ਸਰਮਾਏਦਾਰੀ ਨੂੰ ਸੰਕਟ ਤੋਂ ਉਭਾਰਨ ਦੇ ਜੁਗਾੜ ਕਰਦੇ ਇਸ ਦੇ ਨੁਮਾਇੰਦੇ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

17 ਜਨਵਰੀ ਤੋਂ 20 ਜਨਵਰੀ, 2017 ਤੱਕ ਸਵਿਟਜ਼ਰਲੈਂਡ ਦੇ ਖ਼ੂਬਸੂਰਤ ਸ਼ਹਿਰ ਡਾਵੋਸ ਵਿਖੇ ਸੰਸਾਰ ਆਰਥਿਕ ਫੋਰਮ ਦੀ ਮੀਟਿੰਗ ਹੋਈ। 16 ਜਨਵਰੀ ਨੂੰ ਹੀ ਸੰਸਾਰ ਭਰ ਦੇ 3,000 ਤੋਂ ਵਧੇਰੇ ਸਿਆਸਤਦਾਨ। ਅਰਥਸ਼ਾਸਤਰੀ, ਪੱਤਰਕਾਰ, ਦਾਨੀ ਅਤੇ ਮਨੋਰੰਜਨ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਇਸ ਸ਼ਹਿਰ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਗਈਆਂ ਸਨ। ਇਹਨਾਂ ਵਿੱਚੋਂ ਕਈ ਆਪਣੇ ਨਿੱਜੀ ਜੈੱਟ ਲੈ ਕੇ ਪਹੁੰਚੇ (ਜਿਨ੍ਹਾਂ ਦੀ ਇੱਕ ਘੰਟੇ ਦੀ ਤੇਲ ਖ਼ਪਤ ਇੱਕ ਕਾਰ ਦੀ ਸਾਲਾਨਾ ਖ਼ਪਤ ਦੇ ਬਰਾਬਰ ਸੀ) ਅਤੇ ਕਈ ਏਅਰਲਾਈਨਜ਼ ਦੀਆਂ ਮਹਿੰਗੀਆਂ ਬੂਕਿੰਗਾਂ ਦੇ ਰਸਤੇ ਪਹੁੰਚੇ। ਡਾਵੋਸ ਦੇ ਸਭ ਤੋਂ ਮਹਿੰਗੇ ਹੋਟਲ ਇਹਨਾਂ ਦੀ ਆਓ-ਭਗਤ ਲਈ ਤਿਆਰ ਸਨ। ਇਸ ਮੀਟਿੰਗ ਦੀ ਦਾਖ਼ਲਾ ਟਿਕਟ ਸੀ ਤਕਰੀਬਨ 40 ਲੱਖ ਰੁਪਏ। ਅਮੀਰਾਂ ਦੇ ਜਸ਼ਨਾਂ ਲਈ ਪੂਰੇ ਇੰਤਜ਼ਾਮ ਕੀਤੇ ਹੋਏ ਸਨ- ਸੰਸਾਰ ਦੀਆਂ ਸਭ ਤੋਂ ਮਹਿੰਗੀਆਂ ਸ਼ਰਾਬਾਂ ਉਨ੍ਹਾਂ ਲਈ ਹਾਜ਼ਰ ਸਨ ਅਤੇ ਸੰਸਾਰ ਭਰ ਤੋਂ ਮਾਡਲ ਕੁੜੀਆਂ ਨੂੰ ਇਕੱਠਾ ਕਰਕੇ ਇਹਨਾਂ ਦੀ “ਸੇਵਾ” ਲਈ ਲਿਆਂਦਾ ਗਿਆ ਸੀ। ਦੂਜੇ ਪਾਸੇ, ਇਸ ਪੂਰੇ ਅਮਲੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਡਾਵੋਸ ਵਿੱਚ ਬੈਰਿਆਂ ਨੂੰ ਵੱਡੀ ਸੰਖਿਆ ਵਿੱਚ ਬਾਹਰੋਂ ਮੰਗਾਉਣਾ ਪਿਆ ਸੀ ਜੋ ਕਿ ਇੱਕ-ਇੱਕ ਕਮਰੇ ਵਿੱਚ 5-5 ਦੇ ਹਿਸਾਬ ਨਾਲ਼ ਵੀ ਰੁਕੇ ਹੋਏ ਸਨ। ਇਸ ਮੀਟਿੰਗ ਦਾ ਮੁੱਖ ਏਜੰਡਾ ਸੀ ਸੰਸਾਰ ਵਿੱਚ ਵਧ ਰਹੀ ਸਮਾਜਕ ਗੈਰ-ਬਰਾਬਰੀ! ਹੈਰਾਨੀ ਨਹੀਂ ਕਿ ਸੰਸਾਰ ਵਿੱਚ ਇਸ ਵਲ਼ਲੇ ਸਿਖ਼ਰਾਂ ਨੂੰ ਛੂਹ ਰਹੀ ਗੈਰ-ਬਰਾਬਰੀ ਆਪਣੇ ਲਘੂ ਰੂਪ ਵਿੱਚ ਡਾਵੋਸ ਵਿੱਚ ਵੀ ਦਿਖ ਰਹੀ ਸੀ।

ਸੰਸਾਰ ਵਿੱਚ ਵਧ ਰਹੀ ਆਰਥਿਕ ਅਤੇ ਸਮਾਜਿਕ ਗੈਰ-ਬਰਾਬਰੀ, ਤਿੱਖਾ ਹੋ ਰਿਹਾ ਜਮਾਤੀ ਧਰੁਵੀਕਰਨ ਅਤੇ ਲੋਕਾਂ ਦਾ ਨਵੇਂ ਸਿਰਿਓਂ ਉੱਠ ਰਿਹਾ ਉਭਾਰ – ਇਹ ਸਭ ਮੁੱਦਿਆਂ ਦਾ ਮੀਟਿੰਗ ਦਾ ਏਜੰਡਾ ਬਣਨਾ ਸਾਡੇ ਅੱਜ ਦੇ ਵੇਲੇ ਨੂੰ ਚੰਗੀ ਤਰ੍ਹਾਂ ਬਿਆਨਦਾ ਹੈ।. ਇਹਨਾਂ ਮੀਟਿੰਗਾਂ ਵਿੱਚ ਕਾਫ਼ੀ ਸਮੇਂ ਤੋਂ ਹਿੱਸਾ ਲੈਣ ਵਾਲੇ ਇੱਕ ਧਨਾਢ ਵਿਲੀਅਮ ਬ੍ਰਾਊਡਰ ਨੇ ਇਸ ਮੀਟਿੰਗ ਵਿਚਲੇ ਮੂਡ ਨੂੰ ਕਾਫ਼ੀ ਸਟੀਕ ਸ਼ਬਦਾਂ ਵਿੱਚ ਬਿਆਨ ਕੀਤਾ।

“ਇਹ ਪਹਿਲੀ ਵਾਰ ਹੈ ਕਿ ਐਥੇ ਕਿਸੇ ਤਰ੍ਹਾਂ ਦੀ ਵੀ ਕੋਈ ਸਰਬਸੰਮਤੀ ਨਹੀਂ ਬਣੀ ਹੈ। ਹਰ ਕੋਈ ਇਸ ਵੇਲੇ ਇੱਕ ਡੂੰਘੇ ਖ਼ਲਾਅ ਵੱਲ ਤੱਕ ਰਿਹਾ ਹੈ।”

ਇਹ ਸਹੀ ਇਸ ਕਰਕੇ ਵੀ ਸੀ ਕਿਉਂਕਿ ਇਸ ਗੱਲ ਨੂੰ ਤਾਂ ਅੱਜ ਹਾਕਮ ਜਮਾਤਾਂ ਵੀ ਤਸਦੀਕ ਕਰ ਰਹੀਆਂ ਹਨ ਕਿ ਸਮਾਜਕ ਗੈਰ-ਬਰਾਬਰੀ ਇੱਕ ਵਿਸਫ਼ੋਟਕ ਰੂਪ ਲੈ ਚੁੱਕੀ ਹੈ ਅਤੇ ਖ਼ੁਦ ਸਰਮਾਏਦਾਰੀ ਦੀ ਹੋਂਦ ਲਈ ਹੀ ਇਹ ਖ਼ਤਰਾ ਬਣ ਸਕਦੀ ਹੈ। ਪਰ ਕਿਉਂਕਿ ਸੰਸਾਰ ਆਰਥਿਕ ਸੰਕਟ ਸਰਮਾਏਦਾਰਾ ਢਾਂਚੇ ਦਾ ਵਜੂਦ ਸਮੋਇਆ ਹਿੱਸਾ ਹੈ ਇਸ ਲਈ ਇਹ ਸੁਭਾਵਿਕ ਹੀ ਹੈ ਕਿ ਇਹ ਸੰਸਾਰ ਚੌਧਰੀ ਅਤੇ ਇਹਨਾਂ ਨੂੰ ਸਲਾਹਾਂ ਦੇਣ ਵਾਲੇ ਬੁੱਧੀਜੀਵੀ ਪੂਰਾ ਜ਼ੋਰ ਲਾ ਕੇ ਵੀ ਇਸ ਸੰਕਟ ਬਾਰੇ ਕੁੱਝ ਨਹੀਂ ਸਮਝ ਪਾ ਰਹੇ ਅਤੇ ਇਸ ਸੰਕਟ ਤੋਂ ਉਭਰਨ ਦਾ ਕੋਈ ਸਾਰਥਕ ਹੱਲ ਨਹੀਂ ਪੇਸ਼ ਕਰ ਸਕੇ। ਸਿਵਾਏ ਸਰਮਾਏਦਾਰੀ ਨੂੰ “ਮਨੁੱਖੀ ਚਿਹਰਾ” ਦੇਣ ਅਤੇ ਸੰਸਾਰ ਦੇ ਧਨਾਢ ਤਬਕੇ ਨੂੰ ਕੁੱਝ ਅਪੀਲਾਂ ਕਰਨ ਕਿ ਉਹ ਆਮ ਲੋਕਾਂ ਦਾ ਵੀ “ਖ਼ਿਆਲ” ਰੱਖਣ, ਦੇ ਹੋਰ ਕੁੱਝ ਵੀ ਠੋਸ ਇਸ ਮੀਟਿੰਗ ਵਿੱਚੋਂ ਨਹੀਂ ਨਿਕਲਿਆ। ਪਰ ਇਹਨਾਂ ਸੰਸਾਰ ਚੌਧਰੀਆਂ ਵੱਲੋਂ ਇਹ ਤਸਲੀਮ ਕਰਨਾ ਕਿ ਸਮਾਜਕ ਗੈਰ-ਬਰਾਬਰੀ ਹੁਣ ਇੱਕ ਹਕੀਕੀ ਮੁੱਦਾ ਬਣ ਗਈ ਹੈ ਅਤੇ ਇਸ ਦੇ ਹੱਲ ਲਈ ਕੁੱਝ ਕੀਤਾ ਜਾਣਾ ਚਾਹੀਦਾ ਹੈ, ਇਹ ਵੀ ਹਾਕਮ ਜਮਾਤਾਂ ਵਿੱਚ ਫੈਲੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਇਸੇ ਲਈ ਨਿਊ ਯਾਰਕ ਟਾਇਮਸ ਦੇ ਪੱਤਰਕਾਰ ਪੀਟਰ ਗੁੱਡਮੈਨ ਨੇ ਨੋਟ ਕਰਦਿਆਂ ਕਿਹਾ ਕਿ, “ਜੋ ਚੀਜ਼ ਉੱਘੜਵੀਂ ਹੈ ਉਹ ਇਹ ਹੈ ਕਿ ਆਮ ਤੌਰ ‘ਤੇ ਜੋ ਚੀਜ਼ ਐਥੇ ਵਿਚਾਰੀ ਨਹੀਂ ਜਾਂਦੀ ਉਸ ਬਾਰੇ ਅੱਜ ਗੱਲ ਹੋ ਰਹੀ ਹੈ, ਭਾਵ ਮਜ਼ਦੂਰਾਂ ਦੀ ਤਾਕਤ ਨੂੰ ਥੋੜ੍ਹਾ ਠੁੰਮ੍ਹਣਾ ਦੇਣਾ ਤਾਂ ਕਿ ਉਹ ਬਿਹਤਰ ਉਜ਼ਰਤਾਂ ਲਈ ਸੌਦੇਬਾਜ਼ੀ ਕਰ ਸਕਣ ਅਤੇ ਉੱਪਰੋਂ ਹੇਠਾਂ ਵੱਲ ਨੂੰ ਦੌਲਤ ਦੀ ਮੁੜ-ਵੰਡ ਕਰਨੀ।”

ਇਸ ਗੱਲ ਉੱਤੇ ਕੋਈ ਹੈਰਾਨੀ ਨਹੀਂ ਕਿ ਉਪਰੋਕਤ ਵਿਚਾਰ ਉੱਪਰ ਕੋਈ ਠੋਸ ਕਦਮ ਲੈਣ ਦੀ ਬਜਾਏ ਸਿਰਫ਼ ਵਿਚਾਰਿਆ ਹੀ ਗਿਆ। ਫ਼ੌਰੀ ਤੌਰ ‘ਤੇ ਮਜ਼ਦੂਰਾਂ ਦੇ ਗ਼ੁੱਸੇ ਨੂੰ ਛਿੱਟਾ ਦੇਣ ਦੇ ਲਈ ਹਾਕਮ ਧਿਰਾਂ ਵੱਲੋਂ ਉਨ੍ਹਾਂ ਦੀਆਂ ਉਜ਼ਰਤਾਂ ਵਧਾਏ ਜਾਣ, ਸਰਕਾਰੀ ਨਿਵੇਸ਼ ਵਧਾਉਣ ਜਿਹੇ ਕਦਮ ਉਠਾਏ ਜਾਂਦੇ ਹਨ ਤਾਂ ਜੋ ਮਜ਼ਦੂਰਾਂ ਦਾ ਗ਼ੁੱਸਾ ਹੱਦਾਂ ਨੂੰ ਉਲੰਘ ਕੇ ਕਿਤੇ ਸਰਮਾਏਦਾਰੀ ਦਾ ਬਦਲ ਹੀ ਨਾ ਟੋਲ੍ਹਣ ਲੱਗ ਪਵੇ ਪਰ ਇਸ ਸਮੇਂ ਜੋ ਸੰਸਾਰ ਅਰਥਚਾਰੇ ਦੀ ਸਥਿਤੀ ਹੈ ਉਸ ਵਿੱਚ ਅਜਿਹੀਆਂ ਵਕਤੀ ਰਾਹਤਾਂ ਵੀ ਸਰਮਾਏਦਾਰੀ ਨੂੰ ਨਸੀਬ ਨਹੀਂ ਹਨ।

ਆਖ਼ਰ ਇਹ ਕਿਉਂ ਹੈ? ਇਸ ਵੇਲੇ ਸੰਸਾਰ ਆਰਥਿਕ ਫੋਰਮ ਜਿਹਿਆਂ ਨੂੰ ਵੀ ਇਹ ਮੰਨਣਾ ਪੈ ਰਿਹਾ ਹੈ ਕਿ ਸਮਾਜਕ ਗੈਰ-ਬਰਾਬਰੀ ਅਤੇ ਲੋਕਾਂ ਦਾ ਗ਼ੁੱਸਾ ਉਨ੍ਹਾਂ ਲਈ ਇੱਕ ਹਕੀਕੀ ਚਿੰਤਾ ਦਾ ਸਬੱਬ ਹੈ। ਕਿਉਂਕਿ 21ਵੀਂ ਸਦੀ ਦੇ ਇਸ ਦੂਜੇ ਅੱਧ ਵਿੱਚ ਆਰਥਿਕ ਪਾੜੇ ਐਨੇ ਜ਼ਿਆਦਾ ਵਧ ਚੁੱਕੇ ਹਨ ਕਿ ਇਹਨਾਂ ਨੇ ਸਰਮਾਏਦਾਰੀ ਲਈ ਇੱਕ ਵਿਸਫ਼ੋਟਕ ਸਥਿਤੀ ਪੈਦਾ ਕੀਤੀ ਹੋਈ ਹੈ। ਇਸੇ ਮੀਟਿੰਗ ਦੇ ਨਾਲ਼ੋਂ-ਨਾਲ਼ ਜਾਰੀ ਹੋਈ ਆਕਸਫੈਮ ਦੀ ਇੱਕ ਰਿਪੋਰਟ ਮੁਤਾਬਕ ਇਸ ਵੇਲੇ ਸੰਸਾਰ ਦੇ ਸਭ ਤੋਂ 8 ਅਮੀਰ ਵਿਅਕਤੀਆਂ ਕੋਲ਼ ਹੇਠਲੇ 50% ਵਿਅਕਤੀਆਂ, ਭਾਵ 3.6 ਅਰਬ ਲੋਕਾਂ ਦੇ ਬਰਾਬਰ ਦੌਲਤ ਹੈ। ਆਰਥਿਕ ਪਾੜੇ ਹਰ ਜਮਾਤੀ ਸਮਾਜ ਦੀ ਸੱਚਾਈ ਹਨ। ਪਰ ਇਹ ਸਰਮਾਏਦਾਰੀ ਵਿੱਚ ਹੀ ਹੈ ਕਿ ਇਹ ਪਾੜੇ ਲਗਾਤਾਰ ਤੇਜ਼ ਗਤੀ ਨਾਲ਼ ਵਧਦੇ ਜਾਂਦੇ ਹਨ। ਇਸ ਤੋਂ ਇਲਾਵਾ ਪਿਛਲੇ ਕੁੱਝ ਸਾਲਾਂ ਤੋਂ ਬੁਰਜ਼ੂਆ ਅਕਾਦਮਿਕ ਦਾਇਰਿਆਂ ਅੰਦਰ ਵੀ ਗੈਰ-ਬਰਾਬਰੀ ਨੂੰ ਲੈ ਕੇ ਲਗਾਤਾਰ ਰੌਲ਼ਾ ਪੈਂਦਾ ਰਿਹਾ ਹੈ। ਥਾਮਸ ਪਿਕੇਟੀ, ਇਮਾਨੁਅਲ ਸੇਜ਼, ਡੈਨੀਅਲ ਜ਼ੁਕਮੈਨ ਅਤੇ ਟੋਨੀ ਐਟਕਿੰਸਨ ਜਿਹੇ ਅਰਥਸ਼ਾਸਤਰੀਆਂ ਨੇ ਲਗਾਤਾਰ ਇਸ ਪਾਸੇ ਹਾਕਮਾਂ ਦਾ ਧਿਆਨ ਦਵਾਇਆ ਹੈ । 2008 ਤੋਂ ਸ਼ੁਰੂ ਹੋਏ ਸੰਸਾਰ ਆਰਥਿਕ ਸੰਕਟ ਤੋਂ ਮਗਰੋਂ ਤਾਂ ਇਹ ਪਾੜੇ ਹੋਰ ਵੀ ਵਧੇਰੇ ਤੇਜ਼ੀ ਨਾਲ਼ ਵਧੇ ਹਨ। ਕਿਉਂਕਿ ਇੱਕ ਪਾਸੇ ਤਾਂ ਇਸ ਸੰਕਟ ਕਰਕੇ ਬੇਰੁਜ਼ਗਾਰੀ ਵਧੀ ਹੈ, ਆਮ ਲੋਕਾਂ ਦੀਆਂ ਉਜ਼ਰਤਾਂ ਵਿੱਚ ਖੜੋਤ ਆ ਗਈ ਹੈ। ਜਦਕਿ ਇਸ ਸੰਕਟ ਦੀ ਮਾਰ ਨਾ ਝੱਲ ਸਕਣ ਵਾਲੇ ਕਈ ਛੋਟੇ ਸਰਮਾਏਦਾਰ ਬਰਬਾਦ ਹੋ ਗਏ ਹਨ, ਜਦਕਿ ਵੱਡੇ ਸਰਮਾਏਦਾਰਾਂ ਦੀ ਦੌਲਤ ਵਧ ਗਈ ਹੈ। ਸੰਸਾਰ ਦੌਲਤ ਦੀ ਇਸ ਅਸਮਾਨਤਾ ਨੂੰ ਇਸ ਗਰਾਫ਼ ਰਾਹੀਂ ਵੀ ਦੇਖਿਆ ਜਾ ਸਕਦਾ ਹੈ।

grapgh

ਅਸੀਂ ਦੇਖ ਸਕਦੇ ਹਾਂ ਕਿ ਉੱਪਰਲੇ 1% ਤਬਕੇ ਦੀ ਦੌਲਤ ਵਿੱਚ 2010-2015 ਦਰਮਿਆਨ ਲਗਾਤਾਰ ਵਾਧਾ ਹੁੰਦਾ ਗਿਆ ਹੈ ਜਦਕਿ ਬਾਕੀ 99% ਲਈ ਇਹ ਗਰਾਫ਼ ਹੇਠਾਂ ਆਇਆ ਹੈ। ਇਸ ਵਿੱਚੋਂ ਵੀ ਜੇਕਰ ਅਸੀਂ ਉੱਪਰਲੇ 15-20% ਲੋਕਾਂ ਨੂੰ ਕੱਢ ਦੇਈਏ ਤਾਂ ਹੇਠਲੀ 80% ਆਬਾਦੀ ਲਈ ਤਾਂ ਇਹ ਰੇਖਾ ਹੋਰ ਤੇਜ਼ ਗਤੀ ਨਾਲ ਹੇਠਾਂ ਵੱਲ ਨੂੰ ਆਈ ਹੈ। ਇਸ ਸਮੇਂ ਹਾਲਤ ਇਹ ਹੈ ਕਿ ਸੰਸਾਰ ਦੇ 25 ਸਭ ਤੋਂ ਵੱਧ ਵਿਕਸਿਤ ਮੁਲਕਾਂ ਅੰਦਰ ਵੀ 54 ਕਰੋੜ ਨੌਜਵਾਨ ਅਜਿਹੇ ਹਨ ਜੋ ਆਪਣੇ ਮਾਪਿਆਂ ਦੇ ਜੀਵਨ ਤੋਂ ਹੇਠਲੀ ਪੱਧਰ ਦੇ ਜੀਵਨ ਉੱਤੇ ਰਹਿਣ ਲਈ ਮਜ਼ਬੂਰ ਹੋਣ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਸੰਸਾਰ ਵਿੱਚ 1.2 ਅਰਬ ਲੋਕ ਅੱਜ ਵੀ ਅਜਿਹੇ ਹਨ ਜੋ ਬਿਨਾਂ ਬਿਜਲੀ ਤੋਂ ਗੁਜ਼ਾਰਾ ਕਰ ਰਹੇ ਹਨ। ਮਤਲਬ ਇਹ ਕਿ ਇਹ ਸਰਮਾਏਦਾਰਾ ਢਾਂਚਾ ਇੱਕ ਪਾਸੇ ਤਾਂ ਦੌਲਤਾਂ ਦੇ ਅੰਬਰ ਸਿਰਜ਼ ਰਿਹਾ ਹੈ ਪਰ ਦੂਜੇ ਪਾਸੇ ਇਹ ਅੰਬਰ ਭੁੱਖ-ਨੰਗ ਦੇ ਇੱਕ ਅਸੀਮ ਟਾਪੂ ਉੱਪਰ ਵਿਕਸਿਤ ਹੋ ਰਿਹਾ ਹੈ ਅਤੇ ਇਸ ਸਭ ਦਾ ਹੱਲ ਇਸ ਡਾਵੋਸ ਮਿਲਣੀ ਵਿੱਚ ਕੀ ਕੱਢਿਆ ਗਿਆ ? ਕੁੱਝ ਨਹੀਂ! ਸਿਵਾਏ ਧਨਾਢਾਂ ਵੱਲ ਸੇਧਤ ਰਹਿਮ ਦੀਆਂ ਅਪੀਲਾਂ ਦੇ, ਇਸ ਫੋਰਮ ਵੱਲੋਂ ਕੱਢੇ ਗਏ ਨਤੀਜਿਆਂ ਨੂੰ ਸਮੇਟਦਿਆਂ ਪੀਟਰ ਗੁੱਡਮੈਨ ਨੇ ਟਿੱਪਣੀ ਕੀਤੀ, “…ਪਰ ਜੋ ਵੀ ਸੁਧਾਰ ਕੀਤੇ ਜਾਣੇ ਹੋਣ, ਇਹ ਸਹਿਜਿਆਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸੁਧਾਰ ਐਥੇ ਹਾਜ਼ਰੀ ਭਰਨ ਵਾਲਿਆਂ ਦੇ ਵਿਰੋਧ ਵਿੱਚ ਨਹੀਂ ਹੋਣਗੇ ਅਤੇ ਉਹ ਪਹਿਲਾਂ ਵਾਂਗ ਹੀ ਆਪਣੇ ਐਸ਼ੋ-ਆਰਾਮ ਨੂੰ ਮਾਣਦੇ ਰਹਿਣਗੇ…ਜਿਸ ਦਾ ਭਾਵ ਹੈ ਕਿ ਸੰਸਾਰ ਵਿਆਪੀ ਜਨਤਕ ਬਗ਼ਾਵਤ ਜਲਦੀ ਕਿਤੇ ਆਪਣਾ ਤੇਜ਼ ਖੋਣ ਨਹੀਂ ਜਾ ਰਹੀ .”

ਬਿਨਾਂ ਸ਼ੱਕ, ਅੱਜ ਕਿਰਤੀ ਲੋਕਾਂ ਦਾ ਗ਼ੁੱਸਾ ਚੜ੍ਹਾਅ ਉੱਤੇ ਹੈ ਪਰ ਇਸ ਗ਼ੁੱਸੇ ਨੂੰ ਇੱਕ ਸਚੇਤਨ ਰੂਪ ਦਿੱਤੇ ਬਿਨਾਂ, ਇਸ ਗ਼ੁੱਸੇ ਦੀ ਢਲਾਈ ਇੱਕ ਇਨਕਲਾਬੀ ਪਾਰਟੀ ਵਿੱਚ ਸਾਕਾਰ ਕੀਤੇ ਬਿਨਾਂ ਇਸ ਗ਼ੁੱਸੇ ਨੂੰ ਕਾਰਗਰ ਰੂਪ ਨਹੀਂ ਦਿੱਤਾ ਜਾ ਸਕਦਾ, ਇਸ ਸਰਮਾਏਦਾਰਾ ਢਾਂਚੇ ਨੂੰ ਨਹੀਂ ਬਦਲਿਆ ਜਾ ਸਕਦਾ ਅਤੇ ਗ਼ੁੱਸੇ ਦੇ ਇਸ ਸੁਚੇਤ ਰੂਪ ਤੋਂ ਹੀ ਹਾਕਮ ਜਮਾਤਾਂ ਅਸਲ ਵਿੱਚ ਖੌਲਦੀਆਂ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements