ਸਾਥੀ ਨਵਕਰਨ ਦਾ ਦੁਖਦਾਈ ਵਿਛੋੜਾ! : ਆਓ ਸਾਥੀ ਨਵਕਰਨ ਦੇ ਅਧੂਰੇ ਕਾਜ਼ ਨੂੰ ਨੇਪਰੇ ਚਾੜਨ ਦਾ ਪ੍ਰਣ ਕਰੀਏ

11875214_1669661186599012_787822599360193314_o

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਨੌਜਵਾਨ ਸਾਥੀ ਨਵਕਰਨ ਨਹੀਂ ਰਿਹਾ! ਇਹਨਾਂ ਬੇਰਹਿਮ ਸ਼ਬਦਾਂ ‘ਤੇ ਹਾਲੇ ਤੱਕ ਦਿਲ ਯਕੀਨ ਕਰਨ ਨੂੰ ਤਿਆਰ ਨਹੀਂ, ਪਰ ਵਕਤ ਦਾ ਅਰੁੱਕ ਘੋੜਾ ਆਪਣੀ ਇਸ ਬੇਰਹਿਮ ਸੱਚਾਈ ਦੀ ਪੈੜ ਸਾਡੇ ਚਿਹਰਿਆਂ ‘ਤੇ ਉੱਕਰਦਾ ਹੋਇਆ ਅੱਗੇ ਲੰਘ ਚੁੱਕਾ ਹੈ। ਨੌਜਵਾਨ ਭਾਰਤ ਸਭਾ ਦਾ ਸਰਗਰਮ ਕਾਰਕੁੰਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਨੀਂਹ ਰੱਖਣ ਵਾਲ਼ੇ ਮੋਢੀਆਂ ਵਿੱਚੋਂ ਇੱਕ, ਸਾਥੀ ਨਵਕਰਨ ਬੀਤੀ 23 ਜਨਵਰੀ ਨੂੰ 20 ਸਾਲ ਦੀ ਭਰ ਜੁਆਨ ਉਮਰ ਵਿੱਚ ਇਨਕਲਾਬੀ ਲਹਿਰ ਦੇ ਕਾਫਲੇ ਨੂੰ ਸਦੀਵੀ ਵਿਛੋੜਾ ਦੇ ਗਿਆ। ਸੰਗਰੂਰ ‘ਚ ਰਹਿੰਦਾ ਨਵਕਰਨ ਕਰੀਬ ਤਿੰਨ ਸਾਲ ਪਹਿਲਾਂ ਇਨਕਲਾਬੀ ਲਹਿਰ ਦੇ ਸੰਪਰਕ ਵਿੱਚ ਆਇਆ ਸੀ। ਉਸਨੇ ਗੁਰਬਤ, ਲੁੱਟ, ਬੇਇਨਸਾਫੀ ਦੇ ਜੂਲ੍ਹੇ ਹੇਠ ਪਿਸ ਰਹੀ ਕਿਰਤੀ, ਮਜ਼ਦੂਰ ਲੋਕਾਈ ਦੇ ਦੁੱਖ-ਤਕਲੀਫਾਂ ਦੇ ਕਾਰਨਾਂ ਤੇ ਇਹਨਾਂ ਨੂੰ ਬਦਲਣ ਦੇ ਢੰਗਾਂ ਬਾਰੇ ਸੋਚਣਾ ਸਮਝਣਾ ਸ਼ੁਰੂ ਕਰ ਦਿੱਤਾ। ਅੱਜ ਦੇ ਇਸ ਨਿੱਜੀ ਸੁਆਰਥ, ਲਾਲਚ, ਕੈਰੀਅਰ, ਕਾਰਾਂ, ਕੋਠੀਆਂ ਦੀ ਦੌੜ ਵਾਲ਼ੀ ਜ਼ਿੰਦਗੀ ਵਾਲ਼ੇ ਯੁੱਗ ਵਿੱਚ ਉਹ ਉਹਨਾਂ ਮੁੱਠੀ ਭਰ ਸੰਵੇਦਨਸ਼ੀਲਤ ਬਹਾਦਰ ਨੌਜਵਾਨਾਂ ਵਿੱਚੋਂ ਸੀ ਜਿਨ੍ਹਾਂ ਆਪਣੇ ਸਭ ਸੁਆਰਥ ਤਿਆਗ ਕੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਮੁਕਤੀ ਦੇ ਲੇਖੇ ਲਾਉਣ ਦਾ ਫੈਸਲਾ ਕਰ ਲਿਆ। ਅਕਤੂਬਰ 2013 ਵਿੱਚ ਉਸਨੇ ਪੇਸ਼ੇਵਰ ਕਮਿਊਨਿਸਟ ਇਨਕਲਾਬੀ ਵਜੋਂ ਜ਼ਿੰਦਗੀ ਜਿਉਣ ਦਾ ਫੈਸਲਾ ਕੀਤਾ ਤੇ ਲੁਧਿਆਣੇ ਸ਼ਹਿਰ ਆ ਗਿਆ।

ਨਵਕਰਨ ਦੇ ਕਰੀਬੀ ਰਹੇ ਸਭ ਸਾਥੀ ਇਹ ਗੱਲ ਪ੍ਰਵਾਨ ਕਰਦੇ ਹਨ ਕਿ ਉਹ ਕੋਮਲ, ਸੰਵੇਦਨਸ਼ੀਲ ਰੂਹ ਦਾ ਮਾਲਕ ਸੀ ਤੇ ਇਸ ਸਮਾਜ ਦੀ ਇਨਕਲਾਬੀ ਤਬਦੀਲੀ ਲਈ ਉਸ ਅੰਦਰ ਇੱਕ ਅਮੁੱਕ ਤਾਂਘ ਸੀ। ਹਮੇਸ਼ਾਂ ਹੋਰ ਵਧੇਰੇ ਜਾਨਣ, ਹੋਰ ਵਧੇਰੇ ਕਰਨ, ਹੋਰ ਵਧੇਰੇ ਬਿਹਤਰ ਬਣਦੇ ਜਾਣ ਦੀ ਤਾਂਘ ਉਸਦੀ ਸਖਸ਼ੀਅਤ ਦੇ ਅਨਿੱਖੜਵੇਂ ਗੁਣ ਸਨ। ਕੁੱਝ ਸਮਾਂ ਉਹ ਨੌਜਵਾਨ ਭਾਰਤ ਸਭਾ ਦੀ ਲੁਧਿਆਣਾ ਇਕਾਈ ਦਾ ਕਨਵੀਨਰ ਰਿਹਾ ਤੇ ਉਹ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਸੂਬਾ ਕਮੇਟੀ ਦਾ ਮੈਂਬਰ ਵੀ ਸੀ।  ਉਸਦੀਆਂ ਸਰਗਰਮੀਆਂ ਦਾ ਘੇਰਾ ਬਹੁ-ਭਾਂਤਾ ਸੀ। ਮਜਦੂਰ ਬਸਤੀਆਂ, ਕਿਰਤੀ ਅਬਾਦੀ ਵਿੱਚ ਵੰਨ-ਸੁਵੰਨੇ ਢੰਗਾਂ ਨਾਲ਼ ਪ੍ਰਚਾਰ, ਵੱਖ-ਵੱਖ ਮੁੱਦਿਆਂ ‘ਤੇ ਜਨਤਕ ਲਾਮਬੰਦੀ ਅਤੇ ਮਜਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣਾ, ਉਹਨਾਂ ਨੂੰ ਸੰਗੀਤ ਸਿਖਾਉਣਾ ਆਦਿ ਤੋਂ ਲੈ ਕੇ ਮੈਗਜੀਨ, ਕਿਤਾਬਾਂ ਦੇ ਰੂਪ ਵਿੱਚ ਬੱਸਾਂ, ਰੇਲਾਂ, ਵਿੱਦਿਅਕ ਅਦਾਰਿਆਂ ਤੇ ਸ਼ਹਿਰ ਦੀਆਂ ਅਨੇਕਾਂ ਜਨਤਕ ਥਾਵਾਂ ‘ਤੇ ਇਨਕਲਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੇ ਕੰਮਾਂ ਵਿੱਚ ਉਸਦੀ ਅਹਿਮ ਭੂਮਿਕਾ ਰਹੀ।

ਉਸਨੂੰ ਗੀਤ ਗਾਉਣ ਦਾ ਸ਼ੌਕ ਸੀ ਤੇ ਉਹ ਬੁਲੰਦ ਅਵਾਜ ਦਾ ਮਾਲਕ ਸੀ। ਉਸਦਾ ਦ੍ਰਿੜ ਵਿਸ਼ਵਾਸ਼ ਸੀ ਕਿ ਗੀਤ-ਸੰਗੀਤ ਦੇ ਰਚਣਹਾਰੇ ਕਿਰਤੀ ਲੋਕ ਹਨ ਇਸ ਲਈ ਨਾਮ-ਸ਼ੁਹਰਤ, ਪੈਸਾ, ਹੁੱਲੜਬਾਜੀ ਵਾਲ਼ੇ ਤੁੱਛ ਮਨੋਰੰਜਨ ਤੇ ਧਨਪਸ਼ੂਆਂ ਦੀਆਂ ਅੱਯਾਸ਼ੀਆਂ ਦਾ ਹਿੱਸਾ ਬਣਾਉਣ ਦੀ ਥਾਂ ਗੀਤ-ਸੰਗੀਤ ਨੂੰ ਲੋਕ ਮੁਕਤੀ ਦੇ ਕਾਜ ਵਿੱਚ ਇੱਕ ਅਹਿਮ ਹਥਿਆਰ ਬਣਾਇਆ ਜਾਣਾ ਚਾਹੀਦਾ ਹੈ। ਇਸੇ ਲਈ ਉਹ ਕਿਰਤੀ ਲੋਕਾਂ ਤੱਕ ਉਹਨਾਂ ਦੇ ਜੀਵਨ ਦੀਆਂ ਦੁਸ਼ਵਾਰੀਆਂ, ਉਮੀਦਾਂ, ਚਾਵਾਂ ਤੇ ਸੰਘਰਸ਼ਾਂ ਦੇ ਗੀਤ-ਸੰਗੀਤ ਨੂੰ ਲਿਜਾਣ ਵਿੱਚ ਸਰਗਰਮ ਸੀ। ਉਸਨੇ ਕਿਰਤੀ ਲੋਕਾਂ ਦਰਮਿਆਨ ਵੱਖੋ-ਵੱਖਰੇ ਸਮਾਗਮਾਂ ਦੌਰਾਨ ਵੀ ਗਾਇਆ ਹੈ ਤੇ ਆਪਣੇ ਸਾਥੀਆਂ ਦੀ ਮਹਿਫਲ ਵਿੱਚ ਵੀ, ਜਿਸਦੇ ਕੁੱਝ ਵੀਡੀਓ ਤੇ ਤਸਵੀਰਾਂ ਸਾਡੇ ਕੋਲ਼ ਉਸਦੀ ਇੱਕ ਯਾਦ ਦੇ ਰੂਪ ਵਿੱਚ ਬਾਕੀ ਰਹਿ ਗਏ ਹਨ। ਇਹਨੀਂ ਦਿਨੀਂ ਉਹ ਤੇਜੀ ਨਾਲ਼ ਗਿਟਾਰ ਵਜਾਉਣਾ ਵੀ ਸਿੱਖ ਰਿਹਾ ਸੀ। ਇਸਦੇ ਨਾਲ਼ ਹੀ ਉਹ ਇੱਕ ਚੰਗਾ ਅਨੁਵਾਦਕ ਵੀ ਸੀ, ਹੁਣੇ ਹੀ ਉਸਨੇ ਸਤਾਲਿਨ ਦੇ ਕਿਤਾਬਚੇ ‘ਜਥੇਬੰਦੀ ਬਾਰੇ’ ਦਾ ਅੰਗਰੇਜੀ ਤੋਂ ਪੰਜਾਬੀ ਤਰਜਮਾ ਕੀਤਾ ਸੀ ਤੇ ਇੱਕ ਹੋਰ ਪੁਸਤਕ ਅਨੁਵਾਦ ਅਧੀਨ ਸੀ। ਉਸਨੇ ‘ਲਲਕਾਰ’ ਵਿੱਚ ਕੁੱਝ ਟਿੱਪਣੀਆਂ ਦੇ ਰੂਪ ਵਿੱਚ ਸਮਾਜਿਕ, ਸਿਆਸੀ ਮੁੱਦਿਆਂ ‘ਤੇ ਲਿਖਣ ਦੀ ਸ਼ੁਰੂਆਤ ਵੀ ਕੀਤੀ ਸੀ ਜਿਸਨੂੰ ਉਹ ਹੋਰ ਅੱਗੇ ਤੋਰਨ ਦੇ ਰੌਂਅ ਵਿੱਚ ਸੀ।

ਕਿਰਤੀ ਲੋਕਾਂ ਵਿੱਚ ਸਰਗਰਮ ਹੋਣ ਦੇ ਨਾਲ਼-ਨਾਲ਼ ਉਹ ਆਪਣੇ ਜੀਵਨ ਵਿੱਚ ਵੀ ਸਰੀਰਕ ਕਿਰਤ ਨੂੰ ਵਡੇਰੀ ਅਹਿਮੀਅਤ ਦਿੰਦਾ ਸੀ ਤੇ ਖਾਣਾ ਬਣਾਉਣ, ਭਾਂਡੇ ਮਾਂਜਣ, ਝਾੜੂ-ਪੋਚਾ, ਸਾਫ-ਸਫਾਈ, ਸਾਂਭ-ਸੰਭਾਲ, ਆਪਣੇ ਕੱਪੜੇ ਧੋਣ ਜਿਹੇ ਉਹ ਸਭ ਕੰਮ ਆਪਣੇ ਹੱਥੀਂ ਕਰਦਾ ਸੀ ਜਿਨ੍ਹਾਂ ਤੋਂ ਆਮ ਜ਼ਿੰਦਗੀ ਵਿੱਚ ਨੌਜਵਾਨਾਂ ਨੂੰ ਦੂਰ ਰੱਖਿਆ ਜਾਂਦਾ ਹੈ ਤੇ ਜਿਸ ਕਾਰਨ ਉਹ ਸਰੀਰਕ ਮਿਹਨਤ ਤੇ ਫਿਰ ਮਿਹਨਤ ਕਰਨ ਵਾਲ਼ੇ ਲੋਕਾਂ ਨੂੰ ਵੀ ਨੀਵੀਂ ਨਜਰ ਨਾਲ਼ ਵੇਖਣ ਲੱਗ ਪੈਂਦੇ ਹਨ। ਸਥਾਨਕ ਸਫਰ ਲਈ ਉਹ ਆਮ ਤੌਰ ‘ਤੇ ਸਾਈਕਲ ਦੀ ਹੀ ਵਰਤੋਂ ਕਰਦਾ ਸੀ।

ਮੌਤ ਇਸ ਜਿੰਦਗੀ ਦੀ ਇੱਕ ਬੇਰਹਿਮ ਹਕੀਕਤ ਹੈ। ਇਨਕਲਾਬੀ ਲਹਿਰ ਦੇ ਸੀਮਤ ਜਿਹੇ ਕਾਫਲੇ ਲਈ ਤਾਂ ਇਹ ਹੋਰ ਵੀ ਕਹਿਰਵਾਨ ਹੈ। ਆਪਣੇ ਜੀਵਨ ਨੂੰ ਮਨੁੱਖਤਾ ਦੀ ਮੁਕਤੀ ਲਈ ਸਮਰਪਿਤ ਕਰਨਾ ਤੇ ਇਨਕਲਾਬੀ ਜਥੇਬੰਦੀ ਦਾ ਅੰਗ ਬਣਨਾ ਕਿਸੇ ਵੀ ਮਨੁੱਖ ਲਈ ਇੱਕ ਨਵਾਂ ਜਨਮ ਹੁੰਦਾ ਹੈ। ਇਨਕਲਾਬੀ ਜਥੇਬੰਦੀ ਵਿੱਚ ਅਜਿਹੇ ਹਰ ਨਵੇਂ ਸਾਥੀ ਦੀ ਆਮਦ ਇੱਕ ਨਵੇਂ ਬਾਲ ਦੇ ਜੰਮਣ ਵਾਂਗ ਹੁੰਦੀ ਹੈ ਜੋ ਆਪਣੇ ਨਾਲ਼ ਜ਼ਿੰਦਗੀ ਦੇ ਸਭ ਰੰਗ ਲੈ ਕੇ ਆਉਂਦੀ ਹੈ। ਜਥੇਬੰਦੀ ‘ਚ ਆਇਆ ਅਜਿਹਾ ਹਰ ਨਵਾਂ ਬੱਚਾ ਕਿਸੇ ਦੀ ਉਂਗਲ ਫੜ ਤੇ ਕਿਸੇ ਨਾਲ਼ ਜੋਟੀ ਪਾਕੇ ਇਨਕਲਾਬ ਦੇ ਸ਼ਾਨ੍ਹਾਮੱਤੇ ਪੈਂਡੇ ‘ਤੇ ਕਦਮ ਰੱਖਣਾ ਸਿੱਖਦਾ ਹੈ ਤੇ ਇੰਝ ਹੌਲ਼ੀ-ਹੌਲ਼ੀ ਇਸ ਦੁਨੀਆਂ ਨੂੰ ਬਦਲਦੇ ਹੋਏ ਖੁਦ ਨੂੰ ਵੀ ਬਦਲਣ ਦੀ ਜਾਂਚ ਸਿੱਖਦਾ ਜਾਂਦਾ ਹੈ। ਅਸੀਂ ਰੋਜ਼ ਜਿੰਹਨਾਂ ਸਾਥੀਆਂ ਨਾਲ਼ ਜਿਉਂਦੇ ਹਾਂ, ਵਕਤ ਗੁਜਾਰਦੇ ਹਾਂ, ਵੱਖੋ-ਵੱਖਰੀਆਂ ਸਰਗਰਮੀਆਂ ‘ਚ ਸ਼ਾਮਲ ਹੁੰਦੇ ਹਾਂ, ਲੋਕਾਂ ਵਿੱਚ ਜਾਂਦੇ ਹਾਂ, ਪੜ੍ਹਦੇ ਹਾਂ, ਹਾਸਾ-ਠੱਠਾ ਤੇ ਕਿੱਸਾਗੋਈਆਂ ਕਰਦੇ ਹਾਂ, ਕਈ ਜਣੇ ਇਕੱਠੇ ਹੋਕੇ ਰਾਤ ਭਰ ਜਾਗਦੇ ਹੋਏ ਜਿੰਦਗੀ ਦੇ ਅਨੇਕਾਂ ਕੋਣਾਂ ਨੂੰ ਵਿਚਾਰਦੇ ਹਾਂ, ਸਮਝਦੇ-ਸਮਝਾਉਂਦੇ ਹਾਂ ਤੇ ਫਿਰ ਕਿਸੇ ਦਿਨ ਅਚਾਨਕ ਉਹਨਾਂ ਵਿੱਚੋਂ ਇੱਕ ਬਾਕੀਆਂ ਨੂੰ ਹੈਰਾਨ-ਪ੍ਰੇਸ਼ਾਨ ਕਰਦਾ ਹੋਇਆ ਸਾਡੇ ਵਿੱਚੋਂ ਸਦਾ ਲਈ ਵਿੱਛੜ ਜਾਂਦਾ ਹੈ। ਹਾਲਤ ਨਦੀ ਵਿੱਚ ਅਚਾਨਕ ਪਏ ਪਾੜ ਵਾਂਗ ਜਾਂ ਫਿਰ ਝੱਖੜ ਦੀ ਰਾਤ ਕਿਸੇ ਮਜ਼ਬੂਤ ਰੁੱਖ ਦੇ ਡਿੱਗਣ ਵਾਂਗ ਹੋ ਜਾਂਦੀ ਹੈ। ਇਨਕਲਾਬ ਦੇ ਅਜਿਹੇ ਸਿਪਾਹੀ ਦੇ ਜਾਣ ਨਾਲ਼ ਜਿੱਥੇ ਸਮੁੱਚੀ ਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਪੈਂਦਾ ਹੈ ਉੱਥੇ ਉਸਦੀ ਜਥੇਬੰਦੀ ਲਈ ਇਹ ਸਮਾਂ ਡੂੰਘੀ ਭਾਵਨਾਤਕ ਸਾਂਝ ਵਾਲ਼ੇ ਪਰਿਵਾਰ ਵਿੱਚੋਂ ਕਿਸੇ ਇੱਕ ਜੀਅ ਦੇ ਵਿੱਛੜਨ ਵਾਂਗ, ਮਾਂ ਕੋਲ਼ੋਂ ਬੁੱਕਲ ਵਿੱਚ ਖੇਡੇ ਬੱਚੇ ਦੇ ਖੁੱਸ ਜਾਣ ਵਾਂਗ ਹੁੰਦਾ ਹੈ। ਕੱਲ ਤੱਕ ਸਾਡੇ ਵਿੱਚ ਰਿਹਾ ਸਾਥੀ ਅੱਜ ਸਾਡੇ ਚੇਤਿਆਂ ‘ਚ ਵਸੀ ਜ਼ਿੰਦਗੀ ਦੇ ਅਨੇਕਾਂ ਰੰਗਾਂ ਨਾਲ਼ ਰੰਗੀ ਇੱਕ ਨਿੱਘੀ ਯਾਦ ਬਣਕੇ ਰਹਿ ਜਾਂਦਾ ਹੈ। ਉਸਦੇ ਬਾਕੀ ਸਾਥੀਆਂ ਦੀਆਂ ਅੱਖਾਂ-ਅੱਖਾਂ ‘ਚ ਇੱਕ ਸਮਝੌਤਾ ਹੁੰਦਾ ਹੈ ਤੇ ਉਹ ਆਪਣੇ ਸੋਗਵਾਨ ਪਰ ਅਡੋਲ ਦਿਸਦੇ ਚਿਹਰੇ ਦੀ ਚੁੱਪ ਨਾਲ਼ ਇੱਕ-ਦੂਜੇ ਨੂੰ ਦਿਲਾਸਾ ਦਿੰਦੇ ਹਨ ਤੇ ਇਹ ਚੁੱਪ ਸ਼ਬਦਾਂ ‘ਚ ਦਿੱਤੇ ਹਜਾਰਾਂ ਦਿਲਾਸਿਆਂ ਤੋਂ ਵੀ ਬਲਵਾਨ ਹੁੰਦੀ ਹੈ। ਵਿੱਛੜਿਆ ਸਾਥੀ ਉਹਨਾਂ ਦੇ ਹੰਝੂਆਂ ਵਿੱਚ ਬਿਰਾਜਮਾਨ ਹੁੰਦਾ ਹੈ ਜੋ ਉਹਨਾਂ ਦੀਆਂ ਅੱਖਾਂ ‘ਚੋਂ ਬਾਹਰ ਨਹੀਂ ਆਉਂਦੇ ਸਗੋਂ ਅੰਦਰ ਨੂੰ, ਦਿਲ ਵੱਲ ਨੂੰ ਇੱਕ ਚੀਰਵੀਂ ਪੀੜ ਵਾਂਗ ਯਾਤਰਾ ਕਰਦੇ ਹਨ। ਸਰੀਰਕ ਰੂਪ ਵਿੱਚ ਵਿੱਛੜਿਆ ਉਹ ਸਾਥੀ ਸਾਡੇ ਸਾਂਝੇ ਚੇਤਿਆਂ, ਉਮੀਦਾਂ, ਸੁਪਨਿਆਂ, ਸੰਘਰਸ਼ਾਂ ਤੇ ਸੰਕਲਪਾਂ ਵਿੱਚ ਮਨੁੱਖਤਾ ਦੀ ਮੁਕਤੀ ਦੇ ਰਾਹ ਉੱਪਰ ਤੁਰਦਾ ਜਾਂਦਾ ਹੈ।

ਮਾਰਕਸ ਦੀ ਮੌਤ ਮਗਰੋਂ ਏਂਗਲਜ ਨੇ ਆਪਣੇ ਇੱਕ ਦੋਸਤ ਨੂੰ ਚਿੱਠੀ ਵਿੱਚ ਲਿਖਿਆ ਕਿ “ਤੂੰ ਤੇ ਮੈਂ 1848 ਦੇ ਯੋਧਿਆਂ ਵਿੱਚੋਂ ਲਗਭਗ ਆਖਰੀ ਰਹਿ ਗਏ ਹਾਂ। ਚੰਗਾ, ਅਸੀਂ ਫਸੀਲ ਵਿੱਚ ਆਏ ਪਾੜ ਵਿੱਚ ਖੜੇ ਰਹਾਂਗੇ। ਗੋਲ਼ੀਆਂ ਸ਼ੂਕ ਰਹੀਆਂ ਹਨ, ਸਾਡੇ ਆਲ਼ੇ-ਦੁਆਲ਼ੇ ਦੇ ਸਾਥੀ ਇੱਕ-ਇੱਕ ਕਰਕੇ ਡਿੱਗ ਰਹੇ ਹਾਂ, ਪਰ ਅਸਾਂ ਇਹ ਪਹਿਲੀ ਵਾਰ ਤਾਂ ਨਹੀਂ ਵੇਖਿਆ। ਅਤੇ ਜੇ ਸਾਡੇ ਵਿੱਚੋਂ ਇੱਕ ਨੂੰ ਗੋਲ਼ੀ ਲਗਦੀ ਹੈ ਤਾਂ ਉਹਨੂੰ ਅੰਦਰ ਆਉਣ ਦਿਉ, ਮੈਂ ਤਾਂ ਕੇਵਲ ਇਹੋ ਮੰਗ ਕਰਦਾ ਹਾਂ ਕਿ ਇਹ ਸਾਨੂੰ ਖਰੀ ਤਰ੍ਹਾਂ ਲੱਗੇ ਅਤੇ ਸਾਨੂੰ ਲੰਮੇ ਸਮੇਂ ਲਈ ਸੰਤਾਪ ਵਿੱਚ ਨਾ ਰੱਖੇ।”

ਅੱਜ ਵੀ ਇਨਕਲਾਬੀ ਲਹਿਰ ਦੇ ਸਿਪਾਹੀ ਆਪਣੇ ਵਿੱਛੜ ਚੁੱਕੇ ਸਾਥੀਆਂ ਨੂੰ ਇਸੇ ਭਾਵਨਾ ਨਾਲ਼ ਹੀ ਚੇਤੇ ਕਰਦੇ ਹਨ। ਪਰ ਅੱਜ ਦੇ ਨਿਰਾਸ਼ਾ, ਖੜੋਤ ਤੇ ਠੰਢੇ ਸਮੇਂ ਹੋਰ ਵੀ ਭੈੜੀ ਹੈ। ਅਸੀਂ ਅੱਜ ਵੀ ਹਰ ਤਰ੍ਹਾਂ ਦੇ ਕਹਿਰਵਾਨ ਹੱਲੇ ਮਗਰੋਂ ਵੀ ਸ਼ੂਕਦੀਆਂ ਗੋਲ਼ੀਆਂ ਵਿੱਚ ਕੁੱਝ ਸਾਥੀਆਂ ਨੂੰ ਡਿੱਗਦੇ ਤੇ ਨਵਿਆਂ ਨੂੰ ਪੈ ਗਏ ਪਾੜ ਨੂੰ ਪੂਰਨ ਆਉਂਦੇ ਦੇਖਦੇ ਰਹਾਂਗੇ। ਪਰ ਜਿੱਥੇ ਏਂਗਲਜ ਮੰਗ ਕਰਦੇ ਹਨ ਕਿ ‘ਸਾਨੂੰ ਗੋਲ਼ੀ ਖਰੀ ਤਰ੍ਹਾਂ ਲੱਗੇ ਤੇ ਸਾਨੂੰ ਲੰਮੇ ਸਮੇਂ ਲਈ ਸੰਤਾਪ ਵਿੱਚ ਨਾ ਰੱਖੇ’, ਉੱਥੇ ਸਾਡੇ ਇਸ ਬੇਰਹਿਮ ਤੇ ਠੰਡੇ ਸਮੇਂ ਦੀ ਇਹੋ ਰਜ਼ਾ ਹੈ ਕਿ ਅਸੀਂ ਵੱਜੀਆਂ ਗੋਲ਼ੀਆਂ ਦਾ ਲੰਮੇ ਸਮੇਂ ਤੱਕ ਸੰਤਾਪ ਹੰਢਾਉਂਦੇ ਹੋਏ, ਅਨੇਕਾਂ ਜਖਮਾਂ, ਹਾਰਾਂ ਤੇ ਵਿਛੋੜਿਆਂ ਦਾ ਭਾਰ ਮੋਢਿਆ ਉੱਤੇ ਢੋਂਦੇ ਹੋਏ ਇਹ ਜੰਗ ਜਾਰੀ ਰੱਖਣੀ ਹੈ। ਠੰਢੇ ਸਮਿਆਂ ਦੀ ਇਹ ਵੀ ਤ੍ਰਾਸਦੀ ਹੁੰਦੀ ਹੈ ਕਿ ਇਨਕਲਾਬੀ ਲਹਿਰ ਤੇ ਜਥੇਬੰਦੀ ਦੇ ਦੁਸ਼ਮਣ ਹਰ ਆਨੇ-ਬਹਾਨੇ ਸਮੁੱਚੀ ਲਹਿਰ ਤੇ ਜਥੇਬੰਦੀ ਨੂੰ ਬਦਨਾਮ ਕਰਨ, ਜਥੇਬੰਦੀ ਵਿਚਲੇ ਲੋਕਾਂ ਦਾ ਮਨੋਬਲ ਤੋੜਨ ਤੇ ਇਨਕਲਾਬੀ ਲਹਿਰ ਦੇ ਹਮਦਰਦਾਂ ਨੂੰ ਉਲਝਾਉਣ ਲਈ ਕਰਦੇ ਹਨ। ਅਜਿਹੇ ਲੋਕਾਂ ਦੀ ਤੁਲਨਾ ਲਾਸ਼ਾਂ ਵਿੱਚੋਂ ਸੋਨੇ ਦੇ ਦੰਦ ਟਟੋਲਦੇ ਜਰਮਨ ਨਾਜ਼ੀਆਂ ਨਾਲ਼ ਕੀਤੀ ਜਾ ਸਕਦੀ ਹੈ। ਪਹਿਲਾਂ ਵੀ ਅਨੇਕਾਂ ਇਨਕਲਾਬੀਆਂ ਦੀ ਮੌਤ ਨੂੰ ਅਜਿਹੀਆਂ ਗਿਰਝਾਂ ਨੇ ਆਪਣੇ ਨਿੱਜੀ ਸੁਆਰਥ, ਮਨੁੱਖਦੋਖੀ ਤੇ ਇਨਕਲਾਬੀ ਵਿਰੋਧੀ ਮਨਸ਼ਿਆਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈ, ਸਾਥੀ ਨਵਕਰਨ ਦੀ ਮੌਤ ਮਗਰੋਂ ਵੀ ਅਜਿਹਾ ਹੋਣਾ ਕੋਈ ਅਣਕਿਆਸੀ ਗੱਲ ਨਹੀਂ ਹੋਵੇਗੀ। ਪਰ ਅਜਿਹੀਆਂ ਸਭ ਘਟੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨਕਲਾਬ ਦਾ ਸੂਹਾ ਪਰਚਮ ਸਦਾ ਲਹਿਰਾਉਂਦਾ ਰਿਹਾ ਹੈ ਤੇ ਹੁਣ ਵੀ ਲਹਿਰਾਉਂਦਾ ਰਹੇਗਾ।

ਇਨਕਲਾਬੀ ਲਹਿਰ ਵਿੱਚ ਸਾਥੀਆਂ ਦਾ ਨਿੱਖੜਨਾ, ਬੇਵਕਤੀ ਮੌਤਾਂ, ਸ਼ਹਾਦਤਾਂ, ਲੋਕਾਂ ਦੇ ਕਦਮ ਡੋਲ ਜਾਣੇ ਆਦਿ ਤੋਂ ਲੈ ਕੇ ਸੱਤ੍ਹਾ ਦੇ ਜਬਰ, ਜੇਲਾਂ, ਤਸੀਹੇ, ਕਤਲ ਆਦਿ ਇਨਕਲਾਬੀ ਸੰਗਰਾਮ ਦੇ ਖੌਫਨਾਕ ਪਰ ਨਾਲ਼ ਹੀ ਅਟੱਲ ਅੰਗ ਹਨ ਜਿਨ੍ਹਾਂ ਦਾ ਬਹਾਦਰੀ, ਦ੍ਰਿੜਤਾ ਤੇ ਸਬਰ ਨਾਲ਼ ਸਾਹਮਣਾ ਕਰਨਾ ਹੀ ਪੈਂਦਾ ਹੈ। ਇਸ ਹਨ੍ਹੇਰੇ ਦੌਰ ਵਿੱਚ ਬਿਹਤਰ ਸਮਾਜ ਸਿਰਜਣ ਦੀਆਂ ਇਹ ਮੁਸ਼ਕਿਲਾਂ ਸਾਨੂੰ ਸਹਿਣੀਆਂ ਹੀ ਪੈਣਗੀਆਂ। ਆਪਣੇ ਅੰਤਮ ਸਮੇਂ ਤੱਕ ਨਵਕਰਨ ਮੌਜੂਦਾ ਲੋਟੂ ਤੇ ਮਨੁੱਖਦੋਖੀ ਨਿਜਾਮ ਨੂੰ ਬਦਲਣ ਲਈ ਆਪਣੀ ਜਿੰਦਗੀ ਲਾ ਦੇਣ ਨੂੰ ਅੱਜ ਦੇ ਸਮੇਂ ਦਾ ਇੱਕੋ-ਇੱਕ ਸਹੀ ਜਿਉਣ-ਢੰਗ ਸਮਝਦਾ ਸੀ ਤੇ ਇਸ ਜੰਗ ਤੋਂ ਮੂੰਹ ਮੋੜ ਕੇ ਘਰਾਂ ਦੀਆਂ ਵਲਗਣਾਂ ਵਿੱਚ ਕੈਦ ਹੋਕੇ ਆਪਣੇ ਨਿੱਜੀ ਸੁਆਰਥ, ਲੋੜਾਂ ਤੇ ਆਪਣੇ ਪਰਿਵਾਰ ਤੱਕ ਸੀਮਤ ਹੋਕੇ ਜਿੰਦਗੀ ਜਿਉਣ ਨੂੰ ਅੰਤਾਂ ਦੀ ਨਫਰਤ ਕਰਦਾ ਸੀ। ਸਾਥੀ ਨਵਕਰਨ ਨਾਲ਼ ਕਿਸੇ ਵੀ ਤਰ੍ਹਾਂ ਦੇ ਸਬੰਧ ਰੱਖਣ ਵਾਲੇ ਕਾਰਕੁੰਨਾਂ ਨੂੰ ਉਸਦੇ ਵਿਛੋੜੇ ਦੀ ਤਕਲੀਫ ਤੇ ਉਸਦੀ ਨਿੱਘੀ ਯਾਦ ਸੀਨਿਆਂ ਵਿੱਚ ਲਈ ਉਸ ਬਿਖੜੇ ਪੈਂਡੇ ਉੱਪਰ ਸਫਰ ਲਗਾਤਾਰ ਜਾਰੀ ਰੱਖਣ ਦੀ ਜਿੰਮੇਵਾਰ ਆਣ ਪਈ ਹੈ ਜਿਸਦਾ ਨਵਕਰਨ ਖੁਦ ਵੀ ਰਾਹੀ ਤੇ ਜਿਸ ਵਿੱਚ ਉਸਦਾ ਆਖਰੀ ਸਾਹ ਤੱਕ ਅਡਿੱਗ ਭਰੋਸਾ ਸੀ। ਸਾਡੇ ਵਿੱਛੜੇ ਸਾਥੀ ਸਾਡੇ ਇਨਕਲਾਬੀ ਸੰਗਰਾਮ ਦੇ ਦੁੱਖਾਂ, ਸੁੱਖਾਂ, ਯਾਦਾਂ, ਉਮੀਦਾਂ, ਸੁਪਨਿਆਂ, ਸੰਘਰਸ਼ਾਂ ਤੇ ਸੰਕਲਪਾਂ ਵਿੱਚ ਹੀ ਸਾਡੇ ਨਾਲ਼ ਜਿਉਂਦੇ ਰਹਿਣਗੇ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements