ਸਰਮਾਏਦਾਰੀ ਦੇ ਨਿਘਾਰ ਦਾ ਇੱਕ ਹੋਰ ਘਿਨੌਣਾ ਪੱਖ : ਸਿਰ ‘ਤੇ ਛੱਤ ਖਾਤਰ ਨੈਤਿਕਤਾ ਦੀ ਨਿਲਾਮੀ ਲਈ ਮਜ਼ਬੂਰ ਲੋਕ •ਬਲਜੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇੰਗਲੈਡ ਦੀ ਇੱਕ ਵੈੱਬ-ਸਾਇਟ ਦੁਆਰਾ ਕਰਵਾਈ ਗਈ ਪੋਲਿੰਗ ਵਿੱਚ 28% ਲੋਕਾਂ ਨੇ ਮੰਨਿਆ ਕੇ ਉਹ ਸਿਰ ‘ਤੇ ਛੱਤ ਖਾਤਰ ਆਪਣੇ ਮਕਾਨ ਮਾਲਕ ਜਾਂ ਪਾਰਟਨਰ ਨਾਲ਼ ਅਣਚਾਹੇ ਯੌਨ ਸਬੰਧ ਰੱਖਣ ਲਈ ਮਜ਼ਬੂਰ ਹਨ। ਇਸ ਪੋਲਿੰਗ ਵਿੱਚ 2,040 ਲੋਕਾਂ ਨੇ ਹਿੱਸਾ ਲਿਆ ਅਤੇ 28% ਲੋਕਾਂ ਨੇ ਮੰਨਿਆ ਕੇ ਉਹ ਆਰਥਿਕ ਤੰਗੀ ਕਾਰਨ ਮਕਾਨ ਦਾ ਕਿਰਾਇਆ ਨਹੀ ਦੇ ਸਕਦੇ, ਇਸ ਕਾਰਨ ਉਨਾਂ ਨੂੰ ਆਪਣੇ ਸਾਥੀ, ਦੋਸਤ, ਮਕਾਨ ਮਾਲਕ ਨਾਲ ਯੌਨ ਸਬੰਧਾਂ ਵਿੱਚ ਰਹਿਣਾ ਪੈ ਰਿਹਾ ਹੈ। ਇੱਕ ਹੋਰ ਸਰਵੇਖਣ ਅਨੁਸਾਰ ਹੋਮਲੈਸ ਚੈਰਿਟੀ ਨੇ ਇੱਕ ਰਿਪੋਰਟ ਜਨਤਕ ਕੀਤੀ ਕਿ ਹੋਮਲੈਸ ਸਰਵਿਸ ਵਰਤਣ ਵਾਲ਼ੇ ਲੋਕਾਂ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ ਉਹ ਬੇਘਰੀ ਦੇ ਡਰ ਤੋਂ ਅਣਚਾਹੇ ਯੌਨ ਸਬੰਧ ਵਿੱਚ ਰਹਿੰਦੇ ਹਨ। ਇਸ ਰਿਪੋਰਟ ਵਿੱਚ ਨਾ ਸਿਰਫ ਔਰਤਾਂ ਸਗੋਂ ਆਦਮੀ ਵੀ ਸ਼ਾਮਲ ਹਨ।

       “We are not in love, but 9 suppose this will do until next payback.”

ਸਰਵੇਖਣ ਦੌਰਾਨ ਇੱਕ ਆਦਮੀ ਵੱਲੋਂ ਆਖੇ ਗਏ ਇਹ ਸ਼ਬਦ ਦਰਸਾਉਂਦੇ ਹਨ ਕਿ ਬੇਘਰੀ ਦੇ ਡਰ ਤੋਂ ਲੋਕਾਂ ਨੂੰ ਆਪਣੀ ਹੋਣੀ ਅੱਗੇ ਗੋਡੇ ਟੇਕਣੇ ਪੈ ਰਹੇ ਹਨ। ਜਿਉਂ-ਜਿਉਂ ਸਰਮਾਏਦਾਰੀ ਸੰਕਟ ਵਿੱਚ ਫਸਦੀ ਜਾ ਰਹੀ ਹੈ, ਤਿਉਂ-ਤਿਉਂ ਆਮ ਲੋਕ ਇਸ ਦੀ ਪੈਦਾ ਕੀਤੀ ਸੜਾਂਦ ਵਿੱਚ ਗਰਕ ਰਹੇ ਹਨ। ਆਮ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹਨ। ਰਿਸ਼ਤਿਆਂ ਵਿੱਚ ਨਿਘਾਰ ਆ ਰਿਹਾ ਹੈ। ਇੱਕ ਪਾਸੇ ਤਾਂ ਲੋਕਾਂ ਦੇ ਦਿਮਾਗਾ ‘ਚ ਪੋਰਨੋਗ੍ਰਾਫੀ ਅਤੇ ਹੋਰ ਅਲਾਮਤਾਂ ਸਰਮਾਏਦਾਰੀ ਦੁਆਰਾ ਲਗਾਤਾਰ ਭਰੀਆਂ ਜਾਂਦੀਆਂ ਹਨ, ਦੂਜੇ ਪਾਸੇ ਬੇਰੁਜ਼ਗਾਰੀ ਤੋਂ ਤੰਗ ‘ਤੇ ਆਪਣੀਆਂ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਤੋਂ ਅਸਮਰੱਥ ਲੋਕ ਇਸ ਜਾਲ਼ ਵਿੱਚ ਫਸਣ ਲਈ ਸਰਾਪੇ ਜਾ ਰਹੇ ਹਨ। ਸਰਮਾਏਦਾਰੀ ਦੇ ਸੰਕਟ ਨੇ ਲੋਕਾਂ ਨੂੰ ਖਾਲੀ ਜੇਬਾਂ ਸਹਿਤ ਸੜਕਾਂ ‘ਤੇ ਲਿਆ ਸੁੱਟਿਆ ਹੈ। ਬੇਘਰ ਲੋਕਾਂ ਕੋਲ਼ ਦੋ ਰਸਤੇ ਹੀ ਬਚੇ ਹਨ ਜਾਂ ਤਾਂ ਉਹ ਸੜਕ ‘ਤੇ ਸੌਣ ਤੇ ਜਾਂ ਫਿਰ ਅਪਰਾਧਾਂ ਦੀ ਦੁਨੀਆਂ ‘ਚ ਫਸ ਜਾਣ।

ਸਾਲ 2011 ਵਿੱਚ ਇੰਗਲੈਡ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ 1,07,060 ਲੋਕ ਬੇਘਰ ਸਨ। ਜੋ ਪਿਛਲੇ ਸਾਲਾਂ ਦੌਰਾਨ 10% ਦੀ ਦਰ ਨਾਲ਼ ਵਧਦੇ ਜਾ ਰਹੇ ਹਨ। ਸਾਲ 2011 ਵਿੱਚ ਸਨੈਪਸ਼ੌਟ ਨੇ ਇੱਕ ਸਰਵੇਖਣ ਕੀਤਾ ਕਿ ਲਗਪਗ 2200 ਲੋਕ ਸਰਦੀਆਂ ਦੀਆਂ ਰਾਤਾਂ ਵਿੱਚ ਲੰਦਨ ਦੀਆਂ ਗਲ਼ੀਆਂ ਵਿੱਚ ਸੌਣ ਲਈ ਮਜ਼ਬੂਰ ਸਨ ਜੋ ਕਿ ਸਾਲ 2010 ਦੇ ਮੁਕਾਬਲੇ 23% ਵੱਧ ਸਨ। ਇਹਨਾਂ ਵਿੱਚ ਵੱਡੀ ਗਿਣਤੀ 16 ਤੋਂ 25 ਸਾਲ ਦੇ ਨੌਜਵਾਨ ਸਨ। ਕੁੱਲ ਬੇਘਰਾਂ ਵਿੱਚੋਂ 57% ਆਪਣੇ ਪਾਰਟਨਰ ਦੁਆਰਾ ਮਾਰ-ਕੁੱਟ ਤੇ ਯੌਨ ਹਿੰਸਾ ਦਾ ਸ਼ਿਕਾਰ ਰਹਿ ਚੁੱਕੇ ਹਨ। ਇਹਨਾਂ ਵਿੱਚੋਂ 20% 18 ਤੋਂ 25 ਸਾਲ ਦੇ ਹਨ ਤੇ ਇਸਦਾ 44% ਭਾਵ ਲਗਪਗ ਅੱਧ ਬੇਰੁਜ਼ਗਾਰ ਹਨ ਤੇ ਬਾਕੀ ਆਪਣਾ ਗੁਜ਼ਾਰਾ ਕਰਨ ਜੋਗੀ ਕਮਾਈ ਨਹੀਂ ਕਰ ਪਾ ਰਹੇ।

ਸੰਨ 2000 ਦੇ ਇੱਕ ਹੋਰ ਸਰਵੇਖਣ ਅਨੁਸਾਰ 42% ਔਰਤਾਂ ਨੇ ਦੱਸਿਆ ਕਿ ਉਹਨਾਂ ਦੇ ਸਾਥੀ ਦੁਆਰਾ ਉਹਨਾਂ ਦੇ ਬੱਚਿਆਂ ਨਾਲ਼ ਯੋਨ ਸਬੰਧ ਬਣਾਏ ਜਾਂਦੇ ਸਨ, 63% ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਬੇਘਰ ਹੋਣ ਤੋਂ ਪਹਿਲਾਂ ਸਿਰ ‘ਤੇ ਛੱਤ ਲਈ ਆਪਣੇ ਸਾਥੀ ਦੁਆਰਾ ਜਬਰੀ ਯੌਨ ਸੰਬਧਾਂ, ਮਾਰ ਕੁੱਟ ਤੇ ਯੌਨ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਸੀ। ਕੁਝ ਬੇਘਰ ਔਰਤਾਂ ਵਿੱਚੋਂ 13% ਘੱਟੋ ਘੱਟ ਇਕ ਜਾਂ ਦੋ ਵਾਰ ਬਲਾਤਕਾਰ ਦਾ ਸ਼ਿਕਾਰ ਰਹਿ ਚੁਕੀਆਂ ਹਨ। ਨਾ ਸਿਰਫ ਔਰਤਾਂ ਸਗੋਂ ਆਦਮੀ ਵੀ ਇਸ ਦਾ ਸ਼ਿਕਾਰ ਹਨ। ਪੀੜਤ ਆਦਮੀ ਤੇ ਔਰਤਾਂ ‘ਤੇ ਕੀਤੇ ਇੱਕ ਸਰਵੇਖਣ ਵਿੱਚ ਤੱਥ ਸਾਹਮਣੇ ਆਏ ਕਿ ਉਹ ਕਿਸੇ ਸਰੀਰਕ ਜਾਂ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਇਹਨਾਂ ਵਿੱਚ 45% ਤੋਂ ਵੱਧ ਆਤਮ ਹੱਤਿਆ ਦੀ ਕੋਸ਼ਿਸ਼, 47% ਡਿਪਰੈਸ਼ਨ, 45 ਨਸ਼ੇ ਆਦਿ ਦੇ ਸ਼ਿਕਾਰ ਹਨ।

ਇੱਕ ਪਾਸੇ ਸਰੀਰਕ ਤੇ ਮਾਨਸਿਕ ਹਿੰਸਾ ਸਹਿ ਚੁੱਕੇ ਲੋਕ ਸੜਕਾਂ ‘ਤੇ ਆ ਰਹੇ ਹਨ ਤੇ ਦੂਜੇ ਪਾਸੇ ਸੜਕ ‘ਤੇ ਰਹਿ ਰਹੇ ਬੇਘਰ ਲੋਕ ਜਿਸਮਫਰੋਸ਼ੀ ਵਰਗੀਆਂ ਅਲਾਮਤਾ ਨੂੰ ਗਲ਼ੇ ਲਗਾਉਣ ਲਈ ਮਜ਼ਬੂਰ ਹੋਏ ਪਏ ਹਨ। ਬੇਘਰਾਂ ਵਿੱਚੋਂ 11% ਔਰਤਾਂ ਸੈਕਸੁਅਲ ਪਾਰਟਨਰਸ਼ਿਪ ਲਈ ਸਮਝੌਤਾ ਕਰ ਲੈਂਦੇ ਹਨ। ਇਹ ਅੰਕੜਾ 14% ਦੀ ਦਰ ਨਾਲ ਵਧ ਰਿਹਾ ਹੈ। ਇਹ ਤਾਂ ਸਿਰਫ ਅੰਕੜਿਆਂ ਦੀ ਗੱਲ ਹੈ, ਇਸ ਤੋਂ ਬਿਨਾਂ ਇਹ ਲੁਕੀ ਹੋਈ ਬੇਘਰੀ ਤੇ ਹਿੰਸਾ ਅਲੱਗ ਹੈ। ਔਰਤਾਂ ਬੇਘਰ ਹੋਣ ਦੇ ਡਰ ਤੋਂ ਤੇ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਵੇਸਵਾਗਮਨੀ ਕਰਨ ਨੂੰ ਮਜ਼ਬੂਰ ਹਨ। ਕਈ ਵਾਰ ਮਕਾਨ ਦਾ ਕਿਰਾਇਆ ਨਾ ਦੇ ਸਕਣ ਤੇ ਮਕਾਨ ਮਾਲਕ ਦੁਆਰਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਮਜ਼ਬੂਰੀ ਵੱਸ ਔਰਤਾਂ ਚੁੱਪ ਕਰਕੇ ਸਹਿ ਲੈਂਦੀਆਂ ਹਨ।

ਏਨਾ ਹੀ ਨਹੀਂ ਇੰਗਲੈਂਡ ਵਿੱਚ ਇੱਕ ਸਰਵੇਖਣ ਵਿੱਚ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ:-

• ਹਰ 4 ਵਿੱਚੋਂ 1 ਜਾਂ ਵੱਧ ਭਾਵ 28% ਔਰਤਾਂ ਤੇ 14% ਆਦਮੀ ਇਹ ਮੰਨਦੇ ਹਨ ਕਿ ਉਹ ਸਿਰ ‘ਤੇ ਛੱਤ ਖਾਤਰ ਅਣਚਾਹੇ ਯੌਨ ਸਬੰਧਾ ਵਿੱਚ ਰਹਿ ਰਹੇ ਹਨ।

• 19% ਔਰਤਾਂ ਤੇ 3% ਮਰਦਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਸੜਕ ‘ਤੇ ਸੌਣ ਦੌਰਾਨ ਕਈ ਵਾਰ ਸੈਕਸ ਵਰਕ ਕਰਨ ਦੇ ਆਫਰ ਆਏ।

• 28% ਲੋਕ ਇਸ ਕਾਰਨ ਛੋਟੇ-ਮੋਟੇ ਅਪਰਾਧ ਜਾਂ ਸਮਾਜ ਵਿਰੋਧੀ ਕੰਮ ਕਰਦੇ ਹਨ ਤਾਂ ਕਿ ਪੁਲਸ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਵੇ ਤੇ ਉਹ ਸਰਦੀ ਦੀਆਂ ਰਾਤਾਂ ਜੇਲ ਅੰਦਰ ਗੁਜਾਰ ਸਕਣ।

• 20% ਲੋਕ ਜ਼ਮਾਨਤ ਤੋਂ ਕਤਰਾਉਂਦੇ ਹਨ ਕਿਉਂਕਿ ਉਹਨਾਂ ਕੋਲ਼ ਘਰ ਨਹੀਂ ਹਨ।

• 18% ਲੋਕਾਂ ਨੇ ਮੰਨਿਆ ਕਿ ਉਹ ਜਾਣ ਬੁੱਝ ਕੇ ਖੁਦ ਨੂੰ ਜਖਮੀਂ ਕਰ ਕੇ ਹਸਪਤਾਲ ਭਰਤੀ ਰਹਿੰਦੇ ਹਨ।

ਸਰਮਾਏਦਾਰੀ ਦੇ ਆਦਰਸ਼ ਤੇ ਭਾਰਤੀ ਸਰਮਾਏਦਾਰਾ ਬੁੱਧੀਜੀਵੀਆਂ ਦੇ ਮਾਡਲ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਕੋਲ਼ ਵੀ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਤਾਂ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਲਈ ਤਾਂ ਇਹ ਸੁਪਨਾ ਦੇਖਣਾ ਵੀ ਅਸਮਾਨੀ ਟਾਕੀ ਲਗਾਉਣ ਵਾਲ਼ੀ ਗੱਲ ਹੈ। ਸਰਮਾਏਦਾਰੀ ਢਾਂਚੇ ਅੰਦਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਅਸੰਭਵ ਹੈ, ਕਿਉਂਕਿ ਸਰਮਾਏਦਾਰੀ ਹੀ ਇਨ੍ਹਾਂ ਅਲਾਮਤਾਂ ਦੀ ਜਨਮਦਾਤੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements