ਸਰਮਾਏਦਾਰਾ ਪ੍ਰਬੰਧ ਦੇ ਚੰਗੇ ਦਿਨਾਂ ਦੀ ਖੁਸ਼ਫਹਿਮੀ ਵਿੱਚ : ਮੋਦੀ ਸਰਕਾਰ ਵੱਲੋਂ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹੋਰ ਖੁੱਲ੍ਹਾਂ •ਲਖਵਿੰਦਰ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹਾਂ ਦੇਣ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫੇਰ ਲੰਮੀ ਛਲਾਂਗ ਲਗਾਈ ਹੈ। ਰੱਖਿਆ, ਹਵਾਬਾਜ਼ੀ, ਦਵਾ ਖੇਤਰ, ਪੈਨਸ਼ਨ, ਬੀਮਾ ਆਦਿ ਖੇਤਰਾਂ ਵਿੱਚ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ। ਪ੍ਰਚੂਨ ਖੇਤਰ ਵਿੱਚ ਵੀ ਹੋਰ ਖੁੱਲ੍ਹਾਂ ਦਿੱਤੀਆਂ ਗਈਆਂ ਹਨ। ਕਾਂਗਰਸ ਸਰਕਾਰ ਵੇਲ਼ੇ ਜਦ ਭਾਰਤੀ ਅਰਥਚਾਰੇ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਸਨ ਉਦੋਂ ਭਾਜਪਾ ਨੇ ਇਸਦਾ ਵੱਡੇ ਪੱਧਰ ‘ਤੇ ਵਿਰੋਧ ਕੀਤਾ ਸੀ। ਉਸ ਸਮੇਂ ਭਾਜਪਾ ਉੱਚੀ-ਉੱਚੀ ”ਸਵਦੇਸ਼ੀ-ਸਵਦੇਸ਼ੀ” ਦੇ ਨਾਅਰੇ ਲਾ ਰਹੀ ਸੀ। ਮੋਦੀ ਨੇ ਉਸ ਸਮੇਂ ਕਿਹਾ ਸੀ ਕਿ ਕਾਂਗਰਸ ਦੇਸ਼ ਨੂੰ ਵਿਦੇਸ਼ੀਆਂ ਹੱਥ ਵੇਚ ਰਹੀ ਹੈ। ਅਰੁਣ ਜੇਟਲੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਭਾਜਪਾ ਵਾਲ਼ੇ ਮਰਦੇ ਦਮ ਤੱਕ ਸਿੱਧੇ ਵਿਦੇਸ਼ੀ ਨਿਵੇਸ਼ ਦਾ ਵਿਰੋਧ ਕਰਨਗੇ। ਸੁਸ਼ਮਾ ਸਵਰਾਜ ਨੇ ਰਾਜਘਾਟ ‘ਤੇ ਇਸ ਖਿਲਾਫ਼ ਨਾਚ ਕੀਤਾ ਸੀ। ਪੂਰਾ ਸੰਘ ਪਰਿਵਾਰ ਸਵਦੇਸ਼ੀ-ਸਵਦੇਸ਼ੀ ਦਾ ਚੀਕ-ਚਿਹਾੜਾ ਪਾ ਰਿਹਾ ਸੀ। ਸਿੱਧੇ ਵਿਦੇਸ਼ੀ ਨਿਵੇਸ਼ ਖਿਲਾਫ਼ ਉਸ ਸਮੇਂ ਇਹ ਦੇਸ਼ਭਗਤੀ ਦੀਆਂ ਗੱਲਾਂ ਕਰ ਰਹੇ ਸਨ। ਪਰ ਇਹ ਹੁਣ ਕੀ ਕਰ ਰਹੇ ਹਨ? ਰੰਗ ਬਦਲਣ ਦਾ ਇਹਨਾਂ ਦਾ ਹੁਨਰ ਵੇਖ ਕੇ ਗਿਰਗਟਾਂ ਵੀ ਹੀਣ-ਭਾਵਨਾ ਦਾ ਸ਼ਿਕਾਰ ਹੋ ਗਈਆਂ ਹਨ। ਦੋ ਸਾਲ ਪਹਿਲਾਂ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਕੁੱਝ ਚਿਰ ਬਾਅਦ ਹੀ ਬੀਮਾ, ਰੱਖਿਆ ਅਤੇ ਰੇਲਵੇ ਪ੍ਰੋਜੈਕਟਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵੱਡੀਆਂ ਖੁੱਲ੍ਹਾਂ ਦੇ ਦਿੱਤੀਆਂ ਗਈਆਂ ਸਨ। ਪਿਛਲੇ ਸਾਲ (2015) ਦੇ ਅੰਤ ਵਿੱਚ ਵੀ ਮੋਦੀ ਸਰਕਾਰ ਨੇ ਰੱਖਿਆ, ਖੇਤੀ, ਪਸ਼ੂ ਪਾਲਣ, ਬੈਂਕਿੰਗ, ਦਵਾਈ (ਫਾਰਮਾਸਿਊਟੀਕਲ), ਆਲ-ਜੰਜ਼ਾਲ (ਇਨਫ੍ਰਾਸਟ੍ਰਕਚਰ), ਦੂਰਸੰਚਾਰ, ਖਣਨ, ਸਿਵਿਲ ਹਵਾਬਾਜ਼ੀ, ਇਮਾਰਤ ਉਸਾਰੀ, ਰੁਖ-ਬਿਜਾਈ ਆਦਿ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨੂੰ ਵੱਡਾ ਹੁਲਾਰਾ ਦਿੱਤਾ ਸੀ।

ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਇਹ ਖੁੱਲ੍ਹਾਂ ਦੇ ਕੇ ਮੋਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹੁਣ ਐਲਾਨੀਆਂ ਖੁੱਲ੍ਹਾਂ ਨਾਲ਼ ਮੋਦੀ ਸਰਕਾਰ ਨੇ ਆਪਣਾ ਪਿਛਲਾ ਰਿਕਾਰਡ ਵੀ ਤੋੜ ਦਿੱਤਾ ਹੈ। ਮੋਦੀ ਨੇ ਖੁਦ ਹੀ ਦੱਸਿਆ ਹੈ ਕਿ ਹੁਣ ਭਾਰਤੀ ਅਰਥਚਾਰਾ ਹੁਣ ਦੁਨੀਆਂ ਦਾ ਸਭ ਤੋਂ ਖੁੱਲ੍ਹਾ ਅਰਥਚਾਰਾ ਬਣ ਚੁੱਕਿਆ ਹੈ। ਲਾਟਰੀ, ਜੂਆ, ਪ੍ਰਮਾਣੂ ਊਰਜਾ, ਰੀਅਲ ਅਸਟੇਟ ਡੈਵਲਪਮੈਂਟ ਟਰੱਸਟ, ਰੇਲਵੇ ਆਪਰੇਸ਼ਨ, ਆਦਿ ਕੁੱਝ ਖੇਤਰਾਂ ਵਿੱਚ ਅਜੇ ਵੀ ਅਜੇ ਵੀ ਸਿੱਧੇ ਵਿਦੇਸ਼ੀ ਨਿਵੇਸ਼ ‘ਤੇ ਰੋਕ ਹੈ। ਪਰ ਜਿਆਦਾਤਰ ਖੇਤਰਾਂ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਗਿਆ ਦਿੱਤੀ ਜਾ ਚੁੱਕੀ ਹੈ। ਜਿਆਦਾਤਰ ਮਾਮਲਿਆਂ ਵਿੱਚ ਵਿਦੇਸ਼ੀ ਸਰਮਾਇਆ ਨਿਵੇਸ਼ ਆਟੋਮੈਟਿਕ ਰੂਟ ਰਾਹੀਂ ਕੀਤਾ ਜਾ ਸਕਦਾ ਹੈ ਭਾਵ ਇਸ ਵਾਸਤੇ ਸਰਕਾਰ ਦੀ ਆਗਿਆ ਨਹੀਂ ਲੈਣੀ ਪਵੇਗੀ। ਜਿਹਨਾਂ ਮਾਮਲਿਆਂ ਵਿੱਚ ਸਰਕਾਰ ਤੋਂ ਆਗਿਆ ਲੈਣੀ ਵੀ ਪਵੇਗੀ ਉਹਨਾਂ ਵਿੱਚ ਵੀ ਕਾਫ਼ੀ ਰਾਹਤ ਦਿੱਤੀ ਗਈ ਹੈ। ਵਿਦੇਸ਼ੀ ਸਰਮਾਇਆ ਨਿਵੇਸ਼ਕਾਰਾਂ ਨੂੰ ਸਰਵੋਤਮ ਤਕਨੀਕ ਲੈ ਕੇ ਆਉਣ ਤੋਂ ਵੀ ਖੁੱਲ੍ਹ ਦੇ ਦਿੱਤੀ ਗਈ ਹੈ।

ਕਾਂਗਰਸ ਤੇ ਸਰਕਾਰ ਵਿੱਚ ਇਸਦੀਆਂ ਸਹਿਯੋਗੀ ਰਹੀਆਂ ਪਾਰਟੀਆਂ ਵੀ ਰੰਗ ਬਦਲਣ ਵਿੱਚ ਘੱਟ ਨਹੀਂ ਹਨ। ਹੁਣ ਇਹ ਭਾਜਪਾ ਦਾ ਵਿਰੋਧ ਕਰਦੀਆਂ ਹੋਈਆਂ ਕਹਿ ਰਹੀਆਂ ਹਨ ਕਿ ਭਾਜਪਾ ਦੇਸ਼ ਨੂੰ ਵਿਦੇਸ਼ੀਆਂ ਹੱਥ ਵੇਚ ਰਹੀ ਹੈ, ਕਿ ਦੇਸ਼ ਦੀ ਸੁਰੱਖਿਆ ਨੂੰ ਖੜਾ ਕਰ ਰਹੀ ਹੈ। ਸਰਮਾਏਦਾਰੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਸੱਤਾ ਤੋਂ ਬਾਹਰ ਹੋਰ ਤੇ ਅੰਦਰ ਹੋਰ ਰੰਗ ਵਿਖਾਉਂਦੀਆਂ ਹਨ। ਲੋਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਰਹਿੰਦਿਆਂ ਅਜਿਹੇ ਰੰਗ-ਰੂਪ ਧਾਰਨ ਕਰਨੇ ਹੀ ਪੈਂਦੇ ਹਨ। ਸੱਤਾ ਹਾਸਲ ਹੁੰਦਿਆਂ ਹੀ ਇਹਨਾਂ ਦੇ ਰੰਗ ਉੱਤਰ ਜਾਂਦੇ ਹਨ। ਜਿਵੇਂ ਕਿ ਹੁਣ ਭਾਜਪਾ ਦਾ ਉੱਤਰ ਗਿਆ ਹੈ।

ਜਿਵੇਂ ਕਿ ਕਾਂਗਰਸ ਦੀ ਅਗਵਾਈ ਵਾਲ਼ੀ ਗਠਜੋੜ ਸਰਕਾਰ ਕਹਿ ਰਹੀ ਸੀ ਉਵੇਂ ਹੀ ਭਾਜਪਾ ਦੀ ਅਗਵਾਈ ਵਾਲ਼ੀ ਗਠਜੋੜ ਸਰਕਾਰ ਕਹਿ ਰਹੀ ਹੈ ਕਿ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹਾਂ ਦੇਣ ਨਾਲ਼ ਭਾਰਤ ਦਾ ਅਰਥਚਾਰਾ ਤੇਜ਼ੀ ਨਾਲ਼ ਵਿਕਾਸ ਕਰੇਗਾ। ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ। ਲੋਕਾਂ ਦੀ ਗਰੀਬੀ ਦੂਰ ਹੋਵੇਗੀ। ਦੇਸੀ-ਵਿਦੇਸ਼ੀ ਸਰਮਾਏਦਾਰ ਜਮਾਤ ਦੇ ਪੱਖ ਵਿੱਚ ਚੁੱਕੇ ਗਏ ਹਰ ਕਦਮ ਨੂੰ ਲੋਕ ਦੋਖੀ ਸਰਕਾਰਾਂ ਵੱਲ਼ੋਂ ਲੋਕ ਪੱਖੀ ਕਰਾਰ ਦੇਣਾ ਕੋਈ ਅਨੋਖੀ ਗੱਲ ਨਹੀਂ ਹੈ। ਮੋਦੀ ਸਰਕਾਰ ਜਾਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵਿਦੇਸ਼ੀ ਨਿਵੇਸ਼ ਸਬੰਧੀ ਜੋ ਵੀ ਕਦਮ ਚੁੱਕੇ ਹਨ ਉਹ ਲੋਕਾਂ ਦੀ ਭਲਾਈ ਲਈ ਨਹੀਂ ਸਗੋਂ ਸਰਮਾਏਦਾਰਾ ਜੋਕਾਂ ਦੇ ਲੁੱਟ ਦੇ ਕਾਰੋਬਾਰ ਵਧਾਉਣ ਲਈ ਚੁੱਕੇ ਹਨ।

ਵੱਖ-ਵੱਖ ਰੁਪਾਂ ਵਿੱਚ ਲੰਮੇ ਸਮੇਂ ਤੋਂ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਦੀ ਮੌਜੂਦਗੀ ਰਹੀ ਹੈ। ਭਾਰਤ ਦੇ ਦੇਸੀ ਸਰਮਾਏਦਾਰ ਹਾਕਮਾਂ ਨੇ ਆਪਣੇ ਹਿੱਤਾਂ ਮੁਤਾਬਿਕ ਇਸ ਨੂੰ ਇੱਕ ਹੱਦ ਤੱਕ ਖੁੱਲ੍ਹਾਂ ਦਿੱਤੀਆਂ ਹੋਈਆਂ ਸਨ। ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਦੀ ਲੋੜ ਦੇਸੀ ਤੇ ਵਿਦੇਸ਼ੀ ਸਰਮਾਏਦਾਰੀ ਦੋਵਾਂ ਦੀ ਹੈ। ਅੱਜ ਸੰਸਾਰ ਪੱਧਰ ‘ਤੇ ਸਰਮਾਏਦਾਰਾ ਪ੍ਰਬੰਧ ਵਾਧੂ ਪੈਦਾਵਾਰ ਦੇ ਸੰਕਟ ਨਾਲ਼ ਘਿਰਿਆ ਹੋਇਆ ਹੈ। ਸਾਮਰਾਜੀ ਮੁਲਕਾਂ ਵਿੱਚ ਕੁੱਲ ਘਰੇਲੂ ਪੈਦਾਵਾਰ ਵਾਧਾ ਦਰ ਬਹੁਤ ਹੇਠਲੇ ਪੱਧਰ ‘ਤੇ ਹੈ, ਮੁਨਾਫ਼ੇ ਸੁੰਗੜ ਰਹੇ ਹਨ। ਉਹਨਾਂ ਨੂੰ ਮੁਨਾਫ਼ੇ ਵਧਾਉਣ ਲਈ ਨਵੀਆਂ ਮੰਡੀਆਂ ਦੀ ਲੋੜ ਹੈ। ਭਾਰਤੀ ਮੰਡੀ ਉਨ੍ਹਾਂ ਲਈ ਇੱਕ ਹੱਦ ਤੱਕ ਰਾਹਤ ਦਾ ਕੰਮ ਦੇ ਸਕਦੀ ਹੈ। ਭਾਰਤੀ ਅਰਥਚਾਰੇ ‘ਚ ਵੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ ਸੁੰਗੜਦੀ ਜਾ ਰਹੀ ਹੈ, ਵਿਦੇਸ਼ੀ ਮੁਦਰਾ ਭੰਡਾਰ ਘੱਟ ਹੈ, ਵਪਾਰ ਘਾਟਾ ਵਧਦਾ ਜਾ ਰਿਹਾ ਹੈ, ਸਰਮਾਏਦਾਰਾਂ ਦੇ ਮੁਨਾਫ਼ੇ ਸੁੰਗੜ ਰਹੇ ਹਨ। ਕੁੱਲ ਘਰੇਲੂ ਪੈਦਾਵਾਰ ਦਰ ਵਿੱਚ ਵਾਧੇ, ਆਲ-ਜੰਜਾਲ ਖੇਤਰ ਆਦਿ ਦੇ ਵਿਕਾਸ, ਵਿਦੇਸ਼ੀ ਮੁਦਰਾ ਭੰਡਾਰ ਵਧਾਉਣ, ਉੱਨਤ ਤਕਨੀਕ, ਅੱਯਾਸ਼ੀ ਦਾ ਸਾਜੋ-ਸਮਾਨ ਆਦਿ ਦੀਆਂ ਭਾਰਤੀ ਸਰਮਾਏਦਾਰੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਭਾਰਤ ਦੀ ਸਰਮਾਏਦਾਰਾ ਜਮਾਤ ਵੱਡੇ ਪੱਧਰ ‘ਤੇ ਵਿਦੇਸ਼ੀ ਸਰਮਾਇਆ ਨਿਵੇਸ਼ ਚਾਹੁੰਦੀ ਹੈ।

ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਮੋਦੀ ਨੇ ਪੂਰਾ ਜ਼ੋਰ ਲਾ ਰੱਖਿਆ ਹੈ। ਸਾਮਰਾਜੀ ਤੇ ਹੋਰ ਮੁਲਕਾਂ ਦੇ ਸਰਮਾਏਦਾਰਾਂ ਨੂੰ ਭਾਰਤ ਵਿੱਚ ਨਿਵੇਸ਼ ਲਈ ਮਨਾਉਣ ਲਈ ਉਹ ਵੱਖ-ਵੱਖ ਦੇਸ਼ਾਂ ਦੇ ਲਗਾਤਾਰ ਗੇੜੇ ਲਾ ਰਿਹਾ ਹੈ। ‘ਮੇਕ ਇਨ ਇੰਡੀਆ’ ਮੁਹਿੰਮ ਤਹਿਤ ਉਸਨੇ ਵਿਦੇਸ਼ੀ ਸਰਮਾਏਦਾਰਾਂ ਨੂੰ ਭਾਰਤ ਵਿੱਚ ਵੱਡੇ ਪੱਧਰ ‘ਤੇ ਕਾਰਖਾਨੇ ਲਾਉਣ ਦਾ ਸੱਦਾ ਦਿੱਤਾ ਹੈ। ਸਾਮਰਾਜੀਆਂ ਨੂੰ ਮਨਾਉਣ ਲਈ ਉਹ ਕਿਸ ਪੱਧਰ ਤੱਕ ਡਿੱਗ ਸਕਦਾ ਹੈ ਇਸਦੀ ਇੱਕ ਉਦਾਹਰਣ ਭਾਰਤ-ਅਮਰੀਕਾ ਫੌਜੀ ਸਮਝੌਤਾ ਵੀ ਹੈ ਜਿਸ ਤਹਿਤ ਅਮਰੀਕੀ ਫੌਜ ਭਾਰਤ ਦੇ ਫੌਜੀ ਅੱਡਿਆਂ ਅਤੇ ਹੋਰ ਸਾਜੋ ਸਮਾਨ ਦੀ ਵਰਤੋਂ ਕਰ ਸਕਦੀ ਹੈ। ਮੋਦੀ ਸੰਸਾਰ ਭਰ ਦੇ ਸਰਮਾਏਦਾਰਾਂ ਨੂੰ ਭਾਰਤ ਦੇ ਲੋਕਾਂ ਦੀ ਸਸਤੀ ਕਿਰਤ ਸ਼ਕਤੀ ਦੇ ਸਿਰ ‘ਤੇ ਅਥਾਹ ਮੁਨਾਫ਼ੇ ਕਮਾਉਣ ਦਾ ਸੱਦਾ ਦੇ ਰਿਹਾ ਹੈ ਤਾਂ ਕਿ ਭਾਰਤੀ ਸਰਮਾਏਦਾਰੀ ਵੀ ਮੁਨਾਫ਼ਿਆਂ ਦੇ ਗੱਫੇ ਹਾਸਲ ਕਰ ਸਕੇ। ਦੇਸੀ ਤੇ ਵਿਦੇਸ਼ੀ ਨਿਵੇਸ਼ਕਾਰਾਂ ਦੇ ਮੁਨਾਫ਼ਿਆਂ ਦੇ ਰਾਹ ਦੇ ਅੜਿਕੇ ਦੂਰ ਕਰਨ ਦੇ ਮਕਸਦ ਨਾਲ਼ ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ, ‘ਇੰਸਪੈਕਟਰ ਰਾਜ’ ਖਤਮ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ, ਸਰਮਾਏਦਾਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਕਾਗਜੀ ਕਾਰਵਾਈ ਕਾਰਨ ਪੈਦਾ ਹੁੰਦੀਆਂ ਦਿੱਕਤਾਂ ਤੋਂ ਰਾਹਤ ਦਿੱਤੀ ਜਾ ਰਹੀ ਹੈ।

ਭਾਰਤੀ ਸਰਮਾਏਦਾਰਾ ਹਾਕਮਾਂ ਨੂੰ ਲੱਗਦਾ ਹੈ ਕਿ ਸਿੱਧੇ ਵਿਦੇਸ਼ੀ ਸਰਮਾਇਆ ਨਿਵੇਸ਼ ਅਤੇ ਹੋਰ ਨੀਮ ਹਕੀਮੀ ਨੁਸਖਿਆਂ ਨਾਲ਼ ਉਹ ਆਰਥਿਕ ਸੰਕਟ ਤੋਂ ਪਿੱਛਾ ਛੁਡਾ ਲੈਣਗੇ ਤੇ ਅਰਥਚਾਰਾ ਤੇਜ਼ ਰਫ਼ਤਾਰ ਦੌੜਨ ਲੱਗੇਗਾ। ਪਰ ਇਹ ਤਾਂ ਉਹਨਾਂ ਦੀ ਖੁਸ਼ਫਹਿਮੀ ਹੀ ਹੈ। ਇਹਨਾਂ ਨੀਮ-ਹਕੀਮੀ ਨੁਸਖਿਆਂ ਰਾਹੀਂ ਕੁੱਝ ਹੋਰ ਸਾਹ ਤਾਂ ਮਿਲ਼ ਸਕਦੇ ਨੇ ਪਰ ਇਸ ਆਰਥਿਕ ਸੰਕਟ ਤੋਂ ਪਿੱਛਾ ਛੁਡਾ ਸਕਣਾ ਸਰਮਾਏਦਾਰਾ ਢਾਂਚੇ ਦੇ ਵੱਸ ਦੀ ਗੱਲ ਨਹੀਂ ਹੈ। ਵਾਧੂ ਪੈਦਾਵਾਰ ਦਾ ਸੰਕਟ ਸਰਮਾਏਦਾਰਾ ਪ੍ਰਬੰਧ ਦਾ ਵਜੂਦ ਸਮੋਇਆ ਸੰਕਟ ਹੈ। ਇਹ ਸੰਕਟ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਅਤੇ ਪੈਦਾਵਾਰ ਦੇ ਸਮਾਜਿਕ ਖਾਸੇ ਦੀ ਵਿਰੋਧਤਾਈ ਵਿੱਚੋਂ ਪੈਦਾ ਹੋਇਆ ਹੈ ਅਤੇ ਇਹ ਸੰਕਟ ਇਸ ਵਿਰੋਧਤਾਈ ਦੇ ਖਾਤਮੇ ਨਾਲ਼ ਹੀ ਖਤਮ ਹੋ ਸਕਦਾ ਹੈ। ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਸਮਾਪਤ ਕਰਕੇ ਪੈਦਾਵਾਰ ਦੇ ਸਾਧਾਨਾਂ ਦੇ ਸਮਾਜੀਕਰਨ ਨਾਲ਼ ਹੀ ਇਸ ਤੋਂ ਛੁਟਕਾਰਾ ਹਾਸਲ ਕੀਤਾ ਜਾ ਸਕਦਾ ਹੈ। ਇਸ ਲਈ ਮੋਦੀ ਸਰਕਾਰ ਦੀਆਂ ਇਸ ਸੰਕਟ ਦੇ ਹੱਲ ਦੀਆਂ ਸਭ ਕੋਸ਼ਿਸ਼ਾਂ ਫਜੂਲ ਹਨ। ਸਰਮਾਏਦਾਰ ਜਮਾਤ ਇਸ ਸੱਚਾਈ ਨੂੰ ਕਦੇ ਵੀ ਮੰਨਣ ਨਹੀਂ ਲੱਗੀ। ਉਸਨੇ ਮਰਦੇ ਦਮ ਤੱਕ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ।

ਮੋਦੀ ਸਰਕਾਰ ਚੀਨ ਦੀ ਤਰਜ ‘ਤੇ ਵਿਦੇਸ਼ੀ ਨਿਵੇਸ਼ ਰਾਹੀਂ ਤੇਜ਼ ਰਫ਼ਤਾਰ ਸਰਮਾਏਦਾਰਾ ਵਿਕਾਸ ਚਾਹੁੰਦੀ ਹੈ। ਪਰ ਜਦੋਂ ਚੀਨ ਨੇ ਵਿਦੇਸ਼ੀ ਨਿਵੇਸ਼ ਨੂੰ ਵੱਡੀਆਂ ਖੁੱਲ੍ਹਾਂ ਦਿੱਤੀਆਂ ਸਨ ਉਸ ਸਮੇਂ ਦੀਆਂ ਸੰਸਾਰ ਦੀਆਂ ਹਾਲਤਾਂ ਅਤੇ ਅੱਜ ਦੇ ਸਮੇਂ ਦੀ ਸੰਸਾਰ ਹਾਲਤਾਂ ਵਿੱਚ, ਉਸ ਸਮੇਂ ਦੇ ਚੀਨ ਦੀਆਂ ਹਾਲਤਾਂ ਅਤੇ ਅੱਜ ਦੇ ਸਮੇਂ ਦੇ ਭਾਰਤ ਦੀਆਂ ਹਾਲਤਾਂ ਵਿੱਚ ਬਹੁਤ ਫ਼ਰਕ ਹੈ। ਉਸ ਸਮੇਂ ਸੰਸਾਰ ਪੱਧਰ ‘ਤੇ ਵਾਧੂ ਪੈਦਾਵਾਰ ਦਾ ਸੰਕਟ ਏਨਾ ਡੂੰਘਾ ਨਹੀਂ ਸੀ ਜਿੰਨਾ ਅੱਜ ਹੈ। ਉਸ ਸਮੇਂ ਚੀਨ ਵੱਡੇ ਪੱਧਰ ‘ਤੇ ਵਿਦੇਸ਼ੀ ਨਿਵੇਸ਼ ਖਿੱਚ ਸਕਦਾ ਸੀ ਅਤੇ ਇਸ ਰਾਹੀਂ ਤੇਜ਼ ਰਫ਼ਤਾਰ ਸਰਮਾਏਦਾਰਾ ਵਿਕਾਸ ਹਾਸਲ ਕਰ ਸਕਦਾ ਸੀ। ਚੀਨ ਕੋਲ਼ ਸਮਾਜਵਾਦੀ ਦੌਰ ਵਿੱਚ ਵੱਡੇ ਪੱਧਰ ‘ਤੇ ਉਸਾਰੀ ਸਨਅਤ ਅਤੇ ਆਲ-ਜੰਜਾਲ ਢਾਂਚਾ ਸੀ। ਸੰਨ 1976 ਵਿੱਚ ਹੋਈ ਸਰਮਾਏਦਾਰਾ ਮੁੜਬਹਾਲੀ ਤੋਂ ਬਾਅਦ ਚੀਨ ਦੇ ਸਰਮਾਏਦਾਰਾ ਹਾਕਮਾਂ ਨੇ ਇਸਦੀ ਆਪਣੇ ਹਿੱਤ ਵਿੱਚ ਭਰਪੂਰ ਵਰਤੋਂ ਕੀਤੀ। ਇਸ ਸਹਾਰੇ ਉਹ ਚੀਨ ਵਿੱਚ ਵੱਡੇ ਪੱਧਰ ‘ਤੇ ਵਿਦੇਸ਼ੀ ਸਰਮਾਇਆ ਨਿਵੇਸ਼ ਹਾਸਲ ਕਰ ਸਕਦੇ ਸਨ। ਪਰ ਭਾਰਤ ਕੋਲ਼ ਅੱਜ ਉਸ ਸਮੇਂ ਦੇ ਚੀਨ ਜਿਹੇ ਹਾਲਾਤ ਨਹੀਂ ਹਨ। ਇਸ ਲਈ ਮੋਦੀ ਦਾ ਇਹ ਸੁਫ਼ਨਾ ਕਦੇ ਪੂਰਾ ਨਹੀਂ ਹੋਣ ਵਾਲ਼ਾ।

ਵਿਦੇਸ਼ੀ ਸਰਮਾਇਆ ਨਿਵੇਸ਼ ਸਹਾਰੇ ਤੇਜ਼ ਰਫ਼ਤਾਰ ਵਿਕਾਸ ਦਰ ਹਾਸਲ ਕਰਨ ਵਾਲ਼ੇ ਚੀਨ ਦਾ ਅਰਥਚਾਰਾ ਵੀ ਅੱਜ ਆਰਥਿਕ ਸੰਕਟ ਵਿੱਚ ਘਿਰਦਾ ਜਾ ਰਿਹਾ ਹੈ। ਇਸਦੀ ਹਾਲਤ ਵੀ ਮਾੜੀ ਤੋਂ ਮਾੜੀ ਹੁੰਦੀ ਜਾ ਰਹੀ ਹੈ। ਅਸਲ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ ਵਿਦੇਸ਼ੀ ਸਰਮਾਇਆ ਨਿਵੇਸ਼ ਰਾਹੀਂ ਆਰਥਿਕ ਸੰਕਟ ਤੋਂ ਕੋਈ ਵੀ ਦੇਸ਼ ਨਿਜ਼ਾਤ ਹਾਸਲ ਨਹੀਂ ਕਰ ਸਕਦਾ। ਜੇਕਰ ਵਿਦੇਸ਼ੀ ਨਿਵੇਸ਼ ਰਾਹੀਂ ਇੱਕ ਸਮੇਂ ਤੇਜ਼ ਵਿਕਾਸ ਹੁੰਦਾ ਵੀ ਹੈ ਤਾਂ ਇੱਕ ਸਮੇਂ ਬਾਅਦ ਓਨਾ ਹੀ ਵੱਡਾ ਸੰਕਟ ਵੀ ਖੜਾ ਹੁੰਦਾ ਹੈ। ਕਿਉਂਕਿ ਜਿੰਨਾ ਵਧੇਰੇ ਸਰਮਾਇਆ ਨਿਵੇਸ਼ ਹੋਵੇਗਾ ਓਨੀ ਹੀ ਵਧੇਰੇ ਪੈਦਾਵਾਰ ਦੇ ਸਾਧਨ ਮੁੱਠੀ ਭਰ ਸਰਮਾਏਦਾਰਾਂ ਕੋਲ਼ ਕੇਂਦਰਿਤ ਹੁੰਦੇ ਜਾਣਗੇ ਅਤੇ ਪੈਦਾਵਾਰ ਦਾ ਸਮਾਜਿਕ ਖਾਸਾ ਵਧਦਾ ਜਾਵੇਗਾ। ਇਸ ਤਰ੍ਹਾਂ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਅਤੇ ਪੈਦਾਵਾਰ ਦੇ ਸਮਾਜਿਕ ਖਾਸੇ ਵਿਚਕਾਰਲੀ ਵਿਰੋਧਤਾਈ ਵਧੇਰੇ ਤਿੱਖੀ ਹੁੰਦੀ ਜਾਂਦੀ ਹੈ। ਭਾਰਤ ਵਿੱਚ ਅੱਜ ਭਾਵੇਂ ਜਿੰਨਾ ਵੀ ਵਿਦੇਸ਼ੀ ਸਰਮਾਇਆ ਨਿਵੇਸ਼ (ਅਤੇ ਨਾਲ਼ ਹੀ ਦੇਸੀ ਸਰਮਾਇਆ ਨਿਵੇਸ਼) ਹੋਵੇਗਾ ਉਸ ਨਾਲ਼ ਆਉਣ ਵਾਲ਼ੇ ਸਮੇਂ ਵਿੱਚ ਆਰਥਿਕ ਸੰਕਟ ਹੋਰ ਵੀ ਤਿੱਖੇ ਰੂਪ ਵਿੱਚ ਸਾਹਮਣੇ ਆਵੇਗਾ।

ਜਿੰਨੀ ਵਧੇਰੀ ਸਰਮਾਏਦਾਰੀ ਵਿਕਾਸ ਕਰਦੀ ਹੈ, ਭਾਵੇਂ ਇਹ ਦੇਸੀ ਸਰਮਾਇਆ ਨਿਵੇਸ਼ ਰਾਹੀਂ ਹੋਵੇ ਤੇ ਭਾਵੇਂ ਵਿਦੇਸ਼ੀ ਸਰਮਾਇਆ ਨਿਵੇਸ਼ ਰਾਹੀਂ ਓਨਾ ਹੀ ਵਧੇਰੇ ਸਮਾਜ ਦਾ ਧਰੁਵੀਕਰਨ ਤਿੱਖਾ ਹੁੰਦਾ ਜਾਂਦਾ ਹੈ। ਸਮਾਜ ਵਧੇਰੇ ਤੋਂ ਵਧੇਰੇ ਦੋ ਦੁਸ਼ਮਣ ਜਮਾਤਾਂ ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ ਪ੍ਰੋਲੇਤਾਰੀ ਵਿੱਚ ਵੰਡਿਆ ਜਾਂਦਾ ਹੈ। ਗਰੀਬ ਕਿਸਾਨ ਤੇ ਹੋਰ ਨਿੱਕੇ ਮਾਲਕ ਉੱਜੜ ਕੇ ਮਜ਼ਦੂਰ ਜਮਾਤ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ। ਅਮੀਰੀ-ਗਰੀਬੀ ਦਾ ਪਾੜਾ ਵਧਦਾ ਹੈ। ਬੇਰੁਜ਼ਗਾਰੀ ਤੇ ਲੋਕਾਂ ਦੀਆਂ ਹੋਰ ਸਮੱਸਿਆਵਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ। ਇਸ ਨਾਲ਼ ਲੋਕਾਂ ਵਿੱਚ ਸਰਮਾਏਦਾਰ ਜਮਾਤ ਖਿਲਾਫ਼ ਰੋਹ ਵੀ ਵਧਦਾ ਜਾਂਦਾ ਹੈ। ਓਨਾ ਹੀ ਵਧੇਰੇ ਸਰਮਾਏਦਾਰੀ ਪ੍ਰਬੰਧ ਦਾ ਅੰਤ (ਸਮਾਜਵਾਦੀ ਇਨਕਲਾਬ) ਨੇੜੇ ਆਉਂਦਾ ਜਾਂਦਾ ਹੈ। ਇਹੋ ਕੁੱਝ ਭਾਰਤ ਵਿੱਚ ਵੀ ਹੋਰ ਰਿਹਾ ਹੈ।

ਇਸ ਲਈ ਭਾਰਤ ਵਿੱਚ ਸਰਮਾਏਦਾਰ ਜਮਾਤ ਨੇ ਆਪਣੇ ਸੰਕਟ ਮੋਚਕ ਨਰਿੰਦਰ ਮੋਦੀ ਤੋਂ ਜੋ ਆਸਾਂ ਲਾਈਆਂ ਹਨ ਉਹ ਕਦੇ ਪੂਰੀਆਂ ਹੋਣ ਵਾਲ਼ੀਆਂ। ਸਰਮਾਏਦਾਰੀ ਆਪਣੀ ਬਿਮਾਰੀ ਦਾ ਇਲਾਜ ਭਾਵੇਂ ਆਪਣੇ ਕਿਸੇ ਵੀ ਡਾਕਟਰ ਤੋਂ ਕਰਵਾਉਣ ਦੀ ਕੋਸ਼ਿਸ ਕਰ ਲਵੇ ਇਹ ਬਿਮਾਰੀ ਦੂਰ ਨਹੀਂ ਹੋਣ ਵਾਲ਼ੀ। ਜਿਉਂ-ਜਿਉਂ ਦਵਾ ਕੀਤੀ ਜਾਂਦੀ ਰਹੇਗੀ ਮਰਜ਼ ਵਧਦਾ ਹੀ ਜਾਏਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਅੰਕ 57, 1 ਜੁਲਾਈ ਤੇ 16 ਜੁਲਾਈ 2016 (ਸੰਯੁਕਤ ਅੰਕ) ਵਿੱਚ ਪ੍ਰਕਾਸ਼ਤ

Advertisements