ਸਰਮਾਏਦਾਰੀ ਤੋਂ ਕਮਿਊਨਿਜ਼ਮ ‘ਚ ਤਬਦੀਲੀ ਦੌਰਾਨ ਜਮਾਤੀ ਘੋਲ਼ ਦੇ ਨਿਯਮ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਮਾਏਦਾਰੀ ਤੋਂ ਕਮਿਊਨਿਜ਼ਮ ‘ਚ ਤਬਦੀਲੀ ਪੂਰਾ ਹੋਣ ਤੋਂ ਬਾਅਦ ਜਮਾਤੀ-ਘੋਲ਼ ਅੰਤ ਖ਼ਤਮ ਹੋ ਜਾਂਦਾ ਹੈ। ਕਿਉਂਕਿ ਪਹਿਲਾਂ ਆਪਸ ‘ਚ ਵਿਰੋਧੀ ਜਮਾਤਾਂ ਅਤੇ ਬਾਅਦ ‘ਚ ਸਾਰੀਆਂ ਜਮਾਤਾਂ ਦਾ ਅੰਤਿਮ ਰੂਪ ਨਾਲ਼ ਖ਼ਾਤਮਾ ਹੋ ਜਾਂਦਾ ਹੈ। ਪਰ ਇਹ ਉਦੇਸ਼ ਹੌਲ਼ੀ-ਹੌਲ਼ੀ ਜਮਾਤੀ ਘੋਲ਼ ਤਿਆਗਣ, ਵਿਰੋਧੀ ਜਮਾਤਾਂ ਵਿਚਾਲੇ ਹੌਲ਼ੀ-ਹੌਲ਼ੀ ਤਾਲਮੇਲ ਬਿਠਾਉਣ ਅਤੇ ਜਮਾਤੀ-ਘੋਲ਼ ਦੀ ਥਾਂ ਜਮਾਤੀ-ਸਹਿਯੋਗ ਅਪਣਾਉਣ ਨਾਲ਼ ਪ੍ਰਾਪਤ ਨਹੀਂ ਹੁੰਦਾ, ਸਗੋਂ ਜਮਾਤੀ ਘੋਲ਼ ਅੰਤਿਮ ਹੱਦ ਤੱਕ, ਭਾਵ ਲੋਟੂਆਂ ‘ਤੇ ਕਿਰਤੀ ਜਮਾਤਾਂ ਨੂੰ ਅਜਿਹੀ ਪੂਰਨ ਤੇ ਅੰਤਿਮ ਜਿੱਤ ਤੱਕ ਪਹੁੰਚਾਉਣ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜਿਸ ਨਾਲ਼ ਲੋਟੂਆਂ ਦੀ ਜਮਾਤ ਦਾ ਖ਼ਾਤਮਾ ਹੋ ਜਾਵੇ ਅਤੇ ਉਸਦਾ ਕੋਈ ਨਿਸ਼ਾਨ ਬਾਕੀ ਨਾ ਰਹੇ।

ਜਿਵੇਂ ਅਸੀਂ ਦੇਖਿਆ ਹੈ ਕਿ ਸੱਤ੍ਹਾ ‘ਤੇ ਮਜ਼ਦੂਰ ਜਮਾਤ ਦੀ ਜਿੱਤ ਸਮਾਜਵਾਦ ਦੀ ਜਿੱਤ ਦੀ ਪਹਿਲੀ ਪੁਲਾਂਘ ਅਤੇ ਲਾਜ਼ਮੀ ਸ਼ਰਤ ਹੈ, ਮਜ਼ਦੂਰ ਜਮਾਤ ਕਿਰਤੀ ਲੋਕਾਂ ਦੀ ਵਿਸ਼ਾਲ ਗਿਣਤੀ ਦਾ ਅਗਵਾਨੂ ਬਣ ਕੇ ਅੰਤਿਮ ਲੋਟੂ ਜਮਾਤ, ਸਰਮਾਏਦਾਰ ਜਮਾਤ ਨੂੰ ਉਖਾੜ ਸੁੱਟਦਾ ਹੈ।

ਇਸ ਤੋਂ ਬਾਅਦ ਮਜ਼ਦੂਰ ਜਮਾਤ ਅਤੇ ਉਸਦੇ ਸਹਿਯੋਗੀਆਂ ਦਾ ਕਾਰਜ ਲੁੱਟ ਦੇ ਸਰਮਾਏਦਾਰਾ ਅਤੇ ਹੋਰਨਾਂ ਰੂਪਾਂ ਦਾ ਹੌਲ਼ੀ-ਹੌਲ਼ੀ ਖ਼ਾਤਮਾ ਕਰਨਾ ਅਤੇ ਸੰਪੂਰਨ ਪੈਦਾਵਾਰ ਨੂੰ ਸਮਾਜਵਾਦੀ ਆਧਾਰ ‘ਤੇ ਸਥਾਪਿਤ ਕਰਨਾ ਹੁੰਦਾ ਹੈ। ਸਰਮਾਏਦਾਰੀ ਅਤੇ ਇੱਥੋਂ ਤੱਕ ਪੂਰਬ-ਸਰਮਾਏਦਾਰਾ ਅਰਥਚਾਰੇ ਦੇ ਸਰੂਪ ਮਜ਼ਦੂਰ ਜਮਾਤ ਦੀ ਸੱਤਾ ‘ਤੇ ਜਿੱਤ ਤੋਂ ਬਾਅਦ ਵੀ ਨਿਸ਼ਚਿਤ ਰੂਪ ਨਾਲ਼ ਵੱਡੇ ਪੈਮਾਨੇ ‘ਤੇ ਮੌਜੂਦ ਰਹਿੰਦੇ ਹਨ। ਕਿਉਂਕਿ ਵੱਡੇ ਸਰਮਾਏਦਾਰ ਸੱਨਅਤਾਂ ਦੇ ਕੌਮੀਕਰਨ ਤੋਂ ਬਾਅਦ ਵੀ ਲਗਪਗ ਸਾਰੇ ਦੇਸ਼ਾਂ ‘ਚ ਛੋਟੀਆਂ ਸਰਮਾਏਦਾਰਾ ਸੱਨਅਤਾਂ ਦਾ, ਅਤੇ ਛੋਟੇ ਪੈਮਾਨੇ ‘ਤੇ ਜਿਣਸ ਪੈਦਾਵਾਰ ਦਾ ਵਿਸ਼ਾਲ ਖੇਤਰ ਬਣਿਆ ਰਹੇਗਾ, ਜਿਸਦਾ ਤੁਰੰਤ ਅਤੇ ਝੱਟਪੱਟ ਫੈਸਲੇ ਨਾਲ਼ ਕੌਮੀਕਰਨ ਨਹੀਂ ਕੀਤਾ ਜਾ ਸਦਕਾ।

ਇਸ ਤਰ੍ਹਾਂ, ਇਸਦੇ ਬਾਅਦ ਸਮਾਜਵਾਦ ਦੀ ਸਥਾਪਨਾ ਲਈ ਘੋਲ਼ ਦਾ ਅਰਸਾ ਆਉਂਦਾ ਹੈ, ਜਿਸ ‘ਚ ਤਿੰਨ ਮੁੱਖ ਆਰਥਿਕ ਜਿੰਮੇਵਾਰੀਆਂ ਨੂੰ ਪੂਰਾ ਕਰਨਾ ਹੁੰਦਾ ਹੈ:

(1) ਸਮਾਜਵਾਦੀ ਰਾਜ-ਸੱਨਅਤ ਦਾ ਵਿਕਾਸ ਕਰਨਾ।

(2) ਬਾਕੀ ਬਚੇ ਸਰਮਾਏਦਾਰਾ ਉੱਦਮ, ਪਹਿਲਾਂ ਸਮਾਜਿਕ ਨਜ਼ਰ ਤੋਂ ਲਾਹੇਵੰਦ ਦਿਸ਼ਾਵਾਂ ਵੱਲ ਨਿਰਦੇਸ਼ਿਤ ਕਰਕੇ, ਬਾਅਦ ‘ਚ ਹੌਲ਼ੀ-ਹੌਲ਼ੀ ਇਸਨੂੰ ਖ਼ਤਮ ਕਰਕੇ, ਉਸਦੀ ਥਾਂ ‘ਤੇ ਰਾਜ ਜਾਂ ਸਹਿਕਾਰੀ ਉੱਦਮ ਸਥਾਪਿਤ ਕਰਕੇ, ਉਸਨੂੰ ਰਾਜ ਦੇ ਸਖ਼ਤ ਕੰਟਰੋਲ ਦੇ ਮਤਹਿਤ ਕਰਨਾ।

(3) ਛੋਟੇ ਪੈਦਾਕਾਰਾਂ ਨੂੰ ਸਹਿਕਾਰੀ ਪੈਦਾਵਾਰ ਦੇ ਸਰੂਪਾਂ ‘ਚ ਜੁੜਨ ਲਈ ਹੌਲ਼ੀ-ਹੌਲ਼ੀ ਪ੍ਰੇਰਿਤ ਕਰਦੇ ਹੋਏ ਪੈਦਾਵਾਰ ਦੇ ਵਿਕਸਿਤ ਸੰਦ ਮੁਹੱਈਆ ਕਰਵਾਉਣਾ, ਜਿਸ ਨਾਲ਼ ਉਹ ਆਪਣੀ ਪੈਦਾਵਾਰਤਾ ਅਤੇ ਜੀਵਨ-ਪੱਧਰ ਨੂੰ ਉੱਚਾ ਚੁੱਕ ਸਕਣ।

ਇਹਨਾਂ ਕਾਰਜਾਂ ਦੇ ਪੂਰਾ ਹੋ ਜਾਣ ‘ਤੇ ਸਮਾਜਵਾਦੀ ਆਰਥਿਕ ਢਾਂਚਾ ਪੂਰਾ ਹੋ ਜਾਂਦਾ ਹੈ। ਪੈਦਾਵਾਰ ਦੇ ਸਾਰੇ ਪ੍ਰਧਾਨ ਸਾਧਨਾਂ ‘ਤੇ ਸਮਾਜਵਾਦੀ ਮਾਲਕੀ ਸਥਾਪਿਤ ਹੋ ਜਾਂਦੀ ਹੈ ਅਤੇ ਮਨੁੱਖ ਦੁਆਰਾ ਮਨੁੱਖ ਦੀ ਸਭ ਤਰ੍ਹਾਂ ਲੁੱਟ ਖ਼ਤਮ ਹੋ ਜਾਂਦੀ ਹੈ।

ਅਜਿਹੀ ਪ੍ਰਕਿਰਿਆ ਵਿਸ਼ੇਸ਼ ਹਾਲਤਾਂ ਦੇ ਸੁਭਾਅ ਕਾਰਨ, ਹਾਰੀ ਹੋਈ ਸਰਮਾਏਦਾਰ ਜਮਾਤ ਦੇ ਵਿਰੁੱਧ ਮਜ਼ਦੂਰ-ਜਮਾਤ ਅਤੇ ਉਸਦੇ ਸਹਿਯੋਗੀਆਂ ਦੁਆਰਾ ਛੇੜੇ ਗਏ ਬੇਰੋਕ ਜਮਾਤੀ-ਘੋਲ਼ ਦੀ ਪ੍ਰਕਿਰਿਆ ਹੁੰਦੀ ਹੈ।

ਲੈਨਿਨ ਨੇ ਲਿਖਿਆ ਹੈ “ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਤਹਿਤ ਜਮਾਤੀ-ਘੋਲ਼ ਖ਼ਤਮ ਨਹੀਂ ਹੁੰਦਾ, ਉਹ ਕੇਵਲ ਵੱਖਰਾ ਸਰੂਪ ਧਾਰ ਲੈਂਦਾ ਹੈ।”2

ਸਮਾਜਵਾਦ ਦੀ ਸਥਾਪਨਾ ਦੀ ਪ੍ਰਕਿਰਿਆ ਕੌੜੇ ਅਤੇ ਅਸਲ ‘ਚ ਤਿੱਖੇ ਜਮਾਤੀ-ਘੋਲ਼ ਦੀ ਪ੍ਰਕਿਰਿਆ ਹੁੰਦੀ ਹੈ। ਹੱਕਾਂ ਤੇ ਸਰਮਾਏ ਦੀ ਨਿੱਜੀ ਮਾਲਕੀ ਤੋਂ ਲਾਂਭੇ ਕੀਤੇ ਵੱਡੇ ਸਰਮਾਏਦਾਰ ਆਪਣੇ ਗਵਾਏ ਹੋਏ ਹਲਾਤ ਮੁੜ ਪ੍ਰਾਪਤ ਕਰਨ ਲਈ ਆਪਣੇ ਵੱਸ ਦੇ ਹਰੇਕ ਸਾਧਨ ਨਾਲ਼ ਘੋਲ਼ ਕਰਦੇ ਹਨ। ਉਹ ਹਰੇਕ ਆਰਥਿਕ ਮੁਸ਼ਕਿਲ ਤੇ ਹਿੱਤਾਂ ਦੀ ਵੰਡ ਨੂੰ ਵਰਤਦੇ ਹਨ। ਖ਼ਾਸ ਰੂਪ ਨਾਲ਼ ਉਹ ਛੋਟੇ ਪੈਮਾਨੇ ਦੇ ਸਰਮਾਏਦਾਰਾ ਖੇਤਰ ‘ਚ ਲੋਟੂਆਂ ਦੀ ਵੱਡੀ ਜਮਾਤ ਦੀ ਲਗਾਤਾਰ ਕਾਇਮ ਹੋਂਦ ਅਤੇ ਛੋਟੇ ਪੈਦਾਕਾਰਾਂ ਦੀਆਂ ਲਾਜ਼ਮੀ ਡਾਂਵਾਂਡੋਲ ਪੋਜ਼ੀਸ਼ਨਾਂ ਅਤੇ ਅਨਿਸ਼ਚਿਤਤਾ ‘ਤੇ ਨਿਰਭਰ ਕਰਦੇ ਹਨ। ਸਮਾਜਵਾਦ ਜਿਵੇਂ-ਜਿਵੇਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਉਹਨਾਂ ਦਾ ਟਾਕਰਾ ਵੀ ਓਨਾਂ ਹੀ ਜ਼ਿਆਦਾ ਤਿੱਖਾ ਹੁੰਦਾ ਜਾਂਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਇਤਿਹਾਸ ‘ਚ ਅਜਿਹੇ ਦੌਰ ਨਹੀਂ ਆਏ ਹਨ, ਜਦ ਮਰ ਰਹੀਆਂ ਜਮਾਤਾਂ ਆਪਣੀ ਇੱਛਾ ਨਾਲ਼ ਇਤਿਹਾਸ ਦੇ ਦ੍ਰਿਸ਼ ਤੋਂ ਵਿਦਾ ਹੋ ਗਈਆਂ ਹੋਣ… ਜਮਾਤੀ ਘੋਲ਼ ਦੇ ਤਿੱਖੇ ਹੋਣ ਦਾ ਇਹੀ ਸਮਾਜਿਕ ਅਧਾਰ ਹੈ।… ਮਰ ਰਹੀਆਂ ਜਮਾਤਾਂ ਟਾਕਰਾ ਕਰਦੀਆਂ ਹਨ, ਇਸ ਲਈ ਨਹੀਂ ਕਿ ਉਹ ਸਾਡੇ ਮੁਕਾਬਲੇ ਵੱਧ ਤਾਕਤਵਰ ਹੋ ਗਈਆਂ ਹਨ, ਸਗੋਂ ਇਸ ਲਈ ਕਿ ਸਮਾਜਵਾਦ ਉਹਨਾਂ ਦੇ ਮੁਕਾਬਲਤਨ ਜ਼ਿਆਦਾ ਤੀਖਣ ਗਤੀ ਨਾਲ਼ ਵੱਧ ਰਿਹਾ ਹੈ, ਅਤੇ ਉਹ ਜ਼ਿਆਦਾ ਕਮਜ਼ੋਰ ਹੋ ਰਹੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਅੰਤਿਮ ਦਿਨ ਆ ਰਹੇ ਹਨ ਅਤੇ ਉਹ ਆਪਣੇ ਵਸ ਦੀਆਂ ਸਾਰੀਆਂ ਤਾਕਤਾਂ ਤੇ ਸਭ ਸਾਧਨਾਂ ਨਾਲ਼ ਟਾਕਰਾ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ।”3

ਕੇਵਲ ਸਮਾਜਵਾਦ ਦੀ ਅੰਤਿਮ ਜਿੱਤ ਰਾਹੀਂ ਹੀ ਕਿਸੇ ਦੇਸ਼ ‘ਚ ਸਾਰੇ ਜਮਾਤੀ-ਵਿਰੋਧ ਅਤੇ ਜਮਾਤੀ-ਜੰਗ ਖ਼ਤਮ ਹੁੰਦੀ ਹੈ। ਉਸ ਸਮੇਂ ਵੀ ਜਦ ਤੱਕ ਸਮਾਜਵਾਦ ਕੇਵਲ ਕੁਝ ਦੇਸ਼ਾਂ ‘ਚ ਜੇਤੂ ਹੁੰਦਾ ਹੈ (ਜੋ ਹਾਲਤ ਮੌਜੂਦਾ ਸਮੇਂ ‘ਚ ਹੈ), ਬਾਹਰ ਤੋਂ ਸਰਗਰਮ ਸਰਮਾਏਦਾਰਾ ਤਾਕਤਾਂ ਸਮਾਜਵਾਦ ਦੀ ਉਸਾਰੀ ਦੇ ਖ਼ਿਲਾਫ਼ ਘੋਲ਼ ਕਰਨ ਲਈ, ਜਿਹਨਾਂ ਸਾਧਨਾਂ ਤੋਂ ਸੰਭਵ ਹੁੰਦਾ ਹੈ, ਉਹਨਾਂ ਸਾਧਨਾਂ ਦੀ ਵਰਤੋਂ ਜਾਰੀ ਰੱਖਦੀ ਹੈ। ਪਰ ਉਹ ਤਾਕਤਾਂ ਸਮਾਜਵਾਦੀ ਦੇਸ਼ ‘ਚ ਕਿਸੇ ਵੀ ਜਮਾਤ ਦੀ ਹਮਾਇਤ ਗਵਾ ਚੁੱਕੀਆਂ ਹੁੰਦੀਆਂ ਹਨ, ਭਾਵੇਂ ਕਿ ਉਸ ਸਮੇਂ ਵੀ ਕੁਝ ਵਿਅਕਤੀਆਂ ਦੀ ਹਮਾਇਤ ਪ੍ਰਾਪਤ ਕਰਨ ਦੀ ਆਸ ਲਗਾਈ ਰਹਿ ਸਕਦੀਆਂ ਹਨ।

ਫਿਰ ਵੀ, ਲੋਟੂ ਜਮਾਤਾਂ ਅਤੇ ਉਹਨਾਂ ਖ਼ਿਲਾਫ਼ ਘੋਲ਼ ਦੇ ਖ਼ਤਮ ਹੋਣ ਦਾ ਅਰਥ ਇਹ ਨਹੀਂ ਹੁੰਦਾ ਕਿ ਲੁੱਟ ਦੇ ਤਰੀਕਾਕਾਰ ਦੇ ਸਾਰੇ ਆਮ ਪ੍ਰਭਾਵਾਂ ਦਾ ਅੰਤ ਹੋ ਗਿਆ ਹੈ। ਜਦ ਕਿਸੇ ਵਸਤੂ ਦਾ ਖ਼ਾਤਮਾ ਹੁੰਦਾ ਹੈ, ਉਸਦੇ ਕੁਝ ਪ੍ਰਭਾਵ ਬਾਕੀ ਰਹਿ ਜਾਂਦੇ ਹਨ, ਕਿਉਂਕਿ ਪ੍ਰਭਾਵ ਆਪਣੇ ਕਾਰਨਾਂ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮੌਜੂਦ ਰਹਿੰਦੇ ਹਨ। ਇਸ ਲਈ ਲੰਬੇ ਸਮੇਂ ਤੱਕ ਮੌਜੂਦ ਰਹਿਣ ਵਾਲ਼ੇ ਇਹਨਾਂ ਪ੍ਰਭਾਵਾਂ ਨੂੰ ਖ਼ਤਮ ਕਰਨ ਦਾ ਘੋਲ਼ ਚੱਲਦਾ ਰਹਿਣਾ ਚਾਹੀਦਾ ਹੈ।

ਮੁੱਖ ਰੂਪ ਨਾਲ਼, ਜ਼ਿਆਦਾ ਲੰਬੇ ਸਮੇਂ ਤੱਕ ਮੌਜੂਦ ਰਹਿਣ ਵਾਲ਼ੇ ਇਹਨਾਂ ਪ੍ਰਭਾਵਾਂ ‘ਚ (ਓ) ਕਿਰਤ ਵੰਡ ਅਤੇ ਉਸਦੇ ਸਾਰੇ ਪੱਖਾਂ ਤੇ ਨਤੀਜਿਆਂ ਦੇ ਪ੍ਰਤੀ ਲੋਕਾਂ ਦੀ ਲਗਾਤਾਰ ਮਾਤਹਿਤੀ, ਜਿਸਦੀ ਚਰਚਾ ਅਸੀਂ ਪਿਛਲੇ ਪਾਠ ਵਿੱਚ ਕਰ ਚੁੱਕੇ ਹਾਂ ਅਤੇ (ਅ) ਵਿਚਾਰਧਾਰਕ ਰਹਿੰਦ-ਖੂੰਹਦ, ਜਾਣੀ ਮਨੁੱਖਾਂ ਦੇ ਦਿਮਾਗ਼ ‘ਚ ਸਰਮਾਏਦਾਰਾ ਮਤਾਂ ਅਤੇ ਢੰਗ-ਤਰੀਕਿਆਂ ਦੀ ਲਗਾਤਾਰ ਹੋਂਦ ਸ਼ਾਮਲ ਹੁੰਦੀ ਹੈ।

ਇਹਨਾਂ ਦੇ ਖ਼ਾਤਮੇ ਲਈ ਤਿੰਨ ਮੁੱਖ ਢੰਗਾਂ ਨਾਲ਼ ਘੋਲ਼ ਛੇੜਿਆ ਜਾ ਸਕਦਾ ਹੈ: (ਓ) ਆਰਥਿਕ ਢੰਗ ਨਾਲ਼, ਸਮਾਜਵਾਦੀ ਉਸਾਰੀ ਦੇ ਕੰਮ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੰਦੇ ਹੋਏ (ਅ) ਸਿਆਸੀ ਢੰਗ ਨਾਲ਼, ਸਾਰੇ ਹਕੂਮਤ ਤੇ ਪ੍ਰਸ਼ਾਸਨ ਦੇ ਕੰਮ ਦਾ ਉੱਤੇ ਤੋਂ ਹੇਠਾਂ ਤੱਕ ਜ਼ਿਆਦਾਤਰ ਵਿਸ਼ਾਲ ਜਮਹੂਰੀਕਰਨ ਕਰਦੇ ਹੋਏ ਅਤੇ (ਇ) ਵਿਚਾਰਧਾਰਕ ਢੰਗ ਨਾਲ਼ ਸੰਪੂਰਨ ਸਮਾਜ ‘ਚ ਸਮਾਜਵਾਦੀ ਸਿੱਖਿਆ ਦਾ ਪ੍ਰਸਾਰ ਕਰਦੇ ਹੋਏ।

ਇਹ ਕਿਸ ਤਰ੍ਹਾਂ ਦਾ ਘੋਲ਼ ਹੈ? ਕੀ ਇਹ ਵੀ ਜਮਾਤੀ ਘੋਲ਼ ਹੈ?

ਹਾਂ, ਇਹ ਜਮਾਤੀ ਘੋਲ਼ ਹੈ ਉਸ ਹੱਦ ਤੱਕ, ਜਿੱਥੋਂ ਤੱਕ ਇਹ ਨਿਸ਼ਚਿਤ ਜਮਾਤਾਂ, ਭਾਵ ਮਜ਼ਦੂਰ ਜਮਾਤ ਦੀ ਅਗਵਾਈ ‘ਚ ਮਜ਼ਦੂਰ ਜਮਾਤ ਅਤੇ ਕਿਸਾਨਾਂ ਦੁਆਰਾ ਚਲਾਇਆ ਜਾਂਦਾ ਹੈ। ਪਰ ਇਹ ਜਮਾਤਾਂ ਵਿਚਾਲੇ ਘੋਲ਼ ਨਹੀਂ ਹੁੰਦਾ, ਕਿਉਂਕਿ ਇਹ ਕਿਸੇ ਦੂਜੀ ਜਮਾਤ ਖ਼ਿਲਾਫ਼ ਨਹੀਂ ਛੇੜਿਆ ਜਾਂਦਾ। ਲੋਟੂ ਜਮਾਤਾਂ ਦਾ ਪਹਿਲਾਂ ਹੀ ਪੂਰੀ ਤਰ੍ਹਾਂ ਖ਼ਾਤਮਾ ਹੋ ਜਾਣ ਤੋਂ ਬਾਅਦ, ਇਹ ਘੋਲ਼ ਅਤੀਤ ਦੀ ਲੁੱਟ ਦੇ ਆਮ ਪ੍ਰਭਾਵਾਂ ਦੇ ਖ਼ਾਤਮੇ ਲਈ ਛੇੜਿਆ ਜਾਂਦਾ ਹੈ। ਇਹ ਸੰਪੂਰਨ ਸਮਾਜ ਨੂੰ ਕਮਿਊਨਿਜ਼ਮ ਦੇ ਪੱਧਰ ਤੱਕ ਚੁੱਕਣ ਲਈ ਮਜ਼ਦੂਰ ਜਮਾਤ ਦੀ ਅਗਵਾਈ ‘ਚ ਮਜ਼ਦੂਰ ਜਮਾਤ ਅਤੇ ਕਿਸਾਨਾਂ ਦਾ ਘੋਲ਼ ਹੁੰਦਾ ਹੈ। ਇਸਦਾ ਢੰਗ ਤਾਕਤ ਦਾ ਢੰਗ ਨਹੀਂ ਹੁੰਦਾ, ਸਗੋਂ ਉਦਾਹਰਨ, ਹੱਲਾਸ਼ੇਰੀ, ਆਲੋਚਨਾ ਅਤੇ ਆਤਮ-ਆਲੋਚਨਾ ਦਾ ਢੰਗ ਹੁੰਦਾ ਹੈ। ਤਾਕਤ ਦਾ ਢੰਗ ਉਸੇ ਸਮੇਂ ਤੱਕ ਕਾਇਮ ਰੱਖਿਆ ਜਾਂਦਾ ਹੈ, ਜਦ ਤੱਕ ਉਹ ਕਿਸੇ ਸਮਾਜਵਾਦੀ ਦੇਸ਼ ਦੇ ਦੁਸ਼ਮਣ ਸਰਮਾਏਦਾਰਾ ਦੇਸ਼ਾਂ ਦੁਆਰਾ ਘਿਰੇ ਹੋਣ ‘ਤੇ ਕੁਝ ਨਿਸ਼ਚਿਤ ਵਿਅਕਤੀਆਂ ਦੀਆਂ ਦੁਸ਼ਮਣਾਨਾ ਕਾਰਵਾਈਆਂ ਨਾਲ਼ ਲੜਣ ਲਈ ਲਾਜ਼ਮੀ ਸਮਝਿਆ ਜਾਂਦਾ ਹੈ।

ਜਮਾਤ-ਰਹਿਤ ਕਮਿਊਨਿਸਟ ਸਮਾਜ ‘ਚ ਮਨੁੱਖਾਂ ਦਾ ਆਪਣੇ ਸੰਪੂਰਨ ਸਮਾਜਿਕ ਰਾਹ ‘ਤੇ ਪੂਰਾ ਸੁਚੇਤਨ ਕੰਟਰੋਲ ਹੋਵੇਗਾ। ਉਹ ਆਪਣੀ ਸਮਾਜਿਕ ਜਥੇਬੰਦੀ ਦੇ ਖੁਦ ਪੂਰੀ ਤਰ੍ਹਾਂ ਮਾਲਕ ਹੋਣਗੇ। ਪਰ ਸਰਮਾਏਦਾਰੀ ਤੋਂ ਕਮਿਊਨਿਜ਼ਮ ‘ਚ ਤਬਦੀਲੀ ਦੇ ਪੂਰੇ ਦੌਰ ‘ਚ ਇਹ ਹਾਲਤ ਕੇਵਲ ਅੰਸ਼ਿਕ ਰੂਪ ‘ਚ ਹੀ ਹੋ ਸਕਦੀ ਹੈ; ਅਜਿਹਾ ਹੋ ਰਿਹਾ ਹੈ, ਪਰ, ਹਾਲੇ ਤੱਕ ਪੂਰਨ ਰੂਪ ‘ਚ ਅਜਿਹਾ ਨਹੀਂ ਹੈ। ਕਿਉਂਕਿ ਜਦ ਤੱਕ ਲੋਟੂ ਜਮਾਤਾਂ ਦੇ ਵਿਰੁੱਧ ਘੋਲ਼ ਚੱਲਦਾ ਰਹਿੰਦਾ ਹੈ ਅਤੇ ਜੇਕਰ ਅਤੀਤ ਦੀ ਲੁੱਟ ਦੀ ਰਹਿੰਦ-ਖੂੰਹਦ ਦੇ ਖ਼ਾਤਮੇ ਦਾ ਘੋਲ਼ ਚੱਲਦਾ ਰਹਿੰਦਾ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕ ਆਪਣੀ ਸਮਾਜਿਕ ਜਥੇਬੰਦੀ ਦੇ ਖੁਦ ਪੂਰੀ ਤਰ੍ਹਾਂ ਮਾਲਕ ਬਣ ਗਏ ਹਨ। ਇਸਦੇ ਉਲਟ ਉਹ ਇਸਦੇ ਕੇਵਲ ਅੰਸ਼ਿਕ ਰੂਪ ‘ਚ ਹੀ ਮਾਲਕ ਰਹਿਣਗੇ। ਕਿਉਂਕਿ ਸਮਾਜਵਾਦੀ ਸਮਾਜ ਦਾ ਵਿਕਾਸ ਵੀ ਜਮਾਤੀ-ਘੋਲ਼ ਰਾਹੀਂ ਹੀ ਹੁੰਦਾ ਹੈ। ਅਤੇ ਜਦ ਤੱਕ ਲੋਕ ਜਮਾਤੀ ਘੋਲ਼ ‘ਚ ਜੂਝਦੇ ਰਹਿੰਦੇ ਹਨ, ਉਹ ਆਪਣੀ ਸਮਾਜਿਕ ਜਥੇਬੰਦੀ ਦੇ ਪੂਰੀ ਤਰ੍ਹਾਂ ਮਾਲਕ ਨਹੀਂ ਹੋ ਸਕਦੇ।

ਹਵਾਲੇ

2. ਲੈਨਿਨ : ਇਕਨੋਮਿਕਸ ਅਤੇ ਪੋਲਟਿਕਸ ਇਨ ਦਿ ਇਰਾ ਆਫ਼ ਦਿ
ਡਿਕਟੇਟਰਸ਼ਿਪ ਆਫ਼ ਦਿ ਪ੍ਰੋਲੇਟੈਰੀਏਟ

3. ਸਤਾਲਿਨ : ਦਿ ਰਾਇਟ ਡੇਵੀਏਸ਼ਨ ਇਨ ਦਿ ਸੀ.ਪੀ.ਐਸ.ਯੂ.

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements