ਸਰਗਰਮੀਆਂ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

‘ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ 
ਅੱਜ ਦਾ ਸਮਾਂ’ ਵਿਸ਼ੇ ‘ਤੇ ਵਿਚਾਰ ਗੋਸ਼ਠੀ ਹੋਈ

ਕਾਰਖਾਨਾ ਮਜ਼ਦੂਰ ਯੂਨੀਅਨ ਵਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ 27 ਸਤੰਬਰ ਨੂੰ ਇੱਕ ਵਿਚਾਰ ਗੋਸ਼ਠੀ ਕਰਵਾਈ ਗਈ। ਲੁਧਿਆਣੇ ਦੀ ਈ.ਡਬਲਿਊ.ਐਸ. ਕਲੋਨੀ ਦੇ ਨਿਸ਼ਕਾਮ ਵਿੱਦਿਆ ਮੰਦਿਰ ਸਕੂਲ ਵਿੱਚ ਰੱਖੀ ਗਈ ਇਸ ਵਿਚਾਰ ਗੋਸ਼ਠੀ ਦਾ ਵਿਸ਼ਾ ਸੀ ‘ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅੱਜ ਦਾ ਸਮਾਂ’ ਅਤੇ ਮੁੱਖ ਬੁਲਾਰੇ ਸਨ ਮਜ਼ਦੂਰਾਂ ਦੇ ਹਿੰਦੀ ‘ਚ ਛਪਦੇ ਇਨਕਲਾਬੀ ਅਖ਼ਬਾਰ ‘ਬਿਗੁਲ’ ਅਤੇ ਪੰਜਾਬੀ ‘ਚ ਛਪਦੇ ਇਨਕਲਾਬੀ ਮੈਗਜ਼ੀਨ ‘ਪ੍ਰਤੀਬੱਧ’ ਦੇ ਸੰਪਾਦਕ ਸਾਥੀ ਸੁਖਵਿੰਦਰ। ਵਿਚਾਰ ਗੋਸ਼ਠੀ ਵਿੱਚ ਮੁੱਖ ਤੌਰ ‘ਤੇ ਸਨਅਤੀ ਮਜ਼ਦੂਰਾਂ ਨੇ ਭਾਗ ਲਿਆ। 

ਸਾਥੀ ਸੁਖਵਿੰਦਰ ਨੇ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੀ ਜਿੰਦਗੀ ਦੇ ਵਿਭਿੰਨ ਪੱਖਾਂ ‘ਤੇ ਚਾਨਣਾ ਪਾਇਆ। ਆਪਣੇ ਭਾਸ਼ਣ ਦੌਰਾਨ ਉਹਨਾਂ ਕਿਹਾ ਕਿ ਦੇਸ਼ ਦੀਆਂ ਲੁਟੇਰੀਆਂ ਹਾਕਮ ਜਮਾਤਾਂ ਲੋਕਾਂ ਦੇ ਸੱਚੇ ਨਾਇਕਾਂ ਦੀਆਂ ਯਾਦਾਂ ਨੂੰ ਪੱਥਰ ਦੀਆਂ ਮੂਰਤਾਂ ਵਿੱਚ ਬਦਲ ਦੇਣਾ ਚਾਹੁੰਦੀਆਂ ਹਨ। ਅਜਿਹਾ ਹੀ ਭਾਰਤੀ ਕਿਰਤੀ ਲੋਕਾਂ ਦੇ ਮਹਾਨ ਨਾਇਕ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਯਾਦ ਨਾਲ਼ ਕੀਤਾ ਜਾ ਰਿਹਾ ਹੈ। ਸ਼ਹੀਦੇ ਆਜ਼ਮ ਭਗਤ ਦੀ ਸੋਚ ਅਤੇ ਲੋਕਾਂ ਦੀਆਂ ਦੁਸ਼ਮਣ ਜਮਾਤਾਂ ਅੱਜ ਉਹਨਾਂ ਦਾ ਨਾਂ ਬਹੁਤ ਜਿਆਦਾ ਲੈ ਰਹੀਆਂ ਹਨ ਅਤੇ ਗਲਤ ਅਰਥਾਂ ‘ਚ ਰਹੀਆਂ ਹਨ। ਸ਼ਹੀਦੇ ਆਜ਼ਮ ਦੀ ਸੋਚ ਨੂੰ ਸਹੀ ਰੂਪ ਵਿੱਚ ਲੋਕਾਂ ਤੱਕ ਲੈ ਕੇ ਜਾਣਾ ਹੀ ਅੱਜ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨ ਦਾ ਇੱਕ ਸੱਚਾ ਅਰਥ ਹੋ ਸਕਦਾ ਹੈ। ਸਾਥੀ ਸੁਖਵਿੰਦਰ ਨੇ ਇਨਕਲਾਬੀ ਲਹਿਰ ਦੇ ਇਤਿਹਾਸ ਦੇ ਪੰਨੇ ਫਰੋਲਦਿਆਂ ਦਰਸਾਇਆ ਕਿ ਸ਼ਹੀਦ ਭਗਤ ਸਿੰਘ ਨੇ ਭਾਰਤੀ ਇਨਕਲਾਬੀ ਲਹਿਰ ਨੂੰ ਨਵੀਂ ਉਚਾਈ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਚਿੰਤਨ ਦਾ ਆਪਣੇ ਤੋਂ ਪਹਿਲਾਂ ਦੇ ਇਨਕਲਾਬੀਆਂ ਤੋਂ ਇਹ ਇੱਕ ਵੱਡਾ ਫ਼ਰਕ ਸੀ ਕਿ ਉਹਨਾਂ ਭਾਰਤ ਵਿੱਚ ਸਮਾਜਵਾਦ ਦੀ ਸਥਾਪਨਾ ਦਾ ਸੁਪਨਾ ਵੇਖਿਆ ਅਤੇ ਇਸ ਵਾਸਤੇ ਸੰਘਰਸ਼ ਕੀਤਾ। ਉਹਨਾਂ ਦਾ ਮੰਨਣਾ ਸੀ ਕਿ ਭਾਰਤੀ ਕਿਰਤੀ ਲੋਕਾਂ ਦੀ ਸੱਚੀ ਅਜ਼ਾਦੀ ਸਮਾਜਵਾਦ ਵਿੱਚ ਹੀ ਆ ਸਕਦੀ ਹੈ, ਸਿਰਫ਼ ਅੰਗਰੇਜ਼ਾਂ ਤੋਂ ਰਾਜਨੀਤਕ ਅਜ਼ਾਦੀ ਹਾਸਿਲ ਕਰਨ ਨਾਲ਼ ਲੋਕਾਂ ਦੀ ਹਾਲਤ ਵਿੱਚ ਕੋਈ ਫ਼ਰਕ ਨਹੀਂ ਪੈਣ ਲੱਗਾ। ਸਾਥੀ ਸੁਖਵਿੰਦਰ ਜੀ ਨੇ ਕਿਹਾ ਕਿ ਅੱਜ ਅਜ਼ਾਦ ਦੇਸ਼ ਵਿੱਚ ਵੀ ਦੇਸ਼ ਦੇ ਕਿਰਤੀ ਲੋਕ ਗਰੀਬ, ਭੁੱਖਮਰੀ, ਬਦਹਾਲੀ ਦੀ ਜਿੰਦਗੀ ਜਿਉ ਰਹੇ ਹਨ। ਉਹਨਾਂ ਉਦਾਹਰਨਾਂ ਦਿੰਦੇ ਹੋਏ ਕਿਹਾ ਕਿ ਜਿੰਨੇ ਜੁਲਮ ਅੰਗਰੇਜਾਂ ਦੇ ਰਾਜ ਵਿੱਚ ਭਾਰਤੀ ਕਿਰਤੀ ਲੋਕਾਂ ‘ਤੇ ਢਾਹੇ ਗਏ ਉਸ ਤੋਂ ਕਿਤੇ ਵੱਧ ਭਾਰਤੀ ਹਾਕਮਾਂ ਦੇ ਰਾਜ ਵਿੱਚ ਢਾਹੇ ਗਏ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦੇ ਰਾਹ ਤੁਰਨਾ ਹੀ ਸ਼ਹੀਦ ਭਗਤ ਸਿੰਘ  ਦੀ ਕੁਰਬਾਨੀ ਅਤੇ ਸੋਚ ਨੂੰ ਸੱਚੀ ਸਰਧਾਂਜਲੀ ਹੋ ਸਕਦੀ ਹੈ।

ਸਾਥੀ ਸੁਖਵਿੰਦਰ ਦੇ ਇਸ ਲੰਬੇ ਭਾਸ਼ਣ ਤੋਂ ਬਾਅਦ ਤਾਜ ਮੁਹੰਮਦ, ਸਦੇਸ਼ਵਰ ਯਾਦਵ, ਨਰਿੰਦਰ, ਗੋਪਾਲ, ਵਿਜੇ, ਸੁਭਾਸ਼ ਆਦਿ ਮਜ਼ਦੂਰ ਸਾਥੀਆਂ ਨੇ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਸਦਕਾ ਬੇਹੱਦ ਮੁੱਲਵਾਨ ਵਿਚਾਰ-ਚਰਚਾ ਛਿੜੀ। ਮਜ਼ਦੂਰ ਸਾਥੀਆਂ ਨੇ ਜ਼ੋਰ ਦਿੱਤਾ ਕਿ ਅੱਜ ਦੇ ਹਾਲਾਤਾਂ ਵਿੱਚ ਜੱਥੇਬੰਦੀ ਬਿਨਾਂ ਮਜ਼ਦੂਰਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਅਤੇ ਜੱਥੇਬੰਦੀ ਕੋਲ ਇਮਾਨਦਾਰ ਅਤੇ ਦ੍ਰਿੜ ਅਗਵਾਈ ਹੋਣੀ ਚਾਹੀਦੀ ਹੈ। ਮਜ਼ਦੂਰਾਂ ਨੇ ਕਿਹਾ ਕਿ ਧਾਰਮਿਕ ਕੱਟੜਤਾ, ਜਾਤੀਵਾਦ ਅਤੇ ਖੇਤਰਵਾਦ ਦਾ ਜੱਥੇਬੰਦੀ ਵਿੱਚ ਕੋਈ ਥਾਂ ਨਹੀ ਹੋਣੀ ਚਾਹੀਦੀ।

ਤਾਜ ਮੁਹੰਮਦ ਅਤੇ ਸਦੇਸ਼ਵਰ ਯਾਦਵ ਨੇ ਆਪਣੇ ਗੀਤਾਂ ਰਾਹੀਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਅਤੇ ਸਰਧਾਂਜਲੀ ਦਿੱਤੀ। ਸਟੇਜ ਦੀ ਕਾਰਵਾਈ ਰਾਜਵਿੰਦਰ ਅਤੇ ਲਖਵਿੰਦਰ ਨੇ ਸਾਂਝੇ ਤੌਰ ‘ਤੇ ਸੰਭਾਲੀ। 

ਗੋਸ਼ਠੀ ਤੋਂ ਬਾਅਦ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਟੋਲੀ ਨੇ ਕਲੋਨੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਸ਼ਹੀਦ ਭਗਤ ਸਿੰਘ ਦੇ ਰਾਹ ‘ਤੇ ਚੱਲਣ ਦਾ ਹੋਕਾ ਦਿੰਦਾ ਪਰਚਾ ਵੀ ਵੰਡਿਆਂ। 

♦♦♦

ਨੌਜਵਾਨ ਭਾਰਤ ਸਭਾ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਨੌਜਵਾਨ ਭਾਰਤ ਸਭਾ ਵਲੋਂ ਪਿੰਡ ਪੱਖੋਵਾਲ਼ (ਲੁਧਿਆਣਾ), ਪਿੰਡ ਅਲੌੜ (ਖੰਨਾ), ਪਿੰਡ ਭਾਦਲੇ (ਖੰਨਾ) ਅਤੇ ਮੰਡੀ ਗੋਬਿੰਦਗੜ੍ਹ ਵਿਖੇ ਨੁੱਕੜ ਸਭਾਵਾਂ, ਝੰਡਾ ਅਤੇ ਮਸ਼ਾਲ ਮਾਰਚਾਂ ਦਾ ਆਯੋਜਨ ਕੀਤਾ ਗਿਆ।

ਪਿੰਡ ਪੱਖੋਵਾਲ਼ ਵਿਖੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਮਸ਼ਾਲ ਮਾਰਚ ਵਿੱਚ ਭਾਗ ਲਿਆ। ਜ਼ੋਰਦਾਰ ਨਾਅਰੇ ਬੁਲੰਦ ਕਰਦੇ ਹੋਏ ਹੋਏ ਨੌਜਵਾਨਾਂ ਦੇ ਕਾਫ਼ਲੇ ਨੇ ਪਿੰਡ ਦੇ ਲੋਕਾਂ ਦੇ ਦਿਲਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਮਸ਼ਾਲ ਮਾਰਚ ਦੌਰਾਨ ਪਿੰਡ ਦੀਆਂ ਕਈ ਥਾਵਾਂ ‘ਤੇ ਨੁੱਕੜ ਸਭਾਵਾਂ ਹੋਈਆਂ ਜਿਨਾਂ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਆਮ ਲੋਕਾਂ ਨੂੰ ਸੰਬੋਧਿਤ ਕੀਤਾ। ਨੌਜਵਾਨ ਭਾਰਤ ਸਭਾ ਦੇ ਸੰਚਾਲਕ ਡਾ. ਪਰਮਿੰਦਰ ਨੇ ਇੱਕ ਨੁੱਕੜ ਸਭਾ ਦੌਰਾਨ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸ਼ਹੀਦੇ-ਆਜ਼ਮ ਦੀ ਸੋਚ ਦੀ ਮਸ਼ਾਲ ਨੂੰ ਬਲ਼ਦੇ ਰੱਖਣਾ ਮੌਜੂਦਾ ਹਨੇਰੇ ਸਮੇਂ ਦੀ ਮੰਗ ਹੈ। ਸ਼ਹੀਦੇ ਆਜ਼ਮ ਅਤੇ ਉਸਦੇ ਪਿਆਰੇ ਦੱਬੇ-ਕੁਚਲੇ ਕਿਰਤੀ ਲੋਕਾਂ ਦੇ ਦੁਸ਼ਮਣ ਭੇਸ ਵਟਾ ਕੇ ਅੱਜ ਵੀ ਗੱਦੀਆਂ ‘ਤੇ ਬਿਰਾਜਮਾਨ ਹਨ। ਲੋਕ ਅੱਜ ਵੀ ਗੁਲਾਮੀ ਕੱਟ ਰਹੇ ਹਨ।  ਅਜਿਹੇ ਹਾਲਾਤਾਂ ਵਿੱਚ ਨੌਜਵਾਨਾਂ ਨੂੰ ਆਪਣੇ ਜ਼ਮੀਰ ਦੀ ਅਵਾਜ਼ ਸੁਣਨੀ ਹੀ ਪਵੇਗੀ।  ਨਵੇਂ ਇਨਕਲਾਬ ਦੀ ਮਸ਼ਾਲ ਲੈ ਕੇ ਤੁਰਨ ਨੂੰ ਹੀ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸੱਚੇ  ਅਰਥਾਂ ‘ਚ ਸ਼ਰਧਾਂਜਲੀ ਕਿਹਾ ਜਾ ਸਕਦਾ ਹੈ।

ਖੰਨੇ ਲਾਗੇ ਪੈਂਦੇ ਪਿੰਡ ਅਲੌੜ ਅਤੇ ਪਿੰਡ ਭਾਦਲੇ ਵਿਖੇ ਨੌਜਵਾਨਾਂ ਨੇ ‘ਸ਼ਹੀਦੇ ਆਜ਼ਮ ਭਗਤ ਸਿੰਘ ਅਮਰ ਰਹੇ’,’ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ’ ‘ਅਮਰ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ’ ਆਦਿ ਨਾਅਰੇ ਬੁਲੰਦ ਕਰਦੇ ਹੋਏ ਝੰਡਾ ਮਾਰਚ ਕੀਤਾ। ਝੰਡਾ ਮਾਰਚ ਦੌਰਾਨ ਨੌਜਵਾਨ ਭਾਰਤ ਸਭਾ ਵਲੋਂ ਸ਼ਹੀਦੇ ਆਜ਼ਮ ਦੀ ਯਾਦ ਵਿੱਚ ਜਾਰੀ ਕੀਤਾ ਗਿਆ ਪਰਚਾ ਵੀ ਵੰਡਿਆ ਗਿਆ। ਦੋਹਾਂ ਹੀ ਪਿੰਡਾਂ ਵਿੱਚ ਲੋਕਾਂ ਦੇ ਭਰਵੇਂ ਇਕੱਠਾਂ ਵਿੱਚ ਨੌਭਾਸ ਦੀ ਅਲੌੜ ਇਕਾਈ ਵਲੋਂ ਤਿਆਰ ਕੀਤਾ ਗਿਆ ਨਾਟਕ ‘ਟੋਆ’ ਖੇਡਿਆ ਗਿਆ। ਜਤਿੰਦਰ, ਸਤਨਾਮ ਅਤੇ ਵਰਿੰਦਰ ਦੁਆਰਾ ‘ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ’, ‘ਹਿੰਦ ਵਾਸੀਓ ਰੱਖਣਾ ਯਾਦ ਸਾਨੂੰ’ ਗੀਤ ਪੇਸ਼ ਕੀਤੇ ਗਏ। ਅਲੋੜ ਅਤੇ ਭਾਦਲੇ ਦੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਾਥੀ ਅਜੇਪਾਲ ਨੇ ਕਿਹਾ ਗਿਆ ਕਿ ਅੰਗਰੇਜ਼ ਹਾਕਮਾਂ ਅਤੇ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਗੱਦੀਆਂ ‘ਤੇ ਬੈਠੇ ਕਾਲ਼ੇ ਅੰਗਰੇਜ਼ਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਂ ਅਤੇ ਸੋਚ ਨੂੰ ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀਆਂ ਖੁੱਲੀਆਂ ਭਾਂਵੇਂ ਲੁਕੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਉਸ ਮਹਾਨ ਇਨਕਲਾਬੀ ਦਾ ਨਾਂ ਦੇਸ਼ ਵਾਸੀਆਂ ਦੇ ਦਿਲਾਂ ਵਿੱਚੋਂ ਮਿਟਾਇਆ ਨਹੀਂ ਜਾ ਸਕਿਆ ਅਤੇ ਉਸਦਾ ਲਾਇਆ ਇਨਕਲਾਬ ਦਾ ਨਾਅਰਾ ਅੱਜ ਵੀ ਦੇਸ਼ ਦੇ ਕੋਨੇ ਕੋਨੇ ਵਿੱਚ ਗੂੰਜ ਰਿਹਾ ਹੈ। ਮਾਸਟਰ ਗੁਰਪ੍ਰੀਤ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦੇ ਆਜ਼ਮ ਤੋਂ ਪ੍ਰ੍ਰੇਰਣਾ ਅਤੇ ਮਾਰਗਦਰਸ਼ਨ ਲੈਂਦੇ ਹੋਏ ਸਮਾਜ ਬਦਲਣ ਦੇ ਰਾਹ ਪੈਣਾ ਚਾਹੀਦਾ ਹੈ। ਉਹਨਾਂ ਨੌਜਵਾਨਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਚਲ ਰਹੀ ਜੱਦੋਜਹਿਦ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਹਨਾਂ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਵਰਿਆਮ ਸੰਧੂ ਦੀ ਲਿਖੀ  ਸ਼ਹੀਦੇ ਆਜ਼ਮ ਨੂੰ ਸਮਰਪਿਤ ਕਵਿਤਾ ‘ਸ਼ਹੀਦ ਦਾ ਬੁੱਤ’ ਪੇਸ਼  ਕੀਤੀ।

ਮੰਡੀ ਗੋਬਿੰਦਗੜ੍ਹ ਵਿਖੇ ਵੱਖ-ਵੱਖ ਗਲੀਆਂ, ਮੁਹੱਲਿਆਂ, ਬਜ਼ਾਰਾਂ ਵਿੱਚ ਨੌਜਵਾਨ ਭਾਰਤ ਸਭਾ ਦੀ ਟੋਲੀ ਨੇ ਪਰਚੇ ਵੰਡਦੇ ਹੋਏ ਅਤੇ ਨਾਅਰੇ ਬੁਲੰਦ ਕਰਦੇ ਹੋਏ ਸ਼ਹੀਦ ਭਗਤ ਸਿੰਘ ਦਾ ਸੁਨੇਹਾ ਆਮ ਲੋਕਾਂ ਤੱਕ ਪੁਹੰਚਾਇਆ।

28 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਅਤੇ ਖੰਨੇ ਵਿਖੇ ਨੌਜਵਾਨ ਭਾਰਤ ਸਭਾ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਇਨਕਲਾਬੀ ਅਤੇ ਉਸਾਰੂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਗਿਆ।

♦♦♦

ਲੱਕ ਤੋੜ ਮਹਿੰਗਾਈ ਅਤੇ ਬੇਹਿਸਾਬ ਬਿਜਲੀ ਕਟੌਤੀ 
ਖਿਲਾਫ਼ ਧਰਨਾ ਲਾਇਆ

ਨੌਜਵਾਨ ਭਾਰਤ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ ਲੁਧਿਆਣਾ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਡੈਮੋਕ੍ਰੇਟਿਕ ਇੰਪਲਾਈਜ ਫਰੰਟ, ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੁਆਰਾ ਅਨਾਜ ਪਦਾਰਥਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਬੇਹਿਸਾਬ ਬਿਜਲੀ ਕਟੌਤੀ ਖਿਲਾਫ਼ 2 ਸਤੰਬਰ ਨੂੰ ਲੁਧਿਆਣਾ ਦੇ ਡੀ. ਸੀ. ਦਫ਼ਤਰ ਸਾਹਮਣੇ ਜ਼ੋਰਦਾਰ ਮੁਜਾਹਰਾ ਕੀਤਾ ਅਤੇ ਤਿੰਨ ਘੰਟੇ ਤੱਕ ਧਰਨਾ ਲਾਇਆ। ਸਰਕਾਰ ਤੋਂ ਮੰਗ ਕੀਤੀ ਗਈ ਕਿ ਅਨਾਜ ਦੀਆਂ ਕੀਮਤਾਂ ਘੱਟ ਕਰਨ ਲਈ ਫੌਰੀ ਤੌਰ ‘ਤੇ ਕਦਮ ਚੁੱਕੇ ਜਾਣ, ਸਰਕਾਰ ਵਲੋਂ ਸਾਰੇ ਗਰੀਬਾਂ ਨੂੰ ਸਸਤੇ ਭਾਅ ‘ਤੇ ਅਨਾਜ ਮੁਹੱਈਆ ਕਰਵਾਇਆ ਜਾਵੇ, ਬਿਜਲੀ ਦੀ ਬੇਹਿਸਾਬ ਕਟੌਤੀ ਬੰਦ ਕੀਤੀ ਜਾਵੇ, ਬਿਜਲੀ ਦੀ ਪੂਰਤੀ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਧਰਨੇ-ਮੁਜਾਹਰੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਨਅਤੀ ਮਜ਼ਦੂਰਾਂ ਸਮੇਤ ਨੌਜਵਾਨਾਂ, ਅਧਿਆਪਕਾਂ ਅਤੇ ਹੋਰਨਾਂ ਸਰਕਾਰੀ ਮੁਲਾਜਮਾਂ ਨੇ ਰੋਹ ਭਰਪੂਰ ਨਾਅਰੇ ਲਾਉਂਦੇ ਹੋਏ ਲੱਕ ਤੋੜ ਮਹਿੰਗਾਈ ਅਤੇ ਬਿਜਲੀ ਦੀ ਭਾਰੀ ਕਿੱਲਤ ਲਈ ਜ਼ਿੰਮੇਵਾਰ ਮੁਨਾਫ਼ਾਖੋਰਾਂ ਅਤੇ ਸਰਕਾਰ ਦੇ ਨਾਪਾਕ ਗਠਜੋੜ ਖਿਲਾਫ਼ ਅਵਾਜ਼ ਬੁਲੰਦ ਕੀਤੀ। ”ਮੁਨਾਫ਼ਾਖੋਰਾਂ ਅਤੇ ਸਰਕਾਰ ਦਾ ਨਾਪਾਕ ਗਠਜੋੜ ਮੁਰਦਾਬਾਦ!”, ”ਕਿਰਤੀਆਂ ਦਾ ਏਕਾ ਜਿੰਦਾਬਾਦ”, ”ਲੱਕਤੋੜ ਮਹਿੰਗਾਈ ਦਾ ਕੌਣ ਹੈ ਜੁੰਮੇਵਾਰ, ਮੁਨਾਫ਼ਾਖੋਰ ਲੁਟੇਰੇ ਅਤੇ ਇਹ ਸਰਕਾਰ”, ”ਖਤਮ ਕਰੋ ਪੂੰਜੀ ਦਾ ਰਾਜ, ਲੜੋ ਬਣਾਓ ਲੋਕ ਸਵਰਾਜ”, ਆਦਿ ਅਸਮਾਨ ਚੀਰਵੇਂ ਨਾਅਰਿਆਂ ਦੀ ਅਵਾਜ਼ ਨਾਲ਼ ਸਾਰਾ ਮਿਨੀ ਸਕੱਤਰ  ਗੂੰਜ ਉੱਠਿਆ।

ਨੌਜਵਾਨ ਭਾਰਤ ਸਭਾ, ਪੰਜਾਬ ਦੇ ਸੰਚਾਲਕ ਪਰਮਿੰਦਰ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮਹਿੰਗਾਈ ਅਤੇ ਬਿਜਲੀ ਦੀ ਕਮੀ ਦੇ ਕਾਰਨ ਕੁਦਰਤੀ ਨਹੀਂ ਹਨ ਜਿਵੇਂ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਬਕਵਾਸ ਕਰ ਰਹੀਆਂ ਹਨ। ਅਸਲ ‘ਚ ਇਹ ਤਾਂ ਮੁਨਾਫ਼ਾਖੋਰੀ ਦਾ ਨਤੀਜਾ ਹਨ ਅਤੇ ਪੂੰਜੀਵਾਦੀ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਨਤੀਜਾ ਹਨ। ਪੂੰਜੀਵਾਦੀ ਸਰਕਾਰ ਲੋਕਾਂ ਦੀ ਢਿੱਡ ਦੀ ਭੁੱਖ ਤੱਕ ਮਿਟਾਉਣ ਨੂੰ ਤਿਆਰ ਨਹੀਂ ਤਾਂ ਅਜਿਹੇ ਵਿਚ ਅਸਾਨੀ ਨਾਲ਼ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਲੋਕਾਂ ਦੇ ਫਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਦੀ ਪੂਰਤੀ ਲਈ ਕਿੱਥੋਂ ਤੱਕ ਕੋਈ ਕਦਮ ਪੁੱਟੇਗੀ। ਉਹਨਾਂ ਨੇ ਕਿਹਾ ਕਿ ਕਹਿਣ ਨੂੰ ਤਾਂ 1947 ਵਿੱਚ ਦੇਸ਼ ਅਜ਼ਾਦ ਹੋ ਗਿਆ ਪਰ ਇਹ ਇੱਕ ਕੋਰਾ ਝੂਠ ਹੈ। ਗੈਰਬਰਾਬਰੀ, ਗਰੀਬੀ, ਭੁੱਖ-ਪਿਆਸ, ਬੇਰੁਜ਼ਗਾਰੀ, ਨਾਮਾਤਰ ਦੀਆਂ ਸਿਹਤ ਸੁਵਿਧਾਵਾਂ, ਅਨਪੜ੍ਹਤਾ— ਬਸ ਇਹੋ ਦਿੱਤਾ ਹੈ ਇਸ ਅਜ਼ਾਦੀ ਨੇ। ਇਸ ਲਈ ਲੋਕਾਂ ਦੀ ਅਜ਼ਾਦੀ ਅਜੇ ਆਉਣੀ ਬਾਕੀ ਹੈ। ਉਹਨਾਂ ਕਿਹਾ ਕਿ ਜਦੋਂ ਜਦੋਂ ਵੀ ਕਿਰਤੀ ਲੋਕਾਂ ਦੇ ਸੰਘਰਸ਼ਾਂ ਦਾ ਤੂਫਾਨ ਉੱਠਿਆ ਹੈ ਨੌਜਵਾਨ ਉਹਨਾਂ ਦੀਆਂ ਮੂਹਰਲੀਆਂ ਸਫ਼ਾ ਵਿੱਚ ਲੜੇ ਹਨ ਅਤੇ ਆਉਣ ਵਾਲ਼ਾ ਸਮਾਂ ਵੀ ਇਸੇ ਗੱਲ ਦੀ ਗਵਾਹੀ ਭਰੇਗਾ।

ਕਾਰਖਾਨਾ ਮਜ਼ਦੂਰ ਯੂਨਿਅਨ ਲੁਧਿਆਣਾ ਦੇ ਸੰਚਾਲਕ ਰਾਜਵਿੰਦਰ ਨੇ ਧਰਨੇ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਨੂੰ ਗਰੀਬਾਂ ਦੀ ਕੋਈ ਫ਼ਿਕਰ ਨਹੀਂ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਇੱਕ ਪਾਸੇ ਤਾਂ ਸਰਕਾਰੀ ਗੋਦਾਮਾਂ ਵਿੱਚ ਅਨਾਜ ਸੜ ਰਿਹਾ ਹੈ ਦੂਜੇ ਪਾਸੇ ਲੋਕ ਭੁੱਖ ਨਾਲ਼ ਤੜਫ਼ ਰਹੇ ਹਨ। ਦੇਸ਼ ਦੇ ਵੱਡੇ ਵੱਡੇ ਵਪਾਰੀਆਂ ਨੇ ਕਰੋੜਾਂ ਟਨ ਅਨਾਜ ਜਮ੍ਹਾ ਕਰਕੇ ਰੱਖਿਆ ਹੋਇਆ ਹੈ, ਉਹ ਮਨਮਰਜ਼ੀ ਦੀਆਂ ਕੀਮਤਾਂ ਤੈਅ ਕਰ ਰਹੇ ਹਨ, ਮਹਿੰਗਾਈ ਵਧਾ ਰਹੇ ਹਨ। ਪਰ ਸਰਕਾਰ ਇਸ ਮੁਨਾਫ਼ਾਖੋਰੀ ਅਤੇ ਕਾਲ਼ਾਬਜ਼ਾਰੀ ਨੂੰ ਰੋਕਣ ਲਈ ਦਿਖਾਵੇ ਤੋਂ ਅੱਗੇ ਵਧ ਕੇ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਨਹੀਂ। ਉਹਨਾਂ ਨੇ ਜ਼ੋਰ   ਦੇ ਕੇ ਕਿਹਾ ਕਿ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਦੇਸ਼ ਦੀਆਂ ਸਰਕਾਰਾਂ ਤੋਂ ਹੁਣ ਗਰੀਬ ਕਿਰਤੀਆਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ ਸਗੋਂ ਆਪਣੇ ਹੱਕ ਆਪ ਲੈਣ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਰਾਹ ਹੀ ਗਰੀਬਾਂ ਦੀ ਹਾਲਤ ਵਿੱਚ ਕੋਈ ਬੁਨਿਆਦੀ ਬਦਲਾਅ ਲਿਆ ਸਕਦਾ ਹੈ।

ਇਹਨਾਂ ਤੋਂ ਇਲਾਵਾ ਮੋਲਡਰ ਐਂਡ ਸਟੀਲ ਵਰਕਜ਼ ਯੂਨੀਅਨ ਦੇ ਆਗੂ ਵਿਜੇ ਨਾਰਾਇਣ, ਡੀ.ਟੀ.ਐਫ਼. ਦੇ ਆਗੂ ਟੇਕ ਚੰਦ ਕਾਲੀਆ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮਾਸਟਰ ਭਜਨ ਸਿੰਘ, ਡੀ.ਈ.ਐਫ. ਦੇ ਆਗੂ ਰਮਨਜੀਤ ਸੰਧੂ, ਲੋਕ ਮੋਰਚਾ ਪੰਜਾਬ ਦੇ ਆਗੂ ਕਸਤੂਰੀ ਲਾਲ ਆਦਿ ਨੇ ਧਰਨੇ ਨੂੰ ਸੰਬੋਧਿਤ ਕੀਤਾ। 

ਸਾਰੇ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮਹਿੰਗਾਈ ਅਤੇ ਬਿਜਲੀ ਕਟੌਤੀ ਤੋਂ ਰਾਹਤ ਦਿਲਾਉਣ ਲਈ ਜਲਦੀ ਕਦਮ ਨਾ ਚੁੱਕੇ ਤਾਂ ਗਰੀਬਾਂ ਦੇ ਦਿਲਾਂ ਅੰਦਰ ਸੁਲਗ ਰਹੀ ਗੁੱਸੇ ਦੀ ਚਿੰਗਾਰੀ ਦੇ ਭਾਂਬੜ ਦਾ ਰੂਪ ਲੈਣ ਲੱਗੇ ਦੇਰ ਨਹੀਂ ਲੱਗੇਗੀ।                        

♦♦♦

ਡੀ.ਟੀ.ਐਫ. (ਲੁਧਿ.) ਦੇ ਸਾਬਕਾ ਸਕੱਤਰ ਮਾ. ਭਜਨ ਸਿੰਘ ਦੀ

ਅਧਿਆਪਕ ਸੇਵਾਵਾਂ ਤੋਂ ਸ਼ਾਨਦਾਰ ਵਿਦਾਇਗੀ

31 ਅਗਸਤ ਨੂੰ ਮਾਸਟਰ ਭਜਨ ਸਿੰਘ 32 ਸਾਲਾਂ ਦੀਆਂ ਸੇਵਾਵਾਂ ਤੋ ਬਾਅਦ ਅਧਿਆਪਕ ਪੇਸ਼ੇ ਤੋਂ ਵਿਦਾ ਹੋਏ। ਮਾਸਟਰ ਭਜਨ ਸਿੰਘ ਅਧਿਆਪਕ ਹੁੰਦਿਆਂ ਹੋਇਆਂ ਨਾ ਸਿਰਫ਼ ਆਪਣੇ ਵਿਦਿਆਰਥੀਆਂ ਨੂੰ ਉਸਾਰੂ ਅਤੇ ਬੇਹਤਰ ਵਿੱਦਿਆ ਦੇਣ ਦੀਆਂ ਜੀ-ਤੋੜ ਕੋਸ਼ਿਸ਼ਾਂ ਵਿੱਚ ਰੁੱਝੇ ਰਹੇ ਸਗੋਂ ਉਹਨਾਂ ਅਧਿਆਪਕਾਂ ਦੇ ਹੱਕੀ ਸੰਘਰਸ਼ਾਂ ਦੌਰਾਨ ਬੇਹੱਦ ਮੁੱਲਵਾਨ ਆਗੂ ਭੂਮਿਕਾ ਨਿਭਾਈ। ਇਸ ਦੇ ਨਾਲ਼ ਹੀ ਉਹ ਸਮਾਜ ਦੇ ਹੋਰਨਾਂ ਕਿਰਤੀ ਜਮਾਤਾਂ ਦੇ ਹੱਕੀ ਸੰਘਰਸ਼ਾਂ ਨੂੰ ਹਰ ਸੰਭਵ ਸਹਿਯੋਗ ਦਿੰਦੇ ਰਹੇ।

ਪਹਿਲੀ ਅਗਸਤ ਨੂੰ ਲੁਧਿਆਣੇ ਵਿਖੇ ਹੋਏ ਬਹੁਤ ਹੀ ਸਾਦੇ ਵਿਦਾਇਗੀ ਸਮਾਗਮ ਦੌਰਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਮਾਸਟਰ ਭਜਨ ਦੇ ਇਨਕਲਾਬੀ-ਜਮਹੂਰੀ ਲੋਕ-ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਜੱਥੇਬੰਦੀ ਵਲੋਂ ਵਿਦਾਇਗੀ ਸਮਾਗਮ ‘ਚ ਮਾਸਟਰ ਭਜਨ ਦੇ ਚਹੇਤਿਆਂ ਦੇ ਭਰਵੇਂ ਇਕੱਠ ਦੌਰਾਨ ਪੇਸ਼ ਸਨਮਾਨ ਪੱਤਰ ਅਨੁਸਾਰ ਮਾਸਟਰ ਭਜਨ ਸਿੰਘ ”ਲੋਕ-ਪੱਖੀ ਸੰਘਰਸ਼ਾਂ ਦੀ ਬੁਲੰਦੀ ਦੀ ਤਾਂਘ ਦਾ ਜਗ-ਮਗਾਉਂਦਾ ਦੀਵਾ ਹੈ।”

ਮਾਸਟਰ ਭਜਨ ਸਿੰਘ ਨੇ ਅਧਿਆਪਕ ਪੇਸ਼ੇ ਦੀ ਸ਼ੁਰੂਆਤ ਨਾਲ਼ ਹੀ ਇਨਕਲਾਬੀ-ਜਮਹੂਰੀ ਲਹਿਰ ਵਿੱਚ ਕਦਮ ਰੱਖਿਆ ਅਤੇ ਉਹ ਅੱਜ ਤੱਕ ਇਸ ਲਹਿਰ ਨਾਲ਼ ਡਟੇ ਹਨ। ਅਸੀਂ ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਵਿਦਾਇਗੀ ਸਮਾਗਮ ਲਈ ਸੱਦਾ ਪੱਤਰ ਵਿੱਚ ਮਾਸਟਰ ਭਜਨ ਦੇ ਕਹੇ ਇਹਨਾਂ ਸ਼ਬਦਾਂ ਪ੍ਰਤੀ ਬਹੁਤ ਆਸਵੰਦ ਹਾਂ- ”ਮੈਂ ਇਨਕਲਾਬੀ ਵਿਚਾਰਧਾਰਾ ਦਾ ਵਿਦਿਆਰਥੀ ਰਿਹਾ ਹਾਂ। ਸਮਾਜ ਤੇ ਰਾਜ ਬਦਲੋ ਦੀ ਸਮਝਦਾਰੀ ਨਾਲ਼ ਇੱਕ ਰੂਪ ਹੋ ਚੁੱਕਾ ਹਾਂ। ਰਿਟਾਇਰਮੈਂਟ ਉਪਰੰਤ ਮੇਰਾ ਸਵੈ ਇਨਕਲਾਬੀ ਲਹਿਰ ਨੂੰ ਸਮਰਪਿਤ ਹੋਵੇਗਾ।…”  

ਅਦਾਰਾ ‘ਲਲਕਾਰ’ ਮਾਸਟਰ ਭਜਨ ਨੂੰ  ਆਪਣੇ ਅਧਿਆਪਕ ਜੀਵਨ ਦੌਰਾਨ ਇਨਕਲਾਬੀ-ਜਮਹੂਰੀ ਲਹਿਰ ਅਤੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਸਮਰਪਨ ਦੀ ਭਾਵਨਾ ਨਾਲ਼ ਦਿੱਤੇ ਯੋਗਦਾਨ ਲਈ ਇਨਕਲਾਬੀ ਸਲਾਮ ਆਖਦਾ ਹੈ ਅਤੇ ਜੀਵਨ ਦੇ ਅਗਲੇ ਸਫ਼ਰ ਲਈ ਇਨਕਲਾਬੀ ਸ਼ੁਭਕਾਮਨਾਵਾਂ ਦਿੰਦਾ ਹੈ।              

♦♦♦

ਅੰਕ 10 ਅਕਤੂਬਰ-ਦਸੰਬਰ 09 ਵਿਚ ਪ੍ਰਕਾਸ਼ਿ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s