ਸੰਸਾਰ ਦੇ ਧਨਾਢਾਂ ਦੀ “ਚੈਰਿਟੀ” ਦਾ ਗੋਰਖਧੰਦਾ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫੇਸਬੁੱਕ ਦੇ ਖੋਜੀ ਤੇ ਮਾਲਕ ਮਾਰਕ ਜੁੱਕਰਬਰਗ ਤੇ ਉਸਦੀ ਪਤਨੀ ਪ੍ਰਿਸਿਲਾ ਚਾਨ ਨੇ 30 ਨਵੰਬਰ ਨੂੰ ਆਪਣੀ ਬੇਟੀ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਆਪਣੇ ਫੇਸਬੁੱਕ ਸ਼ੇਅਰ ਦਾ 99 ਫੀਸਦੀ ‘ਚੈਰਿਟੀ’ ਲਈ ਦੇਣ ਦਾ ਐਲਾਨ ਕੀਤਾ। ਕਰੀਬ 44 ਬਿਲੀਅਨ ਡਾਲਰ ਦੀ ਇਹ ਰਾਸ਼ੀ ਇਹ ਜੋੜਾ ਆਪਣੀ ਪੂਰੀ ਜ਼ਿੰਦਗੀ ਵਿੱਚ ‘ਚੈਰਿਟੀ’ ਲਈ ਖਰਚੇਗਾ। ਬੱਸ ਫੇਰ ਕੀ ਸੀ ਆਪਣੀ ਜ਼ਿੰਦਗੀ ਵਿੱਚ ਨੀਰਸਤਾ ਤੇ ਅਕੇਵੇਂ ਦੇ ਸ਼ਿਕਾਰ ਮੱਧਵਰਗ ਨੂੰ ਡੰਗ ਟਪਾਉਣ ਲਈ ਕੁੱਝ “ਸਨਸਨੀਖੇਜ਼ ਤੇ ਰੌਚਕ” ਤੇ ਰੌਚਕ ਮਿਲ਼ ਗਿਆ ਤੇ ਮਾਰਕ ਜੁੱਕਰਬਰਗ ਦੀ ਬੱਲੇ-ਬੱਲੇ ਚੱਕ ਦਿੱਤੀ। ਕੋਈ ਇਸ ਜੋੜੇ ਦਾ ਵਾਹਿਗੁਰੂ ਤੋਂ ਭਲਾ ਕਰਵਾਉਣ ਲੱਗਿਆ ਤੇ ਕਿਸੇ ਨੇ ਭਗਵਾਨ ਨੂੰ ਕਿਰਪਾ ਕਰਨ ਲਈ ਆਖ ਦਿੱਤਾ। ਇਹ ਰਵੱਈਆ ਇੱਕ ਮਿਸਾਲ ਹੈ ਕਿ ਸਾਡੇ ਸਮਾਜ ਵਿੱਚ ਘਟਨਾਵਾਂ ਦੀ ਡੂੰਘਾਈ ਵਿੱਚ ਜਾਣ ਦੀ ਥਾਂ ਸਤਹੀ ਜਾਣਕਾਰੀਆਂ ਨਾਲ਼ ਬੁੱਤਾ ਸਾਰਨ ਦਾ ਵਰਤਾਰਾ ਕਿੰਨਾ ਪਸਰਿਆ ਹੋਇਆ ਹੈ। ਮਾਰਕ ਜੁੱਕਰਬਰਗ ‘ਚੈਰਿਟੀ’ ਲਈ ਪੈਸਾ ਖਰਚਣ ਵਾਲ਼ਾ ਪਹਿਲਾ ਵਿਅਕਤੀ ਨਹੀਂ ਹੈ। ਸੰਸਾਰ ਦੀ ਦੌਲਤ ਦੇ ਮੀਨਾਰਾਂ ‘ਤੇ ਕਾਬਜ ਅਨੇਕਾਂ ਧਨਵਾਨ ਲਗਾਤਾਰ ਚੈਰਿਟੀ ਦੀ ਇਹ ਖੇਡ ਖੇਡਦੇ ਰਹਿੰਦੇ ਹਨ। ਕੁੱਝ ਸਾਲ ਪਹਿਲਾਂ ਸੰਸਾਰ ਦੇ ਸਿਰਖਲੇ ਅਮੀਰਾਂ, ਬਿਲ ਗੇਟਸ ਤੇ ਵਾਰਨ ਬੂਫੇ ਵੱਲੋਂ ਵੀ ਚੈਰਿਟੀ ਲਈ ਜਾਇਦਾਦ ਦਾ ਵੱਡਾ ਹਿੱਸਾ ਖਰਚਣ ਦਾ ਮਸਲਾ ਇੰਝ ਹੀ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਪੂਰੇ ਮਸਲੇ ਨਾਲ਼ ਸਬੰਧਤ ਦੋ ਸਵਾਲਾਂ ਨੂੰ ਸਮਝਣ ਦੀ ਲੋੜ ਹੈ। ਪਹਿਲਾ ਇਹ ਕਿ ਅਸਲ ਵਿੱਚ ਇਹ ਚੈਰਿਟੀ ਦਾ ਮਸਲਾ ਹੈ ਕੀ ਤੇ ਇਸਦਾ ਕਿਸਨੂੰ ਕੀ ਲਾਭ ਹੁੰਦਾ ਹੈ? ਅਤੇ ਦੂਜਾ ਇਹ ਕਿ ਦਾਨ ਦੇਣ ਨਾਲ਼ ਸਮਾਜ ਦਾ ਕਿੰਨਾ ਕੁ ਭਲਾ ਹੋ ਸਕਦਾ ਹੈ?

ਆਉ ਪਹਿਲਾਂ ‘ਚੈਰਿਟੀ’ ਦੇ ਮਸਲੇ ਨੂੰ ਹੀ ਲੈਂਦੇ ਹਾਂ। ਅਸਲ ਵਿੱਚ ਚੈਰਿਟੀ ਲਈ ਪੈਸਾ ਖਰਚਣਾ ਸੰਸਾਰ ਦੇ ਸਿਖਰਲੇ ਕਾਰੋਬਾਰੀਆਂ ਦਾ ਇੱਕ ਚੰਗਾ ਕਾਰੋਬਾਰ ਹੈ। ਥੋੜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਅਸਲ ਵਿੱਚ ‘ਚੈਰਿਟੀ’ ਆਪਣੀ ਇੱਕ ਜੇਬ ਵਿੱਚੋਂ ਪੈਸੇ ਦੂਜੀ ਜੇਬ ਵਿੱਚ ਪਾਉਣਾ ਹੀ ਹੈ। ਚੈਰਿਟੀ ਸੰਸਥਾਵਾਂ, ਚੈਰੀਟੇਬਲ ਸੰਸਥਾਵਾਂ ਦੇ ਐਲਾਨੀਆ ਉਦੇਸ਼ ਅਕਸਰ ਸਿੱਖਿਆ, ਸਿਹਤ, ਸੰਚਾਰ, ਬਰਾਬਰੀ ਲਿਆਉਣਾ, ਗਰੀਬੀ ਦੂਰ ਕਰਨਾ, ਵਾਤਾਵਰਨ ਬਚਾਉਣਾ, ਵਿਗਿਆਨ ਖੋਜਾਂ ਨੂੰ ਉਤਸ਼ਾਹਿਤ ਕਰਨਾ ਆਦਿ ਜਿਹੇ ਲੱਛੇਦਾਰ ਸ਼ਬਦਾਂ ਵਿੱਚ ਪਰੋਸੇ ਜਾਂਦੇ ਹਨ। ਪਰ ਅਸਲ ਵਿੱਚ ਇਹ ਮੁਨਾਫੇ ਲਈ ਸਰਮਾਇਆ ਨਿਵੇਸ਼ ਕਰਨ ਦਾ ਹੀ ਇੱਕ ਰੂਪ ਹੁੰਦੇ ਹਨ। ਕੁੱਝ ਲੋਕ ਆਪਣੀਆਂ ਚੈਰਿਟੀ ਸੰਸਥਾਵਾਂ ਬਣਾ ਕੇ ਫੇਰ ਆਪਣੇ ਆਪ ਨੂੰ ਹੀ ਦਾਨ ਕਰੀ ਜਾਂਦੇ ਹਨ ਤੇ ਕੁੱਝ ਦੂਜਿਆਂ ਦੀਆਂ ਬਣੀਆਂ ਸੰਸਥਾਵਾਂ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਕਿਸੇ ਚੈਰਿਟੀ ਸੰਸਥਾ ਲਈ ਇਹ ਲਾਜ਼ਮੀ ਨਹੀਂ ਹੁੰਦਾ ਕਿ ਉਹ ਆਪਣੀ ਰਾਸ਼ੀ ਲੋਕ ਭਲਾਈ ‘ਤੇ ਹੀ ਖਰਚੇ। ਇਹਨਾਂ ਸੰਸਥਾਵਾਂ ਦੀ ਬਹੁਤੀ ਰਾਸ਼ੀ ਤਾਂ ਸਿੱਧਿਆਂ ਹੀ ਮੁਨਾਫੇ ਦੇ ਖੇਤਰਾਂ ਵਿੱਚ ਨਿਵੇਸ਼ ਕੀਤੀ ਜਾਂਦੀ ਹੈ ਜਿੱਥੋਂ “ਦਾਨੀਆਂ” ਨੂੰ “ਸੇਵਾ ਦੇ ਫਲ਼” ਵਜੋਂ ਮੁਨਾਫਾ ਆਉਂਦਾ ਰਹਿੰਦਾ ਹੈ। ਇਸ ਰਾਸ਼ੀ ਦਾ ਇੱਕ ਹਿੱਸਾ ਮੁਨਾਫਾ ਰਹਿਤ ਖੇਤਰਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਪਰ ਇਹ ਅਸਿੱਧੇ ਤੌਰ ‘ਤੇ ਮੁਨਾਫੇ ਵਧਾਉਣ ਨਾਲ਼ ਹੀ ਜੁੜਿਆ ਹੁੰਦਾ ਹੈ। ਮਿਸਾਲ ਵਜੋਂ ਅਮਰੀਕਾ ਵਿੱਚ ਸਰਕਾਰ ਦੀਆਂ ਨੀਤੀਆਂ ਬਣਾਉਣ ਦੀਆਂ ਬਹਿਸਾਂ (ਲਾਬਿੰਗ) ਵਿੱਚ ਵੀ ਕਾਫੀ “ਮੁਨਾਫਾ-ਰਹਿਤ” ਨਿਵੇਸ਼ ਹੁੰਦਾ ਹੈ। ਇਸ ਵਿੱਚ ਫੀਸ ਉੱਤੇ ਕੰਮ ਕਰ ਰਹੇ ਵਕੀਲ ਬਹਿਸ, ਦਲੀਲਬਾਜ਼ੀ ਰਾਹੀਂ ਸਰਕਾਰ ਦੀਆਂ ਨੀਤੀਆਂ ਨੂੰ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਕਰਵਾਉਂਦੇ ਹਨ।  ਅਮਰੀਕਾ ਵਿੱਚ ਸਰਮਾਏਦਾਰਾਂ ਵੱਲੋਂ ਲਾਬਿੰਗ ਵਿੱਚ ਪੈਸਾ ਖਰਚ ਕੇ ਸਰਕਾਰੀ ਨੀਤੀਆਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਕੰਮ ਪੂਰੀ ਤਰ੍ਹਾਂ ਕਨੂੰਨੀ ਹੈ। ਜਾਂ ਇੱਕ ਹੋਰ ਮਿਸਾਲ ਵਜੋਂ, ਕਿਸੇ ਦਵਾਈ ਦੀ ਖੋਜ ਲਈ ਪੈਸਾ ਦਿੱਤਾ ਜਾਂਦਾ ਹੈ ਪਰ ਉਹ ਦਵਾਈ ਅੱਗੇ ਮੁਨਾਫੇ ਤਹਿਤ ਹੀ ਵਿਕਦੀ ਹੈ ਤੇ ਲੋਕਾਂ ਨੂੰ ਕੋਈ ਲਾਭ ਨਹੀਂ ਮਿਲ਼ਦਾ। ਇਹਨਾਂ ਚੈਰਿਟੀਆਂ ਦਾ ਬਹੁਤ ਹੀ ਛੋਟਾ ਹਿੱਸਾ ਸਿੱਧਾ ਲੋਕਾਂ ਦੀ ਮਦਦ ਕਰਨ ਲਈ ਖਰਚਿਆ ਜਾਂਦਾ ਹੈ ਜਿਸ ਨਾਲ਼ ਲੋਕਾਂ ਦਾ ਬਹੁਤਾ ਕੁੱਝ ਸੰਵਰਦਾ ਨਹੀਂ।

ਮਿਸਾਲ ਵਜੋਂ ਸੰਸਾਰ ਦੀਆਂ ਸਿਖਰਲੀਆਂ ਚੈਰਿਟੀ ਸੰਸਥਾਵਾਂ ਵਿੱਚੋਂ ਇੱਕ ‘ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ’ ਦੀ ਮਿਸਾਲ ਲਈਏ ਜਿਸ ਵਿੱਚ ਬਿਲ ਗੇਟਸ ਤੇ ਵਾਰਨ ਬੂਫੇ ਵਰਗੇ ਸੰਸਾਰ ਸਭ ਤੋਂ ਅਮੀਰਾਂ ਦਾ ਪੈਸਾ ਜਾਂਦਾ ਹੈ। ਇਸਦਾ 2012 ਤੱਕ 36 ਅਰਬ ਡਾਲਰ ਦਾ ਨਿਵੇਸ਼ ਸੀ। ਇਸਦੇ ਐਲਾਨੀਆਂ ਉਦੇਸ਼ਾਂ ਮੁਤਾਬਕ ਇਸਦਾ ਇੱਕ ਹਿੱਸਾ ਲੋਕਾਂ ਨੂੰ ਚੰਗਾ ਭੋਜਨ ਮੁਹੱਈਆ ਕਰਵਾਉਣ ਲਈ ਖਰਚਿਆ ਜਾਂਦਾ ਹੈ ਤੇ ਇਹ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਕੰਮ ਕਰਦੀ ਹੈ। ਪਰ ਅਸਲ ਵਿੱਚ ਚੰਗੇ ਭੋਜਨ ਲਈ ਇਹ ਪੈਸਾ ਜਾਂਦਾ ਕਿੱਥੇ ਹੈ? ਇਹ ਸੰਸਥਾ 2012 ਤੱਕ ਕੋਕਾ ਕੋਲਾ ਵਿੱਚ 2.2 ਅਰਬ ਡਾਲਰ, ਮੈਕਡਾਨਲਡ ਵਿੱਚ 87.1 ਕਰੋੜ ਡਾਲਰ, ਪੈਪਸੀਕੋ ਵਿੱਚ 78 ਲੱਖ ਡਾਲਰ, ਬਰਗਰਕਿੰਗ ਵਿੱਚ 14 ਲੱਖ ਡਾਲਰ ਸਮੇਤ ਅਨੇਕਾਂ ਫਾਸਟ ਫੂਡ ਵਾਲ਼ੇ ਸਰਮਾਏਦਾਰ ਘਰਾਣਿਆਂ ਵਿੱਚ ਨਿਵੇਸ਼ ਕਰਦੀ ਹੈ। ਇਹ ਫਾਸਟਫੂਡ ਕਿੰਨਾ “ਪੌਸ਼ਟਿਕ” ਤੇ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਕਿੰਨਾ “ਲਾਹੇਵੰਦ” ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਇਸੇ ਤਰ੍ਹਾਂ ਫਾਉਂਡੇਸ਼ਨ ਮੁਤਾਬਕ ਇਹ “ਕਿਸੇ ਨੂੰ ਅਜਿਹੀ ਕੰਪਨੀ ਵਿੱਚ ਨਿਵੇਸ਼ ਨਹੀਂ ਕਰੇਗੀ ਜਿਸਦਾ ਮੁਨਾਫਾ ਕਾਰਪੋਰੇਟ ਸਰਗਰਮੀ ਨਾਲ਼ ਜੁੜਿਆ ਹੋਇਆ ਹੈ।” ਪਰ ਇਸਨੇ ਵਾਲਮਾਰਟ ਵਿੱਚ 1.1 ਅਰਬ ਡਾਲਰ ਨਿਵੇਸ਼ ਕੀਤੇ ਹੋਏ ਹਨ। ਇਹ ਸੰਸਥਾ ‘ਪ੍ਰਾਈਵੇਟ ਪ੍ਰਿਜਨ ਕੰਪਨੀ’ ਤੇ ‘ਮਿਲਟਰੀ ਕੰਟਰੈਕਟਰ ਡੀ.ਵਾਈ.ਐੱਨ. ਕੌਪ’ ਆਦਿ ਜਿਹੇ ਜੇਲ੍ਹ ਤੇ ਮਿਲਟਰੀ ਕੰਪਲੈਕਸ ਵਿੱਚ ਵੀ ਖਰਚਦੀ ਹੈ ਜੋ ਨਾ ਸਿਰਫ ਮੁਨਾਫੇ ‘ਤੇ ਅਧਾਰਤ ਹਨ ਸਗੋਂ ਇਹ ਧੋਖਾਧੜੀ ਤੇ ਜਬਰੀ ਕੰਮ ਕਰਵਾਉਣ ਆਦਿ ਲਈ ਵੀ ਬਦਨਾਮ ਹਨ। ਇਹ ਫਾਉਂਡੇਸ਼ਨ ਵਾਤਵਰਨ ਤਬਦੀਲੀਆਂ ਪ੍ਰਤੀ ਵੀ ਐਲਾਨੀਆਂ ਤੌਰ ‘ਤੇ ਫਿਕਰਮੰਦ ਹੈ ਪਰ ਅਨੇਕਾਂ ਪੈਟਰੋਲੀਅਮ, ਕੋਲਾ, ਬਿਜਲੀ ਤੇ ਇੰਜਨਿਅਰਿੰਗ ਫਰਮਾਂ ਵਿੱਚ ਨਿਵੇਸ਼ ਵੀ ਕਰਦੀ ਹੈ। ਇਹਨਾਂ ਸਭ ਨਿਵੇਸ਼ਾਂ ਤੋਂ ਇਸਨੂੰ ਚੋਖਾ ਮੁਨਾਫਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਚੈਰਿਟੀ ਸੰਸਥਾਵਾਂ ਦੀਆਂ ਹਜ਼ਾਰਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ।

ਚੈਰਿਟੀ ਦੇ ਇਸ ਧੰਦੇ ਵਿੱਚ ਨਿਵੇਸ਼ ਨਾਲ਼ ਸਿੱਧੇ ਤੇ ਅਸਿੱਧੇ ਮੁਨਾਫੇ ਤੋਂ ਬਿਨਾਂ ਦੂਜਾ ਵੱਡਾ ਮਾਮਲਾ ਕਰ ਬਚਾਉਣ ਨਾਲ਼ ਜੁੜਿਆ ਹੋਇਆ ਹੈ। ਚੈਰਿਟੀ ਆਦਿ ਰਾਹੀਂ ਕਨੂੰਨੀ ਘੁੰਡੀਆਂ ਰਾਹੀਂ ਧਨਾਢ ਅਰਬਾਂ ਦੀ ਕਰ ਛੋਟ ਹਾਸਲ ਕਰਦੇ ਹਨ, ਜਾਂ ਕਹਿ ਲਉ ਕਰ ਚੋਰੀ ਕਰਦੇ ਹਨ। ਇਹ ਗੱਲ ਆਪਣੇ ਆਪ ਵਿੱਚ ਹਾਸੋਹੀਣੀ ਹੈ ਕਿ ਫੇਰ ਉਹ ਚੈਰਿਟੀ ਰਾਹੀਂ “ਬਰਾਬਰੀ ਲਿਆਉਣ ਤੇ ਗਰੀਬੀ ਘਟਾਉਣ” ਦੀ ਗੱਲ ਕਰਦੇ ਹਨ।

ਮਾਰਕ ਜੁੱਕਰਬਰਗ ਦੇ ਮਾਮਲੇ ਦੀ ਗੱਲ ਕਰੀਏ ਤਾਂ ਉਸਦਾ ਮਾਮਲਾ ਵੀ ਬਹੁਤਾ ਵੱਖਰਾ ਨਹੀਂ ਹੈ। ਉਹ ਵੀ ਸੰਸਾਰ ਦੇ ਸਿਖ਼ਰਲੇ 20 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਜੁੱਕਰਬਰਗ ਮੁਤਾਬਕ ਉਸਦੀ ਚੈਰਿਟੀ ਦਾ ਉਦੇਸ਼ “ਸਿਹਤ, ਸਿੱਖਿਆ, ਵਿਗਿਆਨਕ ਖੋਜਾਂ ਤੇ ਊਰਜਾ ਵਰਗੇ ਖੇਤਰਾਂ ਵਿੱਚ ਮਨੁੱਖੀ ਸਰਮੱਥਾ ਨੂੰ ਵਧਾਉਣਾ, ਬਰਾਬਰੀ ਨੂੰ ਉਤਸ਼ਾਹਿਤ ਕਰਨਾ” ਹੈ ਤੇ ਆਪਣੇ ਉਦੇਸ਼ ਦੀ ਲੋੜ ਮੁਤਾਬਕ “ਨੀਤੀਆਂ ਬਣਾਉਣ ਦੀਆਂ ਬਹਿਸਾਂ ‘ਚ ਹਿੱਸਾ ਲੈਣ” ਲਈ ਵੀ ਨਿਵੇਸ਼ ਕਰੇਗਾ। ਉਹ ਇਹ ਪੈਸਾ ਕਿਸੇ ਨੂੰ ਦੇ ਨਹੀਂ ਰਿਹਾ ਸਗੋਂ ਆਪਣੀ ਹੀ ਸੰਸਥਾ ‘ਚਾਨ ਜੁੱਕਰਬਰਗ ਇਨੀਸ਼ੀਏਟਿਵ’ ਬਣਾ ਰਿਹਾ ਹੈ, ਜਿਸਦਾ ਮਾਲਕ ਵੀ ਉਹ ਖੁਦ ਹੀ ਹੋਵੇਗਾ। ਇਹ ਸੰਸਥਾ ਦਾ ਰੂਪ ਇੱਕ ‘ਲਿਮੀਟਡ ਲਾਇਬਿਲਟੀ ਕੰਪਨੀ (ਐੱਲ.ਐੱਲ.ਸੀ.) ਵਾਲ਼ਾ ਹੈ ਜੋ ਕਿ ਅਮਰੀਕੀ ਕਨੂੰਨ ਮੁਤਾਬਕ ਅਜਿਹੀ ਕੰਪਨੀ ਹੁੰਦੀ ਹੈ ਜਿਸ ਉੱਪਰ ਕਨੂੰਨੀ ਬੰਧੇਜ ਘੱਟ ਹੁੰਦੇ ਹਨ। ਅਜਿਹੀ ਸੰਸਥਾ ਉੱਪਰ ਕਿਸੇ ਦੀ ਮਦਦ ਕਰਨ ਦਾ ਕੋਈ ਕਨੂੰਨੀ ਬੰਧੇਜ ਨਹੀਂ ਹੈ। ਇਸਦਾ ਪੈਸਾ ਕਿੱਥੇ ਖਰਚਿਆ ਜਾਂਦਾ ਹੈ ਇਸਦੀ ਪਾਰਦਰਸ਼ਤਾ ਵੀ ਕਨੂੰਨੀ ਤੌਰ ‘ਤੇ ਲਾਜ਼ਮੀ ਨਹੀਂ ਹੈ। ਸਾਫ ਹੈ ਕਿ ਇਸ ਸੰਸਥਾ ਉੱਪਰ ਵੀ ਮੁਨਾਫੇ ਦੇ ਖੇਤਰਾਂ ਵਿੱਚ ਨਿਵੇਸ਼ ਕਰਨ ‘ਤੇ ਕੋਈ ਬੰਧੇਜ ਨਹੀਂ ਹੈ। ਅਜਿਹੀਆਂ ਸੰਸਥਾਵਾਂ ਦੇ “ਉਦੇਸ਼” ਅਮਲ ਵਿੱਚ ਕਿਵੇਂ ਕੰਮ ਕਰਦੇ ਹਨ ਇਸਦੀ ਚਰਚਾ ਅਸੀਂ ਉੱਪਰ ਕਰ ਹੀ ਚੁੱਕੇ ਹਾਂ। ਆਪਣਾ ਪੈਸਾ ਆਪਣੀ ਹੀ ਜੇਬ ਵਿੱਚ ਪਾਕੇ, ਉਸਨੂੰ ਮੁਨਾਫੇ ਲਈ ਨਿਵੇਸ਼ ਕਰਨ, ਲਾਬਿੰਗ ਦੇ “ਮੁਨਾਫਾ-ਰਹਿਤ” ਖੇਤਰ ‘ਚ ਖਰਚਣ ਦੇ ਨਾਲ਼-ਨਾਲ਼ ਕਨੂੰਨੀ ਮਾਨਤਾ ਪ੍ਰਾਪਤ ਟੈਕਸ ਛੋਟ ਵੀ ਹਾਸਲ ਹੁੰਦੀ ਰਹੇਗੀ।

ਚੈਰਿਟੀ ਦਾ ਸਭ ਤੋਂ ਅਹਿਮ ਮਕਸਦ ਸਰਮਾਏਦਾਰ ਜਮਾਤ ਦਾ ਆਪਣਾ ਵਿਚਾਰਧਾਰਕ ਗਲਬਾ ਕਾਇਮ ਕਰਨ ਨਾਲ਼ ਜੁੜਿਆ ਹੋਇਆ ਹੈ। ਆਮ ਲੋਕਾਂ ਦੀ ਗਰੀਬੀ, ਮਾੜੀ ਹਾਲਤ ਲਈ ਜ਼ਿੰਮੇਵਾਰ ਸਮੁੱਚਾ ਨਿੱਜੀ ਜਾਇਦਾਦ ‘ਤੇ ਟਿਕਿਆ ਢਾਂਚਾ ਤੇ ਸਰਮਾਏਦਾਰ ਹਨ। ਜਿਨ੍ਹਾਂ ਚਿਰ ਨਿੱਜੀ ਜਾਇਦਾਦ ਦਾ ਪ੍ਰਬੰਧ ਖਤਮ ਨਹੀਂ ਹੁੰਦਾ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਨਾ ਚਿਰ ਉਹਨਾਂ ਦੀ ਬਿਹਤਰੀ ਸੰਭਵ ਨਹੀਂ। ਇੱਥੋਂ ਤੱਕ ਕਿ ਜੇ ਚੈਰਿਟੀ, ਦਾਨ ਦੀ ਰਾਸ਼ੀ ਪੂਰੀ ਤਰ੍ਹਾਂ ਲੋਕਾਂ ਵਿੱਚ ਵੰਡੀ ਵੀ ਜਾਵੇ ਤਾਂ ਵੀ ਲੋਕਾਂ ਦੀ ਹਾਲਤ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਉਣ ਲੱਗੀ। ਸਰਮਾਏਦਾਰ ਲੋਕਾਂ ਦੀ ਕਿਰਤ ਦੀ ਲੁੱਟ ਰਾਹੀਂ ਹੀ ਅਮੀਰ ਬਣਦੇ ਹਨ ਤੇ ਮੁੜ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਉਸੇ ਲੁੱਟ ਦਾ ਇੱਕ ਛੋਟੇ ਜਿਹੇ ਹਿੱਸੇ ਨਾਲ਼ “ਸਮਾਜ ਭਲਾਈ” ਦਾ ਤਮਾਸ਼ਾ ਕਰਦੇ ਹਨ ਅਤੇ ਲੋਕਾਂ ਨੂੰ ਹੀਣੇ ਬਣਾਉਂਦੇ ਹਨ। ਮਜ਼ਦੂਰ ਜਮਾਤ ਦੇ ਮਹਾਨ ਆਗੂ ਤੇ ਅਧਿਆਪਕ ਫਰੈਡਰਿਕ ਏਂਗਲਜ ਨੇ ਕਈ ਵਰ੍ਹੇ ਪਹਿਲਾਂ ਇਹਨਾਂ “ਦਾਨੀ ਸੱਜਣਾਂ” ਨੂੰ ਸੰਬੋਧਿਤ ਹੁੰਦੇ ਲਿਖਿਆ ਸੀ ਕਿ “ਪ੍ਰੋਲੇਤਾਰੀ ਦੇ ਜੀਵਨ ਦੀ ਰੱਤ ਚੂਸਕੇ ਤੇ ਫਿਰ ਉਹਨਾਂ ਉੱਤੇ ਆਪਣਾ ਸਵੈ-ਸੰਤੋਖੀ, ਪਖੰਡ ਭਰਿਆ ਮਨੁੱਖਤਾਵਾਦ ਵਿਖਾ ਕੇ, ਸੰਸਾਰ ਅੱਗੇ ਖੁਦ ਨੂੰ ਮਨੁੱਖਤਾ ਦੇ ਮਹਾਨ ਸ਼ੁਭਚਿੰਤਕ ਵਜੋਂ ਪੇਸ਼ ਕਰਦਿਆਂ ਲੁੱਟ ਦੇ ਸ਼ਿਕਾਰ ਨੂੰ ਉਹਨਾਂ ਦੇ ਬਣਦੇ ਹਿੱਸੇ ਦਾ ਹਜ਼ਾਰਵਾਂ ਭਾਗ ਦੇਕੇ ਤੁਸੀਂ ਸਮਝਦੇ ਹੋ ਕਿ ਤੁਸੀਂ ਉਹਨਾਂ ਦੀ ਬੜੀ ਸੇਵਾ ਕੀਤੀ ਹੈ। ਦਾਨ, ਜਿਹੜਾ ਦਾਨ ਲੈਣ ਵਾਲ਼ੇ ਤੋਂ ਪਹਿਲਾਂ ਦਾਨ ਦੇਣ ਵਾਲ਼ੇ ਨੂੰ ਹੀਣਾ ਕਰਦਾ ਹੈ; ਦਾਨ, ਜਿਹੜਾ ਪਹਿਲਾਂ ਹੀ ਦੱਬੇ-ਕੁਚਲੇ ਨੂੰ ਹੋਰ ਨਿਤਾਣਾ ਕਰਦਾ ਹੈ, ਜਿਹੜਾ ਇਹ ਮੰਗ ਕਰਦਾ ਹੈ ਕਿ ਜੋ ਹੇਠਾਂ ਧੱਕ ਦਿੱਤਾ ਗਿਆ ਹੈ, ਸਮਾਜ ਵੱਲੋਂ ਭੁੱਖਾ-ਨੰਗਾ ਕਰ ਦਿੱਤਾ ਗਿਆ ਹੈ, ਸਭ ਤੋਂ ਪਹਿਲਾਂ ਆਪਣੇ ਕੋਲ਼ ਬਚੀ ਆਖ਼ਰੀ ਚੀਜ਼, ਆਪਣਾ ਮਨੁੱਖ ਹੋਣਾ ਵੀ ਤਿਆਗ ਦੇਵੇ, ਤੁਹਾਡੇ ਤਰਸ ਦੇ ਤਮਾਸ਼ੇ ਅੱਗੇ ਤਰਸ ਲਈ ਭੀਖ ਮੰਗੇ ਤਾਂ ਜੋ ਭੀਖ ਦੇ ਰੂਪ ਵਿੱਚ ਕੁੱਝ ਹਾਸਲ ਕਰਕੇ ਆਪਣੇ ਮੱਥੇ ਉੱਤੇ ਹੀਣਤਾ ਦਾ ਠੱਪਾ ਲਵਾ ਲਵੇ।”

ਮਿਸਾਲ ਵਜੋਂ ਵਾਰੇਨ ਬੂਫ਼ੇ ਦੀ ਵੱਡਾ ਹਿੱਸਾ ਵਾਲਮਾਰਟ ਤੇ ਗੋਲਡਮਾਨ ਸਾਕਸ ਦੇ ਵਿੱਤੀ ਦੈਂਤ ਕਾਰਪੋਰੇਸ਼ਨਾਂ ਦੇ ਸ਼ੇਅਰਾਂ ਦੁਆਰਾ ਆਉਂਦਾ ਹੈ। ਵਾਲਮਾਰਟ ਨੂੰ ਅਮਰੀਕਾ ਵਿੱਚ ਸਭ ਤੋਂ ਘੱਟ ਮਜ਼ਦੂਰੀ ਦੇਣ ਲਈ ਜਾਣਿਆ ਜਾਂਦਾ ਹੈ ਅਤੇ ਉਸ ਦੀਆਂ ਦੁਕਾਨਾਂ ਵਿੱਚ ਅਮਰੀਕੀ ਮਜ਼ਦੂਰ, ਮਜ਼ਦੂਰੀ ਦੀਆਂ ਸਭ ਤੋਂ ਘੱਟ ਦਰਾਂ ‘ਤੇ ਕੰਮ ਕਰਦੇ ਹਨ। ਗੋਲਡਮਾਨ ਸਾਕਸ ਉਹੀ ਵਿੱਤੀ ਸੰਸਥਾ ਹੈ ਜਿਸਦੀ ਮੁਨਾਫੇ ਦੀ ਹਵਸ 2007 ਦੇ ਸੰਸਾਰ ਅਰਥਚਾਰੇ ਦੇ ਸੰਕਟ ਦਾ ਇੱਕ ਕਾਰਕ ਬਣੀ। ਅੱਜ ਸੰਸਾਰ ਭਰ ਦੇ ਇਹਨਾਂ ਸਰਮਾਏਦਾਰਾਂ ਕਾਰਨ ਹੀ ਕਰੋੜਾਂ ਲੋਕ ਗਰੀਬੀ, ਬੇਰੁਜਗਾਰੀ ਦੇ ਸ਼ਿਕਾਰ ਹਨ। ਰੋਟੀ, ਕੱਪੜਾ, ਸਿੱਖਿਆ, ਸਿਹਤ ਜਿਹੀਆਂ ਬੁਨਿਆਦੀ ਸਹੂਲਤਾਂ ਮੰਡੀ ‘ਚ ਵਿਕਣ ਵਾਲ਼ੀਆਂ ਜਿਣਸਾਂ ਹਨ। ਇਹਨਾਂ ਕਾਰਨ ਹੀ ਸੰਸਾਰ ਵਿੱਚ ਥਾਂ-ਥਾਂ ਜੰਗਾਂ ਰਾਹੀਂ ਮਾਸੂਮਾਂ ਦਾ ਲਹੂ ਵਹਾਇਆ ਜਾ ਰਿਹਾ ਹੈ। ਸੰਸਾਰ ਅਰਥਚਾਰਾ ਵਾਰ-ਵਾਰ ਸੰਕਟਾਂ ਦਾ ਸ਼ਿਕਾਰ ਹੁੰਦਾ ਹੈ ਜਿਨ੍ਹਾਂ ਵਿੱਚ ਆਮ ਲੋਕਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ ਤੇ ਇਹਨਾਂ ਦੇ ਮੁਨਾਫੇ ਹੋਰ ਵਧ ਜਾਂਦੇ ਹਨ । ਮਿਸਾਲ ਵਜੋਂ ਅਮਰੀਕਾ ਦੇ ਸਿਖਰਲੇ 400 ਅਮੀਰਾਂ ਦੀ ਦੌਲਤ 2009 ਤੋਂ 2014 ਤੱਕ ਦੇ ਸੰਕਟ ਦੇ ਸਮੇਂ ਵਿੱਚ ਦੁੱਗਣੀ ਹੋ ਗਈ ਜਦਕਿ ਹੇਠਲੇ ਲੋਕਾਂ ਦੀ ਆਮਦਨ ਹੋਰ ਹੇਠਾਂ ਆ ਗਈ। ਸਾਫ ਹੈ ਕਿ ਇੰਨੇ ਲੋਕਾਂ ਨੂੰ ਲੁੱਟਣ, ਉਹਨਾਂ ਦਾ ਜੀਵਨ ਨਰਕਮਈ ਬਣਾਉਣ ਤੇ ਮੁਨਾਫੇ ਲਈ ਮਨੁੱਖਤਾ ਉੱਤੇ ਨਜਾਇਜ਼ ਜੰਗਾਂ ਥੋਪ ਕੇ ਲੱਖਾਂ ਮਾਸੂਮਾਂ ਦਾ ਲਹੂ ਵਹਾਉਣ ਵਾਲ਼ੇ ਇਹਨਾਂ ਸਰਮਾਏਦਾਰਾਂ ਤੋਂ ਸਮਾਜ ਦੇ ਭਲੇ ਦੀ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਇਹ ਵੀ ਸੋਚਣਾ ਚਾਹੀਦਾ ਹੈ ਕਿ ਜੇ ਇਹਨਾਂ ਨੂੰ ਸਮਾਜ ਦਾ ਇੰਨਾ ਹੀ ਫਿਕਰ ਹੈ ਤਾਂ ਲੋਕਾਂ ਦੀ ਲੁੱਟ ਬੰਦ ਕਿਉਂ ਨਹੀਂ ਕਰਦੇ? ਆਪਣੇ ਕਾਮਿਆਂ ਨੂੰ ਚੰਗੀਆਂ ਤਨਖਾਹਾਂ, ਸਹੂਲਤਾਂ ਕਿਉਂ ਨਹੀਂ ਮੁਹੱਈਆ ਕਰਵਾਉਂਦ? ਮਨੁੱਖਤਾ ਉੱਪਰ ਜੰਗਾਂ ਥੋਪਣੋਂ ਕਿਉਂ ਨਹੀਂ ਹਟਦੇ? ਅਸਲ ‘ਚ ਆਪਣੇ ਇਹਨਾਂ ਕੁਕਰਮਾਂ ਨੂੰ ਲੁਕਾਉਣ ਲਈ ਇਹ ਸਰਮਾਏਦਾਰ ‘ਚੈਰਿਟੀ’ ਤੇ ਸਮਾਜਕ ਭਲਾਈ ਦੇ ਤਮਾਸ਼ੇ ਕਰਦੇ ਹਨ।

ਇਸ ਚੈਰਿਟੀ ਨਾਲ਼ ਸੰਸਾਰ ਭਰ ਦੇ ਮੱਧਵਰਗੀ, ਨਿਮਨ ਮੱਧਵਰਗੀ ਅਤੇ ਮਜ਼ਦੂਰ ਅਬਾਦੀ ਵਿੱਚ ਵੀ, ਸਰਮਾਏਦਾਰਾ ਢਾਂਚੇ ਦੇ ਮਨੁੱਖਤਵਾਦੀ ਹੋਣ ਸਬੰਧੀ ਭੁਲੇਖੇ ਪੈਦਾ ਹੁੰਦਾ ਹਨ ਜਾਂ ਕਹਿ ਲਓ ਪੈਦਾ ਕੀਤੇ ਜਾਂਦੇ ਹਨ। ਖਾਸ ਕਰ, ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬਿਲ ਗੇਟਸ, ਵਾਰੇਨ ਬੂਫ਼ੇ ਤੇ ਮਾਰਕ ਜੁੱਕਰਬਰਗ ਵਰਗੇ ਲੁਟੇਰੇ ਆਦਰਸ਼ ਬਣਕੇ ਉੱਭਰਦੇ ਹਨ। ਵਿਦਿਆਰਥੀਆਂ ਦੇ ਦਿਮਾਗ਼ ‘ਚ ਢਾਂਚੇ ਦੁਆਰਾ ਕੁੱਟ-ਕੁੱਟ ਕੇ ਭਰਿਆ ਇਹ ਤਰਕ ਹੋਰ ਵੀ ਮਜ਼ਬੂਤ ਹੁੰਦਾ ਹੈ ਕਿ “ਪਹਿਲਾਂ ਆਪ ਕੁਝ ਬਣ ਜਾਓ, ਫਿਰ ਸਮਾਜ ਲਈ ਕੁਝ ਕਰੋ।” ਅਤੇ ਉਹ ਇਸ ਸਮਝ ਤੋਂ ਹਕੀਕਤ ਵਿੱਚ ਦੂਰ ਹੁੰਦੇ ਜਾਣਗੇ ਕਿ ਇਹ ‘ਫੇਰ ਕੁਝ ਕਰੋ’ ਦਾ ਅਸਲ ਵਿੱਚ ਅਰਥ ‘ਕੁਝ ਵੀ ਨਾ ਕਰੋ’ ਹੈ।  ਚੈਰਿਟੀ ਲੋਕ ਮਨਾਂ ਵਿੱਚ ਸਰਮਾਏਦਾਰਾਂ ਪ੍ਰਤੀ ਪਲਣ ਵਾਲ਼ੇ ਰੋਸ ਲਈ ਇੱਕ ‘ਸੇਫਟੀ ਵਾਲਵ’ ਦਾ ਕੰਮ ਕਰਦੀ ਹੈ ਜੋ ਗੁੱਸੇ ਨੂੰ “ਦਾਨ” ਦੇ ਠੰਢੇ ਛਿੱਟਿਆਂ ਤੇ ਕੁੱਝ ਨਿਪੰਸੁਕ ਕਿਸਮ ਦੇ ਵਿਰੋਧਾਂ ਦੇ ਰੂਪ ਵਿੱਚ ਕੱਢ ਦਿੰਦਾ ਹੈ। ਚੈਰਿਟੀ, ਦਾਨ ਜਾਂ ਮਦਦ ਲੈਣ ਵਾਲ਼ੇ ਲੋਕਾਂ ਨੂੰ ਹੀਣੇ ਬਣਾਉਂਦੀ ਹੈ, ਉਹਨਾਂ ਦੀ ਅਜ਼ਾਦ ਹੋਂਦ ਨੂੰ ਕਤਲ ਕਰਦੀ ਹੈ ਤੇ ਲੋਕਾਂ ਨੂੰ ਇਸ ਢਾਂਚੇ ਨੂੰ ਆਪਣੀ ਇੱਕਜੁੱਟ ਤਾਕਤ ਨਾਲ਼ ਖੁਦ ਬਦਲਣ ਬਾਰੇ ਸੋਚਣ ਦੀ ਥਾਂ ਉਹਨਾਂ ਵਿੱਚ ਇਸ ਢਾਂਚੇ ਅੰਦਰ ਹੀ ਮਸੀਹਿਆਂ ਦੇ ਪੈਦਾ ਹੋਣ ਦੀਆਂ ਝੂਠੀਆਂ ਉਮੀਦ ਪੈਦਾ ਕਰਦੀ ਹੈ। ਕੁੱਲ ਮਿਲ਼ਾਕੇ ਦੇਖਿਆ ਜਾਵੇ ਤਾਂ ਇਸ ਚੈਰਿਟੀ ਨਾਲ਼ ਸਰਮਾਏਦਾਰਾ ਢਾਂਚੇ ਪ੍ਰਤੀ ਲੋਕਾਂ ਦੇ ਭੁਲੇਖਿਆਂ ਦੀ ਉਮਰ ਥੋੜ੍ਹੀ ਹੋਰ ਵਧ ਜਾਂਦੀ ਹੈ। ਇਸੇ ਲਈ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਮੈਕਸਿਮ ਗੋਰਕੀ ਦੇ ਇਹ ਸ਼ਬਦ ਦਰਜ ਕੀਤੇ ਸਨ:  “ਉਹ ਵਿਅਕਤੀ ਸਭ ਤੋਂ ਵੱਧ ਤਰਸਯੋਗ ਹੈ ਜੋ ਦਾਨ ਲੈਂਦਾ ਹੈ ਤੇ ਉਹ ਵਿਅਕਤੀ ਸਭ ਤੋਂ ਵੱਧ ਘ੍ਰਿਣਾਯੋਗ ਹੈ ਜੋ ਦਾਨ ਦਿੰਦਾ ਹੈ।”

ਇਹਨਾਂ ਚੈਰਿਟੀ ਦੇ ਡਰਾਮੇ ਕਰਨ ਵਾਲ਼ਿਆਂ ਦਾ ਅਸਲ ਮੰਤਵ ਤਾਂ ਮੁਨਾਫਾ ਹੈ। ਇਹਨਾਂ ਲਈ ਡਾ. ਨਾਰਮ ਬੈਥਿਊ ਦੇ ਇਹ ਸ਼ਬਦ ਸਹੀ ਹਨ ਕਿ “ਮਨੁੱਖੀ ਨਸਲ ਦੇ ਇਹ ਦੁਸ਼ਮਣ … ਸਤਿਕਾਰਯੋਗ ਨਾਗਰਿਕ ਹਨ। … ਉਹ ਆਪਣੀ ਵਾਧੂ ਦੌਲਤ ਨਾਲ਼ ਨਿੱਜੀ ਅਤੇ ਜਨਤਕ ਦਾਨ ਦਿੰਦੇ ਹਨ। ਉਹ ਸੰਸਥਾਵਾਂ ਨੂੰ ਪੈਸਾ ਦਿੰਦੇ ਹਨ। ਆਪਣੇ ਨਿੱਜੀ ਜੀਵਨ ਵਿੱਚ ਉਹ ਦਿਆਲੂ ਤੇ ਖਿਆਲ ਰੱਖਣ ਵਾਲ਼ੇ ਹਨ। ਉਹ ਕਨੂੰਨ ਦੀ ਪਾਲਣਾ ਕਰਦੇ ਹਨ – ਆਪਣੇ ਕਾਨੂੰਨ ਤੇ ਜਾਇਦਾਦ ਦੇ ਕਨੂੰਨ ਦੀ। ਪਰ ਇੱਕ ਲੱਛਣ ਹੈ ਜਿਸ ਦੁਆਰਾ ਇਹਨਾਂ ਭੱਦਰਪੁਰਸ਼ ਬੰਦੂਕਧਾਰੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਉਹਨਾਂ ਦੇ ਪੈਸੇ ਦੇ ਮੁਨਾਫੇ ‘ਚੋਂ ਕਟੌਤੀ ਕਰਨ ਦੀ ਕੋਸ਼ਿਸ਼ ਕਰਕੇ ਵੇਖੋ ਅਤੇ ਉਹਨਾਂ ਅੰਦਰਲਾ ਪਸ਼ੂ ਚਿੰਗਾੜ ਮਾਰ ਕੇ ਜਾਗ ਉੱਠਦਾ ਹੈ। ਉਹ ਰਾਖਸ਼ਾਂ ਦੀ ਤਰ੍ਹਾਂ ਖੂੰਖਾਰ, ਪਾਗਲਾਂ ਵਾਂਗ ਜਾਲਮ ਅਤੇ ਜੱਲਾਦਾਂ ਵਾਂਗ ਬੇਰਹਿਮ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਆਦਮੀਆਂ ਦਾ ਖਾਤਮਾ ਜ਼ਰੂਰੀ ਹੈ ਜੇ ਮਨੁੱਖੀ ਨਸਲ ਨੇ ਜਿਉਂਦੇ ਰਹਿਣਾ ਹੈ। ਜਿੰਨਾ ਚਿਰ ਇਹ ਆਦਮੀ ਜ਼ਿੰਦਾ ਹਨ, ਸੰਸਾਰ ਵਿੱਚ ਕੋਈ ਸਥਾਈ ਅਮਨ ਨਹੀਂ ਹੋ ਸਕਦਾ। ਮਨੁੱਖੀ ਸਮਾਜ ਦਾ ਅਜਿਹਾ ਢਾਂਚਾ ਜਿਹੜਾ ਇਹੋ ਜਿਹੇ ਆਦਮੀਆਂ ਨੂੰ ਜਿਉਂਦੇ ਰਹਿਣ ਦਿੰਦਾ ਹੈ, ਢਹਿਢੇਰੀ ਕਰਨਾ ਪਵੇਗਾ।”

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ

Advertisements