ਸਵੇਰ ਦਾ ਰੰਗ ਭੂਰਾ ਲੇਖਕ — ਫਰਾਂਕ ਪਾਵਲੋਫ਼

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚਾਰਲੀ ਤੇ ਮੈਂ ਧੁੱਪੇ ਬੈਠੇ ਸਾਂ। ਸਾਡੇ ਦੋਵਾਂ ‘ਚੋਂ ਕੋਈ ਜ਼ਿਆਦਾ ਗੱਲ ਨਹੀਂ ਕਰ ਰਿਹਾ ਸੀ। ਬਸ ਦਿਮਾਗ ਵਿੱਚ ਆ ਰਹੇ ਪੁੱਠੇ-ਸਿੱਧੇ ਵਿਚਾਰਾਂ ਬਾਰੇ ਆਪਸ ਵਿੱਚ ਗੱਲਾਂ ਮਾਰ ਰਹੇ ਸਾਂ। ਇਮਾਨਦਾਰੀ ਨਾਲ਼ ਕਹਾਂ ਤਾਂ ਮੈਂ ਉਹਦੀ ਗੱਲ ‘ਤੇ ਬਹੁਤਾ ਧਿਆਨ ਨਹੀਂ ਦੇ ਰਿਹਾ ਸੀ। ਅਸੀਂ ਕੌਫ਼ੀ ਦੀਆਂ ਚੁਸਕੀਆਂ ਲੈ ਰਹੇ ਸੀ ਅਤੇ ਸਮਾਂ ਸੁੱਖੀ-ਸਾਂਦੀ ਬੀਤ ਰਿਹਾ ਸੀ। ਅਸੀਂ ਦੁਨੀਆਂ ਦੀ ਗਤੀਸ਼ੀਲਤਾ ਨੂੰ ਨਿਹਾਰ ਰਹੇ ਸੀ। ਉਹ ਮੈਨੂੰ ਆਪਣੇ ਕੁੱਤੇ ਬਾਰੇ ਕੁੱਝ ਦੱਸ ਰਿਹਾ ਸੀ। ਕਿਸੇ ਟੀਕੇ ਬਾਰੇ ਜੋ ਉਸਨੂੰ ਕੁੱਤੇ ਨੂੰ ਲਾਉਣਾ ਪਿਆ ਸੀ ਪਰ ਤਦ ਵੀ ਮੈਂ ਅਸਲੋਂ ਕੋਈ ਗੌਰ ਨਹੀਂ ਕੀਤਾ।

ਵਿਚਾਰੇ ਜਾਨਵਰ ਦੀ ਤਕਲੀਫ਼ ਦੁਖਦਾਈ ਸੀ ਪਰ ਜੇ ਇਮਾਨਦਾਰੀ ਨਾਲ਼ ਕਹੀਏ ਤਾਂ ਉਹਦੀ ਉਮਰ ਪੰਦਰਾਂ ਸਾਲ ਸੀ ਜੋ ਇੱਕ ਕੁੱਤੇ ਲਈ ਬਥੇਰੀ ਹੈ। ਇਸ ਲਈ ਮੈਂ ਸੋਚਿਆ ਕਿ ਉਹ ਇਸ ਗੱਲ ਨਾਲ਼ ਵਾਕਿਫ਼ ਹੈ ਕਿ ਕੁੱਤੇ ਨੂੰ ਕਿਸੇ ਦਿਨ ਜਾਣਾ ਹੀ ਹੈ।

‘ਵੇਖੋ’, ਚਾਰਲੀ ਨੇ ਕਿਹਾ, ‘ਮੈਂ ਉਸਨੂੰ ਭੂਰੇ ਰੰਗ ਦਾ ਤਾਂ ਨਹੀਂ ਕਹਿ ਸਕਦਾ ਸੀ।’

‘ਹਾਂ ਜ਼ਾਹਿਰ ਹੈ। ਉਹ ਆਖਰ ਨੂੰ ਇੱਕ ਲੈਬਰੇਡੋਰ ਸੀ, ਉਹ ਇੱਕ ਕਾਲਾ ਲੈਬਰਾਡੋਰ ਹੀ ਸੀ ਨਾ? ‘ਖ਼ੈਰ ਛੱਡੋ, ਉਹਨੂੰ ਹੋਇਆ ਕੀ ਸੀ?’

‘ਕੁੱਝ ਵੀ ਨਹੀਂ। ਬਸ ਇਹੀ ਕਿ ਉਹ ਭੂਰਾ ਕੁੱਤਾ ਨਹੀਂ ਸੀ। ਬਸ ਇਨਾਂ ਹੀ।’

‘ਕੀ? ਤਾਂ ਉਹਨਾਂ ਨੇ ਹੁਣ ਕੁੱਤਿਆਂ ‘ਤੇ ਵੀ ਸ਼ੁਰੂ ਕਰ ਦਿੱਤਾ ਹੈ।’

‘ਹਾਂ।’

ਪਿੱਛਲੇ ਮਹੀਨੇ ਬਿੱਲੀਆਂ ਨਾਲ਼ ਅਜਿਹਾ ਹੋਇਆ ਸੀ। ਮੈਂ ਬਿੱਲੀਆਂ ਬਾਰੇ ਜਾਣਦਾ ਸੀ। ਮੇਰੇ ਕੋਲ਼ ਵੀ ਇੱਕ ਸੀ। ਇੱਕ ਅਵਾਰਾ ਬਿੱਲੀ ਜਿਸਨੂੰ ਮੈਂ ਪਾਲ਼ਿਆ ਸੀ। ਕਾਲੇ ਤੇ ਚਿੱਟੇ ਰੰਗ ਦੀ ਇੱਕ ਟਿੱਡੀ ਜਿਹੀ ਗੰਦੀ ਜਿਹੀ ਬਿੱਲੀ। ਮੈਂ ਉਹਨੂੰ ਪਸੰਦ ਕਰਦਾ ਸੀ ਪਰ ਮੈਨੂੰ ਉਹਦੇ ਤੋਂ ਛੁਟਕਾਰਾ ਲੈਣਾ ਪਿਆ।

ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਕੋਲ਼ ਵੀ ਤਰਕ ਹਨ। ਬਿੱਲੀਆਂ ਦੀ ਅਬਾਦੀ ਬੇਕਾਬੂ ਹੋ ਰਹੀ ਸੀ ਅਤੇ ਜਿਵੇਂ ਕਿ ਸਰਕਾਰੀ ਵਿਗਿਆਨਕ ਕਹਿ ਰਹੇ ਸਨ ਕਿ ਮੁੱਖ ਚੀਜ਼ ਭੂਰੀਆਂ ਬਿੱਲੀਆਂ ਪਾਲਣਾ ਹੀ ਹੈ। ਤਾਜ਼ਾ ਤਜ਼ਰਬਿਆਂ ਮੁਤਾਬਕ ਭੂਰੇ ਪਾਲਤੂ ਜਾਨਵਰ ਦੂਜਿਆਂ ਦੇ ਮੁਕਾਬਲੇ ਸਾਡੀ ਆਧੁਨਿਕ ਸ਼ਹਿਰੀ ਜ਼ਿੰਦਗੀ ਦੇ ਲਿਹਾਜ਼ ਨਾਲ਼ ਵੱਧ ਫਿੱਟ ਬੈਠਦੇ ਹਨ। ਉਹ ਗੰਦ ਘੱਟ ਪਾਉਂਦੇ ਨੇ ਤੇ ਖਾਂਦੇ ਵੀ ਬਹੁਤ ਘੱਟ ਨੇ। ਕਿਸੇ ਵੀ ਹਾਲਤ ‘ਚ, ਬਿੱਲੀ ਆਖ਼ਰ ਬਿੱਲੀ ਹੈ ਅਤੇ ਭੂਰੇ ਤੋਂ ਬਿਨਾਂ ਨਾਲ਼ ਹੋਰ ਸਾਰੇ ਰੰਗ ਵਾਲ਼ੀਆਂ ਬਿੱਲੀਆਂ ਤੋਂ ਛੁਟਕਾਰਾ ਪਾ ਕੇ ਇੱਕ ਹੀ ਵਾਰ ਵਿੱਚ ਸਮੱਸਿਆ ਤੋਂ ਛੁਟਕਾਰਾ ਪਾ ਲੈਣਾ ਹੀ ਸਮਝਦਾਰੀ ਹੈ।

ਫ਼ੌਜੀ ਪੁਲਿਸ ਆਰਸੈਨਿਕ ਦੀਆਂ ਗੋਲ਼ੀਆਂ ਮੁਫ਼ਤ ਦੇ ਰਹੀ ਸੀ। ਤੁਸੀਂ ਸਿਰਫ਼ ਇਨਾ ਕਰਨਾ ਸੀ ਕਿ ਉਹਨਾਂ ਦੇ ਖਾਣੇ ਵਿੱਚ ਗੋਲ਼ੀਆਂ ਮਿਲਾ ਦੇਵੋ ਅਤੇ ਕਹਾਣੀ ਖ਼ਤਮ। ਇੱਕ ਵਾਰੀ ਤਾਂ ਮੇਰਾ ਦਿਲ ਟੁੱਟ ਗਿਆ ਪਰ ਜਲਦੀ ਹੀ ਮੈਂ ਇਸ ਵਿੱਚੋਂ ਉੱਭਰ ਆਇਆ।

ਮੈਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਖ਼ਬਰ ਨੇ ਮੈਨੂੰ ਥੋੜਾ ਝੰਜੋੜ ਦਿੱਤਾ ਸੀ। ਮੈਨੂੰ ਨਹੀਂ ਸੀ ਪਤਾ ਕਿਓਂ, ਖਾਸਕਰ ਸ਼ਾਇਦ ਇਸ ਲਈ ਕਿ ਉਹ ਮੁਕਾਬਲਤਨ ਵੱਡੇ ਹੁੰਦੇ ਹਨ ਜਾਂ ਸ਼ਾਇਦ ਇਸ ਲਈ ਕਿ ਉਹ ਮਨੁੱਖ ਦੇ ਸਭ ਤੋਂ ਚੰਗੇ ਮਿੱਤਰ ਹੁੰਦੇ ਹਨ, ਜਿਵੇਂ ਕਿ ਕਿਹਾ ਜਾਂਦਾ ਹੈ।

ਖ਼ੈਰ, ਚਾਰਲੀ ਨੇ ਇਸ ਮਾਮਲੇ ਵਿੱਚ ਕਦਮ ਵਧਾ ਹੀ ਦਿੱਤੇ ਅਤੇ ਇਹ ਸਹੀ ਵੀ ਸੀ। ਆਖ਼ਰਕਾਰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਸਿਰ-ਖਪਾਈ ਕਰਨ ਨਾਲ਼ ਕੁੱਝ ਹੋਣਾ-ਹੂਣਾ ਤਾਂ ਸੀ ਨਹੀਂ ਅਤੇ ਜਿੱਥੋਂ ਤੱਕ ਭੂਰੇ ਕੁੱਤਿਆਂ ਦੀ ਗੱਲ ਹੈ ਉਹ ਹੋਰਾਂ ਨਾਲ਼ੋਂ ਬਿਹਤਰ ਹਨ, ਮੈਂ ਸਮਝਦਾ ਹਾਂ ਇਹ ਗੱਲ ਸਹੀ ਹੀ ਹੋਵੇਗੀ।

ਸਾਡੇ ਦੋਵਾਂ ਵਿੱਚ ਜ਼ਿਆਦਾ ਕੋਈ ਗੱਲ ਕਰਨ ਲਾਇਕ ਨਹੀਂ ਬਚੀ ਤਾਂ ਥੋੜ੍ਹੀ ਦੇਰ ਬਾਅਦ ਅਸੀਂ ਆਪਣੇ-ਆਪਣੇ ਰਾਹ ਪੈ ਗਏ ਪਰ ਦਿਮਾਗ਼ ਦੇ ਇੱਕ ਕੋਨੇ ਵਿੱਚ ਮੈਨੂੰ ਲੱਗ ਰਿਹਾ ਸੀ ਕਿ ਕੁੱਝ ਅਣਕਿਹਾ ਰਹਿ ਗਿਆ ਹੈ। ਬਾਕੀ ਦਾ ਦਿਨ ਇਸੇ ਸ਼ੱਕ ਦੇ ਪਰਛਾਵੇਂ ਵਿੱਚ ਲੰਘਿਆ।

ਇਸ ਘਟਨਾ ਨੂੰ ਜ਼ਿਆਦਾ ਦਿਨ ਵੀ ਨਹੀਂ ਹੋਏ ਕਿ ਚਾਰਲੀ ਨੂੰ ਬਰੇਕਿੰਗ ਨਿਊਜ਼ ਦੇਣ ਦੀ ਮੇਰੀ ਵਾਰੀ ਆ ਗਈ। ਮੈਂ ਉਸਨੂੰ ਦੱਸਿਆ ਕਿ ‘ਡੇਲੀ’   ਹੁਣ ਕਦੀ ਨਹੀਂ ਛਪੇਗਾ। ‘ਦ ਡੇਲੀ’, ਜਿਸਨੂੰ ਉਹ ਕਾਫ਼ੀ ਪੀਂਦਾ ਹੋਇਆ ਰੋਜ਼ ਸਵੇਰੇ ਪੜ੍ਹਦਾ ਸੀ।

‘ਤੂੰ ਕਹਿਣਾ ਕੀ ਚਾਹੁੰਦਾ ਹੈਂ? ਕੀ ਉਹ ਹੜਤਾਲ਼ ‘ਤੇ ਨੇ? ਕੀ ਉਹ ਦਿਵਾਲ਼ੀਆ ਹੋ ਗਏ ਹਨ ਜਾਂ ਕੁੱਝ ਹੋਰ?’

‘ਨਹੀਂ, ਨਹੀਂ। ਅਜਿਹਾ ਕੁੱਝ ਵੀ ਨਹੀਂ ਹੋਇਆ। ਇਹਦਾ ਸਬੰਧ ਕੁੱਤਿਆਂ ਵਾਲ਼ੇ ਮਾਮਲੇ ਨਾਲ਼ ਹੈ।’

‘ਕੀ ਭੂਰੇ ਵਾਲ਼ੇ?’

‘ਬਿਲਕੁਲ ਠੀਕ। ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦ ਉਹਨਾਂ ਉਸ ਨਵੇਂ ਕਨੂੰਨ ਬਾਰੇ ਗੱਲ ਨਾ ਕੀਤੀ ਹੋਵੇ। ਗੱਲ ਇਥੋਂ ਤੱਕ ਪਹੁੰਚ ਗਈ ਕਿ ਉਹਨਾਂ ਵਿਗਿਆਨਕ ਤੱਥਾਂ ‘ਤੇ ਹੀ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਮੇਰੇ ਕਹਿਣ ਦਾ ਮਤਲਬ ਇਹ ਕਿ ਪਾਠਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਹੋਰ ਕੀ ਸੋਚਣ। ਉਹਨਾਂ ਵਿੱਚੋਂ ਕੁੱਝ ਨੇ ਆਪਣੇ ਕੁੱਤੇ ਲੁਕਾਉਣੇ ਸ਼ੁਰੂ ਕਰ ਦਿੱਤੇ ਸਨ।’

‘ਪਰ ਇਹ ਤਾਂ ਸੰਕਟ ਨੂੰ ਸੱਦਾ ਹੈ।’

‘ਹਾਂ, ਬਿਲਕੁਲ ਅਤੇ ਇਸੇ ਲਈ ਹਰ ਅਖ਼ਬਾਰ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।’

‘ਤੂੰ ਮਜ਼ਾਕ ਕਰ ਰਿਹਾ ਹੈਂ। ਰੇਸਿੰਗ ਦਾ ਕੀ ਹੋਵੇਗਾ?’

‘ਹੂੰ… ਮੇਰੇ ਪੁਰਾਣੇ ਦੋਸਤ, ਤੈਨੂੰ ਤਾਂ ਇਸ ਬਾਰੇ ਸੁਝਾਅ ਆਉਣ ਵਾਲ਼ੇ ਦਿਨਾਂ ਵਿੱਚ ‘ਬਰਾਊਨ ਨਿਊਜ਼’ ਤੋਂ ਲੈਣੇ ਸ਼ੁਰੂ ਕਰਨੇ ਹੋਣਗੇ। ਨਹੀਂ ਲਵੇਂਗਾ ਕੀ? ਹੋਰ ਕੁੱਝ ਵੀ ਨਹੀਂ ਹੈ ਇੱਥੇ। ਖੈਰ ਘੌੜ-ਦੌੜ ਦਾ ਉਹਨਾਂ ਦਾ ਸੈਕਸ਼ਨ ਉਪਰੀ ਤੌਰ ‘ਤੇ ਇਨਾਂ ਬੁਰਾ ਵੀ ਨਹੀਂ ਹੈ।’

‘ਦੂਜੇ ਬਹੁਤ ਅੱਗੇ ਨਿਕਲ ਗਏ ਹਨ ਪਰ ਆਖ਼ਰਕਾਰ ਤੈਨੂੰ ਕਿਸੇ ਕਿਸਮ ਦਾ ਅਖ਼ਬਾਰ ਤਾਂ ਮਿਲ ਹੀ ਰਿਹਾ ਹੈ। ਮਤਲਬ ਕੀ ਚਲ ਰਿਹਾ ਹੈ ਇਹ ਜਾਨਣ ਦਾ ਤੇਰੇ ਕੋਲ਼ ਕੋਈ ਮਾਧਿਅਮ ਤਾਂ ਰਹੇਗਾ ਹੀ। ਕਿਉਂ?’

ਮੈਂ ਤੁਰਿਆ ਸੀ ਕਿ ਚਾਰਲੀ ਨਾਲ਼ ਆਰਾਮ ਨਾਲ਼ ਕੌਫ਼ੀ ਪਿਆਂਗਾ ਅਤੇ ਇੱਥੇ ਮੈਂ ਬਰਾਊਨ ਨਿਊਜ਼ ਦਾ ਇੱਕ ਪਾਠਕ ਬਣਨ ਦੀ ਚਰਚਾ ਵਿੱਚ ਹੀ ਉਲਝਿਆ ਹੋਇਆ ਸੀ। ਕੈਫ਼ੇ ਵਿੱਚ ਮੇਰੇ ਕੋਲ਼ ਬੈਠੇ ਹੋਰ ਲੋਕ ਆਪਣੇ ਵਿੱਚ ਰੁੱਝੇ ਹੋਏ ਸਨ ਕਿ ਜਿਵੇਂ ਕੁੱਝ ਹੋਇਆ ਹੀ ਨਾ ਹੋਵੇ। ਮੈਂ ਸਾਫ਼ ਤੌਰ ‘ਤੇ ਐਵੇਂ ਹੀ ਬੇਚੈਨ ਹੋਈ ਜਾ ਰਿਹਾ ਸੀ।

ਉਸਤੋਂ ਬਾਅਦ ਵਾਰੀ ਸੀ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ। ਇਸ ਬਾਰੇ ਵਿੱਚ ਕੁੱਝ ਅਜਿਹਾ ਸੀ ਜੋ ਸਹੀ ਨਹੀਂ ਸੀ। ‘ਦ ਡੇਲੀ’ ਜਿਹੀਆਂ ਜੱਥੇਬੰਦੀਆਂ ਨਾਲ਼ ਜੁੜੀਆਂ ਸੰਸਥਾਵਾਂ ਨੂੰ ਅਦਾਲਤਾਂ ਵਿੱਚ ਘਸੀਟਿਆ ਗਿਆ ਸੀ ਅਤੇ ਉਹਨਾਂ ਦੀਆਂ ਕਿਤਾਬਾਂ ਲਾਇਬ੍ਰੇਰੀਆਂ ਅਤੇ ਕਿਤਾਬਾਂ ਦੀਆਂ ਦੁਕਾਨਾਂ ਤੋਂ ਹਟਾ ਲਈਆਂ ਗਈਆਂ ਸਨ ਪਰ ਫਿਰ ਦੋਬਾਰਾ ਪ੍ਰਕਾਸ਼ਤ ਉਹਨਾਂ ਦੀ ਹਰ ਚੀਜ਼ ਵਿੱਚ ਕੁੱਤਾ ਜਾਂ ਬਿੱਲੀ ਸ਼ਬਦਾਂ ਦਾ ਉਲੇਖ ਹੁੰਦਾ ਮਹਿਸੂਸ ਹੁੰਦਾ ਸੀ। ਹਮੇਸ਼ਾਂ ‘ਭੂਰੇ’ ਸ਼ਬਦ ਨਾਲ਼ ਨਾ ਵੀ ਹੋਵੇ, ਤਦ ਵੀ। ਤਾਂ ਉਹਨਾਂ ਇਰਾਦੇ ਜ਼ਾਹਿਰ ਸਨ।

‘ਇਹ ਤਾਂ ਨਿਰੀ ਭਕਾਈ ਹੈ,’ ਚਾਰਲੀ ਨੇ ਕਿਹਾ। ‘ਕਨੂੰਨ, ਕਨੂੰਨ ਹੈ। ਉਹਦੇ ਨਾਲ਼ ਚੂਹੇ ਬਿੱਲੀ ਦੀ ਖੇਡ ਕਰਨ ਦਾ ਕੋਈ ਮਤਲਬ ਨਹੀਂ।’

‘ਭੂਰਾ,’ ਉਹਨੇ ਜੋੜਿਆ, ਆਪਣੇ ਆਸਪਾਸ ਦੇਖਦੇ ਹੋਏ ਕਿ ਕਿਤੇ ਕੋਈ ਸਾਡੀ ਗੱਲਬਾਤ ਤਾਂ ਨਹੀਂ ਸੁਣ ਰਿਹਾ। ‘ਭੂਰਾ ਚੂਹਾ।’

ਸੁਰੱਖਿਆ ਦੇ ਲਿਹਾਜ਼ ਤੋਂ ਅਸੀਂ ਵਾਕ ਅੰਸ਼ਾਂ ਜਾਂ ਦੂਜੇ ਖਾਸ ਸ਼ਬਦਾਂ ਪਿੱਛੇ ‘ਭੂਰਾ’ ਜੋੜਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਬਰਾਊਨ ਪੇਸਟਰੀ ਬਾਰੇ ਗੱਲਬਾਤ ਕਰਦੇ, ਸ਼ੁਰੂ ‘ਚ ਇਹ ਥੋੜਾ ਅਜੀਬ ਲੱਗਿਆ ਪਰ ਬੋਲੇ ਤਾਂ ਇੰਝ ਹੀ ਹਮੇਸ਼ਾਂ ਬਦਲਦੇ ਰਹੇ ਹਨ। ਇਸਲਈ ਸਾਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਅਸੀਂ ਆਪਣੀ ਗੱਲ ਦੇ ਆਖ਼ਰ ਵਿੱਚ ‘ਭੂਰਾ’ ਜੋੜੀਏ ਜਾਂ ਕਹੀਏ, ਢੱਠੇ ਖੂਹ ‘ਚ ਪੈ। ਜੋ ਕਿ ਆਮ ਤੌਰ ‘ਤੇ ਕਹਿੰਦੇ ਹੀ ਸੀ। ਘੱਟੋ-ਘੱਟ ਇੰਝ ਅਸੀਂ ਕੋਈ ਮੁਸੀਬਤ ਮੁੱਲ ਨਹੀਂ ਲਈ ਸੀ ਅਤੇ ਇਹ ਤਰੀਕਾ ਸਾਨੂੰ ਚੰਗਾ ਲੱਗਦਾ ਸੀ।

ਇੱਥੋਂ ਤੱਕ ਕਿ ਸਾਨੂੰ ਘੋੜਿਆਂ ‘ਤੇ ਵੀ ਜਿੱਤ ਨਸੀਬ ਹੋਈ। ਮੇਰਾ ਮਤਲਬ, ਇਹ ਕੋਈ ਜੈਕਪਾਟ ਜਾਂ ਹੋਰ ਕੁੱਝ ਨਹੀਂ ਸੀ ਪਰ ਇਹ ਸੀ ਤਾਂ ਜਿੱਤ ਹੀ। ਸਾਡੀ ਪਹਿਲੀ ‘ਭੂਰੀ’ ਜਿੱਤ ਅਤੇ ਇੰਝ ਬਾਕੀ ਹਰ ਚੀਜ਼ ਠੀਕ ਲੱਗਣ ਲੱਗੀ।

ਚਾਰਲੀ ਨਾਲ਼ ਬਿਤਾਇਆ ਇੱਕ ਦਿਨ ਮੈਂ ਹਮੇਸ਼ਾ ਯਾਦ ਰੱਖਾਂਗਾ। ਮੈਂ ਉਹਨੂੰ ਕੱਪ ਦਾ ਫਾਈਨਲ ਵੇਖਣ ਖਾਤਰ ਆਪਣੇ ਘਰ ਬੁਲਾਇਆ ਸੀ ਅਤੇ ਜਿਵੇਂ ਹੀ ਇੱਕ ਦੂਜੇ ਨਾਲ਼ ਮਿਲ਼ੇ, ਅਸੀਂ ਹੱਸ ਪਏ। ਉਹਨੇ ਨਵਾਂ ਕੁੱਤਾ ਲਿਆ ਸੀ। ਉਹ ਇੱਕ ਵੱਡਾ, ਭਾਰਾ ਜਾਨਵਰ ਸੀ। ਪੂੰਛ ਦੀ ਨੋਕ ਤੋਂ ਲੈਕੇ ਥੂਥਣਾਂ ਤੱਕ ਭੂਰੇ ਦਾ ਭੂਰਾ। ਉਹਦੀਆਂ ਅੱਖਾਂ ਵੀ ਭੂਰੀਆਂ ਸਨ।

‘ਹੈ ਨਾ ਕਮਾਲ ਦਾ! ਇਹ ਮੇਰੇ ਪੁਰਾਣੇ ਕੁੱਤੇ ਤੋਂ ਵੱਧ ਮਿੱਤਰਤਾ ਵਾਲ਼ਾ ਹੈ। ਵੱਧ ਸਵਾਮੀ ਭਗਤ ਵੀ। ਮੈਂ ਵੀ ਪਤਾ ਨਹੀਂ ਉਸ ਕਾਲ਼ੇ ਲੈਬਰੇਡੋਰ ਬਾਰੇ ਕੀ ਕੀ ਗੱਲਾਂ ਲੈ ਕੇ ਬਹਿ ਗਿਆ ਸੀ।’

ਜਿਵੇਂ ਹੀ ਉਹਨੇ ਇਹ ਕਿਹਾ ਉਹਦੇ ਨਵੇਂ ਕੁੱਤੇ ਨੇ ਸੋਫ਼ੇ ਤੋਂ ਥੱਲੇ ਛਾਲ਼ ਮਾਰੀ ਅਤੇ ਭੌਂਕਣਾ ਸ਼ੁਰੂ ਕਰ ਦਿੱਤਾ ਅਤੇ ਹਰ ਭਕਾਈ ਵਿੱਚ  ਵਿੱਚ ਜਿਵੇਂ ਉਹ ਕਹਿ ਰਿਹਾ ਹੋਵੇ, ‘ਮੈਂ ਭੂਰਾ ਹਾਂ! ਮੈਂ ਭੂਰਾ ਹਾਂ! ਅਤੇ ਕੋਈ ਮੈਨੂੰ ਨਹੀਂ ਦੱਸਦਾ ਕਿ ਮੈਂ ਕੀ ਕਰਨਾ ਹੈ!’

ਅਸੀਂ ਉਹਨੂੰ ਹੈਰਾਨੀ ਨਾਲ਼ ਵੇਖਿਆ ਅਤੇ ਉਦੋਂ ਹੀ ਸਿੱਕਾ ਡਿੱਗਿਆ।

‘ਤੂੰ ਵੀ?’ ਚਾਰਲੀ ਨੇ ਕਿਹਾ।

‘ਮੈਂ ਡਰ ਗਿਆ ਹਾਂ।’

ਤੁਸੀਂ ਦੇਖੋ, ਉਸੇ ਸਮੇਂ ਮੇਰੀ ਨਵੀਂ ਬਿੱਲੀ ਨੇ ਕਮਰੇ ਵਿੱਚ ਛਾਲ਼ ਮਾਰੀ ਅਤੇ ਅਲਮਾਰੀ ਉੱਪਰ ਲੁਕਣ ਲਈ ਪਰਦੇ ‘ਤੇ ਜਾ ਚੜੀ। ਭੂਰੀ ਫਰ ਵਾਲ਼ੀ ਬਿੱਲੀ ਅਤੇ ਉਹ ਭੂਰੀਆਂ ਅੱਖਾਂ ਜੋ ਲੱਗਦਾ ਸੀ ਤੁਸੀਂ ਜਿੱਥੇ-ਜਿੱਥੇ ਜਾਂਦੇ ਹੋ ਉਹ ਤੁਹਾਡਾ ਪਿੱਛਾ ਕਰਦੀਆਂ ਰਹਿੰਦੀਆਂ ਹਨ ਅਤੇ ਇਸਲਈ ਅਸੀਂ ਦੋਵੇਂ ਹੱਸ ਪਏ ਸਾਂ। ਸੰਯੋਗ ਦੇ ਵੀ ਕੀ ਕਹਿਣੇ!

‘ਮੈਂ ਵੀ ਬਿੱਲੀ ਵਾਲ਼ਾ ਆਦਮੀ ਹਾਂ ਵੈਸੇ। ਦੇਖੋ ਕਿਨੀ ਪਿਆਰੀ ਹੈ, ਹੈ ਨਾ?’

‘ਸੋਹਣੀ’, ਉਹਨੇ ਆਪਣਾ ਸਿਰ ਹਿਲਾਉਂਦੇ ਹੋਏ ਕਿਹਾ।

ਅਸੀਂ ਫਿਰ ਟੀਵੀ ਨੂੰ ਮੁਖ਼ਾਤਿਬ ਹੋਏ। ਸਾਡੇ ਦੋਵੇਂ ਭੂਰੇ ਜਾਨਵਰ ਆਪਣੀਆਂ ਅੱਖਾਂ ਦਿਆਂ ਕੋਨਿਆਂ ਤੋਂ ਇੱਕ ਦੂਜੇ ਨੂੰ ਹੋਸ਼ਿਆਰੀ ਨਾਲ਼ ਘੂਰ ਰਹੇ ਸਨ।

ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਨਾਂ ਸਭ ਹੋਣ ਤੋਂ ਬਾਅਦ ਆਖਰ ਉਹ ਫਾਈਨਲ ਕਿਸ ਨੇ ਜਿੱਤਿਆ। ਮੈਂ ਉਸ ਦਿਨ ਨੂੰ ਅਸਲ ਹਾਸੇ ਵਾਲ਼ੇ ਦਿਨ ਵਾਂਗ ਯਾਦ ਰੱਖਦਾ ਹਾਂ। ਅਸੀਂ ਅਸਲ ‘ਚ ਮਹਿਸੂਸ ਕੀਤਾ ਕਿ ਸ਼ਹਿਰ ਭਰ ਵਿੱਚ ਜੋ ਬਦਲਾਅ ਕੀਤੇ ਜਾ ਰਹੇ ਸਨ ਉਹਨਾਂ ਬਾਰੇ ਆਖ਼ਰਕਾਰ ਚਿੰਤਤ ਹੋਣ ਦੀ ਕੋਈ ਵਜ੍ਹਾ ਨਹੀਂ ਸੀ। ਮਤਲਬ, ਤੁਸੀਂ ਉਹ ਕਰਦੇ ਸੀ ਜਿਸਦੀ ਤੁਹਾਡੇ ਤੋਂ ਆਸ ਸੀ। ਸ਼ਾਇਦ ਨਵੇਂ ਨਿਰਦੇਸ਼ਾਂ ਨੇ ਹਰ ਇੱਕ ਦੀ ਜ਼ਿੰਦਗੀ ਸੁਖਾਲ਼ੀ ਬਣਾ ਦਿੱਤੀ ਸੀ।

ਜ਼ਾਹਰ ਹੈ, ਮੈਂ ਉਸ ਛੋਟੇ ਬੱਚੇ ਨੂੰ ਵੀ ਆਪਣੇ ਖਿਆਲਾਂ ਵਿੱਚ ਜਗ੍ਹਾ ਦਿੱਤੀ ਸੀ ਜੋ ਉਸ ਦਿਨ ਸਵੇਰੇ ਮੈਨੂੰ ਦਿਖਿਆ ਸੀ। ਉਹ ਸੜਕ ਦੇ ਦੂਜੇ ਕੰਢੇ ਗੋਡਿਆਂ ਭਾਰ ਬੈਠਾ ਰੋ ਰਿਹਾ ਸੀ। ਉਹਦੇ ਸਾਹਮਣੇ ਜ਼ਮੀਨ ‘ਤੇ ਇੱਕ ਛੋਟਾ ਜਿਹਾ ਸਫ਼ੇਦ ਕੁੱਤਾ ਮਰਿਆ ਪਿਆ ਸੀ। ਮੈਂ ਜਾਣਦਾ ਸੀ ਕਿ ਉਹ ਜਲਦ ਹੀ ਇਸ ਹਾਦਸੇ ਤੋਂ ਉੱਭਰ ਜਾਵੇਗਾ। ਆਖ਼ਰ ਅਜਿਹਾ ਨਹੀਂ ਸੀ ਕਿ ਕੁੱਤਿਆਂ ਦੀ ਮਨਾਹੀ ਕਰ ਦਿੱਤੀ ਗਈ ਸੀ। ਉਹ ਨੂੰ ਕਰਨਾ ਇਹ ਚਾਹੀਦਾ ਸੀ ਕਿ ਭੂਰਾ ਕੁੱਤਾ ਲਿਆਉਣਾ ਚਾਹੀਦਾ ਸੀ। ਤੁਹਾਨੂੰ ਠੀਕ ਉਸ ਜਿਹਾ ਗੋਦ ਵਿੱਚ ਖਿਡਾਉਣ ਵਾਲ਼ਾ ਪੂਡਲ ਮਿਲ ਸਕਦਾ ਸੀ ਜੋ ਉਸ ਬੱਚੇ ਕੋਲ਼ ਸੀ। ਤਦ ਉਹ ਵੀ ਸਾਡੇ ਵਾਂਗ ਹੁੰਦਾ। ਇਹ ਜਾਣਕੇ ਚੰਗਾ ਲੱਗਦਾ ਹੈ ਕਿ ਤੁਸੀਂ ਕਨੂੰਨ ਦਾ ਸਹੀ ਪਾਲਣ ਕਰਦੇ ਹੋ।

ਫਿਰ ਕੱਲ੍ਹ, ਠੀਕ ਅਜਿਹੇ ਸਮੇਂ ਜਦ ਮੈਨੂੰ ਲਗਦਾ ਸੀ ਕਿ ਸਭ ਕੁੱਝ ਸਹੀ ਹੈ, ਮੈਂ ਵਾਲ਼-ਵਾਲ਼ ਬਚਿਆ, ਨਹੀਂ ਤਾਂ ਫੌਜੀ ਪੁਲਿਸ ਨੇ ਮੈਨੂੰ ਘੇਰ ਲਿਆ ਹੁੰਦਾ। ਭੂਰੀ ਵਰਦੀ ਵਾਲ਼ੇ ਲੋਕ। ਉਹ ਕਦੀ ਵੀ ਤੁਹਾਨੂੰ ਇੰਝ ਹੀ ਨਹੀਂ ਜਾਣ ਦਿੰਦੇ। ਖੁਸ਼ਕਿਸਮਤੀ ਨਾਲ਼ ਉਹਨਾਂ ਮੈਨੂੰ ਨਹੀਂ ਪਛਾਣਿਆ ਕਿਉਂਕਿ ਉਹ ਇਲਾਕੇ ਵਿੱਚ ਨਵੇਂ ਸਨ ਅਤੇ ਹਰ ਕਿਸੇ ਨੂੰ ਹਾਲ਼ੇ ਨਹੀਂ ਸਨ ਜਾਣਦੇ। ਮੈਂ ਚਾਰਲੀ ਦੇ ਘਰ ਜਾ ਰਿਹਾ ਸੀ। ਐਤਵਾਰ ਦਾ ਦਿਨ ਸੀ ਅਤੇ ਮੈਂ ਉਹਦੇ ਘਰ ਤਾਸ਼ ਖੇਡਣ ਜਾ ਰਿਹਾ ਸੀ। ਮੈਂ ਆਪਣੇ ਨਾਲ਼ ਬੀਅਰ ਦੀਆਂ ਕੁੱਝ ਬੋਤਲਾਂ ਵੀ ਲਿਜਾ ਰਿਹਾ ਸੀ। ਤੁਸੀਂ ਵੀ ਕਦੇ-ਕਦਾਈਂ ਤਾਸ਼ ਦੀਆਂ ਮਜ਼ੇਦਾਰ ਖੇਡਾਂ ਖੇਡਦੇ ਰਹਿੰਦੇ ਹੋਵੋਗੈ।  ਮੇਜ਼ ‘ਤੇ ਤਾਲ ਵਜਾਉਂਦੇ ਹੋਏ ਅਤੇ ਕੁੱਝ ਚੱਬਦੇ-ਚਬਾਉਂਦੇ ਹੋਏ ਇੱਕ-ਦੋ ਘੰਟੇ ਬਿਤਾਉਣ ਦੀ ਹੀ ਗੱਲ ਸੀ।

ਜਿਵੇਂ ਹੀ ਮੈਂ ਪੌੜੀਆਂ ਚੜਿਆ, ਮੈਨੂੰ ਆਪਣੀ ਜ਼ਿੰਦਗੀ ਦਾ ਪਹਿਲਾ ਧੱਕਾ ਲੱਗਾ। ਉਹਦੇ ਘਰ ਦਾ ਦਰਵਾਜ਼ਾ ਖੁੱਲਾ ਪਿਆ ਸੀ ਅਤੇ ਫੌਜੀ ਪੁਲਿਸ ਦੇ ਦੋ ਅਫ਼ਸਰ ਸਾਹਮਣੇ ਖੜੇ ਸਨ। ਉਹ ਲੋਕਾਂ ਨੂੰ ਚੱਲਦੇ ਰਹਿਣ ਨੂੰ ਕਹਿ ਰਹੇ ਸਨ। ਮੈਂ ਇਵੇਂ ਜ਼ਾਹਰ ਕੀਤਾ ਕਿ ਮੈਂ ਉੱਪਰੀ ਮੰਜ਼ਿਲ ਦੇ ਕਿਸੇ ਫਲੈਟ ਵਿੱਚ ਜਾ ਰਿਹਾ ਹਾਂ ਅਤੇ ਪੌੜੀਆਂ ਚੜ੍ਹ ਗਿਆ। ਉੱਪਰੋਂ ਮੈਂ ਲਿਫ਼ਟ ਰਾਹੀਂ ਥੱਲੇ ਉਤਰ ਆਇਆ। ਬਾਹਰ ਸੜਕ ‘ਤੇ ਕਾਨਾਫੂਸੀ ਸ਼ੁਰੂ ਹੋ ਚੁੱਕੀ ਸੀ।

‘ਪਰ ਉਹਦੇ ਕੋਲ਼ੇ ਤਾਂ ਭੂਰਾ ਕੁੱਤਾ ਹੈ। ਅਸੀਂ ਸਾਰਿਆਂ ਨੇ ਦੇਖਿਆ ਹੈ।’

‘ਸਹੀ ਹੈ, ਹਾਂ, ਪਰ ਉਹ ਕਹਿ ਰਹੇ ਸਨ ਕਿ ਪਹਿਲਾਂ ਤੋਂ ਉਹਦੇ ਕੋਲ਼ ਕਾਲ਼ਾ ਸੀ।’

‘ਪਹਿਲਾਂ?’

‘ਹਾਂ ਪਹਿਲਾਂ। ਤੁਹਾਡੇ ਕੋਲ਼ ਪਹਿਲਾਂ ਤੋਂ ਹੀ ਕੋਈ ਭੂਰਾ ਕੁੱਤਾ ਨਾ ਹੋਣਾ ਵੀ ਇੱਕ ਜੁਰਮ ਹੈ ਅਤੇ ਇਸ ਗੱਲ ਦੀ ਜਾਣਕਾਰੀ ਮਿਲਣੀ ਔਖੀ ਨਹੀਂ ਹੈ। ਉਹ ਕੁੱਝ ਨਹੀਂ ਕਰਨਗੇ ਸਿਰਫ਼ ਗਵਾਂਡੀਆਂ ਤੋਂ ਪੁੱਛ ਲੈਣਗੇ, ਬਸ।’

ਮੈਂ ਝੱਟ ਵਾਪਸ ਤੁਰ ਪਿਆ। ਮੇਰੀ ਧੌਣ ਪਿੱਛੇ ਪਸੀਨੇ ਦੀ ਠੰਡੀ ਧਾਰ ਰੇਂਗਦੀ ਹੋਈ ਗਈ।

ਜੇ ਤੁਹਾਡੇ ਕੋਲ਼ ਕਿਸੇ ਹੋਰ ਰੰਗ ਦਾ ਜਾਨਵਰ ਹੋਣਾ ਅਪਰਾਧ ਹੈ ਤਾਂ ਫੌਜੀ ਪੁਲਿਸ ਕਿਸੇ ਵੀ ਵੇਲੇ ਮੇਰੇ ਵੀ ਪਿੱਛੇ ਲੱਗ ਜਾਵੇਗੀ। ਮੇਰੇ ਬਲਾਕ ਵਿੱਚ ਸਭ ਜਾਣਦੇ ਸਨ ਕਿ ਪਹਿਲਾਂ ਮੇਰੇ ਕੋਲ਼ ਇੱਕ ਕਾਲ਼ੀ-ਚਿੱਟੀ ਬਿੱਲੀ ਸੀ। ਪਹਿਲਾਂ! ਮੈਂ ਇਸ ਬਾਰੇ ਵਿੱਚ ਤਾਂ ਕਦੀ ਸੋਚਿਆ ਹੀ ਨਹੀਂ ਸੀ।

ਅੱਜ ਸਵੇਰੇ, ਬਰਾਊਨ ਰੇਡੀਓ ਨੇ ਖਬਰ ਦੀ ਪੁਸ਼ਟੀ ਕਰ ਦਿੱਤੀ। ਗ੍ਰਿਫ਼ਤਾਰ ਕੀਤੇ ਪੰਜ ਸੌ ਲੋਕਾਂ ਵਿੱਚ ਚਾਰਲੀ ਵੀ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਭਾਵੇਂ ਉਹਨਾਂ ਲੋਕਾਂ ਨੇ ਹਾਲ ਵਿੱਚ ਭੂਰਾ ਜਾਨਵਰ ਖਰੀਦ ਲਿਆ ਹੋਵੇ ਪਰ ਇਹਦਾ ਅਰਥ ਇਹ ਨਹੀਂ ਕਿ ਉਹਨਾਂ ਅਸਲ ਵਿੱਚ ਆਪਣੇ ਸੋਚਣ ਦਾ ਤਰੀਕਾ ਵੀ ਬਦਲ ਲਿਆ ਹੋਵੇ।

‘ਕਿਸੇ ਪੁਰਾਣੇ ਸਮੇਂ ਵਿੱਚ ਅਜਿਹੇ ਕੁੱਤੇ ਜਾਂ ਬਿੱਲੀ ਦਾ ਮਾਲਕ ਹੋਣਾ ਜੋ ਸਮਰੂਪ ਨਹੀਂ ਹੈ, ਇੱਕ ਅਪਰਾਧ ਹੈ,’ ਬੁਲਾਰੇ ਨੇ ਐਲਾਨ ਕੀਤਾ। ਫਿਰ ਉਹਨੇ ਜੋੜਿਆ, ‘ਇਹ ਰਾਜ ਵਿਰੁੱਧ ਅਪਰਾਧ ਹੈ।’

ਉਹਦੇ ਬਾਅਦ ਜੋ ਹੋਇਆ ਉਹ ਹੋਰ ਵੀ ਬੁਰਾ ਸੀ। ਜੇ ਤੁਸੀਂ ਕਦੀ ਖ਼ੁਦ ਕੁੱਤੇ ਜਾਂ ਬਿੱਲੀਆਂ ਨਾ ਰੱਖੀਆਂ ਹੋਣ ਪਰ ਜੇ ਤੁਹਾਡੇ ਪਰਿਵਾਰ ਵਿੱਚ ਕਿਸੇ ਨੇ, ਤੁਹਾਡੇ ਪਿਤਾ ਜਾਂ ਭਰਾ ਜਾਂ ਰਿਸ਼ਤੇਦਾਰ ਨੇ, ਆਪਣੀ ਜ਼ਿੰਦਗੀ ਵਿੱਚ ਕਦੀ ਵੀ ਅਜਿਹੇ ਕੁੱਤੇ-ਬਿੱਲੀ ਪਾਲ਼ੇ ਹੋਣ ਜੋ ਭੂਰੇ ਨਾ ਰਹੇ ਹੋਣ ਤਾਂ ਅਜਿਹੀਆਂ ਹਾਲਤਾਂ ਵਿੱਚ ਵੀ ਤੁਸੀਂ ਦੋਸ਼ੀ ਹੋ। ਤੁਸੀਂ ਹਰ ਹਾਲ ਵਿੱਚ ਦੋਸ਼ੀ ਹੋ।

ਮੈਨੂੰ ਨਹੀਂ ਪਤਾ ਕਿ ਉਹਨਾਂ ਚਾਰਲੀ ਨਾਲ਼ ਕੀ ਕੀਤਾ।

ਇਹ ਪੂਰਾ ਮਾਮਲਾ ਹੱਥੋਂ ਨਿਕਲ ਰਿਹਾ ਸੀ। ਦੁਨੀਆ ਕਮਲ਼ਾ ਗਈ ਸੀ ਅਤੇ ਮੈਂ, ਭਲਾ ਆਦਮੀ ਸੋਚ ਰਿਹਾ ਸੀ ਕਿ ਮੈਂ ਆਪਣੀ ਨਵੀਂ ਭੂਰੀ ਬਿੱਲੀ ਨਾਲ਼ ਸੁਰੱਖਿਅਤ ਹਾਂ।

ਜ਼ਾਹਿਰ ਹੈ, ਜੇ ਉਹ ਪਹਿਲਾਂ ਪਾਲ਼ੇ ਗਏ ਜਾਨਵਰ ਦੇ ਰੰਗ ਨੂੰ ਅਧਾਰ ਬਣਾਉਣ ਤਾਂ ਜਿਹਨੂੰ ਚਾਹੁਣ ਉਸਨੂੰ ਗ੍ਰਿਫ਼ਤਾਰ ਕਰ ਸਕਦੇ ਹਨ।

ਮੈਂ ਉਸ ਰਾਤ ਪਲਕ ਤੱਕ ਨਾ ਝਪਕੀ। ਮੈਨੂੰ ਸ਼ੁਰੂ ਤੋਂ ਹੀ ‘ਭੂਰਿਆਂ’ ‘ਤੇ ਸ਼ੱਕ ਹੋਣਾ ਚਾਹੀਦਾ ਸੀ। ਜਾਨਵਰਾਂ ਬਾਰੇ ਉਹਨਾਂ ਦਾ ਪਹਿਲਾ ਕਨੂੰਨ। ਮੈਨੂੰ ਉਸ ਸਮੇਂ ਕੁੱਝ ਕਹਿਣਾ ਚਾਹੀਦਾ ਸੀ। ਆਖ਼ਰਕਾਰ, ਉਹ ਮੇਰੀ ਬਿੱਲੀ ਸੀ ਅਤੇ ਕੁੱਤਾ ਚਾਰਲੀ ਦਾ ਸੀ। ਸਾਨੂੰ ਸਿਰਫ਼ ਇਹ ਕਹਿਣਾ ਚਾਹੀਦਾ ਸੀ, “ਨਹੀਂ!” ਅਤੇ ਉਹਨਾਂ ਸਾਹਮਣੇ ਖੜੇ ਹੋ ਜਾਣਾ ਚਾਹੀਦਾ ਸੀ, ਪਰ ਅਸੀਂ ਕੀ ਕਰ ਸਕਦੇ ਸੀ? ਮਤਲਬ ਸਭ ਕੁੱਝ ਇੰਨੀ ਤੇਜੀ ਨਾਲ਼ ਹੋਇਆ ਅਤੇ ਫਿਰ ਕੰਮਕਾਜ ਵੀ ਸੀ ਅਤੇ ਦੁਨੀਆ ਭਰ ਦੀਆਂ ਦੂਜੀਆਂ ਚਿੰਤਾਵਾਂ ਅਤੇ ਉਂਝ ਵੀ ਅਸੀਂ ਇਕੱਲੇ ਤਾਂ ਸੀ ਨਹੀਂ। ਹਰ ਕਿਸੇ ਨੇ ਅਜਿਹਾ ਕੀਤਾ ਸੀ। ਆਪਣੇ ਸਿਰ ਝੁਕਾਈ ਰੱਖੇ। ਅਸੀਂ ਸਿਰਫ਼ ਥੋੜੀ ਜਿਹੀ ਸ਼ਾਂਤੀ ਅਤੇ ਤਸੱਲੀ ਚਾਹੁੰਦੇ ਸਾਂ।

ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਇਹ ਤਾਂ ਸਵੇਰ ਦਾ ਸਮਾਂ ਹੈ। ਬਹੁਤ ਸਵੇਰ। ਇਸ ਸਮੇਂ ਤਾਂ ਕੋਈ ਗਸ਼ਤ ‘ਤੇ ਨਹੀਂ ਆਉਂਦਾ। ਹਾਲ਼ੇ ਤਾਂ ਪਹੁ ਵੀ ਨਹੀਂ ਫੁੱਟੀ। ਹਾਲੇ ਤਾਂ ਸਵੇਰ ਦਾ ਰੰਗ ਭੂਰਾ ਹੈ।
ਥਾੜ-ਥਾੜ ਦਰਵਾਜਾ ਕੁੱਟਣਾ ਬੰਦ ਕਰੋ। ਮੈਂ ਆ ਰਿਹਾ ਹਾਂ…

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements