ਸੰਸਾਰ ਸਰਮਾਏਦਾਰੀ ਦਾ ਡੂੰਘਾ ਹੋ ਰਿਹਾ ਆਰਥਿਕ ਸੰਕਟ •ਡਾ. ਸੁਖਦੇਵ ਹੁੰਦਲ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਮਹੀਨੇ ‘ਇਕਨਾਮਿਕ ਟਾਈਮਜ਼ ਵਿੱਚ ਛਪੇ ਇੱਕ ਲੇਖ ਵਿੱਚ, ”ਕੀ ਡੌਇਚ ਬੈਂਕ ਅਗਲੇ ਵਿੱਤੀ ਸੰਕਟ ਦੀ ਘੰਟੀ ਹੈ?” ਨੇ ਇੱਕ ਵਾਰ ਫਿਰ ਇਹ ਸੰਕੇਤ ਦਿੱਤਾ ਹੈ ਕਿ ਵਿਸ਼ਵ ਸਰਮਾਏਦਾਰੀ ਦਾ ਢਾਂਚਾਗਤ ਸੰਕਟ, ਸੰਭਲਣ ਦੀ ਥਾਂ, ਲਗਾਤਾਰ ਡੂੰਘਾ ਹੋ ਰਿਹਾ ਹੈ।  ਆਪਣੀ ਬਿਰਧ ਅਵਸਥਾ ਵਿੱਚ ਮੌਤ ਨਾਲ਼ ਜੂਝ ਰਹੇ ਮਰੀਜ਼ ਨੂੰ ਲਗਾਤਾਰ ਪੈਣ ਵਾਲ਼ੇ ਦੌਰਿਆਂ ਵਾਂਗ, ਹਰ ਵਾਰ, ਇਹ ਹੋਰ ਕਮਜ਼ੋਰ ਹੋ ਜਾਂਦਾ ਹੈ। ਇਸ ਬੁੱਢੇ ਬੀਮਾਰ ਢਾਂਚੇ ਨੂੰ ਜਿਉਂਦਾ ਰੱਖਣ ਦੀ ਕੀਮਤ, ਮਨੁੱਖਤਾ ਕਿੰਨਾ ਕੁ ਚਿਰ ਝੱਲ ਸਕੇਗੀ? ਪਹਿਲਾਂ ਇਸ ਸਬੰਧੀ ਇਸ ਪ੍ਰਬੰਧ ਦੇ ਰਾਖੇ ਕੀ ਕਹਿੰਦੇ ਹਨ, ਉਹਨਾਂ ਦੇ ਮੂੰਹੋਂ ਹੀ ਸੁਣਦੇ ਹਾਂ। ਉੱਪਰ ਜ਼ਿਕਰ ਕੀਤੇ ਲੇਖ ਵਿੱਚ ਲਿਖਿਆ ਹੈ, ”ਆਪਣੀ ਰਿਪੋਰਟ ਵਿੱਚ ਆਈ. ਐਮ. ਐਫ. ਅਰਥ ਸ਼ਾਸਤਰੀ ਤਰਕ ਕਰਦੇ ਹਨ ਕਿ ਯੂਰੋਪੀ ਬੈਂਕਾਂ ਦੀ ਸਮੱਸਿਆ ਡੂੰਘੀ ਢਾਂਚਾਗਤ ਸਮੱਸਿਆ ਹੈ, ਸਰਮਾਏ ਦਾ ਨੀਵੇਂ ਪੱਧਰ ਦਾ ਜ਼ਹਿਰੀਲਾ ਉਬਾਲ, ਗੜਬੜ ਗ੍ਰਸਤ ਕਰਜੇ ਤੇ ਕਾਰੋਬਾਰੀ ਮਾਡਲ, ਜਿਹੜਾ ਘੱਟਦੀਆਂ ਵਿਆਜ ਦਰਾਂ ਅਤੇ ਨੀਵੇਂ ਵਾਧੇ ਦੇ ਇਸ ਦੌਰ ਵਿੱਚ ਹੁਣ ਹੋਰ ਮੁਨਾਫਾ ਨਹੀਂ ਦੇ ਰਿਹਾ।”

ਸਰਮਾਏਦਾਰੀ ਦਾ ਇੱਕੋ ਇੱਕ ਮਕਸਦ ਹੈ, ਮੁਨਾਫਾ, ਹੋਰ ਮੁਨਾਫਾ। ਇਹ ਸਰਮਾਏਦਾਰਾਂ ਦਾ ਪ੍ਰੇਰਨਾ ਸਰੋਤ ਵੀ ਹੈ ਅਤੇ ਜਿਉਂਦੇ ਰਹਿਣ ਦੀ ਸ਼ਰਤ ਵੀ ਹੈ। ਵਾਰ ਵਾਰ ਆਉਣ ਵਾਲ਼ੇ ਆਰਥਿਕ ਸੰਕਟ, ਸਰਮਾਏਦਾਰੀ ਨੂੰ ਜਿਉਂਦਾ ਰੱਖਣ ਵਾਲ਼ੀ ਆਕਸੀਜ਼ਨ (ਮੁਨਾਫੇ) ‘ਤੇ ਸੱਟ ਮਾਰਦੇ ਹਨ ਜਿਸ ਨਾਲ਼ ਉਹਨਾਂ ਦਾ ਸਾਹ ਘੁੱਟਿਆ ਜਾਂਦਾ ਹੈ। ਨਿਰਾਸ਼ਾ ਤੇ ਘਬਰਾਹਟ ਦੀ ਇਸ ਹਾਲਤ ਵਿੱਚ, ਉਹ ਹੋਰ ਖੂੰਖਾਰ ਤੇ ਹਮਲਾਵਰ ਹੋ ਜਾਂਦੇ ਹਨ। ਜਿੱਥੇ ਇੱਕ ਪਾਸੇ ਉਹ ਮਜ਼ਦੂਰਾਂ ਅਤੇ ਆਮ ਲੋਕਾਂ ਲਈ ਬੇਪਨਾਹ ਮੁਸੀਬਤਾਂ ਲੈ ਕੇ ਆਉਂਦੇ ਹਨ ਉੱਥੇ ਉਹ ਆਪਸ ਵਿੱਚ ਵੀ ਖਹਿਬੜਨ ਲੱਗ ਪੈਂਦੇ ਹਨ। ਇਸ ਵੇਲੇ ਦਾ ਜੰਗੀ ਪਾਗਲਪਣ ਦਾ ਮਾਹੌਲ ਅਤੇ ਵੱਖ ਵੱਖ ਸਾਮਰਾਜੀ ਧਿਰਾਂ ਦੇ ਖਹਿਭੇੜ ਨੂੰ, ਵਰਤਮਾਨ ਆਰਥਿਕ ਮੰਦੀ ਦੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ। ਦੱਖਣੀ ਚੀਨ ਸਾਗਰ ਵਿਚਲਾ ਵਿਵਾਦ ਅਰਬ ਦੇਸ਼ਾਂ ਖਾਸ ਕਰਕੇ ਸੀਰੀਆ ਤੇ ਇਰਾਕੀ ਖਿੱਤੇ ਵਿੱਚ ਅਮਰੀਕੀ ਤੇ ਰੂਸੀ ਫੌਜੀ ਦਖਲ, ਇਸ ਦੀਆਂ ਮੁੱਖ ਮਿਸਾਲਾਂ ਹਨ। ਵੈਸੇ ਬਰਤਾਨੀਆ ਵਿੱਚ ਬ੍ਰੀਐਗਜ਼ਿਟ ਵਰਤਾਰਾ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਸੱਜੇ ਪੱਖੀ ਉਭਾਰ ਦੇ ਰੂਪ ਵਿੱਚ ‘ਟਰੰਪ’ ਦੀ ਆਮਦ ਯੂਰੋਪ ਦਾ ਆਰਥਿਕ ਸੰਕਟ, ਭਾਰਤੀ ਉਪ ਮਹਾਂਦੀਪ ਵਿੱਚ ਪੈਦਾ ਹੋ ਰਿਹਾ ਜੰਗੀ ਉਨਮਾਦ, ਸੰਸਾਰ ਸਰਮਾਏਦਾਰੀ ਸੰਕਟ ਦੇ ਹੀ ਲੱਛਣ ਹਨ।

ਇਹ ਸੰਕਟ ਕੀ ਹਨ? ਕੀ ਇਹ ਹਮੇਸ਼ਾਂ ਰਹੇ ਹਨ? ਕੀ ਇਹਨਾਂ ਦਾ ਕੋਈ ਇਲਾਜ ਨਹੀਂ? ਹਰੇਕ ਸੰਕਟ ਸਮੇਂ ਇਹ ਸਵਾਲ ਉਠ ਖੜਦੇ ਹਨ। 18ਵੀਂ, 19ਵੀਂ ਸਦੀ ਵਿੱਚ, ਬੁਰਜੂਆ ਇਨਕਲਾਬਾਂ ਰਾਹੀਂ ਸਦੀਆਂ ਪੁਰਾਣੇ ਖੜੋਤ ਮਾਰੇ, ਜਗੀਰਦਾਰੀ ਪ੍ਰਬੰਧਾਂ ਨੂੰ ਨਵੀਂ ਉਭਰ ਰਹੀ ਸਰਮਾਏਦਾਰ ਜਮਾਤ ਨੇ ਤਬਾਹ ਕਰ ਦਿੱਤਾ। ਮਨੁੱਖੀ ਸਮਾਜ ਦੇ ਇਤਿਹਾਸ ਵਿੱਚ ਇਹ ਇੱਕ ਬਹੁਤ ਵੱਡੀ ਛਾਲ ਸੀ। ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਨਾਹਰੇ ਹੇਠ ਕਿਸਾਨਾਂ, ਮਜ਼ਦੂਰਾਂ ਦਸਤਕਾਰਾਂ ਤੇ ਹੋਰ ਕਿਰਤੀ ਲੋਕਾਂ ਦੀ ਮਦਦ ਨਾਲ਼ ਸਰਮਾਏਦਾਰੀ ਨੇ ਜਗੀਰਦਾਰੀ ਪ੍ਰਬੰਧਾਂ ਦਾ ਭੋਗ ਪਾਉਣ ਦਾ ਸਿਲਸਿਲਾ ਅਰੰਭ ਦਿੱਤਾ। ਜਿਸ ਨੇ ਅਗਲੇ ਦੌਰਾਂ ਵਿੱਚ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਸਾਰੇ ਇਨਕਲਾਬ ਤੇ ਸਰਮਾਏਦਾਰੀ ਦੀ ਸਾਰੇ ਸੰਸਾਰ ਤੇ ਜਿੱਤ, ਵੱਖ ਵੱਖ ਦੇਸ਼ਾਂ ਵਿੱਚ ਕਿਵੇਂ ਸਿਰੇ ਚੜ੍ਹੀ, ਇਹ ਇੱਕ ਵਖਰਾ ਵਿਸ਼ਾ ਹੈ। ਪਰੰਤੂ ਸਰਮਾਏਦਾਰੀ ਆਪਣੇ ਜਨਮ ਕਾਲ ਤੋਂ ਇੱਕ ਐਸੀ ਵਿਰੋਧਤਾਈ ਲੈ ਕੇ ਪੈਦਾ ਹੋਈ, ਜਿਸਨੇ ਇਸ ਦੀ ਮੌਤ ਦੇ ਅਮਲ ਨੂੰ, ਨਾਲ਼ ਹੀ ਸ਼ੁਰੂ ਕਰ ਦਿੱਤਾ। ਆਰਥਿਕ ਸ਼ਬਦਾਵਲੀ ਵਿੱਚ ਕਹੀਏ ਤਾਂ ਪੈਦਾਵਾਰ ਦੀ ਵਿਧੀ ਸਮਾਜਕ ਹੋ ਗਈ, ਪਰੰਤੂ ਮਾਲਕੀ ਨਿੱਜੀ ਸੀ। ਆਪਣੇ ਪੈਦਾਵਾਰ ਦੇ ਅਮਲ ਦੌਰਾਨ ਹੀ, ਸਰਮਾਏਦਾਰੀ ਪ੍ਰਬੰਧ ਦਾ ਮੁੱਖ ਲੱਛਣ ਇਹ ਸੀ ਕਿ ਇੱਕ ਪਾਸੇ ਸਰਮਾਏ ਦੇ ਅੰਬਾਰ (ਸਰਮਾਏ ਦਾ ਇੱਕਤਰੀਕਰਨ) ਅਤੇ ਦੂਜੇ ਪਾਸੇ ਕੰਗਾਲੀ ਦਾ ਸਮੁੰਦਰ। ਸਰਮਾਏਦਾਰ ਦੇ ਮੁਨਾਫੇ ਦੀ ਬੁਨਿਆਦੀ ਸ਼ਰਤ, ਮਜ਼ਦੂਰ ਦੀ ਵਾਫਰ ਕਦਰ ਦੀ ਲੁੱਟ ਹੈ। ਸਰਮਾਏਦਾਰੀ ਨੇ, ਜਗੀਰਦਾਰੀ ਦੇ ਖਾਤਮੇ ਨਾਲ਼ ਮਨੁੱਖੀ ਵਿਕਾਸ ਨੂੰ ਬੇਹਦ ਤੇਜ਼ ਕਰਨ ਦਾ ਇਤਿਹਾਸਕ ਕੰਮ ਵੀ ਕੀਤਾ ਹੈ। ਇਸ ਵਿੱਚ ਮਜ਼ਦੂਰ ਜਮਾਤ ਨੂੰ ਕੀ ਹਾਸਲ ਹੋਇਆ? ਸਦੀਆਂ ਤੋਂ ਗੁਲਾਮਾਂ ਵਾਲ਼ੀ ਜ਼ਿੰਦਗੀ ਜੀਅ ਰਹੇ, ਭੂ-ਦਾਸ, ਕਿਸਾਨ, ਦਸਤਕਾਰ ਤੇ ਹੋਰ ਕਿਰਤੀ ਲੋਕਾਂ ਨੇ, ਵਿਅਕਤੀਗਤ ਮਾਲਕਾਂ ਤੋਂ ਮੁਕਤੀ ਹਾਸਲ ਕੀਤੀ। ਪਰੰਤੂ ਇਸ ਆਜ਼ਾਦੀ ਦੀ ਕੀਮਤ, ਸਮੁੱਚੀ ਸਰਮਾਏਦਾਰ ਜਮਾਤ ਦੀ ਗੁਲਾਮੀ ਦੇ ਰੂਪ ਵਿੱਚ ਤਾਰਨੀ ਪਈ। ਪੁਰਾਤਨ ਸਮੇਂ ਦਾ ਕਿਰਤੀ ਗੁਲਾਮ, ਦਸਤਕਾਰ ਤੋਂ ਕਿਸਾਨ, ਆਧੁਨਿਕ ਯੁੱਗ ਵਿੱਚ ਉਜਰਤੀ-ਗੁਲਾਮ ਦੇ ਰੂਪ ਵਿੱਚ, ਸਰਮਾਏਦਾਰੀ ਪ੍ਰਬੰਧ ਦੀ ਚਾਲਕ ਸ਼ਕਤੀ ਹੈ। ਸਰਮਾਏਦਾਰੀ ਨੇ ਜਿੱਥੇ ਆਧੁਨਿਕ ਕੌਮੀ ਰਾਜਾਂ ਨੂੰ ਪੈਦਾ ਕੀਤਾ। ਉੱਥੇ ਆਪਣੇ ਵਿਸਥਾਰ ਨਾਲ਼ ਇਸਨੇ ਕੌਮੀ ਵਲਗਣਾਂ ਨੂੰ ਤੋੜਿਆ ਵੀ। ਕੱਚੇ ਮਾਲ ਅਤੇ ਸਸਤੀ ਕਿਰਤ ਦੀ ਮੰਗ, ਤਿਆਰ ਮਾਲ ਨੂੰ ਵੇਚਣ ਦੀ ਜ਼ਰੂਰਤ ਨੇ, ਦੁਨੀਆਂ ਦੇ ਪੱਛੜੇ ਖਿੱਤਿਆਂ ਨੂੰ ਗੁਲਾਮ ਬਣਾਕੇ, ਬਸਤੀਆਂ, ਅਰਧ-ਬਸਤੀਆਂ ਅਤੇ ਨਵ ਬਸਤੀਆਂ ਬਣਾਉਣ ਦੇ ਰਾਹ ਪਾਇਆ। ਨਤੀਜੇ ਵਜੋਂ ਕੌਮੀ ਮੁਕਤੀ ਲਹਿਰਾਂ ਉੱਠੀਆਂ। ਇਹਨਾਂ ਲਹਿਰਾਂ ਦਾ ਆਪਣਾ ਇੱਕ ਸ਼ਾਨਦਾਰ ਇਤਿਹਾਸ ਹੈ। ਇਹ ਉਹ ਸਮਾਂ ਸੀ ਜਦੋਂ ਸੰਸਾਰ ਸਰਮਾਏਦਾਰੀ ਆਪਣੇ ਜਨਮ ਕਾਲ ਵੇਲੇ ਦੇ, ਆਜ਼ਾਦ ਮੁਕਾਬਲੇ ਵਾਲ਼ੇ ਕਲਾਸੀਕੀ ਦੌਰ ਨੂੰ ਪਾਰ ਕਰਦੇ ਹੋਏ, ਸਰਮਾਏ ਦੀ ਇਜਾਰੇਦਾਰੀ ਯਾਨੀ ਕਿ ਸਾਮਰਾਜੀ ਦੌਰ ਵਿੱਚ ਦਾਖਲ ਹੋ ਰਹੀ ਸੀ। ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਅਤੇ ਪਹਿਲੇ ਸਫਲ ਸਮਾਜਵਾਦੀ ਇਨਕਲਾਬ ਦੇ ਆਗੂ ਕਾਮਰੇਡ ਲੈਨਿਨ ਨੇ ”ਸਾਮਰਾਜ, ਸਰਮਾਏਦਾਰੀ ਦਾ ਅੰਤਮ ਪੜਾਅ” ਨਾਂ ਦੇ ਕਿਤਾਬਚੇ ਵਿੱਚ, ਇਸ ਵਰਤਾਰੇ ਦੀ ਵਿਆਖਿਆ ਕੀਤੀ ਹੈ।

ਜਿਵੇਂ ਕਿ ਅਸੀਂ ਸ਼ੁਰੂ ਵਿੱਚ ਹੀ ਲਿਖਿਆ ਹੈ ਕਿ ਸਰਮਾਏਦਾਰਾਂ ਦੇ ਪੈਦਾਵਾਰ ਕਰਨ ਦਾ ਉਦੇਸ਼ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਨਹੀਂ ਸਗੋਂ ਮੁਨਾਫਾ ਹੁੰਦਾ ਹੈ। ਸਰਮਾਏਦਾਰਾ ਪੈਦਾਵਾਰੀ ਵਿਧੀ, ਮੁਨਾਫੇ ਦੀ ਝਾਕ ਵਿੱਚ ਵੱਧ ਪੈਦਾਵਾਰ ਕਰ ਲੈਂਦੀ ਹੈ, ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋਣ ਕਰਕੇ, ਪੈਦਾ ਕੀਤਾ ਮਾਲ, ਵੇਚਣ ਖੁਣੋਂ ਰਹਿ ਜਾਂਦਾ ਹੈ। ਜੇ ਉਹ ਪੈਦਾਵਾਰ ਤੇ ਕਟੌਤੀ ਕਰਦੀ ਹੈ ਤਾਂ ਮਜ਼ਦੂਰਾਂ ਦੀ ਛਾਂਟੀ ਅਤੇ ਕਾਰਖਾਨਿਆਂ ਦੀ ਤਾਲਾਬੰਦੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਨਤੀਜੇ ਵਜੋਂ ਲੋਕਾਂ ਦੀ ਜੇਬ ‘ਤੇ ਹੋਰ ਕਟੌਤੀ ਲਾਗੂ ਹੋ ਜਾਂਦੀ ਹੈ, ਖਰੀਦ ਸ਼ਕਤੀ ਹੋਰ ਘਟ ਜਾਂਦੀ ਹੈ। ਖਰੀਦ ਸ਼ਕਤੀ ਹੋਰ ਘਟ ਜਾਂਦੀ ਹੈ। ਇਥੇ ਆਰਥਿਕ ਮੰਦੀ ਦੇ ਗੁੰਝਲਦਾਰ ਵਰਤਾਰੇ ਨੂੰ, ਸਮਝਣ ਦੇ ਮਕਸਦ ਨਾਲ਼ ਸਰਲ ਰੂਪ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਡੀ ਵਿੱਚ ਤਿਆਰ ਮਾਲ ਦੇ ਖਰੀਦਾਰ ਹੋਰ ਘਟਣ ਨਾਲ਼ ਇੱਕ ਸੰਕਟ ਖੜਾ ਹੋ ਜਾਂਦਾ ਹੈ। ਜਿਸ ਨੂੰ ਵਾਧੂ ਪੈਦਾਵਾਰ ਦਾ ਸੰਕਟ ਕਿਹਾ ਜਾਂਦਾ ਹੈ। ਇਸ ਕਿਸਮ ਦੀ ਮੰਦੀ, ਸਿਰਫ ਸਰਮਾਏਦਾਰੀ ਦਾ ਹੀ ਵਿਸ਼ੇਸ਼ ਲੱਛਣ ਹੈ। ਇਹ ਮੰਦੀ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਲਈ ਵੱਡੀਆਂ ਮੁਸੀਬਤਾਂ ਲੈ ਕੇ ਆਉਂਦੀ ਹੈ। ਸਾਮਰਾਜੀ ਸਰਮਾਏਦਾਰੀ ਪ੍ਰਬੰਧ, ਪਹਿਲੇ ਸਮਿਆਂ ਵਿੱਚ, ਬਸਤੀਆਂ ਤੇ ਨਵ-ਬਸਤੀਆਂ ਦੀ ਲੁੱਟ ਆਸਰੇ, ਆਪਣੇ ਸੰਕਟਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ, ਬਸਤੀਆਂ ਦੀ ਲੁੱਟ ਤੇ ਕਬਜ਼ਿਆਂ ਦੀ ਦੌੜ ਵਿੱਚ, ਮਨੁੱਖ ਜਾਤੀ ਤੇ ਜੰਗਾਂ ਵੀ ਥੋਪਦੇ ਰਹੇ ਹਨ। ਪਹਿਲੀ ਤੇ ਦੂਜੀ ਸੰਸਾਰ ਜੰਗ, ਸਰਮਾਏਦਾਰੀ ਮੰਦੀ ਦਾ ਹੀ ਨਤੀਜਾ ਸਨ।

ਦੂਜੇ ਪਾਸੇ ਮਜ਼ਦੂਰ ਜਮਾਤ ਦੀਆਂ ਇਤਿਹਾਸਕ ਪਹਿਲ ਕਦਮੀਆਂ ਦਾ ਵੀ ਆਪਣਾ ਇਤਿਹਾਸ ਹੈ। 1871 ਵਿੱਚ ‘ਪੈਰਿਸ ਕਮਿਊਨ’ ਦੇ ਨਾਂ ‘ਤੇ 72 ਦਿਨ ਲਈ ਪੈਰਿਸ ਵਿੱਚ ਮਜ਼ਦੂਰਾਂ ਦਾ ਰਾਜ ਕਾਇਮ ਕਰਕੇ, ਸਰਮਾਏਦਾਰੀ ਪ੍ਰਬੰਧ ਨੂੰ ਪਹਿਲੀ ਵੰਗਾਰ ਦਿੱਤੀ। 20ਵੀਂ ਸਦੀ ਕਿਰਤ ਅਤੇ ਸਰਮਾਏ ਦੇ ਮਹਾਂ ਸੰਗ੍ਰਾਮ ਦੀ ਸਦੀ ਵੀ ਹੈ। 1917 ਦਾ ਮਹਾਨ ਅਕਤੂਬਰ ਇਨਕਲਾਬ, 1949 ਦਾ ਚੀਨੀ ਇਨਕਲਾਬ ਅਤੇ ਇਨਕਲਾਬਾਂ ਦੇ ਇਸ ਸਿਲਸਿਲੇ ਨੇ ਇੱਕ ਤਿਹਾਈ ਧਰਤੀ ‘ਤੇ ਮਜ਼ਦੂਰਾਂ ਦਾ ਲਾਲ ਝੰਡਾ ਲਹਿਰਾ ਦਿੱਤਾ। ਪਰੰਤੂ ਇਹ ਵੀ ਇੱਕ ਹਕੀਕਤ ਹੈ ਕਿ 1956 ਵਿੱਚ ਸੋਵੀਅਤ ਸੰਘ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਤੋਂ ਸ਼ੁਰੂ ਹੋ ਕੇ ਪਿਛਲੀ ਸਦੀ ਦੇ 7ਵੇਂ ਦਹਾਕੇ ਤੱਕ, ਕਾਮਰੇਡ ਮਾਓ ਦੀ ਮੌਤ ਤੋਂ ਬਾਅਦ, ਮਜ਼ਦੂਰਾਂ ਤੇ ਸਰਮਾਏਦਾਰਾਂ ਦੇ ਇਸ ਇਤਿਹਾਸਕ ਸੰਘਰਸ਼ ਵਿੱਚ ਸਰਮਾਏਦਾਰਾਂ ਦੀਆਂ ਵਕਤੀ ਜਿੱਤ ਹੋਈ ਹੈ। 20ਵੀਂ ਸਦੀ ਦਾ ਮਜ਼ਦੂਰ ਜਮਾਤ ਦਾ ਇਹ ਮਹਾਨ ਪ੍ਰਯੋਗ, ਭਵਿੱਖ ਦੇ ਮਜ਼ਦੂਰ ਇਨਕਲਾਬਾਂ ਲਈ, ਸ਼ਾਨਦਾਰ ਤੇ ਕੀਮਤੀ ਸਬਕ ਛੱਡ ਗਿਆ।

ਇਸ ਤੋਂ ਬਾਅਦ ਦੇ ਦੌਰ ਦੀ ਵਿਸ਼ੇਸ਼ਤਾ ਹੈ ਕਿ ਹੁਣ ਬਸਤੀਵਾਦ ਤੋਂ ਨਵ-ਬਸਤੀਵਾਦ ਦਾ ਦੌਰ ਬੀਤ ਚੁੱਕਾ ਹੈ। ਅੱਜ ਸਾਰਾ ਸੰਸਾਰ ਸਰਮਾਏਦਾਰੀ ਦੇ ਤਰਕ ਨਾਲ਼ ਚਲ ਰਿਹਾ ਹੈ। ਸੰਸਾਰ ਸਰਮਾਏਦਾਰੀ ਦੀ ਜਿੱਤ ਦਾ ਜਸ਼ਨ 21ਵੀਂ ਸਦੀ ਚੜ੍ਹਦਿਆਂ ਤੱਕ, ਵੱਡੇ ਆਰਥਿਕ ਸੰਕਟਾਂ ਦੀ ਆਮਦ ਨਾਲ਼ ਸੋਗ ਵਿੱਚ ਬਦਲ ਗਿਆ ਹੈ। ਇਸ ਇਤਿਹਾਸਕ ਪਿਛੋਕੜ ਵਿੱਚ ਅਸੀਂ ਸਰਮਾਏਦਾਰੀ ਸੰਕਟਾਂ ਦੇ ਪੈਦਾ ਹੋਣ ਅਤੇ ਵਕਤੀ ਤੌਰ ‘ਤੇ ਹੱਲ ਹੋਣ ਨੂੰ ਸਮਝ ਸਕਦੇ ਹਾਂ।

ਇਸ ਸਦੀ ਦੀ ਪਹਿਲੀ ਮਹਾਂ ਮੰਦੀ 1929 ਵਿੱਚ ਸ਼ੁਰੂ ਹੋਈ। ਐਡਮ ਸਮਿੱਥ ਤੇ ਰਿਕਾਰਡੋ ਦੇ ਸਿਧਾਂਤਾਂ ਵਾਲ਼ੀ ਕਲਾਸੀਕਲ ਉਦਾਰ ਸਰਮਾਏਦਾਰੀ ਨੂੰ ਸੰਕਟ ‘ਚੋਂ ਕੱਢਣ ਲਈ, ਸਰਮਾਏਦਾਰਾਂ ਦਾ ਇੱਕ ਵੱਡਾ ਨੀਮ ਹਕੀਮ ਕੀਨਜ਼ ਸਾਮ੍ਹਣੇ ਆਇਆ। ਉਦਾਰ ਆਰਿਥਿਕਤਾ ਜਿਸ ਵਿੱਚ ਰਾਜ ਦਾ ਆਰਥਿਕ ਮਾਮਲਿਆਂ ਵਿੱਚ ਸਿੱਧਾ ਦਖਲ ਨਾ ਹੋਵੇ, ਦਾ ਯੁੱਗ ਬੀਤ ਚੁੱਕਾ ਸੀ। ਕੀਨਜ਼ ਨੇ ਇਸ ਗੱਲ ਨੂੰ ਸਮਝਦੇ ਹੋਏ, ਕਲਿਆਣਕਾਰੀ ਰਾਜ ਦਾ ਸਿਧਾਂਤ ਸਾਮ੍ਹਣੇ ਲਿਆਂਦਾ। ਸਰਮਾਏਦਾਰੀ ਨੂੰ ਸੰਕਟ ਵਿੱਚੋਂ ਕੱਢਣ ਦਾ ਜਿੰਮਾ ਰਾਜ ਨੇ ਸੰਭਾਲਿਆ। ਸਮਾਜਕ ਸੁਰੱਖਿਆ ਦੇ ਨਾਂ ਤੇ ਲੋਕਾਂ ਨੂੰ ਕੁੱਝ ਸਹੂਲਤਾਂ ਦਿੱਤੀਆਂ। ਇੱਕ ਪਾਸੇ ਸਮਾਜਵਾਦੀ ਇਨਕਲਾਬਾਂ ਦਾ ਖਤਰਾ ਸਾਮ੍ਹਣੇ ਸੀ, ਦੂਜੇ ਪਾਸੇ ਲੋਕ ਲਹਿਰਾਂ ਅਤੇ ਮਜ਼ਦੂਰ ਲਹਿਰਾਂ ਦੇ ਦਬਾਅ ਕਾਰਨ, ਲੋਕਾਂ ਨੂੰ ਕੁੱਝ ਸਹੂਲਤਾਂ ਦੇ ਕੇ, ਸੰਕਟ ਨੂੰ ਟਾਲਣਾ, ਸਰਮਾਏਦਾਰੀ ਪ੍ਰਬੰਧ ਦੀ ਅਣਸਰਦੀ ਲੋੜ ਸੀ। ਦੂਜੀ ਸੰਸਾਰ ਜੰਗ ਨਾਲ਼ ਹੋਈ ਤਬਾਹੀ ਤੇ ਫਿਰ ਮੁੜ ਉਸਾਰੀ ਦੇ ਅਮਲ ਨੇ ਵੀ ਪ੍ਰਬੰਧ ਨੂੰ ਗਤੀ ਦੇਣ ਵਿੱਚ ਮਦਦ ਕੀਤੀ। ਕੀਨਜ਼ ਦਾ ਇਹ ਸਿਧਾਂਤ, ਸਰਮਾਏਦਾਰੀ ਲਈ ਜੀਵਨਦਾਨ ਦੇ ਰੂਪ ਵਿੱਚ ਸਾਮ੍ਹਣੇ ਆਇਆ। ਸਰਮਾਏਦਾਰਾਂ ਨੇ ਇਸ ਦੌਰ ਨੂੰ, ਸੁਨਹਿਰੀ ਯੁੱਗ ਦੇ ਰੂਪ ਵਿੱਚ ਯਾਦ ਕੀਤਾ। ਪਰੰਤੂ 20ਵੀਂ ਸਦੀ ਦੀ ਆਖਰੀ ਚੌਥਾਈ ਤੱਕ ਪਹੁੰਚਦਿਆਂ, ਰਾਜ ਦੇ ਕੰਟਰੋਲ ਵਾਲ਼ੀ ਆਰਥਿਕਤਾ ਦੀਆਂ ਸੰਭਾਵਨਾਵਾਂ ਸੰਤ੍ਰਿਪਤ ਹੋ ਗਈਆਂ। ਆਰਥਿਕ ਸੰਕਟ ਫਿਰ ਦਸਤਕ ਦੇਣ ਲੱਗੇ। ਜਿਵੇਂ ਕਿ ਹਰੇਕ ਮੰਦੀ ਸਮੇਂ ਵਾਪਰਦਾ ਹੈ, ਸਰਮਾਏਦਾਰਾਂ ਦੇ ਮੁਨਾਫੇ ਘਟਣ ਲੱਗੇ। ‘ਕੀਨਜ਼’ ਵਾਲ਼ਾ ਪ੍ਰਬੰਧ ਕੰਮ ਛੱਡ ਗਿਆ ਸੀ। ਉਸ ਵਿੱਚ ਹੁਣ ਸਰਮਾਏਦਾਰੀ ਨੂੰ ਰਾਹਤ ਦਿਵਾ ਸਕਣ ਦੀ, ਕੋਈ ਵੀ ਗੁੰਜਾਇਸ਼ ਨਹੀਂ ਬਚੀ ਸੀ। ਇਹਨਾਂ ਸਾਮ੍ਹਣੇ ਇੱਕ ਹੀ ਬਦਲ ਬਚਿਆ ਸੀ, ਮਜ਼ਦੂਰਾਂ ਦੀ ਵਾਫਰ ਕਦਰ ਦੀ ਹੋਰ ਲੁੱਟ, ਲੋਕਾਂ ਨੂੰ ਦਿੱਤੀਆਂ ਸਮਾਜਕ ਸੁਰਖਿਆਵਾਂ ਵਿੱਚ ਕਟੌਤੀ। ਇਸ ਸਾਰੇ ਲਈ, ਉਹਨਾਂ ਨੂੰ ਢਾਂਚਾਗਤ ਤਬਦੀਲੀਆਂ ਦੀ ਲੋੜ ਸੀ ਜੋ ਵਿਸ਼ਵੀਕਰਨ, ਨਿੱਜੀਕਰਨ ਅਤੇ ਨਵਉਦਾਰੀਕਰਨ ਦੇ ਰੂਪ ਵਿੱਚ, ਅੱਜ ਸਾਡੇ ਸਾਮ੍ਹਣੇ ਹੈ। ਇਸ ਦਾ ਇੱਕ ਮੁੱਖ ਕੰਮ ਇਹ ਹੈ, ਲੋਕਾਂ ਅਤੇ ਖਾਸ ਕਰਕੇ ਮਜ਼ਦੂਰਾਂ ਦੇ ਜਮਹੂਰੀ ਹੱਕਾਂ ਨੂੰ ਸੀਮਤ ਕਰਨਾ। ਇਹ ਨਵ-ਉਦਾਰਵਾਦੀ ਆਰਥਿਕ ਮਾਡਲ, ਕੀਨਜ਼ਵਾਦੀ ਮਾਡਲ ਦੇ ਖੰਡਰਾਂ ‘ਤੇ ਖੜ੍ਹਾ ਕੀਤਾ ਗਿਆ ਹੈ। ਕਈ ਭੋਲੀਆਂ ਆਤਮਾਵਾਂ ਮੌਜੂਦਾ ਸੰਕਟ ਦੇ ਹੱਲ ਲਈ, ‘ਕੀਨਜ਼’ ਦੇ ਭੂਤ ਨੂੰ ਆਵਾਜ਼ਾਂ ਮਾਰ ਰਹੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਅਜੇ ਵੀ, ਸਾਡੇ ਵਿਦਵਾਨਾਂ ਵਿੱਚ, ਵਿਚਾਰਧਾਰਕ ਦੀਵਾਲੀਏਪਣ ਦੀ ਏਡੀ ਕਮੀ ਨਹੀਂ। ਇਸ ਨਵੇਂ ਨਵ-ਉਦਾਰਵਾਦੀ ਦੌਰ ਵਿੱਚ ਰਾਜ ਦਾ ਕੰਮ ਹੁਣ ਲੋਕਾਂ ਨੂੰ ਸਮਾਜਕ ਸੁਰੱਖਿਆ ਦੇਣ ਦੀ ਥਾਂ, ਲੋਕ ਰੋਹਾਂ ਨੂੰ ਦਬਾਉਣ ਲਈ, ਸਰਮਾਏਦਾਰਾਂ ਦੇ ਹਥਿਆਰਬੰਦ ਸੁਰੱਖਿਆ ਦਸਤਿਆਂ ਵਾਲ਼ਾ ਬਣ ਕੇ ਰਹਿ ਗਿਆ ਹੈ। ਤੀਜੀ ਦੁਨੀਆਂ ਦੇ ਆਜ਼ਾਦ ਦੇਸ਼ਾਂ ਦੀਆਂ ਸਰਮਾਏਦਾਰ ਜਮਾਤਾਂ, ਜਿਹਨਾਂ ਵਿੱਚੋਂ ਕਈਆਂ ਦਾ ਕੌਮੀ ਮੁਕਤੀ ਲਹਿਰਾਂ ਦਾ ਇਤਿਹਾਸ ਵੀ ਹੈ, ਵਿਸ਼ਵ ਸਾਮਰਾਜੀ ਸਰਮਾਏ ਦੇ ਛੋਟੇ ਭਿਆਲ ਬਣ ਕੇ ਰਹਿ ਗਏ ਹਨ।

ਨਵ-ਉਦਾਰੀਕਰਨ ਦੇ ਦੌਰ ਦਾ ਪਹਿਲਾ ਵੱਡਾ ਸੰਕਟ 2007 ਦੇ ਸਬ ਪ੍ਰਾਈਮ ਸੰਕਟ ਦੇ ਰੂਪ ਵਿੱਚ ਸਾਮ੍ਹਣੇ ਆਇਆ। ਲੇਹਮੈਨ ਬੈਂਕ ਦਾ ਫੇਲ ਹੋਣਾ ਅਤੇ ਹੋਰ ਆਰਥਿਕ ਸੰਸਥਾਵਾਂ ਦਾ ਪਤਨ, ਆਈ. ਐਮ. ਐਫ. ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ ਦਾ ਸੰਕਟ ਅਜੇ ਸੰਭਲਿਆ ਵੀ ਨਹੀਂ ਸੀ ਕਿ 2011-12 ਦਾ ਸੰਕਟ ਆ ਗਿਆ। ਪੁਰਾਣੀਆਂ ਆਰਥਿਕ ਸੰਸਥਾਵਾਂ ਦੇ ਪਤਨਗ੍ਰਸਤ ਹੋਣ ਦੇ ਅਮਲ ਨਾਲ਼ ਵੱਖ ਵੱਖ ਸਮਾਰਾਜੀ ਧਿਰਾਂ ਦੀਆਂ ਨਵੀਆਂ ਸੰਸਥਾਵਾਂ ਵੀ ਸਾਮ੍ਹਣੇ ਆ ਰਹੀਆਂ ਹਨ। ਬਰਿਕਸ ਵਰਗੇ ਸਮੂਹ ਆਪਣੀ ਵਖਰੀ ਆਰਥਿਕ ਯੁੱਧਨੀਤੀ ਰਾਹੀਂ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਰਥਿਕ ਖੇਤਰ ਦਾ ਘੋਲ, ਕਈ ਜਗ੍ਹਾ ਫ਼ੌਜੀ ਭੇੜ ਦੇ ਹਾਲਾਤ ਪੈਦਾ ਕਰ ਰਿਹਾ ਹੈ। ਇੱਕ ਪਾਸੇ ਜੇ ਸੰਸਾਰ ਸਰਮਾਏਦਾਰੀ ਦੇ ਚੌਧਰੀ ਅਮਰੀਕਾ ਦੀ ਚੌਧਰ ਖਤਰੇ ਵਿੱਚ ਹੈ ਤਾਂ ਦੂਜੇ ਪਾਸੇ ਪਿਛਲੇ ਸਾਲਾਂ ਵਿੱਚ, ਸੰਸਾਰ ਸਰਮਾਏਦਾਰੀ ਲਈ ਜੀਵਨਦਾਨ ਦੇ ਰੂਪ ਵਿੱਚ ਸਾਮ੍ਹਣੇ ਆਈ, ਚੀਨੀ ਆਰਥਿਕਤਾ ਵੀ ਭਾਰੀ ਸੰਕਟ ਵਿੱਚ ਫਸਦੀ ਨਜ਼ਰ ਆ ਰਹੀ ਹੈ।

2016 ਆਉਂਦਿਆਂ ਤੱਕ ਸੰਸਾਰ ਸਰਮਾਏਦਾਰੀ ਦੇ ਵੱਡੇ ਸਿਧਾਂਤਕਾਰ ਚਿੰਤਾ ‘ਚ ਪੈ ਗਏ ਹਨ। ਇਸ ਲੇਖ ਦੇ ਸ਼ੁਰੂ ਵਿੱਚ ਜਿਸ ਲੇਖ ਦਾ ਜ਼ਿਕਰ ਕੀਤਾ ਸੀ, ਉਸ ਵਿੱਚ ਹੀ ਅੱਗੇ ਲਿਖਿਆ ਹੈ ਕਿ ”ਇਸ ਸਾਲ ਜਰਮਨੀ ਦੇ ਵਿੱਤੀ ਸੈਕਟਰ ਦੀ ਰਿਪੋਰਟ ਤੇ ਆਈ. ਐੱਮ. ਐੱਫ਼. ਨੇ ਕਿਹਾ ਹੈ ਕਿ ਵਿਸ਼ਵ ਪ੍ਰਬੰਧ ਨੂੰ ਦਰਪੇਸ਼ ਖਤਰਿਆਂ ਦੇ ਮਾਮਲੇ ਵਿੱਚ ਡੌਇਚ ਬੈਂਕ ਇੱਕ ਬੇਹੱਦ ਜ਼ੋਖਮ ਭਰੇ ਰੂਪ ਵਿੱਚ ਸਾਮ੍ਹਣੇ ਆਇਆ ਹੈ, ਇੱਕ ਐਸੀ ਜਾਣਕਾਰੀ ਹੈ ਜਿਸਨੇ ਬੈਂਕ ਸਟਾਕ ਦੇ ਤੇਜ਼ੀ ਨਾਲ਼ ਡਿੱਗਣ ਨੂੰ ਗਤੀ ਦਿੱਤੀ।”

ਮੁਕਦੀ ਗੱਲ, ਪ੍ਰਬੰਧ ਦੇ ਕਰਤਾ ਧਰਤਾ, ਸੰਸਾਰ ਆਰਥਿਕਤਾ ਨੂੰ, ਲੀਹ ਤੋਂ ਉਤਰਦਾ ਵੇਖ ਰਹੇ ਹਨ। ਪਾਠਕਾਂ ਦੀ ਜਾਣਕਾਰੀ ਲਈ ਡੌਇਚ ਬੈਂਕ ਵਿਸ਼ਵ ਸਰਮਾਏਦਾਰਾ ਆਰਥਿਕਤਾ ਅਤੇ ਖਾਸ ਕਰਕੇ ਯੂਰੋਪੀ ਆਰਥਿਕਤਾ ਦਾ ਮਹਤਵਪੂਰਣ ਅਦਾਰਾ ਹੈ। ਬੇਸ਼ੱਕ ਸਰਮਾਏਦਾਰੀ ਦੇ ਸਾਰੇ ਅਦਾਰੇ ਸੰਕਟ ਵਿੱਚ ਹਨ, ਕਦੀ ਲੇਹ ਮੈਨ ਬੈਂਕ ਤੇ ਕਦੀ ਡੌਇਚ ਬੈਂਕ ਵਰਗੀਆਂ ਸੰਸਥਾਵਾਂ ਦੀ ਹਲਚਲ ਤਾਂ ਪੂਰੇ ਸਰਮਾਏਦਾਰੀ ਵਿੱਤੀ ਪ੍ਰਬੰਧ ਦੀ ਸੇਹਤ ਦੀਆਂ ਪ੍ਰਤੀਨਿਧ ਉਦਾਹਰਣਾਂ ਹਨ। ਇੱਕ ਹੋਰ ਅਰਥ ਸ਼ਾਸਤਰੀ ਟਾਇਲਰ ਡੁਰਡੇਨ ਲਿਖਦੇ ਹਨ, ”ਡੌਇਚ ਬੈਂਕ ਯੂਰੋਪੀ ਵਿੱਤੀ ਪ੍ਰਬੰਧ-ਕੇਂਦਰ ਦਾ ਦਰਜਾ ਰੱਖਦਾ ਹੈ। ਇਹ ਸਾਰੇ ਪ੍ਰਸੰਗਕ ਯੂਰੋਪੀ ਤੇ ਹੋਰ ਬੈਂਕਾਂ ਦਾ ਮੁੱਖ ਹਿੱਸੇਦਾਰ ਹੈ। ਹਾਲ ਦੀਆਂ ਸੰਭਾਵਤ ਮੁਕਦਮੇਬਾਜ਼ੀ ਦੀਆਂ ਰਿਪੋਰਟਾਂ ਪੂੰਜੀ ਦੇ ਸਰੋਕਾਰਾਂ ਨਾਲ਼ ਸਬੰਧਤ ਹਨ ਜਿਹਨਾਂ ਨੇ ਕੁੱਲ ਮਿਲਾ ਕੇ ਮੰਡੀ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ। ”ਸੰਕਟ” ਇੱਕ ਸਵਾਲ ਉਠਾਇਆ ਜਾਂਦਾ ਹੈ। ”ਕੀ ਵਿੱਤੀ ਸੰਕਟ ਦੇ ਮੁੜ ਪੈਦਾ ਹੋਣ ਦਾ ਖਤਰਾ ਹੈ?” ਅਤੇ ਯੂਰੋਪੀ ਬੈਂਕ, ਤਰਲਤਾ ਦੇ ਇਸ ਵਰਤਾਰੇ ਦਾ ਸਾਮ੍ਹਣਾ ਕਰ ਸਕਦੇ ਹਨ।” ਇਸ ਹਵਾਲੇ ਤੋਂ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੰਕਟ ਦੇ ਵਕਤੀ ਅਤੇ ਥੋੜ ਚਿਰੇ ਹੱਲ, ਜਿਵੇਂ ਬਹੁਤ ਛੇਤੀ ਬੇਕਾਰ ਹੋ ਜਾਂਦੇ ਹਨ, ਟਾਇਲਰ ਡਰਡੇਨ ਦੇ ਸ਼ਬਦਾਂ ਵਿੱਚ, ”ਡੌਇਚ ਬੈਂਕ ਨੂੰ ਵੱਡਾ ਖਤਰਾ ਇਸ ਦੇ ‘ਹੈੱਜ’ ਫੰਡ ਦੇ ਗਾਹਕੀ ਆਧਾਰ ਤੋਂ ਨਹੀਂ ਜਿਸਦੀ ਨੁਕਸਾਨ ਸਮਰੱਥਾ ਸੀਮਤ ਹੈ ਸਗੋਂ ਜਮਾਂ ਕਰਤਾਵਾਂ ਤੋਂ ਹੈ। ਅਤੇ ਜਦੋਂ ਲੇਹਮੈਨ ਬੈਂਕ ਫੇਲ ਹੋਇਆ ਸੀ, ਇਸ ਦਾ ਕਾਰਨ ਇਸਦੇ ਕਾਰਪੋਰੇਟ ਭਿਆਲ ਸਨ ਜਿਹਨਾਂ ਨੇ ਆਪਣੀ ਤਰਲਤਾ ਰੇਖਾ ਤੋਂ ਤੇਜੀ ਨਾਲ਼ ਬਾਹਰ ਹੁੰਦਿਆਂ ਹੋਇਆ, ਇਸਦਾ ਗਲਾ ਘੁੱਟਿਆ। ਲੇਹਮੈਨ ਇਸ ਅਮਲ ਵਿੱਚ ਖੁਸ਼ਕਿਸਮਤ ਸੀ ਕਿ ਉਸ ਦੇ ਪਰਚੂਨ ਜਮਾਂ ਕਰਤਾ ਨਹੀਂ ਸਨ ਜਿਹਨਾਂ ਕਰਕੇ ਇਸਦੀ ਮੌਤ ਤੇਜੀ ਨਾਲ਼ ਹੋ ਜਾਂਦੀ ਕਿਉਂਕਿ ਪੂੰਜੀ ਦੀ ਭਾਜੜ ਸੰਸਥਾਵਾਂ ਤਕ ਸੀਮਤ ਨਹੀਂ ਰਹਿੰਦੀ ਸਗੋਂ ਇਸ ਵਿੱਚ ਪਰਚੂਨ ਜਮ੍ਹਾਂ ਕਰਤਾਵਾਂ ਦਾ ਪੈਸੇ ਕਢਾਉਣਾ ਵੀ ਸ਼ਾਮਲ ਹੁੰਦਾ।”

ਇਸ ਹਵਾਲੇ ਵਿੱਚ ਬੈਂਕ ਦਾ ਗਲ਼ਾ ਘੁੱਟਣ ਵਾਲ਼ੀ ਗੱਲ ਦਾ ਮਤਲਬ ਇਹ ਹੈ ਕਿ ਗਾਹਕਾਂ ਨੇ ਜੋ ਪੈਸਾ ਜਮ੍ਹਾਂ ਕਰਾਇਆ ਸੀ, ਹੁਣ ਉਹ ਮੰਗ ਰਹੇ ਸਨ। ਬੈਂਕਾਂ ਵਿੱਚ ਪੈਸਾ ਘੱਟ ਸੀ। ਗਾਹਕਾਂ ਦੀ ਪੈਸੇ ਦੀ ਮੰਗ ਵੱਖ ਸੀ। ਜਿਸ ਕਰਕੇ ਬੈਂਕ ਦੀਵਾਲੀਆ ਹੋ ਗਿਆ।

ਡੌਇਚ ਬੈਂਕ ਦੀ ਘਟਨਾ, ਸੰਸਾਰ ਵਿਤੀ ਪ੍ਰਬੰਧ ਦੇ ਭਿਆਨਕ ਸੰਕਟਾਂ ਦਾ ਸੰਕੇਤ ਹੈ। ਇਹ ਕੀ ਸ਼ਕਲ ਅਖਤਿਆਰ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰੰਤੂ ਸੰਸਾਰ ਦੀ ਮਜ਼ਦੂਰ ਜਮਾਤ ਜੋ ਮਨੁੱਖ ਜਾਤੀ ਦੇ ਭਵਿੱਖ ਦੀ ਇੱਕ ਮਾਤਰ ਵਾਹਕ ਜਮਾਤ ਹੈ, ਇਸ ਦੀ ਰਾਜਨੀਤੀ ਤੇ ਸੰਘਰਸ਼ਾਂ ਦੀ ਦਿਸ਼ਾ ਤੇ ਦਸ਼ਾ ਤੇ ਬਹੁਤ ਕੁੱਝ ਨਿਰਭਰ ਹੈ। ਸਾਡੇ ਦੇਸ਼ ਅਤੇ ਦੁਨੀਆਂ ਭਰ ਦੇ ਨੌਜਵਾਨ ਅਤੇ ਬੁੱਧੀਜੀਵੀ ਜਿਹੜੇ ਮਜ਼ਦੂਰ ਜਮਾਤ ਦੀ ਧਿਰ ਨਾਲ਼ ਖੜੇ ਹਨ, ਉਹਨਾਂ ਲਈ ਜੜ੍ਹਤਾ ਨੂੰ ਤੋੜਦੇ ਹੋਏ ਹੁਣ ਗੰਭੀਰ ਚਿੰਤਨ ਮਨਨ ਦਾ ਸਮਾਂ ਵੀ ਹੈ। ਮਨੁੱਖਤਾ ਦਾ ਭਵਿੱਖ 21ਵੀਂ ਸਦੀ ਦੇ ਸਮਾਜਵਾਦੀ ਇਨਕਲਾਬਾਂ ਦੀ ਤਿਆਰੀ ਤੇ ਸਫਲਤਾ ‘ਤੇ ਨਿਰਭਰ ਹੈ।

ਲਲਕਾਰ ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements