ਸੰਘੀ ਫਾਸੀਵਾਦੀਆਂ ਦਾ ਤਿੱਖਾ ਹੋ ਰਿਹਾ ਹਮਲਾ •ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫਾਸੀਵਾਦੀ ਹਮਲੇ ਦਾ ਮੂੰਹ ਮੋੜਨ ਲਈ ਸਾਰੀਆਂ ਇਨਕਲਾਬੀ-ਜ਼ਮਹੂਰੀ ਤਾਕਤਾਂ ਦਾ ਏਕਾ ਸਮੇਂ ਦੀ ਅਣਸਰਦੀ ਲੋੜ

ਮਈ 2014 ‘ਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ‘ਚ ਪੂਰਨ ਬਹੁਮਤ ਵਾਲ਼ੀ ਸਰਕਾਰ ਬਣਨ ਤੋਂ ਬਾਅਦ ਫਾਸੀਵਾਦੀ ਸੰਘ ਪਰਿਵਾਰ ਦੀ ਤਾਕਤ ਤੇਜ਼ੀ ਨਾਲ਼ ਵਧੀ ਹੈ। ਸੰਘ ਪਰਿਵਾਰ ਹੁਣ ਕੇਂਦਰ ‘ਚ ਆਵਦੀ ਸਰਕਾਰ ਹੋਣ ਦਾ ਪੂਰਾ ਫਾਇਦਾ ਲੈਣ ਚਾਹ ਰਿਹਾ ਹੈ। ਦੇਸ਼ ਦੀਆਂ ਸਾਰੀਆਂ ਅਕਾਦਮਿਕ ਸੱਭਿਆਚਾਰਕ-ਮੀਡੀਆ ਸੰਸਥਾਵਾਂ ‘ਤੇ ਕਬਜ਼ਾ ਕਰਨ ਲਈ ਪੱਬਾਂ ਭਾਰ ਹੋਇਆ ਹੈ ਅਤੇ ਤੇਜ਼ੀ ਨਾਲ ਇਹਨਾਂ ‘ਤੇ ਕਾਬਜ਼ ਹੋ ਵੀ ਰਿਹਾ ਹੈ। ਸੰਘ ਪਰਿਵਾਰ ਨੇ ਪੂਰੇ ਦੇਸ਼ ‘ਚ ਆਵਦੇ ਗੁੰਡਾ ਗਿਰੋਹਾਂ ਨੂੰ ਖੁੱਲ਼ੀ ਛੁੱਟੀ ਦੇ ਰੱਖੀ ਹੈ। ਇਹ ਗੁੰਡਾ ਗਿਰੋਹ ਥਾਂ-ਥਾਂ ਵਿਰੋਧ ਦੀਆਂ ਅਵਾਜ਼ਾਂ ਨੂੰ ਦਬਾਉਣ ਦੀਆਂ ਜੀ-ਤੋੜ ਕੋਸ਼ਿਸ਼ਾਂ ਕਰ ਰਹੇ ਹਨ। ਧਾਰਮਿਕ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਅਤੇ ਇਸਾਈਆਂ ਨੂੰ ਲਗਾਤਾਰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਦੇ ਧਾਰਮਿਕ ਸਥਾਨਾਂ ‘ਤੇ ਸੰਘੀ ਗੁੰਡੇ ਨਿੱਤ ਹਮਲੇ ਕਰ ਰਹੇ ਹਨ। ਕਦੇ ਲਵ ਜਿਹਾਦ ਅਤੇ ਕਦੇ ਧਰਮ ਬਦਲੀ ਦੀ ਮੁਹਿੰਮ ਰਾਹੀਂ ਧਾਰਮਿਕ ਘੱਟਗਿਤੀਆਂ ਵਿਰੁੱਧ ਕਾਤਲੀ ਮੁਹਿੰਮਾਂ ਨੂੰ ਉਕਸਾਇਆ ਜਾ ਰਿਹਾ ਹੈ। ਧਾਰਮਿਕ ਘੱਟਗਿਣਤੀਆਂ ਨੂੰ ਲਗਾਤਾਰ ਡਰ ਸਹਿਮ ਦੇ ਮਹੌਲ ‘ਚ ਜੀਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਕਮਿਊਨਿਸਟ ਪਾਰਟੀਆਂ/ਜਥੇਬੰਦੀਆਂ, ਤਰਕਸ਼ੀਲ ਸੰਸਥਾਵਾਂ, ਧਰਮਨਿਰਪੱਖ ਜਮਹੂਰੀ ਵਿਅਕਤੀ ਸੰਸਥਾਵਾਂ ਵੀ ਸੰਘ ਪਰਿਵਾਰ ਦੀ ਹਿੱਟ ਲਿਸਟ ਵਿੱਚ ਸਭ ਤੋਂ ਉੱਪਰ ਹਨ। ਨਰੇਂਦਰ ਦਭੋਲਕਰ, ਗੋਬਿੰਦ ਪਾਨਸਰੇ, ਪ੍ਰੋ. ਕਲਬੁਰਗੀ ਆਦਿ ਦੇ ਕਤਲਾਂ ਨੇ ਸੰਘ ਪਰਿਵਾਰ ਦੇ ਪ੍ਰਗਤੀਸ਼ੀਲਤਾ, ਤਰਕਸ਼ੀਲਤਾ, ਜਮਹੂਰੀਅਤ ਵਿਰੋਧੀ ਕਾਤਲ ਚੇਹਰੇ ਨੂੰ ਨੰਗਾ ਕੀਤਾ ਹੈ।

ਪਿਛਲੇ ਦਿਨੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੀ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਕਨੱਹੀਆ ਕੁਮਾਰ ਦੀ ਗ੍ਰਿਫਤਾਰੀ ਸੰਘ ਪਰਿਵਾਰ ਦੇ ਖਤਨਾਕ ਮਨਸੂਬਿਆਂ ਦੀ ਹੀ ਅਗਲੀ ਕੜੀ ਹੈ। ਕਨੱਈਆ ਕੁਮਾਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵਿਦਿਆਰਥੀ ਵਿੰਗ ਸਟੂਡੈਟ ਫੈਡਰੇਸ਼ਨ ਆਫ਼ ਇੰਡੀਆਂ ਨਾਲ ਸਬੰਧਤ ਹੈ। ਜਵਾਰਹਰ ਲਾਲ ਨਹਿਰੂ ਯੂਨੀਵਰਸਿਟੀ ਲੰਬੇ ਸਮੇਂ ਤੋਂ ਖੱਬੇ- ਪੱਖੀ (ਸੰਸਦੀ ਖੱਬੇ-ਪੱਖੀ ਸਮੇਤ) ਵਿਦਿਅਰਥੀ ਜਥੇਬੰਦੀਆਂ ਦਾ ਗੜ੍ਹ ਰਹੀ ਹੈ। ਫਾਸਿਸਟ ਲਾਲ ਝੰਡੇ ਨੂੰ ਸਭ ਤੋਂ ਵੱਧ ਨਫ਼ਰਤ ਕਰਦੇ ਹਨ।

ਉਹ ਸੰਸਦੀ ਅਤੇ ਇਨਕਲਾਬੀ ਖੱਬੇ ਪੱਖ ਵਿੱਚ ਫ਼ਰਕ ਨਹੀਂ ਕਰਦੇ। ਉਹ ਸਭ ਨੂੰ ਦੁਸ਼ਮਣ ਮੰਨਦੇ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਫਾਸਿਸਟਾਂ ਦੀ ਅੱਖ ਦਾ ਰੋੜਾ ਬਣੀ ਹੋਈ ਸੀ। ਇਸ ਲਈ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕਨੱਈਆ ਕੁਮਾਰ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਫਸਾਇਆ ਗਿਆ। ਫਾਸਿਸਟ ਇੱਥੇ ਹੀ ਨਹੀਂ ਰੁਕੇ। ਬਾਅਦ ਵਿੱਚ ਪਟਿਆਲਾ ਹਾਊਸ ਕੋਰਟ ‘ਚ ਪੇਸ਼ੀ ਦੌਰਾਨ ਦੋ ਵਾਰ ਸੰਘ ਨਾਲ਼ ਸਬੰਧਿਤ ਵਕੀਲਾਂ ਨੇ ਹਮਲਾ ਕੀਤਾ। ਕਨੱਹੀਆ ਕੁਮਾਰ ਦੀ ਪੇਸ਼ੀ ‘ਤੇ ਆਏ ਅਧਿਆਪਕਾਂ ਅਤੇ ਹੋਰ ਨਾਗਰਿਕਾਂ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਹਮਲੇ ਦੀ ਅਗਵਾਈ ਇੱਕ ਭਾਜਪਾ ਵਿਧਾਇਕ ਅਤੇ ਸੰਘ ਨਾਲ਼ ਸਬੰਧਤ ਵਕੀਲ ਵਿਕਰਮ ਚੌਹਾਨ ਨੇ ਕੀਤੀ। ਹਮਲੇ ਦੀ ਤਸਵੀਰ ਅਤੇ ਵੀਡੀਓ ਮੀਡੀਆ ‘ਚ ਨਸ਼ਰ ਹੋਣ ਤੋਂ ਬਾਅਦ ਵੀ ਇਹਨਾਂ ‘ਤੇ ਸਰਕਾਰ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਫਾਸਿਸਟਾਂ ਨੇ ਕਾਂਗਰਸ ਆਗੂ ਅਨੰਦ ਸ਼ਰਮਾ ਨੂੰ ਵੀ ਆਵਦੇ ਹਮਲੇ ਦਾ ਨਿਸ਼ਾਨਾ ਬਣਾਇਆ। ਚੰਡੀਗੜ੍ਹ  ‘ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਦਫਤਰ ‘ਤੇ ਬਜਰੰਗ ਦਲੀਆਂ ਨੇ ਹਮਲਾਂ ਕੀਤਾ। ਦੇਸ਼ ਵਿੱਚ ਥਾਂ-ਥਾਂ ਕਨੱਈਆ ਕੁਮਾਰ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ‘ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਸੰਘ ਪਰਿਵਾਰ ਦਾ ਅੰਗ) ਦੇ ਗੁੰਡਿਆਂ ਨੇ ਹਮਲੇ ਕੀਤੇ।

ਸੰਘ ਪਰਿਵਾਰ ਹੁਣ ਆਪਣੇ ਉਹਨਾਂ ਮਨਸੂਬਿਆਂ ਨੂੰ ਪੂਰੇ ਕਰਨਾ ਚਹੁੰਦਾ ਹੈ, ਜਿਸ ਲਈ ਉਹ ਲਗਾਤਾਰ ਇੱਕ ਸਦੀ ਤੋਂ ਕੰਮ ਕਰ ਰਿਹਾ ਹੈ। ਇਹ ਮਨਸੂਬੇ ਹਨ- ਦੇਸ਼ ਵਿੱਚ ਪੂਰਨ ਏਕਾ-ਅਧਿਕਾਰਵਾਦੀ ਫਾਸੀਵਾਦੀ ਹਕੂਮਤ ਕਾਇਮ ਕਰਨਾ, ਭਾਰਤ ਨੂੰ ਹਿੰਦੂ ਰਾਜ ਐਲਾਨਕੇ ਧਾਰਮਿਕ ਘੱਟ-ਗਿਣਤੀਆਂ ਤੋਂ ਸਭ ਨਾਗਰਿਕ ਹੱਕ ਖੋਹ ਕੇ ਉਹਨਾਂ ਨੂੰ ਦੋਮ ਦਰਜੇ ਦੀ ਹਾਲਤ ਵਿੱਚ ਧੱਕਣਾ, ਹਰ ਤਰ੍ਹਾਂ ਦੇ ਵਿਗਿਆਨਕ, ਤਰਕਸ਼ੀਲ ਵਿਚਾਰਾਂ, ਜ਼ਮਹੂਰੀਅਤ ਨੂੰ ਕੁਚਲਣਾ, ਇਸ ਸਭ ਜ਼ਰੀਏ ਸਰਮਾਏਦਾਰਾਂ ਅਤੇ ਸਾਮਰਾਜੀਆਂ ਦੇ ਹਿੱਤਾਂ ਦੀ ਸੇਵਾ ਕਰਨਾ ਤਾਂ ਕਿ ਵਰਤਮਾਨ ਆਰਥਿਕ ਸੰਕਟ ਦੇ ਦੌਰ ਵਿੱਚ ਸਰਮਾਏਦਾਰਾਂ-ਸਾਮਰਾਜੀਆਂ ਦੁਆਰਾ ਦੇਸ਼ ਦੇ ਕੁਦਰਤੀ ਸਾਧਨਾਂ ਅਤੇ ਕਿਰਤੀਆਂ ਦੀ ਲੁੱਟ ਨਿਰਵਿਘਨ ਜ਼ਾਰੀ ਰਹਿ ਸਕੇ ਅਤੇ ਪੂਰੇ ਦੇਸ਼ ਵਿੱਚ ਦਹਿਸ਼ਤੀ ਰਾਜ ਕਾਇਮ ਕਰਕੇ ਇਸ ਵਿਰੁੱਧ ਉੱਠਣ ਵਾਲ਼ੀ ਹਰ ਅਵਾਜ਼ ਨੂੰ ਚੁੱਪ ਕਰਾਇਆ ਜਾ ਸਕੇ।

ਇਸ ਲਈ ਸੰਘ ਪੂਰੀ ਤਿਆਰੀ ਕਰ ਰਿਹਾ ਹੈ। ਦੇਸ਼ ਵਿੱਚ ਥਾਂ-ਥਾਂ ਹਥਿਆਬੰਦ ਗਿਰੋਹ ਤਿਆਰ ਕਰ ਰਿਹਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਸੈਂਕੜੇ ਪਿੰਡਾਂ ‘ਚ ਹਥਿਆਰਬੰਦ ਸਿਖਲਾਈ ਦੇ ਸਕੂਲ ਚੱਲ ਰਹੇ ਹਨ। ਇਸ ਬਾਰੇ ਦੋ ਦਸਤਾਵੇਜ਼ੀ ਫਿਲਮਾਂ ‘ਵਾਇਲਡ ਵੈਸਟ ਉੱਤਰ ਪ੍ਰਦੇਸ਼’ ਅਤੇ ‘ਸੈਫਰਨ ਕਾਰੀਡੋਰ’ ਇੰਟਰਨੈੱਟ ‘ਤੇ ਦੇਖੀਆਂ ਜਾ ਸਕਦੀਆਂ ਹਨ।  ਆਉਣ ਵਾਲ਼ੇ ਦਿਨਾਂ ‘ਚ ਸੰਘ ਕਿਸੇ ਵੱਡੇ ਕਤਲੇਆਮ ਦੀ ਤਿਆਰੀ ਕਰ ਰਿਹਾ ਹੈ।

ਸਾਡੇ ਦੇਸ਼ ਵਿੱਚ ਫਾਸੀਵਾਦੀ ਉਭਾਰ ਕੋਈ ਕੱਲੀ-ਕਾਰੀ, ਨਿੱਖੜਵੀਂ ਘਟਨਾ ਨਹੀਂ ਹੈ। ਅੱਜ ਸੰਸਾਰ ਦੇ ਕਈ ਦੇਸ਼ਾਂ ‘ਚ ਫਾਸੀਵਾਦੀ, ਸੱਜ ਪਿਛਾਖੜੀ ਤਾਕਤਾਂ ਜ਼ੋਰ ਫੜ ਰਹੀਆਂ ਹਨ। ਸੰਸਾਰ ਸਰਮਾਏਦਾਰੀ ਅੱਜ ਇੱਕ ਲਾਇਲਾਜ ਆਰਥਿਕ ਸੰਕਟ ਤੋਂ ਪੀੜਤ ਹੈ। ਫਾਸੀਵਾਦੀ, ਸੱਜ-ਪਿਛਾਖੜੀ ਤਾਕਤਾਂ ਦਾ ਉਭਾਰ ਇਸੇ ਆਰਥਿਕ ਸੰਕਟ ਦੇ ਸਿਆਸਤ ‘ਚ ਹੋ ਰਹੇ ਪ੍ਰਗਟਾਵਿਆਂ ‘ਚੋਂ ਇੱਕ ਹੈ।
ਸਾਡੇ ਦੇਸ਼ ਦਾ ਅਰਥਚਾਰਾ ਵੀ ਸੰਸਾਰ ਆਰਥਿਕ ਸੰਕਟ ਦੇ ਝਟਕੇ ਮਹਿਸੂਸ ਕਰ ਰਿਹਾ ਹੈ। ਇਸੇ ਆਰਥਿਕ ਸੰਕਟ ‘ਚੋਂ ਪਾਰ ਉਤਾਰੇ ਲਈ ਦੇਸ਼ ਦੀ ਹਾਕਮ ਜਮਾਤ (ਸਰਮਾਏਦਾਰੀ) ਸੰਘੀ ਫਾਸੀਵਾਦੀਆਂ ਨੂੰ ਅੱਗੇ ਲਿਆਈ ਹੈ। ਦੇਸ਼ ‘ਚ ਫਾਸੀਵਾਦ ਦਾ ਉਭਾਰ ਦੇਸ਼ ਦੀ ਹਾਕਮ ਜਮਾਤ ਦੇ ਆਰਥਿਕ ਸੰਕਟ ਦਾ ਹੀ ਪ੍ਰਗਟਾਵਾ ਹੈ। ਇਸ ਲਈ ਫਾਸੀਵਾਦ ਵਿਰੋਧੀ ਲੜਾਈ ਨੂੰ ਲਾਜ਼ਮੀ ਹੀ ਪੂਰੇ ਸਰਮਾਏਦਾਰਾ ਢਾਂਚੇ ਦੇ ਖਾਤਮੇ ਨਾਲ਼ ਜੋੜਿਆ ਜਾਣਾ ਚਾਹੀਦਾ ਹੈ। ਸਰਮਾਏਦਾਰੀ ਦੇ ਖਾਤਮੇ ਅਤੇ ਸਮਾਜਵਾਦ ਦੀ ਉਸਾਰੀ ਨਾਲ਼ੋਂ ਨਿਖੇੜ ਕੇ ਫਾਸੀਵਾਦ ਵਿਰੁੱਧ ਲੜਾਈ ਹਵਾ ‘ਚ ਤਲਵਾਰਾਂ ਲਹਿਰਾਉਣ ਦੇ ਤੁੱਲ ਹੋਵੇਗੀ।

ਦੇਸ਼ ਦੇ ਵਰਤਮਾਨ ਮਹੌਲ ਨੇ, ਫਾਸੀਵਾਦੀ ਉਭਾਰ ਨੇ ਉਹਨਾਂ ਇਨਕਲਾਬੀ ਤਾਕਤਾਂ ਦੇ ਸਿਰ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਹੈ ਜੋ ਵਰਤਮਾਨ ਲੁਟੇਰੇ ਸਮਾਜੀ-ਆਰਥਿਕ ਨਿਜ਼ਾਮ ਨੂੰ ਮੁੱਢੋਂ-ਸੁੱਢੋਂ ਬਦਲਣ ਲਈ ਜੂਝ ਰਹੀਆਂ ਹਨ। ਅਜਿਹੀਆਂ ਸਭ ਤਾਕਤਾਂ ਨੂੰ ਫਾਸੀਵਾਦ ਦੇ ਵਿਰੋਧ ‘ਚ ਇੱਕ ਮੰਚ ‘ਤੇ ਆਉਣਾ ਚਾਹੀਦਾ ਹੈ।

ਜਿੱਥੋਂ ਤੱਕ ਸੰਸਦੀ ਖੱਬੇ-ਪੱਖੀ ਪਾਰਟੀਆਂ ਭਾਰਤ ਦੀ ਕਮਿਊਨਿਸਟ ਪਾਰਟੀ, ਭਾਰਤ ਦੀ ਕਮਿਊਨਿਸਟ ਪਾਰਟੀ(ਮਾਰਕਸਵਾਦੀ) ਅਤੇ ਹੋਰਾਂ ਦਾ ਸਵਾਲ ਹੈ, ਇਹਨਾਂ ਤੋਂ ਕਿਸੇ ਖ਼ਰੇ ਫਾਸੀਵਾਦ ਵਿਰੋਧ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹ ਸੰਸਦੀ ਗਿਣਤੀਆਂ-ਮਿਣਤੀਆਂ ‘ਚ ਆਪਣਾ ਲੜਾਕੂ ਤੱਤ ਪੂਰੀ ਤਰਾਂ ਗਵਾ ਚੁੱਕੀਆਂ ਹਨ। ਇਹ ਹਾਕਮ ਜਮਾਤ ਦਾ ਹੀ ਉਦਾਰ ਧੜ੍ਹਾ ਹਨ। ਪਰ ਇਹਨਾਂ ਦੀ ਵੀ ਫਾਸੀਵਾਦ ਨਾਲ਼ ਵਿਰੋਧਤਾਈ ਹੈ। ਪਰ ਇਹਨਾਂ ਦੀਆਂ ਸਫਾਂ ‘ਚ ਜੁਝਾਰੂ ਤੱਤ ਹੋ ਸਕਦੇ ਹਨ। ਇਸ ਲਈ ਫਾਸੀਵਾਦ ਵਿਰੋਧੀ ਲੜਾਈ ‘ਚ ਇਹਨਾਂ ਨੂੰ ਨਾਲ਼ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਸਾਡੀ ਮੁੱਖ ਟੇਕ ਆਪਣੀਆਂ ਕੋਸ਼ਿਸ਼ਾਂ ‘ਤੇ ਹੋਣੀ ਚਾਹੀਦੀ ਹੈ। ਕਿਰਤੀ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੇ ਮੰਗਾਂ ਮਸਲਿਆਂ ‘ਤੇ ਲਾਮਬੰਦੀ ਦੇ ਨਾਲ਼ ਹੀ ਸਾਨੂੰ ਪਿਛਾਖੜੀ ਵਿਚਾਰਾਂ, ਅੰਧ ਵਿਸ਼ਵਾਸ਼ਾਂ, ਜਾਤ-ਪਾਤੀ ਅਤੇ ਨਾਰੀ ਵਿਰੋਧੀ ਵਿਚਾਰਾਂ, ਕਦਰਾਂ ਕੀਮਤਾਂ ਵਿਰੁੱਧ ਕਿਰਤੀ ਲੋਕਾਂ, ਵਿਦਿਆਰਥੀ ਨੌਜਵਾਨਾਂ ‘ਚ ਸਿੱਖਿਆ ਮੁਹਿੰਮਾਂ ਵੀ ਚਲਾਉਣੀਆਂ ਚਾਹੀਦੀਆਂ ਹਨ। ਸਿਰਫ ਆਰਥਿਕ ਸੰਘਰਸ਼ਾਂ ਜ਼ਰੀਏ ਹੀ ਕਿਰਤੀ ਲੋਕਾਂ ਦੇ ਉੱਨਤ ਹਿੱਸੇ ਹਾਕਮ ਜਮਾਤ ਦੇ ਵਿਚਾਰਧਾਰਕ ਗਲਬੇ ਤੋਂ ਮੁਕਤ ਨਹੀਂ ਹੋ ਸਕਦੇ।

ਇਤਿਹਾਸ ਵਿੱਚ ਕਾਲੇ ਦੌਰ ਪਹਿਲਾਂ ਵੀ ਆਏ ਹਨ। ਪਰ ਇਨਕਲਾਬੀ ਸ਼ਕਤੀਆਂ ਨੇ ਇਹਨਾਂ ਹਨ੍ਹੇਰਿਆਂ ਨੂੰ ਵਿੰਨ੍ਹ ਸੁੱਟਿਆ। ਹਿਟਲਰ-ਮੁਸੋਲਿਨੀ ਦਾ ਹਸ਼ਰ ਸਭ ਦੇ ਸਾਹਮਣੇ ਹੈ। ਹਿਟਲਰ ਮੁਸੋਲਿਨੀ ਦੀਆਂ ਭਾਰਤੀ ਔਲਾਦਾਂ (ਸੰਘੀਆਂ) ਦਾ ਵੀ ਇਹੋ ਹਸ਼ਰ ਹੋਵੇਗਾ।

ਆਓ ਕਿਰਤੀ ਲੋਕਾਂ, ਵਿਦਿਅਰਥੀ-ਨੌਜਵਾਨਾਂ ਨੂੰ ਚੇਤੰਨ ਲਾਮਬੰਦ ਅਤੇ ਜਥੇਬੰਦ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜ਼ਰਬਾਂ ਦੇਈਏ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

Advertisements