ਸੰਸਾਰ ਭਰ ‘ਚ ਵਧ ਰਿਹਾ ਆਰਥਿਕ ਪਾੜਾ : ਸਰਮਾਏਦਾਰਾ ਢਾਂਚੇ ਦੀ ਨੇੜੇ ਆਉਂਦੀ ਮੌਤ ਦੀ ਘੰਟੀ •ਇਨਜਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਜਗੀਰੂ ਪ੍ਰਬੰਧ ਦੀ ਥਾਂ ਸਰਮਾਏਦਾਰੀ ਪ੍ਰਬੰਧ ਹੋਂਦ ‘ਚ ਆਇਆ ਤਾਂ ਬੁਰਜੂਆ ਵਿਚਾਰਕਾਂ ਨੇ ਅਲੱਗ-ਅਲੱਗ ਨਾਂ ਦੇ ਕੇ ਇਸਦੀ ਜੈ-ਜੈ ਕਾਰ ਕੀਤੀ। ਕਿਸੇ ਨੇ ਇਸਨੂੰ ਲੋਕਤੰਤਰ ਭਾਵ ਲੋਕ-ਸਮੂਹ ਦਾ ਪ੍ਰਬੰਧ ਦੱਸਿਆ ਤੇ ਕਿਸੇ ਨੇ ‘ਲੋਕਾਂ ਦਾ, ਲੋਕਾਂ ਲਈ ਤੇ ਲੋਕਾਂ ਦੁਆਰਾ’ ਸੱਤ੍ਹਾ ਕਹਿ ਕੇ ਪ੍ਰਚਾਰਿਆ। ਉਸ ਵਕਤ ਲੋਕਾਂ ਨੂੰ ਇਹ ਗੱਲਾਂ ਜਚਦੀਆਂ ਵੀ ਸਨ ਕਿਉਂਕਿ ਜਗੀਰੂ ਪ੍ਰਬੰਧ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਅਜ਼ਾਦੀ ਨਹੀਂ ਸੀ ਦਿੰਦਾ, ਲੋਕਾਂ ਨੂੰ ਪੜ੍ਹਨ- ਲਿਖਣ ਦਾ ਕੋਈ ਹੱਕ ਨਹੀਂ ਸੀ ਦਿੰਦਾ। ਔਰਤਾਂ ਦੀ ਹਾਲਤ ਤਾਂ ਬਦ ਤੋਂ ਵੀ ਬਦਤਰ ਸੀ ਕਿਉਂਕਿ ਉਹ ਘਰਾਂ ਦੀ ਚਾਰ-ਦਿਵਾਰੀ ਅੰਦਰ ਗੁਲਾਮਾਂ ਵਰਗਾ ਜੀਵਨ ਬਤੀਤ ਕਰਦੀਆਂ ਸਨ। ਸਰਮਾਏਦਾਰਾ ਪ੍ਰਬੰਧ ਨੇ ਲੋਕਾਂ ਨੂੰ ਪੜ੍ਹਨ-ਲਿਖਣ, ਆਪਣੇ ਕਿੱਤੇ ਦੀ ਚੋਣ ਕਰਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਆਦਿ ਅਜ਼ਾਦੀਆਂ ਦਿੱਤੀਆਂ ਤੇ ਔਰਤਾਂ ਨੂੰ ਵੀ ਇੱਕ ਹੱਦ ਤੱਕ ਘਰਾਂ ਦੇ ਚੁੱਲ੍ਹੇ-ਚੌਂਕੇ ਦੇ ਕੰਮਾਂ ਚੋਂ ਨਿਕਲ਼ ਕੇ ਆਪਣਾ ਬੌਧਿਕ ਵਿਕਾਸ ਕਰਨ, ਘਰੋਂ ਬਾਹਰ ਜਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਲੋਕਾਂ ਦੇ ਖੇਤੀ ਦੇ ਧੰਦੇ ਵਿੱਚੋਂ ਵਿਹਲੇ ਹੋਣ ਕਰਕੇ ਸੱਨਅਤ ਅਤੇ ਸੇਵਾ ਖੇਤਰ ਦਾ ਅਥਾਹ ਵਿਕਾਸ ਹੋਇਆ। ਇਸ ਕਰਕੇ ਲੋਕਾਂ ਨੂੰ ਵੱਡੇ ਪੱਧਰ ‘ਤੇ ਇੱਕ ਤਰ੍ਹਾਂ ਅਜ਼ਾਦ ਰੁਜਗਾਰ ਮੁਹੱਈਆ ਹੋਣ ਨਾਲ਼ ਲੋਕਾਂ ‘ਚ ਆਰਥਿਕ ਖੁਸ਼ਹਾਲੀ ਆਈ ਅਤੇ ਆਰਥਿਕ ਖੁਸ਼ਹਾਲੀ ਕਾਰਨ ਪੈਸੇ ਦੇ ਫ਼ੈਲਾਅ ਨਾਲ ਜਮਹੂਰੀਅਤ ਦਾ ਫ਼ੈਲਾਅ ਵੀ ਹੋਇਆ ਅਤੇ ਬੇਸ਼ੁਮਾਰ ਨਵੇਂ-ਨਵੇਂ ਕਿੱਤੇ ਹੋਂਦ ਵਿੱਚ ਆਏ ਜਿਸ ਕਰਕੇ ਪੈਦਾਵਾਰੀ ਤਾਕਤਾਂ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਕਿਤੇ ਅੱਗੇ ਚਲਾ ਗਿਆ।

ਪਰ ਸਰਮਾਏਦਾਰੀ ਦੀ ਇਹ ਅਗਾਂਹਵਧੂ ਭੂਮਿਕਾ ਬਹੁਤਾ ਸਮਾਂ ਆਪਣੀ ਲਗਾਤਾਰਤਾ ਕਾਇਮ ਨਾ ਰੱਖ ਸਕੀ। ਆਪਣੇ ਜਨਮ ਤੋਂ ਹੀ ਇਸਨੇ ਆਪਣੇ ਮਾਰੂ ਪੱਖਾਂ ਨੂੰ ਵੀ ਉਘਾੜਨਾ ਸ਼ੁਰੂ ਕਰ ਦਿੱਤਾ। ਸਾਮਰਾਜ ਦੇ ਦੌਰ ਵਿੱਚ ਪਹੁੰਚਦਿਆਂ ਇਹ ਆਪਣੇ ਉਲਟ ਵਿੱਚ ਬਦਲਨੀ ਸ਼ੁਰੂ ਹੋ ਗਈ। ਜਦੋਂ ਵੱਡੀਆਂ ਇਜ਼ਾਰੇਦਾਰੀਆਂ ਹੋਂਦ ਵਿੱਚ ਆਈਆਂ ਤਾਂ ਸਰਮਾਏਦਾਰੀ ਦੇ ਵੱਡੇ ਮਗਰਮੱਛਾਂ ਨੇ ਛੋਟੀਆਂ ਮੱਛੀਆਂ ਨੂੰ ਹੜੱਪਦਿਆਂ ਕਿਰਤੀ ਲੋਕਾਂ ਦੀ ਲੁੱਟ ‘ਚ ਅਥਾਹ ਵਾਧਾ ਕੀਤਾ। ਇਸਦੀ ਬਦੌਲਤ ਆਮ ਕਿਰਤੀ ਲੋਕਾਂ ਤੇ ਮੱਧਵਰਗੀ ਅਬਾਦੀ ਦਾ ਉਜਾੜਾ ਇੱਕ ਆਮ ਵਰਤਾਰਾ ਬਣ ਗਿਆ ਜਿਸ ਕਰਕੇ ਅੱਜ ਕਿਰਤੀ-ਮਜ਼ਦੂਰ ਅਬਾਦੀ ਦਾ ਜੀਵਨ ਪੱਧਰ ਲਗਾਤਾਰ ਬਹੁਤ ਤੇਜ਼ ਰਫ਼ਤਾਰ ਨਾਲ਼ ਹੇਠਾਂ ਡਿੱਗਦਾ ਜਾ ਰਿਹਾ ਹੈ। ਛੋਟੇ-ਮੋਟੇ ਧੰਦਿਆਂ ‘ਚ ਲੱਗੇ ਲੋਕ ਲਗਾਤਾਰ ਆਪਣੇ ਧੰਦੇ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਛੋਟੇ ਕਿਸਾਨ ਮਾਲਕ ਦਿਨੋਂ-ਦਿਨ ਜਮੀਨ ਤੋਂ ਵਿਹਲੇ ਹੋ ਕੇ ਲਗਾਤਾਰ ਮਜ਼ਦੂਰਾਂ ਦੀਆਂ ਸਫ਼ਾਂ ਵਿੱਚ ਸ਼ਾਮਲ ਹੋ ਰਹੇ ਹਨ। ਨਵੇਂ ਕਿਰਤ ਕਨੂੰਨਾਂ ਜਰੀਏ ਮਜ਼ਦੂਰ ਜੋ ਪਹਿਲਾਂ ਹੀ ਬੇਹੱਦ ਘਟੀਆ ਜਿੰਦਗੀ ਜਿਉਂ ਰਿਹਾ ਹੈ ਉਸਦਾ ਹੋਰ ਖੂਨ ਨਿਚੋੜਿਆ ਜਾ ਰਿਹਾ ਹੈ।

ਭਾਵ ਸਰਮਾਏਦਾਰੀ ਜਿਸ ਇਤਿਹਾਸਕ ਗਤੀ ਕਾਰਨ ਜਗੀਰਦਾਰੀ ਪ੍ਰਬੰਧ ਨੂੰ ਖ਼ਤਮ ਕਰਕੇ ਆਈ ਸੀ ਅੱਜ ਖੁਦ ਉਸੇ ਇਤਿਹਾਸਕ ਗਤੀ ਕਾਰਨ, ਆਪਣੀਆਂ ਹੱਲ ਨਾ ਹੋਣ ਵਾਲੀਆਂ ਵਿਰੋਧਤਾਈਆਂ ਕਾਰਨ ਉਸੇ ਜਗ੍ਹਾ ਪਹੁੰਚ ਗਈ ਜਿੱਥੋਂ ਇਸਨੇ ਜਗੀਰਦਾਰੀ ਪ੍ਰਬੰਧ ਨੂੰ ਦੁਨੀਆਂ ਦੇ ਰੰਗ-ਮੰਚ ਤੋਂ ਵਿਦਾ ਕੀਤਾ ਸੀ। ਸਰਮਾਏਦਾਰੀ ਦੀ ਇਸ ਹੋਣੀ ਦੀ ਚਰਚਾ ਮਾਰਕਸ ਤੇ ਏਂਗਲਜ ਨੇ ਕਮਿਊਨਿਸਟ ਮੈਨੀਫੈਸਟੋ ਵਿੱਚ ਕੀਤੀ ਸੀ, “ਜਿਨ੍ਹਾਂ ਹਥਿਆਰਾਂ ਨਾਲ਼ ਬੁਰਜੂਆਜੀ ਨੇ ਜਗੀਰਦਾਰੀ ਨੂੰ ਧਰਤੀ ‘ਤੇ ਪਟਕਿਆ ਸੀ ਉਹ ਖੁਦ ਬੁਰਜੂਆਜੀ ਵਿਰੁੱਧ ਮੋੜ ਦਿੱਤੇ ਜਾਂਦੇ ਹਨ।

ਪਰ ਬੁਰਜੂਆਜੀ ਨੇ ਨਾ ਸਿਰਫ਼ ਉਹ ਹਥਿਆਰ ਹੀ ਬਣਾਏ ਹਨ ਜਿਹੜੇ ਇਸਦੀ ਮੌਤ ਦਾ ਕਾਰਨ ਬਣਦੇ ਹਨ ਸਗੋਂ ਇਸਨੇ ਉਹਨਾਂ ਲੋਕਾਂ ਨੂੰ ਵੀ ਹੋਂਦ ‘ਚ ਲਿਆਂਦਾ ਹੈ ਜਿਹਨਾਂ ਨੇ ਇਹ ਹਥਿਆਰ ਇਸਦੇ ਵਿਰੁੱਧ ਵਰਤਣੇ ਹਨ, ਭਾਵ ਕਿਰਤੀ ਜਮਾਤ ਮਜ਼ਦੂਰ ਜਮਾਤ ਨੂੰ।”

ਲਗਭਗ 1980 ਤੋਂ ਪੂਰੇ ਸੰਸਾਰ ‘ਚ ਜੋਰ-ਸ਼ੋਰ ਨਾਲ਼ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੌਰਾਨ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਸਰਮਾਏਦਾਰ ਜਮਾਤ ਨੇ ਆਪਣਾ ਕੀਨਜ਼ਵਾਦੀ ‘ਕਲਿਆਣਕਾਰੀ’ ਰਾਜ ਦਾ ਮਖ਼ੌਟਾ ਲਾਹ ਮਾਰਿਆ। ਭਾਵ ਰਾਜਸੱਤ੍ਹਾ ਦੁਆਰਾ ਸਿਹਤ ਅਤੇ ਸਿੱਖਿਆ ਜਿਹੇ ਬੁਨਿਆਦੀ ਖੇਤਰਾਂ ਵਿੱਚੋਂ ਵੀ ਹੱਥ ਪਿੱਛੇ ਖਿੱਚ ਕੇ ਜਿੱਥੇ ਲੋਕਾਂ ਨੂੰ ਸਰਮਾਏਦਾਰੀ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਗਿਆ ਉੱਥੇ ਸਰਮਾਏਦਾਰੀ ਦੇ ਘੋੜੇ ਨੂੰ ਵੀ ਬੇਲਗਾਮ ਕਰਕੇ ਦੁਨੀਆ ਦੀ ਵੱਡੀ ਬਹੁ-ਗਿਣਤੀ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਗਿਆ। ਜਿਸਦਾ ਨਤੀਜਾ ਦੁਨੀਆਂ ਦਾ ਤੇਜ਼ ਧਰੁਵੀਕਰਨ, ਭਾਵ ਇੱਕ ਪਾਸੇ ਮੁੱਠੀ ਭਰ ਧਨਪਸ਼ੂਆਂ ਕੋਲ਼ ਦੌਲਤ ਦੇ ਅੰਬਾਰ ਲੱਗ ਗਏ ਅਤੇ ਦੂਜੇ ਪਾਸੇ ਦੁਨੀਆਂ ਦੀ ਵੱਡੀ ਗਿਣਤੀ ਅਬਾਦੀ ਨੂੰ ਘੋਰ ਗਰੀਬੀ ਵਿੱਚ ਸੁੱਟ ਦਿੱਤਾ ਗਿਆ ਅਤੇ ਇਹ ਵਰਤਾਰਾ ਲਗਾਤਾਰ ਤੇਜ਼ੀ ਨਾਲ਼ ਅੱਗੇ ਹੀ ਅੱਗੇ ਵਧ ਰਿਹਾ ਹੈ।

ਅਮੀਰ-ਗਰੀਬ ਵਿੱਚ ਵਧ ਰਹੇ ਪਾੜੇ ਤੋਂ ਖੁਦ ਸਰਮਾਏਦਾਰਾ ਅਰਥਸਾਸ਼ਤਰੀ, ਬੁੱਧੀਜੀਵੀ ਵੀ ਹਮੇਸ਼ਾ ਭੈ-ਭੀਤ ਰਹਿੰਦੇ ਹਨ। ਪਿਛਲੇ ਕਈ ਸਾਲਾਂ ਤੋਂ ‘ਵਿਸ਼ਵ ਆਰਥਿਕ ਮੰਚ’ ਵੱਲੋਂ ਸਰਮਾਏਦਾਰਾ ਢਾਂਚੇ ਲਈ ਪੈਦਾ ਹੋ ਰਹੇ ਖ਼ਤਰਿਆਂ ਤੋਂ ਬਚਾਅ ਲਈ ਹਰ ਸਾਲ ਦੁਨੀਆਂ ਭਰ ਦੇ ਅਨੇਕਾਂ ਵੱਡੇ ਸਰਮਾਏਦਾਰਾ ਬੁੱਧੀਜੀਵੀਆਂ, ਅਰਥਸਾਸ਼ਤਰੀਆਂ, ਸਿਆਸਤਦਾਨਾਂ ਤੇ ਪੱਤਰਕਾਰਾਂ ਦੀ ਇੱਕ ਬੈਠਕ ਰੱਖੀ ਜਾਂਦੀ ਹੈ ਜਿਸ ਵਿੱਚ ਹਾਕਮ ਜਮਾਤਾਂ ਲਈ ਦਰਪੇਸ਼ ਖ਼ਤਰਿਆਂ ਦੀ ਚਰਚਾ ਕੀਤੀ ਜਾਂਦੀ ਹੈ। ਇਹਨਾਂ ਖ਼ਤਰਿਆਂ ਵਿੱਚ ਤੇਜ਼ੀ ਨਾਲ਼ ਵਧ ਰਿਹਾ ਆਰਥਿਕ ਪਾੜਾ ਸਭ ਤੋਂ ਵੱਡਾ ਖਤਰਾ ਹੈ।

ਇਸ ਵਾਰ ਦੀ ‘ਦਾਵੋਸ’ ਸਲਾਨਾ ਬੈਠਕ (17 ਤੋਂ 20 ਜਨਵਰੀ) ਤੋਂ ਪਹਿਲਾਂ ‘ਆਕਸਫੈਮ’ ਨੇ ਇੱਕ ਰਿਪੋਰਟ ਜਾਰੀ ਕਰਕੇ ਸੰਸਾਰ ਦੇ ਧਨਾਢਾ, ਸਰਮਾਏਦਾਰਾ ਬੌਧਿਕ ਚਾਕਰਾਂ ਨੂੰ ਸਾਵਧਾਨ ਕਰਨ ਦੇ ਨਾਲ਼-ਨਾਲ਼ ਦੁਨੀਆਂ ਨੂੰ ਹੈਰਾਨ ਕੀਤਾ ਹੈ ਤੇ ਮੌਜੂਦਾ ਸਰਮਾਏਦਾਰਾ ਨਿਜ਼ਾਮ ਦੇ ਹੋਰ ਵਧੇਰੇ ਪਰਜੀਵੀ, ਨਿਘਾਰਮੁਖੀ ਤੇ ਮਨੁੱਖਦੋਖੀ ਹੋਣ ਦਾ ਸਬੂਤ ਦਿੱਤਾ ਹੈ।

ਆਕਸਫੈਮ ਨੇ ਨਵੀਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਸੰਸਾਰ ਦੇ ਸਿਖ਼ਰਲੇ 8 ਧਨਾਢਾਂ ਕੋਲ਼ ਹੇਠਲੀ ਅੱਧੀ ਅਬਾਦੀ, ਭਾਵ 360 ਕਰੋੜ ਅਬਾਦੀ ਜਿੰਨੀ ਦੌਲਤ ਹੈ। ਇਹ ਵੀ ਦੱਸ ਦੇਈਏ ਕਿ ਆਕਸਫੈਮ ਹਰ ਸਾਲ ਅਜਿਹੀ ਰਿਪੋਰਟ ਜਾਰੀ ਕਰਦੀ ਹੈ ਇਸ ਮੁਤਾਬਕ 2010 ‘ਚ ਸਿਖ਼ਰਲੇ 388 ਕੋਲ਼ ਹੇਠਲੀ ਅੱਧੀ ਅਬਾਦੀ ਜਿੰਨੀ ਦੌਲਤ ਸੀ ਤੇ 2014 ‘ਚ 85 ਕੋਲ਼, 2015 ‘ਚ 80 ਕੋਲ਼ ਤੇ 2016 ‘ਚ 62 ਕੋਲ਼ ਅੱਧੀ ਅਬਾਦੀ ਜਿੰਨੀ ਦੌਲਤ ਸੀ ਤੇ ਹੁਣ ਆਰਥਿਕ ਧਰੁਵੀਕਰਨ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਸਿਰਫ 8 ਜਣਿਆਂ ਕੋਲ਼ ਹੇਠਲੀ ਅੱਧੀ ਅਬਾਦੀ ਜਿੰਨੀ ਦੌਲਤ ਹੈ।

ਹੇਠਲੀ ਅੱਧੀ ਅਬਾਦੀ ਦੀ ਜਾਇਦਾਦ 2010 ਤੋਂ 2015 ਤੱਕ ਵਧਣ ਦੀ ਬਜਾਏ 38 ਫੀਸਦੀ ਘਟ ਗਈ ਜੋ ਕਿ 10 ਖਰਬ ਡਾਲਰ ਬਣਦੀ ਹੈ, ਮਤਲਬ ਇਹ ਅਬਾਦੀ ਹੋਰ ਗਰੀਬ ਹੋ ਗਈ ਹੈ। ਜਦਕਿ ਸਿਖਰਲੇ 62 ਅਮੀਰਾਂ ਦੀ ਜਾਇਦਾਦ ਇਸੇ ਦੌਰ ਵਿੱਚ 12.5 ਖ਼ਰਬ ਡਾਲਰ ਵਧ ਗਈ।

ਉੱਪਰਲੀ 1 ਫੀਸਦੀ ਅਬਾਦੀ ਕੋਲ਼ 48 ਫੀਸਦੀ ਦੌਲਤ ਹੈ ਤੇ ਅਗਲੀ 19 ਫੀਸਦੀ ਅਬਾਦੀ ਕੋਲ਼ 46 ਫੀਸਦੀ। ਮਤਲਬ ਉੱਪਰੀ 20 ਫੀਸਦੀ ਅਬਾਦੀ ਕੋਲ਼ 94 ਫੀਸਦੀ ਤੋਂ ਵੱਧ ਦੌਲਤ ਤੇ ਹੇਠਲੀ 80 ਫੀਸਦੀ ਅਬਾਦੀ ਕੋਲ਼ 6 ਫੀਸਦੀ ਤੋਂ ਘੱਟ ਦੌਲਤ ਹੈ।

ਇਸ ਰਿਪੋਰਟ ਵੱਲੋਂ ਭਾਰਤ ਸਬੰਧੀ ਜਾਰੀ ਕੀਤੇ ਅੰਕੜੇ ਵੀ ਬਹੁਤ ਵੱਖਰੇ ਨਹੀਂ ਹਨ। ਭਾਰਤ ਵਿੱਚ ਸਿਖ਼ਰਲੇ 1 ਫੀਸਦੀ ਲੋਕਾਂ ਕੋਲ਼ 58 ਫੀਸਦੀ ਜਾਇਦਾਦ ਹੈ। ਮਤਲਬ ਭਾਰਤ ਦੇ ਕੁੱਲ 133 ਕਰੋੜ ਲੋਕਾਂ ਵਿੱਚੋਂ ਸਿਰਫ਼ 1ਕਰੋੜ 33 ਲੱਖ ਲੋਕਾਂ ਕੋਲ਼ 122 ਲੱਖ 26 ਹਜ਼ਾਰ 400 ਕਰੋੜ ਰੁਪਏ ਦੀ ਜਾਇਦਾਦ ਹੈ। ਜਦਕਿ ਬਾਕੀ ਦੇ 131 ਕਰੋੜ 67 ਲੱਖ ਲੋਕਾਂ ਕੋਲ਼ 88 ਲੱਖ 53 ਹਜ਼ਾਰ 600 ਕਰੋੜ ਰੁਪਏ ਦੀ ਜਾਇਦਾਦ ਹੈ।

ਇੱਥੇ ਧਿਆਨ ਰਹੇ ਕਿ ‘ਆਕਸਫੈਮ’ ਦੇ ਇਹਨਾਂ ਰਿਪੋਰਟਾਂ ਜਾਰੀ ਕਰਨ ਦਾ ਮਕਸਦ ਮੌਜੂਦਾ ਨਿਜ਼ਾਮ ਦੇ ਮਨੁੱਖਦੋਖੀ ਪੱਖ ਨੂੰ ਉਘਾੜਨਾ ਨਹੀਂ ਹੈ ਸਗੋਂ ਧਨਾਢਾਂ ਨੂੰ ‘ਸਮਝਾਉਣਾ’ ਹੈ ਕਿ ਭਾਈ ਆਪਣਾ ਲਾਲਚ ਥੋੜਾ ਘਟਾ ਲਵੋ, ਲੋਕਾਂ ਨੂੰ ਵੀ ਕੁੱਝ ਬੁਰਕੀਆਂ ਪਾ ਦਿਓ ਨਹੀਂ ਤਾਂ ਇੱਕ ਦਿਨ ਲੋਕਾਂ ਦੇ ਹੜ੍ਹ ਨੇ ਤੁਹਾਡਾ ਤਖ਼ਤ ਉਲਟਾ ਦੇਣਾ ਹੈ।

ਇਹ ਪਾੜਾ ਵਿਖਾਉਂਦਾ ਹੈ ਕਿ ਕਮਿਊਨਿਸਟ ਮੈਨੀਫੈਸਟੋ ਵਿੱਚ ਲਿਖੇ ਕਥਨ ਸੱਚ ਸਾਬਤ ਹੋ ਰਹੇ ਹਨ। ਵੱਧ ਤੋਂ ਵੱਧ ਦੌਲਤ ਇਕੱਠੀ ਕਰਨ ਉੱਪਰ ਟਿਕਿਆ ਮੌਜੂਦਾ ਸਰਮਾਏਦਾਰਾ ਢਾਂਚਾ ਆਪਣੇ ਨਾਲ਼ ਮਾਰੂ ਹੱਦ ਤੱਕ ਆਰਥਿਕ ਪਾੜਾ ਲਿਆ ਰਿਹਾ ਹੈ ਤੇ ਆਪਣੀ ਕਬਰਪੁੱਟ ਮਜ਼ਦੂਰ ਜਮਾਤ ਦੀ ਵਿਸ਼ਾਲ ਫੌਜ ਪੈਦਾ ਕਰ ਰਿਹਾ ਹੈ। ਇਸ ਤਰ੍ਹਾਂ ਇਹ ਆਪਣਾ ਅਗਾਂਹਵਧੂ ਖਾਸਾ ਗਵਾ ਕੇ ਸਮਾਜ ਲਈ ਇੱਕ ਘਾਤਕ ਮਰਜ ਬਣ ਚੁੱਕਾ ਹੈ। ਜਿਵੇਂ ਆਪਣੇ ਜਨਮ ਸਮੇਂ ਇਸਨੇ ਮਨੁੱਖਤਾ ਉੱਪਰ ਬੋਝ ਬਣ ਚੁੱਕੇ ਜਗੀਰੂ ਢਾਂਚੇ ਨੂੰ ਤਬਾਹ ਕੀਤਾ ਸੀ ਹੁਣ ਇਸਦਾ ਵੀ ਇਤਿਹਾਸ ਦੀ ਉਸੇ ਗਤੀ ਦਾ ਸ਼ਿਕਾਰ ਹੋਣਾ ਅਟੱਲ ਹੈ। ਜਿਵੇਂ ਇਸਨੇ ਕਦੇ ਜਗੀਰੂ ਢਾਂਚੇ ਨੂੰ ਉਲਟਾਇਆ ਸੀ ਉਸੇ ਤਰ੍ਹਾਂ ਹੁਣ ਸਰਮਾਏਦਾਰੀ ਨੂੰ ਵੀ ਤਬਾਹ ਕਰਦੇ ਹੋਏ ਇਸਤੋਂ ਉੱਨਤ ਸਮਾਜਿਕ ਢਾਂਚੇ ਦਾ ਬਦਲ ਆਉਣਾ ਭਾਵ ਸਮਾਜਵਾਦੀ ਨਿਜ਼ਾਮ ਦਾ ਆਉਣਾਂ ਅਟੱਲ ਹੈ।

ਦੂਜਾ ਇਹ ਰਿਪੋਰਟ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਭਾਰਤ ਵਿੱਚ ਪੰਜਾਬ ਸਮੇਤ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ, ਕਾਂਗਰਸ ਵਰਗੀਆਂ ਕੌਮੀ ਤੇ ਅਕਾਲੀ ਦਲ ਵਰਗੀਆਂ ਸਥਾਨਕ ਪਾਰਟੀਆਂ ਤੋਂ ਪੈਦਾ ਹੋਈ ਨਿਰਾਸ਼ਾ ਵਿੱਚੋਂ ਇਹਨਾਂ ਚੋਣਾਂ ਰਾਹੀਂ ‘ਆਪ’ ਵਰਗੇ “ਬਦਲ” ਲੱਭਣ ਦੇ ਯਤਨ ਕੀਤੇ ਜਾ ਰਹੇ ਹਨ, ਜਦਕਿ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਦੇਸ਼ ਵਿੱਚ ਚੋਣਾਂ ਰਾਹੀਂ ਅਜਿਹਾ ਮਨੁੱਖ ਵਿਰੋਧੀ ਸਮਾਜ ਦਾ ਬਦਲ ਨਹੀਂ ਉਸਾਰਿਆ ਜਾ ਸਕਿਆ ਸਗੋਂ ਇਸਦਾ ਇੱਕੋ-ਇੱਕ ਇਨਕਲਾਬੀ ਰਾਹ ਹੀ ਹੈ। ਦਿਨੋਂ-ਦਿਨ ਵਧ ਰਿਹਾ ਇਹ ਪਾੜਾ ਇਹ ਸਾਬਤ ਕਰਦਾ ਹੈ ਕਿ ਮੌਜੂਦਾ ਨਿਜ਼ਾਮ ਕੋਲ਼ ਲੋਕਾਂ ਨੂੰ ਦੇਣ ਲਈ ਹੁਣ ਕੁੱਝ ਵੀ ਨਹੀਂ ਹੈ ਤੇ ਆਪਣੀ ਕਬਰ ਵੱਲ ਵਧ ਰਿਹਾ ਹੈ। ਲੋਕਾਂ ਨੂੰ ਵੀ ਇਸਦਾ ਬਦਲ ਵੋਟ ਮਸ਼ੀਨਾਂ ਦੇ ਬਟਣਾਂ ਦੀ ਥਾਂ ਸੂਹੇ ਇਨਕਲਾਬੀ ਝੰਡਿਆਂ ਵਿੱਚੋਂ ਹੀ ਲੱਭਣਾ ਪੈਣਾ ਹੈ। ਨਾਲ਼ ਹੀ ਇਹ ਰਿਪੋਰਟ ਸਮਾਜ ਦੇ ਸੰਵੇਦਨਸ਼ੀਲ, ਊਰਜਾਵਾਨ ਨੌਜਵਾਨਾਂ ਲਈ ਵੰਗਾਰ ਵੀ ਹੈ ਕਿ ਇਸ ਹਨ੍ਹੇਰਗਰਦੀ ਦੇ ਦੌਰ ਵਿੱਚ ਅਸੀਂ ਆਪਣੇ ਨਿੱਜੀ, ਸੁਰੱਖਿਅਤ ਤੇ ਨਿੱਘੇ ਘੁਰਨੇ ਲੱਭਣ ਦੀ ‘ਅਸਫ਼ਲ ਦੌੜ’ ਵਿੱਚ ਕਿੰਨਾ ਚਿਰ ਸਮਾਜ ਪ੍ਰਤੀ ਬਣਦੇ ਆਪਣੇ ਫਰਜ਼ਾਂ ਤੋਂ ਲੁਕਦੇ ਰਹਾਂਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements