ਸੰਸਾਰ ਅਰਥਿਕ ਸੰਕਟ ਦਾ ਨਵਾਂ ‘ਹਾਟ ਸਪਾਟ’ : ਚੀਨ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

24 ਅਗਸਤ 2015 ਨੂੰ ਸੰਸਾਰ ਸਰਮਾਏਦਾਰੀ ਦੇ ਕਾਲੇ ਸੋਮਵਾਰਾਂ ‘ਚ ਇੱਕ ਨਵਾਂ ਕਾਲਾ ਸੋਮਵਾਰ ਸ਼ਾਮਲ ਹੋ ਗਿਆ ਜਦੋਂ ਚੀਨ ਦੀ ਸਟਾਕ ਮੰਡੀ ਮੂਧੇ ਮੂੰਹ ਡਿੱਗ ਪਈ। ਜਿਸ ਨਾਲ ਸੰਸਾਰ ਦੀਆਂ ਵੱਡੀਆਂ ਸਰਮਾਏਦਾਰ ਮੰਡੀਆਂ ‘ਚ ਭੁਚਾਲ ਵਰਗੀ ਹਾਲਤ ਬਣ ਗਈ। ਸੰਸਾਰ ਅਰਥਚਾਰਾ 2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਦੇ ਸਮੇਂ ਤੋਂ ਹੀ ਬੁਰੀ ਤਰ੍ਹਾ ਸੰਕਟ ਦਾ ਸ਼ਿਕਾਰ ਹੈ, ਪਰ ਇਸਦੇ ਸੰਚਾਲਕ ਸਿਆਸਤਦਾਨ ਬੁੱਧੀਜੀਵੀ ਲਗਾਤਾਰ ਸਮੇਂ-ਸਮੇਂ ‘ਤੇ ਸੰਸਾਰ ਅਰਥਚਾਰੇ ਦੇ ਸੰਕਟ ਤੋਂ ਉੱਭਰਨ ਦੇ ਦਾਅਵੇ ਕਰ ਰਹੇ ਸਨ।  ਚੀਨ ਦੇ ਆਰਥਿਕ ਸੰਕਟ ਨੇ ਅਜਿਹੇ ਸਭ ਦਾਅਵੇ ਠੁੱਸ ਕਰ ਦਿੱਤੇ ਹਨ।

24 ਅਗਸਤ ਨੂੰ ਚੀਨ ਤੋਂ ਸ਼ੁਰੂ ਹੋਈ ਆਰਥਿਕ ਗਿਰਾਵਟ ਨੇ ਤੁਰੰਤ ਸੰਸਾਰ ਦੇ ਕਈ ਅਰਥਚਾਰਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਚੀਨ ਦੇ ‘ਸ਼ੰਘਾਈ ਕੰਪੋਜ਼ਿਟ ਇੰਡੈਕਸ’ ‘ਚ 8.5% ਦੀਗਿਰਾਵਟ ਆਈ, ਇਸ ਤੋਂ ਬਾਅਦ ਜਪਾਨ ਦੇ ਨਿੱਕੀ (Nikkei), ਹਾਂਗਕਾਂਗ ਦੇ ‘ਹਾਂਗ ਸੇਂਗ’ ਅਤੇ ਅਸਟ੍ਰੇਲੀਆ ਦੇ ਆਲ ਅਰਡੀਨੇਰੀਜ਼ ‘ਚ 3% ਤੋਂ ਵਧੇਰੇ ਦੀ ਗਿਰਾਵਟ ਦਰਜ਼ ਹੋਈ। ਯੂਰਪ ਦੇ ਮੁੱਖ ਅਰਥਚਾਰਿਆਂ ‘ਚ ਚਾਰ ਫੀਸਦੀ ਦੇ ਆਸ ਪਾਸ ਗਿਰਾਵਟ ਦਰਜ਼ ਹੋਈ। ਨਿਊਯਾਰਕ ਸਟਾਕ ਐਕਸਚੇਂਜ ਦਾ ਨਿਫਟੀ 5.9% ਲੁੜਕ ਗਿਆ।

ਸੋਮਵਾਰ (24 ਅਗਸਤ) ਭਾਰਤ ਦੇ ਬਜ਼ਾਰ ‘ਚ ਪਿਛਲੇ ਛੇ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਇਸ ‘ਚ 5.9% ਗਿਰਾਵਟ ਆਈ। ਕੁਝ ਹੀ ਘੰਟਿਆ ‘ਚ ਬੰਬੇ ਸਟਾਕ ਐਕਸਚੇਂਜ ‘ ਸੂਚੀ-ਬੱਧ ਕੰਪਨੀਆਂ ਦੇ 7 ਲੱਖ ਕਰੋੜ ਰੁਪਏ ਛੂ ਮੰਤਰ ਹੋ ਗਏ। ਜਦਕਿ ਅਮਰੀਕਾ ‘ਚ ਇੱਕ ਟਰਿਲੀਅਨ ਡਾਲਰ ਤੋਂ ਵੀ ਵਧੇਰੇ ਦਾ ਸਰਮਾਇਆ ਡੁੱਬ ਗਿਆ।

2007 ਤੋਂ ਸ਼ੁਰੂ ਹੋਇਆ ਸੰਸਾਰ ਸਰਮਾਏਦਾਰਾ ਅਰਥਚਾਰੇ ਦਾ ਸੰਕਟ ਸੰਸਾਰ ਸਰਮਾਏਦਾਰੀ ਦੇ ਇਤਿਹਾਸ ਦਾ ਸਭ ਤੋਂ ਡੂੰਘਾ ਸੰਕਟ ਹੈ। ਸੋਮਵਾਰ ਨੂੰ ਜੋ ਕੁਝ ਚੀਨ ਵਿੱਚ ਹੋਇਆ ਉਹ ਤਾਂ ਬੱਸ ਇਸਦਾ ਅਗਲਾ ਮੁਕਾਮ ਹੀ ਹੈ। ਇਸ ਸੰਕਟ ਨੂੰ ਠੀਕ ਢੰਗ ਨਾਲ਼ ਸਮਝਣ ਲਈ ਇਸ ਦੀ ਪਿੱਠਭੂਮੀ ਅਤੇ ਇਸਦੀ ਤਹਿ ਹੇਠ ਕੰਮ ਕਰਦੇ ਕਾਰਕਾਂ ਦੀ ਪੜਤਾਲ ਜ਼ਰੂਰੀ।

ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ‘ਚ ਅਕਤੂਬਰ 1949 ‘ਚ ਚੀਨ ‘ਚ ਨਵਜਮਹੂਰੀ ਇਨਕਲਾਬ ਨੇਪਰੇ ਚੜ੍ਹਿਆ। ਇਸ ਇਨਕਲਾਬ ਨੇ ਚੀਨ ਦੇ ਕਰੋੜਾਂ ਕਿਰਤੀ ਲੋਕਾਂ ਨੂੰ ਸਾਮਰਾਜ-ਜਗੀਰਦਾਰੀ ਦੇ ਜੂਲੇ ਤੋਂ ਮੁਕਤ ਕਰਾਇਆ। 1954 ‘ਚ ਚੀਨ ਸਮਾਜਵਾਦੀ ਦੌਰ ਵਿੱਚ ਦਾਖਲ ਹੋਇਆ ਅਤੇ ਲਗਾਤਾਰ ਨਿੱਜੀ ਜਾਇਦਾਦ ਦੇ ਹਰ ਰੂਪ ਦੇ ਖਾਤਮੇ ਵੱਲ ਅੱਗੇ ਵਧਿਆ। ਪੱਛੜੇ ਹੋਏ ਚੀਨ ਨੇ ਇਸ ਦੌਰ ਵਿੱਚ ਜ਼ਿੰਦਗੀ ਦੇ ਹਰ ਖੇਤਰ ‘ਚ ਅਦੁੱਤੀ ਤਰੱਕੀ ਕੀਤੀ। 1976 ਤੱਕ ਚੀਨ ਵਿੱਚ ਕਾਇਮ ਰਹੇ ਸਮਾਜਵਾਦੀ ਅਰਥਚਾਰੇ ਨੇ ਕਦੇ ਆਰਥਿਕ ਸੰਕਟ ਜਿਹੀ ਕੋਈ ਚੀਜ ਨਹੀਂ ਸੀ ਦੇਖੀ। ਕਿਉਂਕਿ ਆਰਥਿਕ ਸੰਕਟ ਸਿਰਫ ਅਤੇ ਸਿਰਫ ਸਰਮਾਏਦਾਰੀ ਦਾ ਲਾਜ਼ਮੀ ਅੰਗ ਹੁੰਦੇ ਹਨ, ਇਹ ਇਸਦੇ ਵਜੂਦ ਸਮੋਏ ਕਾਰਨਾਂ ਵਜੋਂ ਵਾਪਰਦੇ ਹਨ।

1976 ‘ਚ ਚੀਨੀ ਇਨਕਲਾਬ ਦੇ ਰਹਿਨੁਮਾ ਕਾਮਰੇਡ ਮਾਓਂ-ਜੇ-ਤੁੰਗ ਦੀ ਮੌਤ ਤੋਂ ਬਾਅਦ ਇੱਕ ਰਾਜ ਪਲਟੇ ਜ਼ਰੀਏ ਡੇਂਗ ਸਿਆਓ ਪਿੰਗ ਪੰਥੀ ਸੋਧਵਾਦੀ ਚੀਨ ਦੀ ਰਾਜ ਸੱਤਾ ਤੇ ਕਾਬਜ ਹੋ ਗਏ ਅਤੇ ਚੀਨ ਨੂੰ ਸਰਮਾਏਦਾਰਾ ਰਾਹ ‘ਤੇ ਪਾ ਦਿੱਤਾ। ਉਸ ਤੋਂ ਬਾਅਦ ਉੱਥੇ ਉਹ ਸਭ ਅਲਾਮਤਾਂ ਸਾਹਮਣੇ ਆਉਣ ਲੱਗੀਆਂ ਜੋ ਕਿਸੇ ਵੀ ਸਰਮਾਏਦਾਰਾ ਅਰਥਚਾਰੇ ਲਈ ਲਾਜ਼ਮੀ ਹੁੰਦੀਆਂ ਹਨ।

1976 ‘ਚ ਚੀਨ ਦੀ ਰਾਜਸੱਤਾ ‘ਤੇ ਕਾਬਜ਼ ਹੋਏ ਡੇਂਗਪੰਥੀਆਂ ਨੇ ਚੀਨੀ ਅਰਥਚਾਰੇ ਨੂੰ ਦੇਸੀ-ਵਿਦੇਸ਼ੀ ਲੁਟੇਰਿਆਂ ਲਈ ਖੁੱਲ੍ਹੀ ਚਾਰਗਾਹ ‘ਚ ਬਦਲ ਦਿੱਤਾ। ਵਾਧੂ ਪੈਦਾਵਾਰ ਅਤੇ ਵਾਧੂ ਸਰਮਾਏ ਨਾਲ ਆਫਰੇ ਸਾਮਰਾਜੀ ਦੇਸ਼ਾਂ ਦੇ ਸਰਮਾਏ ਦਾ ਵਹਿਣ ਚੀਨ ਵੱਲ ਤੇਜ਼ੀ ਨਾਲ਼ ਵਧਿਆ। ਇਸ ਨਾਲ਼ ਲਗਭਗ ਦੋ ਦਹਾਕੇ ਤੱਕ ਚੀਨ ਦੇ ਅਰਥਚਾਰੇ ਦੀ ਵਾਧਾ ਦਰ ਕਾਫੀ ਉੱਚੀ ਰਹੀ ਜਿਸ ਨਾਲ਼ ਕਈ ਘੱਟ ਅਕਲ ਅਤੇ ਸਰਮਾਏਦਾਰੀ ਦੇ ਬੁਨਿਆਦੀ ਨਿਯਮਾਂ ਤੋਂ ਅਣਜਾਣ ਬੁੱਧੀਜੀਵੀਆਂ ਦੀਆਂ ਅੱਖਾ ਟੱਡੀਆਂ ਰਹਿ ਗਈਆਂ। 1976 ਤੋਂ ਬਾਅਦ ਸਰਮਾਏਦਾਰ ਰਾਹ ‘ਤੇ ਚੱਲਕੇ ਚੀਨ ਨੇ ਜੋ ਆਰਥਿਕ ਵਾਧਾ ਦਰ ਹਾਸਿਲ ਕੀਤੀ ਇਹ ਵਾਧਾ ਦਰ ਸਮਾਜਵਾਦੀ ਚੀਨ (1949-76) ਤੋਂ ਮੂਲੋਂ ਹੀ ਭਿੰਨ ਸੀ। ਸਮਾਜਵਾਦੀ ਚੀਨ ਨੇ ਜੋ ਆਰਥਿਕ ਵਾਧਾ ਦਰ ਹਾਸਿਲ ਕੀਤੀ ਸੀ ਉਸਦੀ ਦਿਸ਼ਾ ਅੰਤਰ ਖੇਤਰੀ, ਅੰਤਰ ਵਿਅਕਤੀ, ਪਿੰਡ ਅਤੇ ਸ਼ਹਿਰ ਦੇ ਪਾੜੇ ਮੇਸਣ ਵੱਲ ਸੀ। ਸਮਾਜਵਾਦੀ ਚੀਨ ਵਿੱਚ ਬੇਰੁਜ਼ਗਾਰੀ ਦਾ ਨਾਮ-ਨਿਸ਼ਾਨ ਤੱਕ ਨਹੀਂ ਸੀ। ਸਿੱਖਿਆ, ਸਿਹਤ ਸਹੂਲਤਾਂ ਅਤੇ ਜੀਵਨ ਦੀਆਂ ਹੋਰ ਬੁਨਿਆਦੀ ਲੋੜਾਂ ਤੱਕ ਸਮਾਜਵਾਦੀ ਚੀਨ ਦੇ ਸਭ ਨਾਗਰਿਕਾਂ ਦੀ ਬਰਾਬਰ ਪਹੁੰਚ ਸੀ।

ਪਰ 1976 ‘ਚ ਸਰਮਾਏਦਾਰਾ ਮੁੜ ਬਹਾਲੀ ਤੋਂ ਬਾਅਦ ਚੀਨ ਵਿੱਚ ਅੰਤਰ ਵਿਅਕਤੀ, ਅੰਤਰ ਖੇਤਰੀ, ਪਿੰਡ ਅਤੇ ਸ਼ਹਿਰ ਦਰਮਿਆਨ ਪਾੜੇ ਤੇਜ਼ੀ ਨਾਲ ਵਧਣ ਲੱਗੇ। ਬੇਰੁਜ਼ਗਾਰੀ ਅਤੇ ਗੈਰ ਬਰਾਬਰੀ ਵਿਸਫੋਟਕ ਰੂਪ ਧਾਰਨ ਕਰ ਗਈ।

ਇਸ ਸਦੀ ਦੇ ਸ਼ੁਰੂ ਤੋਂ ਹੀ ਸਰਮਾਏਦਾਰਾ ਚੀਨ ਦੀ ਆਰਥਿਕ ਤਰੱਕੀ ਦਾ ਰੋਗਨ ਉੱਤਰਨਾ ਸ਼ੁਰੂ ਹੋ ਗਿਆ ਸੀ। ਇਸਦਾ ਅਰਥਚਾਰਾ ਸੰਕਟ ਦਾ ਸ਼ਿਕਾਰ ਹੋਣ ਲੱਗਾ।

ਚੀਨ ਦੀ ਆਰਥਿਕ ਵਾਧਾ ਦਰ ‘ਚ ਇੱਕ ਵੱਡਾ ਸਹਾਇਕ ਕਾਰਕ ਧੜਾ-ਧੜ ਹੋ ਰਹੀ ਉਸਾਰੀ (ਮਕਾਨ ਆਦਿ) ਸੀ। ਮਕਾਨ ਇੰਨੇ ਜ਼ਿਆਦਾ ਬਣਾਏ ਗਏ ਕਿ ਉਹਨਾਂ ਲਈ ਖਰੀਦਦਾਰ ਮਿਲਣੇ ਮੁਸ਼ਕਿਲ ਹੋ ਗਏ। ਅੱਜ ਦੇ ਚੀਨ ‘ਚ ਕਰੋੜਾਂ ਮਕਾਨ ਖਾਲੀ ਪਏ ਹਨ। ਮਕਾਨ ਉਸਾਰੀ ਨੇ ਚੀਨੀ ਅਰਥਚਾਰੇ ਨੂੰ ਤੇਜ਼ੀ ਬਖਸ਼ੀ ਸੀ। ਹੁਣ ਇਹ ਬੁਲਬੁਲਾ ਵੀ ਫੁੱਟ ਚੁੱਕਾ ਹੈ। ਚੀਨ ਦੀ ਬਾਕੀ ਸਨਅਤ (ਖਾਸ ਕਰ ਆਟੋ ਸੱਨਅਤ) ਇੱਕ ਦਹਾਕਾ ਪਹਿਲਾਂ ਹੀ ਵਾਧੂ ਸਮਰੱਥਾ  ਨਾਲ਼ ਜੂਝ ਰਹੀ ਸੀ। ਚੀਨ ਦੇ ਹਾਕਮ ਕਰਜ਼ ਵਿਸਥਾਰ ਜ਼ਰੀਏ ਕਿਸੇ ਨਾ ਕਿਸੇ ਤਰ੍ਹਾ ਗੱਡੀ ਨੂੰ ਧੱਕਾ ਲਾਈ ਜਾ ਰਹੇ ਸਨ, ਜਿਸ ਦਾ ਨਤੀਜਾ ਪਹਿਲਾਂ (ਇਸੇ ਮਹੀਨੇ) ਚੀਨੀ ਕਰੰਸੀ ਦੀ ਗਿਰਾਵਟ ਵਿੱਚ ਨਿੱਕਲਿਆ ਅਤੇ ਹੁਣ ਸ਼ੇਅਰ ਮੰਡੀ ਦੇ ਫਿਸਫੋਟ ਗਿਰਾਵਟ ‘ਚ।

ਸਰਮਾਏਦਾਰੀ ਦਾ ਆਰਥਿਕ ਸੰਕਟ ਵਾਧੂ ਪੈਦਾਵਾਰ ਦਾ ਸੰਕਟ ਹੁੰਦਾ ਹੈ। ਸੰਸਾਰ ਸਰਮਾਏਦਾਰਾ ਅਰਥਚਾਰਾ, ਇਸ ਦੇ ਸੁਨਿਹਰੀ ਯੁੱਗ (1948-1973) ਦੇ ਖਤਮ ਹੋਣ ਤੋਂ ਬਾਅਦ 1973 ਤੋਂ ਹੀ ਇਸ ਸੰਕਟ ‘ਚ ਫਸਿਆ ਹੋਇਆ ਹੈ। 2007 ਤੋਂ ਇਹ ਸੰਕਟ ਵਧੇਰੇ ਵਿਕਰਾਲ ਰੂਪ ਧਾਰਨ ਕਰ ਗਿਆ। ਪਰ ਉਦੋਂ ਬਰਿਕਸ (ਬਰਾਜੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਆਦਿ ਇਸ ਸੰਕਟ ਤੋਂ ਬਚੇ ਰਹੇ। ਜਿਸ ਕਾਰਨ ਸੰਕਟ ਗ੍ਰਸਤ ਸੰਸਾਰ ਸਰਮਾਏਦਾਰੀ ਨੂੰ ਥੋੜੀ ਰਾਹਤ ਵੀ ਮਿਲੀ। ਪਰ 2012 ਤੋਂ ਇਹ ਦੇਸ਼ ਵੀ ਸੰਕਟ ਦੀ ਲਪੇਟ ‘ਚ ਆ ਗਏ। ਸੋਮਵਾਰ ਨੂੰ ਚੀਨ ਵਿੱਚ ਜੋ ਹੋਇਆ ਹੈ ਉਹ ਸੰਸਾਰ ਸਰਮਾਏਦਾਰੀ ਦੇ ਆਰਥਿਕ ਸੰਕਟ ਦੇ ਲਗਾਤਾਰ ਗੰਭੀਰ ਹੁੰਦੇ ਜਾਣ ਦਾ ਸੰਕੇਤ ਹੈ।

ਅੱਜ ਸੰਸਾਰ ਸਰਮਾਏਦਾਰੀ ਆਪਣੇ ਪਹਿਲੇ ਸੰਸਾਰ ਵਿਆਪੀ ਆਰਥਿਕ ਸੰਕਟ ‘ਚ ਫਸੀ ਹੋਈ ਹੈ। ਇਸ ਸੰਕਟ ‘ਚੋਂ ਇਸ ਦੇ ਉੱਭਰ ਸਕਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਇਸ ਦਾ ਸੰਕਟ ਦਿਨੋਂ-ਦਿਨ ਗੰਭੀਰ ਹੁੰਦਾ ਜਾਵੇਗਾ। ਜੋ ਸੰਸਾਰ ਭਰ ‘ਚ ਮਜ਼ਦੂਰ ਜਮਾਤ ਅਤੇ  ਹੋਰ ਕਿਰਤੀ ਲੋਕਾਂ ਦੇ ਉਭਾਰਾਂ ਨੂੰ ਜਨਮ ਦੇਵੇਗਾ। ਚੀਨ ਤੋਂ ਪਹਿਲਾਂ ਹੀ ਇਸ ਦੇ ਸੰਕੇਤ ਮਿਲ ਰਹੇ ਹਨ।

ਸਰਮਾਏਦਾਰੀ ਆਪਣੀ ਉਮਰ ਭੋਗ ਚੁੱਕੀ ਹੈ। ਇਹ ਹੁਣ ਵਾਧੂ ਜੀਵਨ ਜੀ ਰਹੀ ਹੈ। ਸੰਸਾਰ ਦੇ ਸਾਰੇ ਸਰਮਾਏਦਾਰ ਦੇਸ਼ਾਂ ਦੀ ਮਜ਼ਦੂਰ ਜਮਾਤ ਆਪਣੇ ਹਿਰਾਵਲ ਦਸਤਿਆਂ ਦੀ ਅਗਵਾਈ ‘ਚ ਮਰਨਾਊ ਸਰਮਾਏਦਾਰੀ ਨੂੰ ਇਸ ਦੀ ਕਬਰ ਵਿੱਚ ਪਹੁੰਚਾ ਦੇਵੇਗੀ। ਸਿਰਫ ਇਸ ਤਰ੍ਹਾਂ ਹੀ ਮਨੁੱਖਤਾ ਨੂੰ ਸਰਮਾਏਦਾਰੀ ਦੁਆਰਾ ਥੋਪੀਆਂ ਮੁਸੀਬਤਾਂ, ਆਰਥਿਕ ਸੰਕਟਾਂ, ਅਨਿਆਈ ਜੰਗਾ ਆਦਿ ਤੋਂ ਨਿਜ਼ਾਤ ਮਿਲੇਗੀ।  

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ

Advertisements