ਸਰਮਾਏਦਾਰੀ ਚ ਮਸ਼ਹੂਰੀਆਂ ਦੀ ਵਿਚਾਰਧਾਰਾ ਤੇ  ਸਰਮਾਏਦਾਰੀ ਵਿਚਾਰਧਾਰਾ ਦੀ ਮਸ਼ਹੂਰੀ •ਸ਼ਿਵਾਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਚੌਥੀ ਕਿਸ਼ਤ) (ਲੜੀ ਜੋੜਨ ਲਈ ਦੇਖੋ- ਲਲਕਾਰ ਸੰਯੁਕਤ ਅੰਕ 20-21, 1 ਅਤੇ 16  ਦਸੰਬਰ 2016)

ਜੀਵਨ ਬੀਮਾ ਨਾਲ਼ ਸਬੰਧਿਤ ਸਾਰੀਆਂ ਮਸ਼ਹੂਰੀਆਂ ਨੂੰ ਹੀ ਲਵੋ। ਇਹ ਮਸ਼ਹੂਰੀਆਂ ਸਮੁੱਚੇ ਮਸ਼ਹੂਰੀ ਜਗਤ ਦੇ ਇੱਕ ਖਾਸ ਰੁਝਾਨ ਨੂੰ ਹੀ ਪੇਸ਼ ਕਰਦੀਆਂ ਹਨ। ਜਿਵੇਂ ਕਿ ਬ੍ਰੈਖ਼ਤ ਨੇ ਕਿਹਾ ਹੈ ਕਿ “ਇੱਕ ਬੈਂਕ ਸਥਾਪਿਤ ਕਰਨ ਦੀ ਤੁਲਨਾ ‘ਚ ਇੱਕ ਬੈਂਕ ਲੁੱਟਣਾ ਕੀ ਹੈ?” ਬ੍ਰੈਖ਼ਤ ਨੇ ਅਪਣੇ ਨਾਵਲ ‘ਥ੍ਰੀ ਪੈਨੀ ਨਾਵਲ’ ‘ਚ ਦਿਖਾਇਆ ਹੈ ਕਿ ਕਿਵੇਂ ਸਰਮਾਏਦਾਰੀ ਢਾਂਚਾ ਅਸੁਰੱਖਿਆ ਤੇ ਅਨਿਸ਼ਚਿਤਤਾ ਦਾ ਮਹੌਲ ਪੈਦਾ ਕਰਕੇ ਮਗਰੋਂ ਇਸ ਅਸੁਰੱਖਿਆ ਤੇ ਅਨਿਸ਼ਚਿਤਤਾ ਦੇ ਮਹੌਲ ਕਰਕੇ ਹੀ ਆਪਣਾ ਧੰਦਾ ਕਰਦਾ ਹੈ। ਬੀਮਾਂ ਤੇ ਬੈਂਕ ਵੀ ਇਹੀ ਚਰਿਤਰਿਕ ਲੱਛਣਾ ਦੀ ਪੈਦਾਵਾਰ ਹੈ। ਅਤੇ ਇਸ ਦੀਆਂ ਮਸ਼ਹੂਰੀਆ ਇਸ ਸੱਚ ਨੂੰ ਬਿਲਕੁਲ ਠੰਡੀ ਨਿਰਪੱਖਤਾ ਨਾਲ਼ ਤੁਹਾਡੇ ਅੱਗੇ ਪੇਸ਼ ਕਰਦੀਆਂ ਹਨ। ਇਹਨਾਂ ‘ਚ ਇੱਕ ਖਾਸ ਕਿਸਮ ਦਾ ਸਰਮਾਏਦਾਰੀ ਯਥਾਰਥਵਾਦ ਹੈ। ਇਹਨਾਂ ਮਸ਼ਹੂਰੀਆਂ ‘ਚ ਮਾਰਕਸ ਦਾ ਉਹ ਪ੍ਰਸਿੱਧ ਕਥਨ ਰੂਪਮਾਨ ਹੁੰਦਾ ਨਜ਼ਰ ਆਉਂਦਾ ਹੈ ਕਿ “ਸਰਮਾਏਦਾਰੀ ਨੇ ਸਾਰੇ ਪਵਿੱਤਰ ਰਿਸ਼ਤਿਆਂ- ਨਾਤਿਆਂ ਨੂੰ ਲੈਣ ਦੇਣ ਦੇ ਸਵਾਰਥੀ ਹਿਸਾਬ-ਕਿਤਾਬ ਦੇ ਠੰਡੇ ਪਾਣੀ ‘ਚ ਡੋਬ ਦਿੱਤਾ ਹੈ।” ਇੱਕ ਅਜਿਹੀ ਹੀ ਮਸ਼ਹੂਰੀ ‘ਚ (ਸ਼ਾਇਦ ਆਈ.ਸੀ.ਆਈ.ਸੀ ਪਰੋਡੈਂਸ਼ੀਅਲ ਦੇ) ਇੱਕ ਮੱਧਵਰਗੀ ਆਦਮੀ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਕੈਂਸਰ ਹੈ ਤੇ ਇਸ ਤੋਂ ਉਹ ਘਾਬਰ ਜਾਂਦਾ ਹੈ ਕਿ ਉਸਦੇ ਪਰਿਵਾਰ ‘ਤੇ ਕੀ ਬੀਤੇਗੀ? ਉਹ ਕਲਪਨਾ ਸੰਸਾਰ ‘ਚ ਚਲਿਆ ਜਾਂਦਾ ਹੈ ਤੇ ਦੇਖਦਾ ਹੈ ਕਿ ਉਸਦੇ ਇਲਾਜ਼ ‘ਤੇ ਹੋਣ ਵਾਲ਼ੇ ਖਰਚ ਨਾਲ਼ ਉਸਦੀ ਘਰਵਾਲੀ ਇਸ ਕਰਕੇ ਦੁਖੀ ਹੈ ਕਿ ਜਿਹੜਾ ਕੀਮਤੀ ਹਾਰ ਉਹ ਲੇਣਾ ਚਾਹੁੰਦੀ ਸੀ ਹੁਣ ਨਹੀਂ ਲੈ ਸਕਦੀ। ਕਿ ਉਸਦਾ ਮੁੰਡਾ ਮੋਟਰਸਾਈਕਲ ਤੇ ਨਜ਼ਰ ਲਾਈ ਖੜ੍ਹਾ ਹੈ ਕਿ ਅਚਾਨਕ ਉਹ ਗਾਇਬ ਹੋ ਜਾਂਦੀ ਹੈ ਤੇ ਉਹ ਜ਼ੋਰ ਦੀ ਜ਼ਮੀਨ ‘ਤੇ ਡਿੱਗਦਾ ਹੈ ਤੇ ਸਿੱਟੇ ਵਜੋਂ ਉਹ ਇਸ ਨਤੀਜ਼ੇ ‘ਤੇ ਪਹੁੰਚਦਾ ਹੈ ਕਿ ਉਸਨੂੰ ਸਿਹਤ ਬੀਮਾ ਪਾਲਿਸੀ ਹੀ ਲੈ ਲੈਣੀ ਚਾਹੀਦੀ ਹੈ। ਇਹ ਮਸ਼ਹੂਰੀ ਸਪਸ਼ਟ ਰੂਪ ‘ਚ ਦਿਖਾ ਰਹੀ ਹੈ ਕਿ ਮੱਨੁਖ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ! ਸਰਮਾਏਦਾਰੀ ਸਮਾਜ ਤੇ ਢਾਂਚਾ ਜਿਸ ਤਰ੍ਹਾਂ ਆਪਣਾ ਪ੍ਰਚਾਰ ਕਰ ਰਹੇ ਹਨ ਉਹ ਨਿਘਾਰ ਦੇ ਅਜਿਹੇ ਨਵੇਂ ਦੌਰ ‘ਚ ਅਜਿਹੀ ਸੜਾਂਦ ਤੇ ਅਸ਼ਲੀਲਤਾ ਨਾਲ਼ ਹੋ ਰਿਹਾ ਹੈ ਜੋ ਕਰਹਿਤ ਪੈਦਾ ਕਰਦਾ ਹੈ।    

ਮਸ਼ਹੂਰੀ ਸੰਸਾਰ ਸਰਮਾਏਦਾਰੀ ਸਨਕੀ ਕਰੀਅਰਵਾਦ ਨੂੰ ਉਤਸ਼ਾਹਾਹਿਤ ਕਰਨ ਤੇ ਇਸ ਪ੍ਰਕਿਰਿਆ ‘ਚ ਆਪਣੀ ਜਿਣਸ ਵੇਚਣ ਲਈ ਅਣਮਨੁੱਖੀ ਹੱਦਾਂ ਤੱਕ ਵੀ ਡਿੱਗਦਾ ਹੈ। ਮਿਸਾਲ ਲਈ ਹੁਣ ਬੋਰਨਵੀਟਾ ਦੀ ਮਸ਼ਹੂਰੀ ਹੀ ਲਵੋ। ਇੱਕ ਮੱਧਵਰਗੀ ਔਰਤ ਅਪਣੇ ਮੁੰਡੇ ਨੂੰ ਇੱਕ ਦੌੜ ਮੁਕਾਬਲੇ ਦੀ ਤਿਆਰੀ ਕਰਾਉਂਦੇ ਪੇਸ਼ ਹੁੰਦੀ ਹੈ। ਜੋ ਬੱਚੇ ਨੂੰ ਭਜਾ-ਭਜਾ ਕੇ ਬੂਰੀ ਤਰ੍ਹਾ ਥਕਾ ਦਿੰਦੀ ਹੈ। ਦਿਖਾਇਆ ਜਾਂਦਾ ਹੈ ਕਿ ਉਹ ਖੁਦ ਮੁੰਡੇ ਨਾਲ਼ ਦੌੜ ਲਗਾਉਂਦੀ ਹੈ ਤੇ ਉਸਨੂੰ ਖੁਸ਼ ਕਰਨ ਲਈ ਉਸਨੂੰ ਜਿੱਤਣ ਨਹੀਂ ਦਿੰਦੀ। ਸਗੋਂ ਉਸਨੂੰ ਹਰਾਉਂਦੀ ਹੈ ਤੇ ਪਹਿਲਾਂ ਨਾਲੋਂ ਤੇਜ਼ ਭੱਜਣ ਲਈ ਪ੍ਰੇਰਿਤ ਕਰਦੀ ਹੈ। ਇਸਦੀ ਤਿਆਰੀ ਲਈ ਉਹ ਬੱਚੇ ਨੂੰ ਬੋਰਨਵੀਟਾ ਪਿਲਾਉਂਦੀ ਹੈ। ਸਰਮਾਏਦਾਰੀ ਗਲਾ-ਵੱਡ ਮੁਕਾਬਲੇ ਤੇ ਹੋੜ ‘ਚ ਉਹ ਬੱਚਾ ਪਿੱਛੜ ਨਾ ਜਾਵੇ ਇਸ ਲਈ ਮੱਧਵਰਗੀ ਅਭਿਲਾਸ਼ੀ ਮਾਂ ਅਪਣੀਆਂ ਸਾਰੀਆਂ ਉਮੀਦਾਂ ਦਾ ਭਾਰ ਉਸ ਛੋਟੇ ਜਿਹੇ ਮੋਡਿਆਂ ‘ਤੇ ਪਾਉਣ ਤੋਂ ਜ਼ਰਾ ਵੀ ਨਹੀਂ ਝਿਝਕਦੀ ,“ਤਿਆਰੀ ਜਿੱਤ ਦੀ” ਨਾਂ ਤੋਂ ਆਉਣ ਵਾਲ਼ੀ ਇਹ ਮਸ਼ਹੂਰੀ ਇਸ ਗੱਲ ‘ਤੇ ਚੁੱਪ ਹੈ ਕਿ ਜੇ ਬੱਚਾ ਦੌੜ ‘ਚ ਹਾਰ ਵੀ ਗਿਆ ਤਾਂ ਕੀ? ਸ਼ਾਇਦ ਇਸ ਲਈ ਕਿਉਂਕਿ ਦੌੜ ਹਾਰਨ ਵਾਲਿਆਂ ਦੀ ਥਾਂ ਸਰਮਾਏਦਾਰੀ ‘ਚ ਨਹੀਂ ਹੈ। ਬੋਰਨਵੀਟਾ ਦੀ ਹੀ ਇੱਕ ਹੋਰ ਮਸ਼ਹੂਰੀ ‘ਚ ਇੱਕ ਮੱਧਵਰਗੀ ਮਾਂ ਆਪਣੇ ਬੱਚੇ ਨੂੰ ਤੈਰਾਕੀ ਮੁਕਾਬਲੇ ‘ਚ ਹਿੱਸੇਦਾਰੀ ਦੀ ਤਿਆਰੀ ਕਰਾਉਂਦੀ ਹੈ। ਬੱਚੇ ਦੀ ਇੱਕ ਲੱਤ ‘ਚ ਫਰੈਕਚਰ ਹੁੰਦਾ ਹੈ ਇਸ ਲਈ ਮਾਂ ਵੀ ਆਪਣੀ ਇੱਕ ਲੱਤ ਬੰਨਦੀ ਹੈ ਤੇ ਜਦ ਤੱਕ ਬੱਚਾ ਤੈਰਾਕੀ ਦੀ ਤਿਆਰੀ ਕਰਦਾ ਹੈ ਉਹ ਇੱਕ ਲੱਤ ‘ਤੇ ਖੜ੍ਹੀ ਰਹਿੰਦੀ ਹੈ। ਇਹ ਬਿਮਾਰ ਕਿਸਮ ਦੇ ਸਰਮਾਏਦਾਰੀ ਵਿਅਕਤੀਵਾਦ ‘ਤਕਲੀਫ ਦੇ ਕਲਟ’ ਉਸਾਰਨ ਦਾ ਯਤਨ ਹੈ ਜਿਸ ਤੋਂ ਮਹਾਂਮਾਨਵ ਤਿਆਰ ਹੋ ਸਕੇ। ਜੋ ਅੰਨ੍ਹੇ, ਅਣਮਨੁੱਖੀ, ਅਸੰਵੇਦਨਸ਼ੀਲ ਕਿਸਮ ਦੇ ਕਰੀਅਰਵਾਦ ਨੂੰ ਉਤਸ਼ਾਹਹਿਤ ਕਰਦਾ ਹੈ।

ਇਸ ਤੋਂ ਬਿਨ੍ਹਾਂ ਇਮੇਜਨ ਡਾਟ ਕਾਮ, ਫਲਿਪਕਾਰਟ, ਜਬਾਂਗ, ਸਨੈਪਡੀਲ ਜਿਹੇ ਆਨਲਾਈਨ ਰੀਟੇਲ ਸਟੋਰ ਅਪਣੀਆਂ ਮਸ਼ਹੂਰੀਆਂ ਰਾਹੀਂ ਖਪਤਵਾਦ ਦੀ ਇੱਕ ਨਵੀਂ ਲਹਿਰ ਖੜ੍ਹੀ ਕਰ ਰਹੇ ਹਨ। “ਹੋਰ ਵਿਖਾਓ-ਹੋਰ ਵਿਖਾਓ ਅਪਣਾ ਨਾਰਾ ਹੋਰ ਵਿਖਾਓ”, “ਇਹ ਪਾਵਾਂ-ਕੀ ਪਾਵਾਂ?” ਇਹਨਾਂ ਸਾਰੇ ਸਲੋਗਨਾਂ ਨਾਲ਼ ਆਉਣ ਵਾਲੀਆਂ ਇਹ ਮਸ਼ਹੂਰੀਆਂ ਖਪਤਕਾਰਾਂ ਦੇ ਇੱਕ ਖਾਸ ਹਿੱਸੇ ਨੂੰ ਯਾਨੀ ਖਾਂਦੇ ਪੀਂਦੇ ਮੱਧਵਰਗ ਨੂੰ ਟਾਰਗੇਟ ਕਰਦੀਆਂ ਹਨ, ਤੇ ਉਹਨਾਂ ਨੂੰ ਹੀ ਲੁਭਾਉਂਦੀਆਂ ਹਨ। ਇਹ ਮਸ਼ਹੂਰੀਆਂ ਨੰਗੇ ਬੇਸ਼ਰਮ ਕਿਸਮ ਦੇ ਖਪਤਵਾਦ ਦਾ ਸੰਕੇਤ ਹਨ। ਇਹ ਡੰਕੇ ਦੀ ਚੋਟ ‘ਤੇ ਕਹਿੰਦੇ ਹਨ ਕਿ ਜੋ ਕੁੱਝ ਪੁਰਾਣਾ ਹੈ ਵੇਚ ਦਵੋ। ਕਈ ਵਾਰ ਇਹ ਸਪਸ਼ਟ ਵੀ ਨਹੀਂ ਕੀਤਾ ਜਾਂਦਾ ਕਿ ਜਿਣਸ ਜਾਂ ਮਨੁੱਖ ਤੇ ਕਈ ਵਾਰ ਤਾਂ ਜਿਣਸ ਦੇ ਰੂਪਕ ਦੇ ਤੌਰ ‘ਤੇ ਮਨੁੱਖ ਨੂੰ ਹੀ ਵਰਤਿਆ ਜਾਂਦਾ ਹੈ।

ਇਸ ਤੋਂ ਬਿਨ੍ਹਾਂ ਸਾਰੀਆਂ ਸੁੰਦਰਤਾ ਉਪਜਾਂ ਨਾਲ਼ ਸਬੰਧਿਤ ਮਸ਼ਹੂਰੀਆਂ ਇੱਕ ਖਾਸ ਕਿਸਮ ਦੀ ਖੂਬਸੂਰਤੀ ਦੇ ਪੈਮਾਨੇ ਨੂੰ ਸਭ ‘ਤੇ ਥੋਪਦੀਆਂ ਹਨ। ਇਹ ਮਸ਼ੂਰੀਆਂ ਨਾ ਸਿਰਫ ਮੌਜੂਦਾ ਸੁੰਦਰਤਾ ਕਦਰਾਂ ਨੂੰ ਮੜ੍ਹਦੇ ਹਨ ਸਗੋਂ ਨਵੀਂਆਂ ਕਦਰਾਂ-ਮਾਨਤਾਵਾਂ ਨੂੰ ਵੀ ਤਰਾਸ਼ਦੇ ਹਨ। ਫੇਅਰਨੈੱਸ ਕਰੀਮ ਦੀ ਮਸ਼ਹੂਰੀ ਹੋਵੇ ਜਾਂ ਕੋਈ ਐਟੀ ਏਜਿੰਗ ਕਰੀਮ ਸਾਰਿਆਂ ‘ਚ ਸੁਹੱਪਣ ਨਾਲ਼ ਜੁੜੀਆਂ ਮਸ਼ਹੂਰੀਆਂ ਦਾ ਸਰਵ-ਵਿਆਪੀਕਰਨ (Universalisation) ਤੇ ਸਜਾਤੀਕਰਨ (homogenisation) ਹੀ ਦਿਸਦਾ ਹੈ। ਇਸ ਲਈ ਸਰਮਾਏਦਾਰੀ ਸੁਹੱਪਣ ਮੰਡੀ ‘ਚ ਜੇ ਤੁਸੀਂ ਗੋਰੇ ਨਹੀਂ ਹੋ, ਜਵਾਨ ਨਹੀਂ ਹੋ, ਇੱਕ ਖਾਸ ਕਿਸਮ ਦੀ ਸਰੀਰਕ ਬਣਤਰ ਦੇ ਨਹੀਂ ਹੋ, ਤਾਂ ਤੁਹਾਨੂੰ ਸ਼ਾਇਦ ਹੀ ਕੋਈ ਖਰੀਦਾਰ ਮਿਲੇ, ਸੁਹੱਪਣ ਉਪਜਾਂ ਦੀ ਹਰ ਇੱਕ ਮਸ਼ਹੂਰੀ ਇਹੀ ਸੁਨੇਹਾ ਲੈ ਕੇ ਖੜ੍ਹੀ ਹੈ। ਗੋਰੇਪਣ ਨੂੰ ਲੈ ਕੇ ਜੋ ਨਿਰਾਸ਼ਾ ਸਾਡੇ ਦੇਸ਼ ‘ਚ ਅੰਗਰੇਜ਼ੀ ਗੁਲਾਮੀ ਦੇ ਦੌਰ ‘ਚ ਪੈਦਾ ਹੋਈ ਸੀ ਉਹ ਅੱਜ ਤੱਕ ਕਾਇਮ ਹੈ। ਇਹ ਇੱਕ ਖਾਸ ਕਿਸਮ ਦਾ ਇਕਹਿਰਾ-ਸੱਭਿਆਚਾਰੀਕਰਨ ਤੇ ਸਜਾਤੀਕਰਨ ਕਰਦਾ ਹੈ ਜੋ ਸਾਡੇ ਦੇਸ਼ ਦੇ ਲੋਕਾਂ ਦੀ ਮਾਨਸਿਕ ਗੁਲਾਮੀ ਨੂੰ ਬਣਾਈ ਰੱਖਣ ‘ਚ ਹੀ ਸਹਾਈ ਹੈ। ਕਿਉਂ ਜੋਂ ਇਹ ਬਿਕਾਊ ਹੈ।

ਮਸ਼ਹੂਰੀਆ ਕਿਸ ਤਰ੍ਹਾਂ ਜਮਾਤਾਂ ਦਾ ਪ੍ਰਾਰੂਪੀਕਰਨ(typicalisation) ਵੀ ਕਰਦੀਆਂ ਹਨ, ਇਸਦੀ ਮਿਸਾਲ “ਸੀ.ਪੀ.ਪਲਸ” ਨਾਂ ਦੇ ਸੀ.ਸੀ.ਟੀ.ਵੀ. ਕੈਮਰਾ ਕੰਪਨੀ ਦੀ ਇੱਕ ਮਸ਼ਹੂਰੀ ‘ਚ ਤੁਸੀਂ ਦੇਖ ਸਕਦੇ ਹੋ। ਇਸ ਮਸ਼ਹੂਰੀ ‘ਚ ਇੱਕ ਉੱਚ-ਮੱਧਵਰਗੀ ਬੱਚਾ ਤੇ ਉਸਦੀ ਦੇਖ ਰੇਖ ਕਰਨ ਵਾਲੀ ਆਇਆ ਜਾਂ ਕੰਮਵਾਲੀ ਨੂੰ ਦਿਖਾਇਆ ਜਾਂਦਾ ਹੈ। ਇਹ ਕੰਮਮ ਵਾਲ਼ੀ ਬੱਚੇ ਦੇ ਖਾਣੇ ਨੂੰ ਬੱਚੇ ਦੇ ਮੂੰਹ ਕਲ਼ਲ ਕਰਦੀ ਹੈ ਤੇ ਫਿਰ ਉਸਨੂੰ ਆਪ ਹੀ ਖਾ ਜਾਂਦੀ ਹੈ। ਮਗਰੋਂ ਉਹ ਕਰੂਪ ਢੰਗ ਨਾਲ਼ ਹੱਸਦੇ ਹੋਏ ਦਿਸਦੀ ਹੈ। ਏਨੇ ‘ਚੇ ਅਚਾਨਕ ਗੁੱਸੇ ‘ਚ ਉੱਪਰੋਂ ਕੋਈ ਅਵਾਜ਼ ਆਉਂਦੀ ਹੈ, ‘ਸ਼ਾਂਤੀ ਉੱਪਰ ਵਾਲਾ ਸਭ ਦੇਖ ਰਿਹਾ ਹੈ।’ ਕਿਉਂਕਿ ਸੀ.ਸੀ.ਟੀ.ਵੀ. ਕੈਮਰਾ ਲੱਗਿਆ ਹੋਇਆ ਸੀ ਇਸ ਲਈ ਘਰ ਦੀ ਮਾਲਕਿਨ ਕੰਮਵਾਲੀ ‘ਤੇ ਨਜ਼ਰ ਰੱਖਣ ‘ਚ ਸਫਲ ਰਹੀ ‘ਤੇ ‘ਭਿਆਨਕ ਕੰਮ’ ਕਰਦਿਆਂ ਹੋਇਆਂ ਉਸ ਨੂੰ ਰੰਗੇ ਹੱਥੀਂ ਫੜ੍ਹ ਲਿਆ। ਜਰਾ ਸੋਚੋ ਕੀ ਇਹ ਮਸ਼ਹੂਰੀ ਇੱਕ ਖਾਸ ਜਮਾਤ ਵੱਲ ਝੁਕਾਅ ਪੈਦਾ ਨਹੀਂ ਕਰ ਰਹੀ? ਜੇ ਉੱਪਰ ਵਾਲਾ ਸਭ ਦੇਖ ਹੀ ਰਿਹਾ ਤਾਂ ਕਿਸੇ ਕਾਰਖਾਨੇ ਜਾਂ ਫੈਕਟਰੀ ‘ਚ ਫੈਕਟਰੀ ਮਾਲਿਕ ਵੱਲੋਂ ਮਜ਼ਦੂਰਾਂ ਨੂੰ ਘੱਟ ਮਜ਼ਦੂਰੀ ਦਿੱਤੇ ਜਾਣ ਤੇ ਚੁੱਪ ਕਿਉਂ ਹੈ? ਤੇ ਮਸ਼ਹੂਰੀਆਂ ਆਪਣੀ ਪੇਸ਼ਕਾਰੀ ਦੇ ਕੇਂਦਰ ‘ਚ ਅਜਿਹੀ ਸੈਟਿੰਗ ਕਿਊਂ ਨਹੀਂ ਰੱਖਦੀਆਂ? ਜਾਂ ਫਿਰ ਇਸ ਕੰਮਵਾਲੀ ਨੂੰ ਹੀ ਲਵੋ ਉਸਦੀ ਮਾਲਕਿਨ ਉਸਨੂੰ ਘੱਟ ਹੀ ਮਜ਼ਦੂਰੀ ਕਿਉਂ ਦਿੰਦੀ ਹੈ, ਜਾਂ ਉਸਦੇ ਤੋਂ ਤੈਅ ਕੰਮ ਤੋਂ ਕਿੰਨਾ ਵੱਧ ਕੰੰਮ ਲੈਂਦੀ ਹੈ, ਅਪਣੇ ਜਮਾਤੀ ਖਾਸੇ ਦੇ ਚਲਦੇ ਨਾ ਤਾਂ ਕੋਈ ਸੀ.ਸੀ.ਟੀ.ਵੀ ਕੈਮਰਾ ਇਸਨੂੰ ਕੈਦ ਕਰਦਾ ਹੈ ਤੇ ਨਾ ਹੀ ਕੋਈ ਮਸ਼ਹੂਰੀ ਇਸ ਦੀ ਕੋਈ ਪੇਸ਼ਕਾਰੀ ਕਰੇਗੀ। ਇਹ ਮਸ਼ਹੂਰੀ ਇਹ ਮੰਨ ਕੇ ਹੀ ਚੱਲਦੀ ਹੈ ਕਿ ਮਜ਼ਦੂਰ ਜਾਂ ਗਰੀਬ ਲੋਕ ਆਦਤ ਤੋਂ ਹੀ ਧੌਖੇਬਾਜ਼ ਹੁੰਦੇ ਹਨ ਤੇ ਉਹਨਾਂ ‘ਤੇ ਨਜ਼ਰ ਰੱਖਣਾ ਲੋੜੀਂਦਾ ਹੈ। ਇਹ ਸਮੁੱਚੀ ਗਰੀਬ ਅਬਾਦੀ ਦਾ ਨਿਰਾਦਰ ਕਰਦੀ ਹੈ ਤੇ ਉਸਦੇ ਪ੍ਰਤੀ ਮੱਧਵਰਗੀ ਜਮਾਤ ‘ਚ ਤੁਅੱਸਬ ਪੈਦਾ ਕਰਦੀ ਹੈ। ਇਹ ਕਿਸ ਲਈ ਤਾਂ ਜੋ ਸੀ.ਸੀ.ਟੀ.ਵੀ. ਕੈਮਰਾ ਵੇਚਣ ਵਾਲ਼ੀ ਕੰਪਨੀ ਦੀ ਜਿਣਸ ਵਿਕ ਸਕੇ।

ਇੱਕ ਸੰਖੇਪ ਚਰਚਾ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮਸ਼ਹੂਰੀਆਂ ਸਰਮਾਏਦਾਰੀ ਅਰਥਚਾਰੇ ‘ਚ ਅਹਿਮ ਭੂਮਿਕਾ ਤਾਂ ਨਿਭਾਉਂਦੀਆਂ ਹਨ ਸਗੋਂ ਸਰਮਾਏਦਾਰੀ ਵਿਚਾਰਧਾਰਕ ਸਾਧਨ ਦੇ ਰੂਪ ‘ਚ ਵੀ ਸਰਮਾਏਦਾਰੀ ਨਜ਼ਰੀਏ, ਮਨੋਵਿਗਿਆਨ, ਸੱਭਿਆਚਾਰ ਦਾ ਬਹੁਤ ਚਲਾਕੀ ਤੇ ਬਰੀਕੀ ਨਾਲ਼ ਪ੍ਰਚਾਰ ਪ੍ਰਸਾਰ ਵੀ ਕਰਦੀਆਂ ਹਨ। ਮਸ਼ਹੂਰੀਆਂ ਗਲਭਾ-ਪਾਊ ਢੰਗ ਨਾਲ਼ ਇੱਕ ਖਾਸ ਨਜ਼ਰੀਏ ਨਾਲ਼ ਸੋਚਣ ਲਈ ਲੋਕਾਂ (ਜਿਸਨੂੰ ਕਿ ਉਹ ਸਿਰਫ ਖਪਤਕਾਰ ਦੇ ਰੂਪ ‘ਚ ਦੇਖਦੇ ਨੇ) ਦੀ ਸਹਿਮਤੀ ਲੈਣ ਦਾ ਕੰਮ ਕਰਦੀ ਹੈ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਾ ਤਾਂ ਕੁਦਰਤ ‘ਚ ਤੇ ਨਾ ਹੀ ਸਮਾਜ ‘ਚ ਕੋਈ ਵੀ ਪ੍ਰਕਿਰਿਆ ਜਾਂ ਵਰਤਾਰਾ ਇਕਾਂਗੀ ਢੰਗ ਨਾਲ਼ ਚਲਦੀ ਰਹਿੰਦੀ ਹੈ। ਕਿਉਂਕਿ ਲੋਕ ਸੋਚਦੇ ਹਨ ਤੇ ਲੋਕ ਆਪਣੀਆਂ ਹਾਲਤਾਂ ਬਾਰੇ ਵੀ ਸੋਚਦੇ ਹਨ, ਇਸ ਲਈ ਸਰਮਾਏਦਾਰੀ ਦਾ ਪਰਾਪੇਗੰਡਾ ਕਿੰਨਾ ਵੀ ਗਲਭਾ-ਪਾਊ ਕਿਉਂ ਨਾ ਹੋਵੇ ਲੋਕਾਂ ਨੂੰ ਲੰਬੇ ਸਮੇਂ ਤੱਕ ਚੀਜ਼ਾਂ ਪ੍ਰਤੀ ਗੈਰ-ਅਲੋਚਨਾਤਮਕ ਨਹੀਂ ਬਣਾਏ ਰੱਖ ਸਕਦਾ। ਮਸ਼ਹੂਰੀਆਂ ਦੇ ਦਰਸ਼ਕ ਸਿਰਫ ਗੈਰਸਰਗਰਮ ਰਸੀਵਰ(passive receiver) ਹੀ ਨਹੀਂ ਹੁੰਦੇ ਸਗੋਂ ਸਚੇਤਨ/ਸਰਗਰਮ ਏਜੰਟ (concious/active agent) ਵੀ ਹੁੰਦੇ ਹਨ। ਮਸ਼ਹੂਰੀਆਂ ਤੋਂ ਬਾਹਰ ਵਸਦਾ ਅਸਲ ਸੰਸਾਰ ਲੋਕਾਂ ਨੂੰ ਮਸ਼ਹੂਰੀਆਂ ਦੁਆਰਾ ਉਸਾਰੇ ਗਏ ਝੂਠੇ/ਫੇਨਟੇਸੀ ਸੰਸਾਰ ਦੀ ਅਸਲੀਅਤ ਪੇਸ਼ ਕਰ ਹੀ ਦਿੰਦਾ ਹੈ। ਜੇ ਲੋਕ ਕਿਸੇ ਵੀ ਸੱਭਿਆਚਾਰਰਕ ਉਪਜ ਜਿਵੇਂ ਕਿ ਫਿਲਮ, ਗੀਤ, ਮਸ਼ਹੂਰੀ ਆਦਿ ਦਾ ਇੱਕ ਗੈਰ-ਅਲੋਚਨਾਤਮਕ ਪਾਠ ਕਰ ਸਕਦੇ ਹਨ, ਤਾਂ ਉਹ ਅਲੋਚਨਾਤਮਕ ਪਾਠ ਵੀ ਕਰ ਸਕਦੇ ਹਨ ਜਿਵੇਂ ਸਟੁਆਰਟ ਹਾਲ ਨੇ ਵਿਖਾਇਆ ਸੀ। ਜਦੋਂ ਲੋਕ ਅਪਣੀ ਪਦਾਰਥਕ ਤੇ ਅਸਲੀ ਹਾਲਤਾਂ ਤੋਂ ਪ੍ਰਸਥਾਨ ਕਰਦੇ ਹੋਏ ਮਸ਼ਹੂਰੀਆਂ ਦੁਆਰਾ ਸਿਰਜੇ ਦ੍ਰਿਸ਼ਾਂ ਤੇ ਬਿੰਬਾਂ ਨੂੰ ਦੇਖਦੇ-ਸਮਝਦੇ ਹਨ ਤਾਂ ਬਜਾਏ ਉਸਦੇ ਪ੍ਰਭਾਵ ‘ਚ ਆਉਣ ਦੇ ਉਹ ਉਹਨਾਂ ਪ੍ਰਤੀ  ਘਿਰਣਾ ਵੀ ਕਰ ਸਕਦੇ ਹਨ ਤੇ ਉਸਦੇ ਪ੍ਰਤੀ ਅਲੋਚਨਾ ਦਾ ਨਜ਼ਰੀਆ ਵੀ ਅਪਣਾ ਸਕਦੇ ਹਨ। ਪਰ ਫਿਰ ਵੀ ਏਨਾ ਤੈਅ ਹੈ ਕਿ ਖਾਸ ਤੌਰ ‘ਤੇ ਮੱਧਵਰਗ ਦੀਆਂ ਵੱਖ-ਵੱਖ ਪਰਤਾਂ ‘ਚ ਸਰਮਾਏਦਾਰੀ ਸੱਭਿਆਚਾਰ ਸੱਨਅਤ ਮਸ਼ਹੂਰੀਆਂ ਰਾਹੀਂ ਅਪਣੇ ਸੂਖਮ ਤੇ ਹੁੰਨਰਮੰਦ ਢੰਗ ਨਾਲ਼ ਅਪਣੇ ਵਿਚਾਰਾਂ, ਕਦਰਾਂ ਕੀਮਤਾਂ, ਅਰਥ ਪ੍ਰਣਾਲੀ(systems of meaning) ਦਾ ਪ੍ਰਚਾਰ ਪ੍ਰਸਾਰ ਕਰਦੀ ਹੈ ਤੇ ਇਸ ਰੂਪ ‘ਚ ਸਰਮਾਏਦਾਰੀ ਢਾਂਚੇ ਦੀ ਵਿਚਾਰਧਾਰਕ ਤਾਕਤ ਨੂੰ ਸਥਾਪਤ ਕਰਨ ਦਾ ਪੁਰਜ਼ੋਰ ਯਤਨ ਕਰਦੀ ਹੈ। ਕਿਊਂਕਿ ਇਹ ਘਰ-ਘਰ ‘ਚ ਘੁਸ ਚੁੱਕੇ ਟੀ.ਵੀ ਦੇ ਮਾਧਿਅਮ ਰਾਹੀਂ ਲੋਕਾਂ ਦੇ ਦਿਮਾਗ ‘ਚ ਦਾਖਲ ਹੁੰਦੀ ਹੈ ਤੇ ਬੇਅੰਤ ਦੁਹਰਾਅ ਨਾਲ਼ ਆਪਣੇ ਦੁਆਰਾ ਪਰਸਾਰਿਤ ਸੁਨੇਹਿਆਂ ਨੂੰ ਉਭਾਰਦੀ ਹੈ। ਸਿੱਟੇਂ ਵਜੋਂ ਇਸਦਾ ਪ੍ਰਭਾਵ ਦੂਰ-ਰਸ ਤੇ ਡੂੰਘਾ ਹੁੰਦਾ ਹੈ ਕਿਊਂਕਿ ਅੱਜ ਸਰਮਾਏਦਾਰੀ ਪ੍ਰਚਾਰ ਸੱਨਅਤ ਬਹੁਤ ਹੁੰਨਰਮੰਦ ਤੇ ਸੂਖਮ ਢੰਗਾਂ ਰਾਹੀਂ ਤੇ ਬੇਹੱਦ ਉੱਨਤ ਤਕਨੀਕ ਤੇ ਸੱਭਿਆਚਾਰਕ ਮਾਧਿਅਮਾਂ ਰਾਹੀਂ ਆਪਣੇ ਪ੍ਰਚਾਰ ਦੀ ਉਸਾਰੀ ਕਰ ਰਹੀ ਹੈ।  

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements