ਸਰਮਾਏਦਾਰੀ ‘ਚ ਮਸ਼ਹੂਰੀਆਂ ਦੀ ਵਿਚਾਰਧਾਰਾ ਤੇ ਸਰਮਾਏਦਾਰੀ ਵਿਚਾਰਧਾਰਾ ਦੀ ਮਸ਼ਹੂਰੀ •ਸ਼ਿਵਾਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲਡ਼ੀ ਜੋਡ਼ਨ ਲਈ ਦੇਖੋ – ਲਲਕਾਰ 16 ਨਵੰਬਰ 2016) 

ਦੂਜ਼ਾ, ਮਸ਼ਹੂਰੀਆਂ ਇਸ ਰੂਪ ‘ਚ ਵੀ ਅਸਰਦਾਰ ਹਨ ਕਿ ਉਹ ਸਾਡੇ ਤੋਂ ਕਿਸੇ ਕਿਸਮ ਦੀ ਸਰਗਰਮ ਸ਼ਮੂਲੀਅਤ (Involvement) ਦੀ ਮੰਗ ਨਹੀਂ ਕਰਦੀਆਂ। ਮਸ਼ਹੂਰੀਆਂ ਦੇਖਦੇ ਸਮੇਂ ਨਾ ਤਾਂ ਤੁਹਾਨੂੰ ਆਪਣੇ ਸਮੇਂ ਅਤੇ ਨਾ ਹੀ ਅਪਣੀਆਂ ਭਾਵਨਾਵਾਂ ਦਾ ਨਿਵੇਸ਼ ਕਰਨਾ ਪੈਂਦਾ ਹੈ। ਟੀ.ਵੀ ‘ਤੇ ਮਸ਼ਹੂਰੀਆਂ ਚਲਦੀਆਂ ਰਹਿੰਦੀਆਂ ਹਨ ਤੇ ਤੁਸੀਂ ਆਪਣਾ ਕੰਮ ਵੀ ਕਰਦੇ ਰਹਿੰਦੇ ਹੋ, ਤੇ ਇਸੇ ਦੌਰਾਨ ਮਸ਼ਹੂਰੀਆਂ ਵੀ ਆਪਣਾ ਕੰੰਮ ਕਰਦੀਆਂ ਰਹਿੰਦੀਆਂ ਹਨ। ਇੱਕ-ਦੋ ਘੰਟੇ ਲੰਬੀ ਫ਼ਿਲਮ ਜਾਂ ਇੱਕ-ਡੇਢ ਸਾਲ ਤੱਕ ਚੱਲਣ ਵਾਲਾ ਸੋਪ-ਓਪੇਰਾ ਤੁਹਾਡੇ ਤੋਂ ਲਗਾਤਾਰ ਸਰਗਰਮ ਸ਼ਮੂਲੀਅਤ ਅਤੇ ਨਿਵੇਸ਼ ਦੀ ਮੰਗ ਕਰਦਾ ਹੈ। ਇਸ ਰੂਪ ‘ਚ ਮਸ਼ਹੂਰੀਆਂ ਬਾਕੀ ਸਰਮਾਏਦਾਰਾ ਪ੍ਰਚਾਰ ਸਾਧਨਾਂ ਤੋਂ ਜ਼ਿਆਦਾ ਪ੍ਰਭਾਵੀ ਤੇ ਗਲਭਾ-ਪਾਉ ਹਨ। ਜੋ ਕੰਮ ਦੋ ਘੰਟੇ ਦੀ ਫ਼ਿਲਮ ਨਹੀਂ ਕਰਦੀ ਉਹ 30 ਸੈਕਿੰਡ ਦੀ ਮਸ਼ਹੂਰੀ ਕਰ ਦਿੰਦੀ ਹੈ।

ਤੀਜ਼ਾ, ਮਸ਼ਹੂਰੀਆਂ ਸਿਰਫ ਸਮਾਨ/ਉਪਜਾਂ ਦੀ ਮਾਰਕੀਟਿੰਗ ਦਾ ਮਾਧਿਅਮ ਹੀ ਨਹੀਂ ਹਨ ਸਗੋਂ ਸਰਮਾਏਦਾਰੀ ਦੀ ਇੱਕ ਸੱਭਿਆਚਾਰਕ ਉਪਜ ਵੀ ਹੈ। ਤੇ ਇਸ ਰੂਪ ‘ਚ ਮਸ਼ਹੂਰੀਆਂ ਦਾ ਅਸਰ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ। ਇਹਨਾਂ ਅਰਥਾਂ ‘ਚ ਮਸ਼ਹੂਰੀਆਂ ਦਾ ਮਹੱਤਵ ਤੇ ਉਸਦੀ ਤਾਕਤ ਇਸ ਗੱਲ ‘ਚ ਸਮੋਈ ਹੈ ਕਿ ਇਸਦਾ ਪ੍ਰਭਾਵ ਆਰਥਿਕ ਤਾਂ ਹੁੰਦਾ ਹੀ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਸੱਭਿਆਚਾਰਕ ਤੇ ਵਿਚਾਰਧਾਰਕ ਵੀ ਹੁੰਦਾ ਹੈ। ਇਹ ਖਪਤਕਾਰਾਂ ਦੀ ਖਰੀਦਦਾਰੀ ਨਾਲ਼ ਜੁੜੇ ਫੌਰੀ ਮਸਲਿਆਂ ਨੂੰ ਜਿੰਨਾਂ ਪ੍ਰਭਾਵਿਤ ਕਰਦਾ ਹੈ, ਉਸ ਤੋਂ ਵੀ ਕਿਤੇ ਜ਼ਿਆਦਾ ਉਹਨਾਂ ਦੇ ਵਿਚਾਰਾਂ ਅਤੇ ਦੂਰ-ਰਸ ਆਦਤਾਂ ‘ਤੇ ਅਸਰ ਛੱਡਦਾ ਹੈ।

ਮਸ਼ਹੂਰੀਆਂ ਗਲਬਾਕਾਰੀ ਸਰਮਾਏਦਾਰੀ ਵਿਚਾਰਧਾਰਾ ਕਾਇਮ ਰੱਖਣ ਵਾਸਤੇ ਮਹੱਤਵਪੂਰਨ ਸਮਾਜਿਕ ਤੇ ਸੱਭਿਆਚਾਰਕ ਭੂਮਿਕਾ ਨਿਭਾਉਂਦੀਆਂ ਹਨ। ਇਸ ਤੋਂ ਇਲਾਵਾ, ਮਸ਼ਹੂਰੀਆਂ ਸਰਮਾਏਦਾਰੀ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਤੌਰ ਤਰੀਕਿਆਂ ਦੀ ਪੈਦਾਵਾਰ ਤੇ ਮੁੜ ਪੈਦਾਵਾਰ ਕਰਨ ਦਾ ‘ਲੋਕੇਸ਼ਨ’ ਵੀ ਹੈ। ਪਰ ਮੋੜਵੇਂ ਰੂਪ ‘ਚ ਇਹ ਸਾਰੀਆਂ ਸੱਭਿਆਚਾਰਕ ਕੀਮਤਾਂ ਨੂੰ ਆਪ ਹੀ ਪ੍ਰਭਾਵਿਤ ਕਰਦਾ ਹੈ ਤੇ ਸਮਾਜਿਕ ਭੂਮਿਕਾ ਨੂੰ ਨਵੇਂ ਤਰੀਕੇ ਨਾਲ਼ ਪ੍ਰਿਭਾਸ਼ਤ ਕਰਦਾ ਹੈ। ਮਿਸਾਲ ਲਈ ਜਿੱਥੇ ਇੱਕ ਪਾਸੇ ਇਹ ਔਰਤਾਂ ਨੂੰ ਰੂੜੀਵਾਦੀ, ਜੈਂਡਰਮੁਖੀ ਭੂਮਿਕਾਵਾਂ ਤਹਿਤ ਘਰ ਦੇ ਅੰਦਰ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਰਦਿਆਂ ਦਿਖਾਇਆ ਜਾਂਦਾ ਹੈ, ਉੱਥੇ ਦੂਜ਼ੇ ਪਾਸੇ ਇਹ ਸਮਾਜਿਕ ਭੂਮਿਕਾਵਾਂ ਇੱਕ ਨਵੇਂ ਅੰਦਾਜ਼ ‘ਚ ਵੀ ਸਾਡੇ ਸਾਹਮਣੇ ਆਉਂਦੀਆਂ ਹਨ। ਹੁਣ ਇੱਕ ਔਰਤ ਘਰ ਦੇ ਨਾਲ਼-ਨਾਲ਼ ਬਾਹਰ ਵੀ ਕੰਮ ਕਰਦੀ ਦਿਖਾਈ ਜਾਂਦੀ ਹੈ। ਪਰ ਉਹ ਇਹ ‘ਮਲਟੀ ਟਾਸਕਿੰਗ’ ਉਪਜਾਂ ਜਾਂ ਚੀਜਾਂ ਦੀ ਸਹਾਇਤਾ ਨਾਲ਼ ਹੀ ਕਰ ਪਾਉਂਦੀ ਹੈ, ਹੁਣ ਉਹ ਇੱਕ ‘ਸੁਪਰ ਮਾਮ’ ਹੈ ਇੱਕ ਨਵੇਂ ਕਿਸਮ ਦੀ ਆਧੁਨਿਕ ਔਰਤ ਹੈ, ਕਿਉਂਕਿ ਉਹ ਚਲਾਕੀ ਨਾਲ਼ ਚੀਜ਼ਾਂ ਦੀ ਵਰਤੋਂ ਕਰਨਾ ਜਾਣਦੀ ਹੈ।

ਇਸ ਤੋਂ ਇਲਾਵਾ, ਕਈ ਤਰ੍ਹਾ ਦੀਆਂ ਮਸ਼ਹੂਰੀਆਂ ਸਾਨੂੰ ਸਰਮਾਏਦਾਰੀ ਦੇ ਮੂਲ ਮੰਤਰ ਜਾਣੀ ਸਰਮਾਏ ਦੇ ਸੰਗ੍ਰਹਿ, ਬੱਚਤ ਤੇ ਨਿਵੇਸ਼ ਦੀਆਂ ਹਿਦਾਇਤਾਂ ਦਿੰਦੇ ਰਹਿੰਦੇ ਹਨ। ਇਹਨਾਂ ਮਸ਼ਹੂਰੀਆਂ ‘ਚ ਬੇਸ਼ਰਮੀ ਨਾਲ਼ ਬੱਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਅਪਣੇ ਮਾਂ-ਬਾਪ, ਦਾਦਾ-ਦਾਦੀ ਆਦਿ ਨੂੰ ਬੱਚਤ ਕਰਨ ਦੀ ਸਲਾਹ ਦਿੰਦੇ ਦਿਖਾਏ ਜਾਂਦੇ ਹਨ। ਮਸ਼ਹੂਰੀਆਂ ਸਾਡੇ ਡਰ ਤੇ ਸੱਮਸਿਆਵਾਂ ਦਾ ਬਾਖੂਬੀ ਇਸਤੇਮਾਲ ਕਰਦੀਆਂ ਹਨ। ਅਸਲ ਜ਼ਿੰਦਗੀ ‘ਚ ਡਰ ਤੇ ਅਸੁਰੱਖਿਆ ਦੀਆਂ ਭਾਵਨਾਵਾਂ ਨੂੰ (ਜੋ ਕਿ ਆਪ ਸਰਮਾਏਦਾਰੀ ਦੀ ਦੇਣ ਹਨ) ਮਸ਼ਹੂਰੀਆਂ ਰਾਹੀਂ ਖੁੱਲਕੇ ਨਕਦੀ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਮਸ਼ਹੂਰੀ ਸਨੱਅਤ ਆਪਣਾ ਸਾਰਾ ਧਿਆਨ ਤੇ ਉਰਜਾ ਮੱਧਵਰਗ ‘ਤੇ ਕੇਂਦਰਤ ਕਰਦੀ ਹੈ। ਕਿਉਂਕਿ ਇੱਕ ਮਾਡਲ ਅਤੇ ਆਦਰਸ਼ ਖਪਤਕਾਰ ਉਹੀ ਹੋ ਸਕਦਾ ਹੈ। ਇਸਦੇ ਨਾਲ਼ ਹੀ ਮਸ਼ਹੂਰੀਆਂ ਕਾਲਪਨਿਕ ਤੇ ਨਕਲੀ ਯਥਾਰਥ ਦੀ ਉਸਾਰੀ ਵੀ ਕਰਦੀਆਂ ਹਨ। ਜਿਹੜੇ ਸੁੱਖ ਤੇ ਸੁਰੱਖਿਆ ਦੀ ਘਾਟ ਅਸਲੀ ਜੀਵਨ ‘ਚ ਹੈ, ਉਸਦੇ ਭੁਲੇਖਾ-ਪਾਉ ਬਿੰਬ ਮਸ਼ਹੂਰੀਆਂ ‘ਚ ਹੀ ਸਮੋਏ ਹਨ। ਇਹ ਵਿਰੋਧਤਾਈ ਹਰ ਸਮੇਂ ਸਰਗਰਮ ਰਹਿੰਦੀ ਹੈ। ਇਸ ਦੇ ਨਾਲ਼ ਹੀ ਮਸ਼ਹੂਰੀਆਂ ‘ਚ ਯਥਾਰਥ ਦਾ ਚੋਣਵਾਂ ਚਿਤਰਣ ਕੀਤਾ ਜਾਂਦਾ ਹੈ। ਕਿਤੇ-ਕਿਤੇ ਤਾਂ ਯਥਾਰਥ ਨੂੰ ਸਿਰ ਭਰਨੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਮਸ਼ਹੂਰੀਆਂ ਦਾ ਸੰਸਾਰ ਆਮ ਤੌਰ ‘ਤੇ ਅਸਲ ਸੰਸਾਰ ਨਾਲ਼ ਮੇਲ ਨਹੀਂ ਖਾਂਦਾ।

ਜਿੱਥੋਂ ਤੱਕ ਮਸ਼ਹੂਰੀਆਂ ‘ਚ ਔਰਤਾਂ ਦੇ ਚਿਤਰਣ ਦਾ ਸਵਾਲ ਹੈ ਤਾਂ ਉਹਨਾਂ ਨੂੰ ਜਿਣਸਾਂ ਜਾਂ ਉਪਜਾਂ ਨਾਲ਼ ਜੁੜੀ ਜਿਣਸ (Associated commodity) ਦੇ ਰੂਪ ‘ਚ ਹੀ ਘੜਿਆ ਜਾਂਦਾ ਹੈ। ਜਿਸ ਤਰੀਕੇ ਨਾਲ਼ ਸਰਮਾਏਦਾਰੀ ਦੁਆਰਾ ਔਰਤਾਂ ਦਾ ਜਿਣਸੀਕਰਨ/ਵਸਤੂਕਰਨ ਕੀਤਾ ਜਾਂਦਾ ਹੈ ਉਸਦਾ ਸੱਭਿਆਚਾਰਕ ਪ੍ਰਗਟਾਵਾ ਇੱਕ ਧਰਾਤਲ ‘ਤੇ ਮਸ਼ਹੂਰੀਆ ‘ਚ ਨਜ਼ਰ ਆਉਂਦਾ ਹੈ। ਜਿਹਨਾਂ ਉਪਜਾਂ ਦੀਆਂ ਮਸ਼ਹੂਰੀਆਂ ‘ਚ ਔਰਤਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਉਹਨਾਂ ਮਸ਼ਹੂਰੀਆਂ ‘ਚ ਵੀ ਧੱਕੇ ਨਾਲ਼ ਔਰਤਾਂ ਨੂੰ ਸ਼ਾਮਲ ਕੀਤਾ ਹੁੰਦਾ ਹੈ; ਮਿਸਾਲ ਵਜੋਂ ਮਰਦਾਂ ਦੇ ਅੰਡਰਵੀਅਰ ਤੇ ਸ਼ੇਵਿੰਗ ਕਰੀਮ ਦੀਆਂ ਮਸ਼ਹੂਰੀਆਂ ‘ਚ ਔਰਤਾਂ ਦਾ ਭਲਾ ਕੀ ਕੰਮ ਹੈ? ਮੁੱਖ ਰੂਪ ‘ਚ ਮਸ਼ਹੂਰੀਆਂ ‘ਚ ਔਰਤਾਂ ਦਾ ਚਿਤਰਣ ਦੋ ਹੀ ਰੂਪਾਂ ਤੱਕ ਸੀਮਤ ਹੈ ਇੱਕ ਤਾਂ ਘਰੇਲੂ ਜੀਵਨ/ਸੰਸਾਰ ਦੇ ਅੰਦਰ ਜਾਂ ਫਿਰ ਸਰੀਰਕ ਇੱਛਾ ਦੀ ਵਸਤੂ ਦੇ ਰੂਪ ‘ਚ।
 ਮਸ਼ਹੂਰੀਆਂ ‘ਚ ਜਿਣਸਾਂ ਦੇ ਸਹੁਜ ਤੇ ਕਲਾ ਜਾਂ ਸਹੁਜਸ਼ਾਸਤਰ ਦੇ ਜਿਣਸੀਕਰਨ ਦਾ ਬੇਮਿਸਾਲ ਮੇਲ ਦੇਖਿਆ ਜਾ ਸਕਦਾ ਹੈ। ਮਸ਼ਹੂਰੀਆਂ ‘ਚ ਸਹੁਜਸ਼ਾਸਤਰ ਦੀ ਸਭ ਤੋਂ ਉੱਨਤ ਤਕਨੀਕ ਦਾ ਇਸਤੇਮਾਲ ਨਾ ਸਿਰਫ ਜਿਣਸਾਂ ਨੂੰ ਸੋਹਣਾ ਤੇ ਲੋੜੀਂਦਾ ਬਣਾ ਕੇ ਉਹਨਾਂ  ਦੀ ਵਿੱਕਰੀ ਲਈ ਕੀਤਾ ਜਾਂਦਾ ਹੈ, ਸਗੋਂ ਖਪਤਕਾਰਾਂ ਨੂੰ ਜ਼ਿੰਦਗੀ ਦੇ ਤੌਰ ਤਰੀਕਿਆ ਵਜੋਂ ਅਪਣਾਉਣ ਲਈ ਪ੍ਰਚਾਰ ਦੇ ਰੂਪ ‘ਚ ਵੀ ਕੀਤਾ ਜਾਂਦਾ ਹੈ।

ਮਸ਼ਹੂਰੀਆਂ ਸਰਮਾਏਦਾਰੀ ਵਿਅਕਤੀਵਾਦ ਨਾਲ਼ ਜੁੜੇ ਬਿੰਬਾਂ ਨੂੰ ਇੱਕ ਆਦਰਸ਼ ਦੇ ਰੂਪ ‘ਚ ਵੀ ਪੇਸ਼ ਕਰਦੀਆਂ ਹਨ। ਇਹਨਾਂ ਬਿੰਬਾਂ ‘ਚ ਵਿਅਕਤੀਗਤ ਗਤੀਮਾਨਤਾ (Individual mobility), ‘ਸੇਲਫ ਮੇਡ’ ਵਿਅਕਤਿਤਵ, ਨਿੱਜਕੇਂਦਰਿਤ, ਨਿੱਜ਼ਮੋਹ ‘ਤੇ ਵੱਧ ਜ਼ੋਰ ਹੁੰਦਾ ਹੈ ਤੇ ਬਿੰਬਾ ਨੂੰ ਵੱਡੇ ਪੱਧਰ ‘ਤੇ ਮਸ਼ਹੂਰੀਆਂ ਰਾਹੀਂ ਵੇਚਿਆ ਜਾਂਦਾ ਹੈ ਤੇ ਲੋਕਾਂ ‘ਤੇ ਮੜ੍ਹਿਆ ਜਾਂਦਾ ਹੈ।

ਇਸ ਤੋਂ ਇਲਾਵਾ ਅੱਜਕੱਲ ਦੀਆਂ ਮਸ਼ਹੂਰੀਆਂ ‘ਚ ਅੰਨ੍ਹੇਵਾਹ ਖਪਤਵਾਦ ਤੋਂ ਪੈਦਾ ਹੋਏ ਅਪਰਾਧਬੋਧ ਨੂੰ ਖਤਮ ਨਾ ਸਹੀ ਤਾਂ ਉਸ ਨੂੰ ਖੁੰਡਾ ਕਰਨ ‘ਤੇ ਵੀ ਖਾਸਾ ਜ਼ੋਰ ਦਿੱਤਾ ਜਾਂਦਾ ਹੈ। ਇਹ ਇੱਕ ਕਿਸਮ ਦੀ ‘ਪੇਡ’ ਸਮਾਜ ਸੇਵਾ ਹੈ ਜਿਹਦੇ ‘ਚ ਤੁਸੀਂ ਚੀਜ਼ਾਂ ਦੀ ਵਰਤੋਂ ਕਰਨ ਦੇ ਨਾਲ਼-ਨਾਲ਼ ਭਲਾਈ ਦਾ ਕੰਮ ਵੀ ਕਰਦੇ ਹੋ, ਮਿਸਾਲ ਲਈ ਟਾਟਾ ਚਾਹ ਵੱਲੋਂ ਚਲਾਈ ਜਾ ਰਹੀ ਇੱਕ ਯੋਜਨਾ ਦੀ ਮਸ਼ਹੂਰੀ, ਜਿਸ ‘ਚ ਖਰੀਦਦਾਰੀ ਕਰਨ ਵਾਲ਼ੀ ਔਰਤ ਆਪਣੀ ਖਰੀਦਦਾਰੀ ਤੋਂ ਸੰਤੁਸ਼ਟ ਹੈ ਕਿ ਉਹਦੀ ਖਰੀਦਦਾਰੀ ਨਾਲ਼ ਇੱਕ ਗਰੀਬ ਕੁੜੀ ਪੜ੍ਹ ਸਕਦੀ ਹੈ। ਨਤੀਜ਼ੇ ਵਜੋਂ ਵਰਤੋਂ ਨਾਲ਼ ਪੈਦਾ ਹੋਣ ਵਾਲੇ ਅਪਰਾਧਬੋਧ ਨੂੰ ਦੂਰ ਕਰਨ ਦੀ ਕਦਰ ਨੂੰ ਵੀ ਜਿਣਸ ਦੀ ਕਦਰ ਨਾਲ਼ ਜੋੜ ਦਿੱਤਾ ਜਾਂਦਾ ਹੈ। ਤੁਸੀਂ ਜਿਣਸ ਲਈ ਮੰਡੀ ਦਰ ਤੋਂ ਵੀ ਵੱਧ ਕਦਰ ਦੇਣ ਲਈ ਰਾਜੀ ਹੋ ਜਾਂਦੇ ਹੋ ਕਿਉਂ ਜੋ ਉਸਤੋਂ ਪ੍ਰਾਪਤ ਮੁਨਾਫਾ ਕੰਪਨੀ ਨੇਕੀ ਦੇ ਕੰਮ ‘ਚ ਲਗਾਂਉਦੀ ਹੈ।

ਕੁੱਝ ਖਾਸ ਮਸ਼ਹੂਰੀਆਂ: ਉਦਾਹਰਨ-ਸਹਿਤ ਕੁੱਝ ਵਿਚਾਰਨਯੋਗ ਨੁਕਤੇ

‘ਆਈਡੀਆ’ ( ਜੋ ਕਿ ਮੋਬਾਇਲ-ਇੰਟਰਨੈਟ ਦੀ ਸੇਵਾ ਪ੍ਰਦਾਨ ਕਰਦਾ ਹੈ ਟੈਲੀਕਾਮ ਸੈਕਟਰ ‘ਚ ਬਿਡਲਾ ਸਮੂਹ ਦੀ ਪ੍ਰਤੀਨਿਧਤਾ ਕਰਦਾ ਹੈ) ਦੀ ਇੱਕ ਮਸ਼ਹੂਰੀ ਨੂੰ ਹੀ ਲਵੋ ‘ਆਈਡੀਆ ਇੰਟਰਨੈੱਟ ਨੇਟਵਰਕ’ ‘ਆਈ.ਆਈ.ਐੱਨ’ ਦੇ ਨਾਂ ਨਾਲ਼ ਚਲਣ ਵਾਲ਼ੀਆਂ ਮਸ਼ਹੂਰੀਆਂ ਕੁੱਝ ਇੰਝ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ਇਹ ਬਹੁਤ ਹੀ ਇਨਕਲਾਬੀ ਜਾਂ ਅਗਾਂਹਵਧੂ ਗੱਲ ਕਰਦੇ ਹੋਣ। ਮਸ਼ਹੂਰੀਆਂ  ਦੀ ਇਸ ਲੜੀ ਵਿੱਚ ਇੱਕ ਮਸ਼ਹੂਰੀ ਦਾ ਸੈੱਟ ਹਰਿਆਣੇ ਦਾ ਇੱਕ ਪਿੰਡ ਦਿਖਾਇਆ ਗਿਆ ਹੈ। ਪਿੰਡ ਤਾਂ ਸਾਨੂੰ ਦਿਖਾਇਆ ਨਹੀਂ ਜਾਂਦਾ ਪਰ ਪਿੰਡ ਦੇ ਘਰ ਦੇ ਵਰਾਂਡੇ ‘ਚ ਕੁੱਝ ਹਰਿਆਣਵੀ ਕੁੜੀਆਂ ਸਲਵਾਰ ਕਮੀਜ਼ ਪਾਈ ਤੇ ਸਿਰ ਤੇ ਚੁੰਨੀ ਲਈ ਖੜ੍ਹੀਆਂ ਹਨ। ਜਿਹਨਾਂ ‘ਚੋਂ ਇੱਕ ਕੁੜੀ ਨਰੇਟਰ ਹੈ ਜੋ ਦਸਦੀ ਹੈ ਕਿ ਪਿੰਡ ‘ਚ ਕੁੜੀਆਂ ਨੂੰ ਬਾਹਰ ਜਾ ਕੇ ਪੜ੍ਹਨ ਦੀ ਇਜ਼ਾਜਤ ਨਹੀਂ ਹੈ। ਉਹ ਅੱਗੇ ਕਹਿੰਦੀ ਹੈ ਕਿ ਕਿਹੜੀ ਵੱਡੀ ਗੱਲ ਹੈ? ਜੇ ਅਸੀਂ ਕੁੜੀਆਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਤਾਂ ਕਾਲਜ ਤਾਂ ਘਰ ਆ ਹੀ ਸਕਦਾ ਹੈ। ਇਸ ਮਗਰੋਂ ਸਾਰੀਆਂ ਕੁੜੀਆਂ ਨੂੰ ਘਰ ਦੀ ਚਾਰਦੀਵਾਰੀ ਦੇ ਅੰਦਰ ਹੀ ਸਮਾਰਟ ਫੋਨਾਂ ‘ਤੇ ਆਈਡੀਆ ਇੰਟਰਨੈੱਟ ਦੀ ਮਿਹਰਬਾਨੀ ਨਾਲ਼ ਘਰ ‘ਚ ਹੀ ਕਾਲਜ਼ ਦੀ ਪੜ੍ਹਾਈ ਕਰਦੇ ਦਿਖਾਇਆ ਜਾਂਦਾ ਹੈ। ਹੁਣ ਜ਼ਰਾ ਇਸ ਮਸ਼ਹੂਰੀ ਦੇ ‘ਟੈਕਸਟ’ ਤੇ ‘ਸਬਟੈਕਸਟ’ ‘ਤੇ ਧਿਆਨ ਦਿਓ। ਬਹੁਤੀ ਤਕਲੀਫ਼ ਨਹੀਂ ਹੋਵੇਗੀ ਤੇ ਨਾ ਹੀ ‘ਬਿਟਵੀਨ ਦਾ ਲਾਈਨਸ’ (ਛਿਪੇ ਹੋਏ ਅਰਥਾਂ ‘ਚ) ਪੜ੍ਹਨ ਦੀ ਲੋੜ ਪਵੇਗੀ। ਪਹਿਲੀ ਗੱਲ ਤਾਂ ਮਸ਼ਹੂਰੀ ਇਹ ਮੰਨ ਕੇ ਚਲਦੀ ਹੈ ਕਿ ਤੁਹਾਡੇ ਕੋਲ ਇੱਕ ਸਮਾਰਟ ਫੋਨ ਹੈ ਹੀ। ਜੇਕਰ ਨਹੀਂ ਹੈ ਤਾਂ ਤੁਸੀ ਕਿਸੇ ਕੰਮ ਦੇ ਨਹੀਂ ਹੋ ਅਤੇ ਤੁਹਾਡਾ ਕੁਝ ਨਹੀਂ ਹੋ ਸਕਦਾ। ਦੂਜ਼ਾ ਇਹ ਅਖੌਤੀ ਤੌਰ ‘ਤੇ ਕੁੜੀਆਂ ਦੇ ਪੜ੍ਹਨ ਦੀ ਅਜ਼ਾਦੀ ਦਾ ਸਮਰਥਨ ਕਰਦੀ ਹੈ। ਪਰ ਇਹ ਕਿਹੜੀ ਅਜ਼ਾਦੀ ਹੈ? ਅਜਿਹੀ ਅਜ਼ਾਦੀ ਜੋ ਹਾਲਤਾਂ ਨੂੰ ਬਾਦਸਤੂਰ ਬਣਾਏ ਰੱਖਦੀ ਹੈ, ਵਿਦਰੋਹ ਦੀ ਸਪੇਸ ਨਹੀਂ ਦਿੰਦੀ, ਤੇ ਜਗੀਰੂ ਪਿੱਤਰਸੱਤਾਵਾਦੀ ਰੂੜੀਵਾਦੀ ਘਰ-ਬਾਰੂ ਚਾਰਦੀਵਾਰੀ ‘ਚ ਨਵੇਂ ਸਰਮਾਏਦਾਰਾ ਢੰਗਾਂ ਰਾਹੀਂ (ਕਿਉਂਕਿ ਯਾਦ ਰਹੇ ਇਹ ਜੋ “ਅਜ਼ਾਦੀ” ਸਮਾਰਟ ਫੋਨ ਤਕਨੀਕ ਰਾਹੀਂ ਮਿਲੀ ਹੈ ਉਹ ਇਸ ‘ਭਲੀ’ ਸਰਮਾਏਦਾਰੀ ਦੀ ਹੀ ਤਾਂ ਦੇਣ ਹੈ।) ਆਈ ਹੈ। ਅਤੇ ਇਸ ‘ਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਇਸ ਮਸ਼ਹੂਰੀ ਦੀ ਸੈਟਿੰਗ ਉਹੀ ਹਰਿਆਣਾ ਹੈ ਜੋ ਹੁਣੇ-ਹੁਣੇ ਹੀ ਖਾਪ ਪੰਚਾਇਤਾਂ ਦੁਆਰਾ ਨੇਪਰੇ ਚਾੜ੍ਹੇ ਗਏ ਕਾਰਜਾਂ ਕਰਕੇ ਸੁਰਖੀਆਂ ‘ਚ ਸੀ ਤੇ ਸਮੁੱਚੇ ਦੇਸ਼ ‘ਚ ਜੋ ਔਰਤਾਂ ‘ਤੇ ਥੋਪੀਆਂ ਰੋਕਾਂ, ਕੱਟੜਵਾਦੀ ਪਿੱਤਰਸੱਤਾ ਲਈ ਬਦਨਾਮ ਰਿਹਾ ਹੈ। ਇਹ ਮਸ਼ਹੂਰੀ ਸਰਮਾਏਦਾਰਾ ਆਧੁਨਿਕਤਾ ਵਲੋਂ ਸਹਿਯੋਜਿਤ ਇਹਨਾਂ ਜਗੀਰੂ ਸੰਸਥਾਵਾਂ ਨੂੰ ਵੀ ਚੰਗੀ ਰਾਸ ਆਈ ਹੋਵੇਗੀ। ਕਿਉਂਕਿ ਇਹ ਮਸ਼ਹੂਰੀ ਪੰਚਾਇਤਾਂ ਵਲੋਂ ਥੋਪੀਆਂ ਕਦਰਾਂ ਕੀਮਤਾਂ ਨਾਲ਼ ਛੇੜ ਛਾੜ ਕੀਤੇ ਬਿਨ੍ਹਾਂ ਤੇ ਉਹਨਾਂ ਅੱਗੇ ਚੁਨੌਤੀ ਖੜ੍ਹੀ ਕੀਤੇ ਬਿਨ੍ਹਾਂ ਹੀ ਕੁੜੀਆਂ ਨੂੰ ਪੜ੍ਹਨ ਲਿਖਣ ਦੀ ਅਜ਼ਾਦੀ ਦੇ ਹੱਕ ‘ਚ ਹੈ। ਕੁੜੀਆਂ ਘਰ ਦੀ ਚਾਰਦੀਵਾਰੀ ਅੰਦਰ ਰਹਿਣਗੀਆਂ ਤਾਂ ਬਾਹਰ ਮੁੰਡਿਆਂ ਨਾਲ਼ ਘੁਲਣ ਮਿਲਣਗੀਆਂ ਨਹੀਂ , ਪਿਆਰ ਨਹੀਂ ਕਰਨਗੀਆਂ, ਅਜ਼ਾਦ ਸਬੰਧ ਨਹੀਂ ਬਣਾਉਂਣਗੀਆਂ ਅਤੇ ਜੋ ਫਰਕ ਖਾਪ ਪੰਚਾਇਤਾਂ ਬਰਕਰਾਰ ਰੱਖਣਾ ਚਾਹੁੰਦੀਆ ਹਨ, ਉਹ ਉਂਝ ਹੀ ਬਰਕਾਰ ਰਹੇਗਾ। ਇਸ ਰੂਪ ‘ਚ ਆਈਡੀਆ ਦੀਆਂ ਸਾਰੀਆਂ ਮਸ਼ਹੂਰੀਆਂ ਨਾ ਸਿਰਫ ਯਥਾਰਥਵਾਦੀ ਹਨ, ਸਗੋਂ ਪਿਛਾਂਹਖਿੱਚੂ ਵੀ ਹਨ। ਉਦਾਹਰਨ ਵਜੋਂ, ਇੱਕ ਪ੍ਰਚਾਰ ‘ਚ ਦੋ ਮਿੱਤਰ ਹਨ ਜੋ ਹੋਟਲ ਸੱੱਨਅਤ ‘ਚ ਜਾਣਾ ਚਾਹੁੰਦੇ ਹਨ। ਉਹਨਾਂ ‘ਚੋਂ ਇੱਕ ਹੋਟਲ ਮੈਨੇਜਮੈਂਟ ਦੀ ਮੋਟੀ ਫੀਸ ਦੇਣ ਦੀ ਸਮਰੱਥਾ ਰੱਖਦਾ ਹੈ ਪਰ ਦੂਜ਼ਾ ਨਹੀਂ। ਇਸ ਹਾਲਤ ‘ਚ ਦੂਜ਼ਾ ਵੀ ਹੋਟਲ ਮੈਨੇਜਮੈਂਟ ‘ਚ ਦਾਖਲਾ ਲੈਣ ਦੀ ਬਜਾਏ ਆਈਡੀਆ ਨੈੱਟਵਰਕ ਰਾਹੀਂ ਹੋਟਲ ਮੈਨੈਜਮੈਂਟ ਸਿੱਖਦਾ ਹੈ ਤੇ ਇੰਝ ਦੋਵੇਂ ਦੋਸਤ ਚੰਗੀ ਜਿਹੀ ਥਾਂ ‘ਤੇ ਹੋਟਲ ਖੋਲਦੇ ਹਨ। ਹੁਣ ਦਰਸ਼ਕ ਹੈਰਾਨ ਹੈ ਕਿ ਜੋ ਹੋਟਲ ਮੈਨੇਜਮੈਂਟ ਦੀ ਫੀਸ ਦੇਣ ਦੀ ਸਮਰੱਥ ਨਹੀਂ ਰੱਖਦਾ ਸੀ, ਉਹ ਹੁਣ ਓਪਨ ਏਅਰ ਲਿਸ਼ਕਦਾ-ਪੁਸ਼ਕਦਾ ਹੋਟਲ ਖੋਲਣ ਦੀ ਥਾਂ ਖਰੀਦ ਲਈ ਜਾਂ ਕਿਰਾਏ ‘ਤੇ ਲੈ ਲਈ! ਪਰ ਮਸ਼ਹੂਰੀਆਂ ਤੁਹਾਡੇ ਤੋਂ ਤਰਕ ਦੀ ਉਮੀਦ ਨਹੀਂ ਕਰਦੀਆਂ। ਮਸ਼ਹੂਰੀ ਦੇਖੋ ਤੇ ਮੰਨ ਲਵੋ ਕਿ ਆਈਡਿਆ ਨੈਟਵਰਕ ਦੀ ਵਰਤੋਂ ਤੁਹਾਡੇ ਲਈ ਵੀ ਲੋੜੀਂਦੀ ਹੈ। (ਚੱਲਦਾ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 20-21, ਸਾਲ 5, 1 ਦਸੰਬਰ ਤੇ 16 ਦਸੰਬਰ 2016 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements