ਸੰਕਟਗ੍ਰਸਤ ਭਾਰਤੀ ਅਰਥਚਾਰਾ (ਮਰਜ਼ ਬੜਤਾ ਹੀ ਗਯਾ, ਯੂੰ-ਯੂੰ ਦਵਾ ਕੀ) •ਸੁਖਵਿੰਦਰ

11

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸੰਸਾਰ ਸਰਮਾਏਦਾਰੀ-ਸਾਮਰਾਜੀ ਪ੍ਰਬੰਧ ਨੂੰ ਅੱਜ ਇੱਕ-ਜਾਨਲੇਵਾ ਸੰਕਟ ਦਰਪੇਸ਼ ਹੈ। 1973 ਨੂੰ ਵਿਕਸਿਤ ਸਰਮਾਏਦਾਰਾ-ਸਾਮਰਾਜੀ ਦੇਸ਼ਾ ਤੋਂ ਸ਼ੁਰੂ ਹੋਏ ਇਸ ਸੰਕਟ ਨੇ ਹੌਲੀ-ਹੌਲੀ ਪੂਰੇ ਸਰਮਾਏਦਾਰ ਜਗਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸੰਸਾਰ ਸਰਮਾਏਦਾਰ-ਸਾਮਰਾਜੀ ਪ੍ਰਬੰਧ ਦਾ ਇਹ ਸੰਕਟ ਇਸਦੇ ਪਹਿਲਾਂ ਦੇ ਸੰਕਟਾਂ ਤੋਂ ਭਿੰਨ ਪ੍ਰਕਾਰ ਦਾ ਹੈ।

ਆਰਥਿਕ ਸੰਕਟ ਸਰਮਾਏਦਾਰਾ ਪ੍ਰਬੰਧ ਦੇ ਵਜੂਦ ਸਮੋਏ ਨਿਯਮਾਂ ਵਜੋਂ ਵਾਪਰਦੇ ਹਨ। ਸਰਮਾਏਦਾਰਾ ਪ੍ਰਬੰਧ ਆਪਣੇ ਜਨਮ ਤੋਂ ਹੀ ਆਰਥਿਕ ਸੰਕਟਾਂ ਨਾਲ਼ ਜੂਝਦਾ ਰਿਹਾ ਹੈ। ਕਿਸੇ ਸਮੇਂ ਕਾਰਲ ਮਾਰਕਸ ਨੇ ਲਿਖਿਆ ਸੀ ਕਿ ਸਰਮਾਏਦਾਰੀ ਪ੍ਰਬੰਧ ਨੂੰ ਹਰ ਦਹਾਕੇ ਇੱਕ ਵੱਡਾ ਸੰਕਟ ਆਣ ਘੇਰਦਾ ਹੈ। ਪਰ ਉਦੋਂ ਆਰਥਿਕ ਸੰਕਟ ਦਾ ਦੌਰ ਗੁਜ਼ਰ ਜਾਣ ਤੋਂ ਬਾਅਦ, ਉਭਾਰ (Recovery) ਦਾ ਦੌਰ ਸ਼ੁਰੂ ਹੁੰਦਾ ਸੀ। ਪਰ ਵਰਤਮਾਨ ਸੰਸਾਰ ਆਰਥਿਕ ਸੰਕਟ ਦੀ ਖਾਸੀਅਤ ਇਹ ਹੈ ਕਿ ਇਸ ਤੋਂ ਉਭਾਰ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਦੀ।

ਸਾਡਾ ਦੇਸ਼ ਭਾਰਤ ਵੀ ਸੰਸਾਰ ਸਰਮਾਏਦਾਰ-ਸਾਮਰਾਜੀ ਪ੍ਰਬੰਧ ਦਾ ਅਟੁੱਟ ਅੰਗ ਹੈ। 1980 ਵਿਆਂ ਤੋਂ ਭਾਰਤੀ ਹਾਕਮਾਂ ਵੱਲੋਂ ਆਪਣੀਆਂ ਨਵਉਦਾਰਵਾਦੀ ਨੀਤੀਆਂ ਦੀ ਬਦੌਲਤ, ਭਾਰਤੀ ਅਰਥਚਾਰੇ ਦਾ ਸੰਸਾਰ ਅਰਥਚਾਰੇ ਨਾਲ਼ ਏਕੀਕਰਨ (Integration) ਲਗਾਤਾਰ ਵਧਦਾ ਹੀ ਗਿਆ ਹੈ। ਸਰਮਾਏਦਾਰਾ ਪ੍ਰਬੰਧ ਲਈ ਇਸ ਤੋਂ ਬਿਨਾਂ ਹੋਰ ਕੋਈ ਰਾਹ ਵੀ ਨਹੀਂ ਹੈ। ਇਸ ਕਾਰਨ ਸੰਸਾਰ ਅਰਥਚਾਰੇ ਦੇ ਸੂਰਤੇ ਹਾਲਾਤ ਭਾਰਤੀ ਅਰਥਚਾਰੇ ‘ਤੇ ਵੀ ਅਸਰਅੰਦਾਜ਼ ਹੁੰਦੇ ਹਨ।

ਅਜ਼ਾਦੀ ਤੋਂ ਬਾਅਦ ਸਰਮਾਏਦਾਰਾ ਲੀਹਾਂ ‘ਤੇ ਤੁਰਿਆ ਭਾਰਤੀ ਅਰਥਚਾਰਾ ਵੀ ਵਾਰ-ਵਾਰ ਸੰਕਟਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਪਰ ਇਸਦੇ ਨਾਲ਼ ਹੀ ਇਸਨੇ ਉਭਾਰ ਦੇ ਦੌਰ ਵੀ ਦੇਖੇ ਹਨ। ਪਰ ਹੁਣ ਭਾਰਤੀ ਅਰਥਚਾਰਾ ਵੀ ਸੰਸਾਰ ਅਰਥਚਾਰੇ ਦੇ ਜਾਨਲੇਵਾ ਸੰਕਟ ਦੀ ਲਪੇਟ ‘ਚ ਆ ਗਿਆ ਹੈ। ਇਸ ‘ਚੋਂ ਇਸਦੇ ਨਿੱਕਲ ਸਕਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸੇ ਸੰਕਟ ਨੇ ਭਾਰਤ ਵਿੱਚ ਕਿਸੇ ਇਨਕਲਾਬੀ ਬਦਲ ਦੀ ਅਣਹੋਂਦ ਵਿੱਚ ਫਾਸੀਵਾਦੀ ਤਾਕਤਾਂ ਨੂੰ ਮਜ਼ਬੂਤੀ ਬਖਸ਼ੀ ਹੈ। ਇੱਥੋਂ ਤੱਕ ਕਿ ਫਾਸੀਵਾਦੀ ਤਾਕਤਾਂ ਰਾਜ ਸਿੰਘਾਸਣ ‘ਤੇ ਵੀ ਬਿਰਾਜਮਾਨ ਹੋ ਚੁੱਕੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ‘ਚ ਰਾਸ਼ਟਰੀ ਸਵੈਂ ਸੇਵਕ ਸੰਘ (ਰਸਸ) ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨੂੰ ਭਾਰਤ ਦੀ ਹਾਕਮ ਸਰਮਾਏਦਾਰ ਜਮਾਤ ਆਵਦੇ ਸੰਕਟ ਮੋਚਕ ਵਜੋਂ ਅੱਗੇ ਲਿਆਈ ਹੈ।

ਭਾਰਤੀ ਜਨਤਾ ਪਾਰਟੀ ਅਤੇ ਉਸਦਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਭਾਰਤ ਦੀਆਂ ਹਾਕਮ ਜਮਾਤਾਂ ਦਾ ਸੰਕਟ ਹਰਨ ਤਾਂ ਨਹੀਂ ਕਰ ਪਾਉਣਗੇ, ਪਰ ਇਸ ਸੰਕਟ ਦਾ ਬੋਝ ਭਾਰਤ ਦੇ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਉੱਪਰ ਜ਼ਰੂਰ ਪਾਉਣਗੇ ਅਤੇ ਪਾ ਰਹੇ ਹਨ। ਇਸ ਵਿਰੱਧ ਉੱਠਣ ਵਾਲ਼ੀ ਕਿਰਤੀ ਲੋਕਾਂ ਦੀ ਹਰ ਅਵਾਜ਼ ਨੂੰ ਬੇਦਰੇਗ ਜ਼ਬਰ ਨਾਲ਼ ਕੁਚਲਣ ਦੀ ਵੀ ਕੋਸ਼ਿਸ਼ ਕਰਨਗੇ।

“ਵਿਕਾਸ” ਦੀ ਪਟੜੀ ‘ਤੇ “ਦੌੜ” ਰਿਹਾ ਭਾਰਤੀ ਅਰਥਚਾਰਾ- ਦਾਅਵੇ ਅਤੇ ਹਕੀਕਤ

2014 ‘ਚ ਭਾਰਤ ਦੀਆਂ ਹਾਕਮ ਜਮਾਤਾਂ ਨੇ ਮੋਦੀ ਦੀ ਅਗਵਾਈ ‘ਚ ਸੰਘੀ ਲਾਣੇ ਨੂੰ ਦੇਸ਼ ਦੀ ਵਾਂਗਡੋਰ ਸੰਭਾਲ਼ੀ। ਸੰਕਟ ਦੀ ਮਾਰ ਝੱਲ ਰਹੀਆਂ ਹਾਕਮ ਜਮਾਤਾਂ ਨੂੰ ਉਮੀਦ ਸੀ ਕਿ ਮੋਦੀ ਅਤੇ ਉਸਦਾ ਸੰਘੀ ਲਾਣਾ ਉਸ ਲਈ ਸੰਕਟ ਮੋਚਨ ਸਿੱਧ ਹੋਵੇਗਾ। ਸੱਤਾ ਦੀ ਵਾਂਗਡੋਰ ਸੰਭਾਲਣ ਸਮੇਂ ਤੋਂ ਹੀ ਮੋਦੀ ਧੂੰਆਂ ਛੱਡ ਰਹੇ ਭਾਰਤੀ ਅਰਥਚਾਰੇ ਨੂੰ ਗਤੀ ਪ੍ਰਦਾਨ ਕਰਨ ਲਈ ਓਹੜ-ਪੋਹੜ ਕਰ ਰਿਹਾ ਹੈ। ਡਿੱਗ ਰਹੀ ਕੁੱਝ ਘਰੇਲੂ ਉਪਜ ਦੀ ਵਿਕਾਸ ਦਰ ਨੂੰ ਠੁੰਮਣਾ ਦੇਣ ਲਈ ਉਹ ਨਿੱਤ ਵਿਦੇਸ਼ ਦੌਰੇ ਕਰ ਰਿਹਾ ਹੈ ਤਾਂ ਕਿ ਕਿੱਧਰੋਂ ਵਿਦੇਸ਼ੀ ਨਿਵੇਸ਼ ਹਾਸਿਲ ਹੋ ਸਕੇ। ਉਹ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਨਿਵੇਸ਼ ਲਈ “ਬਿਹਤਰ ਮਹੌਲ” ਦੇਣ ਲਈ ਕਿਰਤ ਕਨੂੰਨਾ ‘ਚ ਬਦਲਾਅ ਕਰਕੇ ਪੂਰੀ ਤਰ੍ਹਾਂ ਸਰਮਾਏਦਾਰਾਂ ਦੇ ਹਿੱਤ ‘ਚ ਕਰ ਰਿਹਾ ਹੈ। ਦੇਸ਼ ‘ਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾ ਰਿਹਾ ਹੈ। ਵਿਦੇਸ਼ੀ ਨਿਵੇਸ਼ ਦੇ ਪ੍ਰਸਤਾਵਾਂ ਨੂੰ ਧੜਾ-ਧੜ ਮਨਜ਼ੂਰੀ ਦੇ ਰਿਹਾ ਹੈ। ਪਰ ਭਾਰਤੀ ਅਰਥਚਾਰੇ ਦਾ ਗੱਡਾ ਫਿਰ ਵੀ ਲੀਹ ‘ਤੇ ਨਹੀਂ ਆ ਰਿਹਾ।

ਮੋਦੀ ਅਤੇ ਉਸਦੇ ਮੰਤਰੀ ਦੇਸ਼ ਦੇ ਅਰਥਚਾਰੇ ਦੀ ਚੰਗੀ ਸਿਹਤ ਦੇ ਲਗਾਤਾਰ ਦਾਅਵੇ ਕਰ ਰਹੇ ਹਨ। ਗੱਪ ਛੱਡਣੇ ਵੀ ਫਾਸੀਵਾਦੀਆਂ ਦੀ ਯੁੱਧਨੀਤੀ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਦੂਜੇ ਪਾਸੇ ਸਰਕਾਰੀ ਅਧਿਕਾਰੀ, ਕਾਰੋਬਾਰੀ, ਬੈਂਕਰ ਆਦਿ ਭਾਰਤੀ ਅਰਥਚਾਰੇ ਦੀ ਦੁਰਦਸ਼ਾ ਦਾ ਰੋਣਾ ਰੋ ਰਹੇ ਹਨ। ਅਰਥਚਾਰੇ ਦੇ ਵੱਖ-ਵੱਖ ਅੰਕੜਾ ਸੰਕੇਤ ਵੀ ਦਿਖਾਉਂਦੇ ਹਨ ਕਿ ‘ਬੀਮਾਰ ਕਾ ਹਾਲ ਅੱਛਾ ਨਹੀਂ ਹੈ।’

ਸਾਲ 2014-15 ‘ਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 7.3 ਫੀਸਦੀ ਸੀ ਜੋ ਕਿ 2015-1 ਦੀ ਪਹਿਲੀ ਤਿਮਾਹੀ ‘ਚ 7 ਫੀਸਦੀ ਰਹਿ ਗਈ। 2015-16 ਦੇ ਪੂਰੇ ਸਾਲ ਲਈ ਇਹ 7.3 ਫੀਸਦੀ ਹੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਸੇ ਵਿੱਤੀ ਸਾਲ ਦੀ ਦੂਸਰੀ ਤਿਮਾਹੀ (ਜੂਨ-ਸਤੰਬਰ) ‘ਚ ਸਾਰੀਆਂ ਫਰਮਾਂ ਦੀ ਵਿੱਕਰੀ 2014-15 ਦੀ ਇਸੇ ਤਿਮਾਹੀ ਦੇ ਮੁਕਾਬਲੇ 5.3 ਫੀਸਦੀ ਸੁੰਗੜ ਗਈ। ਮੈਨੁਫੈਕਚਰਿੰਗ ਖੇਤਰ ਦੀ ਕਾਰਗੁਜ਼ਾਰੀ ਸਭ ਤੋਂ ਭੈੜੀ ਰਹੀ, ਜਿਸ ਦੀਆਂ ਵਿਕਰੀਆਂ 12 ਫੀਸਦੀ ਸੁੰਗੜ ਗਈਆਂ। ਉੱਪਰੋਕਤ ਤਿਮਾਹੀ ‘ਚ ਸਾਰੀਆਂ ਗੈਰ ਵਿੱਤੀ ਫਰਮਾਂ ਦੇ ਕਾਰਜ਼ਸ਼ੀਲ (Operating)  ਮੁਨਾਫੇ ਵਿਆਜ ਦੇ ਖਰਚਿਆਂ ਤੋਂ ਵੀ ਘੱਟ ਸਨ। ਮੁਨਾਫਿਆ ‘ਚ ਗਿਰਾਵਟ ਕਾਰਨ ਨਿਵੇਸ਼ ‘ਚ ਵੀ ਸੁਭਾਵਿਕ ਹੀ ਗਿਰਾਵਟ ਆਈ ਹੈ। ਵਿੱਤੀ ਵਰ੍ਹੇ 2015-16 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਨਿੱਜੀ ਖੇਤਰ ਦੇ ਪ੍ਰੋਜੈਕਟ ਦਾ ਕੁੱਝ ਪ੍ਰਸਤਾਵਿਤ ਨਿਵੇਸ਼ ਪਿਛਲੇ ਵਿੱਤੀ ਵਰ੍ਹੇ (2014-15) ਨਾਲ਼ੋਂ 30 ਫੀਸਦੀ ਘੱਟ ਸੀ। ਇਸੇ ਗਿਰਾਵਟ ਵਜੋਂ ਬੈਕਾਂ ਵਲੋਂ ਦਿੱਤੇ ਜਾਂਦੇ ਕਰਜ਼ੇ ਵੀ ਘਟੇ ਹਨ। ਵਰਤਮਾਨ ਵਿੱਤੀ ਵਰ੍ਹੇ ‘ਚ ਗੈਰ ਖਾਧ-ਪਦਾਰਥ ਕਰਜ਼ੇ 8.6 ਫੀਸਦੀ ਦੀ ਦਰ ਨਾਲ਼ ਵਧ ਰਹੇ ਹਨ। ਜੋ ਕਿ ਪਿਛਲੀ 20 ਸਾਲਾਂ ‘ਚ ਸਭ ਤੋਂ ਧੀਮੀ ਦਰ ਹੈ। ਸੱਨਅਤੀ ਕਰਜ਼ੇ ਦੀ ਵਿਕਾਸ ਦਰ ਤਾਂ ਹੋਰ ਵੀ ਧੀਮੀ (4.9 ਫੀਸਦੀ) ਹੈ। ਜੇਕਰ ਇਸ ‘ਚ ਮੁਦਰਾ ਸਫੀਤੀ ਦਾ ਵਾਧਾ ਵੀ ਜੋੜ ਦਿੱਤਾ ਜਾਵੇ ਤਾਂ ਇਹ ਵਾਧਾ ਦਰ ਜ਼ੀਰੋ ਹੋ ਜਾਵੇਗੀ।

ਵਰਤਮਾਨ ਵਿੱਤੀ ਵਰ੍ਹੇ ਦੇ ਪਹਿਲੇ ਅੱਧ (ਅਪ੍ਰੈਲ ਤੋਂ ਸਤੰਬਰ) ਲਈ ਸੱਨਅਤੀ ਪੈਦਾਵਾਰ ਦਾ ਸੂਚਕ ਅੰਕ 3.94 ਫੀਸਦੀ ਸੀ। ਜੇਕਰ ਸਿਰਫ ਮੈਨੁਫੈਕਚਰਿੰਗ ਲਈ ਦੇਖਿਆ ਜਾਵੇ ਤਾਂ ਇਹ 2.64 ਫੀਸਦੀ ਸੀ। ਉਪਰੋਕਤ ਅਰਸੇ ‘ਚ ਕੋਰ ਖੇਤਰ ਦੀ ਸੱਨਅਤ ਦੀ ਵਾਧਾ ਦਰ 2.33 ਫੀਸਦੀ ਸੀ ਜੋ ਕਿ ਪਿਛਲੇ ਵਿੱਤੀ ਵਰ੍ਹੇ ‘ਚ ਇਸੇ ਅਰਸੇ ਦੌਰਾਨ 5.07 ਫੀਸਦੀ ਸੀ।

ਨਿਰਯਾਤ ਦੀ ਹਾਲਤ ਤਾਂ ਸਭ ਤੋਂ ਭੈੜੀ ਹੈ। ਸਤੰਬਰ 2015 ‘ਚ ਭਾਰਤ ਦੇ ਵਸਤਾਂ(Marchandise) ਦੇ ਨਿਰਯਾਤ ‘ਚ 17.7 ਫੀਸਦੀ ਦੀ ਗਿਰਾਵਟ ਆਈ। ਸੇਵਾਵਾਂ ਦੇ ਨਿਰਯਾਤ ਤੋਂ ਕਮਾਈ ‘ਚ 1.4 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਨਿਰਯਾਤਾਂ ‘ਚ ਇਹ ਗਿਰਾਵਟ ਇਸ ਤੱਥ ਦੇ ਬਾਵਜੂਦ ਆਈ ਕਿ ਡਾਲਰ ਦੇ ਸੰਬੰਧ ‘ਚ ਰੁਪਈਏ ਦੀ ਕਦਰ ‘ਚ 6.6 ਫੀਸਦੀ ਗਿਰਾਵਟ ਆਈ ਹੈ।

ਮਹਿੰਗਾਈ ਜਦੋਂ ਲੋਕਾਂ ਦਾ ਲੱਕ ਤੋੜ ਰਹੀ ਹੈ ਉਦੋਂ ਹੀ ਮੋਦੀ ਸਰਕਾਰ ਮਹਿੰਗਾਈ ਦਰ ਘਟਣ ਦੇ ਬੇਸ਼ਰਮੀ ਭਰੇ ਦਾਅਵੇ ਕਰੀ ਜਾ ਰਹੀ ਹੈ। ਹਕੀਕਤ ਇਹ ਹੈ ਕਿ ਇਹ ਗਿਰਾਵਟ ਥੋਕ ਕੀਮਤ ਸੂਚਕ ਅੰਕ ‘ਚ ਆਈ ਹੈ। ਦੂਜੇ ਪਾਸੇ ਖਪਤਕਾਰ ਕੀਮਤ ਸੂਚਕ ਅੰਕ ‘ਚ ਜੁਲਾਈ 2015 ਤੋਂ 3.69 ਫੀਸਦੀ ਵਾਧਾ ਹੋਇਆ ਹੈ। ਖਾਧ-ਪਦਾਰਥ ਮੁਦਰਾ ਸਫੀਤੀ ਜੁਲਾਈ 2015 ਦੇ ਅੰਤ ‘ਚ 2.15 ਫੀਸਦੀ ਸੀ ਜੋ ਕਿ ਅਕਤੂਬਰ 2015 ਦੇ ਅੰਤ ‘ਚ ਵਧਕੇ 5.25 ਫੀਸਦੀ ਹੋ ਗਈ।

ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ ਨੂੰ ਖਿੱਚਣਾ ਵੀ ਮੋਦੀ ਸਰਕਾਰ ਦਾ ਇੱਕ ਮੁੱਖ ਕੰਮ ਰਿਹਾ ਹੈ। ਇਸੇ ਲਈ ਪ੍ਰਧਾਨ ਮੰਤਰੀ ਨਿੱਤ ਵਿਦੇਸ਼ ਦੌਰਿਆਂ ‘ਤੇ ਰਹਿੰਦਾ ਹੈ। ਉਸ ਨੇ ‘ਮੇਕ ਇੰਨ ਇੰਡੀਆ’ ਦਾ ਨਾਹਰਾ ਵੀ ਦਿੱਤਾ ਪਰ ਇਹ ਵੀ ਵਿਦੇਸ਼ੀ (ਸਾਮਰਾਜੀ) ਨਿਵੇਸ਼ਕਾਂ ਨੂੰ ਭਾਇਆ ਨਹੀਂ।

ਸੰਸਾਰ ਅਰਥਚਾਰੇ ‘ਤੇ ਜੋ ਸੰਕਟ ਛਾਇਆ ਹੋਇਆ ਹੈ, ਉਸ ‘ਚ ਉਹਨਾਂ ਨੂੰ ਨਿਵੇਸ਼ ਕਰਨ ‘ਚ ਕੋਈ ਫਾਇਦਾ ਦਿਖਾਈ ਨਹੀਂ ਦਿੰਦਾ। 2013-14 ‘ਚ ਭਾਰਤ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ 36 ਬਿਲੀਅਨ ਡਾਲਰ ਸੀ ਜੋ ਕਿ ਵਰਤਮਾਨ ਵਿੱਤੀ ਵਰੇ ‘ਚ ਵਧ ਕੇ 44 ਬਿਲੀਅਨ ਡਾਲਰ ਹੋ ਗਿਆ। 8 ਬੀਲੀਅਨ ਡਾਲਰ ਦੇ ਇਸ ਵਾਧੇ ‘ਤੇ ਫਾਸਿਸਟ ਕੱਛਾਂ ਵਜਾ ਰਹੇ ਹਨ। ਪਰ ਇਹ ਨਿਵੇਸ਼ ਵਾਧਾ ਭਾਰਤੀ ਅਰਥਚਾਰੇ ਨੂੰ ਗਤੀ ਪ੍ਰਦਾਨ ਕਰ ਸਕਣ ਲਈ ਬੇਹੱਦ ਨਿਗੂਣਾ ਹੈ।

ਭਾਰਤੀ ਹਾਕਮਾਂ ਦੀਆਂ ਮੁਸੀਬਤਾਂ ‘ਚ ਵਾਧਾ ਕਰਨ ਵਾਲ਼ਾ ਇੱਕ ਹੋਰ ਕਾਰਕ ਹੈ ਚੀਨ ਦਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਆਰਥਿਕ ਸੰਕਟ। ਭਾਰਤ ਦੇ ਹਾਕਮ ਚੀਨ ਦੇ ਮੰਦਵਾੜੇ ਦੇ ਭਾਰਤ ਉੱਪਰ ਪੈਣ ਵਾਲ਼ੇ ਭੈੜੇ ਅਸਰਾਂ ਤੋਂ ਇਨਕਾਰ ਕਰਦੇ ਆ ਰਹੇ ਹਨ। ਇਸੇ ਸਾਲ ਅਕਤੂਬਰ ‘ਚ ਕੋਲੰਬੀਆਂ ਯੂਨੀਵਰਸਿਟੀ ‘ਚ ਬੋਲਿਦਿਆਂ ਵਿੱਤ ਮੰਤਰੀ ਅਰੁਣ ਜੇਟਲੀ ਨੇ ਦਾਅਵਾ ਕੀਤਾ ਸੀ ਕਿ ਚੀਨ ਦੇ ਮੰਦਵਾੜੇ ਦਾ ਭਾਰਤ ਉੱਪਰ ਅਸਰ ਨਹੀਂ ਪਵੇਗਾ ਕਿਉਂਕਿ ਭਾਰਤੀ ਚੀਨੀ ਪੂਰਤੀ ਚੇਨ ਦਾ ਹਿੱਸਾ ਨਹੀਂ ਹੈ। ਪਰ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਹੀ ਅਰੁਣ ਜੇਟਲੀ ਦੇ ਦਾਅਵਿਆਂ ਨੂੰ ਖਾਰਜ਼ ਕਰ ਦਿੱਤਾ। ਉਸਦਾ ਕਹਿਣਾ ਹੈ ਕਿ ਚੀਨ ਦੇ ਮੰਦਵਾੜੇ ਦਾ ਭਾਰਤ ਉੱਪਰ ਭੈੜਾ ਅਸਰ ਪਵੇਗਾ। ਚੀਨ ਨੂੰ ਭਾਰਤ ਅਤੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ  ਨਿਰਯਾਤ ਘਟਣਗੇ, ਇਸ ਲਈ ਉਹ ਭਾਰਤ ਤੋਂ ਵੀ ਘੱਟ ਖਰੀਦਣਗੇ। ਇਸ ਤਰ੍ਹਾਂ ਸਿੱਧੇ ਅਤੇ ਅਸਿੱਧੇ ਤਰ੍ਹਾਂ ਚੀਨ ਦੇ ਆਰਥਿਕ ਸੰਕਟ ਤੋਂ ਭਾਰਤ ਬੁਰੇ ਰੁਖ਼ ਪ੍ਰਭਾਵਿਤ ਹੋਵੇਗਾ।

ਭਾਰਤੀ ਅਰਥਚਾਰੇ ਦਾ ਗੱਡਾ ਜਿਸ ਗਾਰ ‘ਚ ਫਸ ਗਿਆ ਹੈ, ਓਸ ਚੋਂ ਇਸ ਦੇ ਨਿੱਕਲਣ ਦੇ ਕੋਈ ਆਸਾਰ ਨਹੀਂ ਹਨ। ਭਾਰਤੀ ਅਰਥਚਾਰੇ ਦਾ ਸੰਕਟ ਹੋਰ ਡੂੰਘਾ ਹੋਵੇਗਾ, ਸਿੱਟੇ ਵਜ਼ੋਂ ਲੋਕ ਬੇਚੈਨੀ ਵਧੇਗੀ। ਸੰਘੀ ਫਾਸਿਸਟ ਇਸ ਲੋਕ ਬੇਚੈਨੀ ਨੂੰ ਧਾਰਮਿਕ ਘੱਟ ਗਿਣਤੀਆਂ, ਕਮਿਊਟਿਸਟਾਂ, ਮਜ਼ਦੂਰਾਂ-ਕਿਰਤੀਆਂ ਵਿਰੁੱਧ ਸੇਧਣ ਦੀਆਂ ਤਿਆਰੀਆਂ ‘ਚ ਹਨ। ਕਮਿਊਨਿਸਟ ਇਨਕਲਾਬੀ ਤਾਕਤਾਂ ਨੂੰ ਲੋਕਾਂ ਦੀ ਬੇਚੈਨੀ ਨੂੰ ਸਹੀ ਸੇਧ ਦੇਣ ਦੇ ਆਪਣੇ ਯਤਨ ਤੇਜ਼ ਕਰਨੇ ਹੋਣਗੇ। ਅੱਜ ਦੇ ਸਮੇਂ ‘ਚ ਇਹ ਸੇਧ ਸਿਰਫ ਅਤੇ ਸਿਰਫ ਇੱਕ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਹੀ ਹੋ ਸਕਦੀ ਹੈ। ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਨਾਲ਼ ਨਾ  ਹੀ ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਸਰਮਾਏਦਾਰੀ ਪ੍ਰਬੰਧ ਦੁਆਰਾ ਥੋਪੀਆਂ ਮੁਸੀਬਤਾਂ ਤੋਂ ਨਿਜ਼ਾਤ ਮਿਲ ਸਕਦੀ ਹੈ।  

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 46, ਦਸੰਬਰ 2015 ਵਿਚ ਪਰ੍ਕਾਸ਼ਤ

Advertisements