ਸਰਗਰਮੀਆਂ

ਪੀ.ਡੀ.ਐਫ਼. ਡਾਊਨਲੋਡ ਕਰੋ

 ‘ਸੱਭਿਆਚਾਰ’ ਵਿਸ਼ੇ ‘ਤੇ ਵਿਚਾਰ-ਗੋਸ਼ਟੀ

ਨੌਜਵਾਨ ਭਾਰਤ ਸਭਾ ਤੇ ਸਾਹਿਤ ਸਭਾ ਪੱਖੋਵਾਲ ਵੱਲੋਂ ਸੱਭਿਆਚਾਰ ਦੇ ਵਿਸ਼ੇ ‘ਤੇ ਲੜੀ ਵਜੋਂ ਬੀਤੀ 25 ਮਈ ਅਤੇ 17 ਜੂਨ ਨੂੰ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਵਿਸ਼ੇ ‘ਤੇ ਮੁੱਖ ਗੱਲਬਾਤ ਕਾਮਰੇਡ ਕਸ਼ਮੀਰ ਨੇ ਰੱਖੀ। ਗੋਸ਼ਟੀ ਵਿੱਚ ਮੁੱਖ ਗੱਲਬਾਤ ‘ਸੱਭਿਆਚਾਰ ਦੀ ਪਰਿਭਾਸ਼ਾ’ ਅਤੇ ‘ਮਨੁੱਖ ਨੇ ਪ੍ਰਿਥਵੀ ਨੂੰ ਆਪਣੇ ਨਿਰਬਾਹ ਦੇ ਯੋਗ ਕਿਵੇਂ ਬਣਾਇਆ’ ‘ਤੇ ਹੀ ਕੇਂਦਰਿਤ ਕੀਤੀ ਗਈ। ਵਿਸ਼ੇ ‘ਤੇ ਬੋਲਦਿਆਂ ਕਾਮਰੇਡ ਕਸ਼ਮੀਰ ਨੇ ਕਿਹਾ ਕਿ ਮਨੁੱਖ ਆਪਣੀਆਂ ਬੁਨਿਆਦੀ ਲੋੜਾਂ — ਭੋਜਨ ਪ੍ਰਾਪਤ ਕਰਨਾ, ਰੱਖਿਆ ਕਰਨੀ ਤੇ ਵੰਸ਼ ਵਧਾਉਣਾ ਦੀ ਪੂਰਤੀ ਕਿਸ ਤਰੀਕੇ ਨਾਲ਼ ਕਰਦਾ ਹੈ, ਉਹ ਸੱਭਿਆਚਾਰ ਦਾ ਅੰਗ ਬਣ ਜਾਂਦਾ ਹੈ। ਮਨੁੱਖ ਨੇ ਸੱਭਿਆਚਾਰ ਨੂੰ ਬਣਾਇਆ ਹੈ ਤੇ ਨਾਲ਼ ਹੀ ਸੱਭਿਆਚਾਰ ਨੇ ਵੀ ਮਨੁੱਖ ਨੂੰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰ ਨੂੰ ਜਾਨਣ ਦਾ ਅੱਜ ਸਾਡਾ ਮਤਲਬ ਦਵੰਦਵਾਦੀ ਪਦਾਰਥਵਾਦ (ਮਾਰਕਸਵਾਦੀ ਦਰਸ਼ਨ) ਨੂੰ ਸੱਭਿਆਚਾਰ ‘ਤੇ ਲਾਗੂ ਕਰਨਾ ਹੈ।

 ਉਨ੍ਹਾਂ ਕਿਹਾ ਕਿ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਮਨੁੱਖ ਲਗਾਤਾਰ ਆਪਣੇ ਚੁਗਿਰਦੇ ਨਾਲ਼ ਘੋਲ਼ ਕਰਦਾ ਹੈ ਤੇ ਕੁਦਰਤ ਨਾਲ਼ ਊਰਜਾ/ਸੂਚਨਾ ਦਾ ਵਟਾਂਦਰਾ ਕਰਦਾ ਹੈ। ਇਸ ਵਟਾਂਦਰੇ ਦੇ ਦੋ ਮੁੱਖ ਰੂਪ ਹਨ: ਪਹਿਲਾ ਕੁਦਰਤੀ ਤੌਰ ‘ਤੇ ਮਿਲਣ ਵਾਲ਼ੀਆਂ ਵਸਤਾਂ ਦੀ ਵਰਤੋਂ ਤੇ ਦੂਜਾ ਕੁਦਰਤੀ ਵਸਤਾਂ ‘ਤੇ ਕਿਰਤ ਕਰਕੇ ਪੈਦਾਵਾਰ ਕਰਦਾ ਹੈ ਤੇ ਆਪਣੀ ਇਸ ਉਦੇਸ਼ਪੂਰਨ ਕਾਰਵਾਈ ਦੀ ਬਦੌਲਤ ਇੱਕ ਮਨੁੱਖੀ ਕੁਦਰਤ ਉੱਸਰਦੀ ਹੈ। ਮੈਕਸਿਮ ਗੋਰਕੀ ਦੇ ਸ਼ਬਦਾਂ ‘ਚ, ”ਕਿਰਤ ਨਾਲ਼ ਬਣੀ ਇਹ ਦੂਜੀ ਕੁਦਰਤ ਹੀ ਸੱਚੇ ਅਰਥਾਂ ‘ਚ ਸੱਭਿਆਚਾਰ ਹੈ।” ਸੱਭਿਆਚਾਰ ਮਨੁੱਖ ਦੀਆਂ ਸਿਰਜਣਾਤਮਕ ਸ਼ਕਤੀਆਂ ਅਤੇ ਯੋਗਤਾਵਾਂ ਦੇ ਅਤੇ ਸਮਾਜ ਦੇ ਵਿਕਾਸ ਦਾ ਨਿਰਧਾਰਤ ਪੱਧਰ ਹੈ।  ਇਹ ਪੱਧਰ ਲੋਕਾਂ ਦੇ ਜੀਵਨ ਅਤੇ ਕੰਮਕਾਰ ਦੀ ਜੱਥੇਬੰਦੀ ਦੇ ਰੂਪਾਂ ਅਤੇ ਕਿਸਮਾਂ ਅਤੇ ਲੋਕਾਂ ਰਾਹੀਂ ਬਣਾਈਆਂ ਭੌਤਿਕ ਤੇ ਆਤਮਿਕ ਕਦਰਾਂ ਰਾਹੀਂ ਪ੍ਰਗਟ ਹੁੰਦਾ ਹੈ।

ਮਨੁੱਖਜਾਤੀ ਦੇ ਵਿਕਾਸ ਦੀ ਗੱਲ ਕਰਦੇ ਹੋਏ ਸਾਥੀ ਨੇ ਕਿਹਾ ਕਿ ਮਨੁੱਖਜਾਤੀ ਦਾ ਵਿਕਾਸ ਕਿਸੇ ਆਦਰਸ਼ ਹਾਲਤਾਂ ‘ਚ ਨਹੀਂ ਹੋਇਆ। ਅਜੋਕੇ ਮਨੁੱਖਾਂ ਦੇ ਵੱਡੇ-ਵਡੇਰੇ, ਇੱਕ-ਦੂਜੇ ਦਾ ਸਹਾਰਾ ਲੈਕੇ ਆਪਣੀ ਹੋਂਦ ਨੂੰ ਬਚਾਈ ਰੱਖਣ ਵਿੱਚ ਸਫਲ ਰਹੇ। ਸੋ ਮਨੁੱਖੀ ਸਮਾਜ ਦੇ ਵਿਕਾਸ ਦੇ ਇਤਿਹਾਸ ਦਾ ਗਿਆਨ ਰੌਚਕ ਹੀ ਨਹੀਂ, ਸਗੋਂ ਵਿਚਾਰਾਂ ਦੇ ਤਿੱਖੇ ਭੇੜਾਂ ਦਾ ਅਖਾੜਾ ਵੀ ਹੈ। ਮਾਰਕਸਵਾਦ ਅਨੁਸਾਰ ਮਨੁੱਖ ਨੂੰ ਪਸ਼ੂ ਤੋਂ ਵੱਖ ਹੋਣ ਦੀ ਪ੍ਰਮੁੱਖ ਸ਼ਰਤ ਕਿਰਤ ਰਹੀ ਹੈ। ਇਸੇ ਜ਼ਰੀਏ ਮਨੁੱਖੀ ਚਿੰਤਨ ਮੂਰਤੀਕਰਨ ਤੋਂ ਅਮੂਰਤੀਕਰਨ ਤੱਕ ਅੱਪੜਿਆ। ਜਾਨਵਰਾਂ ਵਿੱਚ ਕੋਈ ਅਮੂਰਤੀਕਰਨ ਨਹੀਂ ਹੁੰਦਾ। ਮਨੁੱਖ ਇੱਕ ਸਮਾਜਿਕ ਜੀਵ ਹੈ। ਪ੍ਰਿਥਵੀ ‘ਤੇ ਮਨੁੱਖ ਇਕੱਲੇ ਤੌਰ ‘ਤੇ ਨਹੀਂ ਸਮਾਜਕ ਤੌਰ ‘ਤੇ ਵਿਚਰਦਾ ਹੈ, ਜੋ ਨਿਸ਼ਚਿਤ ਤੌਰ ‘ਤੇ ਸਮੂਹ ਦੇ ਦੂਜੇ ਜੀਵਾਂ ਨਾਲ਼ ਪੈਦਾਵਾਰੀ ਰਿਸ਼ਤਿਆਂ ਨਾਲ਼ ਜੁੜਿਆ ਹੁੰਦਾ ਹੈ। ਮਾਰਕਸ ਦੇ ਸ਼ਬਦਾਂ ‘ਚ, ”ਪੈਦਾਵਾਰ ਕਰਨ ਲਈ ਸਾਨੂੰ ਇੱਕ ਦੂਜੇ ਨਾਲ਼ ਖਾਸ ਸਬੰਧ ਜਾਂ ਰਿਸ਼ਤੇ ਕਾਇਮ ਕਰਨੇ ਪੈਂਦੇ ਹਨ, ਇਨ੍ਹਾਂ ਰਿਸ਼ਤਿਆਂ ਤੇ ਸਬੰਧਾਂ ਤਹਿਤ ਕੰਮ ਕਰਦੇ ਹੋਏ ਮਨੁੱਖ ਕੁਦਰਤ ‘ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦੇ ਹਨ।” ਮਨੁੱਖ ਮਿਲ਼ ਜੁਲ਼ਕੇ ਤਾਲਮੇਲ ਨਾਲ਼ ਕੰਮ ਕਰਦੇ ਹਨ। ਨਿਸ਼ਚਿਤ ਟੀਚੇ ‘ਤੇ ਪਹੁੰਚਣ ਵਾਸਤੇ ਸਮਾਜਿਕਤਾ ਸਿਰਫ਼ ਮਨੁੱਖ ਦੇ ਹਿੱਸੇ ਹੀ ਆਈ ਹੈ।

 ਕੁਦਰਤ ਦਾ ਮਾਲਕ ਬਣਕੇ ਮਨੁੱਖ ਆਪਣੀਆਂ ਹੋਂਦ ਦੀਆਂ ਹਾਲਤਾਂ ਨੂੰ ਖੁਦ ਕੁਦਰਤ ਤੋਂ ਜ਼ਿਆਦਾ ਤੇਜ਼ੀ ਨਾਲ਼ ਬਦਲ ਸਕਿਆ ਹੈ। ਹੁਣ ਮਨੁੱਖ ਜਾਤੀ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਖੁਦ ਇਸ ਦੇ ਅਨੁਸਾਰੀ ਨਾ ਰਹੇ, ਸਗੋਂ ਆਪਣੇ ਆਪ ਨੂੰ ਸਮਾਜ ਅਨੁਸਾਰ ਢਾਲ਼ੇ। ਇੱਥੇ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਪ੍ਰਸਪਰ ਸਹਾਇਤਾ, ਮਿੱਤਰਤਾ ਤੇ ਭਾਈਚਾਰੇ ਦਾ ਪ੍ਰਗਟ ਹੋਣਾ। ਕੁਦਰਤੀ ਦਖਲਅੰਦਾਜੀ ਦੀ ਭੂਮਿਕਾ ਘਟਦੀ ਜਾ ਰਹੀ ਹੈ। ਕੁਦਰਤ ‘ਤੇ ਸਮਾਜਕਤਾ ਲਗਾਤਾਰ ਭਾਰੂ ਹੋ ਰਹੀ ਹੈ। ਏਂਗਲਜ਼ ਅਨੁਸਾਰ, ”ਜਿਉਂ-ਜਿਉਂ ਮਨੁੱਖ ਕੁਦਰਤ ਨੂੰ ਬਦਲਣਾ ਸਿੱਖਦਾ ਗਿਆ, ਤਿਉਂ-ਤਿਉਂ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਗਿਆ। …ਜਿਉਂ-ਜਿਉਂ ਮਨੁੱਖ ਕੁਦਰਤ ਤੋਂ ਅਜ਼ਾਦ ਹੁੰਦਾ ਗਿਆ, ਸੱਭਿਆਚਾਰਕ ਹੁੰਦਾ ਗਿਆ।” ਭਾਵ ਮਨੁੱਖ ਦਾ ਕੁਦਰਤ ਤੋਂ ਅਜ਼ਾਦ ਹੋਣਾ ਸੱਭਿਆਚਾਰ ਨੂੰ ਜਨਮ ਦਿੰਦਾ ਹੈ।

 ਕਾਮਰੇਡ ਕਸ਼ਮੀਰ ਨੇ ਕਿਹਾ ਕਿ ਭੌਤਿਕ ਤੇ ਆਤਮਿਕ ਸੱਭਿਆਚਾਰ ਆਪਸ ਵਿੱਚ ਅਨਿੱਖੜਵੇਂ ਹੁੰਦੇ ਹਨ, ਜਿਸ ਦਾ ਅਧਾਰ ਭੌਤਿਕ ਪੈਦਾਵਾਰ ਹੁੰਦੀ ਹੈ। ਹਰ ਤਰ੍ਹਾਂ ਦੀ ਖਾਸ ਸਮਾਜਕ-ਆਰਥਕ ਬਣਤਰ ਲਈ ਖਾਸ ਸੱਭਿਆਚਾਰ ਹੁੰਦਾ ਹੈ। ਇੱਕ ਬਣਤਰ ਤੋਂ ਦੂਜੀ ਬਣਤਰ ‘ਚ ਤਬਦੀਲੀ ਨਾਲ਼ ਸੱਭਿਆਚਾਰ ਵੀ ਬਦਲ ਜਾਂਦਾ ਹੈ ਤੇ ਜ਼ਿਆਦਾਤਰ ਇਹ ਸਿੱਧੀਆਂ ਟੱਕਰਾਂ ਨਾਲ਼ ਹੀ ਬਦਲਦਾ ਹੈ। ਇਸ ਤਰ੍ਹਾਂ ਜੋ ਪਹਿਲੇ ਸੱਭਿਆਚਾਰ ਵਿੱਚ ਮੁੱਲਵਾਨ ਹੁੰਦਾ ਹੈ, ਵਿਰਸੇ ਵਿੱਚ ਰਹਿ ਜਾਂਦਾ ਹੈ। ਸਮਾਜਕ ਆਰਥਕ ਪ੍ਰਣਾਲੀ ਦੇ ਮਾਰਕਸਵਾਦੀ ਸਿਧਾਂਤ ਵਿੱਚ ਮਨੁੱਖਜਾਤੀ ਦੇ ਇਤਿਹਾਸ ਨੂੰ ਕੁਦਰਤੀ ਇਤਿਹਾਸ ਦੀ ਪ੍ਰਕਿਰਿਆ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸਮਾਜ ਦਾ ਅਧਾਰ ਪੈਦਾਵਾਰੀ ਸਬੰਧ ਹੁੰਦੇ ਹਨ, ਇਹ ਦੇ ਨਾਲ਼ ਹੀ ਪੈਦਾਵਾਰੀ ਸਬੰਧਾਂ ਦੁਆਰਾ ਨਿਰਧਾਰਤ ਇੱਕ ਉੱਚ-ਉਸਾਰ ਉੱਸਰਦਾ ਹੈ। ਸਿਆਸਤ, ਕਨੂੰਨ, ਨੀਤੀ, ਦਰਸ਼ਨ, ਕਲਾ — ਉੱਚ ਉਸਾਰ ਵਿੱਚ ਆਉਂਦੇ ਹਨ। ਪਰਿਵਾਰ ਤੇ ਰਹਿਣ-ਸਹਿਣ ਵੀ ਇਸ ਵਿੱਚ ਸ਼ਾਮਲ ਹੈ। ਜਮਾਤੀ ਵਿਰੋਧਾਤਮਕ ਪ੍ਰਣਾਲੀਆਂ ਵਿੱਚ ਪੈਦਾਵਾਰੀ ਸਬੰਧਾਂ ਦੇ ਖੇਤਰ ਵਿੱਚ ਜਮਾਤੀ ਵਿਰੋਧਤਾਈ ਹੁੰਦੀ ਹੈ। ਉਨ੍ਹਾਂ ‘ਚ ਆਤਮਕ ਸੱਭਿਆਚਾਰ ਦੇ ਵਿਕਾਸ ‘ਚ ਵੀ ਵਿਰੋਧ ਹੁੰਦਾ ਹੈ ਤੇ ਇਸ ਨਾਲ਼ ਸੱਭਿਆਚਾਰ ਵੀ ਦੋ ਹੋ ਜਾਂਦੇ ਹਨ। ਪਹਿਲਾ ਭਾਰੂ ਸੱਭਿਆਚਾਰ, ਮਤਲਬ ਰਾਜ ਕਰ ਰਹੀ ਜਮਾਤ ਦਾ ਸੱਭਿਆਚਾਰ ਤੇ ਉਹ ਜਮਾਤ ਦਾ ਸੱਭਿਆਚਾਰ, ਜਿਸ ‘ਤੇ ਰਾਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੱਭਿਆਚਾਰ ਦਾ ਸਵਾਲ ਅਸਲ ‘ਚ ਜਮਾਤੀ ਸਵਾਲ ਹੈ।

 ਕਾਮਰੇਡ ਕਸ਼ਮੀਰ ਦੇ ਭਾਸ਼ਣ ਤੋਂ ਬਾਅਦ ਸਵਾਲਾਂ-ਜਵਾਬਾਂ ਦਾ ਦੌਰ ਸ਼ੁਰੂ ਹੋਇਆ, ਜਿਸ ਵਿੱਚ ਸਾਥੀਆਂ ਨੇ ਸਵਾਲ ਪੁੱਛਕੇ ਸਰਗਰਮ ਸ਼ਮੂਲੀਅਤ ਕੀਤੀ। ਵਿਚਾਰ ਗੋਸ਼ਟੀ ਵਿੱਚ 70-80 ਜਣੇ ਸ਼ਾਮਲ ਸਨ। ਜਿੰਨਾਂ ਵਿੱਚ ਨੌਜਵਾਨਾਂ ਭਾਰਤ ਸਭਾ ਦੇ ਸਾਥੀ, ਸਮਾਜ ਸੇਵੀ, ਕਾਮਰੇਡ, ਸਾਹਿਤਕਾਰ ਆਦਿ ਸ਼ਾਮਲ ਸਨ। ਨੌਭਾਸ ਵੱਲੋਂ ਸਾਥੀਆਂ ਨਾਲ਼ ਇਨ੍ਹਾਂ ਵਿਚਾਰ ਗੋਸ਼ਟੀਆਂ ਦੀ ਲਗਾਤਾਰਤਾ ਬਣਾਈ ਰੱਖਣ ਦਾ ਵਾਅਦਾ ਕੀਤਾ ਗਿਆ। 

♦♦♦

ਨੌਜਵਾਨ ਭਾਰਤ ਸਭਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ

ਦੇ ਜਨਮ ਦਿਨ ‘ਤੇ ਕੀਤਾ ਮਸ਼ਾਲ ਮਾਰਚ

24 ਮਈ ਨੂੰ ਗਦਰੀ ਸੂਰਬੀਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਨੌਜਵਾਨ ਭਾਰਤ ਸਭਾ ਦੀ ਪੱਖੋਵਾਲ ਇਕਾਈ ਵੱਲੋਂ ਮਨਾਇਆ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੇ ਪ੍ਰੋਗਰਾਮ ਨਾਲ਼ ਸਬੰਧਤ ਪੱਖੋਵਾਲ ਦੇ ਨਾਲ਼ ਲੱਗਦੇ ਕੁਝ ਪਿੰਡਾਂ ‘ਚ ਮੀਟਿੰਗਾਂ ਕਰਵਾਈਆਂ ਗਈਆਂ ਤੇ ਨੌਜਵਾਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਦਿਨ ਸ਼ਾਮ ਤਕਰੀਬਨ ਪੰਜ ਵਜੇ ਸਾਈਕਲ ਮਾਰਚ ਦੀ ਸ਼ੁਰੂਆਤ ਪਿੰਡ ਪੱਖੋਵਾਲ ਤੋਂ ਕੀਤੀ ਗਈ, ਜਿਸ ਵਿੱਚ ਪਿੰਡ ਦੇ ਨੌਜਵਾਨਾਂ ਨੇ ਕਾਫ਼ੀ ਗਿਣਤੀ ‘ਚ ਹਿੱਸਾ ਲਿਆ। ਮਾਰਚ ਦੀ ਸ਼ੁਰੂਆਤ ਗਦਰੀ ਸ਼ਹੀਦਾਂ ਨੂੰ ਸਮਰਪਿਤ ਨਾਅਰਿਆਂ ਨਾਲ਼ ਸਾਰੇ ਪਿੰਡ ਉੱਤੋਂ ਦੀ ਗੇੜਾ ਲਗਾਕੇ ਕੀਤੀ ਗਈ। ਸਾਈਕਲ ਮਾਰਚ ਪੱਖੋਵਾਲ ਤੋਂ ਬਾਅਦ ਲੀਲ੍ਹ ਪਿੰਡ ਪਹੁੰਚਿਆ ਤੇ ਜਿੱਥੇ ਸਥਾਨਕ ਲੋਕਾਂ ਅਤੇ ਨੌਜਵਾਨਾਂ ਨੇ ਮਾਰਚ ਦਾ ਜਗਿਆਸੂ ਅੱਖਾਂ ਨਾਲ਼ ਸਵਾਗਤ ਕੀਤਾ। ਪਿੰਡ ਦੇ ਕੁਝ ਨੌਜਵਾਨ ਵੀ ਸਾਈਕਲ ਮਾਰਚ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਸਾਈਕਲ ਮਾਰਚ ਨਾਅਰੇ ਗੂੰਜਾਉਂਦਾ ਪੱਖੋਵਾਲ ਪਿੰਡ ਤੋਂ ਚੱਲਕੇ ਲੀਲ੍ਹ ਪਿੰਡ ਤੱਕ ਹੁੰਦਾ ਹੋਇਆ ਸਰਾਭਾ ਪਿੰਡ ਪਹੁੰਚਿਆ। ਸਰਾਭਾ ਪਿੰਡ ਪਹੁੰਚਕੇ ਨੌਜਵਾਨ ਭਾਰਤ ਸਭਾ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ, ਜਿਸ ਦੀ ਸ਼ੁਰੂਆਤ ਸਭਾ ਦੇ ਸਾਥੀ ਕੁਲਵਿੰਦਰ ਦੇ ਇਨਕਲਾਬੀ ਗੀਤ ‘ਸਰਫਰੋਸ਼ੀ ਕੀ ਤਮੰਨਾ’ ਨਾਲ਼ ਕੀਤੀ ਗਈ। ਇਸ ਤੋਂ ਬਾਅਦ ਮਘਦੀਆਂ ਮਸ਼ਾਲਾਂ ਅਤੇ ਜੋਸ਼ੀਲੇ ਨਾਅਰਿਆਂ ਨਾਲ਼ ਸਾਰੇ ਸਰਾਭੇ ਪਿੰਡ ਦਾ ਗੇੜਾ ਲਗਾਇਆ ਗਿਆ, ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਮਸ਼ਾਲ ਮਾਰਚ ‘ਚ ਵਧ-ਚੜ੍ਹਕੇ ਸ਼ਿਰਕਤ ਕੀਤੀ। ਸ਼ਰਧਾਂਜਲੀ ਦੇਣ ਲਈ ਮਸ਼ਾਲ ਮਾਰਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਤੱਕ ਗਿਆ।

 ਇੱਥੇ ਪਹੁੰਚ ਕੇ ਮਾਰਚ ਨੇ ਇੱਕ ਛੋਟੀ ਕਾਨਫਰੰਸ ਦਾ ਰੂਪ ਲੈ ਲਿਆ, ਜਿਸ ਵਿੱਚ ਤਕਰੀਬਨ 150 ਲੋਕਾਂ, ਜਿਸ ‘ਚ ਕਾਫੀ ਸਥਾਨਕ ਲੋਕ ਵੀ ਸ਼ਾਮਲ ਸਨ, ਨੇ ਸ਼ਮੂਲੀਅਤ ਕੀਤੀ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦੇਣ ਲਈ ਸਭ ਤੋਂ ਪਹਿਲਾਂ ਸਭਾ ਦੇ ਸਾਥੀ ਪਰਦੀਪ ਨੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਕਵਿਤਾ ‘ਅਸੀਂ ਲੜਾਂਗੇ ਸਾਥੀ’ ਪੇਸ਼ ਕੀਤੀ। ਇਸ ਤੋਂ ਬਾਅਦ ਨੌਭਾਸ ਦੇ ਸਾਥੀਆਂ ਵੱਲੋਂ ‘ਮਸ਼ਾਲਾਂ ਬਾਲ਼ਕੇ ਚੱਲਣਾ’ ਸਮੂਹਗੀਤ ਪੇਸ਼ ਕੀਤਾ ਗਿਆ। ਪ੍ਰੀਤਮ ਸਿੰਘ ਨੇ ਸਰਾਭਾ ਪਿੰਡ ਪਹੁੰਚਣ ‘ਤੇ ਅਤੇ ਗਦਰੀ ਸੂਰਬੀਰ ਨੂੰ ਸਪਰਪਿਤ ਇਹ ਮਾਰਚ ਕਰਨ ਲਈ ਨੌਜਵਾਨ ਭਾਰਤ ਸਭਾ ਦਾ ਧੰਨਵਾਦ ਕੀਤਾ। ਅਖੀਰ ਨੌਜਵਾਨ ਭਾਰਤ ਸਭਾ ਦੇ ਇਕਾਈ ਕਨਵੀਨਰ ਨੇ ਅੱਜ ਦੇ ਸਮੇਂ ‘ਤੇ ਸ਼ਹੀਦਾਂ ਦੀ ਵਿਰਾਸਤ ‘ਤੇ ਬੋਲਦੇ ਹੋਏ ਕਿਹਾ ਕਿ ਅੱਜ ਦਾ ਸਰਮਾਏਦਾਰੀ ਸਮਾਜ  ਉਹ ਸਮਾਜ ਨਹੀਂ, ਜਿਸ ਦਾ ਸੁਪਨਾ ਵੇਖਕੇ ਸਾਡੇ ਇਨਕਲਾਬੀ ਸ਼ਹੀਦਾਂ, ਸਾਡੇ ਗਦਰੀ ਸੂਰਬੀਰਾਂ ਨੇ ਕੁਰਬਾਨੀ ਕੀਤੀ ਸੀ। ਅੱਜ ਦੇ ਸਮਾਜ ਵਿੱਚ ਬਰਬਰਤਾ, ਗਰੀਬੀ, ਭੁੱਖਮਰੀ, ਮਹਿੰਗਾਈ ਤੇ ਬੇਰੁਜ਼ਗਾਰੀ ਵਰਗੀਆਂ ਮਹਾਂਮਾਰੀਆਂ ਮੌਜੂਦ ਹਨ, ਜਿਨ੍ਹਾਂ ਦੀ ਜੜ੍ਹ ਇਹ ਮੁਨਾਫਾਖੋਰ ਲੋਟੂ ਸਰਮਾਏਦਾਰਾ ਢਾਂਚਾ ਹੈ ਜਿਸ ਦੀਆਂ ਇਹ ਉਪਜ ਹਨ ਤੇ ਇਨ੍ਹਾਂ ਤੋਂ ਨਿਜਾਤ ਪਾਉਣ ਦਾ ਇੱਕੋ ਇੱਕ ਹੱਲ ਮੌਜੂਦਾ ਲੋਟੂ ਢਾਂਚੇ ਦਾ ਖਾਤਮਾ ਹੈ। ਕਨਵੀਨਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਆਪਣੀ ਇਨਕਲਾਬੀ ਵਿਰਾਸਤ ਤੋਂ ਪ੍ਰੇਰਣਾ ਲੈਂਦੇ ਹੋਏ, ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਸ ਮਨੁੱਖਦੋਖੀ ਢਾਂਚੇ ਨੂੰ ਤੋੜਕੇ ਅਜਿਹਾ ਢਾਂਚਾ ਉਸਾਰਿਆ ਜਾ ਸਕੇ ਜਿੱਥੇ ਮਨੁੱਖਤਾ ਮਹਿਕ ਉੱਠੇ ਤੇ ਆਰਥਿਕ-ਸਮਾਜਿਕ ਪਾੜੇ ਖ਼ਤਮ ਹੋ ਜਾਣ। ਮਸ਼ਾਲ ਮਾਰਚ ਦਾ ਅੰਤ ‘ਇਨਕਲਾਬ ਜ਼ਿੰਦਾਬਾਦ’ ਦੇ ਜੋਸ਼ੀਲੇ ਨਾਅਰਿਆਂ ਨਾਲ਼ ਕੀਤਾ ਗਿਆ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ – ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ – 6, ਜੁਲਾਈ 2012 ਵਿਚ ਪ੍ਰਕਾਸ਼ਿਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s