨੇਪਾਲ ਤੋਂ ਆਏ ਬੇਗੁਨਾਹ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ‘ਚੋਂ ਸੂਰਜ ਨਾਮ ਦੇ ਮਜ਼ਦੂਰ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਇਸ ਬੇਗੁਨਾਹ ਦੀ ਮੌਤ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਉਭਾਰ ਦਿੱਤਾ ਤੇ ਲੋਕਾਂ ਨੇ ਇਸਦਾ ਵਿਰੋਧ ਕਰਦੇ ਹੋਏ ਪੁਲਿਸ ਥਾਣੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਨੇਪਾਲ ਦੇ ਇਸ ਮਜ਼ਦੂਰ ਦੀ ਮੌਤ ਨੇ ਲੋਕਾਂ ਨੂੰ ਹੋਰ ਉਲਝਾ ਦਿੱਤਾ ਹੈ। ਇਸਦੇ ਸਿੱਟੇ ਵਜੋਂ 14 ਜੁਲਾਈ ਨੂੰ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਨੇ ਚੱਕਾ ਜਾਮ ਕਰਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਜਨਤਕ ਦਬਾਅ ਹੇਠ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਇਹ ਮੰਗ ਮਨਜੂਰ ਕਰਨੀ ਪਈ। ਉਸ ਦਿਨ ਤੋਂ ਬਾਅਦ ਅੱਜ ਤੱਕ ਸ਼ਿਮਲਾ ਦੇ ਵਿਦਿਆਰਥੀ, ਨੌਜਵਾਨ ਅਤੇ ਆਮ ਲੋਕ ਇਸ ਸੰਕਲਪ ਨਾਲ਼ ਲੜ ਰਹੇ ਹਨ ਕਿ ਜਦੋਂ ਤੱਕ ਉਸ ਕੁੜੀ ਨੂੰ ਇਨਸਾਫ ਨਹੀਂ ਮਿਲ਼ਦਾ ਉਦੋਂ ਤੱਕ ਉਹ ਲੜਦੇ ਰਹਿਣਗੇ।

ਨੇਪਾਲ ਦੇ ਉਸ ਮਜ਼ਦੂਰ ਨੂੰ ਲੈ ਕੇ ਕੁੱਝ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਕੋਲ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਅਧਾਰ ਸਿਰਫ ਇਹੋ ਹੈ ਕਿ ਲਾਸ਼ ਉਹਨਾਂ ਦੇ ਘਰ ਨੇੜਿਓਂ ਮਿਲ਼ੀ ਹੈ। ਜਦਕਿ ਆਮ ਲੋਕਾਂ ਦਾ ਮੰਨਣਾ ਹੈ ਕਿ ਉਹ ਨਿਰਦੋਸ਼ ਹਨ, ਕੋਈ ਵੀ ਅਜਿਹੀ ਵਾਰਦਾਤ ਮਗਰੋਂ ਲਾਸ਼ ਆਪਣੇ ਘਰ ਕੋਲ਼ ਕਿਉਂ ਸੁੱਟੇਗਾ। ਲੋਕਾਂ ਮੁਤਾਬਕ ਦੋਸ਼ੀ ਵੱਡੇ ਅਮੀਰ ਹਨ ਜਿਹਨਾਂ ਨੂੰ ਬਚਾਉਣ ਲਈ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਹਿਰਾਸਤ ਵਿੱਚ ਮਾਰਿਆ ਗਿਆ ਸੂਰਜ ਪੈਸਿਆਂ ਬਦਲੇ ਇਹ ਦੋਸ਼ ਕਬੂਲ ਕਰਨ ਲਈ ਤਿਆਰ ਹੋ ਗਿਆ ਹੋਵੇਗਾ। ਉਸਦੀ ਪਤਨੀ ਦਾ ਕਹਿਣਾ ਹੈ ਕਿ ਉਹ ਮਿਹਨਤ ਕਰ ਸਕਦਾ ਹੈ, ਉਧਾਰ ਲੈ ਸਕਦਾ ਹੈ ਅਤੇ ਭੀਖ ਵੀ ਮੰਗ ਸਕਦਾ ਹੈ, ਪਰ ਆਪਣਾ ਸਵੈਮਾਣ ਨਹੀਂ ਦਾਅ ‘ਤੇ ਲਾ ਸਕਦਾ। ਉਸਦੀ ਪਤਨੀ ਮੁਤਾਬਕ ਜਦ ਉਹ ਥਾਣੇ ਉਸਨੂੰ ਮਿਲ਼ਣ ਗਈ ਤਾਂ ਸੂਰਜ ਨੇ ਉਸਨੂੰ ਪੁਲਿਸ ਵੱਲੋਂ ਦਿੱਤੇ ਜਾ ਰਹੇ ਤਸੀਹਿਆਂ ਬਾਰੇ ਦੱਸਿਆ ਅਤੇ ਉਸਦਾ ਕਹਿਣਾ ਹੈ ਕਿ ਸੂਰਜ ਨੇ ਪੁਲਿਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੋਵੇਗਾ ਤੇ ਇਸੇ ਕਰਕੇ ਉਸਨੂੰ ਮਾਰ ਦਿੱਤਾ ਗਿਆ। ਪਰ ਜੇ ਇੱਕ ਪਲ ਲਈ ਅਸੀਂ ਇਸ ਗੱਲ ਨੂੰ ਮੰਨ ਵੀ ਲਈਏ ਕਿ ਉਸਨੇ ਇਹ ਸਭ ਪੈਸਿਆਂ ਖਾਤਰ ਮਨਜੂਰ ਕਰ ਵੀ ਲਿਆ ਹੋਵੇਗਾ ਤਾਂ ਮੈਂ ਆਪਣੇ ਪਾਠਕਾਂ ਨੂੰ ਇਹ ਗੱਲ ਸੋਚਣ ਲਈ ਵੀ ਜ਼ੋਰ ਦੇਵਾਂਗੀ ਕਿ ਉਸਨੂੰ ਇੰਨਾ ਮਜ਼ਬੂਰ ਬਣਾਇਆ ਕਿਸਨੇ? ਥੋੜਾ ਜਿਹਾ ਸੋਚਣ-ਵਿਚਾਰਨ ਮਗਰੋਂ ਇਹੋ ਨਤੀਜਾ ਨਿੱਕਲਦਾ ਹੈ ਕਿ ਇਸ ਮਨੁੱਖਦੋਖੀ ਤੇ ਮੁਨਾਫੇਖੋਰ ਢਾਂਚੇ ਨੇ। ਪਹਿਲਾਂ ਤਾਂ ਮੌਜੂਦਾ ਸਰਮਾਏਦਾਰਾ ਢਾਂਚਾ ਇਹਨਾਂ ਮਜ਼ਦੂਰਾਂ ਨੂੰ ਇੰਨਾ ਬੇਵਸ ਤੇ ਮਜ਼ਬੂਰ ਬਣਾਉਂਦਾ ਹੈ ਤੇ ਫੇਰ ਉਹਨਾਂ ਦੀ ਬੇਵਸੀ ਦਾ ਫਾਇਦਾ ਚੱਕ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਨਫਰਤ ਦੇ ਬੀਅ ਬੀਜਦਾ ਹੈ।

ਇਸ ਘਟਨਾ ਨੇ ਸਿਰਫ ਸ਼ਿਮਲਾ ਦੇ ਲੋਕਾਂ ਦੇ ਦਿਲਾਂ ਨੂੰ ਹੀ ਨਹੀਂ ਹਲੂਣਿਆ ਸਗੋਂ ਸਮਾਜ ਦੇ ਸਭ ਸੰਵੇਦਨਸ਼ੀਲ ਲੋਕਾਂ ਦੇ ਮਨਾਂ ‘ਚ ਰੋਸ ਤੇ ਗੁੱਸਾ ਪੈਦਾ ਕੀਤਾ। ਲੋਕ ਸੋਸ਼ਲ ਮੀਡੀਆ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਮੁਜ਼ਾਹਰਿਆਂ ਰਾਹੀਂ ਇਸ ਘਟਨਾ ਵਿਰੁੱਧ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਇਸੇ ਦੀ ਲੜੀ ਵਿੱਚ 25 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਕੁੱਝ ਵਿਦਿਆਰਥਣਾਂ ਨੇ ਇੱਕ ਮੁਜ਼ਾਹਰੇ ਦੀ ਸ਼ੁਰੂਆਤ ਕੀਤੀ ਜਿਸਨੂੰ ਵਿਦਿਆਰਥੀ ਜਥੇਬੰਦੀਆਂ ਦੀ ਮਦਦ ਸਦਕਾ ਨੇਪਰੇ ਚਾੜਿਆ ਗਿਆ। ਇਸ ਮੁਜ਼ਾਹਰੇ ਦੌਰਾਨ ਹਿਮਾਚਲ ਦੀ ਇੱਕ ਆਮ ਵਿਦਿਆਰਥਣ ਜਦ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਆਪਣੇ ਲੋਕਾਂ ਦੀ ਲੜਾਈ ‘ਚ ਸ਼ਾਮਲ ਹੋਣ ਲਈ ਅਪੀਲ ਕਰ ਰਹੀ ਸੀ ਤਾਂ ਉਸਦੀਆਂ ਅੱਖਾਂ ਨਮ ਹੋ ਗਈਆਂ। ਪਰ ਇਹ ਹੰਝੂ ਇਸ ਵਾਰ ਕਮਜੋਰੀ ਦੇ ਨਹੀਂ ਸਗੋਂ ਉਸ ਗੁੱਸੇ ਤੇ ਨਫਰਤ ਦੇ ਪ੍ਰਤੀਕ ਸਨ ਜੋ ਇਸ ਔਰਤ ਵਿਰੋਧੀ ਢਾਂਚੇ ਅਤੇ ਇਸਦੇ ਹਰ ਅੰਗ ਪ੍ਰਤੀ ਮਹਿਸੂਸ ਕਰਦੀ ਹੈ ਜੋ ਕੁੜੀਆਂ ਦੇ ਰੂਪ ਨੂੰ ਚੀਰ ਦੇਣ ਵਾਲ਼ੇ ਦਰਿੰਦਿਆਂ ਨੂੰ ਪੈਦਾ ਕਰਦਾ ਹੈ। ਅਪੀਲ ਕਰਨ ਸਮੇਂ ਨਾ ਤਾਂ ਉਸਦੀ ਅਵਾਜ਼ ਕੰਬੀ ਤੇ ਨਾ ਹੀ ਹਿੰਮਤ ਡੋਲ਼ੀ। ਜਦ ਇਹ ਨਿਡਰਤਾ, ਹਿੰਮਤ ਅਤੇ ਅਡੋਲ ਵਿਸ਼ਵਾਸ਼ ਸਮਾਜ ਦੀਆਂ ਬਹੁਗਿਣਤੀ ਔਰਤਾਂ ਦੀ ਸਖਸ਼ੀਅਤ ਦਾ ਅਟੁੱਟਵਾਂ ਅੰਗ ਬਣ ਜਾਵੇਗਾ ਅਤੇ ਸਦੀਆਂ ਤੋਂ ਔਰਤਾਂ ਨੂੰ ਗੁਲਾਮ ਬਣਾਈ ਰੱਖਣ ਵਾਲ਼ਿਆਂ ਵਿਰੁੱਧ ਲੜਾਈ ਦੀ ਦਿਸ਼ਾ ਲੈ ਲਵੇਗਾ ਤਦ ਹੀ ਦਾਮਿਨੀ, ਨਿਰਭੈਆ ਤੇ ਸ਼ਿਮਲਾ ਦੀ ਗੁਡੀਆ ਅਤੇ ਹਜ਼ਾਰਾਂ ਹੀ ਅਜਿਹੀਆਂ ਕੁੜੀਆਂ ਨੂੰ ਸੱਚੇ ਮਾਅਨਿਆਂ ‘ਚ ਇਨਸਾਫ ਮਿਲ਼ੇਗਾ। ਪਰ ਜੇਕਰ ਅੱਜ ਵੀ ਤੁਸੀਂ ਸਰਕਾਰਾਂ ਦੇ ਖੋਖਲੇ ਵਾਅਦਿਆਂ, ਅਦਾਲਤਾਂ-ਕਚਿਹਰੀਆਂ ‘ਚ ਇਨਸਾਫ ਦੀ ਦੇਵੀ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਆਸ ਕਰਦੇ ਹੋ ਤਾਂ ਇਹ ਮੂਰਖਤਾ ਤੋਂ ਵੱਧ ਘਾਤਕ ਸਿੱਧ ਹੋਵੇਗਾ। ਦਾਮਿਨੀ, ਨਿਰਭੈਆ ਤੇ ਗੁਡੀਆ ਵਰਗੀਆਂ ਹਜ਼ਾਰਾਂ ਬੇਗੁਨਾਹਾਂ ਦੇ ਇਸ ਹਸ਼ਰ ਦਾ ਇੱਕ ਕਾਰਨ ਸਾਡਾ ਫੈਸਲਾ ਤੇ ਸਾਡੀ ਚੁੱਪੀ ਵੀ ਹੈ।

ਪਰ ਜੇ ਤੁਸੀਂ ਇਸ ਢਾਂਚੇ ਦੇ ਗੰਦ ਨਾਲ਼ ਪੂਰੀ ਤਰਾਂ ਲਿੱਬੜੇ ਨਹੀਂ ਹੋ, ਜੇ ਤੁਹਾਡੇ ‘ਚ ਮਨੁੱਖਤਾ ਦੀ ਥੋੜੀ ਚਿਣਗ ਹਾਲੇ ਵੀ ਬਾਕੀ ਹੈ ਤਾਂ ਆਉ ਫੌਰੀ ਤੌਰ ‘ਤੇ ਸ਼ਿਮਲਾ ‘ਚ ਲੜ ਰਹੇ ਲੋਕਾਂ ਲਈ ਦੇਸ਼ ਦੇ ਹਰ ਕੋਨੇ ਤੋਂ ਆਪਣੀਆਂ ਅਵਾਜ਼ਾਂ ਬੁਲੰਦ ਕਰਕੇ ਉਹਨਾਂ ਨੂੰ ਸੁਨੇਹਾ ਦੇਈਏ ਕਿ ਉਹ ਇਕੱਲੇ ਨਹੀਂ ਹਨ ਅਤੇ ਇੱਕ ਲੰਬੀ ਲੜਾਈ ਅਜਿਹੀ ਦਰਿੰਦਗੀ ਨੂੰ ਪੈਦਾ ਕਰਨ ਵਾਲੇ ਗਲ-ਸੜ ਰਹੇ ਇਸ ਮਨੁੱਖਦੋਖੀ ਢਾਂਚੇ ਵਿਰੁੱਧ ਇੱਕ ਵਿਚਾਰ, ਇੱਕ ਝੰਡੇ ਹੇਠ ਆ ਕੇ ਲੜੀਏ। ਆਉ ਆਪਣੇ ਮਨੁੱਖ ਹੋਣ ਦੀ ਸ਼ਰਤ ਨੂੰ ਪੂਰਾ ਕਰੀਏ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

Advertisements