ਸੰਸਾਰ ਪੱਧਰ ‘ਤੇ ਸੁਰੱਖਿਆ ਖ਼ਰਚ ਤੇ ਹਥਿਆਰਾਂ ਦੇ ਕਾਰੋਬਾਰ ‘ਚ ਹੈਰਾਨੀਜਨਕ ਵਾਧਾ •ਕੁਲਦੀਪ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਵਿੱਚ ਜਿੱਥੇ ਇੱਕ ਪਾਸੇ 102 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ, 50 ਲੱਖ ਬੱਚੇ ਹਰ ਸਾਲ ਕਪੋਸ਼ਣ ਨਾਲ਼ ਮਰਦੇ ਹਨ, 135 ਕਰੋੜ ਲੋਕ 1.25 ਡਾਲਰ ਪ੍ਰਤੀ ਦਿਨ ਨਾਲ਼ ਗੁਜਾਰਾ ਕਰਦੇ ਹਨ ਅਤੇ 300 ਕਰੋੜ ਤੋਂ ਵੱਧ (ਲਗਪਗ ਅੱਧੀ ਵਸੋਂ 2.50 ਡਾਲਰ ਨਾਲ਼ ਪ੍ਰਤੀ ਦਿਨ ਗੁਜ਼ਾਰਾ ਕਰਦੀ ਹੈ), ਹਰ ਦਿਨ ਸੰਸਾਰ ਵਿੱਚ 22,000 ਬੱਚੇ ਗ਼ਰੀਬੀ/ਭੁੱਖਮਰੀ ਕਰਕੇ ਮੌਤ ਦੇ ਮੂੰਹ ਜਾ ਪੈਂਦੇ ਹਨ, ਜਿੱਥੇ ਪ੍ਰਤੀ ਮਿੰਟ 15 ਬੱਚੇ ਮੌਤ ਦੇ ਮੂੰਹ ਚਲੇ ਜਾਂਦੇ ਹਨ, 86.3 ਕਰੋੜ ਲੋਕ ਗੰਦੀਆਂ ਬਸਤੀਆਂ ‘ਚ ਰਹਿੰਦੇ ਹਨ, 79.5 ਕਰੋੜ ਲੋਕਾਂ ਨੂੰ ਦੋ ਵਕਤ ਦਾ ਵੀ ਪੂਰਾ ਖਾਣਾ ਨਹੀਂ ਮਿਲ਼ਦਾ, 160 ਕਰੋੜ ਲੋਕ ਸੰਸਾਰ ਵਿੱਚ ਬੇਘਰੇ ਹਨ। ਪਰ ਅਜਿਹੇ ਮਾਹੌਲ ਵਿੱਚ ਵੀ ਅੱਜ ਦੇ ਨੀਰੋ ਹਥਿਆਰਾਂ ਦੇ ਕਰੋਬਾਰ ‘ਚੋਂ ਮੁਨਾਫ਼ੇ ਕਮਾਉਣ ‘ਚ ਮਸ਼ਰੂਫ਼ ਹਨ। ਹਰ ਦੇਸ਼ ਕਿਸੇ ਨਾ ਕਿਸੇ ਨਵੇਂ ਹਥਿਆਰ ਦਾ ਮਾਡਲ ਤਿਆਰ ਕਰਕੇ ਆਪਣੀ ਤਾਕਤ ਦਾ ਅੰਨੇ-ਕੌਮਵਾਦੀ ਗੁਣਗਾਨ ਕਰ ਰਿਹਾ ਹੈ। “ਇਹ ਹਥਿਆਰ ਦੀ ਕਾਢ ਨਾਲ਼ ਦੇਸ਼ ਹੋਰ ਮਜ਼ਬੂਤ ਹੋਇਆ”, “ਫਲਾਨੀ ਮਿਜ਼ਾਇਲ ਨੇ ਦੇਸ਼ ਦੀ ਸੁਰੱਖਿਆ ਮਜ਼ਬੂਤ ਕੀਤੀ”, “ਸਾਡਾ ਮੁਲਕ ਬਣਿਆ ਵੱਡੀ ਪਰਮਾਣੂ ਸ਼ਕਤੀ” ਆਦਿ ਜੁਮਲਿਆਂ ਦੇ ਰੂਪ ‘ਚ ਸੰਸਾਰ ਭਰ ਦੇ ਸਰਮਾਏਦਾਰ ਆਪਣੇ ਮੀਡੀਆ ਰਾਹੀਂ ਹਥਿਆਰਾਂ ਦੇ ਇਸ ਮਨੁੱਖ ਦੋਖੀ ਕਾਰੋਬਾਰ ਲਈ ਲੋਕਾਂ ‘ਚ ਜਿੱਥੇ ਆਮ ਸਹਿਮਤੀ ਬਣਾਉਂਦੇ ਹਨ ਉੱਥੇ ਅੰਨੇ-ਕੌਮਵਾਦ ਦਾ ਗੁਣਗਾਨ ਕਰਕੇ ਇਹਨਾਂ ਹਥਿਆਰਾਂ ਦੀ ਖਪਤ ਲਈ ਵੀ ਰਾਹ ਪੱਧਰੇ ਕਰ ਰਹੇ ਹਨ। ਜੇਕਰ ਅਮਰੀਕਾ “ਸਾਰੇ ਬੰਬਾਂ ਦੀ ਮਾਂ” ਬਣਾਉਂਦਾ ਹੈ ਤਾਂ ਰੂਸ “ਸਾਰੇ ਬੰਬਾਂ ਦਾ ਪਿਉ” ਤਿਆਰ ਕਰ ਦਿੰਦਾ ਹੈ। ਹਥਿਆਰਾਂ ਦਾ ਕਾਰੋਬਾਰ ਜੋ ਸੰਸਾਰ ਦੇ ਕੁਦਰਤੀ ਵਸੀਲਿਆਂ ਤੇ ਮਨੁੱਖੀ ਕਿਰਤ ਨੂੰ ਜਿੱਥੇ ਗ਼ੈਰ-ਪੈਦਾਕਾਰ ਪੈਦਾਵਾਰ ‘ਚ ਅਜਾਈਂ ਖਪਾ ਰਿਹਾ ਹੈ, ਉੱਥੇ ਜਦ ਇਹ ਹਥਿਆਰ ਵਰਤੇ ਜਾਂਦੇ ਹਨ ਤਾਂ ਲੱਖਾਂ ਭੋਲੇ-ਭਾਲੇ ਮਸੂਮ ਲੋਕਾਂ ਦਾ ਲਹੂ ਵਹਾਉਂਦੇ ਹਨ। ਦੋ ਸੰਸਾਰ ਜੰਗਾਂ ‘ਚ ਸੰਸਾਰ ਸਾਮਰਾਜੀਆਂ ਵੱਲੋਂ ਕਰੋੜਾਂ ਲੋਕਾਂ ਦਾ ਕਤਲ ਅਤੇ ਉਸ ਤੋਂ ਬਾਅਦ ਲਗਾਤਾਰ ਮੱਧ-ਪੂਰਬ ਸੀਰੀਆ, ਈਰਾਕ, ਅਫ਼ਗਾਨਿਸਤਾਨ, ਸੋਮਾਲਿਆ, ਯਮਨ ਆਦਿ ਦੇਸ਼ਾਂ ਵਿੱਚ ਜੋ ਲਹੂ ਦੀ ਹੋਲ਼ੀ ਸੰਸਾਰ ਸਾਮਰਾਜੀਆਂ ਦੁਆਰਾ ਖੇਡੀ ਜਾ ਰਹੀ ਹੈ, ਇਸਦੀਆਂ ਚੁਨਿੰਦਾ ਉਦਾਹਰਨਾਂ ਹਨ।

ਪਿਛਲੇ ਪੰਜ ਸਾਲਾਂ (2012-2016) ਦੌਰਾਨ ਸੰਸਾਰ ਪੱਧਰ ‘ਤੇ ਲਗਪਗ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਸੁਰੱਖਿਆ ਅਤੇ ਫ਼ੌਜੀ ਖ਼ਰਚ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਨਾਲ਼ ਹੀ ਆਲਮੀ ਪੱਧਰ ‘ਤੇ ਹਥਿਆਰਾਂ ਦਾ ਕਾਰੋਬਾਰ ਵੀ ਇਹਨਾਂ ਪੰਜ ਸਾਲਾਂ ਵਿੱਚ ਠੰਢੀ ਜੰਗ ਦੇ ਸਮੇਂ ਦੇ ਕਾਰੋਬਾਰ ਤੋਂ ਵੀ ਵੱਧ ਚੁੱਕਾ ਹੈ।

ਜੇਕਰ ਅਸੀਂ ਸੰਸਾਰ ਦੇ ਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਸੁਰੱਖਿਆ ‘ਤੇ ਵਧਦੇ ਖਰਚ ਨੂੰ ਦੇਖੀਏ ਤਾਂ ਇਹ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਵਧਿਆ ਹੈ। ਅਮਰੀਕਾ ਨੇ 2015 ਦੌਰਾਨ ਆਪਣੀ ਸੁਰੱਖਿਆ ਉੱਪਰ 59,600 ਕਰੋੜ ਅਮਰੀਕੀ ਡਾਲਰ ਖ਼ਰਚ ਕੀਤੇ ਹਨ ਜੋ ਕਿ ਕੁੱਲ ਘੇਰਲੂ ਉਤਪਾਦ (ਜੀਡੀਪੀ) ਦਾ 3.3 ਫੀਸਦੀ ਹੈ। ਪਰ ‘ਸੈਂਟਰ ਫਾਰ ਇੰਟਰਨੈਸ਼ਨਲ ਪਾਲਿਸੀ’ ਅਨੁਸਾਰ ਅਮਰੀਕਾ ਦੇ ਇਸ ਖ਼ਰਚ ‘ਚ ਪੈਂਟਾਗਨ ਦਾ “ਕਾਲ਼ਾ ਬਜਟ”, “ਕਾਂਟੀਜੈਂਸੀ”, ਈਰਾਕ, ਅਫ਼ਗਾਨਿਸਤਾਨ, ਸੀਰੀਆ ਜੰਗ ਆਦਿ ਦੇ ਖ਼ਰਚ ਜੋੜੇ ਜਾਣ ਤਾਂ ਇਹ ਇੱਕ ਟ੍ਰਿਲੀਅਨ (ਯਾਨੀ 10,000 ਕਰੋੜ ਡਾਲਰ) ਬਣਦਾ ਹੈ। ਚੀਨ 21,500 ਕਰੋੜ ਡਾਲਰ ਖ਼ਰਚ ਕੇ ਦੂਜੇ ਨੰਬਰ ‘ਤੇ ਹੈ, ਜੋ ਉਸਦੀ ਜੀਡੀਪੀ ਦਾ 1.9% ਹੈ। ਸਾਊਦੀ ਅਰਬ 8,720 ਕਰੋੜ ਡਾਲਰ, ਰੂਸ 6,640 ਕਰੋੜ ਡਾਲਰ ਅਤੇ ਯੂਕੇ 5,550 ਕਰੋੜ ਡਾਲਰ ਖ਼ਰਚ ਕੇ ਤੀਜੇ, ਚੌਥੇ ਅਤੇ ਪੰਜਵੇਂ ਨੰਬਰ ‘ਤੇ ਹਨ। ਭਾਰਤ 5,360 ਕਰੋੜ ਡਾਲਰ ਖ਼ਰਚ ਕੇ ਮਿਲਟਰੀ ਖ਼ਰਚ ਕਰਨ ਵਿੱਚ ਸੰਸਾਰ ‘ਚੋਂ ਛੇਵੇਂ ਸਥਾਨ ‘ਤੇ ਹੈ ਜਦ ਕਿ ਮਨੁੱਖੀ ਵਿਕਾਸ ‘ਚ ਭਾਰਤ ਦੀ ਥਾਂ 186 ਦੇਸ਼ਾਂ ਵਿੱਚੋਂ 136ਵੀਂ ਹੈ। ਭਾਰਤ ਆਪਣੀ ਕੁੱਲ ਘੇਰਲੂ ਪੈਦਾਵਾਰ ਦਾ 2.3 ਫੀਸਦੀ ਸੁਰੱਖਿਆ ‘ਤੇ ਖਰਚ ਕਰਦਾ ਹੈ, ਜਦ ਕਿ 2015 ਵਿੱਚ ਹੀ ਭਾਰਤ ਨੇ ਜੀਡੀਪੀ ਦਾ 1.3 ਪ੍ਰਤੀਸ਼ਤ ਸਿਹਤ ‘ਤੇ ਖਰਚਣਾ ਸੀ ਪਰ ਘਾਟੇ ਦਾ ਪਿੱਟ-ਸਿਆਪਾ ਕਰਕੇ ਉਸ ਤੋਂ ਵੀ 20 ਫੀਸਦੀ ਘੱਟ ਖਰਚਿਆ। ਸਿੱਖਿਆ ‘ਤੇ 2% ਸੀ ਪਰ ਸਰਕਾਰੀ ਵਿੱਦਿਅਕ ਅਦਾਰਿਆਂ ਦੀ ਹਾਲਤ ਦੇਖ ਕੇ ਇਸ ਖ਼ਰਚ ਦਾ ਵੀ ਅੰਦਾਜ਼ਾ ਅਸੀਂ ਲਾ ਸਕਦੇ ਹਾਂ। 2015-16 ਦੇ ਬਜਟ ਦੌਰਾਨ ਸਰਕਾਰ ਨੇ ਸਿਹਤ ਅਤੇ ਸਿੱਖਿਆ ‘ਤੇ ਹੋਣ ਵਾਲ਼ੇ ਖ਼ਰਚ ਵਿੱਚ ਕ੍ਰਮਵਾਰ 15% ਤੇ 16% ਕਟੌਤੀ ਕੀਤੀ ਹੈ। ਇਸੇ ਤਰਾਂ ਭਾਰਤ ਦਾ ਸੁਰੱਖਿਆ ਖ਼ਰਚ ਫਰਾਂਸ, ਜਪਾਨ, ਜਰਮਨੀ, ਸਾਊਥ ਕੋਰੀਆ, ਬਰਾਜ਼ੀਲ, ਆਸਟ੍ਰੇਲੀਆ, ਕਨੇਡਾ ਆਦਿ ਵਰਗੇ ਦੇਸ਼ਾਂ ਤੋਂ ਵੀ ਵੱਧ ਹੈ। ਇਹਨਾਂ ਸਾਰੇ ਦੇਸ਼ਾਂ ਸਮੇਤ ਸੰਸਾਰ ਦੇ ਕੁੱਲ ਦੇਸ਼ਾਂ ਨੇ ਸੁਰੱਖਿਆ ਅਤੇ ਫ਼ੌਜੀ ਸਾਜੋ-ਸਮਾਨ ‘ਤੇ 1,67,500 ਕਰੋੜ ਡਾਲਰ ਯਾਨੀ ਕਿ ਸੰਸਾਰ ਜੀਡੀਪੀ ਦਾ 2.3 ਪ੍ਰਤੀਸ਼ਤ ਖ਼ਰਚ ਕੀਤਾ ਜੋ ਕਿ 2014 ਦੇ ਮੁਕਾਬਲੇ 1% ਵੱਧ ਹੈ।

ਜਦਕਿ ਸੰਸਾਰ ਪੱਧਰ ‘ਤੇ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ‘ਤੇ ਸੰਸਾਰ ਜੀਡੀਪੀ ਦਾ ਮਹਿਜ਼ 0.47 ਪ੍ਰਤੀਸ਼ਤ ਹੀ ਖ਼ਰਚ ਹੁੰਦਾ ਹੈ। ਪਿਛਲੇ 10 ਸਾਲਾਂ ਦੌਰਾਨ ਜੇਕਰ ਸੁਰੱਖਿਆ ਅਤੇ ਜੰਗੀ ਸਮਾਨ ‘ਤੇ ਸੰਸਾਰ ਦੇ ਸਾਰੇ ਦੇਸ਼ਾਂ ਦਾ ਖ਼ਰਚ ਵਧਿਆ ਹੈ ਤਾਂ ਸਿਹਤ ਅਤੇ ਸਿੱਖਿਆ ਉੱਪਰ ਖ਼ਰਚ ਲਗਾਤਾਰ ਘਟਿਆ ਹੈ। ਇੱਥੋਂ ਅਸੀਂ ਇਸ ਪ੍ਰਬੰਧ ਦੇ ਲਗਾਤਾਰ ਮਨੁੱਖੀ ਦੋਖੀ ਹੁੰਦੇ ਜਾਣ ਦਾ ਅੰਦਾਜ਼ਾ ਲਾ ਸਕਦੇ ਹਾਂ।

ਯੂਐਨਓ ਅਨੁਸਾਰ ਜੇਕਰ 26,500 ਕਰੋੜ (ਇਕੱਲੇ ਅਮਰੀਕਾ ਦੇ 2015 ‘ਚ ਸੁਰੱਖਿਆ ਖ਼ਰਚ ਦਾ ਅੱਧੇ ਤੋਂ ਵੀ ਘੱਟ) ਪ੍ਰਤੀ ਸਾਲ ਖ਼ਰਚਿਆ ਜਾਵੇ ਤਾਂ ਗ਼ਰੀਬੀ ਤੇ ਭੁੱਖਮਰੀ ਸੰਸਾਰ ‘ਚੋਂ ਦੂਰ ਕੀਤੀ ਜਾ ਸਕਦੀ ਹੈ ਜੋ ਕਿ ਕੁੱਲ ਮਿਲਟਰੀ ਬਜਟ ਦਾ ਸਿਰਫ 13% ਬਣਦਾ ਹੈ। ਇਸੇ ਤਰਾਂ ਕੁੱਲ ਸੰਸਾਰ ਸੁਰੱਖਿਆ ਖ਼ਰਚ ਦਾ ਜੇਕਰ 12% ਸਿੱਖਿਆ ‘ਤੇ ਖ਼ਰਚ ਹੋਵੇ ਤਾਂ ਮੌਜੂਦਾ ਸਿੱਖਿਆ ਪ੍ਰਬੰਧ ‘ਚ ਸੁਧਾਰ ਕੀਤਾ ਜਾ ਸਕਦਾ ਹੈ। 4% ਖੁਰਾਕ ‘ਤੇ ਖ਼ਰਚ ਕੀਤਾ ਜਾਵੇ ਤਾਂ ਸਭ ਨੂੰ ਭੋਜਨ ਮਿਲ਼ ਸਕਦਾ ਹੈ। ਸੰਸਾਰ ਦੇ ਸਾਰੇ ਦੇਸ਼ਾਂ ਵੱਲੋਂ ਕੀਤੇ ਜਾਂਦੇ ਮਿਲਟਰੀ ਖ਼ਰਚ ਵਿੱਚੋਂ ਕੇਵਲ ਮੁੱਖ 20 ਦੇਸ਼ਾਂ ਦੇ ਮਿਲਟਰੀ ਖ਼ਰਚ ਨਾਲ਼ ਹੀ ਸੰਸਾਰ ਵਿੱਚ ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਸਭ ਲਈ ਘਰ ਆਦਿ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਪਰ ਇਸ ਮਨੁੱਖ ਦੋਖੀ ਪ੍ਰਬੰਧ ਵਿੱਚ ਸੰਸਾਰ ਸਰਮਾਏਦਾਰ ਆਪਣੇ ਮੁਨਾਫ਼ਿਆਂ ਬਾਰੇ ਹੀ ਸੋਚਦੇ ਹਨ ਅਤੇ ਉਹਨਾਂ ਦੀਆਂ ਮੈਨੇਜਿੰਗ ਕਮੇਟੀਆਂ ਯਾਨੀ ਸਰਕਾਰਾਂ ਵੀ ਉਹਨਾਂ ਦੇ ਮੁਨਾਫ਼ਿਆਂ ਨੂੰ ਹੀ ਧਿਆਣ ‘ਚ ਰੱਖ ਕੇ ਨੀਤੀਆਂ ਬਣਾਉਂਦੀਆਂ ਹਨ।

ਦੂਜਾ ਸੰਸਾਰ ਪੱਧਰ ‘ਤੇ ਹਥਿਆਰਾਂ ਦੇ ਕਾਰੋਬਾਰ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ‘ਦਿ ਗਾਰਡੀਅਨ’ ਅਨੁਸਾਰ ਸੰਸਾਰ ਪੱਧਰ ‘ਤੇ ਹਥਿਆਰਾਂ ਦਾ ਕਾਰੋਬਾਰ ਪਿਛਲੇ ਪੰਜ ਸਾਲਾਂ ਦੌਰਾਨ (2012-2016) ਦੁੱਗਣਾ ਵਧਿਆ ਹੈ ਜੋ 1990 ਦੇ ਠੰਢੀ ਜੰਗ ਦੇ ਸਾਲਾਂ ਦੇ ਖ਼ਰਚ ਨੂੰ ਵੀ ਪਾਰ ਕਰ ਚੁੱਕਾ ਹੈ। 2015 ਵਿੱਚ ਸੰਸਾਰ ‘ਚ ਹਥਿਆਰਾਂ ਅਤੇ ਫ਼ੌਜੀ ਸਾਜੋ-ਸਮਾਨ ਦਾ ਕਾਰੋਬਾਰ 37,070 ਕਰੋੜ ਡਾਲਰ ਸੀ। ਜਿਸ ਵਿੱਚ ਕਿ 20,970 ਕਰੋੜ ਡਾਲਰ ਯਾਨੀ 31% ਹਿੱਸਾ ਅਮਰੀਕੀ ਕੰਪਨੀਆਂ ਦਾ ਸੀ ਜਿਹਨਾਂ ਵਿੱਚ ਲੋਦੀਖ ਮਾਰਟੀਨ ਮੋਹਰੀ ਹੈ। ਇਸ ਤੋਂ ਬਿਨਾਂ ਬੋਇੰਗ, ਯੂਨਾਇਟਿਡ ਟੈਕਨੋਲੋਜੀਜ਼, ਜਨਰਲ ਡਾਇਨਾਮਿਕਸ, ਨੌਰਥਰੋਪ ਗਰੂਮਨ ਆਦਿ ਪ੍ਰਮੁੱਖ ਹਨ। ਦੂਜੇ ਨੰਬਰ ‘ਤੇ ਹਥਿਆਰਾਂ ਦੀਆਂ ਬਰਾਮਦਕਾਰ ਰੂਸੀ ਕੰਪਨੀਆਂ ਹਨ ਜਿਹਨਾਂ ਦਾ ਹਿੱਸਾ 27 ਫੀਸਦੀ ਹੈ। ਇਸ ਤੋਂ ਬਿਨਾਂ 2015 ‘ਚ ਚੀਨ, ਜਰਮਨੀ, ਫਰਾਂਸ ਦਾ ਹਥਿਆਰ ਬਰਾਮਦਾਂ ‘ਚ ਹਿੱਸਾ 5-5 ਫੀਸਦੀ ਅਤੇ ਯੂਕੇ ਦਾ 4 ਫੀਸਦੀ ਸੀ।

2015 ਵਿੱਚ ਸੰਸਾਰ ਦਾ ਸਭ ਤੋਂ ਵੱਡਾ ਹਥਿਆਰ ਦਰਾਮਦਕਾਰ ਭਾਰਤ ਸੀ ਅਤੇ ਹਾਲੇ ਵੀ ਹੈ। 2012-2016 ਦੌਰਾਨ ਸੰਸਾਰ ਹਥਿਆਰ ਦਰਾਮਦ ਵਿੱਚੋਂ ਭਾਰਤ ਦਾ ਹਿੱਸਾ 13% ਸੀ। ਦੂਜੇ ਨੰਬਰ ‘ਤੇ ਸਾਊਦੀ ਅਰਬ ਆਉਂਦਾ ਹੈ ਜਿਸਦੀ ਦਰਾਮਦ ਇਹਨਾਂ ਪੰਜ ਸਾਲਾਂ ਵਿੱਚ 212% ਵਧੀ ਹੈ। ਵੀਅਤਨਾਮ ਦੀ ਦਰਾਮਦ 202% ਵਧੀ ਹੈ। ਏਸ਼ੀਆ ਸੰਸਾਰ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਮੱਧ-ਪੂਰਬ ਵਿੱਚ ਹਥਿਆਰ ਖਰੀਦ 245% ਵਧਿਆ ਹੈ। ਚੀਨ 2007 ਤੱਕ ਵੱਡਾ ਦਰਾਮਦਕਾਰ ਸੀ ਪਰ ਉਸਨੇ ਆਪਣੀ ਘਰੇਲੂ ਸੱਨਅਤ ਦਾ ਵਿਕਾਸ ਕਰਕੇ ਹੁਣ ਸੰਸਾਰ ਦੇ ਵੱਡੇ ਹਥਿਆਰ ਬਰਾਮਦਕਾਰਾਂ ‘ਚ ਸ਼ਾਮਲ ਹੋ ਗਿਆ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਸਾਮਰਾਜੀ ਦੇਸ਼ ਕਿਉਂ ਹਥਿਆਰਾਂ ‘ਤੇ ਪਾਣੀ ਵਾਂਗ ਪੈਸਾ ਵਹਾਉਂਦੇ ਹਨ ਜਦ ਕਿ ਵੱਡੀ ਮਿਹਨਕਸ਼-ਗ਼ਰੀਬ ਵਸੋਂ ਨੂੰ ਸਿਹਤ, ਸਿੱਖਿਆ, ਭੋਜ਼ਨ, ਕੱਪੜਾ, ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਅਤੇ ਉਹ ਭੁੱਖਮਰੀ, ਕੁਪੋਸ਼ਣ ਅਤੇ ਕੰਗਾਲੀ ਦੀ ਜ਼ਿੰਦਗੀ ਜਿਉਂਣ ਲਈ ਮਜ਼ਬੂਰ ਹੈ? ਇਸਦਾ ਪ੍ਰਮੁੱਖ ਕਾਰਨ ਹੈ ਹਥਿਆਰਾਂ ਦੀ ਸੱਨਅਤ ਦਾ ਅਥਾਹ ਮੁਨਾਫ਼ੇ ਦਾ ਸ੍ਰੋਤ ਬਣ ਜਾਣਾ। ਕਿਉਂਕਿ ਹਰ ਤਰਾੰ ਦੀ ਸਰਮਾਏਦਾਰਾ ਪੈਦਾਵਾਰ ਦਾ ਮੁੱਖ ਅਤੇ ਇੱਕੋ ਇੱਕ ਉਦੇਸ਼ ਮੁਨਾਫ਼ਾ ਕਮਾਉਣਾ ਹੀ ਹੁੰਦਾ ਹੈ। ਜਿਸ ਚੀਜ਼ ‘ਚੋਂ ਸਰਮਾਏਦਾਰ ਨੂੰ ਮੁਨਾਫ਼ਾ ਹੁੰਦਾ ਹੈ, ਉਸ ਚੀਜ਼ ਦੀ ਪੈਦਾਵਾਰ ਉਹ ਕਰਦਾ ਹੈ, ਜਿੱਥੋਂ ਮੁਨਾਫ਼ਾ ਆਉਣਾ ਬੰਦ ਹੋ ਜਾਵੇ ਉਸਦੀ ਪੈਦਾਵਾਰ ਰੋਕ ਦਿੱਤੀ ਜਾਂਦੀ ਹੈ। ਹਥਿਆਰਾਂ ਦੇ ਕਾਰੋਬਾਰ ‘ਚੋਂ ਸੰਸਾਰ ਸਾਮਰਾਜੀ ਦੇਸ਼ਾਂ ਦੇ ਸਰਮਾਏਦਾਰਾਂ ਨੂੰ ਵੱਡੇ ਮੁਨਾਫ਼ੇ ਹੁੰਦੇ ਹਨ। ਐਵੇਂ ਨਹੀਂ ਕਿ ਅੱਜ ਹਥਿਆਰਾਂ ਦੀ ਸੱਨਅਤ ਸਭ ਤੋਂ ਵੱਡੀ ਸੱਨਅਤ ਬਣ ਚੁੱਕੀ ਹੈ। ਸਰਮਾਏਦਾਰਾ ਪੈਦਾਵਾਰ ਦਾ ਇੱਕ ਨਿਯਮ ਇਹ ਵੀ ਹੈ ਕਿ ਪੈਦਾਵਾਰ ਖਪਣੀ ਵੀ ਚਾਹੀਦੀ ਹੈ ਨਹੀਂ ਤਾਂ ਸਨੱਅਤ ਖੜੋਤ ਦਾ ਸ਼ਿਕਾਰ ਹੋ ਜਾਵੇਗੀ। ਦੂਜੀ ਸੰਸਾਰ ਜੰਗ ਤੋਂ ਬਾਅਦ ਹਥਿਆਰਾਂ ਦੀ ਇਸ ਸੱਨਅਤ ਨੇ ਅਥਾਹ ਮੁਨਾਫ਼ੇ ਕਮਾਏ, ਜਿਸ ਵਿੱਚ ਅਮਰੀਕੀ ਕੰਪਨੀਆਂ ਪ੍ਰਮੁੱਖ ਸਨ। ਇਸੇ ਕਰਕੇ ਸੰਸਾਰ ਦੀਆਂ 10 ਵੱਡੀਆਂ ਹਥਿਆਰ ਨਿਰਮਾਤਾ ਕੰਪਨੀਆਂ ਵਿੱਚੋਂ 7 ਅਮਰੀਕੀ ਹਨ। ਅਤੇ ਅਮਰੀਕਾ ਦਾ ਕਾਰੋਬਾਰ ਵੀ ਸੰਸਾਰ ਹਥਿਆਰਾਂ ਦੇ ਕਾਰੋਬਾਰ ਦਾ 33 ਫੀਸਦੀ ਹੈ। ਹਥਿਆਰ ਵੇਚਣ ਲਈ ਇਹ ਸਰਮਾਏਦਾਰ ਘਰਾਣੇ ਸਰਕਾਰਾਂ ‘ਤੇ ਦਬਾਅ ਪਾਉਂਦੇ ਹਨ ਤਾਂ ਜੋ ਕਿਵੇਂ-ਨਾ-ਕਿਵੇਂ ਹਥਿਆਰ ਵੇਚੇ ਜਾਣ। ਇਸ ਕਰਕੇ ਪੂਰੇ ਸੰਸਾਰ ‘ਚ ‘ਆਪਣੀ ਸੁਰੱਖਿਆ ਮਜ਼ਬੂਤ ਕਰਨ’ ਜਾਂ ‘ਵਿਰੋਧੀ ਦੇਸ਼ ਦੁਆਰਾ ਜੰਗ ਦਾ ਹਊਆ ਖੜਾ ਕਰਕੇ’, ‘ਦਹਿਸ਼ਤਗਰਦੀ ਨਾਲ਼ ਟਾਕਰਾ’ ਆਦਿ ਢੰਗਾਂ ਰਾਹੀਂ ਹਥਿਆਰਾਂ ਦੇ ਵੇਚਣ-ਖਰੀਦਣ ਦਾ ਕਾਰੋਬਾਰ ਚੱਲਦਾ ਹੈ। ਵੱਡੇ ਸਾਮਰਾਜੀ ਦੇਸ਼ਾਂ ਦੁਆਰਾ ਦੂਜੇ ਦੇਸ਼ਾਂ ਨੂੰ ਪਹਿਲਾਂ ਹਥਿਆਰ ਵੇਚੇ ਜਾਂਦੇ ਹਨ। ਫਿਰ ਕੁਝ ਦੇਸ਼ਾਂ ਤੋਂ ਸੰਸਾਰ ਨੂੰ ਪਰਮਾਣੂ ਖ਼ਤਰੇ ਦਾ ਬਹਾਨਾ ਬਣਾ ਕੇ ਜੰਗ ਛੇੜਕੇ ਹਥਿਆਰ ਖਪਾਏ ਜਾਂਦੇ ਹਨ। ਇਹ ਬਹਾਨਾ ਅਮਰੀਕਾ ਫਿਰ ਵੀ ਬਣਾ ਸਕਦਾ ਹੈ ਜਦ ਕੋਈ ਦੇਸ਼ ਰੂਸ, ਚੀਨ ਜਾਂ ਫਰਾਂਸ ਆਦਿ ਤੋਂ ਹਥਿਆਰ ਖਰੀਦਦਾ ਹੈ। ਇਸ ਤਰਾਂ ਹੀ ਹਥਿਆਰ ਸੱਨਅਤ ਦੇ ਸਰਮਾਏਦਾਰ ਵੱਡੇ ਮੁਨਾਫ਼ੇ ਕਮਾ ਸਕਦੇ ਹਨ। ਅਸੀਂ ਉੱਪਰ ਚਰਚਾ ਕੀਤੀ ਹੈ ਕਿ ਸੰਸਾਰ ਦੇ ਹਥਿਆਰਾਂ ਦੀਆਂ ਸੱਨਅਤਾਂ ਵਿੱਚੋਂ ਸਭ ਤੋਂ ਵੱਡੀਆਂ ਅਮਰੀਕਾ ਵਿੱਚ ਹਨ। ਇਸੇ ਲਈ ਅਮਰੀਕਾ “ਸ਼ਾਤੀ” ਦਾ ਹਰਕਾਰਾ ਬਣ ਕੇ ਕਦੇ ਇਰਾਕ ਦੇ ਪਰਮਾਣੂ ਹਥਿਆਰਾਂ ਤੋਂ ਸੰਸਾਰ ਨੂੰ ਖ਼ਤਰੇ ਦੀ ਗੱਲ ਕਰਦਾ ਹੈ ਅਤੇ ਕਦੇ ਸੀਰੀਆ ਤੋਂ, ਕਦੇ ਇਜਰਾਇਲ ਰਾਹੀਂ ਫਿਲਸਤੀਨ ‘ਤੇ ਹਮਲੇ ਕਰਾਉਂਦਾ ਹੈ, ਕਦੇ ਅਲਕਾਇਦਾ, ਫਿਦਾਇਨ ਆਦਿ ਦੀ ਹਮਾਇਤ ਕਰਦਾ ਹੈ ਕਦੇ ਵਿਰੋਧ, ਸੰਸਾਰ ਪੱਧਰ ‘ਤੇ ਦਹਿਸ਼ਤਗਰਦੀ ਦਾ ਹਾਊਆ ਖੜਾ ਕਰਕੇ ਛੋਟੀਆਂ-ਛੋਟੀਆਂ ਜੰਗਾਂ ਨੂੰ ਅੰਜ਼ਾਮ ਦਿੰਦਾ ਹੈ, ਡਰੋਨ ਹਮਲਿਆਂ ਨਾਲ਼ ਪਾਕਿਸਤਾਨ, ਅਫ਼ਗਾਨਿਸਤਾਨ, ਯਮਨ, ਲੀਬੀਆ, ਈਰਾਕ, ਸੁਮਾਲਿਆ ਆਦਿ ਮੁਲਕਾਂ ਵਿੱਚ ਮਾਸੂਮਾਂ ਦਾ ਕਤਲ ਕਰਦਾ ਹੈ ਤੇ ਕਿਸੇ ਨੂੰ ਵੀ ਮਾਰ ਕੇ ਦਹਿਸ਼ਤਗਦ ਕਹਿ ਕੇ ਗੱਲ ਮੁਕਾ ਦਿੰਦਾ ਹੈ। ਦੋ ਮੁਲਕਾਂ ਦੇ ਆਪਸੀ ਟਕਰਾਵਾਂ ਜਾਂ ਕਿਸੇ ਦੇਸ਼ ਅੰਦਰਲੇ ਟਕਰਾਵਾਂ ਦਾ ਫਾਇਦਾ ਆਪਣੇ ਹਥਿਆਰ ਵੇਚਣ ਲਈ ਉਠਾਉਂਦਾ ਹੈ ਜਿਵੇਂ- ਇਰਾਨ ਤੇ ਈਰਾਕ, ਇਜ਼ਰਾਇਲ ਤੇ ਫਿਲਸਤੀਨ, ਭਾਰਤ ਤੇ ਪਾਕਿਸਤਾਨ, ਉੱਤਰੀ ਤੇ ਦੱਖਣੀ ਕੋਰੀਆ ਦੇ ਝਗੜੇ ਆਦਿ। ਇਸ ਤੋਂ ਬਿਨਾਂ ਦੇਸ਼ਾਂ ਅੰਦਰਲੇ ਨਿੱਜੀ ਝਗੜੇ ਜਿਵੇਂ ਮਿਸਰ, ਯੂਕਰੇਨ, ਸੀਰੀਆ, ਆਦਿ ਤੋਂ ਵੀ ਫਾਇਦਾ ਉਠਾਉਂਦਾ ਹੈ। ਇਹ ਸਾਰੇ ਜ਼ਫਰ ਅਮਰੀਕਾ ਆਪਣੇ ਹਥਿਆਰ ਵੇਚਣ ਲਈ ਜਾਲਦਾ ਹੈ ਭਾਵੇਂ ਕਿ ਈਰਾਕ, ਸੀਰੀਆ, ਲਿਬੀਆ ਆਦਿ ਦੇ ਸਾਧਨਾਂ ‘ਤੇ ਵੀ ਉਸਦੀ ਗਿਰਝ ਅੱਖ ਟਿਕੀ ਹੁੰਦੀ ਹੈ। ਇਸੇ ਕਰਕੇ ਹੁਣ ਤੱਕ ਅਮਰੀਕਾ ਕਰੋੜਾਂ ਮਾਸੂਮਾਂ ਦਾ ਕਾਤਲ ਹੈ ਪਰ ਮੀਡੀਆ ਰਾਹੀਂ ਇਹ ਦਿਖਾਇਆ ਜਾਂਦਾ ਹੈ ਕਿ ਜੇਕਰ ਅਮਰੀਕਾ ਨਾ ਹੋਵੇ ਤਾਂ ਸੰਸਾਰ ਨੂੰ ਤਾਂ ਦਹਿਸ਼ਤਗਰਦ ਹੀ ਖਾ ਜਾਣ।

ਦੂਜਾ ਕਾਰਨ ਹੈ ਸੰਸਾਰ ਦੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੀ ਲੁੱਟ ਅਤੇ ਵਿਸਥਾਰਵਾਦੀ ਨੀਤੀਆਂ ਦੇ ਚੱਲਦੇ ਸੰਸਾਰ ਸਰਮਾਏਦਾਰੀ ਦੇ ਅਜ਼ਾਰੇਦਾਰਾ ਗਰੋਹਾਂ ਦਾ ਆਪਸੀ ਖਹਿ-ਭੇੜ। ਸਾਮਰਾਜੀ ਸੰਸਾਰ ਮੰਡੀ ਦੀ ਵੰਡ ਲਈ ਲੜਦੇ ਰਹਿੰਦੇ ਹਨ ਕਿਉਂਕਿ ਇਹਨਾਂ ਦੈਤਾਂ ਦੀ ਅਜ਼ਾਰੇਦਾਰੀ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਘਰੇਲੂ ਮੰਡੀ ਇਹਨਾਂ ਲਈ ਕਾਫ਼ੀ ਨਹੀਂ ਰਹੀ। ਇਸ ਕਰਕੇ ਇਹਨਾਂ ਵਿਚਾਲੇ ਸੰਸਾਰ ਦੀ ਮਜ਼ਦੂਰ ਜਮਾਤ ਦੁਆਰਾ ਸਿਰਜੀ ਵਾਫ਼ਰ ‘ਚੋਂ ਵੱਧ ਹਿੱਸਾ ਵੰਡਾਉਣ ਲਈ ਘੋਲ਼ ਚੱਲਦਾ ਰਹਿੰਦਾ ਹੈ। ਵੱਡੇ ਸਾਮਰਾਜੀ ਮੁਲਕ ਛੋਟੇ ਸਾਮਰਾਜੀ ਦੇਸ਼ਾਂ ਨੂੰ ਦਬਾਉਂਦੇ ਹਨ, ਛੋਟੇ ਸਾਮਰਾਜੀ ਦੇਸ਼ ਏਸ਼ੀਆ, ਅਫ਼ਰੀਕਾ ਦੇ ਦੇਸ਼ਾਂ ਨੂੰ ਦਬਾਉਂਦੇ ਹਨ, ਗੱਲ ਕੀ ਹਰ ਦੇਸ਼ ਆਪਣਾ ਵੱਸ ਚੱਲਦੇ ਮਾੜੇ ਨੂੰ ਦਬਾਉਣ ਤੋਂ ਪਿੱਛੇ ਨਹੀਂ ਹੱਟਦਾ। ਆਪਣੇ ਵਿਰੋਧੀ ਨੂੰ ਦਬਾਉਣ ਲਈ ਵੀ ਸੁਰੱਖਿਆ ‘ਤੇ ਭਾਰੀ ਖ਼ਰਚ ਕਰਨਾ ਪੈਂਦਾ ਹੈ ਤਾਂ ਜੋ ਸੰਸਾਰ ਦੇ ਮਨੁੱਖੀ ਤੇ ਕੁਦਰਤੀ ਸਾਧਨਾਂ ਦੀ ਲੁੱਟ ਅਤੇ ਸੰਸਾਰ ਮੰਡੀ ‘ਚ ਵੱਧ ਰਸੂਖ਼ ਬਣਾਇਆ ਜਾ ਸਕੇ। ਐਵੇਂ ਨਹੀਂ ਅਮਰੀਕਾ ਨੇ 63 ਦੇਸ਼ਾਂ ਵਿੱਚ ਫ਼ੌਜੀ ਅੱਡੇ ਸਥਾਪਿਤ ਕੀਤੇ ਹਨ ਕਿਉਂਕਿ ਹਥਿਆਰਾਂ ਦੀ ਸੱਨਅਤ ‘ਤੇ ਅਮਰੀਕਾ ਹੀ ਸਭ ਤੋਂ ਵੱਧ ਨਿਵੇਸ਼ ਕਰਦਾ ਹੈ। ਅਮਰੀਕਾ ਨੂੰ ਵੰਗਾਰ ਦੇਣ ਵਾਲ਼ੇ ਅੱਜ ਚੀਨ ਤੇ ਰੂਸ ਦੋ ਵੱਡੇ ਮੁਲਕ ਹਨ ਤੇ ਇਹਨਾਂ ਦੇ ਆਪਸੀ ਮਤਭੇਦ ਵੀ ਸਮੇਂ-ਸਮੇਂ ‘ਤੇ ਪ੍ਰਗਟ ਹੁੰਦੇ ਰਹਿੰਦੇ ਹਨ। ਅਮਰੀਕਾ ਰੂਸ ਦੇ ਮਤਭੇਦ ਤਾਂ ਸੀਰੀਆ ਤੇ ਯੁਕਰੇਨ ਦੇ ਮਾਮਲੇ ਵਿੱਚ ਜਗ-ਜਾਹਰ ਹੋ ਚੁੱਕੇ ਹਨ।

ਤੀਜਾ ਅਤੇ ਗੌਣ ਕਾਰਨ ਲੋਕ-ਉਭਾਰਾਂ ਦਾ ਡਰ। ਅੱਜ ਦੀ ਮਰਨਾਊ ਸਰਮਾਏਦਾਰੀ ਇੱਥੋਂ ਤੱਕ ਲਹੂ-ਪੀਣੀ, ਪਰਜੀਵੀ ਅਤੇ ਆਦਮਖੋਰ ਹੋ ਚੁੱਕੀ ਹੈ ਕਿ ਨਸ਼ਿਆਂ ਦਾ ਵਪਾਰ, ਅਸ਼ਲੀਲ ਤੇ ਪੋਰਨ ਫ਼ਿਲਮਾਂ, ਭੂਤਾਂ-ਪ੍ਰੇਤਾਂ ਤੇ ਡਰਾਉਣੀਆਂ ਫ਼ਿਲਮਾਂ, ਦੇਹ-ਵਪਾਰ, ਮਨੁੱਖਾਂ ਦੀ ਵੇਚ-ਖਰੀਦ, ਘਟੀਆਂ ਦਵਾਈਆਂ, ਆਦਿ ਨੀਚ ਤੋਂ ਨੀਚ ਕੰਮ ਤੋਂ ਲੈ ਕੇ ਪਾਣੀ, ਸਿੱਖਿਆ, ਸਿਹਤ ਵਰਗੇ ਹਰ ਖੇਤਰ ‘ਚ ਮੁਨਾਫ਼ਾ ਕਮਾ ਰਹੀ ਹੈ ਤੇ ਲੋਕਾਂ ਦੇ ਗਲ-ਵੱਡ ਰਹੀ ਹੈ। ਮੁੱਠੀਭਰ ਲੋਕਾਂ ਦੀ ਵੱਧ ਮੁਨਾਫ਼ੇ ਲਈ ਵਧਦੀ ਹਵਸ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਦਿਨੋ-ਦਿਨ ਇੰਨੀ ਭਿਅੰਕਰ ਤੇ ਦੁੱਬਰ ਹੋ ਰਹੀ ਹੈ ਕਿ ਇਸਦਾ ਅੰਦਾਜ਼ਾ ਪਿਛਲੇ ਦਹਾਕੇ ਤੋਂ ਸੰਸਾਰ ਭਰ ਵਿੱਚ ਲਗਾਤਾਰ ਚੱਲ ਰਹੀਆਂ ਆਪ-ਮੁਹਾਰਾ ਲੋਕ-ਲਹਿਰਾਂ ਤੋਂ ਲਾਇਆ ਜਾ ਸਕਦਾ ਹੈ। ਸਰਮਾਏ ਦੇ ਭੁੱਖੇ ਦੈਂਤਾਂ ਦੁਆਰਾ ਸਤਾਏ ਲੋਕ ਗੁੱਸੇ ਵਿੱਚ ਸੜਕਾਂ ‘ਤੇ ਉੱਤਰ ਰਹੇ ਹਨ। ਇਸੇ ਕਰਕੇ ਹੀ ਲੋਕ ਲਹਿਰਾਂ ਦਾ ਡਰ ਹਾਕਮਾਂ ਦੀ ਵੀ ਨੀਂਦ ਉਡਾ ਰਿਹਾ ਹੈ। ਸਰਮਾਏਦਾਰ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਕੇ ਆਪਣੇ ਮਨ ਦੇ ਧੁੜਕੂ ਨੂੰ ਧਰਵਾਸ ਦੇਣ ਦੇ ਯਤਨ ਵਿੱਚ ਲੱਗੇ ਹਨ।

ਉਪਰੋਕਤ ਕਾਰਨ ਹਨ ਜੋ ਹਾਕਮਾਂ ਨੂੰ ਮਨੁੱਖਾ ਕਿਰਤ ਦੇ ਲਹੂ ਦੀ ਕਮਾਈ ਨੂੰ ਹਥਿਆਰਾਂ ਵਰਗੇ ਗ਼ੈਰ-ਪੈਦਾਕਾਰ ਕੰਮਾਂ ‘ਤੇ ਰੋੜਣ ਲਈ ਮਜ਼ਬੂਰ ਕਰਦੇ ਹਨ ਜਿਸਦੇ ਤਹਿਤ ਇੱਕ ਪਾਸੇ ਹਾਕਮ ਲੋਕਾਂ ਦੇ ਲਹੂ ਨੂੰ ਨਿਚੋੜ-ਨਿਚੋੜ ਕੇ ਹਥਿਆਰਾਂ ਵਰਗੇ ਮਨੁੱਖ-ਦੋਖੀ ਸੰਦਾਂ ‘ਚੋਂ ਵੀ ਭਾਰੀ ਮੁਨਾਫ਼ੇ ਕਮਾ ਰਹੇ ਹਨ ਉੱਥੇ ਦੂਜੇ ਪਾਸੇ ਲੋਕ ਗ਼ਰੀਬੀ, ਭੁੱਖਮਰੀ, ਕੰਗਾਲੀ ਦੀ ਜ਼ਿੰਦਗੀ ਜਿਉਂ ਰਹੇ ਹਨ। ਪਰ ਇਹ ਸਭ ਕੁਝ ਸਿੱਧ-ਪੱਧਰਾ ਨਹੀਂ ਹੈ ਸਗੋਂ ਹਾਕਮ ਵੀ ਲੋਕ-ਉਭਾਰਾਂ ਤੋਂ ਘਬਰਾਏ ਹੋਏ ਹਨ ਅਤੇ ਅੰਦਰਲੇ ਡਰ ਕਾਰਨ ਆਪਣੇ ਬੰਗਲ਼ਿਆਂ ਦੀਆਂ ਕੰਧਾਂ ਉੱਚੀਆਂ ਤੋਂ ਉੱਚੀਆਂ ਕਰ ਰਹੇ ਹਨ ਤੇ ਆਪਣੇ ਆਪ ਨੂੰ ਹਥਿਆਰਬੰਦ ਕਰ ਰਹੇ ਹਨ। ਪਰ ਇਤਿਹਾਸ ਗਵਾਹ ਹੈ ਜਦ ਵੀ ਕਿਰਤੀ ਲੋਕ ਜਾਗੇ ਹਨ ਤਾਂ ਹਾਕਮਾਂ ਦੇ ਸਭ ਮਨਸੂਬੇ ਧਰੇ-ਧਰਾਏ ਹੀ ਰਹਿ ਜਾਂਦੇ ਹਨ। ਲੋਕ ਬਗ਼ਾਵਤਾਂ ਦੇ ਤੁਫ਼ਾਨੀ ਹੜ ਅੱਗੇ ਹਾਕਮਾਂ ਦੁਆਰਾ ਕੀਤੀਆਂ ਕਿਲੇਬੰਦੀਆਂ ਰੇਤ ਦੀ ਕੰਧ ਵਾਂਗ ਖੁਰ ਜਾਂਦੀਆਂ ਹਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 6, 1 ਤੋਂ 15 ਮਈ, 2017 ਵਿੱਚ ਪ੍ਰਕਾਸ਼ਤ

 

Advertisements