ਸੰਸਾਰ ਸਰਮਾਏਦਾਰਾ ਸੰਕਟ, ਬਦਹਵਾਸ ਸਾਮਰਾਜ ਅਤੇ ਦੁਨੀਆ ਭਰ ਦੇ ਕਿਰਤੀ ਲੋਕਾਂ ਦੀ ਜ਼ਿੰਦਗੀ ਵਿੱਚ ਵਧ ਰਹੀ ਫੌਜੀ ਦਖ਼ਲ-ਅੰਦਾਜੀ •ਡਾ. ਸੁਖਦੇਵ ਹੁੰਦਲ

4.jpg

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਦਿਨੀਂ ਅਫਗਾਨਿਸਤਾਨ ਵਿੱਚ ਪਾਕਿਸਤਾਨ ਨਾਲ਼ ਲੱਗਦੀ ਹੱਦ ਨੇੜੇ, ਅਮਰੀਕੀ ਸੈਨਾ ਨੇਂ ‘ਸਾਰੇ ਬੰਬਾਂ ਦੀ ਮਾਂ’ ਨਾਂ ਵਾਲ਼ਾ ਬੰਬ ਸੁੱਟਿਆ। ਇਹ ਅਮਰੀਕੀ ਫੌਜ ਦੇ ਇਤਿਹਾਸ ਵਿੱਚ ਅੱਜ ਤੱਕ ਵਰਤਿਆ ਜਾਣ ਵਾਲ਼ਾ ਸਭ ਤੋਂ ਵੱਡਾ ਗੈਰ-ਨਾਭਕੀ ਬੰਬ ਸੀ ਜਿਸ ਦੀ ਵਰਤੋਂ ਦਹਿਸ਼ਤਗਰਦੀ ਵਿਰੁੱਧ ਜੰਗ ਦੇ ਬਹਾਨੇ ਹੇਠ, ਇਸ ਮੁਸੀਬਤਾਂ ਮਾਰੇ ਦੇਸ਼ ਦੀ ਧਰਤੀ ‘ਤੇ ਕੀਤੀ ਗਈ। ਉੱਤਰੀ ਕੋਰੀਆ ਅਤੇ ਅਮਰੀਕਾ ਦਾ ਝਗੜਾ ਅਤੇ ਉੱਤਰੀ ਕੋਰੀਆ ਦੀਆਂ ਹੱਦਾਂ ਨੇੜੇ ਗੇੜੇ ਕੱਢ ਰਿਹਾ ਅਮਰੀਕੀ ਜੰਗੀ ਬੇੜਾ, ਸੀਰੀਆ ਦੀ ਖਾਨਾ ਜੰਗੀ ਅਤੇ ਹਰ ਰੋਜ਼ ਸੈਂਕੜੇ ਮਨੁੱਖੀ ਬਲੀਆਂ ਦੀ ਕੀਮਤ ‘ਤੇ ਕੀਤਾ ਜਾ ਰਿਹਾ ਜੰਗੀ ਤਾਂਡਵ। ਸੰਸਾਰ ਸਾਮਰਾਜ ਦੇ ਵੱਖ-ਵੱਖ ਖੇਮਿਆਂ ਵੱਲੋਂ ਆਪੋ-ਆਪਣੇ ਸੰਕਟਾਂ ਤੇ ਕਾਬੂ ਪਾਉਣ ਲਈ ਫੌਜੀ ਮਸ਼ਕਾਂ ਦੀਆਂ ਇਹ ਕੁਝ ਕੁ ਮਿਸਾਲਾਂ ਹਨ। ਜ਼ਿਆਦਾਤਰ ਦੇਸ਼ਾਂ ਦੇ ਫੌਜੀ ਬਜ਼ਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਰਤਮਾਨ, ਆਰਥਕ ਸੰਕਟ ਨਾਲ਼ ਨਿੱਤ ਦਿਨ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਸਿੱਟੇ ਵਜੋਂ ਲੋਕਾਂ ਵਿੱਚ ਵਧ ਰਹੀ ਬੇਚੈਨੀ ‘ਤੇ ਕਾਬੂ ਪਾਉਣ ਲਈ, ਪੁਲਿਸ ਤੇ ਫੌਜ ਦੀ ਵਰਤੋਂ ਆਮ ਵਰਤਾਰਾ ਬਣ ਗਿਆ ਹੈ। ਸਾਡੇ ਦੇਸ਼ ਦੇ ਬਹੁਤ ਵੱਡੇ ਹਿੱਸੇ ਵਿੱਚ ਫੌਜਾਂ ਤਾਇਨਾਤ ਹਨ। ਕਸ਼ਮੀਰ ਅਤੇ ਪੂਰਬੀ ਰਾਜਾਂ ਵਿੱਚ ਹਾਲਤਾਂ ਗੰਭੀਰ ਹਨ। ਕੁਦਰਤੀ ਖਜਾਨਿਆਂ ਨਾਲ਼ ਭਰਪੂਰ, ਦੇਸ਼ ਦੇ ਬਹੁਤ ਵਿਸ਼ਾਲ ਆਦਿਵਾਸੀ ਬਹੁਲ, ਜੰਗਲੀ ਖੇਤਰ ਨੂੰ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਖੁੱਲੀ ਚਾਰਾਗਾਹ ਬਣਾਉਣ ਲਈ ਫੌਜ ਅਤੇ ਹੋਰ ਅਰਧ ਫੌਜੀ ਹਥਿਆਰਬੰਦ ਦਲਾਂ ਦੀ ਖੁੱਲੀ ਵਰਤੋਂ ਕੀਤੀ ਜਾ ਰਹੀ ਹੈ। ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੇ ਬੁਨਿਆਦੀ ਅਧਿਕਾਰਾਂ ‘ਤੇ ਹਮਲੇ ਦੇ ਮਾਮਲੇ ਵਿੱਚ, ਦੇਸੀ ਵਿਦੇਸ਼ੀ ਸਰਮਾਏਦਾਰ ਇੱਕਜੁਟ ਹਨ। ਸੰਸਾਰ ਸਰਮਾਏ ਦੇ ਵੱਡੇ ਧੜਿਆਂ ਨੇਂ ਜਿੱਥੇ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਮਿਹਨਤਕਸ਼ ਅਬਾਦੀ ਵਿਰੁੱਧ ਜੰਗ ਛੇੜ ਰੱਖੀ ਹੈ, ਉੱਥੇ ਸਾਮਰਾਜੀ ਧੜਿਆਂ ਦੇ ਆਪਸੀ ਅੰਤਰਵਿਰੋਧ ਵੀ ਲਗਾਤਾਰ ਜੰਗੀ ਹਾਲਤਾਂ ਕਾਇਮ ਰੱਖਣ ਲਈ ਜ਼ਿੰਮੇਵਾਰ ਹਨ। ਆਮ ਲੋਕਾਂ ਦੀਆਂ ਸਿਹਤ ਸਹੂਲਤਾਂ, ਜ਼ਿੰਦਗੀ ਦੀਆਂ ਜਰੂਰੀ ਲੋੜਾਂ ਵਿੱਚ ਕਟੌਤੀ ਕਰਕੇ, ਹਥਿਆਰਾਂ ਦੇ ਬੇਸ਼ੁਮਾਰ ਜ਼ਜਖੀਰੇ ਇੱਕੱਠੇ ਕੀਤੇ ਜਾ ਰਹੇ ਹਨ। ਇਹ ਜੰਗੀ ਹਾਲਤਾਂ ਜਿੱਥੇ ਇੱਕ ਪਾਸੇ ਸੰਕਟ ਗ੍ਰਸਤ ਸਰਮਾਏ ਦੀ ਰਾਖੀ ਲਈ ਪੈਦਾ ਹੋਈਆਂ ਹਨ, ਦੂਜੇ ਪਾਸੇ ਹਥਿਆਰਾਂ ਦੇ ਕਾਰੋਬਾਰ ਦੀ ਵੀ ਜ਼ਰੂਰਤ ਬਣ ਗਏ ਹਨ। ਅੱਜ ਹਥਿਆਰਾਂ ਦੀ ਵਿੱਕਰੀ ਦਾ ਧੰਦਾ ਦੁਨੀਆਂ ਦੇ ਸਭ ਤੋਂ ਵੱਧ ਮੁਨਾਫ਼ੇ ਵਾਲ਼ੇ ਧੰਦਿਆਂ ਵਿੱਚੋਂ ਇੱਕ ਹੈ। ਇਸ ਸੰਦਰਭ ਵਿੱਚ ਹੀ ਸੰਸਾਰ ਸਾਮਰਾਜ ਦੇ ਸਭ ਤੋਂ ਵੱਡੇ ਸਰਗਨੇ ਅਮਰੀਕੀ ਸਾਮਰਾਜ ਦੀਆਂ ਜੰਗੀ ਨੀਤੀਆਂ ਨੂੰ ਸਮਝਿਆ ਜਾ ਸਕਦਾ ਹੈ। 90ਵਿਆਂ ਦੇ ਸ਼ੁਰੂ ਵਿੱਚ ਅਖੌਤੀ ਸਮਾਜਵਾਦੀ ਸੋਵੀਅਤ ਸੰਘ (ਜੋ ਹਕੀਕਤ ਵਿੱਚ ਸਮਾਜਕ ਸਾਮਰਾਜ ਸੀ) ਦੇ ਪਤਨ ਤੋਂ ਬਾਅਦ ਸਰਮਾਏਦਾਰਾਂ ਦੇ ਕਲਮ-ਘਸੀਟਾਂ ਨੂੰ ਇੱਕ ਵਾਰ ਅਮਰੀਕਾ ਦੀ ਅਗਵਾਈ ਵਿੱਚ ਕਾਇਮ ਹੋਣ ਵਾਲ਼ੇ ਇੱਕ ਧਰੁਵੀ ਸਰਮਾਏਦਾਰੀ ਸੰਸਾਰ ਦਾ ਭਰਮ ਹੋ ਗਿਆ ਸੀ। ਜ਼ਿੰਦਗੀ ਦੀਆਂ ਹਕੀਕਤਾਂ ਨੇਂ ਇਹ ਭਰਮ ਛੇਤੀ ਹੀ ਤੋੜ ਦਿੱਤਾ। 21ਵੀ ਸਦੀ ਦੇ ਚੜਦਿਆਂ ਹੀ ਸੰਸਾਰ ਸਰਮਾਏਦਾਰੀ ਪ੍ਰਬੰਧ ਲੰਮੇ ਆਰਥਕ ਸੰਕਟ ਦੇ ਦੌਰ ਵਿੱਚ ਦਾਖਲ ਹੋ ਗਿਆ। ਸਰਮਾਏਦਾਰੀ ਪ੍ਰਬੰਧ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪੈਦਾਵਾਰ ਸਮਾਜਕ ਹੁੰਦੀ ਜਾਂਦੀ ਹੈ ਪਰ ਇਸਦੀ ਮਾਲਕੀ ਨਿੱਜੀ ਹੁੰਦੀ ਹੈ। ਅੱਜ ਦੇ ਸੰਦਰਭ ਵਿੱਚ ਦੁਨੀਆਂ ਭਰ ਦੀ ਵਿਸ਼ਾਲ ਮਜ਼ਦੂਰ ਅਬਾਦੀ ਪੈਦਾਵਾਰ ਕਰਦੀ ਹੈ ਪਰ ਇਸ ਦਾ ਫਲ਼ ਮੁੱਠੀ ਭਰ ਇਜ਼ਾਰੇਦਾਰ ਕਾਰਪੋਰੇਟ ਅਦਾਰੇ ਨਿਘਲ ਜਾਂਦੇ ਹਨ। ਇੱਕ ਪਾਸੇ ਦੁਨੀਆਂ ਦੇ ਥੋੜੇ ਜਿਹੇ ਸਰਮਾਏਦਾਰਾਂ ਕੋਲ਼ ਦੌਲਤ ਦੇ ਅੰਬਾਰ ਲੱਗ ਜਾਂਦੇ ਹਨ, ਦੂਜੇ ਪਾਸੇ ਸਾਰੇ ਸੰਸਾਰ ਦੀ ਮਜ਼ਦੂਰ ਅਤੇ ਕਿਰਤੀ ਅਬਾਦੀ ਕੰਗਾਲੀ ਦੇ ਮਹਾਂਸਾਗਰ ਦੇ ਰੂਪ ਵਿੱਚ ਬਦਲਦੀ ਜਾਂਦੀ ਹੈ। ਪੈਦਾ ਕਰਨ ਵਾਲ਼ੇ ਹੱਥ ਇਸ ਸੰਸਾਰ ਦੀਆਂ ਸਾਰੀਆਂ ਪਦਾਰਥਕ ਅਤੇ ਆਤਮਕ ਕਦਰਾਂ ਦੇ ਸਿਰਜਣਹਾਰੇ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਤੋਂ ਵੀ ਵਾਂਝੇ ਕਰ ਦਿੱਤੇ ਜਾਂਦੇ ਹਨ। ਮਜ਼ਦੂਰ ਜਮਾਤ ਦੀ ਕੰਗਾਲੀ ਸੰਕਟਗ੍ਰਸਤ ਸਰਮਾਏਦਾਰੀ ਦੇ ਜਿਉਂਦੇ ਰਹਿਣ ਦੀ ਸ਼ਰਤ ਬਣ ਜਾਂਦੀ ਹੈ। ਸਰਮਾਏਦਾਰੀ ਢਾਂਚੇ ਦੀ ਇਹ ਵਿਰੋਧਤਾਈ ਪੈਦਾਵਾਰ ਦੇ ਸਮਾਜਕ ਸਰੂਪ ਅਤੇ ਪੈਦਾਵਾਰੀ ਸਾਧਨਾਂ ਦੀ ਨਿੱਜੀ ਮਾਲਕੀ ਵਿਚਲੀ ਵਿਰੋਧਤਾਈ ਹੈ। ਇਸ ਦਾ ਇੱਕਮਾਤਰ ਹੱਲ ਪੈਦਾਵਾਰ ਦੇ ਸਾਧਨਾਂ ਦੀ ਸਮਾਜਕ ਮਾਲਕੀ ਹੈ। 21ਵੀ ਸਦੀ ਦੇ ਸਮਾਜਵਾਦੀ ਇਨਕਲਾਬਾਂ ਦੇ ਨਵੇਂ ਚੱਕਰ ਵਿੱਚ ਦੁਨੀਆਂ ਭਰ ਦੀ ਮਜ਼ਦੂਰ ਜਮਾਤ, ਆਪਣਾ ਇਹ ਇਤਿਹਾਸਕ ਮਿਸ਼ਨ ਪੂਰਾ ਕਰੇਗੀ। ਪਰ ਸਰਮਾਏਦਾਰੀ ਪ੍ਰਬੰਧ ਦੇ ਚੌਖਟੇ ਅੰਦਰ ਇਸ ਵਿਰੋਧਤਾਈ ਦਾ ਹੱਲ ਸੰਭਵ ਨਹੀਂ। ਜਿੰਨਾਂਂ ਚਿਰ ਸਰਮਾਏਦਾਰਾ ਸੰਕਟਾਂ ਦੇ ਸ੍ਰੋਤ ਦੇ ਰੂਪ ਵਿੱਚ ਇਹ ਵਿਰੋਧਤਾਈ ਕਾਇਮ ਹੈ ਮਨੁੱਖਤਾ ਸਰਮਾਏਦਾਰੀ ਸੰਕਟਾਂ ਤੋਂ ਛੁਟਕਾਰਾ ਨਹੀਂ ਪਾ ਸਕਦੀ। ਜਿੱਥੇ ਇਹ ਸੰਕਟ ਮਜ਼ਦੂਰ ਜਮਾਤ ਅਤੇ ਆਮ ਲੋਕਾਂ ਲਈ ਭਾਰੀ ਮੁਸੀਬਤਾਂ ਲੈ ਕੇ ਆਉਂਦੇ ਹਨ ਉੱਥੇ ਸਰਮਾਏਦਾਰਾਂ ਦੇ ਆਪਸੀ ਅੰਤਰ-ਵਿਰੋਧ ਵੀ ਤਲ ਤੇ ਆ ਜਾਂਦੇ ਹਨ। ਇਹ ਅੰਤਰ-ਵਿਰੋਧ ਯੁੱਧਾਂ ਵਿੱਚ ਵੀ ਬਦਲ ਜਾਂਦੇ ਹਨ। ਭਾਂਵੇਂ ਸਮੁੱਚੇ ਰੂਪ ਵਿੱਚ ਸਾਰੇ ਸਰਮਾਏਦਾਰ ਹਾਕਮ ਮਜ਼ਦੂਰ ਜਮਾਤ ਦੇ ਵਿਰੋਧੀ ਹਨ, ਪਰ ਸੰਕਟ ਦੇ ਸਮੇਂ ਹਰ ਕੋਈ ਇੱਕ ਦੂਜੇ ਦਾ ਦੁਸ਼ਮਣ ਹੋ ਜਾਂਦਾ ਹੈ। ਸਭ ਨੂੰ ਆਪੋ ਆਪਣੀ ਪੈ ਜਾਂਦੀ ਹੈ। ਵੱਡੀ ਮੱਛੀ ਛੋਟੀ ਮੱਛੀ ਨੂੰ ਹੜੱਪਦੀ ਹੈ। ਤਕੜਾ ਮਾੜੇ ਨੂੰ ਠਿੱਬੀ ਲਾਉਂਦਾ ਹੋਇਆ ਅੱਗੇ ਵਧਦਾ ਹੈ। ਵਕਤੀ ਤੌਰ ਤੇ ਤਬਾਹੀ ਜੰਗਾਂ ਅਤੇ ਗੈਰ-ਉਤਪਾਦਕ ਖੇਤਰਾਂ ਵਿੱਚ ਸਰਮਾਇਆ ਲਾਕੇ ਸੰਕਟ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੁੰਦੀ ਹੈ। ਇਹ ਸਭ ਕੁੱਝ ਕਿਵੇਂ ਅਮਲ ਵਿੱਚ ਲਿਆਂਦਾ ਜਾਂਦਾ ਹੈ ਇਹ ਸਾਡਾ ਅੱਜ ਦਾ ਵਿਸ਼ਾ ਨਹੀ। ਪਰ ਇੱਕ ਗੱਲ ਜਿਹੜੀ 21ਵੀ ਸਦੀ ਦੀ ਵਿਸ਼ੇਸਤਾ ਹੈ ਉਹ ਇਹ ਹੈ ਕਿ ਆਰਥਕ ਸੰਕਟਾਂ ਤੋਂ ਬਾਅਦ ਮੁੜ ਪੈਦਾ ਹੋਣ ਵਾਲ਼ੀ ਤੇਜ਼ੀ ਬੀਤੇ ਇਤਿਹਾਸ ਦੀ ਚੀਜ਼ ਬਣ ਗਈ ਹੈ। ਕਿਉਂਕਿ ਸਰਮਾਏਦਾਰੀ ਦੇ ਸਿਧਾਂਤਕਾਰਾਂ ਨੂੰ ਹੁਣ ਇਸ ਬਿਮਾਰੀ ਤੇ ਕਾਬੂ ਪਾਉਣ ਵਾਲ਼ਾ ਕੋਈ ਨੁਸਖਾ ਨਹੀ ਲੱਭ ਰਿਹਾ। ਹੁਣ ਕੋਈ ਕੀਨਜ਼ ਵਰਗਾ ਵੈਦ ਵੀ ਨਜ਼ਰ ਨਹੀ ਆ ਰਿਹਾ। ਕਿਉਂਕਿ ਬਿਮਾਰੀ ਆਪਣੇ ਆਖ਼ਰੀ ਮੁਕਾਮ ਤੇ ਪਹੁੰਚ ਗਈ ਹੈ। ਸਰਮਾਏਦਾਰੀ ਨਾਂ ਦੇ ਮਰੀਜ਼ ਦੀ ਮੌਤ ਦੇ ਨਾਲ਼ ਹੀ ਇਤਿਹਾਸ ਦਾ ਇਹ ਅਧਿਆਏ ਪੂਰਾ ਹੋਏਗਾ। ਵਕਤੀ ਤੌਰ ਤੇ ਕੁਝ ਦਰਦ-ਨਿਵਾਰਕ ਤੇ ਨੀਂਦ ਦੀਆਂ ਗੋਲੀਆਂ ਨਾਲ਼ ਮਰੀਜ਼ ਨੂੰ ਕੁਝ ਰਾਹਤ ਮਹਿਸੂਸ ਹੁੰਦੀ ਹੈ। ਕਿਰਤੀ ਲੋਕਾਂ ਦੇ ਖੂਨ ਦੀ ਲਗਾਤਾਰ ਸਪਲਾਈ ਨਾਲ਼ ਵੀ ਮਰਨ ਕੰਢੇ ਪਹੁੰਚ ਚੁੱਕੇ ਇਸ ਸਰਮਾਏਦਾਰਾ ਸੰਸਾਰ ਨੂੰ ਬਹੁਤਾ ਚਿਰ ਜਿਉਂਦਾ ਨਹੀਂ ਰੱਖਿਆ ਜਾ ਸਕਦਾ।

ਸੰਸਾਰ ਭਰ ਦੇ ਤੇਲ ਅਤੇ ਕੁਦਰਤੀ ਖਜ਼ਾਨਿਆਂ ਨਾਲ਼ ਭਰਪੂਰ ਖਿੱਤੇ ਸੰਸਾਰ ਸਰਮਾਏ ਦੀਆਂ ਗਿਰਝਾਂ ਨੂੰ ਖਿੱਚ ਪਾ ਰਹੇ ਹਨ। ਇਹ ਖਿੱਤੇ ਸਾਮਰਾਜੀ ਖਹਿਭੇੜ ਅਤੇ ਖੇਤਰੀ ਜੰਗਾਂ ਦੇ ਅੱਡੇ ਬਣ ਗਏ ਹਨ। ਅਫਰੀਕਾ ਮਹਾਂਦੀਪ ਅਤੇ ਅਰਬ ਦੀ ਧਰਤੀ ਇਹਨਾਂ ਦਾ ਨਵਾਂ ਖੇਤਰ ਬਣ ਗਈ ਹੈ। ਦੂਜੇ ਪਾਸੇ ਸਰਮਾਏ ਦੇ ਵੱਖ-ਵੱਖ ਧੜੇ ਹੁਣ ਤੱਕ ਸੰਸਾਰ ਸਰਮਾਏਦਾਰੀ ਦੇ ਵੱਡੇ ਚੌਧਰੀ ਰਹੇ ਅਮਰੀਕਾ ਨੂੰ ਚੁਣੌਤੀ ਦੇਣ ਲੱਗ ਪਏ ਹਨ। ਯੂਰਪ, ਜਾਪਾਨ ਦੇ ਨਾਲ਼-ਨਾਲ਼ ਚੀਨ ਦਾ ਆਰਥਕ ਖੇਤਰ ਵਿੱਚ ਨਵੇਂ ਸ਼ਰੀਕ ਦੇ ਰੂਪ ਵਿੱਚ ਉਭਾਰ ਰੂਸ ਦੀਆਂ ਮਹਾਂਸ਼ਕਤੀ ਦੇ ਤੌਰ ‘ਤੇ ਆਪਣੀ ਪੁਰਾਣੀ ਸ਼ਾਨ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸਾਮਰਾਜੀ ਖਹਿਭੇੜ ਦੇ ਵਾਧੇ ਦਾ ਕਾਰਨ ਬਣ ਰਹੇ ਹਨ।

ਦੂਜੇ ਪਾਸੇ ਇੱਕ ਨਾਂਹਪੱਖੀ ਪਹਿਲੂ ਹੈ। ਕੀਨਜ਼ਵਾਦੀ ਕਲਿਆਣਕਾਰੀ ਦੌਰ ਦੇ ਖਾਤਮੇ ਤੋਂ ਬਾਅਦ ਇਸ ਨਵੇਂ ਨਵ-ਉਦਾਰਵਾਦੀ ਦੌਰ ਵਿੱਚ ਅਜੇ ਤੱਕ ਤਾਕਤਵਰ ਮਜ਼ਦੂਰ ਲਹਿਰ ਅਤੇ ਸਮਾਜਵਾਦੀ ਬਦਲ ਦੇ ਕਮਜ਼ੋਰ ਹੋਣ ਕਰਕੇ ਫਾਸੀਵਾਦ ਲਈ ਰਾਹ ਪੱਧਰਾ ਹੋ ਗਿਆ ਹੈ। ਭਾਂਵੇਂ ਇਤਿਹਾਸਕ ਤੌਰ ‘ਤੇ ਇਹ ਵਕਤੀ ਵਰਤਾਰਾ ਹੈ। ਬਹੁਤ ਸਾਰੇ ਕਾਰਨ ਹਨ ਜੋ ਵਿਸ਼ਵਾਸ ਦਿਵਾਉਂਦੇ ਹਨ ਕਿ ਮਜ਼ਦੂਰ ਜਮਾਤ 20ਵੀਂ ਸਦੀ ਦੇ ਸਮਾਜਵਾਦੀ ਇਨਕਲਾਬਾਂ ਦੇ ਸ਼ਾਨਦਾਰ ਤਜ਼ਰਬਿਆਂ ਤੋਂ ਪ੍ਰੇਰਨਾ ਲੈਂਦੇ ਹੋਏ ਫਿਰ ਆਪਣਾ ਇਤਿਹਾਸਕ ਮਿਸ਼ਨ ਪੂਰਾ ਕਰਨ ਲਈ ਅੱਗੇ ਵਧੇਗੀ। ਪਰ ਫਾਸੀਵਾਦ ਦੇ ਇਸ ਦੌਰ ਵਿੱਚ ਫਾਸੀਵਾਦੀ ਧੜੇ ਹੋਰ ਵੀ ਬਦਹਵਾਸ ਹੋ ਗਏ ਹਨ। ਰਾਸ਼ਟਰਪਤੀ ਓਬਾਮਾ ਦੇ ਦੌਰ ਵਿੱਚ ਅਮਰੀਕਨ ਖੋਜੀ ਪੱਤਰਕਾਰ ਨਿੱਕ ਟਰਸ, ਜਨਵਰੀ 2014 ਦੇ ਆਪਣੇ ਇੱਕ ਲੇਖ “134 ਦੇਸ਼ਾਂ ਵਿੱਚ ਅਮਰੀਕਾ ਦੀ ਲੁਕਵੀਂ ਜੰਗ” ਨਾਂ ਦੇ ਸਿਰਲੇਖ ਹੇਠ ਲਿਖਦੇ ਹਨ-

“ਉਹ ਦੱਖਣ ਪੱਛਮੀ ਏਸ਼ੀਆ ਵਿੱਚ ਹਨੇਰੇ ਵਿੱਚ ਵੇਖਣ ਵਾਲ਼ੇ ਯੰਤਰਾਂ ਦੀ ਹਰੀ ਰੌਸ਼ਨੀ ਵਿੱਚ ਕਾਰਵਾਈ ਕਰਦੇ ਹਨ ਅਤੇ ਦੱਖਣੀ ਅਮਰੀਕਾ ਦੇ ਜੰਗਲਾਂ ਵਿੱਚ ਪਿੱਛਾ ਕਰਦੇ ਹਨ। ਉਹ ਮਗਰਬ ਵਿੱਚ ਆਦਮੀਆਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਝਪਟਦੇ ਹਨ ਅਤੇ ਪੂਰੀ ਤਰਾਂ ਹਥਿਆਰਾਂ ਨਾਲ਼ ਲੈੱਸ ਫੌਜੀ, ਹੋਰਨ ਆਫ਼ ਅਫਰੀਕਾ ਵਿੱਚ ਲਿਜਾ ਕੇ ਉਡਾ ਦਿੰਦੇ ਹਨ। ਫਿਰੋਜ਼ੀ ਕੈਰੇਬਿਯਨ ਤੋਂ ਗਹਿਰੇ ਨੀਲੇ ਪ੍ਰਸ਼ਾਂਤ ਮਹਾਂਸਾਗਰ ਦੀਆਂ ਲਹਿਰਾਂ ਤੋਂ ਗੁਜ਼ਰਦਿਆਂ, ਉਹ ਨਮਕੀਨ ਫੁਹਾਰਾਂ ਨੂੰ ਮਹਿਸੂਸਦੇ ਹਨ। ਬਰਫ਼ਾਨੀ ਸੈਕੰਡੇਨੇਵੀਆ ਅਤੇ ਮੱਧ ਪੂਰਬ ਦੇ ਦਮ ਘੁਟਵੇਂ ਮਾਰੂਥਲਾਂ ਵਿੱਚ ਉਹ ਮੁਹਿੰਮ ਚਲਾਉਂਦੇ ਹਨ। ਸਮੁੱਚੇ ਗ੍ਰਹਿ ਉੱਤੇ ਓਬਾਮਾ ਪ੍ਰਸ਼ਾਸਨ ਨੇਂ ਇੱਕ ਜੰਗ ਛੇੜ ਰੱਖੀ ਹੈ, ਜਿਸ ਦੀ ਪੂਰੀ ਸੀਮਾਂ ਕਦੇ ਵੀ ਸਾਹਮਣੇ ਨਹੀਂ ਆਈ, ਅੱਜ ਤਕ ਵੀ।”

ਇਹ ਅਮਰੀਕਾ ਦੀਆਂ ਜੰਗੀ ਮੁਹਿੰਮਾਂ ਤੇ ਸਟੀਕ ਟਿੱਪਣੀ ਹੈ। 2014 ਤੋਂ ਬਾਅਦ ਤਾਂ ਇਹ ਮੁਹਿੰਮਾਂ ਹੋਰ ਵੀ ਵੱਡੇ ਪੱਧਰ ‘ਤੇ ਚਲਾਈਆਂ ਜਾ ਰਹੀਆਂ ਹਨ। ਟ੍ਰੰਪ ਦਾ ਦੌਰ, ਫਾਸੀਵਾਦ ਦੇ ਉਭਾਰ ਦਾ ਵੀ ਦੌਰ ਹੈ। ਨਿੱਕ ਟਰਸ ਨੇਂ ਹੀ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਬੁਸ਼ ਦੇ ਸਮੇਂ ਸੰਸਾਰ ਦੇ 60 ਦੇਸ਼ਾਂ ਵਿੱਚ ਵਿਸ਼ੇਸ਼ ਕਾਰਵਾਈ ਦਸਤੇ ਤਾਇਨਾਤ ਕੀਤੇ ਗਏ ਸਨ ਜੋ 2010 ਤੱਕ 75 ਦੇਸ਼ਾਂ ਤੱਕ ਪਹੁੰਚ ਗਏ। ਸਪੈਸ਼ਲ ਓਪਰੇਸ਼ਨ ਕਮਾਂਡ ਦੇ ਬੁਲਾਰੇ ਅਨੁਸਾਰ 2011 ਤੱਕ ਇਹਨਾਂ ਦੇਸ਼ਾਂ ਦੀ ਗਿਣਤੀ 120 ਤੱਕ ਹੋ ਗਈ। ਫੌਜੀ ਦਖ਼ਲ-ਅੰਦਾਜ਼ੀ ਵਿੱਚ ਤੇਜ਼ ਵਾਧੇ ਦਾ ਇਹ ਦੌਰ ਨਵ-ਉਦਾਰਵਾਦ ਜਾਂ ਸੰਸਾਰੀਕਰਨ ਦਾ ਦੌਰ ਹੈ। ਇਸ ਤੋਂ ਪਹਿਲੇ ਦੌਰ ਵਿੱਚ ਸੀ.ਆਈ.ਏ. ਦੀਆਂ ਤੀਸਰੀ ਦੁਨੀਆਂ ਦੇ ਦੇਸ਼ਾਂ ਵਿੱਚ ਰਾਜ ਪਲਟੇ ਅਤੇ ਕਠਪੁਤਲੀਆਂ ਹਕੂਮਤਾਂ ਕਾਇਮ ਕਰਨ ਦੀਆਂ ਸਾਜਸ਼ਾਂ ਦਾ ਇੱਕ ਵੱਖਰਾ ਇਤਿਹਾਸ ਹੈ। ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਨਵ-ਬਸਤੀਆਂ ਦੇ ਰੂਪ ਵਿੱਚ, ਅਮਰੀਕੀ ਕੁਕਰਮਾਂ ਦਾ ਇਤਿਹਾਸ ਇੱਕ ਸ਼ਰਮਨਾਕ ਕਾਂਡ ਹੈ। ਆਪਣੀਆਂ ਕਾਰਵਾਈਆਂ ਨੂੰ ਹੱਕ ਠਹਿਰਾਉਣ ਲਈ ਅਮਰੀਕਾ ਕੋਲ ਦੋ ਨਾਹਰੇ ਸਨ। ਆਪਣੇ ਦੇਸ਼ ਦੇ ਲੋਕਾਂ ਲਈ ‘ਅਮਰੀਕੀ ਹਿੱਤਾਂ ਦੀ ਰਾਖੀ’ ਦੀ ਚਿੰਤਾ ਅਤੇ ਦੂਜਾ ਸੀ ‘ਕਮਿਉਨਿਜ਼ਮ ਦੇ ਖਤਰੇ’ ਤੋਂ ਦੁਨੀਆਂ ਨੂੰ ਬਚਾਉਣਾ। ਸਾਮਰਾਜ ਦਾ ਆਪਣੇ ਜਨਮ ਕਾਲ ਤੋਂ ਹੀ, ਖਾਸ ਕਰਕੇ ਬਸਤੀਵਾਦ ਦੇ ਸਮੇਂ ਤੋਂ ਇਹ ਦਾਵਾ ਰਿਹਾ ਹੈ ਕਿ ਇਹ ਦੂਸਰੇ ਦੇਸ਼ਾਂ ਦੇ ਭਲੇ ਲਈ ਹੀ ਉਹਨਾਂ ਨੂੰ ਗੁਲਾਮ ਬਣਾਉਂਦਾ ਹੈ। ਬਰਤਾਨਵੀ ਬਸਤੀਵਾਦ ਦੇ ਦਬਦਬੇ ਦੇ ਦੌਰ ਵਿੱਚ ਕਿਹਾ ਜਾਂਦਾ ਸੀ ਕਿ ਉਹ ਅਸੱਭਿਅਕ ਪਛੜੇ ਸੰਸਾਰ ਨੂੰ ਸੱਭਿਅਕ ਬਣਾਉਣ ਦੇ ਇਤਿਹਾਸਕ ਮਿਸ਼ਨ ਤਹਿਤ ਉਹਨਾਂ ‘ਤੇ ਰਾਜ ਕਰ ਰਹੇ ਹਨ। ਜਮਾਤੀ ਸਮਾਜਾਂ ਵਿੱਚ ਜਿਸ ਬੇਸ਼ਰਮੀ ਨਾਲ਼ ਹਾਕਮ ਜਮਾਤਾਂ ਝੂਠ ਬੋਲ਼ਦੀਆਂ ਹਨ ਉਸ ਤੋਂ ਵਧ ਬੇਸ਼ਰਮੀ ਨਾਲ਼ ਉਹਨਾਂ ਦੇ ਵਿਚਾਰਧਾਰਕ ਭੋਂਪੂ ਲੋਕਾਂ ਨੂੰ ਇਸ ਝੂਠ ਨੂੰ ਸੱਚ ਮੰਨਣ ਲਈ ਦਿਨ ਰਾਤ ਇੱਕ ਕਰਦੇ ਹਨ। ਵਰਤਮਾਨ ਸਰਮਾਏਦਾਰਾ ਢਾਂਚੇ ਵਿੱਚ ਸਰਮਾਏਦਾਰੀ ਦੀਆਂ ਸਮਾਜਕ ਜਥੇਬੰਦੀਆਂ ਨਾਗਰਿਕ ਸਮਾਜ ਦੇ ਕਈ ਅਦਾਰੇ, ਸਰਮਾਏਦਾਰਾ ਵਿੱਦਿਅਕ ਢਾਂਚਾ ਅਤੇ ਪ੍ਰਚਾਰ ਮਾਧਿਅਮ ਇਸ ਕੂੜ ਪ੍ਰਚਾਰ ਵਿੱਚ ਆਪਣੀਆਂ ਸੇਵਾਵਾਂ ਮੁਹਈਆ ਕਰਾਉਂਦੇ ਹਨ। ਅੱਜ ਭਾਂਵੇ ਬਸਤੀਵਾਦ ਅਤੇ ਨਵਬਸਤੀਵਾਦ ਦਾ ਜਮਾਨਾ ਬੀਤ ਚੁੱਕਾ ਹੈ। ਸਰਮਾਏਦਾਰੀ ਢਾਂਚਾ ਹਮੇਸ਼ਾਂ ਵਾਂਗ ਲੋਕ ਭਲਾਈ ਦਾ ਜਾਮਾ ਪਾ ਕੇ ਹੀ ਆਪਣੇ-ਆਪਣੇ ਦੇਸ਼ਾਂ ਸਮੇਤ ਸੰਸਾਰ ਭਰ ਦੇ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਲੁੱਟ ਕਰਦਾ ਹੈ। ਮਿਹਨਤਕਸ਼ ਲੋਕਾਂ ਦੀ ਕਿਰਤ ਦੀ ਲੁੱਟ ਸਰਮਾਏਦਾਰੀ ਦੇ ਜਿਉਂਦੇ ਰਹਿਣ ਦੀ ਬੁਨਿਆਦੀ ਸ਼ਰਤ ਹੈ। ਲੋਕਾਂ ਦੇ ਰੋਸ ਅਤੇ ਵਿਦਰੋਹ ਨੂੰ ਇੱਕ ਪਾਸੇ ਹਥਿਆਰਬੰਦ ਕਾਰਵਾਈਆਂ ਨਾਲ਼ ਦਬਾਇਆ ਜਾਂਦਾ ਹੈ, ਦੂਜੇ ਪਾਸੇ ਵਿਚਾਰਧਾਰਕ ਦਬਦਬਾ ਬਣਾਈ ਰੱਖਣ ਲਈ ਝੂਠੇ ਅਤੇ ਗੁਮਰਾਹਕੁੰਨ ਪ੍ਰਚਾਰ ਦੀ ਮਦਦ ਨਾਲ਼ ਲੋਕਾਂ ਦੀ ਸਹਿਮਤੀ ਲਈ ਜਾਂਦੀ ਹੈ। ਅੰਨੇਕੌਮਾਵਦੀ ਨਾਹਰਿਆਂ ਅਤੇ ਦਹਿਸ਼ਤਗਰਦੀ ਵਿਰੁੱਧ ਮੁਹਿੰਮ ਦੇ ਨਾਂ ਤੇ ਆਮ ਲੋਕਾਂ ਦੇ ਇੱਕ ਹਿੱਸੇ ਨੂੰ ਡਰਾ ਕੇ ਭਾਵੁਕ ਪੱਧਰ ‘ਤੇ ਮਗਰ ਲਾ ਲੈਂਦੇ ਹਨ। ਸਰਮਾਏਦਾਰੀ ਦੇ ਟੁਕੜਿਆਂ ਤੇ ਪਲਣ ਵਾਲ਼ੇ ਬੁੱਧੀਜੀਵੀ ਗਲਤ ਅਤੇ ਝੂਠੇ ਸਿਧਾਂਤ ਪਰੋਸਦੇ ਹਨ। ਜ਼ਿੰਦਗੀ ਵਾਰ-ਵਾਰ ਉਹਨਾਂ ਦੇ ਝੂਠਾਂ ਦਾ ਪਰਦਾਫਾਸ਼ ਕਰਦੀ ਹੈ ਪਰ ਉਹ ਫਿਰ ਪੂਰੀ ਢੀਠਤਾਈ ਨਾਲ਼ ਨਵੇਂ ਸਿਧਾਂਤ ਘੜ ਲੈਂਦੇ ਹਨ। ਉਹ ਆਪਣੇ ਤੌਰ ‘ਤੇ ਸਰਮਾਏਦਾਰੀ ਦੀ ਸੱਚੀ ਸੇਵਾ ਕਰਦੇ ਹਨ ਕਿਉਂਕਿ ਸਰਮਾਏਦਾਰੀ ਪ੍ਰਬੰਧ ਦਾ ਇਸ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ, ਇਹ ਪ੍ਰਬੰਧ ਦੀ ਜ਼ਿੰਦਗੀ ਮੌਤ ਦਾ ਸਵਾਲ ਹੈ।

21ਵੀ ਸਦੀ ਆਉਣ ਤੱਕ ਬਹੁਤ ਕੁਝ ਬਦਲ ਗਿਆ ਸੀ। ‘ਕਮਿਊਨਿਜ਼ਮ ਦੇ ਹਊਏ’ ਤੋਂ ਦੁਨੀਆਂ ਨੂੰ ਬਚਾਉਣ ਦੇ ਸਾਮਰਾਜੀ ਨਾਹਰੇ ਦਾ ਅਧਾਰ ਖਤਮ ਹੋ ਗਿਆ ਸੀ। ਹੁਣ ਦੁਨੀਆਂ ਨੂੰ ਲੁੱਟਣ ਲਈ ਨਵੇਂ ਬਹਾਨੇ ਦੀ ਲੋੜ ਸੀ। 1976 ਵਿੱਚ ਚੀਨ ਵਿੱਚ ਸਰਮਾਏਦਾਰੀ ਦੀ ਮੁੜਬਹਾਲੀ ਨਾਲ਼ ਮਜ਼ਦੂਰ ਜਮਾਤ ਦਾ ਆਖ਼ਰੀ ਕਿਲ ਵੀ ਮਜ਼ਦੂਰਾਂ ਹੱਥੋਂ ਖੁੱਸ ਚੁੱਕਾ ਸੀ। 90ਵਿਆਂ ਵਿੱਚ ਸੋਵੀਅਤ ਸੰਘ ਦੇ ਢਹਿ ਢੇਰੀ ਹੋਣ ਨਾਲ਼ ਅਖੌਤੀ ਸਮਾਜਵਾਦੀ ਖੇਮਾ ਵੀ ਖਤਮ ਹੋ ਗਿਆ ਸੀ। ਠੰਢੀ ਜੰਗ ਦੇ ਦੌਰ ਵਿੱਚ ਦੁਨੀਆਂ ਵਿੱਚੋਂ ਅਤੇ ਖਾਸ ਕਰਕੇ ਅਫ਼ਗਾਨਿਸਤਾਨ ਵਿੱਚੋਂ ਰੂਸੀ ਪ੍ਰਭਾਵ ਨੂੰ ਖਤਮ ਕਰਨ ਲਈ ਵੱਡੀ ਪੱਧਰ ਤੇ ਦਹਿਸ਼ਤਗਰਦ ਜਥੇਬੰਦੀਆਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ। ਖਾਸ ਕਰਕੇ ਅਲ ਕਾਇਦਾ ਅਤੇ ਆਈ.ਐੱਸ.ਆਈ.ਐੱਸ. ਵਰਗੀਆਂ ਇਸਲਾਮਿਕ ਦਹਿਸ਼ਤਗਰਦ ਜਥੇਬੰਦੀਆਂ ਅਮਰੀਕਾ ਦੀ ਮਾਇੱਕ ਅਤੇ ਹਥਿਆਰਾਂ ਦੀ ਮਦਦ ਨਾਲ਼ ਮਜ਼ਬੂਤ ਹੋਈਆਂ। ਭਾਂਵੇਂ ਹਰ ਤਰਾਂ ਦੀ ਦਹਿਸ਼ਤਗਰਦੀ ਲੁਟੇਰੇ ਪ੍ਰਬੰਧਾਂ ਦੇ ਦਮਨ ਦੀ ਪ੍ਰਤੀਕਿਰਿਆ ਵਜੋਂ ਪੈਦਾ ਹੁੰਦੀ ਹੈ, ਪਰ ਜਿਸ ਇਸਲਾਮਿਕ ਦਹਿਸ਼ਤਗਰਦ ਜਥੇਬੰਦੀ ਦੀ ਅੱਜ-ਕੱਲ ਬਹੁਤ ਚਰਚਾ ਹੈ, ਇਹਨਾਂ ਦੇ ਪਾਲਣ ਪੋਸ਼ਣ ਅਤੇ ਵਧਣ ਫੁੱਲਣ ਵਿੱਚ ਅਮਰੀਕੀ ਸਰਮਾਏ ਦੀ ਮੁੱਖ ਭੂਮਿਕਾ ਹੈ। ਇਹਨਾਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਅਮਰੀਕਾ ਨੇਂ ਹੀ ਦਿੱਤੀ ਸੀ। 2001 ਦੇ ਸਾਲ ਵਿੱਚ ਨਿਊਯਾਰਕ ਦੇ ਸੰਸਾਰ ਵਪਾਰ ਕੇਂਦਰ ‘ਤੇ ਹਮਲੇ ਤੋਂ ਬਾਅਦ ਜਿਹੜਾ 9/11 ਦੇ ਹਮਲੇ ਵਜੋਂ ਪ੍ਰਸਿੱਧ ਹੈ ਸਾਮਰਾਜੀ ਸੰਸਾਰ ਨੂੰ ਦੁਨੀਆਂ ਨੂੰ ਲੁੱਟਣ ਅਤੇ ਸਰਮਾਏ ਦੀ ਰਾਖੀ ਲਈ, ਨਵਾਂ ਬਹਾਨਾ ਘੜਨ ਦਾ ਮੌਕਾ ਮਿਲ਼ ਗਿਆ। ਕੁਝ ਸੂਤਰ ਤਾਂ ਇਹ ਵੀ ਇਸ਼ਾਰਾ ਕਰਦੇ ਹਨ ਕਿ ਇਹ ਹਮਲਾ ਅਮਰੀਕਾ ਦਾ ਆਪਣਾ ਹੀ ਕਾਰਨਾਮਾ ਸੀ। ਹੁਣ ਸੰਸਾਰ ਸਰਮਾਏ ਨੇਂ ਦੁਨੀਆਂ ਨੂੰ ਦਹਿਸ਼ਤਗਰਦੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਚੁੱਕਦੇ ਹੋਏ, ਦਹਿਸ਼ਤਗਰਦੀ ਵਿਰੋਧ ਦਾ ਪਵਿੱਤਰ ਜਾਮਾ ਪਾ ਲਿਆ। ਘੋਸ਼ਤ ਕੀਤਾ ਗਿਆ ਕਿ ਦੁਨੀਆਂ ਭਰ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਇੱਕਮਾਤਰ ਕਾਰਨ ਦਹਿਸ਼ਤਗਰਦੀ ਹੈ। ਸਰਮਾਏਦਾਰੀ ਪ੍ਰਬੰਧ ਦੇ ਕੁਕਰਮਾਂ ਨੂੰ ਲੁਕਾਉਣ ਲਈ ਸਾਰਾ ਸਰਮਾਏਦਾਰਾ ਮੀਡੀਆ ਅਤੇ ਸਰਮਾਏਦਾਰਾ ਬੁੱਧੀਜੀਵੀ ਇਸ ਗੁਮਰਾਹਕੁੰਨ ਮੁਹਿੰਮ ਦਾ ਹਿੱਸਾ ਬਣ ਗਏ। ਹਕੀਕਤ ਵਿੱਚ ਦਹਿਸ਼ਤਗਰਦੀ ਸਰਮਾਏਦਾਰੀ ਦੀ ਹੀ ਪੈਦਾਵਾਰ ਹੈ। ਇਹ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ। ਦਹਿਸ਼ਤਗਰਦੀ ਵਿਰੁੱਧ ਮੁਹਿੰਮ ਦੇ ਨਾਂ ‘ਤੇ ਦੁਨੀਆਂ ਭਰ ਵਿੱਚ ਸਰਮਾਏ ਦੇ ਹਿੱਤਾਂ ਲਈ ਫੌਜੀ ਕਾਰਵਾਈਆਂ ਕਰਨ ਲਈ ਤਰਕ ਹਾਸਲ ਕਰ ਲਿਆ ਗਿਆ ਸੀ।

2013 ਵਿੱਚ ਅਮਰੀਕਾ ਦੀ ਸਪੈਸ਼ਲ ਓਪਰੇਸ਼ਨ ਕਮਾਂਡ ਦੇ ਇੱਕ ਅਧਿਕਾਰੀ ਨੇਂ ਖੁਲਾਸਾ ਕੀਤਾ ਕਿ ਉਸ ਵੇਲ਼ੇ ਤੱਕ 134 ਦੇਸ਼ਾਂ ਵਿੱਚ ਅਮਰੀਕੀ ਫੌਜੀ ਦਸਤੇ ਤਾਇਨਾਤ ਹਨ। ਆਂਕੜਿਆਂ ਦੀ ਇਸ ਗਿਣਤੀ ਮਿਣਤੀ ‘ਚ ਨਾਂ ਪੈਂਦੇ ਹੋਏ ਇੱਕ ਹੋਰ ਵਿਸ਼ੇਸ਼ ਤਬਦੀਲੀ ਦਾ ਜ਼ਿਕਰ ਜਰੂਰੀ ਹੈ। ਸੰਸਾਰੀਕਰਨ ਦੇ ਇਸ ਦੌਰ ਵਿੱਚ ਦੁਨੀਆਂ ਭਰ ਵਿੱਚ ਸਰਮਾਏ ਦੀ ਬਰਾਮਦ ਵਿੱਚ ਵਾਧਾ ਹੋਇਆ ਹੈ। ਵੱਡੀਆਂ ਸਰਮਾਏਦਾਰ ਬਹੁ ਕੌਮੀ ਕਾਰਪੋਰੇਸ਼ਨਾਂ ਦਾ ਸਰਮਾਇਆ ਸੰਸਾਰ ਪੱਧਰ ‘ਤੇ ਲੱਗਾ ਹੋਇਆ ਹੈ। ਇਸ ਲਈ ਉਸ ਦੀ ਰਾਖੀ ਲਈ ਵੀ ਸੰਸਾਰ ਵਿਆਪੀ ਜਾਲ ਵਿਛਾਉਂਣ ਦੀ ਜਰੂਰਤ ਹੈ। ਸੰਸਾਰ ਪੱਧਰ ਤੇ ਹਥਿਅਰਬੰਦ ਫੌਜੀ ਦਸਤਿਆਂ ਦੀ ਤਾਇਨਾਤੀ ਵਿੱਚ ਲਗਾਤਾਰ ਵਾਧਾ ਇਸੇ ਜਰੂਰਤ ‘ਚੋਂ ਪੈਂਦਾ ਹੋਇਆ ਹੈ। 2011 ਦੇ ਅਰਬ ਦੇਸ਼ਾਂ ਦੇ ਜਨਤਕ ਵਿਦਰੋਹ ਸਮੇਂ ਸਾਮਰਾਜੀ ਸਾਜਸ਼ਾਂ ਅਤੇ ਫੌਜੀ ਦਖ਼ਲ-ਅੰਦਾਜੀ ਸਾਮਰਾਜੀ ਸਰਮਾਏ ਦੇ ਹਿੱਤਾਂ ਲਈ ਕੀਤੀ ਕਾਰਵਾਈ ਦੀ ਇੱਕ ਮਿਸਾਲ ਹੈ। ਇਸ ਸਮੇਂ ਅਫ਼ਰੀਕੀ ਮਹਾਂਦੀਪ ਵਿੱਚ ਇਹਨਾਂ ਦੇ ਜੰਗੀ ਮਨਸੂਬਿਆਂ ਨੇ ਸੁਡਾਨ ਵਰਗੇ ਦੇਸ਼ਾਂ ਨੂੰ ਅਕਾਲ ਤੇ ਭੁੱਖਮਰੀ ਵਿੱਚ ਧੱਕ ਦਿੱਤਾ ਹੈ। ਸਰਮਾਏਦਾਰਾਂ ਲਈ ਸਰਮਾਏ ਦੇ ਮੁਕਾਬਲੇ ਮਨੁੱਖੀ ਜ਼ਿੰਦਗੀ ਦੀ ਕੋਈ ਕੀਮਤ ਨਹੀ। ਇਰਾਕ ਅਤੇ ਸੀਰੀਆ ਵਿੱਚ ਮਨੁੱਖੀ ਕਤਲੇਆਮ ਹੁਣ ਖ਼ਬਰ ਬਣਨੋਂ ਵੀ ਹਟਦਾ ਜਾ ਰਿਹਾ ਹੈ। ਨਵ-ਜੰਮੇਂ ਬੱਚੇ ਜੰਗ ਦੇ ਖੌਫ਼ ਵਿੱਚ ਪਲ ਰਹੇ ਹਨ। ਔਰਤਾਂ ਦੀ ਬੇਪੱਤੀ ਦੇ ਮਾਮਲੇ ਵਿੱਚ ਸਰਮਾਏਦਾਰੀ ਸੱਭਿਆਚਾਰ ਸ਼ਰਮਨਾਕ ਨਿਵਾਣਾਂ ਛੋਹ ਰਿਹਾ ਹੈ। ਸਿੱਧੀਆਂ ਫੌਜੀ ਕਾਰਵਾਈਆਂ ਤੋਂ ਬਿਨਾਂ ਸੀ.ਆਈ.ਏ. ਦੀਆਂ ਗੁਪਤ ਸਰਗਰਮੀਆਂ ਦਾ ਇੱਕ ਵੱਡਾ ਜਾਲ ਵਿਛਿਆ ਹੋਇਆ ਹੈ। ਸਾਡੇ ਗਵਾਂਢੀ ਦੇਸ਼ਾਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਡਰੋਨ ਹਮਲਿਆਂ ਨਾਲ਼ ਨਿਰਦੋਸ਼ ਲੋਕਾਂ ਦੀ ਮੌਤ ਆਮ ਵਰਤਾਰਾ ਬਣ ਗਿਆ ਹੈ। ਬਦਹਵਾਸ ਸਾਮਰਜਾ ਦੇ ਇਸ ਵਹਿਸ਼ੀ ਪਾਗਲਪਨ ਨੂੰ ਰੋਕਣ ਲਈ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਜੰਗ, ਦਹਿਸ਼ਤਗਰਦੀ ਅਤੇ ਸਰਮਾਏ ਦੇ ਹਿੱਤਾਂ ਦੇ ਇਸ ਗਠਜੋੜ ਨੂੰ ਸਮਝਣਾ ਹੋਵੇਗਾ। ਇਸ ਸੱਚ ਨੂੰ ਸਮਝਣਾਂ ਹੋਵੇਗਾ ਕਿ ਸਰਮਾਏ ਦੇ ਇਹਨਾਂ ਪਹਿਰੂਆਂ ਨੂੰ ਸ਼ਾਂਤੀ ਦੀਆਂ ਅਪੀਲਾਂ ਨਾਲ਼ ਸਿਆਣੇ ਨਹੀਂ ਕੀਤਾ ਜਾ ਸਕਦਾ। ਸਰਮਾਏਦਾਰੀ ਪ੍ਰਬੰਧ ਨੂੰ ਕਾਇਮ ਰੱਖਦੇ ਹੋਏ ਜੰਗਾਂ-ਯੁੱਧਾਂ ਦਾ ਖਾਤਮਾਂ ਸੰਭਵ ਨਹੀਂ। ਜੰਗ ਅਤੇ ਸਰਮਾਏਦਾਰੀ ਪ੍ਰਬੰਧ ਇੱਕ ਦੂਜੇ ਦੇ ਪੂਰਕ ਹਨ। ਸਰਮਾਏਦਾਰੀ ਢਾਂਚੇ ਨੂੰ ਖਤਮ ਕਰਕੇ ਹੀ, ਮਨੁੱਖਜਾਤੀ ਲਈ ਸਦੀਵੀ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ।

ਅਸਲ ਵਿੱਚ ਜੰਗ ਨਿੱਜੀ ਜਾਇਦਾਦ ਅਤੇ ਜਮਾਤੀ ਸਮਾਜ ਦੀ ਪੈਦਾਵਾਰ ਹੈ। ਕਾਮਰੇਡ ਮਾਓ ਲਿਖਦੇ ਹਨ, “ਵਿਰੋਧਤਾਈਆਂ ਦੇ ਹੱਲ ਲਈ, ਜੰਗ ਸੰਘਰਸ਼ ਦਾ ਉੱਚਤਮ ਰੂਪ ਹੈ, ਜਦੋਂ ਵਿਰੋਧਤਾਈਆਂ, ਜਮਾਤਾਂ, ਕੌਮਾਂ, ਰਾਜਾਂ ਜਾਂ ਸਿਆਸੀ ਸਮੂਹ ਵਿੱਚ, ਇੱਕ ਹੱਦ ਤੱਕ ਪਹੁੰਚ ਜਾਂਦੀਆਂ ਹਨ। ਇਹ ਨਿੱਜੀ ਜਾਇਦਾਦ ਤੇ ਜਮਾਤਾਂ ਦੀ ਉਤਪੱਤੀ ਦੇ ਸਮੇਂ ਤੋਂ ਹੋਂਦ ਵਿੱਚ ਹੈ।”

ਜੰਗ ਦਾ ਸ੍ਰੋਤ ਮਨੁੱਖੀ ਸੁਭਾਅ ਵਿੱਚ ਨਹੀਂ ਸਗੋਂ ਜਮਾਤੀ ਸਮਾਜ ਵਿੱਚ ਮੌਜੂਦ ਹੈ। ਇਤਿਹਾਸ ਦਾ ਪਦਾਰਥਵਾਦੀ ਨਜ਼ਰੀਆ, “ਸਾਰੀਆਂ ਇਤਿਹਾਸਿਕ ਘਟਨਾਂਵਾਂ ‘ਤੇ ਵਿਚਾਰ, ਸਾਰੀ ਸਿਆਸਤ, ਦਰਸ਼ਨ ਅਤੇ ਧਰਮ ਦੀ ਵਿਚਾਰ ਅਧੀਨ ਦੌਰ ਦੀਆਂ ਜ਼ਿੰਦਗੀ ਦੀਆਂ ਬਾਹਰਮੁਖੀ ਆਰਥਕ ਹਾਲਤਾਂ ਅਨੁਸਾਰ ਵਿਆਖਿਆ ਕਰਦਾ ਹੈ।”(ਏੰਗਲਜ਼)।

ਇਸ ਲਈ ਵਰਤਮਾਨ ਦੌਰ ਦੇ ਜੰਗੀ ਮਹੌਲ ਨੂੰ ਕਿਸੇ ਨੈਤਿਕਤਾ ਦੇ ਪੈਮਾਨੇ ਨਾਲ਼ ਨਹੀਂ ਸਮਝਿਆ ਜਾ ਸਕਦਾ। ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਦੇ ਅਧਾਰ ‘ਤੇ ਉੱਸਰੇ ਆਰਥਕ ਢਾਂਚੇ ਦੇ ਉੱਪਰ ਹੀ, ਉੱਚ ਉਸਾਰ ਦੇ ਰੂਪ ਵਿੱਚ ਸਾਰੀ ਸਿਆਸਤ, ਧਰਮ ਅਤੇ ਸੱਭਿਆਚਾਰ ਦਾ ਨਿਰਮਾਣ ਹੁੰਦਾ ਹੈ। ਮਾਰਕਸਵਾਦ ਅਨੁਸਾਰ ਸਿਆਸਤ ਆਰਥਿਕਤਾ ਦਾ ਹੀ ਸੰਘਣਾ ਇਜਹਾਰ ਹੁੰਦੀ ਹੈ। ਅੱਗੋਂ ਵਿਰੋਧਤਾਈਆਂ ਦੇ ਹੱਲ ਲਈ ਜੰਗ ਸਿਆਸਤ ਦਾ ਵਿਸਥਾਰ ਹੈ। ਇਸ ਲਈ ਜੇ ਅਸੀਂ ਜੰਗ ਦੇ ਕਾਰਨਾਂ ਦੀ ਜਾਂਚ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਰਥਕ ਅਧਾਰ ਜਮਾਤੀ ਵਿਰੋਧਤਾਈਆਂ ਅਤੇ ਸਿਆਸੀ ਸਬੰਧਾਂ ਦੇ ਵਿਸ਼ਲੇਸ਼ਣ ਤੋਂ ਸ਼ੁਰੂ ਕਰਨਾ ਪਏਗਾ। ਜੰਗ ਦੇ ਅਧਿਐਨ ਦਾ ਇਹੋ ਹੀ ਇੱਕੋ-ਇੱਕ ਭਰੋਸੇਯੋਗ ਢੰਗ ਹੈ। ਜਮਾਤੀ ਸਮਾਜ ਦੇ ਇਤਿਹਾਸ ਦੇ ਨਾਲ਼-ਨਾਲ਼ ਜੰਗਾਂ ਦਾ ਵੀ ਆਪਣਾ ਇਤਿਹਾਸ ਹੈ। ਅੱਜ ਦਾ ਸਮਾਂ ਸਾਮਰਾਜ, ਇਜਾਰੇਦਾਰਾ ਸਰਮਾਏਦਾਰੀ ਦਾ ਯੁੱਗ ਹੈ। ਇਸ ਦਾ ਮੁੱਖ ਸਰੋਕਾਰ ਵੱਧ ਤੋਂ ਵੱਧ ਮੁਨਾਫਿਆਂ ਲਈ ਸੰਸਾਰ ਪੱਧਰ ਤੇ ਆਰਥਕ ਗੁਲਾਮੀ ਥੋਪਣਾ ਹੈ। ਅੱਜ ਲਗਭਗ ਸਾਰੇ ਦੇਸ਼ਾਂ ਦੇ ਸਰਮਾਏਦਾਰ ਹਾਕਮ ਸੰਸਾਰ ਸਰਮਾਏਦਾਰੀ ਨਾਲ਼ ਰਲ ਕੇ ਦੁਨੀਆਂ ਭਰ ਦੇ ਮਜ਼ਦੂਰਾਂ ਦੀ ਲੁੱਟ ਕਰ ਰਹੇ ਹਨ। ਲੁੱਟ ਦੇ ਇਸ ਮਨੁੱਖ ਦੋਖੀ ਪ੍ਰਬੰਧ ਨੂੰ ਹਥਿਆਰਾਂ ਦੇ ਜੋਰ ਨਾਲ਼ ਹੀ ਕਾਇਮ ਰੱਖਿਆ ਜਾ ਸਕਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਰਮਾਏਦਾਰਾ ਢਾਂਚਾ ਹੀ ਹੈ ਜਿਹੜਾ ਯੰਗਾਂ ਯੁੱਧਾਂ ਦਾ ਮੁੱਖ ਸ੍ਰੋਤ ਹੈ। ਜੰਗ ਕਿਰਤੀ ਲੋਕਾਂ ਲਈ ਬੇਸ਼ੁਮਾਰ ਮੁਸੀਬਤਾਂ ਲੈ ਕੇ ਆਉਂਦੀ ਹੈ। ਕੀ ਸਾਨੂੰ ਇਸ ਦੇ ਵਿਰੋਧ ਵਿੱਚ ਨਿਰਪੇਖ ਸ਼ਾਂਤੀ ਲਈ ਲਾਮਬੰਦੀ ਕਰਨੀ ਚਾਹੀਦੀ ਹੈ? ਇਸ ਤਰਾਂ ਦੀਆਂ ਸ਼ਾਂਤੀ ਲਹਿਰਾਂ ਦਾ ਹਾਕਮਾਂ ‘ਤੇ  ਕੋਈ ਅਸਰ ਨਹੀਂ ਹੋਵੇਗਾ। ਉਹ ਸਰਮਾਏਦਾਰੀ ਵਿਕਾਸ ਦੀਆਂ ਜਰੂਰਤਾਂ ਲਈ ਲੋੜੀਂਦੀ ਸ਼ਾਂਤੀ ਤੋਂ ਅੱਗੇ ਨਹੀਂ ਵਧ ਸਕਦੇ। ਜੰਗ ਅਤੇ ਜੰਗੀ ਖਬਤ ਦਾ ਵਿਰੋਧ ਨਿਰਪੇਖ ਸ਼ਾਂਤੀ ਨਹੀਂ ਹੋ ਸਕਦਾ। ਜਮਾਤੀ ਸਮਾਜ ਦੇ ਪੈਦਾ ਹੋਣ ਦੇ ਸਮੇਂ ਤੋਂ ਹੀ ਲੋਕਾਂ ‘ਤੇ ਥੋਪੀ ਜਾਣ ਵਾਲ਼ੀ ਨਿਹੱਕੀ ਜੰਗ ਦਾ ਲੁੱਟੇ ਪੁੱਟੇ ਜਾ ਰਹੇ ਲੋਕਾਂ ਵੱਲੋਂ ਹੱਕੀ ਜੰਗ ਦੇ ਰੂਪ ਵਿੱਚ ਵਿਰੋਧ ਹੁੰਦਾ ਰਿਹਾ ਹੈ। ਅਜੋਕੇ ਸਮੇਂ ਵਿੱਚ ਸੰਸਾਰ ਪੱਧਰ ‘ਤੇ ਥੋਪੀਆਂ ਜਾ ਰਹੀਆਂ ਸਾਮਰਾਜੀ ਜੰਗਾਂ ਦੇ ਵਿਰੋਧ ਵਿੱਚ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਸਾਹਮਣੇ ਹੱਕੀ ਜੰਗ, ਭਾਵ ਇਸ ਪ੍ਰਬੰਧ ਨੂੰ ਬਦਲਣ ਦੀ ਲੜਾਈ ਦਾ ਸਵਾਲ, ਮੁੱਖ ਸਵਾਲ ਬਣ ਗਿਆ ਹੈ। ਸੱਚੇ ਅਰਥਾਂ ਵਿੱਚ ਸਾਮਰਾਜੀ ਜੰਗ ਦਾ ਮੁਕਾਬਲਾ ਕਰਨ ਦੀ ਲੜਾਈ ਆਪੋ ਆਪਣੇ ਦੇਸ਼ਾਂ ਵਿੱਚ ਸਰਮਾਏਦਾਰੀ ਪ੍ਰਬੰਧ ਵਿਰੁੱਧ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦੇ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਦਾ ਹੀ ਇੱਕ ਅੰਗ ਹੈ।
 
– 20-4-2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements