ਸੰਸਾਰ ਮੰਚ ‘ਤੇ ਸੱਜੇ-ਪਿਛਾਖੜ ਤੇ ਫਾਸੀਵਾਦੀ ਰੁਝਾਨਾਂ ਦਾ ਝਲਕਾਰਾ •ਗੁਰਪ੍ਰੀਤ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪਿਛਲੇ ਵਰ੍ਹੇ ਤੋਂ ਚਰਚਾ ਦਾ ਵਿਸ਼ਾ ਬਣੇ ਡੌਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਅਹੁਦਾ ਸੰਭਾਲ ਲਿਆ ਹੈ। ਟਰੰਪ ਨੂੰ ਸੱਜ-ਪਿਛਾਖੜ ਦੇ ਨੁਮਾਇੰਦੇ ਵਜੋਂ ਵੇਖਿਆ ਜਾ ਰਿਹਾ ਹੈ। ਟਰੰਪ ਖਿਲਾਫ਼ ਅਮਰੀਕਾ ਵਿੱਚ ਕਾਫੀ ਵੱਡੇ ਮੁਜਾਹਰੇ ਵੀ ਹੋਏ ਹਨ। ਟਰੰਪ ਦੀ ਇਸ ਜਿੱਤ ਨੂੰ ਜਮਹੂਰੀਅਤ ਦੇ ਹਾਰ, ਅਮਰੀਕਾ ਦੀ ਗਲਤੀ ਆਦਿ ਵਿਸ਼ੇਸ਼ਣ ਦਿੱਤੇ ਜਾ ਰਹੇ ਹਨ। ਪਰ ਟਰੰਪ ਆਪਣੇ-ਆਪ ਵਿੱਚ ਕੋਈ ਇਕੱਲੀ ਜਾਂ ਅਣਕਿਆਸੀ ਘਟਨਾ ਨਹੀਂ ਹੈ ਸਗੋਂ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਟਰੰਪ ਵਾਂਗ ਸੱਜੀਆਂ ਪਿਛਾਖੜੀ ਤਾਕਤਾਂ ਜਾਂ ਸੱਤ੍ਹਾ ਵਿੱਚ ਆ ਰਹੀਆਂ ਹਨ ਜਾਂ ਉਹਨਾਂ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ। ਆਓ ਟਰੰਪ ਜਿਹੀਆਂ ਕੁੱਝ ਹੋਰ ਉੱਭਰ ਰਹੀਆਂ ਸੱਜੀਆਂ ਪਿਛਾਖੜੀ ਤਾਕਤਾਂ ‘ਤੇ ਝਾਤ ਮਾਰੀਏ।

ਟਰੰਪ ਤੋਂ ਬਾਅਦ ਸਭ ਤੋਂ ਵੱਧ ਚਰਚਾ ਵਿੱਚ ਫਰਾਂਸ ਦੀ ਮਾਰੀ ਲੀ ਪੇਨ ਦੀ ਪਾਰਟੀ ਨੈਸ਼ਨਲ ਫਰੰਟ ਹੈ। ਇਸ ਸਾਲ ਅਪ੍ਰੈਲ ਵਿੱਚ ਹੋ ਰਹੀਆਂ ਚੋਣਾਂ ਵਿੱਚ ਇਸ ਪਾਰਟੀ ਦੇ ਹੱਕ ਵਿੱਚ ਕਾਫ਼ੀ ਹਵਾ ਚੱਲ ਰਹੀ ਹੈ। ਮਾਰੀ ਲੀ ਪੇਨ ਅਤੀਤ ਦੇ ਗੁਣਗਾਣ, ਅੰਨ੍ਹੇ-ਕੌਮਵਾਦ ਤੇ ਪਰਵਾਸੀਆਂ ਦੀ ਭਾਰੀ ਆਮਦ ਸਬੰਧ ਵਿਚਾਰਾਂ ‘ਤੇ ਖੜੀ ਹੈ। ਪਰਵਾਸੀਆਂ ਵਿੱਚ ਵੀ ਉਸਦਾ ਮੁੱਖ ਨਿਸ਼ਾਨਾ ਮੁਸਲਿਮ ਸ਼ਰਨਾਰਥੀ ਹਨ। ਪੈਰਿਸ ਉੱਪਰ ਹੋਏ ਦੋ ਵੱਡੇ ਅੱਤਵਾਦੀ ਹਮਲਿਆਂ ਮਗਰੋਂ ਪਰਵਾਸੀਆਂ ਦੇ ਵਿਰੋਧ ਤੇ ਨੈਸ਼ਨਲ ਫਰੰਟ ਦੀ ਹਰਮਨ ਪਿਆਰਤਾ ਵਿੱਚ ਵਾਧਾ ਹੋਇਆ ਹੈ।

ਯੂਨਾਨ ‘ਚ ਗੋਲਡਨ ਡਾਅਨ ਪਾਰਟੀ ਫਾਸੀਵਾਦੀ ਰੁਝਾਨ ਵਾਲੀ ਇੱਕ ਹੋਰ ਪਾਰਟੀ ਹੈ ਜਿਸਨੂੰ ਨਵ-ਨਾਜੀ ਪਾਰਟੀ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਭਾਵੇਂ ਪਿਛਲੀਆਂ ਚੋਣਾਂ ਵਿੱਚ ਸਿਰੀਜਾ ਦੀ ਜਿੱਤ ਹੋਈ ਹੈ ਪਰ ਗੋਲਡਨ ਡਾਅਨ ਦਾ ਭੂਤ ਹਾਲੇ ਵੀ ਯੂਨਾਨ ਨੂੰ ਚਿੰਬੜਿਆ ਹੋਇਆ ਹੈ। ਇਸ ਪਾਰਟੀ ਦੇ ਸਿਆਸੀ ਫਰੰਟ ਦੇ ਨਾਲ਼ ਇੱਕ ਸਮਾਜਿਕ ਅਧਾਰ ਵੀ ਹੈ ਤੇ ਇਸ ਵਿੱਚ ਗੁੰਡੇ, ਅਪਰਾਧੀ ਰੁਚੀਆਂ ਵਾਲ਼ੇ ਲੋਕ ਸ਼ਾਮਲ ਹਨ।

ਹੰਗਰੀ ਦੀ ਫਿਡੇਜ ਪਾਰਟੀ 2014 ਦੀਆਂ ਚੋਣਾਂ ਜਿੱਤ ਚੁੱਕੀ ਹੈ ਤੇ ਹੰਗਰੀ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਤੇ ਅੰਨ੍ਹੇ-ਕੌਮਵਾਦ ਨੂੰ ਉਭਾਰ ਰਹੀ ਹੈ। ਇਸ ਤੋਂ ਬਿਨਾਂ ਹੰਗਰੀ ਦੀ ਉੱਭਰ ਰਹੀ ਜੋਬਿਕ ਪਾਰਟੀ ਵੀ ਸੱਜੀ-ਪਿਛਾਖੜੀ ਸਿਆਸਤ ਦੀ ਤਰਜਮਾਨੀ ਕਰਦੀ ਹੈ।

ਨੀਜਲ ਫਾਰਜ ਦੀ ਬਰਤਾਨੀਆ ਦੀ ਇੰਡੀਪੈਂਡੈਂਸ ਪਾਰਟੀ ਵੀ ਸੱਜੀ ਪਿਛਾਖੜੀ ਸਿਆਸਤ ਵਾਲੀ ਪਾਰਟੀ ਹੀ ਹੈ। ਬਰਤਾਨੀਆ ਦਾ ਯੂਰਪੀ ਯੂਨੀਅਨ ਵਿੱਚੋਂ ਬਾਹਰ ਆਉਣਾ ਵੀ ਇਸੇ ਸਿਆਸਤ ਦਾ ਹੀ ਨਤੀਜਾ ਸੀ ਤੇ ਇਸਦੇ ਬਾਹਰ ਨਿਕਲਣ ਦੀ ਹਮਾਇਤ ਵਿੱਚ ਇਹ ਪਾਰਟੀ ਮੋਹਰੀ ਸੀ।

ਆਸਟਰੀਆ ‘ਚ ਵੀ 2015 ਚ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਆਏ ਹਨ ਤੇ ਆਸਟਰੀਆ ਨੂੰ ਉਹ ਜਰਮਨੀ ਜਾਣ ਲਈ ਇੱਕ ਲਾਂਘੇ ਵਜੋਂ ਵੇਖਦੇ ਹਨ। ਇਸ ਕਰਕੇ ਆਸਟਰੀਆ ਦੀ ਫਰੀਡਮ ਪਾਰਟੀ ਇਹਨਾਂ ਪਰਵਾਸੀਆਂ ਵਿਰੁੱਧ ਨਫ਼ਰਤ ਦੇ ਸਿਰ ‘ਤੇ ਵਧ-ਫੁੱਲ ਰਹੀ ਹੈ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਇਹ ਪਾਰਟੀ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ੁਮਾਰ ਹੈ।

ਸਵੀਡਨ ਦੀ ਸਵੀਡਨ ਡੈਮੋਕ੍ਰੇਟ ਵੀ 2014 ਦੀਆਂ ਚੋਣਾਂ ‘ਚ ਪਹਿਲੀ ਵਾਰ ਸੰਸਦ ਦੀਆਂ 349 ਵਿੱਚੋਂ 49 ਸੀਟਾਂ ਹਾਸਲ ਕਰ ਚੁੱਕੀ ਹੈ। ਇਹ ਪਾਰਟੀ ਅਜਿਹਾ ਪ੍ਰਚਾਰ ਕਰਦੀ ਹੈ ਕਿ ਸਵੀਡਨ ਦਾ ਜਨਤਕ ਭਲਾਈ ਵਾਲਾ ਢਾਂਚਾ ਬਾਹਰੋਂ ਆ ਰਹੇ ਗਰੀਬ ਮੁਸਲਿਮ ਸ਼ਰਨਾਰਥੀਆਂ ਦੀ ਭੀੜ ਵਿੱਚ ਟਿਕਿਆ ਨਹੀਂ ਰਹਿ ਸਕਦਾ।

ਹਾਲੈਂਡ ਵਿੱਚ ਗਰੀਟ ਵਾਈਲਡਰ ਦੀ ਪਾਰਟੀ ਫਾਰ ਫਰੀਡਮ ਵੀ ਮੁਸਲਿਮ ਵਿਰੋਧ ਤੇ ਪਰਵਾਸੀਆਂ ਵਿਰੋਧੀ ਭਾਵਨਾਵਾਂ ਸਿਰ ਵਧ ਫੁੱਲ ਰਹੀ ਹੈ। ਮਾਰਚ ਵਿੱਚ ਹੋ ਰਹੀਆਂ ਚੋਣਾਂ ਵਿੱਚ ਇਹ ਇੱਕ ਵੱਡੀ ਦਾਅਵੇਦਾਰ ਪਾਰਟੀ ਵਜੋਂ ਚੱਲ ਰਹੀ ਹੈ। ਪੋਲੈਂਡ ਦੀ ਲਾਅ ਐਂਡ ਜਸਟਿਸ ਪਾਰਟੀ 2015 ਦੀਆਂ ਚੋਣਾਂ ਜਿੱਤ ਚੁੱਕੀ ਹੈ ਤੇ ਉਹ ਵੀ ਇਸੇ ਰਾਹ ਉੱਪਰ ਚੱਲ ਰਹੀ ਹੈ।

ਇਸੇ ਤਰ੍ਹਾਂ ਫਿਨਲੈਂਡ ‘ਚ ‘ਦ ਫਿਨਸ’, ਜਰਮਨੀ ‘ਚ ‘ਅਲਟਰਨੇਟ ਫਾਰ ਜਰਮਨੀ’, ਸਵਿਜ਼ਰਲੈਂਡ ‘ਚ ‘ਸਵਿਸ ਪੀਪਲਜ ਪਾਰਟੀ’, ਇਟਲੀ ‘ਚ ‘ਨਾਰਥਨ ਲੀਗ’ ਤੇ ਸਾਈਪ੍ਰਸ ‘ਚ ‘ਏਲਮ’ ਅਤੇ ਡੈਨਮਾਰਕ ‘ਚ ‘ਡੈਨਿਸ਼ ਪੀਪਲਜ ਪਾਰਟੀ’ ਆਦਿ ਜਿਹੀਆਂ ਸੱਜੀਆਂ-ਪਿਛਾਖੜੀ ਤਾਕਤਾਂ ਲਗਾਤਾਰ ਉਭਾਰ ਦੀ ਹਾਲਤ ਵਿੱਚ ਹਨ।

ਕੁੱਝ ਸਾਲ ਪਹਿਲਾਂ ਯੂਰਪੀ ਯੂਨੀਅਨ ਵਿੱਚ ਸ਼ਾਮਲ ਹੋਏ ਤੁਰਕੀ ਦਾ ਰਾਸ਼ਟਰਪਤੀ ਰਸੀਪ ਇਰਡੌਗਨ ਹੁਣ “ਨਵਾਂ ਤੁਰਕੀ” ਉਸਾਰਨ ਤੇ ਖਿਆਲ਼ੀ ਪੱਛਮੀ ਹਮਲਾਵਰਾਂ ਦਾ ਟਾਕਰਾ ਕਰਨ ਦਾ ਸੱਦਾ ਦੇ ਰਿਹਾ ਹੈ।

ਚੋਣਾਂ ਦੀ ਦੌੜ ਵਿੱਚ ਉੱਭਰ ਰਹੀਆਂ ਪਾਰਟੀਆਂ ਤੋਂ ਬਿਨਾਂ ਵੀ ਯੂਰਪੀ ਦੇਸ਼ਾਂ ਵਿੱਚ ਅਨੇਕਾਂ ਸਮੂਹ, ਜਥੇਬੰਦੀਆਂ ਹਨ ਜੋ ਲੋਕਾਂ ਵਿੱਚ ਅੰਨ੍ਹੇ-ਕੌਮਵਾਦ ਤੇ ਪਰਵਾਸੀਆਂ ਵਿਰੁੱਧ ਨਫ਼ਰਤ ਨੂੰ ਭੜਕਾ ਰਹੇ ਹਨ। ਜਰਮਨੀ ਵਿੱਚ 2014 ਵਿੱਚ ਪੇਗੀਡਾ (ਪੱਛਮ ਦੇ ਇਸਲਾਮੀਕਰਨ ਵਿਰੁੱਧ ਯੂਰਪੀ ਦੇਸ਼ਭਗਤ) ਨਾਮੀ ਲਹਿਰ ਦੀ ਸ਼ੁਰੂਆਤ ਹੋਈ ਸੀ ਜਿਸਦੇ ਸ਼ੁਰੂ ਹੋਣ ਮਗਰੋਂ 3-4 ਮਹੀਨਿਆਂ ਅੰਦਰ ਹੀ ਇਸਦੀ ਹਮਾਇਤ ਵਿੱਚ ਜਰਮਨੀ ਦੇ ਅਨੇਕਾਂ ਸ਼ਹਿਰਾਂ ਵਿੱਚ ਪਰਵਾਸੀਆਂ ਵਿਰੁੱਧ ਹਜਾਰਾਂ ਦੀ ਗਿਣਤੀ ਵਿੱਚ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ ਸਨ। ਉਸ ਵੇਲੇ ਇਸ ਲਹਿਰ ਦੇ ਵਿਰੋਧ ਵਿੱਚ ਵੀ ਓਨੀਂ ਹੀ ਵੱਡੀ ਗਿਣਤੀ ਵਿੱਚ ਮੁਜ਼ਾਹਰੇ ਸ਼ੁਰੂ ਹੋ ਗਏ ਤੇ ਕੁੱਝ ਮਹੀਨਿਆਂ ਮਗਰੋਂ ਇਹ ਲਹਿਰ ਖਿੰਡ ਗਈ ਪਰ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਮੌਜੂਦ ਹੈ। ਜਰਮਨੀ ਹੀ ਨਹੀਂ ਫਰਾਂਸ, ਇੰਗਲੈਂਡ, ਸਵੀਡਨ, ਫਿਨਲੈਂਡ ਆਦਿ ਅਨੇਕਾਂ ਯੂਰਪੀ ਦੇਸ਼ਾਂ ਵਿੱਚ ਅਜਿਹੀਆਂ ਪਾਰਟੀਆਂ ਮੌਜੂਦ ਹਨ। ਇੰਗਲੈਂਡ ਵਿੱਚ ‘ਨੈਸ਼ਨਲ ਐਕਸ਼ਨ’ ਨਾਮੀ ਉੱਭਰਿਆ ਨਵਾਂ ਗਰੁੱਪ ਇਸੇ ਤਰ੍ਹਾਂ ਦਾ ਹੈ ਜੋ 1930 ਦੀਆਂ ਪਿਛਾਖੜੀ ਤਾਕਤਾਂ ਜਿਵੇਂ ਇੰਗਲੈਂਡ ਦੀ ਬ੍ਰਿਟਿਸ਼ ਫਾਸੀਵਾਦੀ ਪਾਰਟੀ, ਇਟਲੀ ਦੇ ਮੁਸੋਲਿਨ ਤੇ ਕੁੱਝ ਹੱਦ ਤੱਕ ਹਿਟਲਰ ਤੋਂ ਪ੍ਰਭਾਵਿਤ ਹੈ। ਇਹਨਾਂ ਵਿੱਚ ਜਿਆਦਾਤਰ ਘੱਟ ਉਮਰ ਦੇ ਨੌਜਵਾਨ ਹਨ। ਇਹ ਗਰੁੱਪ ਕਾਲਜਾਂ, ਯੂਨੀਵਰਸਿਟੀਆਂ ਵਿੱਚ ਜਾ ਕੇ ਇਸਲਾਮ ਵਿਰੋਧੀ ਪ੍ਰਚਾਰ ਕਰਦੇ ਹਨ ਤੇ ਆਪਣੀ ਭਰਤੀ ਕਰਦੇ ਹਨ।

ਯੂਰਪ ਵਿੱਚ ਉੱਭਰੀਆਂ ਇਹਨਾਂ ਸਭ ਪਾਰਟੀਆਂ ਦੇ ਆਪੋ-ਆਪਣੇ ਕੁੱਝ ਵਿਸ਼ੇਸ਼ ਲੱਛਣ ਹਨ ਅਤੇ ਨਾਲ਼ ਹੀ ਕੁੱਝ ਸਾਂਝਾਂ ਵੀ ਹਨ। ਇਹਨਾਂ ਵਿੱਚੋਂ ਜਿਆਦਾਤਰ ਪਾਰਟੀਆਂ ਆਪਣੇ ਦੇਸ਼ ਵਿੱਚ ਪਰਵਾਸੀਆਂ ਤੇ ਸ਼ਰਨਾਰਥੀਆਂ ਦੀ ਆਮਦ ਦੇ ਵਿਰੋਧ ਅਤੇ ਅੰਨ੍ਹੇ-ਕੌਮਵਾਦ ਨੂੰ ਹਵਾ ਦੇ ਰਹੀਆਂ ਹਨ। ਭਾਵੇਂ ਇਹਨਾਂ ਵਿੱਚੋਂ ਕੋਈ ਮਜ਼ਬੂਤ ਫਾਸੀਵਾਦੀ ਤਾਕਤ ਨਹੀਂ ਹੈ ਪਰ ਇਹਨਾਂ ਵਿੱਚ ਕਈ ਤਰ੍ਹਾਂ ਦੇ ਫਾਸੀਵਾਦੀ ਰੁਝਾਨ ਮੌਜੂਦ ਹਨ। ਇਹ ਚਰਚਾ ਪੱਛਮ ਦੇ ਮੀਡੀਆ ‘ਚ ਵੀ ਆਮ ਹੈ। ਪਰ ਇਸਦੀ ਵਿਆਖਿਆ ਬੜੀ ਅੱਧੀ ਅਧੂਰੀ ਪੇਸ਼ ਕੀਤੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਯੂਰਪ ਵਿੱਚ ਸ਼ਰਨਾਰਥੀਆਂ ਦੀ ਵਧ ਰਹੀ ਆਮਦ ਨੂੰ ਦੱਸਿਆ ਜਾ ਰਿਹਾ ਹੈ। ਇਹਨਾਂ ਸ਼ਰਨਾਰਥੀਆਂ ਦੀ ਆਮਦ ਦਾ ਮੁੱਖ ਕਾਰਨ ਸੀਰੀਆ ਵਿੱਚ ਚੱਲ ਰਹੀ ਖਾਨਾਜੰਗੀ ਹੈ ਜਿਸ ਕਾਰਨ ਇਕੱਲੇ 2015 ਵਿੱਚ 10 ਲੱਖ ਦੇ ਕਰੀਬ ਲੋਕਾਂ ਨੇ ਯੂਰਪ ਵਿੱਚ ਪਰਵਾਸ ਕੀਤਾ ਹੈ। ਪਰ ਇਸ ਵਰਤਾਰੇ ਦਾ ਅਸਲ ਕਾਰਨ ਕੀ ਹੈ ਉਸਦੀ ਵਿਆਖਿਆ ਅੱਗੇ ਚੱਲ ਕੇ ਕਰਦੇ ਹਾਂ।

ਯੂਰਪ ਤੋਂ ਬਿਨਾਂ ਸੰਸਾਰ ਦੇ ਕੁੱਝ ਹੋਰ ਹਿੱਸਿਆਂ ਦੀ ਵੀ ਚਰਚਾ ਕਰਨੀ ਜਰੂਰੀ ਹੈ। ਪਿਛਲੇ ਸਾਲ ਫਿਲਪੀਨਜ ਦਾ ਰਸ਼ਟਰਪਤੀ ਬਣਿਆ ਰੌਡਰਿਗੋ ਡਿਊਤ੍ਰੇਤ ਵੀ ਫਾਸੀਵਾਦੀ ਰੁਝਾਨ ਦੀ ਹੀ ਨੁਮਾਇੰਦਗੀ ਕਰਦਾ ਹੈ। ਰਾਸ਼ਟਰਪਤੀ ਬਣਨ ਮਗਰੋਂ ਉਸਦਾ ਇਹ ਬਿਆਨ ਦੇਣਾ ਕਿ “ਭ੍ਰਿਸ਼ਟਾਚਾਰ ਕਰਨ ਵਾਲ਼ੇ ਨੂੰ ਹੈਲੀਕਾਪਟ ਵਿੱਚੋਂ ਹੇਠਾਂ ਸੁੱਟ ਦਿਆਂਗਾ, ਮੈਂ ਪਹਿਲਾਂ ਵੀ ਅਜਿਹਾ ਕੀਤਾ ਹੈ।” ਹੀ ਕਾਫੀ ਕੁੱਝ ਦੱਸਦਾ ਹੈ। ਫਿਲਪੀਨਜ ਵਿੱਚ “ਕਨੂੰਨ ਤੇ ਸ਼ਾਂਤੀ” ਬਣਾਈ ਰੱਖਣ ਦੇ ਨਾਮ ‘ਤੇ ਹਿੰਸਾ ਤੇ ਜ਼ਬਰ ਥੋਪਿਆ ਜਾ ਰਿਹਾ ਹੈ।

ਚੀਨ ਵਿੱਚ ਵੀ ਅੰਨ੍ਹੇ ਕੌਮਵਾਦ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਚੀਨ ਦੇ ਲੋਕਾਂ ਨੂੰ ‘ਚੀਨੀ ਸੁਪਨਾ’ ਤੇ ‘ਮਹਾਨ ਮੁੜ-ਉਭਾਰ’ ਦੇ ਜੁਮਲੇ ਵੇਚੇ ਜਾ ਰਹੇ ਹਨ, ਪੱਛਮੀ ਕਦਰਾਂ-ਕੀਮਤਾਂ ਪ੍ਰਚਾਰਨ ਵਾਲੀਆਂ ਕਿਤਾਬਾਂ ‘ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਪ੍ਰਾਇਮਰੀ ਤੋਂ ਲੈ ਕੇ ਉਚੇਰੀ ਸਿੱਖਿਆ ਵਿੱਚ “ਦੇਸ਼ਭਗਤ ਸਿੱਖਿਆ” ਲਿਆਂਦੀ ਜਾ ਰਹੀ ਹੈ। ਜਿਵੇਂ ਭਾਰਤ ਵਿੱਚ ਪਾਕਿਸਤਾਨ ਵਿਰੋਧ ਦੇ ਨਾਮ ਉੱਪਰ ਕੌਮਵਾਦ ਭੜਕਾਇਆ ਜਾਂਦਾ ਹੈ ਉਸੇ ਤਰ੍ਹਾਂ ਚੀਨ ਵਿੱਚ ਜਪਾਨ ਵਿਰੋਧ ਦੇ ਨਾਮ ‘ਤੇ ਕੌਮਵਾਦ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ ਹੈ। 2014 ਵਿੱਚ ਤਿੰਨ ਨਵੀਆਂ ਕੌਮੀ ਛੁੱਟੀਆਂ ਐਲਾਨੀਆਂ ਗਈਆਂ ਜੋ ਜਪਾਨ ਵੱਲੋਂ 1937 ‘ਚ ਕੀਤੇ ਕਤਲੇਆਮ, ਜਪਾਨ ਨਾਲ਼ ਲੜਦੇ ਮਾਰੇ ਗਿਆਂ ਦੀ ਯਾਦ ਵਿੱਚ ਸ਼ਹੀਦੀ ਦਿਨ ਤੇ ਜਪਾਨ ਉੱਪਰ ਜਿੱਤ ਦੇ ਦਿਨ ਵਜੋਂ ਮਨਾਉਣੇ ਸ਼ੁਰੂ ਕੀਤੇ ਗਏ ਹਨ। ਇਹ ਕੋਈ ਇਤਫ਼ਾਕ ਦੀ ਗੱਲ ਨਹੀਂ ਹੈ ਕਿ ਚੀਨ ਤੇ ਜਪਾਨ ਵਿਚਕਾਰ ਪੂਰਬੀ ਤੇ ਦੱਖਣੀ ਚੀਨੀ ਸਾਗਰ ਦੇ ਊਰਜਾ ਭੰਡਾਰਾਂ ਨੂੰ ਲੈ ਕੇ ਜੋਰਦਾਰ ਰੱਫ਼ੜ ਚੱਲ ਰਿਹਾ ਹੈ।

ਸੰਸਾਰ ਮੰਚ ‘ਤੇ ਅਮਰੀਕਾ ਦੇ ਵਿਰੋਧੀ ਸਾਮਰਾਜੀ ਧੜੇ ਵਜੋਂ ਉੱਭਰ ਰਹੇ ਰੂਸ ਸਿਰ ਵੀ ਅੰਨ੍ਹੇ-ਕੌਮਵਾਦ ਦਾ ਬਖ਼ਾਰ ਚੜਿਆ ਹੋਇਆ ਹੈ ਤੇ ਪੂਤਿਨ ਇਸ ਕੌਮਵਾਦ ਵਿੱਚ ਰੂਸ ਦੇ ਕੌਮੀ ਨਾਇਕ ਵਜੋਂ ਉੱਭਰਿਆ ਹੋਇਆ ਹੈ।

ਮਿਸਰ ਵਿੱਚ ਵੀ ਅਬਦਲ ਫਤਿਹ ਅਲ-ਸਿਸੀ ਵੀ ਅੰਨ੍ਹੇ-ਕੌਮਵਾਦ ਦੀ ਤਰਜ਼ ਉੱਪਰ ਚਲਦਾ ਹੋਇਆ ਆਪਣੇ-ਆਪ ਨੂੰ ਕੌਮ ਦਾ ਪਿਤਾਮਾ ਐਲਾਨ ਰਿਹਾ ਹੈ ਤੇ ਅਜਿਹਾ ਹੋਰਨਾਂ ਅਰਬ ਦੇਸ਼ਾਂ ਵਿੱਚ ਵੀ ਵਾਪਰ ਰਿਹਾ ਹੈ।

ਭਾਰਤ ਵਿੱਚ 2014 ਤੋਂ ਮੋਦੀ ਸੱਤ੍ਹਾ ਵਿੱਚ ਆ ਚੁੱਕਾ ਹੈ ਜਿਸਦੇ ਪਿੱਛੇ ਰਾਸ਼ਟਰੀ ਸਵੈਸਵੇਕ ਸੰਘ ਦੇ ਰੂਪ ਵਿੱਚ ਹਿੰਦੂ ਕੱਟੜਪੰਥ ਦਾ ਇੱਕ ਵੱਡਾ ਸਮਾਜਿਕ ਅਧਾਰ ਮੌਜੂਦ ਹੈ। ਭਾਰਤ ਉੱਪਰ ਕਾਬਜ਼ ਇਹ ਭਾਜਪਾ-ਰਸਸ ਇੱਕ ਫਾਸੀਵਾਦੀ ਵਰਤਾਰਾ ਹੈ ਜੋ ਕਿਰਤ ਕਨੂੰਨਾਂ ਨੂੰ ਕਮਜ਼ੋਰ ਕਰਨ, ਵੱਡੇ ਸਰਮਾਏ ਦੇ ਰਾਹ ਵਿੱਚੋਂ ਰੋਕਾਂ ਹਟਾਉਣ ਤੇ ਨਾਲ਼ ਹੀ ਲੋਕਾਂ ਉੱਪਰ ਪਹਿਰਾਵੇ, ਖਾਣ-ਪੀਣ, ਰਾਸ਼ਟਰੀ ਗੀਤ ਜਿਹੀਆਂ ਚੀਜ਼ਾਂ ਥੋਪਣ ਤੇ ਨੋਟਬੰਦੀ ਦੇ ਰੂਪ ਵਿੱਚ ਆਰਥਿਕ ਐਮਰਜੰਸੀ ਲਾ ਚੁੱਕਾ ਹੈ। ਭਾਰਤ ਵਿਚਲਾ ਇਹ ਫਾਸੀਵਾਦ ਯੂਰਪ ਦੇ ਸੱਜੇ ਪਿਛਾਖੜੀ ਉਭਾਰ ਨਾਲੋਂ ਬਹੁਤ ਮਜ਼ਬੂਤ ਤੇ ਖ਼ਤਰਨਾਕ ਤਾਕਤ ਹੈ।

ਸੰਸਾਰ ਪੱਧਰ ‘ਤੇ ਜੋ ਇਹ ਥੋੜੇ-ਬਹੁਤੇ ਫ਼ਰਕ ਨਾਲ਼ ਇਕਸਾਰ ਵਰਤਾਰਾ ਉੱਭਰ ਰਿਹਾ ਹੈ ਇਸਨੂੰ ਸਮਝਣਾ ਬਹੁਤ ਜਰੂਰੀ ਹੈ। ਸਿਆਸਤ, ਆਰਥਿਕਤਾ ਦਾ ਹੀ ਸੰਘਣਾ ਪ੍ਰਗਟਾਵਾ ਹੁੰਦੀ ਹੈ। ਜੋ ਕੁੱਝ ਆਰਥਿਕਤਾ ਦੇ ਖੇਤਰ ਵਿੱਚ ਚੱਲ ਰਿਹਾ ਹੁੰਦਾ ਹੈ ਉਸਦਾ ਲਾਜਮੀ ਪ੍ਰਗਟਾਵਾ ਸਿਆਸਤ ਵਿੱਚ ਹੁੰਦਾ ਹੈ। ਸਰਮਾਏਦਾਰਾ ਢਾਂਚੇ ਅੰਦਰ ਮੁਕਾਬਲਤਨ ਆਰਥਿਕ ਖੁਸ਼ਹਾਲੀ ਦੇ ਦੌਰ ਵਿੱਚ ਸੱਤ੍ਹਾ ਵੀ ਵਧੇਰੇ“ਕਲਿਆਣਕਾਰੀ” ਤੇ “ਸ਼ਾਂਤਮਈ” ਰੁਖ ਧਾਰੀ ਰੱਖਦੀ ਹੈ, ਆਰਥਿਕ ਸੰਕਟ ਦੇ ਦੌਰ ਵਿੱਚ ਸਿਆਸਤ ਰੰਗ-ਮੰਚ ‘ਤੇ ਵੱਡੀ ਉੱਥਲ-ਪੁੱਥਲ ਦਿਸਦੀ ਹੈ। ਸੰਕਟ ਦੇ ਦੌਰ ਵਿੱਚ ਸਿਆਸਤ ਵਿਚਲੀ ਉਥਲ-ਪੁਥਲ ਦੋਹਰੇ ਧਰਾਤਲ ‘ਤੇ ਨਜ਼ਰ ਆਉਂਦੀ ਹੈ। ਇੱਕ ਪਾਸੇ ਵਧਦੀ ਬੇਰੁਜਗਾਰੀ, ਬਦਹਾਲੀ ਕਾਰਨ ਲੋਕਾਂ ਵਿੱਚ ਬੇਚੈਨੀ ਤੇ ਰੋਹ ਦਾ ਮਹੌਲ ਹੁੰਦਾ ਹੈ ਤੇ ਦੂਜੇ ਪਾਸੇ ਸਰਕਾਰਾਂ ਨੂੰ ਇਸ ਸੰਕਟ ਨੂੰ ਵਕਤੀ ਤੌਰ’ਤੇ ਟਾਲਣ ਲਈ ਸਰਮਾਏਦਾਰਾਂ ਨੂੰ ਵਧੇਰੇ ਖੁੱਲ੍ਹਾਂ ਤੇ ਰਾਹਤਾਂ ਦੇਣੀਆਂ ਪੈਂਦੀਆਂ ਹਨ ਅਤੇ ਇਹਨਾਂ ਕਾਰਨ ਪੈ ਰਹੇ ਘਾਟੇ ਨੂੰ ਪੂਰਨ ਲਈ ਆਪਣੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਰਤੇ ਜਾਂਦੇ ਜਨਤਕ ਖਰਚਿਆਂ ਵਿੱਚ ਕਟੌਤੀ ਕਰਨੀ ਪੈਂਦੀ ਹੈ, ਇਸ ਤੋਂ ਬਿਨਾਂ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪਬੰਦੀਆਂ ਲਾਉਣ, ਧਿਰ ਮੱਲਣ ਤੇ ਜੰਗ ਲਾਉਣ ਦੇ ਤਿੱਖੇ ਫੈਸਲੇ ਲੈਣੇ ਪੈਂਦੇ ਹਨ। ਸੱਤ੍ਹਾ ਦੀਆਂ ਇਹ ਕਾਰਵਾਈਆਂ ਵੀ ਹੋਰ ਵੱਡੇ ਪੱਧਰ ‘ਤੇ ਲੋਕਾਂ ਵਿੱਚ ਗੁੱਸਾ ਤੇ ਬੇਚੈਨੀ ਫੈਲਾਉਣ ਦਾ ਕੰਮ ਕਰਦੀਆਂ ਹਨ। ਜਿੱਥੇ ਅਜਿਹਾ ਮਹੌਲ ਇਨਕਲਾਬੀ ਤਬਦੀਲੀ ਲਈ ਸਾਜ਼ਗਾਰ ਹਾਲਤ ਹੁੰਦਾ ਹੈ ਉੱਥੇ ਇਹ ਮਹੌਲ ਸੱਜੇ-ਪਿਛਾਖੜੀ ਉਭਾਰ ਲਈ ਵੀ ਜ਼ਰਖੇਜ ਭੋਂਇ ਦਾ ਕੰਮ ਕਰਦਾ ਹੈ। ਸੱਜੀ-ਪਿਛਾਖੜੀ ਤਾਕਤਾਂ ਉਹਨਾਂ ਨੂੰ ਕਹਿੰਦੇ ਹਨ ਜੋ ਸੱਤ੍ਹਾ ਨੂੰ ਵਧੇਰੇ ਡੰਡੇ ਦੇ ਜ਼ੋਰ ‘ਤੇ, ਵਧੇਰੇ ਤਾਨਾਸ਼ਾਹੀ ਤੇ ਵਧੇਰੇ ਬੇਰਹਿਮੀ ਨਾਲ਼ ਚਲਾਉਣ ਦੀ ਗੱਲ ਕਰਦੀਆਂ ਹਨ, ਭਾਵੇਂ ਇਹ ਤਾਕਤਾਂ ਖੁਦ ‘ਫੈਸਲਾਕੁੰਨ’, ‘ਹਿੰਮਤੀ’, ‘ਸਖਤ’ ਆਦਿ ਜਿਹੇ ਸ਼ਬਦ ਵਰਤੀਆਂ ਹਨ ਪਰ ਮਤਲਬ ਉਹੀ ਹੁੰਦਾ ਹੈ। ਆਪਣੇ ਜਨਤਕ ਅਧਾਰ ਲਈ ਇਹ ਤਾਕਤਾਂ ਲੋਕਾਂ ਵਿੱਚ ਮੌਜੂਦ ਧਾਰਮਿਕ, ਖੇਤਰੀ, ਭਾਸ਼ਾਈ, ਨਸਲੀ, ਜਾਤੀਗਤ, ਕੌਮੀ ਤੇ ਸੱਭਿਆਚਾਰਕ ਆਦਿ ਤੁਅੱਸਬਾਂ ਨੂੰ ਭੜਕਾਉਂਦੀਆਂ ਹਨ ਤੇ ਉਹਨਾਂ ਦੇ ਦਮ ‘ਤੇ ਚੰਗੀ ਜਨਤਕ ਹਮਾਇਤ ਹਾਸਲ ਕਰਦੀਆਂ ਹਨ। ਇਸ ਸਭ ਦਾ ਫਾਇਦਾ ਸਰਮਾਏਦਾਰਾ ਢਾਂਚੇ ਨੂੰ ਹੀ ਹੁੰਦਾ ਹੈ, ਉਹ ਕਿਵੇਂ? ਪਹਿਲੀ ਥਾਂ ਇਸ ਨਾਲ਼ ਲੋਕਾਂ ਵਿਚਲੇ ਤੁਅੱਸਬਾਂ ਨਾਲ਼ ਉਭਾਰੀ ਗਈ ਨਫ਼ਰਤ ਨੂੰ ਉਹਨਾਂ ਦੇ ਗੁੱਸੇ ਤੇ ਬੇਚੈਨੀ ਨੂੰ ਸਰਮਾਏਦਾਰਾ ਢਾਂਚੇ ਵੱਲ ਮੋੜਨ ਦੀ ਥਾਂ ਆਪਸ ਵਿੱਚ ਲੜਨ ਵੱਲ ਸੇਧ ਦਿੱਤਾ ਜਾਂਦਾ ਹੈ। ਦੂਜੀ ਥਾਂ ਇਹਨਾਂ ਭੜਕੇ ਤੁਅੱਸਬਾਂ ਵਿੱਚੋਂ ਪੈਦਾ ਹੋਈਆਂ ਸਿਆਸੀ ਮੰਗਾਂ ਕਾਰਨ ਲੋਕ ਅਜਿਹੀ ਤਾਕਤ ਚਾਹੁਣ ਲਗਦੇ ਹਨ ਜੋ ਵਧੇਰੇ ਸਖ਼ਤੀ ਤੇ ਵਧੇਰੇ ਧੜਵੈਲ ਤਰੀਕੇ ਨਾਲ਼ ਉਹਨਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦੇ ਯੋਗ ਹੋਵੇ। ਇਹ ਇੱਛਾ ਸੱਜੀ ਪਿਛਾਖੜੀ ਧਾਰਾ ਦੀ ਨੁਮਾਇੰਦਗੀ ਕਰਦੀ ਸਿਆਸੀ ਤਾਕਤ ਨੂੰ ਸੱਤ੍ਹਾ ਵਿੱਚ ਲਿਆਉਣ ਦਾ ਕੰਮ ਕਰਦੀ ਹੈ। ਇਸ ਤਰ੍ਹਾਂ ਸੱਤ੍ਹਾ ਵਿੱਚ ਬਿਰਾਜਮਾਨ ਹੋਈ ਇਸ ਤਾਕਤ ਜੋ ਧੜਵੈਲ, ਤਾਨਾਸ਼ਾਹ ਕਿਸਮ ਦੀ ਸਰਕਾਰ ਬਣਦੀ ਹੈ ਉਸਨੂੰ ਲੋਕਾਂ ਦੀ ਹਮਾਇਤ ਪ੍ਰਾਪਤ ਹੁੰਦੀ ਹੈ ਤੇ ਉਹ ਬਿਨਾਂ ਕਿਸੇ ਝਿਜਕ ਦੇ ਸਰਮਾਏਦਾਰ ਜਮਾਤ ਦੇ ਹੱਕ ਵਿੱਚ ਫੈਸਲੇ ਲੈਂਦੀ ਹੈ।

ਜਦੋਂ ਇਹਨਾਂ ਸੱਜੀਆਂ ਪਿਛਾਖੜੀ ਤਾਕਤਾਂ ਕੋਲ਼ ਸਿਆਸੀ ਮੰਚ ਦੇ ਨਾਲ਼-ਨਾਲ਼ ਇੱਕ ਵਿਆਪਕ ਜਥੇਬੰਦ ਸਮਾਜਿਕ ਅਧਾਰ ਵੀ ਹੋਵੇ ਜਾਤ, ਧਰਮ, ਖੇਤਰ, ਨਸਲ ਆਦਿ ਤੁਅੱਸਬਾਂ ‘ਤੇ ਟਿਕਿਆ ਹੋਵੇ ਤਾਂ ਇਹ ਇੱਕ ਫਾਸੀਵਾਦੀ ਤਾਕਤ ਬਣ ਜਾਂਦਾ ਹੈ। ਸਰਮਾਏਦਾਰੀ ਦੇ ਪਿਛਲੇ 150 ਸਾਲਾਂ ਦੇ ਇਤਿਹਾਸ ਵਿੱਚ ਇਹ ਵਾਰ-ਵਾਰ ਵਾਪਰਦਾ ਆਇਆ ਹੈ। ਜਰਮਨੀ ਵਿੱਚ ਹਿਟਲਰ ਤੇ ਇਟਲੀ ਵਿੱਚ ਮੁਸੋਲਿਨੀ ਦਾ ਉਭਾਰ ਤੇ ਭਾਰਤ ਵਿੱਚ ਮੌਜੂਦ ਹਿੰਦੂ ਕੱਟੜਪੰਥੀ ਤਾਕਤ ਕੌਮੀ ਸਵੈਸੇਵਕ ਸੰਘ (ਭਾਜਪਾ ਜਿਸਦਾ ਸਿਆਸੀ ਵਿੰਗ ਹੈ) ਫਾਸੀਵਾਦੀ ਰੁਝਾਨ ਵਾਲੀਆਂ ਤਾਕਤਾਂ ਹੀ ਹਨ। ਇਸ ਤੋਂ ਬਿਨਾਂ ਸੱਜੀਆਂ ਪਿਛਾਖੜੀ ਤਾਕਤਾਂ ਦੀ ਇਤਿਹਾਸ ਵਿੱਚ ਵੀ ਇੱਕ ਲੰਮੀ ਸੂਚੀ ਰਹੀ ਹੈ।

ਸਰਮਾਏਦਾਰੀ ਦੇ ਇਤਿਹਾਸ ਵਿੱਚ ਅਜਿਹੇ ਵਰਤਾਰੇ ਉਦੋਂ ਹੀ ਉੱਭਰਦੇ ਰਹੇ ਹਨ ਜਦੋਂ ਸਰਮਾਏਦਾਰਾ ਢਾਂਚਾ ਸੰਕਟ ਦਾ ਸ਼ਿਕਾਰ ਹੁੰਦਾ ਹੈ ਤੇ ਖੁਸ਼ਹਾਲੀ ਦੇ ਸਮੇਂ ਵਿੱਚ ਇਹ ਤਾਕਤਾਂ ਕਿਸੇ ਹਨੇਰੇ ਕੋਨੇ ਵਿੱਚ ਸੁਰੱਖਿਅਤ ਬੰਨ੍ਹ ਦਿੱਤੀਆਂ ਜਾਂਦੀਆਂ ਹਨ। ਪਰ ਅੱਜ ਸੰਸਾਰ ਪੱਧਰ ‘ਤੇ ਜੋ ਸੱਜੀਆਂ ਪਿਛਾਖੜੀ ਤੇ ਫਾਸੀਵਾਦੀ ਰੁਝਾਨ ਵਾਲੀਆਂ ਤਾਕਤਾਂ ਦਾ ਉਭਾਰ ਦਿਸ ਰਿਹਾ ਹੈ ਇਸ ਵਿੱਚ ਪਹਿਲਾਂ ਨਾਲ਼ੋਂ ਇੱਕ ਬਹੁਤ ਵੱਡਾ ਫ਼ਰਕ ਵੀ ਹੈ। ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਆਰਥਿਕ ਜੀਵਨ ਵਿੱਚ ਇਜ਼ਾਰੇਦਾਰੀਆਂ (ਆਰਥਿਕਤਾ ਦੇ ਵਿਸ਼ੇਸ਼ ਖੇਤਰਾਂ ਦਾ ਕੁੱਝ ਹੱਥਾਂ ਵਿੱਚ ਇਕੱਠੇ ਹੋਣਾ) ਦੇ ਪ੍ਰਮੁੱਖਤਾ ਅਤੇ ਵਿੱਤੀ ਸਰਮਾਏ ਦੀ ਸਰਦਾਰੀ ਦੇ ਨਾਲ਼ ਹੀ ਸਰਮਾਏਦਾਰਾ ਜਮਹੂਰੀਅਤ ਦਾ ਪਿਛਾਖੜੀ ਪੱਖ ਪ੍ਰਧਾਨ ਬਣ ਗਿਆ ਸੀ ਅਤੇ ਉਸ ਅੰਦਰ ਫਾਸੀਵਾਦੀ ਧਰਾਵਾਂ ਦਾ ਉਭਾਰ ਪੈਦਾ ਹੋਣ ਲੱਗਾ ਸੀ। ਕਿਉਂਕਿ ਵਧਦੀਆਂ ਇਜ਼ਾਰੇਦਾਰੀਆਂ ਨਾਲ਼ ਆਰਥਿਕਤਾ ਦੇ ਕੇਂਦਰਤ ਹੋਣ ਨਾਲ਼ ਸਿਆਸੀ ਮੰਚ ‘ਤੇ ਵੀ ਇਹ ਲੋੜ ਪੈਂਦੀ ਹੈ ਕਿ ਉਸਦੇ ਧੜੱਲੇ ਨਾਲ਼ ਵਧ ਰਹੇ ਮੁਨਾਫ਼ਿਆਂ ਲਈ ਸੱਤ੍ਹਾ ਮਜ਼ਦੂਰਾਂ ਦੇ ਹੱਕਾਂ ਨੂੰ ਖੋਹੇ, ਸਰਮਾਏ ਦੇ ਰਾਹ ਵਿੱਚੋਂ ਰੋਕਾਂ ਹਟਾਵੇ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਵਿਰੋਧ ਨੂੰ ਬਰਬਰਤਾ ਨਾਲ਼ ਕੁਚਲੇ। ਅਜਿਹੀ ਹਾਲਤ ਵਿੱਚ ਜਦੋਂ ਸਰਮਾਏਦਾਰਾ ਢਾਂਚਾ ਬਹੁਤੇ ਡੂੰਘੇ ਸੰਕਟ ਦਾ ਸ਼ਿਕਾਰ ਨਹੀਂ ਵੀ ਹੁੰਦਾ ਤਾਂ ਉਦੋਂ ਵੀ ਇਸ ਲਈ ਨਰਮ, ਲੋਕ-ਪੱਖੀ ਚਿਹਰਾ ਅਪਣਾਈ ਰੱਖਣਾ ਦਿਨੋਂ-ਦਿਨ ਔਖਾ ਹੁੰਦਾ ਜਾਂਦਾ ਹੈ ਤੇ ਸੰਕਟ ਦੇ ਸਮੇਂ ਵਿੱਚ ਇਹ ਵਰਤਾਰਾ ਹੋਰ ਵੀ ਖੌਫ਼ਨਾਕ ਹੋ ਜਾਂਦਾ ਹੈ।

2007 ਤੋਂ ਸ਼ੁਰੂ ਹੋਏ ਸੰਸਾਰ ਵਿਆਪੀ ਆਰਥਕ ਸੰਕਟ ਦੀ ਮਾਰ ਵਿੱਚ ਆਉਣ ਮਗਰੋਂ ਯੂਰਪ ਹਾਲੇ ਤੱਕ ਸਿੱਧਾ ਖੜ੍ਹਾ ਨਹੀਂ ਹੋ ਸਕਿਆ ਹੈ, ਬਹੁਤੇ ਯੂਰਪੀ ਦੇਸ਼ਾਂ ਦੀ ਵਿਕਾਸ ਦਰ 1-2 ਫੀਸਦੀ ਜਾਂ ਇਸਤੋਂ ਵੀ ਹੇਠਾਂ ਰੀਂਘ ਰਹੀ ਹੈ। ਬੇਰੁਜਗਾਰਾਂ, ਗਰੀਬਾਂ, ਬੇਘਰਿਆਂ ਤੇ ਦੀਵਾਲਿਆ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਕਾਫ਼ੀ ਵਧੀ ਹੈ। ਯੂਰਪ ਦਾ ਹਰ ਦੂਜਾ ਜਾਂ ਤੀਜਾ ਨੌਜਵਾਨ ਬੇਰੁਜਗਾਰ ਹੈ। ਇਸ ਹਾਲਤ ਵਿੱਚੋਂ ਨਿਕਲਣਾ ਤਾਂ ਦੂਰ ਸਗੋਂ ਇਸ ਵਰ੍ਹੇ ਇੱਕ ਹੋਰਾ ਆਰਥਿਕ ਸੰਕਟ ਮੂੰਹ ਅੱਡੀ ਖੜਾ ਹੈ ਜੋ ਤੇਲ ਦੀਆਂ ਕੀਮਤਾਂ ਸਮੇਤ ਕੌਮਾਂਤਰੀ ਮੰਡੀ ਵਿੱਚ ਅਣਕਿਆਸੇ ਉਤਾਰ-ਚੜਾਅ, ਵਧ ਰਹੇ ਕਰਜਿਆਂ, ਹੇਠਾਂ ਜਾਂਦੀ ਵਿਕਾਸ ਦਰ, ਆਰਥਕ-ਵਪਾਰਕ ਪਬੰਦੀਆਂ ਤੇ ਸਮਝੌਤਿਆਂ, ਪੁਰਾਣੇ ਗੁੱਟਾਂ ਦੇ ਉੱਧੜਨ ਤੇ ਕੁੱਝ ਨਵਿਆਂ ਦੇ ਉੱਭਰਨ ਅਤੇ ਇਲਾਕਾਈ ਜੰਗਾਂ ਤੇਜ਼ ਹੋਣ ਆਦਿ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਸੀਰੀਆ ਦੀ ਜੰਗ ਤੇ ਉਸ ਨਾਲ ਵਧ ਰਿਹਾ ਸ਼ਰਨਾਰਥੀ ਸੰਕਟ ਵੀ ਇਸੇ ਦੀ ਹੀ ਦੇਣ ਹੈ। ਇਸੇ ਸ਼ਰਨਾਰਥੀ ਸੰਕਟ ਨੂੰ ਅੱਜ ਯੂਰਪ ‘ਚ ਸੱਜੇ-ਪਿਛਾਖੜੀ ਉਭਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਅਸਲ ਕਾਰਨ ਸਰਮਾਏਦਾਰੀ ਦਾ ਢਾਂਚਾਗਤ ਆਰਥਿਕ ਸੰਕਟ ਹੈ। ਇਸ ਤਰ੍ਹਾਂ ਸੰਕਟ ਅੱਜ ਸੰਸਾਰ ਸਰਮਾਏਦਾਰੀ ਲਈ ਇੱਕ ਤਰ੍ਹਾਂ ਦਾ ਸਥਾਈ ਵਰਤਾਰਾ ਬਣਦਾ ਜਾ ਰਿਹਾ ਹੈ ਜਿਸਦੇ ਖ਼ਤਮ ਹੋਣ ਦੀ ਤੇ ਸਰਮਾਏਦਾਰਾ ਢਾਂਚੇ ਦੇ ਖੁਸ਼ਹਾਲੀ ਦਾ ਦੌਰ ਮੁੜ ਦੇਖਣ ਦੀ ਕੋਈ ਉਮੀਦ ਨਹੀਂ ਦਿਸਦੀ। ਇਸਦਾ ਪ੍ਰਗਟਾਵਾ ਸਿਆਸਤ ‘ਚ ਵੀ ਹੋ ਰਿਹਾ ਹੈ ਤੇ ਸਿਆਸੀ ਮੰਚ ‘ਤੇ ਵੀ ਲਗਾਤਾਰ ਆਪਣਾ ਜਮਹੂਰੀਅਤ ਦਾ ਮਖ਼ੌਟਾ ਲਾਹ ਕੇ ਸਿੱਧਾ ਸਰਮਾਏ ਦੀ ਸੇਵਾ ਵਿੱਚ ਆਉਣ ਵਾਲੀਆਂ ਸੱਜੀ-ਪਿਛਾਖੜੀ ਤੇ ਫਾਸੀਵਾਦੀ ਸਿਆਸਤਾਂ ਵੀ ਆਪਣਾ ਸਿਰ ਚੁੱਕ ਰਹੀਆਂ ਹਨ। ਜਿਵੇਂ ਕਿ ਅਸੀਂ ਕਿਹਾ ਹੈ ਕਿ ਇਹ ਸੰਕਟ ਵੀ ਇੱਕ ਸਥਾਈ ਵਰਤਾਰਾ ਹੈ ਤੇ ਇਸ ਵਿੱਚੋਂ ਕੋਈ ਰਾਹਤ ਨਹੀਂ ਮਿਲਣੀ ਉਸੇ ਤਰ੍ਹਾਂ ਸਿਆਸੀ ਮੰਚ ਉੱਪਰ ਹੀ ਸੱਤ੍ਹਾ ਦਾ ਨੰਗੀ-ਚਿੱਟੀ ਤਾਨਾਸ਼ਾਹੀ ਵਾਲਾ ਇਹ ਰੂਪ ਇੱਕ ਸਥਾਈ ਵਰਤਾਰਾ ਬਣਦਾ ਜਾ ਰਿਹਾ ਹੈ।

ਇਤਿਹਾਸ ਦਾ ਇਹ ਸਬਕ ਵੀ ਅਟੱਲ ਹੀ ਹੈ ਕਿ ਸਰਮਾਏ ਦੀ ਸੇਵਾ ਵਿੱਚ ਨਿੱਤਰੀਆਂ ਇਹਨਾਂ ਸੱਜੀਆਂ ਪਿਛਾਖੜੀ ਤੇ ਫਾਸੀਵਾਦੀ ਤਾਕਤਾਂ ਨੂੰ ਟੱਕਰ ਦੇਣਾ ਸਰਮਾਏ ਦੇ ਨਰਮ ਧੜੇ ਦੇ ਵੱਸ ਦੀ ਗੱਲ ਨਹੀਂ ਹੈ। ਅੱਜ ਸੱਜੇ ਪਿਛਾਖੜੀ ਉਭਾਰ ਦੀ ਚਰਚਾ ਕਰਨ ਵਾਲ਼ੇ ਬੁੱਧੀਜੀਵੀ ਇਸ ਗੱਲ ਨੂੰ ਨਹੀਂ ਸਮਝਦੇ। ਉਹ ਇਸਦਾ ਬਦਲ ਸਰਮਾਏ ਦੇ ਨਰਮ ਧੜੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜੋ ਸੱਤ੍ਹਾ ਵਿੱਚ ਨਰਮਾਈ ਅਪਣਾਉਂਦਿਆਂ ਲੋਕਾਂ ਨੂੰ ਆਰਥਿਕ, ਜਨਤਕ ਖੇਤਰ ਵਿੱਚ ਵਧੇਰੇ ਸਹੂਲਤਾਂ ਦੇਵੇ, ਪਰ ਹੁਣ ਅਜਿਹੀ ਵਾਪਸੀ ਸੰਭਵ ਨਹੀਂ ਹੈ। ਆਪਣੇ ਇਸੇ ਭਰਮ ਤੇ ਟਰੰਪ ਦੇ ਖੌਫ਼ ਵਿੱਚੋਂ ਅੱਜ ਅਨੇਕਾਂ ਬੁੱਧੀਜੀਵੀਆਂ ਨੂੰ ਓਬਾਮਾ ਚੰਗਾ ਵਿਖਾਈ ਦੇਣ ਲੱਗ ਪਿਆ ਹੈ। ਮੁੱਕਦੀ ਗੱਲ ਅੱਜ ਸੰਸਾਰ ਦੇ ਕਿਸੇ ਵੀ ਹਿੱਸੇ ‘ਚ ਚੋਣਾਂ ਰਾਹੀਂ ਇਹਨਾਂ ਨਿਰੰਕੁਸ਼ ਤਾਕਤਾਂ ਦਾ ਬਦਲ ਨਹੀਂ ਲੱਭਿਆ ਜਾ ਸਕਦਾ। ਜੇ ਕੋਈ ਐਲਾਨੀਆ ਤੌਰ ‘ਤੇ ਵੱਖਰੇ ਵਿਚਾਰਾਂ ਵਾਲ਼ੀ ਪਾਰਟੀ ਕਿਤੇ ਸੱਤ੍ਹਾ ਵਿੱਚ ਆਉਂਦੀ ਵੀ ਹੈ ਤਾਂ ਉਹ ਵੀ ਆਰਥਿਕ ਤੇ ਸਿਆਸੀ ਜੀਵਨ ਵਿੱਚ ਇਹਨਾਂ ਨੀਤੀਆਂ ਤੋਂ ਪਰ੍ਹੇ ਹੋ ਕੇ ਨਹੀਂ ਚੱਲ ਸਕਦੀ। ਸਰਮਾਏ ਦੇ ਸੰਸਾਰੀਕਰਨ ਦੇ ਇਸ ਦੌਰ ਵਿੱਚ ਕਿਸੇ ਇੱਕ ਦੇਸ਼ ਲਈ ਪੂਰੇ ਸੰਸਾਰ ਨਾਲੋਂ ਟੁੱਟ ਕੇ ਕਿਸੇ ਤਰ੍ਹਾਂ ਦੀਆਂ ਲੋਕ-ਪੱਖੀ ਤੇ ਸਰਮਾਏ ਵਿਰੋਧੀ (ਭਾਵੇਂ ਸਰਮਾਏਦਾਰਾਂ ਢਾਂਚੇ ਦੀਆਂ ਸ਼ਰਤਾਂ ਅੰਦਰ ਹੀ ਵਿਰੋਧੀ) ਨੀਤੀਆਂ ਅਪਣਾ ਸਕਣਾ ਸੰਭਵ ਨਹੀਂ ਹੈ। ਅੱਜ ਇਹਨਾਂ ਤਾਕਤਾਂ ਨੂੰ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਜਥੇਬੰਦ ਹੋਈ ਲੋਕਾਂ ਦੀ ਤਾਕਤ ਹੀ ਟੱਕਰ ਦੇ ਸਕਦੀ ਹੈ। ਆਰਥਿਕ ਸੰਕਟ ਤੇ ਫਾਸੀਵਾਦੀ ਰੁਝਾਨਾਂ ਦੇ ਸਥਾਈ ਵਰਤਾਰਾ ਬਣਦੇ ਜਾਣ ਕਾਰਨ ਮਜ਼ਦੂਰ ਜਮਾਤ ਦੀ ਯੁੱਧਨੀਤੀ ਵਿੱਚ ਵੀ ਫਾਸੀਵਾਦ ਵਿਰੋਧੀ ਟਾਕਰੇ ਦਾ ਮਤਲਬ ਸਮੁੱਚੇ ਸਰਮਾਏਦਾਰਾ ਢਾਂਚੇ ਦਾ ਖ਼ਾਤਮਾ ਹੋਵੇਗਾ। ਸੰਸਾਰ ਮੰਚ ‘ਤੇ ਸਰਮਾਏਦਾਰਾ ਸੱਤ੍ਹਾ ਦਾ ਇਹ ਜ਼ਾਬਰ, ਨਿਰੰਕੁਸ਼ ਤੇ ਲੋਕ-ਵਿਰੋਧੀ ਹੋ ਰਿਹਾ ਕਿਰਦਾਰ ਇਸਦੇ ਅੰਤਲੇ ਦਿਨਾਂ ਦੀ ਬੌਖ਼ਲਾਹਟ ਨੂੰ ਹੀ ਦਰਸਾਉਂਦਾ ਹੈ। ਇਸ ਬੌਖ਼ਲਾਹਟ ਵਿੱਚ ਇਹ ਸੱਚਾ ਡਰ ਸਾਫ਼ ਦਿਸਦਾ ਹੈ ਕਿ ਭਵਿੱਖ ਮਜ਼ਦੂਰ ਜਮਾਤ ਦਾ ਹੀ ਹੋਵੇਗਾ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements